ਬਲਜੀਤ ਬਾਸੀ
ਫੋਨ: 734-259-9353
ਭਾਰਤੀ ਭਾਸ਼ਾਵਾਂ ਦੇ ਸ਼ਬਦਾਂ ਵਿਚ ਰੁਚੀ ਰੱਖਣ ਵਾਲੇ ਕੋਈ ਦੋ ਕੁ ਦਰਜਨ ਵਿਦਵਾਨਾਂ ਨੇ ‘ਸ਼ਬਦ ਚਰਚਾ’ ਨਾਂ ਦਾ ਇੱਕ ਗੂਗਲ ਗਰੁੱਪ ਬਣਾਇਆ ਹੈ ਜਿਸ ਵਿਚ ਵਧੇਰੇ ਕਰਕੇ ਕਿਸੇ ਇੱਕ ਸ਼ਬਦ ਨੂੰ ਲੈ ਕੇ ਇਸ ਦੀ ਵਿਉਤਪਤੀ ਬਾਰੇ ਵਿਚਾਰ-ਵਟਾਂਦਰਾ ਹੁੰਦਾ ਹੈ। ਮੈਥੋਂ ਸਿਵਾ ਇਸ ਦੇ ਸਾਰੇ ਮੈਂਬਰ ਹਿੰਦੀ ਭਾਸ਼ੀ ਹਨ ਪਰ ਲਗਭਗ ਸਾਰੇ ਪੰਜਾਬੀ ਸਮਝਦੇ ਹਨ।
ਵਿਉਤਪਤੀ ਵਿਸ਼ਾ ਏਨਾ ਜਟਿਲ ਹੈ ਕਿ ਹਰ ਕਿਸੇ ਲਈ ਇਸ ਦੇ ਅਨੇਕ ਪੱਖਾਂ ਨੂੰ ਹਰ ਪਰਿਪੇਖ ਤੋਂ ਦੇਖਣਾ ਸਮਝਣਾ ਅਸੰਭਵ ਜਿਹਾ ਹੁੰਦਾ ਹੈ ਇਸ ਲਈ ਕਈ ਵਾਰੀ ਕਿਸੇ ਸ਼ਬਦ ਜਾਂ ਵਿਸੇL ਵਿਸ਼ੇਸ਼ ਬਾਰੇ ਚਰਚਾ ਦੌਰਾਨ ਅਨਪੜ੍ਹਾਂ ਜਿਹੀਆਂ ਹਾਸੋਹੀਣੀਆਂ ਗੱਲਾਂ ਵੀ ਹੋ ਜਾਂਦੀਆਂ ਹਨ। ਇਹ 2011 ਦੀ ਗੱਲ ਹੈ ਕਿ ਇੱਕ ਦਿਨ ਈ-ਸਵਾਮੀ ਨਾਮੀ ਸੱਜਣ ਨੇ ਚਰਚਾ ਹਿਤ ਪੰਜਾਬੀ ਵਿਚ ਰਚੀ ਹੇਠ ਲਿਖੀ ਤੁਕ ਸਾਹਮਣੇ ਰੱਖੀ,
ਮੈਂ ਨੀਲ ਕਰਾਈਆਂ ਨੀਲਕਾਂ, ਮੇਰਾ ਤਨ ਮਨ ਨੀਲੋ ਨੀਲ।
ਮੈਨੂੰ ਹਿਜਰ ਦੀ ਸੂਲੀ ਚਾੜ੍ਹਿਆ, ਮੇਰੀ ਇਕ ਨਾ ਸੁਣੀ ਜ਼ਲੀLਲ।
ਉਸ ਦਾ ਸਵਾਲ ਸੀ ਕਿ ਇਸ ਤੁਕ ਵਿਚ ‘ਪਹਿਲੀ ਲਾਈਨ ਬਊਂਸਰ ਨਿਕਲ ਗਈ ਹੈ, ਕਿਰਪਾ ਕਰਕੇ ਭਾਵਅਰਥ ਸਪੱਸ਼ਟ ਕਰੋ’। ਮੈਂ ਮਸਲਾ ਪੜ੍ਹਿਆ ਪਰ ਮੇਰੇ ਕੁਝ ਪਿੜ ਪੱਲੇ ਨਾ ਪਿਆ ਹੋਣ ਕਰਕੇ ਘੇਸਲ ਵੱਟ ਰੱਖੀ। ਨਾਲੇ ਮੈਨੂੰ ਪਤਾ ਸੀ ਕਿ ਪੰਜਾਬੀ ਹੋਣ ਦੇ ਨਾਤੇ ਸਾਰੇ ਮੇਰੇ ਵੱਲ ਤੱਕਣਗੇ। ਮੈਂ ਅੰਦਰਖਾਤੇ ਕੁਝ ਪੰਜਾਬੀ ਦੇ ਲੇਖਕਾਂ ਨੂੰ ਈਮੇਲ ਕਰ ਕੇ ਇਸ ਤੁਕ ਦੇ ਅਰਥ ਪੁੱਛੇ ਪਰ ਸਭ ਡੁੰਨ ਵੱਟਾ ਸਾਬਿਤ ਹੋਏ। ਤੇ ਹੋਇਆ ਓਹੀ ਜਿਸ ਦਾ ਡਰ ਸੀ। ਕਾਫੀ ਸਮਾਂ ਬੀਤਣ ਉਪਰੰਤ ਅਜਿਤ ਵਡਨੇਰਕਰ ਨੇ ਮੇਰੇ `ਤੇ ਭਾਰ ਸੁੱਟਦਿਆਂ ਚੁੱਪ ਤੋੜੀ, ”ਓ ਬਲਜੀਤ ਪ੍ਰਾਜੀ ਤੁਸੀਂ ਕਿੱਥੇ ਓ“? ਗੈਰ-ਪੰਜਾਬੀ ਸਾਡੀਆਂ ਟੋਨਾਂ ਵਾਲੀਆਂ ਘ, ਝ, ਢ, ਧ, ਭ ਧੁਨੀਆਂ ਬੋਲ ਨਹੀਂ ਸਕਦੇ ਤੇ ਸੁਣਦੇ ਵੀ ਆਪਣੇ ਹਿਸਾਬ ਨਾਲ ਹੀ ਹਨ, ਇਸ ਲਈ ਭਰਾਜੀ ਨੂੰ ਪ੍ਰਾਜੀ ਉਚਾਰਦੇ ਹਨ।…ਗਲ ਵਿਚ ਢੋਲ ਪੈ ਜਾਣ ਕਰਕੇ ਮੇਰੇ ਤਾਂ ਭਾਅ ਦੀ ਬਣ ਗਈ। ਮੈਂ ਨਾ ਤਾਂ ਕਦੇ ਇਹ ਤੁਕ ਸੁਣੀ ਸੀ ਤੇ ਨਾ ਹੀ ਇਸ ਦਾ ਗਾਇਣ। ਪਾਕਿਸਤਾਨੀ ਗਾਇਕੀ ਮੈਨੂੰ ਚੰਗੀ ਤਾਂ ਲਗਦੀ ਹੈ ਪਰ ਸਾਰੇ ਗਾਉਣ ਵਜਾਉਣ ਤਾਂ ਨਹੀਂ ਨਾ ਕੋਈ ਸੁਣ ਸਕਦਾ। ਉਦੋਂ ਹਫੜਾ-ਦਫੜੀ ਵਿਚ ਆਪਣੀ ਜਾਨ ਛੁਡਾਉਣ ਖਾਤਿਰ ਜੋ ਸੁਝਿਆ ਮੈਂ ਹਿੰਦੀ ਵਿਚ ਝਰੀਟ ਮਾਰਿਆ ਜਿਸ ਦਾ ਪੰਜਾਬੀ ਉਲੱਥਾ ਕੁਝ ਇਸ ਤਰ੍ਹਾਂ ਹੈ, “ਮੈਨੂੰ ਨੀਲਕਾਂ ਸ਼ਬਦ ਤੋਂ ਦਿੱਕਤ ਹੈ, ਮੈਂ ਕਦੇ ਸੁਣਿਆ ਨਹੀਂ, ਮੇਰਾ ਤੁੱਕਾ ਹੈ ਕਿ ਇਹ ਨੀਲਾ ਕਾਂ ਹੋ ਸਕਦਾ ਹੈ। ਏਥੇ ਇਹ ਕਿਸੇ ਜ਼ਾਲਿਮ ਪ੍ਰੇਮੀ ਦਾ ਪ੍ਰਤੀਕ ਬਣਦਾ ਹੈ ਜਿਵੇਂ ਇਹ ਕਿਸੇ ਪਸ਼ੂ ਤੇ ਬੈਠਾ ਉਸ ਦੇ ਕੰਨ੍ਹੇ ਨੋਚਦਾ ਰਹਿੰਦਾ ਹੈ। ਸੋ ਮੇਰੀ ਸਮਝ ਅਨੁਸਾਰ ਵਿਯੋਗ ਪੀੜਤ ਪ੍ਰੇਮਿਕਾ ਕਹਿ ਰਹੀ ਹੈ ਕਿ ਜ਼ਾਲਿਮ ‘ਨੀਲਕਾਂ’ (ਨੀਲਾ ਕਾਂ) ਦੇ ਵਿਯੋਗ ਦੀ ਪੀੜਾ ਨੇ ਮੇਰਾ ਤਨ-ਮਨ ਨੀਲਾ ਕਰ ਦਿੱਤਾ ਹੈ, ਬਹੁਤ ਚੋਟਾਂ ਲੱਗਣ ਨਾਲ ਸਰੀਰ ਉਤੇ ਨੀਲ ਪੈ ਜਾਂਦੇ ਹਨ, ਪੰਜਾਬੀ ਵਿਚ ਨੀਲੋ-ਨੀਲ ਹੋਣਾ ਕਿਹਾ ਜਾਂਦਾ ਹੈ। ਪ੍ਰੇਮੀ ਦੀ ਰੁਸਵਾਈ ਨੇ ਮੈਨੂੰ ਇਸ ਕਦਰ ਜ਼ਲੀਲ ਕਰ ਰੱਖਿਆ ਹੈ ਕਿ ਮਾਨੋਂ ਮੈਂ ਹਿਜਰ ਦੀ ਸੂਲੀ `ਤੇ ਚੜ੍ਹੀ ਹੋਵਾਂ…। ਨੀਲਕਾਂ ਦੇ ਬਾਰੇ ਜਦ ਹੋਰ ਪਤਾ ਲੱਗੇ ਮੈਂ ਜ਼ਰੂਰ ਦੱਸਾਂਗਾ”। ਇਹ ਹੁਣ ਉੂਲ-ਜਲੂਲ ਜਾਪਦੀ ਵਿਆਖਿਆ ਪਰੋਸ ਕੇ ਮੈਂ ਖਹਿੜਾ ਛੁਡਾਉਣ ਦੀ ਕੀਤੀ ਹਾਲਾਂ ਕਿ ਨੀਲੇ ਰੰਗ ਦਾ ਕੋਈ ਕਾਂ ਘੱਟੋ-ਘੱਟ ਪੰਜਾਬ ਵਿਚ ਨਹੀਂ ਦੇਖਿਆ ਸੁਣਿਆ। ਹਾਂ, ਅਕਸਰ ਹੀ ਗੂੜ੍ਹੇ ਕਾਲੇ ਰੰਗ ਦੇ ਬੰਦਿਆਂ ਨੂੰ ਨੀਲਾ ਕਹਿ ਦਿੱਤਾ ਜਾਂਦਾ ਹੈ।
ਹੋਰਨਾਂ ਨੂੰ ਮੇਰੀ ਉਪਰੋਕਤ ਵਿਆਖਿਆ ਕੁਝ ਜੱਚਣ ਲੱਗ ਪਈ ਜਿਸਦਾ ਸਬੂਤ ਰੰਗਨਾਥ ਸਿੰਘ ਦੀ ਇਹ ਟਿੱਪਣੀ ਸੀ,”ਤੁਹਾਡੇ ਦਿੱਤੇ ਅਰਥ ਪਿਛੋਂ ਲੱਗ ਰਿਹਾ ਹੈ ਕਿ ਕ੍ਰਿਸ਼ਨ ਜਾਂ ਰਾਮ ਸਰੀਖੇ ਨੀਲੇ ਬਦਨ ਵਾਲੇ ਪ੍ਰੇਮੀ ਨੂੰ ਵੀ ਕਿਹਾ ਜਾ ਸਕਦਾ ਹੈ, ਕੈਲੰਡਰਾਂ ਅਤੇ ਪੋਸਟਰਾਂ ਵਿਚ ਇਨ੍ਹਾਂ ਨੂੰ ਨੀਲੇ ਬਦਨ ਵਾਲਾ ਹੀ ਦਿਖਾਇਆ ਜਾਂਦਾ ਹੈ”। ਇਸ ਦੇ ਨਾਲ ਹੀ ਪ੍ਰਬੁੱਧ ਨਿਰੁਕਤਕਾਰ ਅਜਿਤ ਵਡਨੇਰਕਰ ਨੇ ਠੁੱਚੂ ਲਾਉਂਦਿਆਂ ਆਪਣੇ ਬਲਾਗ ਦੀ ਇੱਕ ਪੋਸਟ ਪੜ੍ਹਨ ਲਈ ਪਰੇਰਿਆ ਜਿਸ ਵਿਚ ਉਸ ਨੇ ‘ਨੀਲਾ’ ਸ਼ਬਦ ਦੀ ਵਿਉਤਪਤੀ `ਤੇ ਚਾਨਣਾ ਪਾਇਆ ਸੀ। ਇਸ ਅਨੁਸਾਰ ਇਸ ਸ਼ਬਦ ਦਾ ਸੰਸਕ੍ਰਿਤ ਧਾਤੂ *ਨੀਲ ਹੈ ਤੇ ਸੰਸਕ੍ਰਿਤ ਵਿਚ ਇਸ ਦਾ ਅਰਥ ਨੀਲਾ ਹੋਣ ਦੇ ਨਾਲ-ਨਾਲ ਕਾਲਾ ਅਤੇ ਸੁਰਮਈ ਵੀ ਹੈ। ਸੁਰਮੇ ਨੂੰ ਇਸੇ ਲਈ ਨੀਲਾਂਜਨਾ ਕਿਹਾ ਜਾਂਦਾ ਹੈ। ਸੰਸਕ੍ਰਿਤ ਵਿਚ ਘਣੇ ਕਾਲੇ ਬੱਦਲ ਨੂੰ ਨੀਲਾਭ੍ਰ ਕਿਹਾ ਜਾਂਦਾ ਹੈ। ਨੀਲ ਦੇ ਪੌਦੇ ਨੂੰ ਨੀਲਿਕਾ ਕਹਿੰਦੇ ਹਨ। ਇਸ ਤੋਂ ਬਣਦੇ ਹੋਰ ਸ਼ਬਦ ਹਨ: ਨੀਲਮ, ਨੀਲਕਾਂਤ, ਨੀਲਮਣੀ (ਇਕ ਰਤਨ), ਨੀਲੋਫਰ, ਨੀਲਾਥੋਥਾ, ਨੀਲਗਿਰੀ ਆਦਿ। ਇਹ ਗੱਲ ਵੀ ਸਾਹਮਣੇ ਆਈ ਕਿ ਪੰਜਾਬੀ ਸਮੇਤ ਕਈ ਭਾਸ਼ਾਵਾਂ ਵਿਚ ਨੀਲਾ ਨੂੰ ਲੀਲਾ ਵੀ ਉਚਾਰਦੇ ਹਨ। ਲਲਾਰੀ ਸ਼ਬਦ ਦਾ ਮੁਢਲਾ ਅਰਥ ਨੀਲ ਦੇਣ ਵਾਲਾ (ਨਿਲਾਰੀ) ਹੈ। ਲ ਅਤੇ ਨ ਧੁਨੀਆਂ ਆਪੋ ਵਿਚ ਵਟ ਜਾਂਦੀਆਂ ਹਨ ਮਿਸਾਲ ਵਜੋਂ ਲੂਣ/ਨੂਣ, ਲੰਬੜਦਾਰ/ਨੰਬਰਦਾਰ, ਲੰਘਣਾ/ਨੰਘਣਾ।
ਮੇਰੀ ਜਾਨ ਛੁੱਟੀ ਲਗਦੀ ਸੀ ਕਿ ਮੈਂ ਯੂਟਿਊਬ `ਤੇ ਸਬੰਧਿਤ ਗਾਣਾ ਸੁਣਨ ਲੱਗ ਪਿਆ। ਪਤਾ ਲੱਗਾ ਕਿ ਸ਼ਬਦ ਨੀਲਕਾਂ ਨਹੀਂ ਨੀਲਖਾਂ ਹੈ। ਮੈਨੂੰ ਹੁਣ ਯਾਦ ਨਹੀਂ ਇਹ ਕਿਸਦਾ ਗਾਇਆ ਸੀ, ਹੁਣ ਉਹ ਯੂਟਿਊਬ `ਤੇ ਉਪਲਬਧ ਵੀ ਨਹੀਂ। ਮੈਂ ਦੱਸਣ ਦੀ ਕੋਸ਼ਿਸ਼ ਕੀਤੀ ਕਿ ਪੰਜਾਬੀ ਵਿਚ ਕਿਸੇ ਰੰਗ ਦੇ ਨਾਂ ਪਿੱਛੇ ਖ ਧੁਨੀ ਲੱਗਣ ਨਾਲ ਇਕ ਹੋਰ ਸ਼ਬਦ ਬਣ ਜਾਂਦਾ ਹੈ ਜਿਵੇਂ ਚਿੱਟਾ ਤੋਂ ਚਿਟਾਖ, ਕਾਲਾ ਤੋਂ ਕਾਲਖ। ਇਸੇ ਤਰ੍ਹਾਂ ਨੀਲਾ ਤੋਂ ਨੀਲਖ ਬਣਿਆ ਜਿਸ ਦਾ ਬਹੁਵਚਨ ਹੋਇਆ ਨੀਲਖਾਂ। ਪਰ ਅਰਥ ਉਹੀ ਰਿਹਾ ਅਰਥਾਤ ਸਰੀਰ ਵਿਚ ਕੁੱਟ ਕਾਰਨ ਪਈਆਂ ਨੀਲਖਾਂ। ਇਸ ਸ਼ਬਦ ਦੀ ਬਹੁਤੀ ਵਰਤੋਂ ਲਹਿੰਦੇ ਪੰਜਾਬ ਵਿਚ ਹੁੰਦੀ ਹੈ। ਸਾਰੇ ਮੇਰੀ ਵਿਦਵਤਾ ਤੋਂ ਪ੍ਰਭਾਵਤ ਹੋਏ ਪਰ ਮੈਂ ਆਪਣੀ ਬੁੱਕਲ ਵਿਚ ਹੱਸ ਰਿਹਾ ਸਾਂ।
ਪਿਛਲੇ ਦਿਨੀਂ 13 ਸਾਲ ਪਿਛੋਂ ਸਬੰਧਤ ਤੁਕ ਦੇ ਕੁਝ ਹੋਰ ਹੀ ਵੱਖਰੇ ਪਰ ਪੁਖਤਾ ਜਾਪਦੇ ਅਰਥ ਮੇਰੇ ਸਾਹਮਣੇ ਆਏ ਹਨ ਤੇ ਉਹ ਵੀ ਪਾਕਿਸਤਾਨੀ ਪੰਜਾਬ ਵਲੋਂ। ਪਾਕਿਸਤਾਨ ਦੇ ਦੋ ਪੰਜਾਬੀ ਪ੍ਰੇਮੀ ਵਿਦਵਾਨ ਜਨਾਬ ਜਾਵੇਦ ਅਕਰਮ ਅਤੇ ਜਨਾਬ ਅਹਿਸਾਨ ਬਾਜਵਾ ਪੰਜਾਬੀ ਬੋਲੀ ਦੇ ਵਧਾਵੇ ਲਈ ‘ਮੇਲਾ ਟੀਵੀ’ ਨਾਂ ਦਾ ਇੱਕ ਯੂਟਿਊਬ ਚੈਨਲ ਚਲਾਉਂਦੇ ਹਨ ਜਿਸ ਦਾ ਆਗਾਜ਼ ਉਹ ਅੱਜ-ਕਲ੍ਹ ਬਹੁਤ ਵੱਜਦਾ ਲੋਕ ਗੀਤ ‘ਚੱਲ ਮੇਲੇ ਨੂੰ ਚੱਲੀਏ’ ਦੇ ਬੋਲਾਂ ਨਾਲ ਕਰਦੇ ਹਨ। ਇਸ ਵਿਚ ਉਹ ਆਮ ਤੌਰ `ਤੇ ਪੰਜਾਬੀ ਮੁਹਾਵਰੇ, ਅਖਾਣਾਂ, ਲੋਕ ਗੀਤਾਂ ਤੇ ਕਦੇ-ਕਦੇ ਪੰਜਾਬੀ ਅਦਬ ਤੇ ਪੰਜਾਬੀ ਰਹਿਤਲ ਦੇ ਹੋਰ ਪੱਖਾਂ ਦੀ ਚਰਚਾ ਕਰਦੇ ਹਨ। ਉਹ ਗੱਲਬਾਤ ਠੇਠ ਪੰਜਾਬੀ ਵਿਚ ਕਰਦੇ ਹਨ ਪਰ ਵਿਚ ਤਕਨੀਕੀ ਭਾਸ਼ਾ ਅਰਬੀ ਫਾਰਸੀ ਵਾਲੀ ਹੁੰਦੀ ਹੈ। ਅਗਲੀਆਂ ਸਤਰਾਂ ਮੈਂ ਉਨ੍ਹਾਂ ਦੀ ਹੀ ਸ਼ੈਲੀ ਵਿਚ ਲਿਖਣ ਦੀ ਕੋਸ਼ਿਸ਼ ਕਰਦਾ ਹਾਂ। ਪ੍ਰੋਗਰਮ ਦੌਰਾਨ ਦਰਸ਼ਕਾਂ ਵਲੋਂ ਭਿਜਵਾਏ ਸਵਾਲ ਜਨਾਬ ਜਾਵੇਦ ਸੁਣਾਉਂਦੇ ਹਨ ਤੇ ਜਨਾਬ ਅਹਿਸਾਨ ਬਾਜਵਾ ਇਸ ਦਾ ਤਰਜਮਾ ਅਤੇ ਸ਼ਰਹ (ਵਿਆਖਿਆ) ਕਰਦੇ ਹਨ। ਮੈਂ ਜਿਸ ਦਿਨ ਇਹ ਚੈਨਲ ਸੁਣਿਆ ਉਸ ਦਿਨ ‘ਨੀਲ ਕਰਾਈਆਂ’ ਵਾਲੀ ਲਫਜ਼ੀ ਤਰਕੀਬ `ਤੇ ਹੀ ਸਵਾਲ ਜਵਾਬ ਹੋ ਰਹੇ ਸਨ ਪਰ ਇਸ ਦੀ ਤਬਦੀਲੇ ਸੂਰਤ ਕੁਝ ਅਲੱਗ ਸੀ ਜੋ ਇਸ ਤਰ੍ਹਾਂ ਹੈ,
ਮੈਂ ਨੀਲ ਕਰਾਈਆਂ ਨੀਲਕਾਂ, ਮੇਰਾ ਤਨ ਮਨ ਨੀਲੋ ਨੀਲ।
ਮੈਂ ਸੌਦੇ ਕੀਤੇ ਦਿਲਾਂ ਦੇ, ਵਿਚ ਧਰ ਲਏ ਨੈਣ ਵਕੀਲ।
ਬਾਜਵਾ ਸਾਹਿਬ ਵਲੋਂ ਮਜ਼ਮੂਨ ਦੇ ਤੁਆਰਫ ਦੌਰਾਨ ਸਭ ਤੋਂ ਪਹਿਲਾਂ ਇਹ ਰਾਜ਼ ਖੁੱਲਿ੍ਹਆ ਕਿ ਇਹ ਸੱਦ ਪੀਲੂ ਦੇ ਕਿੱਸੇ ਮਿਰਜ਼ਾ ਸਾਹਿਬਾਂ ਵਿਚੋਂ ਹੈ। ਇਹ ਟੁੱਟਵਾਂ ਜਿਹਾ ਕਿੱਸਾ ਰਿਚਰਡ ਟੈਂਪਲ ਦੀ ਪੁਸਤਕ ‘ਲੈਜੈਂਡਜ਼ ਆਫ ਪੰਜਾਬ’ ਵਿਚ ਦਰਜ ਹੈ ਤੇ ਇਸ ਦਾ ਮਤਨ ਕਿਸੇ ਜਲੰਧਰ ਦੇ ਮਰਾਸੀ ਦੁਆਰਾ ਸੁਣਾਇਆ ਗਿਆ ਸੀ। ਇਹ ਕਿੱਸਾ ਮੈਂ ਪੜ੍ਹਿਆ ਤਾਂ ਜ਼ਰੂਰ ਹੈ ਪਰ ਉਸ ਵਿਚ ਅਜਿਹੀ ਸੱਦ ਕਦੇ ਨਹੀਂ ਸੀ ਮਾਲੂਮ ਹੋਈ। ਸ਼ਾਇਦ ਅਹਿਸਾਨ ਬਾਜਵਾ ਦੀ ਮਿਰਜ਼ਾ ਸਾਹਿਬਾਂ ਬਾਰੇ ਲਿਖੀ ਕਿਤਾਬ ਵਿਚੋਂ ਹੋਰ ਵੇਰਵੇ ਮਿਲ ਸਕਣ। ਬਾਜਵਾ ਹੁਰਾਂ ਦੱਸਿਆ ਕਿ ਮਿਰਜ਼ਾ ਸਾਹਿਬਾਂ ਸਕੇ ਮਾਮੇ ਫੁੱਫੇ ਦੇ ਬੱਚੇ ਸਨ ਤੇ ਉਨ੍ਹਾਂ ਦੀ ਬਚਪਨ ਵਿਚ ਹੀ ਮੰਗਣੀ ਹੋ ਗਈ ਸੀ। ਇਸਲਾਮ ਅਜਿਹੇ ਰਿਸ਼ਤੇ ਨੂੰ ਜਾਇਜ਼ ਠਹਿਰਾਉਂਦਾ ਹੈ। ਪੁਰਾਣੇ ਪੰਜਾਬ ਦੇ ਰਿਵਾਜ ਮੁਤਾਬਕ ਜੰਮਦੀ ਕੁੜੀ ਦੇ ਕੰਨਾਂ ਦੀ ਲੌਲ ਬਿੱਧ ਕੇ ਮਾੜੇ ਲੋਕ ਚਾਂਦੀ ਦੀ ਤੇ ਤਕੜੇ ਸੋਨੇ ਦੀ ਤਾਰ ਪਾ ਛੱਡਦੇ ਸਨ ਤਾਂ ਜੋ ਵਿੰਨਿ੍ਹਆਂ ਕੰਨ ਬੰਦ ਨਾ ਹੋ ਜਾਵੇ। ਮੰਗਣੀ ਸਮੇਂ ਕੁੜੀ ਦੀ ਹੋਣ ਵਾਲੀ ਸੱਸ, ਭਰਜਾਈ ਜਾਂ ਨਣਾਨ ਨੀਲੇ ਰੰਗ ਦੇ ਮੋਤੀ ਲੈ ਕੇ ਆਉਂਦੀਆਂ ਸਨ ਤੇ ਕੁੜੀ ਦੇ ਕੰਨਾਂ ਵਿਚੋਂ ਆਪਣੇ ਹੱਥੀਂ ਤਾਰਾਂ ਖੋਲ੍ਹ ਕੇ ਨੀਲੇ ਰੰਗ ਦੇ ਇਹ ਮੋਤੀ (ਹੋਰ ਜਾਣਕਾਰੀ ਅਨੁਸਾਰ ਨੀਲਾ ਧਾਗਾ ਵੀ) ਪਰੋ ਕੇ ਤੇ ਮਰੋੜੀ ਦੇ ਕੇ ਪਾ ਦਿੰਦੇ ਸਨ। ਫਿਰ ਕਹਿੰਦੇ ਸਨ ਕਿ ਇਹ ਕੁੜੀ ਹੁਣ ਸਾਡੀ ਅਮਾਨਤ ਹੋ ਗਈ ਹੈ, ਇਹ ਨੀਲਕ ਹੋ ਗਈ ਹੈ, ਇਸ ਦੀਆਂ ਨੀਲਕਾਂ ਹੋ ਗਈਆਂ ਹਨ। ਇਸ ਮੌਕੇ ਦੋ ਗਵਾਹ ਵੀ ਨਾਲ ਲਿਜਾਏ ਜਾਂਦੇ ਸਨ। ਇਹ ਕਿਹਾ ਜਾਂਦਾ ਸੀ ਕਿ ਕੰਨ ਵਿਚ ਨੀਲੇ ਮੋਤੀ ਪਾਈ ਮੰਗੀ ਕੁੜੀ ਹੁਣ ਨੀਲਕ ਪਰੀ ਹੋ ਗਈ ਹੈ। ਨੀਲੇ ਮੋਤੀ ਪਾਈ ਕੁੜੀ ਵਲੋਂ ਬਾਹਰ ਅੰਦਰ ਜਾਂਦਿਆਂ ਲੋਕਾਂ ਨੂੰ ਪਤਾ ਲਗਦਾ ਸੀ ਕਿ ਇਹ ਕੁੜੀ ਹੁਣ ਕਿਸੇ ਦੀ ਮੰਗ ਹੋ ਚੁੱਕੀ ਹੈ, ਹੁਣ ਇਹ ਕਿਸੇ ਦੀ ਅਮਾਨਤ ਹੈ, ਇਹ ਰਿਸ਼ਤਾ ਪੱਕਾ ਹੋ ਗਿਆ ਹੈ, ਹੋਰ ਕਿਸੇ ਨੂੰ ਨਹੀਂ ਮੰਗਣਾ ਚਾਹੀਦਾ। ਬਾਜਵਾ ਸਾਹਿਬ ਨੇ ਇਹ ਗੱਲ ਜ਼ੋਰ ਦੇ ਕੇ ਦੱਸੀ ਕਿ ਉਨ੍ਹਾਂ ਦਿਨਾਂ ਵਿਚ ਮੰਗਣੀ ਹੀ ਵਿਆਹ ਸਮਝੀ ਜਾਂਦੀ ਸੀ, ਮੰਗਣੀ ਟੁੱਟ ਨਹੀਂ ਸੀ ਸਕਦੀ ਭਾਵੇਂ ਕਿ ਵਿਆਹ ਪਿਛੋਂ ਤਲਾਕ ਹੋ ਸਕਦਾ ਸੀ।
ਸੋ ਚਰਚਾ ਵਿਚ ਆਏ ਸ਼ਿਅਰ ਵਿਚ ਸਾਹਿਬਾਂ ਮਿਰਜ਼ੇ ਨੂੰ ਕਹਿ ਰਹੀ ਹੈ ਕਿ ਮੇਰੀਆਂ ਨੀਲਕਾਂ ਹੋ ਗਈਆਂ ਹਨ, ਤੇਰੇ ਪਿਆਰ ਵਿਚ ਮੈਂ ਨੀਲੋ ਨੀਲ ਹੋ ਗਈ ਹਾਂ। ਪਰ ਏਥੇ ਦੋ ਵਕੀਲ ਵਿਅਕਤੀ ਨਹੀਂ ਬਲਕਿ ਦੋ ਨੈਣ ਹਨ ਜੋ ਪਿਆਰ ਸਬੰਧ ਦੇ ਗਵਾਹ ਹਨ। ਇਸ ਤਰ੍ਹਾਂ ਨੀਲਕਾਂ ਦਾ ਬਹੁਵਚਨ ਨੀਲਕਾਂ ਇੱਕ ਤਰ੍ਹਾਂ ਰਸਮ ਸਮਝੀ ਜਾ ਸਕਦੀ ਹੈ ਜਿਸ ਵਿਚ ਕੁੜੀ ਦੇ ਨੀਲੇ ਰੰਗ ਦੇ ਮੋਤੀ ਪਹਿਨਾ ਕੇ ਵਿਆਹ ਦੀ ਪੱਕੀ ਠੱਕੀ ਕੀਤੀ ਜਾਂਦੀ ਸੀ। ਪੰਜਾਬੀ ਦੇ ਬਹੁਵਚਨ ਪ੍ਰਬੰਧ ਦੀ ਇਹ ਇੱਕ ਖਾਸੀਅਤ ਹੈ। ਧਿਆਨ ਦਿਓ ਮਾਈਆਂ ਸ਼ਬਦ। ਅੱਜ ਮੈਂ ਦਹਾਕੇ ਤੋਂ ਵੀ ਵੱਧ ਸਮਾਂ ਪਹਿਲਾਂ ਹਿੰਦੀ ਵਿਦਵਾਨਾਂ ਸਾਹਮਣੇ ‘ਨੀਲਕਾਂ’ ਦਾ ਅਰਥ ‘ਨੀਲਾ ਕਾਂ’ ਜਾਂ ‘ਚੋਟਾਂ ਕਾਰਨ ਪਏ ਨੀਲੇ ਨਿਸ਼ਾਨ’ ਦੱਸਣ ਵਾਲੀ ਗੱਲ `ਤੇ ਆਪਣੇ ਆਪ ਵਿਚ ਖਸਿਆਨੀ ਹਾਸੀ ਹੱਸ ਰਿਹਾ ਹਾਂ। ਨਿਰੁਕਤ-ਸ਼ਾਸਤਰ ਇੱਕ ਨਿਰੰਤਰ ਵਿਸ਼ਾ ਹੈ, ਕਿਸੇ ਵੀ ਸ਼ਬਦ ਦੀ ਵਿਉਤਪਤੀ ਅੰਤਮ ਨਹੀਂ ਮੰਨੀ ਜਾਂਦੀ।
ਨੀਲਕ ਸ਼ਬਦ ਦੇ ਕੁਝ ਹੋਰ ਅਰਥ ਵੀ ਹਨ। ਨੀਲੇ ਰੰਗ ਦੇ ਖੱਦਰ ਉਤੇ ਪੀਲੇ, ਲਾਲ ਜਾਂ ਹੋਰ ਰੰਗਾਂ ਦੀ ਰੇਸ਼ਮ ਦੇ ਧਾਗਿਆਂ ਨਾਲ ਕਢਾਈ ਕਰ ਕੇ ਬਣਾਈ ਫੁਲਕਾਰੀ ਨੂੰ ਵੀ ਨੀਲਕ ਕਹਿੰਦੇ ਹਨ। ਘੋੜੇ ਲਈ ਵੀ ਨੀਲਕ ਸ਼ਬਦ ਮਿਲਦਾ ਹੈ, ਸ਼ਾਇਦ ਮੁਢਲੇ ਤੌਰ `ਤੇ ਨੀਲਾ ਘੋੜਾ ਹੋਵੇ। ਪਾਕਿਸਤਾਨ ਦੇ ਕਈ ਗਾਇਕਾਂ ਜਿਵੇਂ ਆਰਿਫ ਲੋਹਾਰ, ਅਹਿਸਾਨ ਵੜੈਚ ਨੇ ਪੀਲੂ ਦੀ ਇਹ ਕਥਿਤ ਸੱਦ ਗਾਈ ਹੈ ਜੋ ਪਾਠਕ ਯੂਟਿਊਬ ਤੋਂ ਸੁਣ ਸਕਦੇ ਹਨ। ਪਾਕਿਸਤਾਨ ਦੀ ਹੀ ਇੱਕ ਵਧੀਆ ਕਵਿੱਤਰੀ ਨਸਰੀਨ ਅੰਜੁਮ ਭੱਟੀ ਨੇ ‘ਨੀਲ ਕਰਾਈਆਂ ਨੀਲਕਾਂ’ ਨਾਂ ਦੀ ਇੱਕ ਕਾਵਿ ਪੁਸਤਕ ਵੀ ਰਚੀ ਹੈ।