ਪਿਛਲੇ ਕੁਝ ਦਿਨਾਂ ਤੋਂ ਪੰਜਾਬ ਅਤੇ ਪੰਥਕ ਸਿਆਸਤ ਵਿਚ ਵਾਹਵਾ ਹਲਚਲ ਹੋ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਅਚਾਨਕ ਅਸਤੀਫੇ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਪਿਛਲੇ ਕਈ ਸਾਲਾਂ ਤੋਂ ਇਹ ਅਹੁਦਾ ਉਸ ਲਈ ਮੁਸੀਬਤ ਬਣਿਆ ਹੋਇਆ ਸੀ।
ਪੰਜ ਵਾਰ ਮੁੱਖ ਮੰਤਰੀ ਰਹੇ ਅਕਾਲੀ ਆਗੂ ਪ੍ਰਕਾਸ਼ ਸਿੰਘ ਬਾਦਲ ਦਾ ਪੁੱਤਰ ਹੋਣ ਕਰ ਕੇ ਉਹ ਇਸ ਅਹੁਦੇ ‘ਤੇ ਤਾਂ ਬਿਰਾਜਮਾਨ ਹੋ ਗਿਆ ਸੀ ਪਰ ਉਸ ਨੇ ਇਨ੍ਹਾਂ ਸਾਲਾਂ ਦੌਰਾਨ ਜਿਸ ਤਰ੍ਹਾਂ ਇਸ ਇਤਿਹਾਸਕ ਪਾਰਟੀ ਨੂੰ ਚਲਾਉਣ ਦਾ ਯਤਨ ਕੀਤਾ, ਉਸ ਨੇ ਉਸ ਦੀ ਲੀਡਰਸ਼ਿਪ ਉਤੇ ਵੱਡੇ ਸਵਾਲੀਆ ਨਿਸ਼ਾਨ ਲਾ ਦਿੱਤੇ ਸਨ। ਉਸ ਨੂੰ ਪਹਿਲਾਂ ਵੀ ਕਈ ਪ੍ਰਕਾਰ ਦੇ ਸੰਕਟਾਂ ਅਤੇ ਬਗਾਵਤਾਂ ਦਾ ਸਾਹਮਣਾ ਕਰਨਾ ਪਿਆ ਪਰ ਪ੍ਰਕਾਸ਼ ਸਿੰਘ ਬਾਦਲ ਦੇ ਹੁੰਦਿਆਂ ਉਹ ਇਨ੍ਹਾਂ ਸੰਕਟਾਂ ਵਿਚੋਂ ਨਿੱਕਲਦਾ ਰਿਹਾ ਪਰ ਪ੍ਰਕਾਸ਼ ਸਿੰਘ ਬਾਦਲ ਦੇ ਦੇਹਾਂਤ ਤੋਂ ਬਾਅਦ ਉਹਦੇ ਲਈ ਸੰਕਟ ਮੋਚਨ ਬਣਨ ਵਾਲਾ ਕੋਈ ਨਾ ਬਚਿਆ ਅਤੇ ਹੌਲੀ-ਹੌਲੀ ਹੁਣ ਹਾਲਾਤ ਇਹ ਬਣ ਗਏ ਹਨ ਕਿ ਹਰ ਕੋਈ ਉਸ ਨੂੰ ਇਸ ਅਹੁਦੇ ਤੋਂ ਲਾਂਭੇ ਹਟਣ ਦੀਆਂ ਸਲਾਹਾਂ ਦੇਣ ਲੱਗ ਪਿਆ ਹੈ। ਉਂਝ, ਉਹ ਅਜੇ ਤੱਕ ਵੀ ਟੱਸ ਤੋਂ ਮੱਸ ਨਹੀਂ ਹੋਇਆ ਹੈ। ਕਿਆਸ ਕੀਤਾ ਜਾ ਰਿਹਾ ਹੈ ਕਿ ਹੁਣ ਵੀ ਉਸ ਨੇ ਜਿਹੜਾ ਅਸਤੀਫਾ ਦਿੱਤਾ ਹੈ, ਉਹ ਵੀ ਸਿਰਫ ਮੂੰਹ-ਰਖਾਈ ਲਈ ਹੀ ਦਿੱਤਾ ਹੈ। ਅਸਤੀਫੇ ਤੋਂ ਬਾਅਦ ਪਾਰਟੀ ਅੰਦਰੋਂ ਜੋ ਕਨਸੋਆਂ ਮਿਲੀਆਂ ਹਨ, ਉਨ੍ਹਾਂ ਤੋਂ ਜ਼ਾਹਿਰ ਹੁੰਦਾ ਹੈ ਕਿ ਸੁਖਬੀਰ ਸਿੰਘ ਬਾਦਲ ਇੰਨੇ ਜ਼ਿਆਦਾ ਵਿਰੋਧ ਅਤੇ ਅਕਾਲੀ ਦਲ ਨੂੰ ਇੰਨੀ ਵੱਡੀ ਪਛਾੜ ਵੱਜਣ ਦੇ ਬਾਵਜੂਦ ਅਹੁਦਾ ਛੱਡਣ ਲਈ ਰਾਜ਼ੀ ਨਹੀਂ। ਉਸ ਦੇ ਅਸਤੀਫੇ ਤੋਂ ਬਾਅਦ ਉਸ ਦੇ ਹਮਾਇਤੀਆਂ ਨੇ ਅਕਾਲੀ ਦਲ ਦੀਆਂ ਅਹੁਦੇਦਾਰੀਆਂ ਛੱਡਣੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਤੋਂ ਜ਼ਾਹਿਰ ਹੋ ਰਿਹਾ ਹੈ ਕਿ ਅਸਤੀਫਾ ਗਿਣ-ਮਿਥ ਕੇ ਦਿੱਤਾ ਗਿਆ ਅਤੇ ਹੁਣ ਅਸਤੀਫਾ-ਵਾਪਸੀ ਮੁਹਿੰਮ ਵੀ ਨਾਲ ਹੀ ਚਲਾ ਦਿੱਤੀ ਗਈ ਹੈ।
ਇਹ ਕਨਸੋਆਂ ਵੀ ਹਨ ਕਿ ਅਕਾਲੀ ਲੀਡਰਸ਼ਿਪ ਨੇ ਜਥੇਦਾਰਾਂ ਨਾਲ ਵੀ ਹੁਣ ਰਾਬਤਾ ਬਣਾ ਲਿਆ ਹੈ ਅਤੇ ਉਨ੍ਹਾਂ ਦੇ ਰਵੱਈਏ ਵਿਚ ਵੀ ਤਬਦੀਲੀ ਆ ਗਈ ਜਾਪਦੀ ਹੈ। ਚੇਤੇ ਰਹੇ ਕਿ ਸਿੰਘ ਸਾਹਿਬਾਨ ਨੇ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਕਰਾਰ ਦਿੱਤਾ ਹੋਇਆ ਹੈ ਪਰ ਅਜੇ ਤੱਕ ਸਜ਼ਾ ਨਹੀਂ ਸੁਣਾਈ ਗਈ। ਤਨਖਾਹੀਆ ਕਰਾਰ ਦਿੱਤੇ ਜਾਣ ਵਾਲੇ ਸਿੱਖ ਨੂੰ ਆਮ ਕਰ ਕੇ ਧਾਰਮਿਕ ਸਜ਼ਾ ਦਿੱਤੀ ਜਾਂਦੀ ਹੈ ਪਰ ਅਕਾਲੀ ਸਿਆਸਤ ਵਿਚ ਜਿਸ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ ਹੈ, ਉਸ ਤੋਂ ਵੱਖਰੀ ਤਰ੍ਹਾਂ ਦੇ ਕਿਆਸ ਲਗਾਏ ਜਾ ਰਹੇ ਸਨ। ਸਿੰਘ ਸਾਹਿਬਾਨ ਨੇ ਸੁਖਬੀਰ ਸਿੰਘ ਬਾਦਲ ਉਤੇ ਉਪ ਚੋਣਾਂ ਵਿਚ ਪ੍ਰਚਾਰ ਕਰਨ ਤੋਂ ਰੋਕ ਲਾ ਦਿੱਤੀ ਸੀ ਜਿਸ ਤੋਂ ਇਹ ਕਿਆਸਆਰਾਈਆਂ ਸ਼ੁਰੂ ਹੋ ਗਈਆਂ ਕਿ ਸਿੰਘ ਸਾਹਿਬਾਨ ਸੁਖਬੀਰ ਸਿੰਘ ਬਾਦਲ ਨੂੰ ਕੋਈ ਮਿਸਾਲੀ ਸਜ਼ਾ ਦੇਣ ਦੇ ਰਉਂ ਵਿਚ ਹਨ। ਸਿੰਘ ਸਾਹਿਬਾਨ ਦੀ ਇਸੇ ਹਦਾਇਤ ਨੂੰ ਆਧਾਰ ਬਣਾ ਕੇ ਅਕਾਲੀ ਦਲ ਨੇ ਉਪ ਚੋਣਾਂ ਵਿਚ ਹਿੱਸਾ ਲੈਣ ਤੋਂ ਪਾਸਾ ਵੱਟ ਲਿਆ ਸੀ। 1992 ਤੋਂ ਬਾਅਦ ਇਹ ਪਹਿਲੀ ਵਾਰ ਸੀ ਕਿ ਅਕਾਲੀ ਦਲ ਕਿਸੇ ਚੋਣ ਵਿਚ ਹਿੱਸਾ ਨਹੀਂ ਸੀ ਲੈ ਰਿਹਾ। ਅਕਾਲੀ ਦਲ ਦੇ ਇਸ ਫੇਸਲੇ ਤੋਂ ਬਾਅਦ ਪਏ ਰੌਲੇ ਪਿੱਛੋਂ ਸਿੰਘ ਸਾਹਿਬਾਨ ਨੇ ਸਪਸ਼ਟ ਕੀਤਾ ਸੀ ਕਿ ਸੁਖਬੀਰ ਸਿੰਘ ਬਾਦਲ ਦੇ ਚੋਣ ਪ੍ਰਚਾਰ ‘ਤੇ ਹੀ ਰੋਕ ਲਾਈ ਗਈ ਸੀ, ਪਾਰਟੀ ਚੋਣਾਂ ਵਿਚ ਸ਼ਿਰਕਤ ਕਰ ਸਕਦੀ ਹੈ। ਉਂਝ, ਇਸ ਦੌਰਾਨ ਇਹ ਸਵਾਲ ਵੀ ਪੂਰੇ ਜ਼ੋਰ-ਸ਼ੋਰ ਨਾਲ ਉਠਦਾ ਰਿਹਾ ਕਿ ਸਿੰਘ ਸਾਹਿਬਾਨ ਸਜ਼ਾ ਕਿਉਂ ਨਹੀਂ ਸੁਣਾ ਰਹੇ? ਇਸ ਮਸਲੇ ਨੂੰ ਇੰਨਾ ਲਟਕਾਇਆ ਕਿਉਂ ਜਾ ਰਿਹਾ ਹੈ?
ਇਸ ਦੇ ਨਾਲ ਹੀ ਹਰਿਆਣਾ ਵੱਲੋਂ ਆਪਣੀ ਨਵੀਂ ਵਿਧਾਨ ਸਭਾ ਲਈ ਚੰਡੀਗੜ੍ਹ ਵਿਚ ਜ਼ਮੀਨ ਹਾਸਿਲ ਕਰਨ ਦੀਆਂ ਕੋਸ਼ਿਸ਼ਾਂ ਨੇ ਪੰਜਾਬ ਦੀ ਸਿਆਸਤ ਭਖਾਈ ਹੋਈ ਹੈ। ਇਸ ਮੁੱਦੇ ‘ਤੇ ਸਾਰੀਆਂ ਪਾਰਟੀਆਂ ਇੱਕਜੁੱਟ ਹੋ ਗਈਆਂ ਹਨ; ਇਥੋਂ ਤੱਕ ਕਿ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਇਕਾਈ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਵੀ ਹਾਅ ਦਾ ਨਾਅਰਾ ਮਾਰਿਆ ਹੈ ਅਤੇ ਆਪਣੀ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਨੂੰ ਕਿਹਾ ਹੈ ਕਿ ਪੰਜਾਬ ਨਾਲ ਇਉਂ ਬੇਇਨਸਾਫੀ ਨਾ ਕੀਤੀ ਜਾਵੇ। ਕੁਝ ਲੋਕ ਹੁਣ ਅਕਾਲੀ ਦਲ ਨੂੰ ਹਾਕਾਂ ਮਾਰ ਰਹੇ ਹਨ ਅਤੇ ਕਹਿ ਰਹੇ ਹਨ ਕਿ ਹੁਣ ਅਕਾਲੀ ਦਲ ਕੋਲ ਆਪਣੀ ਗੁਆਚੀ ਸ਼ਾਨ ਬਹਾਲ ਕਰਨ ਦਾ ਸੁਨਹਿਰੀ ਮੌਕਾ ਹੈ ਅਤੇ ਹੁਣ ਇਸ ਨੂੰ ਮੋਰਚਾ ਲਾ ਦੇਣਾ ਚਾਹੀਦਾ ਹੈ। ਇਸ ਸਬੰਧ ਵਿਚ ਅਕਾਲੀ ਲੀਡਰਸ਼ਿਪ ਆਉਣ ਵਾਲੇ ਸਮੇਂ ਵਿਚ ਮੋਰਚਾ ਲਾਉਣ ਬਾਰੇ ਕੀ ਪੈਂਤੜਾ ਮੱਲੇਗੀ, ਇਹ ਤਾਂ ਅਜੇ ਤੱਕ ਸਪਸ਼ਟ ਨਹੀਂ ਪਰ ਇੰਨਾ ਜ਼ਰੂਰ ਹੈ ਕਿ ਪਾਰਟੀ ਲੀਡਰਸ਼ਿਪ ਨੂੰ ਆਪਣੇ ਅੰਦਰੂਨੀ ਸੰਕਟ ਨਾਲ ਜੂਝਣਾ ਪੈ ਰਿਹਾ ਹੈ। ਪਿਛਲੀਆਂ ਲੋਕ ਸਭਾ ਚੋਣਾਂ ਵਿਚ ਗਰਮਖਿਆਲ ਸਮਝੇ ਜਾਂਦੇ ਦੋ ਸਿੱਖ ਉਮੀਦਵਾਰਾਂ ਦੀ ਜਿੱਤ ਨੇ ਰਵਾਇਤੀ ਅਕਾਲੀ ਲੀਡਰਸ਼ਿਪ ਉਤੇ ਦਬਾਅ ਵਧਾ ਦਿੱਤਾ ਹੈ। ਅਸਲ ਵਿਚ, ਪਿਛਲੇ ਸਮੇਂ ਦੌਰਾਨ ਕੇਂਦਰ ਸਰਕਾਰਾਂ ਜਿਸ ਤਰ੍ਹਾਂ ਚੰਡੀਗੜ੍ਹ ਤੋਂ ਪੰਜਾਬ ਦਾ ਦਾਅਵਾ ਕਮਜ਼ੋਰ ਕਰਨ ਦੇ ਰਾਹ ਪਈਆਂ ਹੋਈਆਂ ਹਨ, ਇਸ ਖਿਲਾਫ ਕਿਸੇ ਵੀ ਪਾਰਟੀ ਨੇ ਕੋਈ ਖਾਸ ਸਟੈਂਡ ਨਹੀਂ ਲਿਆ ਹੈ। ਜਦੋਂ ਵੀ ਕੋਈ ਅਜਿਹਾ ਮਸਲਾ ਉਭਰਦਾ ਹੈ ਤਾਂ ਚਾਰ ਕੁ ਦਿਨ ਸਰਗਰਮੀ ਵਿੱਢ ਲਈ ਜਾਂਦੀ ਹੈ ਹਾਲਾਂਕਿ ਤੱਥ ਦੱਸਦੇ ਹਨ ਕਿ ਚੰਡੀਗੜ੍ਹ ਉਤੇ ਪੰਜਾਬ ਦਾ ਹੀ ਦਾਅਵਾ ਹੈ ਅਤੇ ਇਹ ਸ਼ਹਿਰ ਪੰਜਾਬ ਦੇ ਪਿੰਡਾਂ ਦੀ ਜ਼ਮੀਨ ਉਤੇ ਹੀ ਉਸਾਰਿਆ ਗਿਆ ਸੀ। ਹੁਣ ਵੀ ਮੌਕਾ ਹੈ ਕਿ ਪੰਜਾਬ ਦੀਆਂ ਵੱਖ-ਵੱਖ ਧਿਰਾਂ ਬਾਕਾਇਦਾ ਏਜੰਡਾ ਬਣਾਉਣ ਅਤੇ ਪੰਜਾਬ ਦੀ ਦਆਵੇਦਾਰੀ ਕੇਂਦਰ ਕੋਲ ਰੱਖਣ।