ਗੁਲਜ਼ਾਰ ਸਿੰਘ ਸੰਧੂ
ਅਮਰੀਕਾ ਵਿਚ ਡੋਨਲਡ ਟਰੰਪ ਦੀ ਸੱਤ ਸਵਿੰਗ ਸਟੇਟਸ ਵਿਚ ਹੂੰਝਾ ਫੇਰ ਜਿੱਤ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣੀ ਹਿੱਕ ਦਾ ਜ਼ੋਰ ਦਿਖਾਉਣ ਲਾ ਦਿੱਤਾ ਹੈ| ਉਸਨੇ ਮਹਾਰਾਸ਼ਟਰ ਵਿਚ ਜ਼ਿਲ੍ਹਾ ਚੰਦਰਪੁਰ ਦੇ ਚਿਮੂਰ ਬਲਾਕ ਵਿਚ 20 ਨਵੰਬਰ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨਾਲ ਸਬੰਧਤ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਕਾਂਗਰਸ ਪਾਰਟੀ ਨੂੰ ਸ਼ਾਹੀ ਪਰਿਵਾਰ ਕਹਿ ਕੇ ਨਿੰਦਿਆ ਤੇ ਰਾਹੁਲ ਗਾਂਧੀ ਨੂੰ ਸ਼ਹਿਜ਼ਾਦਾ ਕਹਿਣ ਤੋਂ ਗੁਰੇਜ਼ ਨਹੀਂ ਕੀਤਾ|
ਇਹ ਵੀ ਕਿ ਇਸ ਪਰਿਵਾਰ ਨੇ ਕਦੀ ਵੀ ਦਲਿਤਾਂ, ਪਛੜੇ ਵਰਗਾਂ ਤੇ ਆਦਿਵਾਸੀਆਂ ਦੀ ਉਨਤੀ ਨਹੀਂ ਹੋਣ ਦਿੱਤੀ| ਇਹ ਭੁੱਲ ਭੁਲਾ ਕੇ ਕਿ ਦੇਸ਼ ਦੇ ਸੰਵਿਧਾਨ ਵਿਚ ਰਾਖਵੇਂਕਰਨ ਰਾਹੀਂ ਸੁਵਿਧਾ ਤੇ ਸਹੂਲਤਾਂ ਦੇਣ ਸਦਕਾ ਹੀ ਪਛੜੇ ਕਾਰੋਬਾਰੀ ਪ੍ਰਧਾਨ ਮੰਤਰੀ ਦੀ ਪੌੜੀ ਚੜ੍ਹਨ ਦੇ ਯੋਗ ਹੋਏ ਹਨ| ਇੱਕ ਪਛੜੇ ਵਰਗ ਦੇ ਕਾਰੋਬਾਰੀ ਦਾ ਰੀਅਲ ਅਸਟੇਟ ਦੇ ਵੱਡੇ ਕਾਰੋਬਾਰੀ ਦਾ ਹਮ ਰੁਤਬਾ ਹੋਣ ਬਰਾਬਰ|
ਦੂਜੇ ਪਾਸੇ ਅੰਤਰਰਾਸ਼ਟਰੀ ਚਿੰਤਕ ਤੇ ਰਾਜਨੀਤੀਵਾਨ ਤਾਂ ਇਹ ਮੰਨਦੇ ਹਨ ਕਿ ਟਰੰਪ ਦੀ ਜਿੱਤ ਵਿਸ਼ਵੀਕਰਨ, ਪਰਵਾਸ ਤੇ ਉਦਾਰਵਾਦ ਦੇ ਵਰਤਮਾਨ ਰੌਅ ਲਈ ਮਾਰੂ ਹੋ ਸਕਦੀ ਹੈ| ਅੱਜ ਤੱਕ ਗਲੋਬਲ ਸ਼ਕਤੀਆਂ ਪਰਵਾਸ ਦੇ ਹੱਕ ਵਿਚ ਭੁਗਤ ਰਹੀਆਂ ਸਨ ਤੇ ਨੈਸ਼ਨਲਿਸਟ ਸ਼ਕਤੀਆਂ ਇਸਦੇ ਉਲਟ| ਪਰ ਹੁਣ ਇਹ ਰੁਝਾਨ ਬਦਲ ਰਿਹਾ ਹੈ| ਵੇਖਣ ਵਿਚ ਆਇਆ ਹੈ ਕਿ ਅਮਰੀਕਾ ਤੇ ਕੈਨੇਡਾ ਵਿਚ ਹੀ ਨਹੀਂ ਪੱਛਮੀ ਦੇਸ਼ਾਂ ਵਿਚ ਵੀ ਉਹ ਪਾਰਟੀਆਂ ਸ਼ਕਤੀਸ਼ਾਲੀ ਹੋਈਆਂ ਹਨ ਜਿਨ੍ਹਾਂ ਨੇ ਪਰਵਾਸ ਦੇ ਵਿਰੁਧ ਸਟੈਂਡ ਲਿਆ ਹੈ| ਉਨ੍ਹਾਂ ਦਾ ਮੱਤ ਹੈ ਕਿ ਵਿਸ਼ਵੀਕਰਨ ਦੀ ਧਾਰਨਾ ਨੇ ਸਥਾਨਕ ਸਮਾਜ ਨੂੰ ਸੱਟ ਮਾਰੀ ਹੈ| ਉਂਝ ਵੀ ਅਮਰੀਕਾ ਨਿਵਾਸੀ ਪਰਵਾਸ, ਪਰਵਾਸੀ ਤੇ ਰੂਸ ਯੂਕਰੇਨ ਯੁੱਧ ਨੂੰ ਆਪਣੀਆਂ ਆਰਥਕ ਮੁਸ਼ਕਲਾਂ ਦੀ ਜੜ੍ਹ ਮੰਨਦੇ ਹਨ| ਟਰੰਪ ਖੁਦ ਆਪਣੀ ਚੋਣ ਮੁਹਿੰਮ ਵਿਚ ਅਮਰੀਕਾ ਨੂੰ ਗਾਰਬੇਜ ਕੈਨ (ਕੂੜੇਦਾਨ) ਗਰਦਾਨ ਕੇ ਚੋਣ ਜਿੱਤਿਆ ਹੈ| ਏਧਰ ਪਰਵਾਸ ਦੇ ਰਾਹ ਵਿਚ ਆਉਣ ਵਾਲੀਆਂ ਸੰਭਾਵੀ ਰੁਕਾਵਟਾਂ ਪੰਜਾਬ ਦੇ ਮਾਪਿਆਂ ਨੂੰ ਪ੍ਰਭਾਵਤ ਕਰ ਸਕਦੀਆਂ ਹਨ ਜਿਹੜੇ ਆਪਣੇ ਬੱਚਿਆਂ ਦੇ ਭਵਿਖ ਨੂੰ ਪਰਵਾਸ ਨਾਲ ਜੋੜ ਕੇ ਵੇਖਣ ਦੇ ਆਦੀ ਹੋ ਚੁੱਕੇ ਹਨ|
ਅਮਰੀਕੀ ਰਾਸ਼ਟਰਪਤੀ ਵਲੋਂ ਮਾਈਕ ਵਾਲਟਜ਼ ਨੂੰ ਰਾਸ਼ਟਰੀ ਸੁਰਖਸ਼ਾ ਸਲਾਹਕਾਰ ਚੁਣੇ ਜਾਣ ਉੱਤੇ ਅੰਤਰਰਾਸ਼ਟਰੀ ਨੀਤੀਵਾਨਾਂ ਦੀ ਹੇਠ ਲਿਖੀ ਟਿੱਪਣੀ ਵੀ ਗੌਲਣ ਵਾਲੀ ਹੈ: ‘ਅਮਰੀਕਾ ਨਾਲ ਦੁਸ਼ਮਣੀ ਖਤਰਨਾਕ ਹੋ ਸਕਦੀ ਹੈ ਪਰ ਦੋਸਤੀ ਆਤਕਾ’
ਅਮਰੀਕਾ ਨਾਲ ਦੋਸਤੀ ਦਾ ਹੋਕਾ ਦੇਣ ਵਾਲੇ ਨਰਿੰਦਰ ਮੋਦੀ ਨੂੰ ਆਪਣਾ ਧਿਆਨ ਕਾਂਗਰਸ ਨੂੰ ਸ਼ਾਹੀ ਪਰਿਵਾਰ ਤੇ ਰਾਹੁਲ ਨੂੰ ਸ਼ਹਿਜ਼ਾਦਾ ਗਰਦਾਨਣ ਨਾਲੋਂ ਅਮਰੀਕਾ, ਚੀਨ ਤੇ ਇਸਲਾਮੀ ਦੁਨੀਆਂ ਨਾਲ ਭਵਿਖ ਦੀਆਂ ਸਾਂਝਾਂ ਵਲ ਦੇਣ ਦੀ ਲੋੜ ਹੈ! ਤੁਰੰਤ!!
ਅੰਤਰ ਜਾਤਿ ਵਿਆਹਾਂ ਦੇ ਦੁੱਖ ਸੁੱਖ
ਇਨ੍ਹਾਂ ਦਿਨਾਂ ਦੀਆਂ ਦੋ ਘਟਨਾਵਾਂ ਨੇ ਮੈਨੂੰ ਅੰਤਰ ਜਾਤਿ ਸ਼ਾਦੀਆਂ ਦੀ ਗੱਲ ਕਰਨ ਲਈ ਪ੍ਰੇਰਿਆ ਹੈ| ਪਹਿਲੀ ਘਟਨਾ ਦਾ ਸਬੰਧ ਮੇਰੇ ਸਾਂਢੂ ਕਮਲੇਸ਼ ਟੰਡਨ ਦੇ ਦਿਹਾਂਤ ਨਾਲ ਹੈ, ਜਿਸਨੇ 64 ਵਰ੍ਹੇ ਪਹਿਲਾਂ ਪੰਜਾਬ ਪਬਲਿਕ ਸਕੂਲ ਨਾਭਾ ਦਾ ਮੁਖੀ ਹੁੰਦਿਆਂ ਮੇਰੀ ਪਤਨੀ ਤੋਂ ਛੋਟੀ ਕੀਰਤਨ ਪ੍ਰਕਾਸ਼ ਕੌਰ ਨਾਲ ਨਾਤਾ ਜੋੜ ਲਿਆ ਸੀ| ਮੇਰੇ ਨਾਲੋਂ ਦੋ ਸਾਲ ਛੋਟਾ ਕਮਲੇਸ਼ ਪਾਕਿਸਤਾਨ ਦੇ ਸਿਆਲਕੋਟ ਜ਼ਿਲ੍ਹੇ ਦਾ ਜੰਮਪਲ ਸੀ ਜਿਸਦੇ ਪਿਤਾ ਦੀ ਛਾਂ ਦੋ ਵਰ੍ਹੇ ਦੀ ਨੰਨ੍ਹੀ ਉਮਰੇ ਹੀ ਚਲੀ ਗਈ ਸੀ| ਉਸਨੂੰ ਉਸਦੀ ਵਿਧਵਾ ਮਾਂ ਨੇ ਆਪਣੇ ਪੇਕੇ ਘਰ ਰਹਿ ਕੇ ਪਾਲਿਆ| ਦੇਸ਼ ਵੰਡ ਤੋਂ ਪਿਛੋਂ ਪਰਿਵਾਰ ਦਾ ਵਾਸਾ ਹਰਵਲਭ ਸੰਗੀਤ ਲਈ ਜਾਣੇ ਜਾਂਦੇ ਜਲੰਧਰ ਸ਼ਹਿਰ ਵਿਚ ਹੋ ਗਿਆ| ਹਿਸਾਬ ਅਲਜਬਰਾ ਤੇ ਸਾਇੰਸ ਵਿਚ ਹੁਸ਼ਿਆਰ ਹੋਣ ਸਦਕਾ ਘਰ ਵਾਲੇ ਉਸਨੂੰ ਇੰਜਨੀਅਰ ਬਣਾਉਣਾ ਚਾਹੁੰਦੇ ਸਨ ਪਰ ਉਸਦਾ ਮਨ ਸੰਗੀਤ ਵਿਚ ਸੀ|
ਉਸਦੀ ਇੱਛਾ ਪੂਰਤੀ ਲਈ ਉਸਨੂੰ ਸ਼ਾਂਤੀ ਨਿਕੇਤਨ ਭੇਜਿਆ ਗਿਆ ਜਿੱਥੇ ਉਸਨੇ ਤਿੰਨ ਸਾਲ ਪੜ੍ਹਦਿਆਂ ਤਬਲਾ, ਸਿਤਾਰ ਤੇ ਅਸਰਾਜ ਵਿਚ ਚੰਗੇ ਨੰਬਰ ਪ੍ਰਾਪਤ ਕੀਤੇ| ਏਨੇ ਚੰਗੇ ਕਿ ਉਹ ਅੰਤਲੇ ਵਰ੍ਹੇ ਵਿਚ ਆਪਣੇ ਸਹਿਪਾਠੀਆਂ ਦੀਆਂ ਕਲਾਸਾਂ ਵੀ ਲੈਂਦਾ ਰਿਹਾ| ਇਹ ਗੱਲ ਵਖਰੀ ਹੈ ਕਿ ਆਪਣੀ ਜੀਵਨ ਵਿਚ ਵਡੇਰੀਆਂ ਮੱਲਾਂ ਮਾਰਨ ਦੀ ਭਾਵਨਾ ਨਾਲ ਉਸਨੇ ਇਤਿਹਾਸ ਦੀ ਐਮ.ਏ. ਹੀ ਨਹੀਂ ਕੀਤੀ ਬੀ ਐਡ ਤੇ ਐਮ ਐਡ ਕਰ ਕੇ ਪੰਜਾਬ ਪਬਲਿਕ ਸਕੂਲ ਵਿਚ ਆਪਣੀ ਪੈਂਠ ਬਣਾਈ ਤੇ ਜੁਗਰਾਫੀਆ ਪੜ੍ਹਾਉਂਦੀ ਸਹਿ ਕਰਮੀ ਕੀਰਤਨ ਨਾਲ ਸ਼ਾਦੀ ਕੀਤੀ| ਕੀਰਤਨ ਉਸਨੂੰ ਰਾਇ ਸਾਹਬ ਕਹਿੰਦੀ ਸੀ ਤੇ ਉਹ ਕੀਰਤਨ ਨੂੰ ਮੈਡਮ ਜਾਂ ਦਿਲਲਗੀ ਵਜੋਂ ਨੁਸ਼ਹਿਰੇ ਦੀ ਰਾਣੀ| ਨੁਸ਼ਹਿਰਾ ਪੰਨੂੰਆਂ ਮੇਰਾ ਵੀ ਸਹੁਰਾ ਪਿੰਡ ਹੈ| 1966 ਤੋਂ, ਬਾਵਾ ਕਮਲੇਸ਼ ਨਾਲੋਂ ਚਾਰ ਸਾਲ ਪਿੱਛੋਂ ਤੋਂ| ਮੈਂ ਉਸ ਤੋਂ ਉਮਰ ਵਿਚ ਵੱਡਾ ਹੋਣ ਦੇ ਬਾਵਜੂਦ ਇਸ ਨਾਤੇ ਉਹਦੇ ਨਾਲੋਂ ਛੋਟਾ ਹਾਂ|
ਕਮਲੇਸ਼ ਟੰਡਨ ਦੀ ਵੱਡੀ ਪ੍ਰਾਪਤੀ ਪੰਜਾਬ ਪਬਲਿਕ ਸਕੂਲ ਨਾਭਾ ਦੀਆਂ 17 ਸ਼ਾਖਾਵਾਂ ਸਥਾਪਤ ਕਰਨਾ ਸੀ ਜਿਨ੍ਹਾਂ ਦੇ ਚੋਣਵੇਂ ਪ੍ਰਤੀਨਿਧ ਬਲੌਂਗੀ ਵਾਲੇ ਸ਼ਮਸ਼ਾਨ ਘਾਟ ਉਸਦੇ ਸਸਕਾਰ ਸਮੇਂ ਜਾਂ ਸੈਕਟਰ 34 ਦੇ ਗੁਰੂ ਘਰ ਉਸਦੀ ਅੰਤਮ ਅਰਦਾਸ ਸਮੇਂ ਦੂਰ ਦੁਰਾਡੇ ਸਥਾਨਾਂ ਤੋਂ ਪਹੁੰਚੇ ਹੋਏ ਸਨ| ਹੁਣ ਜਦੋਂ ਮੇਰੇ ਬਹੁਤ ਵੱਡੇ ਸਹੁਰਾ ਪਰਿਵਾਰ ਦੇ ਬਹੁਤ ਸਾਰੇ ਮੈਂਬਰ ਵਿਛੋੜਾ ਦੇ ਗਏ ਹਨ ਜਾਂ ਸੱਤ ਸਮੁੰਦਰ ਪਾਰ ਦੇ ਦੇਸ਼ਾਂ ਵਿਚ ਜਾ ਵਸੇ ਹਨ ਤਾਂ ਕਮਲੇਸ਼ ਦੀਆਂ ਬੇਟੀਆਂ ਐਮੀ ਤੇ ਬਾਵਾ ਸਾਡਾ ਸਹਾਰਾ ਹਨ| ਬਾਵਾ ਦੇ ਜੀਵਨ ਸਾਥੀ ਕੈਪਟਨ ਸੰਦੀਪ ਸੰਧੂ ਅਤੇ ਐਮੀ ਦੇ ਰਾਜੀਵ ਕੁਮਾਰ ਸਮੇਤ| ਅੰਤਰ-ਜਾਤਿ ਦੂਜੀ ਜੋੜੀ ਜੋ ਇਨ੍ਹਾਂ ਦਿਨਾਂ ਵਿਚ ਸਾਡੀ ਜਾਣੂ ਹੋਈ ਉਹ ਸਾਡੇ ਨਵੇਂ ਗਵਾਂਢੀ ਹਨ| ਚੇਨੱਈ ਵਾਲਾ ਕ੍ਰਿਸ਼ਨਾਸਵਾਮੀ ਤੇ ਉਸਦੀ ਪਤਨੀ ਹਰਲੀਨ ਕੌਰ ਜਿਸਦਾ ਪੇਕਾ ਪਿੰਡ ਬਸੀ ਪਠਾਣਾ ਬਲਾਕ ਦਾ ਪਿੰਡ ਘੜੂੰਆਂ ਹੈ| ਸਾਡਾ ਇਸ ਜੋੜੀ ਨਾਲ ਵੀ ਨੇੜਲਾ ਸਬੰਧ ਪੈਦਾ ਹੋ ਗਿਆ ਹੈ|
ਜਾਂਦੇ ਜਾਂਦੇ ਇਹ ਵੀ ਦਸ ਦਿਆਂ ਕਿ ਛੇ ਦਹਾਕੇ ਪਹਿਲਾਂ ਮੇਰੇ ਇਕ ਪੰਜਾਬੀ ਮਿੱਤਰ ਨੇ ਆਂਧਰਾ ਪ੍ਰਦੇਸ਼ ਦੀ ਕੁੜੀ ਨਾਲ ਵਿਆਹ ਕਰ ਲਿਆ ਸੀ| ਪਹਿਲਾਂ ਪਹਿਲਾਂ ਪੰਜਾਬੀ ਮਾਪਿਆਂ ਨੂੰ ਆਪਣੀ ਨੂੰਹ ਦੀ ਤੇਲਗੂ ਭਾਸ਼ਾ ਬੜੀ ਮਸਲਾ ਬਣੀ ਰਹੀ ਪਰ ਜਦੋਂ ਉਨ੍ਹਾਂ ਦੇ ਘਰ ਇੱਕ ਬੱਚਾ ਵੱਡਾ ਹੋ ਗਿਆ ਤਾਂ ਉਹ ਇੰਟਰਪਰੈਟਰ ਦੁਭਾਸ਼ੀਏ ਦਾ ਕੰਮ ਕਰਨ ਲੱਗ ਪਿਆ| ਬੱਚਾ ਮਾਂ ਦੀ ਭਾਸ਼ਾ (ਤੇਲਗੂ) ਵੀ ਸਮਝਦਾ ਸੀ ਤੇ ਬਾਪ ਦੀ ਭਾਸ਼ਾ (ਪੰਜਾਬੀ) ਵੀ| ਦਾਦਾ ਦਾਦੀ ਹਰ ਕੰਮ ਲਈ ਬੱਚੇ ਦਾ ਆਸਰਾ ਲੈਂਦੇ ਸਨ|
ਥੋੜ੍ਹੇ ਸ਼ਬਦਾਂ ਵਿਚ ਇਹ ਗੱਲ ਸਮੇਟਣੀ ਹੋਵੇ ਤਾਂ ਅੰਗਰੇਜ਼ੀ ਦਾ ਅਖਾਣ ਚਾਈਲਡ ਇਜ਼ ਦੀ ਫਾਦਰ ਆਫ ਮੈਨ (ਬੱਚਾ ਬੰਦੇ ਦਾ ਬਾਪ ਹੈ) ਵਰਤ ਸਕਦੇ ਹਾਂ|
ਅੰਤਿਕਾ
ਤਾਰਾ ਸਿੰਘ ਕਾਮਲ॥
ਜੁਆਨੀ ਦੀ ਸਿਕ ਸੀ, ਤੁਸੀਂ ਹਾਲ ਪੁੱਛੋ,
ਚਲੀ ਗਈ ਜੁਆਨੀ, ਮੇਰਾ ਹਾਲ ਪੁੱਛਿਆ|
ਗੁਨਾਹਾਂ ਸਣੇ ਪੇਸ਼ ਹੋਇਆ, ਤਾਂ ਰੱਬ ਨੇ,
ਧਰੀ ਕੰਨ ਤੇ ਦਾਨੀ, ਮੇਰਾ ਹਾਲ ਪੁੱਛਿਆ|