ਭਾਰਤੀ ਫ਼ੁੱਟਬਾਲ ਦਾ ਜਾਦੂਗਰ ਖਿਡਾਰੀ-ਸੀਤਲ ਪਲਾਹੀ

ਇਕਬਾਲ ਸਿੰਘ ਜੱਬੋਵਾਲੀਆ
ਫ਼ੁੱਟਬਾਲ ਜਗਤ ਵਿਚ ਸੀਤਲ ਸਿੰਘ ਦਾ ਵੱਡਾ ਨਾਂ ਹੈ। ਫ਼ਗਵਾੜੇ ਲਾਗੇ ਪਿੰਡ ਪਲਾਹੀ ਦੇ ਧਨੰਤਰ ਖਿਡਾਰੀ ਨੇ ਭਾਰਤ ਅਤੇ ਦੂਜੇ ਮੁਲਕਾਂ ‘ਚ ਬੜਾ ਨਾਂ ਕਮਾਇਐ। ਬਹੁ-ਪੱਖੀ ਖਿਡਾਰੀ ਨੇ ਬੀ ਐਡ, ਐਮ ਏ, ਡੀ ਪੀ ਐਡ, ਐਨ ਆਈ ਐਸ, ਐਮ ਐਸ ਤੇ ਖੇਡਾਂ ਦੇ ਵਿਸ਼ੇ `ਤੇ ਪੀ. ਐਚਡੀ. ਕੀਤੀ।

ਉਹਦਾ ਜੱਦੀ ਪਿੰਡ ਜ਼ਿਲ੍ਹਾ ਕਪੂਰਥਲਾ ਦਾ ਡੁਮੇਲੀ ਹੈ ਪਰ ਮਜਬੂਰੀਆਂ ਵੱਸ ਨਾਨਕੇ ਪਿੰਡ ਪਲਾਹੀ ਆ ਕੇ ਰਹਿਣਾ ਪਿਆ। ਖੇਡ ਨਕਸ਼ੇ ‘ਤੇ ਨਾਨਕਿਆਂ ਦੀ ਬੱਲੇ-ਬੱਲੇ ਕਰਾਈ। ਛੇ-ਸੱਤ ਸਾਲ ਦੀ ਉਮਰੇ ਸਿਰ ਤੋਂ ਪਿਤਾ ਦਾ ਸਾਇਆ ਓਠਿਆ ਪਰ ਪਿਤਾ ਦੀ ਮੌਤ ਦੇ ਬਾਵਜੂਦ ਹੌਸਲਾ ਨਾ ਹਾਰਿਆ ਸਗੋਂ ਅੱਗੇ ਤੋਂ ਅੱਗੇ ਵਧਦਾ ਗਿਆ। ਖੇਡ ਮੈਦਾਨਾਂ ਵਿਚ ਮਾਤਾ ਗੁਰਬਚਨ ਕੌਰ ਦੀ ਬੁੱਕਲ ਦੇ ਨਿੱਘ ਅਤੇ ਕਬੱਡੀ ਦੇ ਖਿਡਾਰੀ ਵੱਡੇ ਭਰਾ ਜਸਵਿੰਦਰ ਸਿੰਘ ਦੇ ਥਾਪੜੇ ਨੇ ਡੁੱਲ੍ਹਣ ਨਾ ਦਿੱਤਾ।
ਕੁਝ ਬਣਨ ਦੀ ਇੱਛਾ ਨਾਲ ਉਹ ਸਕੂਲਾਂ ਤੋਂ ਹੀ ਫ਼ੁੱਟਬਾਲ ਦੀ ਸਾਧਨਾ ਕਰਨ ਲੱਗਾ। ਉਸ ਨੇ ਯੂਨੀਵਰਸਿਟੀ ਅਤੇ ਤਿੰਨ ਵਾਰ ਕੰਬਾਈਡ ਯੂਨੀਵਰਸਿਟੀ ਖੇਡੀ ਤੇ 1979 ‘ਚ ਭਾਰਤੀ ਯੂਨੀਵਰਸਿਟੀ ਟੀਮ ਦੇ ਵਾਈਸ ਕਪਤਾਨ ਵਜੋਂ ਬਰਮਾ ਖੇਡਣ ਗਏ। 1979 -ਮੈਕਸੀਕੋ `ਚ ਹੋਣ ਵਾਲੀ ਵਿਸ਼ਵ ਯੂਨੀਵਰਸਿਟੀ ‘ਚ ਖੇਡਣ ਵਾਲੀ ਟੀਮ ਦਾ ਉਪ-ਕਪਤਾਨ ਬਣਿਆ। ਓਹੀ ਟੀਮ ਫਿਰ ਬਰਮਾ, ਇੰਡੋਨੇਸ਼ੀਆ ਦੇ ਸੱਦੇ ਪੱਤਰ ‘ਤੇ ਖੇਡਣ ਗਈ। 1980 ਤੋਂ ਪੰਜਾਬ ਰਾਜ ਬਿਜਲੀ ਬੋਰਡ ਵਲੋਂ ਖੇਡਦੇ ਨੇ ਅੰਤਰ-ਰਾਸ਼ਟਰੀ ਪ੍ਰਸਿੱਧੀ ਦਾ ਝੰਡਾ ਜਾ ਫੜਿਆ। ਸੰਨ “81 ਦੀ ਸੰਤੋਸ਼ ਟਰਾਫ਼ੀ ਖੇਡਦੇ ਉਹ ਭਾਰਤੀ ਕੈਂਪ ਵਾਸਤੇ ਚੁਣਿਆ ਗਿਆ। 1982 ਦੀਆਂ ਏਸ਼ੀਅਨ ਗੇਮਾਂ ਵਿੱਚ ਉਸ ਨੂੰ ‘ਸਰਬੋਤਮ ਖਿਡਾਰੀ’ ਐਲਾਨਿਆ ਗਿਆ। 1982 ‘ਚ ਸ਼ੁਰੂ ਹੋਏ ਪਹਿਲੇ ਨਹਿਰੂ ਗੋਲਡ ਕੱਪ ਵਿਚ ਭਾਰਤੀ ਟੀਮ ਦੀ ਅਗਵਾਈ ਕੀਤੀ। 1983 ਵਿਚ ‘ਇੰਡੀਆ ਕਲਰ’ ਖੇਡਣ ਲਈ ਬੰਗਲਾ ਦੇਸ਼ ਗਿਆ। ਸ. ਜਰਨੈਲ ਸਿੰਘ ਪਨਾਮ ਵਾਂਗ ਉਹ ਵੀ ਤਕੜਾ ਡਿਫ਼ੈਂਡਰ ਸੀ। ਸੰਨ `87 ਵਿਚ ਪੰਜਾਬ ਦੀ ਟੀਮ ਦਾ ਕਪਤਾਨ ਥਾਪਿਆ ਗਿਆ।
ਬਿਜਲੀ ਬੋਰਡ ਪਟਿਆਲਾ ਵਲੋਂ ਉਹ ਸੱਤ-ਅੱਠ ਸਾਲ ਖੇਡਿਆ। ਕਾਹਮੇਂ ਵਾਲਾ ਛੰਨਾ ਵੀ ਸੰਨ ‘8੦ ਤੋਂ 84 ਤੱਕ ਨਾਲ ਖੇਡਿਆ। ਡੀ ਸੀ ਐਮ ਤੇ ਯੂਨੀਵਰਸਿਟੀ ‘ਕੱਠੇ ਖੇਡੇ। ਕਾਹਮੇਂ ਵਾਲਾ ਛੰਨਾ, ਮਨਜੀਤ ਖਰੜ ਅਚਰਵਾਲ, ਪੱਪੂ ਧਮਾਈ, ਰਾਜ ਗਿੱਲ, ਦਰਸ਼ਣ ਮਜ਼ਾਰਾ ਡੀਗਰੀਆਂ ਗੋਲਕੀਪਰ, ਜੋਗਿੰਦਰ, ਕਸ਼ਮੀਰਾ, ਝਲਮਣ ਗੋਲਕੀਪਰ, ਸ਼ੇਰਪੁਰ ਦਾ ਭਿੰਦਾ ਤੇ ਹੋਰ ਖਿਡਾਰੀ ਮਾਹਿਲਪੁਰ ਬਿਜਲੀ ਬੋਰਡ ਦੇ ਖਿਡਾਰੀ ਸਨ।
ਬਿਜਲੀ ਬੋਰਡ ਵਿਚ ਉਹ ਜੇ ਈ ਦੀ ਪੋਸਟ ‘ਤੇ ਰਿਹਾ। ਪੰਜਾਬ ਬਿਜਲੀ ਬੋਰਡ ਵਲੋਂ ਖੇਡਦਿਆਂ ਉਨ੍ਹਾਂ ਦੀ ਟੀਮ ਨੇ ਤਿੰਨ ਵਾਰ ਅੰਤਰ-ਸਟੇਟ ਬਿਜਲੀ ਬੋਰਡ ਚੈਪੀਂਅਨਸ਼ਿਪ ਜਿੱਤੀ। ਉਸ ਦੀ ਕਪਤਾਨੀ ਹੇਠ ਪੰਜਾਬ ਦੀ ਟੀਮ ਸੰਨ “85 ‘ਚ ਕਾਨਪੁਰ ਅਤੇ ਸੰਨ “86 ‘ਚ ਜੱਬਲਪੁਰ ਦੀ ਨੈਸ਼ਨਲ ਚੈਪੀਂਅਨ ਬਣੀ। 1985 ‘ਚ ਨੇਪਾਲ ‘ਚ ‘ਤ੍ਰੀਭਵਨ ਗੋਲਡ-ਕੱਪ’ ਟੂਰਨਾਮੈਂਟ ਖੇਡਿਆ। ਕਾਠਮੰਡੂ ਟੂਰਨਾਮੈਂਟ ਵਿਚ ਨੇਪਾਲ ਫ਼ੁੱਟਬਾਲ ਸੰਘ ਨੇ ‘ਤ੍ਰੀਭਵਨ ਐਵਾਰਡ’ ਨਾਲ ਸਨਮਾਨਤ ਕੀਤਾ।
1979 ਤੋਂ “88 ਉਸ ਨੇ ਨੌਂ ਸੰਤੋਸ਼ ਟਰਾਫ਼ੀਆਂ ਖੇਡੀਆਂ। ਉਹਦੀ ਅਗਵਾਈ ਹੇਠ ਸੱਤ ਵਾਰ ਪੰਜਾਬ ਦੀ ਟੀਮ ਖੇਡੀ ਤੇ ਚੈਪੀਂਅਨਸ਼ਿਪ ਜਿੱਤੀ। ਸੰਤੋਸ਼ ਟਰਾਫ਼ੀਆਂ ਵਿਚ ਸ. ਇੰਦਰ ਸਿੰਘ, ਗੁਰਦੇਵ ਸਿੰਘ ਗਿੱਲ, ਪੱਪੂ ਧਮਾਈ, ਜੀ ਐਸ ਪਰਮਾਰ, ਪਰਮਿੰਦਰ ਜੂਨੀਅਰ, ਪਰਮਿੰਦਰ ਸੀਨੀਅਰ, ਸਤੀਸ਼ ਕੁਮਾਰ, ਰੁੜ੍ਹਕੇ ਵਾਲਾ ਸੁਰਜੀਤ ਗੋਲਕੀਪਰ, ਰਵੀ ਕੁਮਾਰ, ਰਮਨ ਕੁਮਾਰ ਪਲਾਹੀ ਅਤੇ ਹੋਰ ਨਾਮਵਰ ਖਿਡਾਰੀ ਖੇਡੇ। ਉਹਨੇਂ ਡੂਰੈਂਡ-ਕੱਪ, ਡੀ ਸੀ ਐਮ, ਰੋਬਰਜ਼-ਕੱਪ ਤੇ ਗਵਰਨਰ ਗੋਲਡ ਕੱਪ ਖੇਡੇ। ਇਨ੍ਹਾਂ ਕੱਪਾਂ ‘ਚ ਉਸ ਨੂੰ ‘ਸਰਬੋਤਮ ਖਿਡਾਰੀ’ ਘੋਸ਼ਿਤ ਕੀਤਾ ਗਿਆ। ਪੰਜਾਬ ਵਲੋਂ ਖੇਡਦੇ ਤਿੰਨ ਵਾਰ ਪੰਜਾਬ ਦੀ ਟੀਮ ਚੈਪੀਂਅਨ ਬਣੀ ਤੇ ਤਿੰਨ ਵਾਰ ਸੀਨੀਅਰ ਟੀਮ ਦੀ ਅਗਵਾਈ ਕੀਤੀ। ਬਰਮਾ, ਥਾਈਲੈਂਡ ਤੱਕ ਖੇਡਣ ਜਾਂਦੇ ਰਹੇ। ਮਿੱਥ ਹੈ ਕਿ ਖਿਡਾਰੀ ਬਹੁਤੇ ਪੜ੍ਹੇ ਲਿਖੇ ਨਹੀਂ ਹੁੰਦੇ। ਜਦ ਕਿ ਸੀਤਲ ਨੇ ਸਿੱਧ ਕਰ ਦਿਤਾ ਕਿ ਸੱਚੀ ਲਗਨ ਤੇ ਤਪੱਸਿਆ ਨਾਲ ਕੁਝ ਵੀ ਕੀਤਾ ਜਾ ਸਕਦੈ। ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਐਮ ਐਸ ਵਿਚੋਂ ਗੋਲਡ-ਮੈਡਲਿਸਟ ਬਣਿਆ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਹੀ ਪਹਿਲੀ ਡਿਵੀਜ਼ਨ ਵਿਚ ਡੀ ਪੀ ਐਡ ਕੀਤੀ ਤੇ ਐਨ ਆਈ ਐਸ ‘ਟਾਪ’ `ਤੇ ਕੀਤੀ। ਪਹਿਲੀਆਂ ਪੁਜ਼ੀਸ਼ਨਾਂ ‘ਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਬੀ ਐਡ ਤੇ ਫਿਰ ਐਮ ਏ ਕੀਤੀ। ਬੀ ਐਡ ਰਾਮਗੜ੍ਹੀਆ ਫ਼ਗਵਾੜਾ, ਐਮ ਏ ਖਾਲਸਾ ਕਾਲਜ ਜਲੰਧਰ ਤੇ ਡੀ ਪੀ ਐਡ ਪਟਿਆਲਾ ਤੋਂ ਕੀਤੀ। ਤਕੜੇ ਦਮ ਨਾਲ ਇੰਟਰ-ਯੂਨੀਵਰਸਿਟੀ ਖੇਡੀ। ਮਾਸਟਰ ਆਫ਼ ਸਪੋਰਟਸ ਦਾ ਕੋਰਸ ਅਤੇ ਕੋਚਿੰਗ ਡਿਪਲੋਮਾ ਪਟਿਆਲਾ ਤੋਂ ਕੀਤਾ।
ਸੰਨ ’87 ‘ਚ ਬਿਜਲੀ ਬੋਰਡ ਵਲੋਂ ਖੇਡਣਾ ਛੱਡ ਸੈਂਟਰ ਸਰਕਾਰ ਵਲੋਂ ਕੋਚਿੰਗ ਦੀ ਨੌਕਰੀ ਸ਼ੁਰੂ ਕੀਤੀ। ਸਪੋਰਟਸ ਅਥਾਰਟੀ ਆਫ਼ ਇੰਡੀਆ ਦੇ ਚੀਫ਼ ਕੋਚ ਅਤੇ ਸਕੀਮ ਡਾਇਰੈਕਟਰ ਬਣੇ। ਬੇਹਤਰੀਨ ਖੇਡ ਪ੍ਰਾਪਤੀਆਂ ਨਾਲ ਭਾਰਤੀ ਖੇਡ ਅਥਾਰਟੀ ਨੇ ਉਸ ਨੂੰ ਫ਼ੁੱਟਬਾਲ ਦਾ ਸੀਨੀਅਰ ਕੋਚ ਥਾਪ ਦਿਤਾ। ਸਪੈਸ਼ਲ ਏਰੀਆ ਗੇਮ ਪ੍ਰੋਜੈਕਟ ਹੇਠ ਵੀਹ ਦੇ ਕਰੀਬ ਅੰਤਰਰਾਸ਼ਟਰੀ ਖਿਡਾਰੀ ਤਿਆਰ ਕੀਤੇ। ਅੰਤਰ-ਰਾਸ਼ਟਰੀ ਪੱਧਰ ‘ਤੇ ਆਪ ਨਾਮਣਾ ਖੱਟਿਆ ਤੇ ਆਪਣੀ ਦੇਖ-ਰੇਖ ਹੇਠ ਨਾਮਵਰ ਹੋਰ ਖਿਡਾਰੀ ਤਿਆਰ ਕੀਤੇ।
ਦਿੱਲੀ, ਸਹਾਰਨਪੁਰ ਤੇ ਲਖਨਊ ਰਾਜਾਂ ‘ਚ ਨੌਕਰੀ ਕੀਤੀ। ਨੌਕਰੀ ਕਰਦੇ ਚਾਰ ਸਟੇਟਾਂ ਦੀ ਜ਼ਿੰਮੇਵਾਰੀ ਨਿਭਾਈ। ਲਖਨਊ ਤੋਂ ਆਈ ਜੀ ਦੇ ਅਹੁਦੇ ਤੋਂ ਰਿਟਾਇਰ ਸ. ਹਰਭਜਨ ਸਿੰਘ ਭੱਜੀ ਸੰਧਵਾਂ ਵਾਲਿਆਂ ਨਾਲ ਅਕਸਰ ਮੇਲ ਮਿਲਾਪ ਹੁੰਦਾ ਰਹਿੰਦਾ ਸੀ। ਨੌਕਰੀ ਕਰਦੇ ਹਰ ਥਾਂ ਬੜਾ ਪਿਆਰ ਖੱਟਿਆ। ਖੇਡ ਪ੍ਰੇਮੀਆਂ ਨੇ ਪਿਆਰ ਦੀਆਂ ਝੋਲੀਆਂ ਭਰੀਆਂ। ਇਕ ਵਾਰ ਦਾ ਕਿੱਸਾ ਸਾਂਝਾ ਕੀਤਾ ਕਿ ਇਕ ਵਾਰ ਬਿਜਲੀ ਬੋਰਡ ਵਲੋਂ ਖੇਡਦਿਆਂ ਕਲਕੱਤੇ ਦੀਆਂ ਈਸਟ-ਬਗ਼ਾਨ ਤੇ ਮੋਹਣ ਬਗ਼ਾਨ ਕਲੱਬਾਂ ਨੂੰ ਦਿੱਲੀ ਦੇ ਅੰਬੇਡਕਰ ਸਟੇਡੀਅਮ ਵਿਚ ਹਰਾਇਆ। ਦਿੱਲੀ ਵਸਦੇ ਉਹਦੀ ਖੇਡ ਦੇ ਦੀਵਾਨੇ ਪੰਜਾਬੀ ਸੜਕਾਂ ‘ਤੇ ਓਤਰ ਆਏ। ਮੈਚ ਮੁੱਕਦੇ ਹੀ ਪੰਜਾਬੀਆਂ ਨੇ ਦਿੱਲੀ ਦੇ ਲਾਲ ਕਿਲ੍ਹੇ ਕੋਲ ਖੜ੍ਹ ਕੇ ਜਸ਼ਨ ਮਨਾਏ।
ਭਾਰਤੀ ਫ਼ੁੱਟਬਾਲ ਲਈ ਉਹਦੀ ਵੱਡੀ ਦੇਣ ਹੈ। ਭਾਰਤੀ ਟੀਮ ਦੀ ਅਗਵਾਈ ਕੀਤੀ। ਇੰਡੀਆ ਯੂਨੀਵਰਸਿਟੀ ਦੀ ਟੀਮ ਦਾ ਕਪਤਾਨ ਬਣ ਅਗਵਾਈ ਕਰਦਾ ਰਿਹੈ। ਮੁਖ ਕੋਚ ਦੇ ਤੌਰ `ਤੇ ਉਸ ਨੇ ਭਾਰਤੀ ਖੇਡ-ਸਕੀਮ ਪ੍ਰਬੰਧਕੀ ਮਨਿਸਟ੍ਰੀ ਹੇਠ ਬੜੇ ਖਿਡਾਰੀ ਤਿਆਰ ਕੀਤੇ। ਉਹਦੀ ਕੋਚਿੰਗ ਅਧੀਨ 24 ਅੰੰਤਰਰਾਸ਼ਟਰੀ ਖਿਡਾਰੀ ਜੂਨੀਅਰ, ਸਬ-ਜੂਨੀਅਰ ਸਕੂਲਾਂ ਅਤੇ ਸੀਨੀਅਰ ਭਾਰਤ ਨੂੰ ਤਿਆਰ ਕਰ ਕੇ ਦਿਤੇ। 1989 ਦੀਆਂ ਇਸਲਾਮਾਬਾਦ ਸੈਫ਼ ਖੇਡਾਂ ਵਿਚ ਟੀਮਾਂ ਦਾ ਕੋਚ ਬਣ ਕੇ ਨਾਲ ਗਿਆ। ਸੈਫ਼ ਸਕੀਮ ਖੇਡਾਂ ਦਾ ਮੁਖ ਪ੍ਰਬੰਧਕ ਵੀ ਸੀ। ਕੇਂਦਰ ਸਰਕਾਰ ਦੇ ਖੇਡ ਵਿਭਾਗ ਦੇ ਮੇਰਠ ਯੂ ਪੀ ਸੈਂਟਰ ਦੀ ਪ੍ਰਬੰਧਕੀ ਇਕਾਈ ਵਿਚ ਨਿਯੁਕਤ ਰਿਹੈ। ਅਠਾਈ ਸਾਲਾਂ ਦੀਆਂ ਵਧੀਆ ਸੇਵਾਵਾਂ ਲਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਵਡਮੁੱਲਾ ਇਨਾਮ ਦੇ ਕੇ ਸਨਮਾਨਿਆ ਗਿਆ।
ਪਲਾਹੀ ਪੰਜਾਬ ਦਾ ਉਹ ਪਿੰਡ ਜਿਥੇ ਹਰ ਤਰ੍ਹਾਂ ਦੀਆਂ ਵਿਕਾਸ ਸਹੂਲਤਾਂ ਦਾ ਪ੍ਰਬੰਧ ਹੈ। ਸ. ਜਗਤ ਸਿੰਘ ਪਲਾਹੀ ਨੇ ਪਿੰਡ ਦੇ ਵਿਕਾਸ ਦੀਆਂ ‘ਨੇਰੀਆਂ ਲਿਆਂਦੀਆਂ। ਪਲਾਹੀ ਵੀ ਹੁਣ ਫ਼ਗਵਾੜਾ ਵਿਚ ਹੀ ਰਲ ਗਿਐ। 1974-75 ‘ਚ ਪਿੰਡ ਪਲਾਹੀ ਦੇ ਕਾਲਜਾਂ ‘ਚ ਪੜ੍ਹਦੇ ਨੌਜਵਾਨਾਂ ਨੇ ਦਾਜ ਵਿਰੁੱਧ ਵੱਖ ਵੱਖ ਪਿੰਡਾਂ ‘ਚ ਜਾ ਕੇ ਲੋਕਾਂ ਨੂੰ ਡਰਾਮਿਆਂ ਰਾਹੀਂ ਜਾਗਰੂਕ ਕੀਤਾ। ਉਸੇ ਪਿੰਡ ਦੇ ਪਾਣੀ ਅਤੇ ਮਿੱਟੀ ਵਿਚ ਤਕੜਾ ਹੋਇਆ ਸੀਤਲ ਵੀ ਲੋਕ ਭਲਾਈ ਦੇ ਕੰਮਾਂ ‘ਚ ਸਰਗਰਮ ਰਹਿੰਦੈ। ਭਾਰਤੀ ਫ਼ੁੱਟਬਾਲ ਦੀਆਂ ਬੁਲੰਦੀਆਂ ਹਾਸਲ ਕਰਨ ਤੋਂ ਬਾਅਦ ਵੀ ਉਹ ਪਿੰਡ ਪਲਾਹੀ ਕਦੇ ਵੇਹਲਾ ਨਹੀਂ ਰਹਿੰਦਾ। ਨਿਊਯਾਰਕ ਰਹਿੰਦਾ ਰਛਪਾਲ ਸਿੰਘ ਪਾਲੀ ਪੇਂਡੂ ਅੱਜ ਵੀ ਉਹਦੀ ਗੇਮ ਨੂੰ ਯਾਦ ਕਰਦੈ। ਗੁਰੂ ਨਾਨਕ ਕਾਲਜ ਫ਼ਗਵਾੜਾ ਦੇ ਕਈ ਸਾਲ ਰਹਿ ਚੁੱਕੇ ਇੰਗਲਿਸ਼ ਪ੍ਰੋਫ਼ੈਸਰ ਤੇ ਵਿਦਵਾਨ ਸ. ਜਸਵੰਤ ਸਿੰਘ ਗੰਢਮ ਬੜੇ ਮਾਣ ਨਾਲ ਦਸਦੇ ਹਨ ਕਿ ਸੀਤਲ ਪਲਾਹੀ ਉਹਦਾ ਵਿਦਿਆਰਥੀ ਹੈ। ਸੀਤਲ ਵਲੋਂ ਇਕ ਵਾਰ ਮਿਡਫ਼ੀਲਡ ‘ਚੋਂ ਕੀਤੇ ਗੋਲ ਨੂੰ ਗੰਢਮ ਸਾਹਿਬ ਅੱਜ ਵੀ ਯਾਦ ਕਰਦੇ ਨੇ ਕਿ ਮੈਸੀ ਵਾਂਗ ਵੱਜੀ ਕਿੱਕ ਦੇ ਘੁੰਮਦੇ ਘੁੰਮਦੇ ਬਾਲ ਨੇ ਕਿਵੇਂ ਜਾ ਗੋਲ ਕੀਤਾ ਸੀ।
ਸੀਤਲ ਪਿੰਡ ਅਤੇ ਇਲਾਕੇ ਦੀਆਂ ਖੇਡਾਂ ‘ਚ ਹਰ ਤਰ੍ਹਾਂ ਨਾਲ ਸਹਿਯੋਗ ਦਿੰਦਾ। ਕੁਝ ਨਾ ਕੁਝ ਪੜ੍ਹਨਾ, ਲਿਖਣਾ ਮੀਡੀਏ ‘ਚ ਦਿਲਚਸਪੀ ਰੱਖਣਾ ਉਹਦਾ ਸ਼ੌਕ ਹੈ। ਐਸ ਐਨ ਕਾਲਜ ਬੰਗਾ ਹੁੰਦੇ ਸ਼ਹੀਦ ਭਗਤ ਸਿੰਘ ਟੂਰਨਾਮੈਂਟ ਅਤੇ ਸ. ਹਰਭਜਨ ਸਿੰਘ ਮੈਮੋਰੀਅਲ ਟੂਰਨਾਮੈਂਟ ਮਾਹਿਲਪੁਰ ਵਿਖੇ ਜ਼ਰੂਰ ਹਾਜ਼ਰੀ ਭਰਦੈ। ਪੁਰਾਣੇ ਮਿੱਤਰ ਬੇਲੀਆਂ ਨੂੰ ਮਿਲਦੈ। ਸਾਰੇ ਸੱਜਣ ਟੂਰਨਾਮੈਂਟ ਕਮੇਟੀ ਨੂੰ ਬੜਾ ਸਹਿਯੋਗ ਦਿੰਦੇ ਹਨ। ਚੰਗੇ ਮਾੜੇ ਹਰ ਤਰ੍ਹਾਂ ਦੇ ਦਿਨ ਦੇਖੇ ਪਰ ਹੌਸਲਾ ਨਹੀਂ ਹਾਰਿਆ। ਸੱਚੀ ਲਗਨ ਨੇ ਚੰਗੇ ਦਿਨ ਵਿਖਾ ਦਿਤੇ। ਨਸ਼ਿਆਂ ਤੋਂ ਹਮੇਸ਼ਾਂ ਦੂਰੀ ਬਣਾ ਕੇ ਰੱਖੀ। ਹਰ ਤਰ੍ਹਾਂ ਦੀਆਂ ਸੁਖ ਸਹੂਲਤਾਂ ਨਾਲ ਆਨੰਦ ਮੰਗਲ ਹੈ। ਪਤਨੀ ਸੁਰਿੰਦਰ ਕੌਰ ਬੇਟਾ ਪ੍ਰਭਜੋਤ ਤੇ ਬੇਟੀ ਨਵਜੋਤ ਕੌਰ ਹੈ। ਬੇਟੀ, ਬੇਟਾ ਕੈਨੇਡਾ ਦੇ ਪੱਕੇ ਵਾਸੀ ਹਨ। ਪਿੰਡ ਰਹਿ ਕੇ ਉਹ ਲੋਕ ਭਲਾਈ ਕੰਮਾਂ ਅਤੇ ਖੇਡਾਂ ‘ਚ ਸਮਾਂ ਬਿਤਾ ਰਿਹੈ ਤੇ ਲੋੜਵੰਦਾਂ ਲਈ ਹਰ ਦਮ ਹਾਜ਼ਰ ਰਹਿੰਦੈ।
“ਖੇਡ-ਫ਼ਿਜ਼ਾਵਾਂ ‘ਚ ਸੀਤਲ-ਸੀਤਲ ਹੁੰਦੀ ਸੀ ਕਦੇ।
ਰੱਬ ਦੀ ਰਹਿਮਤ ਨਾਲ ਬੜਾ ਹੀ ਮਾਣ ਖੱਟਿਆ।
ਡਾਹ ਛਾਤੀ ਖੜ੍ਹ ਜਾਂਦਾ ਖੇਡ ਮੈਦਾਨ ਵਿਚ,
ਵਿਰੋਧੀਆਂ ਮੂਹਰੇ ਰਿਹਾ ਡੱਟਿਆ।
ਖੇਡ ਇਤਿਹਾਸ ‘ਇਕਬਾਲ ਸਿੰਹਾਂ’ ਉਨ੍ਹਾਂ ਸਿਰਜਣਾ ਕੀ
ਖੇਡਾਂ ਤੋਂ ਜਿਨ੍ਹਾਂ ਪਾਸਾ ਵੱਟਿਆ। ”