ਪੂਰਨਮਾਸ਼ੀ ਜੋੜ ਮੇਲਾ ਢੁੱਡੀਕੇ: ਜਸਵੰਤ ਸਿੰਘ ਕੰਵਲ ਦਾ ਨਾਵਲ ਪੂਰਨਮਾਸ਼ੀ ਪੜ੍ਹਦਿਆਂ

ਪ੍ਰਿੰ. ਸਰਵਣ ਸਿੰਘ
ਛੇਵਾਂ ਪੂਰਨਮਾਸ਼ੀ ਜੋੜ ਮੇਲਾ 22 ਤੋਂ 24 ਨਵੰਬਰ ਤਕ ਢੁੱਡੀਕੇ `ਚ ਜੁੜ ਰਿਹੈ। ਉਸ ਵਿਚ ਨਾਵਲ ‘ਪੂਰਨਮਾਸ਼ੀ’ ਦੀ 75ਵੀਂ ਵਰ੍ਹੇ-ਗੰਢ ਵੀ ਮਨਾਈ ਜਾਵੇਗੀ। ਕੰਵਲ ਦੀ ਵਧੇਰੇ ਮਸ਼ਹੂਰੀ ‘ਪੂਰਨਮਾਸ਼ੀ’ ਨਾਵਲ ਨਾਲ ਹੋਈ ਸੀ। ਇਹ ਨਾਵਲ ਪਹਿਲੀ ਵਾਰ 1949 ਵਿਚ ਲਾਹੌਰ ਬੁੱਕ ਸ਼ਾਪ ਨੇ ਛਾਪਿਆ ਸੀ। ਇਸ ਨੂੰ ਪਿੰਡਾਂ ਦੀਆਂ ਸੱਥਾਂ, ਖੁੰਢਾਂ, ਖੂਹਾਂ ਅਤੇ ਹੱਟੀਆਂ ਭੱਠੀਆਂ `ਤੇ ਵਾਰਸ ਦੀ ਹੀਰ ਵਾਂਗ ਪੜ੍ਹਿਆ-ਸੁਣਿਆ ਗਿਆ। ਇਸ ਦਾ ਮੁੱਖ-ਬੰਧ ਸੰਤ ਸਿੰਘ ਸੇਖੋਂ ਨੇ ਲਿਖਿਆ ਸੀ। ਕੰਵਲ ਨੇ ਪਹਿਲੇ ਪੰਨੇ `ਤੇ ਸਮਰਪਣ ਵਜੋਂ ਇਹ ਲਫ਼ਜ਼ ਲਿਖੇ ਸਨ:

ਧੰਨਵਾਦ, ਹਾਲੀਆਂ ਪਾਲੀਆਂ ਦਾ, ਜਿਨ੍ਹਾਂ ਦੇ ਲੋਕ ਗੀਤਾਂ ਦੀਆਂ ਲਿਰਕਾਂ ਨੇ ਖੁੱਲ੍ਹੇ ਖੇਤਾਂ ਵਿਚੋਂ ਮੈਨੂੰ ਆਪਣੇ ਰਸ ਵੱਲ ਖਿੱਚਿਆ। ਉਨ੍ਹਾਂ ਪੇਂਡੂ ਕੁੜੀਆਂ ਦਾ, ਜਿਨ੍ਹਾਂ ਚਿੱਠੀਆਂ ਰਾਹੀਂ ਲੋਕ ਗੀਤ ਮੈਨੂੰ ਘੱਲੇ। ਆਪਣੇ ਛੋਟੇ ਵੀਰ ਹਰਬੰਸ ਦਾ, ਜਿਸ ਘਰ ਦੇ ਕੰਮਾਂ ਵਿਚ ਨਹੀਂ ਰੁੱਝਣ ਦਿੱਤਾ। ਸਾਹਿਤਕਾਰ ਸਾਥੀਆਂ ਦਾ, ਜਿਨ੍ਹਾਂ ਚੰਗੀਆਂ ਸਲਾਹਾਂ ਦਿੱਤੀਆਂ। ਖ਼ਾਸ ਕਰ ਕੇ ਪ੍ਰੋ. ਸੰਤ ਸਿੰਘ ਸੇਖੋਂ ਜੀ ਦਾ ਜਿਨ੍ਹਾਂ ਕੀਮਤੀ ਸਮਾਂ ਕੱਢ ਕੇ ਮੁੱਖ-ਬੰਧ ਲਿਖਣ ਦੀ ਖੇਚਲ ਕੀਤੀ।
ਬਾਈ ਕੰਵਲ ਨਾਲ ਮੇਰੀ ਪਹਿਲੀ ਮਿਲਣੀ ਨਾਵਲ ‘ਪੂਰਨਮਾਸ਼ੀ’ ਪੜ੍ਹਨ ਨਾਲ ਹੀ ਹੋਈ ਸੀ। ਉਸ ਨੂੰ ਮਿਲਣ ਤੋਂ ਪਹਿਲਾਂ ਮੈਂ ਉਹਦੇ ਪਾਤਰਾਂ ਨੂੰ ਮਿਲਿਆ ਸਾਂ। ਰੂਪ ਨੂੰ ਮਿਲਿਆ, ਚੰਨੋ ਨੂੰ ਮਿਲਿਆ, ਸ਼ਾਮੋ, ਬਚਨੋ, ਪ੍ਰਸਿੰਨੀ, ਸੰਤੀ, ਜਗੀਰ, ਜਿਓਣੇ ਤੇ ਦਿਆਲੇ ਅਮਲੀ ਨੂੰ ਮਿਲਿਆ। ਉਹਦੇ ਨਾਵਲ ਵਿਚਲੇ ‘ਨਵੇਂ ਪਿੰਡ’ ਉਰਫ ਢੁੱਡੀਕੇ ਦੀ ਉਸ ਜਗ੍ਹਾ ਨੂੰ ਨਿਹਾਰਿਆ ਜਿਥੇ ਖੂਹ ਚਲਦਾ ਸੀ। ਬਚਨੋ ਉਥੇ ਗੋਹੇ ਵਾਲਾ ਬੱਠਲ ਧੋਣ ਆਈ ਸੀ। ਇਹ ਮੂੰਹ ’ਨ੍ਹੇਰੇ ਰੂਪ ਨੂੰ ਮਿਲਣ ਦਾ ਬਹਾਨਾ ਸੀ। ਖੁਸ਼ਵੰਤ ਸਿੰਘ ਨੇ ਉਸ ਚਲਦੇ ਖੂਹ ਦੇ ਸਮੁੱਚੇ ਦ੍ਰਿਸ਼ ਨੂੰ ਅੰਗਰੇਜ਼ੀ ਦੇ ਮੈਗਜ਼ੀਨ ਇਲੱਸਟ੍ਰੇਟਿਟ ਵੀਕਲੀ ਵਿਚ ਵਡਿਆਇਆ ਸੀ। ਜਿਥੇ ਖੂਹ ਹੁੰਦਾ ਸੀ, ਖੇਤ ਹੁੰਦੇ ਸਨ, ਸਿਰ ਚੁੱਕਦੀ ਚਾਰ ਚਾਰ ਉਂਗਲਾਂ ਸੇਂਜੀ ਖੂਹ ਦੇ ਪਾਣੀ ਵਿਚ ਡੁੱਬ ਰਹੀ ਸੀ ਅਤੇ ਬਚਨੋ ਰੂਪ ਨੂੰ ਚੋਰੀ-ਚੋਰੀ ਮਿਲੀ ਸੀ ਉਥੇ ਹੁਣ ਕੰਵਲ ਦਾ ਘਰ ਹੈ। ਉਹ ਖੂਹ ਭਾਵੇਂ ਬੇਆਬਾਦ ਹੋ ਗਿਐ ਪਰ ਪੂਰਨਮਾਸ਼ੀ ਵਿਚ ਆਬਾਦ ਹੈ।
ਉਸੇ ਖੂਹ ਦੀ ਮੌਣ ਉਤੇ ਬਲਰਾਜ ਸਾਹਨੀ ਬੈਠਾ, ਕੰਵਲ ਬੈਠਿਆ ਤੇ ਮੈਂ ਵੀ ਬੈਠਾ। ਆਉਂਦੇ ਜਾਂਦੇ ਬਥੇਰੇ ਕਵੀ ਤੇ ਕਲਾਕਾਰ ਬੈਠੇ। ਉਹਦੀ ਨਿਸ਼ਾਨੀ ਅਜੇ ਵੀ ਕਾਇਮ ਹੈ। ਕਦੇ ਉਹ ਖੂਹ ਪਿੰਡੋਂ ਬਾਹਰਵਾਰ ਸੀ। ਹੁਣ ਪਿੰਡ ਏਨਾ ਪਸਰ ਗਿਐ ਕਿ ਉਹੀ ਖੂਹ ਪਿੰਡ ਦੇ ਕਾਫੀ ਅੰਦਰਵਾਰ ਆ ਗਿਆ ਹੈ। ਪੂਰਨਮਾਸ਼ੀ ਲੋਕ ਗੀਤਾਂ ਨਾਲ ਭਰੀ ਪਈ ਸੀ। ਹਰ ਕਾਂਡ ਦੇ ਅੱਗੇ ਪਿੱਛੇ ਇੱਕ ਟੱਪਾ ਸੀ: ਜੱਟਾ ਤੇਰੀ ਜੂੰਨ ਬੁਰੀ, ਹਲ ਛੱਡ ਕੇ ਚਰ੍ਹੀ ਨੂੰ ਜਾਣਾ, ਤੈਨੂੰ ਵੇਖਿਆਂ ਸਬਰ ਨਾ ਆਵੇ, ਯਾਰਾ ਤੇਰਾ ਘੁੱਟ ਭਰ ਲਾਂ…।
ਕੰਵਲ ਨੂੰ ਮੈਂ ਪਹਿਲੀ ਵਾਰ 1958-59 ਵਿਚ ਵੇਖਿਆ ਸੀ। ਉਦੋਂ ਮੈਂ ਐੱਮ.ਆਰ. ਕਾਲਜ ਫਾਜ਼ਿਲਕਾ ਵਿਚ ਪੜ੍ਹਦਾ ਸਾਂ ਤੇ ਕਾਲਜ ਦੀ ਪੰਜਾਬੀ ਸਾਹਿਤ ਸਭਾ ਦਾ ਮੈਂਬਰ ਸਾਂ। ਸਾਹਿਤ ਸਭਾ ਨੇ ਕਾਲਜ ਵਿਚ ਕਵੀ ਦਰਬਾਰ ਕਰਵਾਇਆ ਜਿਸ ਦੀ ਪ੍ਰਧਾਨਗੀ ਲਈ ਜਸਵੰਤ ਸਿੰਘ ਕੰਵਲ ਨੂੰ ਸੱਦਿਆ ਸੀ। ਕਵੀ ਦਰਬਾਰ ਵਿਚ ਸੰਤੋਖ ਸਿੰਘ ਧੀਰ, ਗੁਰਚਰਨ ਰਾਮਪੁਰੀ, ਸੁਰਜੀਤ ਰਾਮਪੁਰੀ, ਕ੍ਰਿਸ਼ਨ ਅਸ਼ਾਂਤ, ਸੁਰਜੀਤ ਮਰਜਾਰਾ, ਗੁਰਦਾਸ ਰਾਮ ਆਲਮ, ਸ਼ਿਵ ਕੁਮਾਰ ਬਟਾਲਵੀ ਤੇ ਹੋਰ ਕਈ ਕਵੀ ਆਏ ਸਨ। ਡਾ. ਜਗਤਾਰ ਉਦੋਂ ਜਗਤਾਰ ਪਪੀਹਾ ਹੁੰਦਾ ਸੀ। ਕੰਵਲ ਨੇ ਪ੍ਰਧਾਨਗੀ ਭਾਸ਼ਨ ਦਿੰਦਿਆਂ ਕਿਹਾ ਸੀ, ਅਜੇ ਤਕ ਮੈਂ ਦੋ ਚਾਰ ਕਿਤਾਬੜੀਆਂ ਈ ਲਿਖੀਆਂ, ਕੋਈ ਮਾਅਰਕਾ ਨਹੀਂ ਮਾਰਿਆ। ਮੈਨੂੰ ਤਾਂ ਤੁਸੀਂ ਐਵੇਂ ਈ ਵਡਿਆਈ ਜਾਨੇ ਓਂ…।
ਉਨ੍ਹੀਂ ਦਿਨੀਂ ਹੀ ਮੈਂ ਕੰਵਲ ਦਾ ਪਾਠਕ ਬਣਿਆ ਸਾਂ। ਕਾਲਜ ਦੀ ਲਾਇਬ੍ਰੇਰੀ `ਚੋਂ ਨਾਵਲ ‘ਪੂਰਨਮਾਸ਼ੀ’ ਕਢਵਾ ਪਿਛਲੇ ਬੈਂਚ ਉਤੇ ਜਾ ਬੈਠਾ ਸਾਂ। ਨਾਵਲ ਦੀ ਕਹਾਣੀ ਨੇ ਐਸਾ ਬੰਨਿ੍ਹਆਂ, ਪਤਾ ਈ ਨਾ ਲੱਗਾ ਪ੍ਰੋਫ਼ੈਸਰ ਕੀ ਪੜ੍ਹਾਉਂਦੇ ਗਏ ਤੇ ਪੀਰੀਅਡ ਕਦੋਂ ਬਦਲਦੇ ਗਏ। ਮੈਂ ਨਾਵਲ ਵਿਚਲੇ ਨਵੇਂ ਪਿੰਡ ਦੇ ਖੂਹ, ਦਾਤੇ ਦੇ ਰਾਹ, ਕਪੂਰਿਆਂ ਦੀਆਂ ਕੁੜੀਆਂ, ਸੈਦ ਕਬੀਰ ਦੇ ਮੇਲੇ, ਰੂਪ ਦੇ ਦਲਾਣ, ਤਖਾਣਵੱਧ ਦੇ ਖੇਤ, ਬੁੱਟਰ ਦੇ ਛੱਪੜ, ਢੁੱਡੀਕੇ ਤੇ ਅਜੀਤਵਾਲ ਵਿਚਕਾਰ ਵਗਦੇ ਸੂਏ ਦੀ ਪਟੜੀ, ਮੱਦੋਕੇ ਦੇ ਦੀਵਾਨ ਤੇ ਮੋਗੇ ਟਾਂਗੇ ਵਾਲੇ ਅਮਲੀ ਦੇ ਅੰਗ ਸੰਗ ਵਿਚਰ ਰਿਹਾ ਸਾਂ। ਉਥੇ ਚੰਨੋ ਸੀ, ਸ਼ਾਮੋ ਸੀ, ਰੂਪ ਸੀ, ਦਿਆਲਾ ਸੀ, ਜਗੀਰ ਸੀ, ਜੈਲੋ ਤੇ ਕਾਕਾ ਸੀ, ਉਥੇ ਮੇਲੇ ਵਿਚ ਸਾਨਗੀ ਵਜਾਉਣ ਵਾਲੇ ਗਮੰਤਰੀ ਸਨ ਤੇ ਗਿਆਨੀ ਬਣਿਆ ਕੰਵਲ ਆਪ ਸੀ।
ਪੂਰਨਮਾਸ਼ੀ ਵਿਚਲਾ ‘ਨਵਾਂ ਪਿੰਡ’ ਅਸਲ ਵਿਚ ਢੁੱਡੀਕੇ ਹੀ ਹੈ। ਨਾਵਲ ਦੇ ਸ਼ੁਰੂ ਵਿਚ ਜਿਸ ਵਗਦੇ ਖੂਹ ਦਾ ਨਜ਼ਾਰਾ ਹੈ ਉਹ ਸਾਰਾ ਦ੍ਰਿਸ਼ ਹੁਣ ਪਿੰਡ `ਚੋਂ ਅਲੋਪ ਹੋ ਚੁੱਕਾ ਹੈ। ਕੰਵਲ ਦੀ ਖੇਤ ਵਿਚਲੀ ਉਹ ਕੋਠੜੀ ਵੀ ਨਹੀਂ ਰਹੀ ਜਿਥੇ 1960ਵਿਆਂ ਵਿਚ ਬਲਰਾਜ ਸਾਹਨੀ ਪੜ੍ਹਦਾ ਲਿਖਦਾ ਤੇ ਗੰਨੇ ਚੂਪਦਾ ਸੀ। ਸੀਮੈਂਟ ਦਾ ਉਹ ਲਾਲ ਬੈਂਚ, ਜਿਸ ਉਤੇ ਬੈਠਿਆਂ ਕੰਵਲ ਨੇ ਮੈਨੂੰ ਦਿੱਲੀ ਤੋਂ ਢੁੱਡੀਕੇ ਕਾਲਜ ਵਿਚ ਆਉਣ ਲਈ ਕਿਹਾ ਸੀ, ਮੈਨੂੰ ਅੱਜ ਵੀ ਯਾਦ ਐ। ਬਲਰਾਜ ਸਾਹਨੀ ਉਹਦੇ ਉਤੇ ਬੈਠ ਕੇ ਚੰਦ ਵੇਖਦਾ ਤੇ ਟਾਹਲੀ `ਚੋਂ ਛਣਦੀ ਚਾਨਣੀ ਉਤੇ ਲਟਬੌਰਾ ਹੋ ਜਾਂਦਾ। ਉਸੇ ਬੈਂਚ `ਤੇ ਬੈਠਿਆਂ ਕੰਵਲ ਨੇ ਮੈਥੋਂ ਇਕਰਾਰ ਲਿਆ ਸੀ ਕਿ ਮੈਂ ਦਿੱਲੀ ਦਾ ਖ਼ਾਲਸਾ ਕਾਲਜ ਛੱਡ ਕੇ ਢੁੱਡੀਕੇ ਪੜ੍ਹਾਉਣ ਲੱਗ ਪਵਾਂਗਾ। ਕੰਵਲ ਦੇ ‘ਪੂਰਨਮਾਸ਼ੀ’ ਨਾਵਲ ਨੇ ਹੀ ਮੇਰੇ ਕਰਮਾਂ ਵਿਚ ਢੁੱਡੀਕੇ ਦੀ ਪ੍ਰੋਫ਼ੈਸਰੀ ਲਿਖੀ ਸੀ।
ਪੂਰਨਮਾਸ਼ੀ ਦਾ ਨਾਇਕ ਰੂਪ, ਢੁੱਡੀਕੇ ਦੀ ਕੌਲੂ ਪੱਤੀ ਵਾਲਾ ਗੁਲਜ਼ਾਰਾ ਸੀ ਜੋ ਇਲਾਕੇ ਦਾ ਦਰਸ਼ਨੀ ਜੁਆਨ ਸੀ। ਉਹ ਮੇਲਿਆਂ `ਤੇ ਬੋਰੀ ਚੁੱਕਣ ਦਾ ਮੁਕਾਬਲਾ ਕਰਿਆ ਕਰਦਾ ਸੀ। ਉਸ ਨੂੰ ਨਾਇਕ ਚਿਤਵ ਕੇ ਕੰਵਲ ਨੇ ਕਹਾਣੀ ਘੜੀ ਸੀ ਪਰ ਇਹ ਗੁਲਜ਼ਾਰੇ ਦੀ ਸੱਚੀ ਕਹਾਣੀ ਨਹੀਂ ਸੀ।
ਲੇਖਕ ਕਿਸੇ ਅਸਲੀ ਪਾਤਰ ਨੂੰ ਆਪਣੇ ਸਾਹਮਣੇ ਰੱਖ ਕੇ ਆਪਣਾ ਕਾਲਪਨਿਕ ਨਾਇਕ ਜਾਂ ਹੋਰ ਪਾਤਰ ਕਿਵੇਂ ਸਿਰਜਦੇ ਹਨ ਉਸ ਦੀ ਮਿਸਾਲ ਕੌਲੂ ਪੱਤੀ ਵਾਲਾ ਗੁਲਜ਼ਾਰਾ ਸੀ ਜਿਸ ਨੂੰ ਰੂਪ ਬਣਾ ਕੇ ਕਪੂਰਿਆਂ ਦੇ ਮੇਲੇ ਵਿਚ ਬੋਰੀ ਚੁੱਕਣ ਦਾ ਮੁਕਾਬਲਾ ਕਰਵਾਇਆ ਗਿਆ: ਰੂਪ ਹੋਰਾਂ ਦੀ ਢਾਣੀ ਵਿਖਰ ਕੇ ਫਿਰ ਜੁੜ ਗਈ। ਉਨ੍ਹਾਂ ਮੇਲੇ ਦੇ ਦੂਜੇ ਪਾਸੇ ਬੋਰੀ ਅਤੇ ਮੁਗਧਰ ਚੁੱਕਣ ਵਾਲਿਆਂ ਦਾ ਖੁੱਲ੍ਹਾ ਖਾੜਾ ਬੰਨ੍ਹ ਲਿਆ। ਮੁਗਧਰ ਮੱਲਾਂ ਨੇ ਪਹਿਲੋਂ ਹੀ ਲਿਆਂਦੇ ਹੋਏ ਸਨ। ਸਾਢੇ ਚਾਰ ਮਣ ਪੱਕੇ ਦੀ ਬੋਰੀ ਵੀ ਠੋਕ-ਠੋਕ ਕੇ ਭਰ ਲਈ ਗਈ…।
ਨਾਵਲ ‘ਪੂਰਨਮਾਸ਼ੀ’ ਮੈਨੂੰ ਇਸ ਲਈ ਵੀ ਦਿਲਚਸਪ ਲੱਗਿਆ ਸੀ ਕਿ ਆਪਣੇ ਪਿੰਡ ਚਕਰ ਤੋਂ ਸੌ ਮੀਲ ਦੂਰ ਫਾਜ਼ਿਲਕਾ ਪੜ੍ਹਦਿਆਂ ਮੈਨੂੰ ਇਹਦੇ ਵਿਚੋਂ ਆਪਣੇ ਪਿੰਡ ਦੀ ਮਹਿਕ ਆ ਰਹੀ ਸੀ। ਹੁਣ ਤਕ ਮੈਂ ਸੈਂਕੜੇ ਕਿਤਾਬਾਂ ਪੜ੍ਹੀਆਂ ਹਨ। ਪਰ ਜਿੰਨੀ ਸ਼ਿੱਦਤ ਨਾਲ ਮੈਂ ‘ਪੂਰਨਮਾਸ਼ੀ’ ਪੜ੍ਹੀ ਓਨੀ ਸ਼ਿੱਦਤ ਨਾਲ ਸ਼ਾਇਦ ਹੀ ਕੋਈ ਹੋਰ ਕਿਤਾਬ ਪੜ੍ਹੀ ਹੋਵੇ। ਕਹਾਣੀ ਦਾ ਸਾਰ ਹੈ: ਨਵੇਂ ਪਿੰਡ ਦਾ ਬਣਦਾ ਫਬਦਾ ਜੁਆਨ ਰੂਪ ਆਪਣੇ ਨਾਨਕੇ ਪਿੰਡ ਦਾਤੇ ਨੂੰ ਤੁਰਿਆ ਜਾਂਦਾ ਹੈ। ਰਾਹ ਵਿਚ ਕਪੂਰੇ ਪਿੰਡ ਦੀਆਂ ਦੋ ਕੁੜੀਆਂ ਚੰਨੋ ਤੇ ਸ਼ਾਮੋ ਖੇਤ `ਚ ਸਾਗ ਤੋੜਦੀਆਂ ਮਿਲਦੀਆਂ ਹਨ। ਰੂਪ ਤੇ ਚੰਨੋ ਦੀ ਨਜ਼ਰ ਵਾਰਸ ਦੀ ਹੀਰ ਤੇ ਰਾਂਝੇ ਵਾਂਗ ਮਿਲਦੀ ਹੈ ਤਾਂ ਹੀਰ ਹੱਸ ਕੇ ਤੇ ਮਿਹਰਬਾਨ ਹੋਈ ਵਾਂਗ ਉਨ੍ਹਾਂ ਦਾ ਪਹਿਲੀ ਨਜ਼ਰ ਦਾ ਪਿਆਰ ਪੈ ਜਾਂਦਾ ਹੈ। ਪਿਆਰ ਕਹਾਣੀ ਅੱਗੇ ਵਧਣ ਲੱਗਦੀ ਹੈ ਪਰ ਉਨ੍ਹਾਂ ਦਾ ਵਿਆਹ ਹੁੰਦਾ ਹੁੰਦਾ ਰਹਿ ਜਾਂਦਾ ਹੈ। ਚੰਨੋ ਦੀ ਸਹੇਲੀ ਸ਼ਾਮੋ ਪਿੰਡ ਦੇ ਸ਼ੁਕੀਨ ਮੁੰਡੇ ਦਿਆਲੇ ਨੂੰ ਪਿਆਰ ਕਰਦੀ ਹੈ। ਪੰਜਾਬੀ ਸਮਾਜ ਦੇ ਸਭਿਆਚਾਰਕ ਵਰਤਾਰੇ ਵਿਚ ਨਾ ਸ਼ਾਮੋ ਤੇ ਦਿਆਲੇ ਦਾ ਵਿਆਹ ਹੋ ਸਕਦਾ ਹੈ ਤੇ ਨਾ ਚੰਨੋ ਅਤੇ ਰੂਪ ਦਾ ਵਿਆਹ ਸਿਰੇ ਚੜ੍ਹਦਾ ਹੈ। ਮੁੱਖ ਕਹਾਣੀ ਚੰਨੋ ਤੇ ਰੂਪ ਦੇ ਪਿਆਰ ਦੀ ਹੈ। ਹਾਲਾਤ ਚੰਨੋ ਨੂੰ ਬੁੱਟਰ ਦੇ ਕਰਮੇ ਨਾਲ ਵਿਆਹ ਦਿੰਦੇ ਹਨ ਅਤੇ ਰੂਪ ਨੂੰ ਰਾਏਕੋਟ ਦੀ ਪ੍ਰਸਿੰਨੀ ਨਾਲ। ਰੂਪ ਦੇ ਘਰ ਪੁੱਤਰ ਪੈਦਾ ਹੁੰਦਾ ਹੈ ਤੇ ਚੰਨੋ ਦੇ ਘਰ ਧੀ। ਰੂਪ ਤੇ ਚੰਨੋ ਆਪਣੇ ਅਧੂਰੇ ਪਿਆਰ ਨੂੰ ਆਪਣੇ ਬੱਚਿਆਂ ਦੇ ਆਪਸ ਵਿਚ ਵਿਆਹ ਕਰ ਕੇ ਪਰਵਾਨ ਚੜ੍ਹਾਉਂਦੇ ਹਨ। ਇੰਜ ਪਹਿਲੀ ਪੀੜ੍ਹੀ ਦਾ ਅਧੂਰਾ ਰਹਿ ਗਿਆ ਪਿਆਰ ਅਗਲੀ ਪੀੜ੍ਹੀ ਰਾਹੀਂ ਪੂਰ ਲਿਆ ਜਾਂਦਾ ਹੈ।
ਇਸ ਨਾਵਲ ਵਿਚ ਪੰਜਾਬ ਦੇ ਪੇਂਡੂ ਜੀਵਨ ਦੀਆਂ ਅਨੇਕਾਂ ਝਾਕੀਆਂ ਸਾਹਮਣੇ ਆਉਂਦੀਆਂ ਹਨ। ਕਿਤੇ ਤ੍ਰਿੰਜਣ, ਕਿਤੇ ਮੇਲੇ, ਤੀਆਂ, ਖੇਡ ਮੁਕਾਬਲੇ, ਖਾਣ-ਪੀਣ ਦੀਆਂ ਮਹਿਫ਼ਲਾਂ, ਸਾਕੇਦਾਰੀ, ਪ੍ਰਾਹੁਣਚਾਰੀ, ਸੱਥ ਚਰਚਾ, ਲੋਹੜੀ, ਡਾਕਾ, ਠਾਣੇ ਦੀ ਹਵਾਲਾਤ, ਕਿਤੇ ਅਮਲੀ ਦੇ ਟਾਂਗੇ ਦੀ ਸਵਾਰੀ, ਜੰਨਾਂ ਦਾ ਚੜ੍ਹਨਾ, ਜਾਗੋ ਕੱਢਣੀ, ਵਿਆਹਾਂ ਦੇ ਗੀਤ, ਜੰਨ ਬੰਨ੍ਹਣੀ ਤੇ ਛਡਾਉਣੀ, ਗਾਉਣ ਦੇ ਖਾੜੇ, ਗਵੰਤਰੀਆਂ ਦੀਆਂ ਢੱਡ ਸਾਨਗੀਆਂ, ਮੇਲਿਆਂ ਦੀਆਂ ਰੌਣਕਾਂ ਤੇ ਲੜਾਈਆਂ, ਡੱਬਾਂ `ਚ ਪਿਸਤੌਲ, ਖੂੰਡੇ, ਦੁਨਾਲੀਆਂ, ਜ਼ਮੀਨ ਦੱਬਣ ਦੇ ਲਾਲਚ, ਪੰਚਾਂ ਦੇ ਪੱਖਪਾਤੀ ਫੈਸਲੇ, ਸ਼ਰੀਕੇ, ਭਾਨੀਆਂ, ਗਿਆਨੀ ਦਾ ਉਪਦੇਸ਼ ਤੇ ਕਿਤੇ ਕਿਤੇ ਇਨਕਲਾਬ ਦੀਆਂ ਗੱਲਾਂ। ਜਦ ਰੂਪ, ਜਗੀਰ, ਜੈਲੋ ਤੇ ਕਾਕੇ ਹੋਰੀਂ ਸੰਤੀ ਦੀ ਜ਼ਮੀਨ ਵਾਹੁੰਦੇ ਦਿਲ ਦੀਆਂ ਗੱਲਾਂ ਕਰਦੇ ਹਨ ਤਾਂ ਉਨ੍ਹਾਂ ਦੇ ਬੋਲ ਮੈਨੂੰ ਅੱਜ ਵੀ ਯਾਦ ਹਨ।
ਕੰਵਲ ਦੀਆਂ ਲਿਖਤਾਂ ਦਾ ਮੱਖ ਧੁਰਾ ਪਿਆਰ ਹੈ। ਪੂਰਨਮਾਸ਼ੀ ਵਿਚ ਪਿਆਰ ਬਾਰੇ ਵਿਚਾਰ:
ਫੁੱਲਾਂ ਦੀ ਸੁਗੰਧੀ ਵਾੜਾਂ ਵਿਚ ਡੱਕਿਆਂ ਵੀ ਚੁਫੇਰੇ ਖਿਲਰ ਜਾਂਦੀ ਹੈ। ਦਿਆਲੇ ਤੇ ਸ਼ਾਮੋ ਦੇ ਪਿਆਰ ਦੀਆਂ ਗੱਲਾਂ ਵੀ ਮਸਾਲੇ ਲਾ ਲਾ ਕੀਤੀਆਂ ਜਾਣ ਲੱਗੀਆਂ। ਜਵਾਨੀ ਦੇ ਕੋਮਲ ਹੁਸਨ ਨੂੰ ਬਦਨਾਮੀ ਦਾ ਸੇਕ ਬੁਰੀ ਤਰ੍ਹਾਂ ਝੁਲਸ ਦੇਂਦਾ ਹੈ। ਕਿਸੇ ਦੇ ਪਿਆਰ ਦੀ ਗੱਲ ਕਰਨੀ ਸਾਨੂੰ ਇਸ ਤਰ੍ਹਾਂ ਮਿਲਦੀ ਹੈ ਕਿ ਅਸੀਂ ਆਪ ਲੋਹੜੇ ਦੇ ਪਿਆਰ ਦੇ ਭੁੱਖੇ ਹੁੰਦੇ ਹਾਂ। ਪਿਆਰ ਦੇ ਮੁਆਮਲੇ ਵਿਚ ਸਾਡੀਆਂ ਰੁਚੀਆਂ ਸਖ਼ਤ ਤਲਖ਼-ਤੁਰਸ਼ ਹੋ ਗਈਆਂ ਹੁੰਦੀਆਂ ਹਨ। ਪਿਆਰ ਕਰਨ ਦੇ ਮੌਕੇ ਸਾਨੂੰ ਘੱਟ ਮਿਲੇ ਹੁੰਦੇ ਹਨ ਜਾਂ ਦੂਜੇ ਅਰਥਾਂ ਵਿਚ ਉਨ੍ਹਾਂ ਨੂੰ ਪਰਵਾਨ ਨਹੀਂ ਚੜ੍ਹਨ ਦਿੱਤਾ ਜਾਂਦਾ। ਹਰ ਪਿਆਰ ਕਰਨ ਵਾਲੇ ਜੋੜੇ ਦੇ ਮੁਆਮਲੇ ਵਿਚ ਸਾਡੀਆਂ ਭਾਵਨਾਵਾਂ ਬਦਲਾ-ਲਊ ਹੋ ਜਾਂਦੀਆਂ ਹਨ। ਜਵਾਨੀ ਵਿਚ ਆ ਕੇ ਕੁਦਰਤੀ ਪਿਆਰ-ਭੁੱਖ ਜਾਗਦੀ ਹੈ। ਪਿਆਰ ਵਿਚ ਕਾਮਯਾਬ ਜਿੰਦੜੀਆਂ ਕਦੇ ਸਾੜਾ ਨਹੀਂ ਕਰਦੀਆਂ, ਸਗੋਂ ਪ੍ਰੇਮੀਆਂ ਨੂੰ ਅਸ਼ੀਰਵਾਦ ਦੇਂਦੀਆਂ ਹਨ। ਪਰ ਸੱਖਣੇ ਤੇ ਅਧੂਰੇ ਹਿਰਦੇ ਨਿੰਦਿਆ ਨਾਲ ਪ੍ਰੇਮੀਆਂ ਦੇ ਰਾਹ ਵਿਚ ਕੰਡੇ ਖਿਲਾਰਦੇ ਹਨ।
ਕੁੜੀ ਦੇ ਵਿਆਹ ਵੇਲੇ ਜੰਜ ਆਉਣ ਦੀ ਝਾਕੀ:
ਸ਼ਾਮੋ ਦੀ ਜੰਜ ਘੋੜੀਆਂ, ਬੋਤਿਆਂ ਅਤੇ ਰਥਾਂ ਉਤੇ ਸ਼ਿੰਗਾਰੀ ਆ ਗਈ। ਵਾਜੇ ਵਾਲਿਆਂ ਦਾ ਬੇਸੁਰਾ ਸ਼ੋਰ ਪਿੰਡ ਦੇ ਸੁੱਤੇ ਮਾਹੌਲ ਨੂੰ ਹਲੂਣ ਰਿਹਾ ਸੀ। ਗੱਭਰੂ ਜਾਨੀਆਂ ਨੇ, ਜਿਹੜੇ ਤਿੱਖੀਆਂ ਤੇ ਚੁਸਤ ਘੋੜੀਆਂ ਉਤੇ ਸਵਾਰ ਸਨ, ਪਿੰਡ ਨੂੰ ਵਲਿਆ। ਘੋੜੀਆਂ ਦੇ ਗੋਡਿਆਂ ਨਾਲ ਬੱਧੀਆਂ ਝਾਂਜਰਾਂ ਦੀ ਛਣਕਾਰ ਹਿਰਦੇ ਦੇ ਅਰਮਾਨਾਂ ਨੂੰ ਤੜਫਾ ਰਹੀ ਸੀ। ਨੱਚਦੀਆਂ ਘੋੜੀਆਂ ਮੁੜ ਧਰਮਸ਼ਾਲਾ ਅੱਗੇ ਆ ਰੁਕੀਆਂ, ਜਿਥੇ ਪਿੰਡ ਦੀ ਪੰਚਾਇਤ ਵੀ ਜੁੜੀ ਖਲੋਤੀ ਸੀ। ਲਾਗੀਆਂ ਨੇ ਮੰਜੇ ਡਾਹੁਣੇ ਸ਼ੁਰੂ ਕਰ ਦਿੱਤੇ ਅਤੇ ਕਾਮਿਆਂ ਨੇ ਸਵਾਰੀਆਂ ਨੂੰ ਸਾਂਭ ਲਿਆ।
ਜਾਗੋ ਦੀ ਤਿਆਰੀ ਮੁਕੰਮਲ ਹੋ ਜਾਣ `ਤੇ ਸ਼ੌਕੀਨ ਮੇਲਣਾਂ ਨੇ ਘੱਗਰੇ ਪਾਏ ਅਤੇ ਜਿਨ੍ਹਾਂ ਜਿਨ੍ਹਾਂ ਦੇ ਬੋਲ ਇਕੋ ਜਿਹੇ ਮਿਲਦੇ ਸਨ, ਉਨ੍ਹਾਂ ਜੋਟੀਆਂ ਬੰਨ੍ਹ ਲਈਆਂ। ਇੱਕ ਚੱਠੂ ਵਰਗੀ ਨਰੋਈ ਮੁਟਿਆਰ ਨੇ ਜਾਗੋ ਸਿਰ ਉਤੇ ਟਿਕਾ ਲਈ ਅਤੇ ਕੁੜੀਆਂ ਤੇ ਬੁੜ੍ਹੀਆਂ ਦਾ ਤਕੜਾ ਵਹੀਰ ਉਸ ਦੇ ਪਿੱਛੇ ਹੋ ਤੁਰਿਆ। ਘਰ ਦੇ ਬਾਰੋਂ ਨਿਕਲਦਿਆਂ ਹੀ ਉਨ੍ਹਾਂ ਗੀਤ ਛੋਹ ਦਿੱਤਾ, “ਚੌਕੀ ਹਾਕਮਾਂ ਦੀ ਆਈ ਖ਼ਬਰਦਾਰ ਰਹਿਣਾ ਜੀ …।”
ਜਾਗੋ ਦੇ ਚਾਨਣ ਨਾਲ ਗਲੀ ਦੂਰ ਤਕ ਰੌਸ਼ਨ ਹੋ ਗਈ। ਮੁਟਿਆਰ ਕੁੜੀਆਂ ਦੇ ਗੀਤਾਂ ਤੋਂ ਪ੍ਰਭਾਵਿਤ ਹੋ ਕੇ ਗੱਭਰੂ ਮੁੰਡਿਆਂ ਦਾ ਰੌਲਾ ਜਾਗੋ ਦੇ ਚਾਨਣ ਨੂੰ ਧੱਕੇ ਮਾਰ ਰਿਹਾ ਸੀ। ਧਰਮਸ਼ਾਲਾ ਦੇ ਕੋਲੋਂ ਲੰਘਦੀਆਂ ਕੁੜੀਆਂ ਨੇ ਪ੍ਰਾਹੁਣੇ ਦਾ ਨਾਂ ਲੈ ਕੇ ਗਾਉਣਾ ਸ਼ੁਰੂ ਕਰ ਦਿੱਤਾ: ਕਰਮਿਆਂ ਭੈਣਾਂ ਜਗਾ ਲੈ ਵੇ, ਜਾਗੋ ਆਈ ਆ। ਚੁੱਪ ਕਰ ਬੀਬੀ ਮਸਾਂ ਸਮਾਈ ਐ, ਲੋਰੀ ਦੇ ਕੇ ਪਾਈ ਐ, ਅੜੀ ਕਰੂਗੀ …।
ਪਿੰਡ ਘੋਲੀਏ ਮਾਰੇ ਡਾਕੇ ਦਾ ਬਿਰਤਾਂਤ:
ਘੋਲੀਏ ਤੋਂ ਇੱਕ ਮੀਲ `ਤੇ ਨਹਿਰ ਸਰਹੰਦ ਵਗਦੀ ਸੀ। ਨਹਿਰ ਦੇ ਕਾਹਾਂ ਵਿਚ ਲੁਕ ਕੇ ਉਨ੍ਹਾਂ ਦੁਪਹਿਰਾ ਲੰਘਾਇਆ। ਡਾਕਾ ਮਾਰਨ ਦਾ ਸਮਾਂ ਉਨ੍ਹਾਂ ਆਥਣ ਦਾ ਚੰਗਾ ਸਮਝਿਆ, ਕਿਉਂਕਿ ਇਸ ਤਰ੍ਹਾਂ ਉਹ ਅੱਗੇ ਰਾਤ ਪੈ ਜਾਣ ਨਾਲ ਦੂਰ ਨੇੜੇ ਜਾ ਸਕਦੇ ਸਨ ਅਤੇ ਉਨ੍ਹਾਂ ਦਾ ਬਹੁਤੀ ਦੂਰ ਤਕ ਪਿੱਛਾ ਨਹੀਂ ਸੀ ਕੀਤਾ ਜਾ ਸਕਦਾ। ਨਹਿਰ ਦੇ ਪਾਣੀ ਨਾਲ ਹੀ ਉਨ੍ਹਾਂ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ। ਉਹ ਆਪਣੇ ਦਿਲ ਨੂੰ ਤਕੜਾ ਕਰਨਾ ਚਾਹੁੰਦੇ ਸਨ। ਮਨੁੱਖ ਜਦ ਕੋਈ ਗੁਨਾਹ ਕਰਦਾ ਹੈ, ਤਦ ਜ਼ਮੀਰ ਅੰਦਰੋਂ ਕੁਰਲਾਉਂਦੀ ਹੈ। ਜ਼ਮੀਰ ਦੀ ਆਵਾਜ਼ ਨੂੰ ਦਬਾਉਣ ਲਈ ਉਹ ਨਸ਼ੇ ਵਰਤਦਾ ਹੈ। ਸਹੀ ਹੋਸ਼ ਵਿਚ ਮਨੁੱਖ ਤੋਂ ਅਵੱਗਿਆ ਹੋਣੀ ਮੁਸ਼ਕਲ ਹੀ ਨਹੀਂ, ਸਗੋਂ ਕਈ ਵਾਰ ਅਸੰਭਵ ਵੀ ਹੋ ਜਾਂਦੀ ਹੈ। ਜਦ ਪਾਲੀਆਂ ਪਸ਼ੂ ਡੰਗਰ ਪਿੰਡ ਨੂੰ ਛੇੜ ਦਿੱਤੇ ਤਦ ਉਹ ਚਾਰੇ ਪਿੰਡ ਵੱਲ ਹੌਲੀ ਹੌਲੀ ਸਰਕਦੇ ਗਏ। ਇੱਕ ਦੁਨਾਲੀ ਅਰਜਨ ਦੇ ਮੋਢੇ ਪਾਈ ਹੋਈ ਸੀ ਅਤੇ ਪਠਾਣੀ ਦਿਆਲੇ ਦੀ ਕੱਛ ਵਿਚ ਘੁੱਟੀ ਹੋਈ ਸੀ। ਅਰਜਨ ਨੇ ਕਰਾਰੇ ਬੋਲ ਨਾਲ ਦਿਆਲੇ ਤੋਂ ਪੁੱਛਿਆ, “ਕਿਉਂ ਬਈ! ਛੱਤ ਸਾਂਭਣੀ ਏ ਜਾਂ ਵਿਹੜਾ?”
ਸ਼ਾਮੋ ਰਸੋਈ ਵਿਚ ਆਟਾ ਗੁੰਨ੍ਹ ਰਹੀ ਸੀ। ਵਿਹੜੇ ਵਿਚ ਡਾਕੂ ਦੇਖ ਕੇ ਉਹ ਵੀ ਘਬਰਾ ਗਈ। ਉਸ ਤੋਂ ਬਿਨਾਂ ਹੋਰ ਕੋਈ ਘਰ ਨਹੀਂ ਸੀ। ਨੂਰੇ ਦੇ ਪਿੱਛੇ ਤਾਰਾ ਸਾਹਮਣਲੇ ਅੰਦਰ ਵੜਿਆ। ਅਰਜਨ ਦੀ ਸ਼ਾਮੋ ਵੱਲ ਪਿੱਠ ਸੀ। ਉਹ ਮੌਕਾ ਤਾੜ ਕੇ ਇੱਕ ਦਮ ਰਸੋਈ `ਚੋਂ ਨਿਕਲੀ ਤੇ ਚੁਬਾਰੇ ਦੀਆਂ ਪੌੜੀਆਂ ਚੜ੍ਹਨ ਲੱਗੀ। ਪੌੜੀ ਚੜ੍ਹਦਿਆਂ ਉਸ ਨੂੰ ਦਿਆਲੇ ਨੇ ਦੇਖ ਲਿਆ। ਉਹ ਵੀ ਉਸ ਦੇ ਪਿੱਛੇ ਸਿਰਤੋੜ ਭੱਜ ਕੇ ਚੜ੍ਹਿਆ। ਪਰ ਸ਼ਾਮੋ ਨੇ ਦਿਆਲੇ ਦੇ ਪੁੱਜਣ ਤੋਂ ਅੱਗੋਂ ਹੀ ਚੁਬਾਰੇ ਦੇ ਬਾਰ ਨੂੰ ਧੱਕਾ ਮਾਰਿਆ, ਤਖ਼ਤੇ ਪਿੱਛੇ ਹਟ ਕੇ ਮੁੜ ਆਪਣੀ ਪਹਿਲੀ ਅਸਲੀ ਥਾਂ ਆ ਗਏ। ਬਾਰ ਵੱਲੋਂ ਭਉਂ ਕੇ ਉਹ ਬਾਰੀ ਅੱਗੇ ਆ ਖਲੋਤਾ। ਸ਼ਾਮੋ ਕੰਬਦੀ ਕੋਈ ਅੰਦਰੋਂ ਤਖਤੇ ਧੱਕੀ ਖਲੋਤੀ ਸੀ। ਦਿਆਲੇ ਨੇ ਖੁੱਲ੍ਹੀ ਬਾਰੀ ਵਿਚ ਬੰਦੂਕ ਦੀ ਨਾਲੀ ਟਿਕਾਂਦਿਆਂ ਆਪਣੇ ਮੂੰਹ ਦਾ ਪੱਲਾ ਲਾਹ ਦਿੱਤਾ ਅਤੇ ਕਾਹਲੇ ਸਾਹ ਸ਼ਾਮੋ ਨੂੰ ਕਿਹਾ, “ਹੁਣ ਸਿੱਧੀ ਤਰ੍ਹਾਂ ਚੁਬਾਰੇ ਦਾ ਬਾਰ ਖੋਲ੍ਹ ਤੇ ਪਤੰਦਰ ਨਾਲ ਤੁਰ।”
ਡਰ ਨਾਲ ਸ਼ਾਮੋ ਦਾ ਅੰਦਰ ਪਹਿਲਾਂ ਹੀ ਕੰਬ ਰਿਹਾ ਸੀ, ਦਿਆਲੇ ਨੂੰ ਬੰਦੂਕ ਚੱਕੀ ਖਲੋਤਾ ਵੇਖ ਕੇ ਉਹ ਬੱਗੀ ਪੀਲੀ ਪੈ ਗਈ। ਉਹ ਸਾਹ-ਸਤ ਬਿਨਾਂ ਕੱਖ-ਫੂਸ ਹੋ ਕੇ ਰਹਿ ਗਈ। ਦਿਆਲਾ ਤਾਂ ਮੈਨੂੰ ਚੁੱਕਣ ਆਇਆ ਹੈ। ਹੁਣ ਕੀ ਕਰਾਂ? ਏਦੂੰ ਤਾਂ ਮਰ ਈ ਜਾਵਾਂ। ਪਤਾ ਨਹੀਂ ਉਸ ਵਿਚ ਕਿਹੜੀ ਸ਼ਕਤੀ ਆ ਗਈ। ਉਸ ਮਣ ਮਣ ਦੇ ਪੈਰਾਂ ਨੂੰ ਖਿੱਚਦਿਆਂ ਆਪਣੇ ਆਪ ਨੂੰ ਬੰਦੂਕ ਦੀ ਨਾਲੀ ਅੱਗੇ ਕਰ ਦਿੱਤਾ। ਉਸ ਦੀਆਂ ਡੌਰ ਭੌਰੀਆਂ ਅੱਖਾਂ ਵਿਚ ਹੰਝੂ ਅਟਕੇ ਹੋਏ ਸਨ। ਉਹ ਇੱਕ ਟੱਕ ਦਿਆਲੇ ਵੱਲ ਦੇਖ ਰਹੀ ਸੀ। ਜਿਵੇਂ ਕਹਿ ਰਹੀ ਹੋਵੇ, ਮੈਨੂੰ ਤੇਰੇ ਕੋਲੋਂ ਇਹ ਆਸ ਨਹੀਂ ਸੀ, ਤੂੰ ਐਨਾ ਚੰਦਰਾ ਹੋਵੇਂਗਾ, ਮੇਰੇ ਨਾਲ ਇਉਂ ਕਰੇਂਗਾ? ਡਰਾਕਲ ਅਤੇ ਸ਼ੋਖ਼ ਸ਼ਾਮੋ ਦਾ ਚਿਹਰਾ ਦਿਆਲੇ ਨੇ ਇਸ ਤਰ੍ਹਾਂ ਸਹਿਮਿਆ ਪਹਿਲਾਂ ਕਦੇ ਨਹੀਂ ਸੀ ਦੇਖਿਆ। ਬੰਦੂਕ ਫੜੀ ਦਿਆਲੇ ਦੇ ਹੱਥ ਕੰਬੀ ਜਾ ਰਹੇ ਸਨ। ਉਸ ਦੀਆਂ ਅੱਖਾਂ ਅੱਗੇ ਹਨ੍ਹੇਰਾ ਆ ਗਿਆ। ਉਸ ਇੱਕ ਪਲ ਆਪਣੇ ਅੰਦਰ ਝਾਤੀ ਮਾਰੀ, ਸ਼ਾਮੋ ਦਾ ਪਿਆਰ ਉਸ ਨੂੰ ਲਾਹਨਤਾਂ ਪਾ ਰਿਹਾ ਸੀ। ਸ਼ਾਮੋ ਦੇ ਖੁਸ਼ਕ ਗਲੇ ਵਿਚੋਂ ਬੋਲ ਨਹੀਂ ਸੀ ਨਿਕਲਦਾ। ਉਸ ਹਉਕੇ ਦੀ ਘੁੱਟ ਭਰ ਕੇ ਗਲ ਨੂੰ ਤਰ ਕਰਨ ਦਾ ਯਤਨ ਕੀਤਾ ਅਤੇ ਮਸਾਂ ਏਨਾ ਹੀ ਕਹਿ ਸਕੀ, “ਗੋ..ਅ..ਲੀ।”
ਦਿਆਲੇ ਨੇ ਨਰਮ ਪੈਂਦਿਆਂ ਆਖਿਆ, “ਸ਼ਾਮੋ ਆ ਚੱਲੀਏ, ਅੱਜ ਵੇਲਾ ਏ।”
ਸ਼ਾਮੋ ਨੇ ਆਪਣੀ ਚੁੰਨੀ ਨਾਲ ਹੰਝੂ ਪੂੰਝੇ ਅਤੇ ਭਰੇ ਗਲੇ ਵਿਚੋਂ ਤਕੜੀ ਹੁੰਦਿਆਂ ਬੋਲੀ, “ਦਿਆਲਿਆ! ਮੈਂ ਹੱਥ ਜੋੜਦੀ ਆਂ, ਤੂੰ ਜਾਹ ਤੇ ਛੇਤੀ ਮੁੜ ਜਾ।” ਸ਼ਾਮੋ ਨੇ ਆਜਜ਼ਾਂ ਵਾਂਗ ਹੱਥ ਜੋੜੇ ਹੋਏ ਸਨ। ਦਿਆਲੇ ਦੇ ਲੋਹੇ ਵਰਗੇ ਕਰੜੇ ਇਰਾਦੇ, ਸ਼ਾਮੋ ਦੀ ਮਾਸੂਮ ਬੇਬਸੀ ਅੱਗੇ ਢਲ ਕੇ ਪਾਣੀ ਹੋ ਗਏ। ਉਸ ਬੰਦੂਕ ਬਾਰੀ ਵਿਚੋਂ ਖਿੱਚ ਲਈ।
“ਤੇਰੀ ਮਰਜ਼ੀ!” ਦਿਆਲੇ ਨੇ ਇੱਕ ਲੰਮਾ ਹਉਕਾ ਲਿਆ, ਜਿਵੇਂ ਗੋਲੀ ਉਸ ਨੂੰ ਆ ਵੱਜੀ ਸੀ। ਉਹ ਪੌੜੀਆਂ ਉੱਤਰ ਆਇਆ। ਦਿਆਲੇ ਤੇ ਸ਼ਾਮੋ ਦੀ ਪ੍ਰੇਮ ਕਹਾਣੀ ਦਾ ਇਹ ਦੁਖਦਾਈ ਅੰਤ ਸੀ।
ਨਾਵਲ ਦੀ ਸਭ ਤੋਂ ਨਾਟਕੀ ਝਾਕੀ ਸ਼ਾਮੋ ਤੇ ਉਸ ਦੇ ਘਰ ਵਾਲੇ ਦਾ ਦਿਆਲੇ ਦੇ ਟਾਂਗੇ ਵਿਚ ਸਵਾਰ ਹੋਣਾ ਹੈ:
ਲੋਕ ਉਸ ਨੂੰ ਦਿਆਲੇ ਤੋਂ ਤਾਂਗੇ ਵਾਲਾ ਅਮਲੀ ਕਹਿਣ ਲੱਗ ਪਏ। ਇੱਕ ਦਿਨ ਉਹ ਮੋਗੇ ਤਾਂਗਿਆਂ ਦੇ ਅੱਡੇ ਨਿੱਤ ਵਾਂਗ ‘ਮਹਿਣੇ ਚੱਲਣਾ ਬਈ ਕਿਸੇ ਮਹਿਣੇ’ ਬੋਲ ਕੇ ਸਵਾਰੀਆਂ ਲੱਭ ਰਿਹਾ ਸੀ। ਕੋਟ ਪੈਂਟ ਪਾਈ ਇੱਕ ਗੱਭਰੂ ਨੇ ਉਸ ਨੂੰ ਪੁੱਛਿਆ, “ਮਹਿਣੇ ਦਾ ਸਾਲਮ ਤਾਂਗਾ ਚਾਹੀਦਾ ਏ।”
ਦਿਆਲੇ ਨੇ ਠੇਕੇਦਾਰ ਨੂੰ ਅੱਡੇ ਦਾ ਟੈਕਸ ਦਿੱਤਾ ਅਤੇ ਪਾਣੀ ਦੀ ਬਾਲਟੀ ਲਾਗਲੇ ਪੰਪ ਤੋਂ ਭਰ ਲਿਆਇਆ। ਘੋੜੇ ਨੇ ਪਾਣੀ ਪੀਤਾ। ਉਸ ਅੱਧੀ ਬਾਲਟੀ ਟਾਂਗੇ ਦੇ ਤਿੜਕਦੇ ਪਹੀਆਂ ਉਤੇ ਪਾ ਦਿੱਤੀ। ਜਿਉਂ ਹੀ ਬਾਲਟੀ ਪਿਛਲੇ ਪਾਸੇ ਟੰਗਦਿਆਂ ਉਸ ਜ਼ਨਾਨੀ ਸਵਾਰੀ ਨੂੰ ਤੱਕਿਆ, ਹੈਰਾਨ ਹੋ ਕੇ ਰਹਿ ਗਿਆ! ਸ਼ਾਮੋ ਕਿਥੋਂ ਆ ਗਈ? ਹੈਰਾਨੀ `ਚ ਚੌੜੀਆਂ ਹੋਈਆਂ ਉਸ ਦੀਆਂ ਅੱਖਾਂ ਭੁਲੇਖੇ ਅਤੇ ਹਕੀਕਤ ਵਿਚਕਾਰ ਡੌਰ ਭੌਰ ਹੋ ਰਹੀਆਂ ਸਨ। ਉਸ ਦੀ ਹਾਲਤ ਵੇਖ ਕੇ ਸ਼ਾਮੋ ਅੰਦਰੇ ਅੰਦਰ ਰੋ ਪਈ। ਉਸ ਨੂੰ ਸੁਪਨੇ ਵਿਚ ਵੀ ਕਦੇ ਖ਼ਿਆਲ ਨਹੀਂ ਸੀ ਆਇਆ ਕਿ ਦਿਆਲੇ ਨੂੰ ਮੈਂ ਅਜਿਹੀ ਦੁਰਦਸ਼ਾ ਵਿਚ ਦੇਖਾਂਗੀ।
“ਮੈਂ ਘਰ ਲਈ ਕੁੱਝ ਫਲ ਲੈ ਆਵਾਂ।” ਸ਼ਾਮੋ ਨੇ ਆਪਣੇ ਸਰਦਾਰ ਦੀ ਆਵਾਜ਼ ਸੁਣੀ। ਉਹ ਸੜਕੋਂ ਪਾਰ ਜਾ ਚੁੱਕਾ ਸੀ।
ਸ਼ਾਮੋ ਦਿਆਲੇ ਨਾਲ ਲੱਖ ਗੁੱਸੇ ਸੀ। ਪਰ ਉਸ ਦੀ ਕੰਗਲੀ ਹਾਲਤ ਵੇਖ ਕੇ ਪਸੀਜ ਗਈ ਅਤੇ ਹਮਦਰਦੀ ਨਾਲ ਪੁੱਛਿਆ, “ਦਿਆਲਿਆ! ਇਹ ਕੀ ਹਾਲਤ ਬਣਾਈ ਏ?”
“ਭਾਵੀ ਦਾ ਚੱਕਰ ਏ।” ਦਿਆਲਾ ਸ਼ਾਮੋ ਦੇ ਸਾਹਮਣੇ ਦੋਸ਼ੀਆਂ ਵਾਂਗ ਲਜਿਤ ਖਲੋਤਾ ਸੀ। ਪਰ ਉਸ ਦਾ ਵਿਰੋਧ ਵਿਚ ਧੜਕਦਾ ਦਿਲ ਕਹਿ ਦੇਣਾ ਚਾਹੁੰਦਾ ਸੀ, “ਇਹ ਮੇਰੀ ਹਾਲਤ ਤੂੰ ਬਣਾਈ ਐ ਵੈਰਨੇ।” ਪਰ ਉਹ ਮੁੜ ਮੁੜ ਸ਼ਾਮੋ ਨੂੰ ਤਕ ਕੇ ਨੀਵੀਂ ਪਾ ਲੈਂਦਾ।
“ਥੋੜ੍ਹਾ ਬਹੁਤ ਤਾਂ ਆਪਣੇ ਆਪ ਦਾ ਖ਼ਿਆਲ ਰੱਖ। ਤੂੰ ਤਾਂ ਸਿਆਣਿਆ ਵੀ ਨੀ ਜਾਂਦਾ।”
“ਖ਼ਿਆਲ ਰੱਖ ਕੇ ਹੁਣ ਕੀ ਕਰਨਾ ਏਂ।”
“ਤੂੰ ਉਂਜ ਤਕੜਾ ਏਂ?” ਸ਼ਾਮੋ ਆਪਣੇ ਸੰਧੂਰੀ ਪੱਗ ਵਾਲੇ ਯਾਰ ਦੇ ਗਲ ਲੀਰਾਂ ਲਮਕਦੀਆਂ ਵੇਖ ਕੇ ਐਨੀ ਦੁਖੀ ਹੋਈ ਕਿ ਅੱਖਾਂ ਮੀਟ ਲੈਣਾ ਚਾਹੁੰਦੀ ਸੀ।
“ਤਕੜਾ ਹੋ ਕੇ ਕੀ ਕਰਾਂਗਾ, ਤੂੰ ਮੌਜਾਂ ਮਾਣ!”
ਪਿਛਲੀ ਗੱਲ ਸ਼ਾਮੋ ਦੀ ਹਿੱਕ ਵਿਚ ਸੇਲੇ ਦੀ ਨੋਕ ਵਾਂਗ ਬਹਿ ਗਈ। ਉਹ ਹਉਕਾ ਲੈ ਕੇ ਖ਼ਾਮੋਸ਼ ਹੋ ਗਈ। ਦੋ ਹੰਝੂ ਉਸ ਦੇ ਕੋਇਆ `ਤੇ ਕੰਬ ਰਹੇ ਸਨ। ਬੇਬਸ ਜਿੰਦਗੀ ਫਰਜ਼ ਅਤੇ ਪਿਆਰ ਦੀ ਰੱਸੀ ਨਾਲ ਫਾਹਾ ਲੈ ਰਹੀ ਜਾਪਦੀ ਸੀ। ਐਨੇ ਨੂੰ ਸਰਦਾਰ ਫਲਾਂ ਦੀ ਟੋਕਰੀ ਲੈ ਕੇ ਆ ਗਿਆ। ਉਸ ਅੱਗੇ ਬਹਿੰਦਿਆਂ ਆਖਿਆ, “ਚਲ ਬਈ ਅਮਲੀਆ, ਹੁਣ ਫਟਾ ਫਟ।”
ਤਹਿਸੀਲ ਲੰਘ ਕੇ ਸਰਦਾਰ ਅਮਲੀ ਨਾਲ ਗੱਲੀਂ ਜੁਟ ਗਿਆ, “ਘੋੜਾ ਤਾਂ ਅਮਲੀਆ ਬੜਾ ਤਿੱਖਾ ਈ ਤੇਰਾ। ਕੁਝ ਕਮਾ ਵੀ ਲੈਨਾਂ ਏਂ।” “ਕਮਾ ਕੇ ਆਪਾਂ ਕਿਹਨੂੰ ਦੇਣਾ ਏਂ।” “ਬਸ ਕੱਲਾ ਈ ਏਂ, ਵਹੁਟੀ?”
ਦਿਆਲੇ ਨੇ ਪਿਛਾਂਹ ਭੌਂ ਕੇ ਤੱਕਿਆ, ਸ਼ਾਮੋ ਨੇ ਉਸ ਨੂੰ ਵੇਖ ਕੇ ਨੀਵੀਂ ਪਾ ਲਈ।
“ਵਹੁਟੀ ਨਿਕਲ ਗਈ ਸੀ ਜੀ।” ਦਿਆਲੇ ਨੇ ਜਾਣ ਕੇ ਸ਼ਾਮੋ ਨੂੰ ਸੁਣਾਉਣ ਲਈ ਝੂਠਾ ਜਵਾਬ ਦੇ ਮਾਰਿਆ।
“ਹੱਛਾ! ਕਮਾ ਕੇ ਨਹੀਂ ਖਵਾਉਂਦਾ ਹੋਵੇਂਗਾ?” ਸਰਦਾਰ ਨੇ ਹਮਦਰਦੀ, ਹੈਰਾਨੀ ਅਤੇ ਸਾਂਝੇ ਗ਼ਿਲੇ ਵਿਚ ਕਿਹਾ।
“ਆਹੋ ਜੀ, ਨਹੀਂ, ਜ਼ੋਰਾਵਰ ਖੋਹ ਕੇ ਲੈ ਗਏ!”
ਸ਼ਾਮੋ ਦਾ ਦਿਲ ਪੱਛਿਆ ਜਾ ਰਿਹਾ ਸੀ। ਉਹ ਆਪਣੇ ਸਰਦਾਰ `ਤੇ ਕੁੜ੍ਹ ਰਹੀ ਸੀ। ਤੈਨੂੰ ਮਝੇਰੂਆ, ਏਨ੍ਹਾਂ ਗੱਲਾਂ ਨਾਲ ਕੀ ਪਈ? ਪੜ੍ਹਿਆ ਲਿਖਿਆ ਹੋਣ ਦੇ ਬਾਵਜੂਦ ਵੀ ਉਹ ਉਸ ਨੂੰ ਬੁੱਧੂ ਸਮਝਦੀ ਸੀ। ਇਹ ਦਿਆਲੇ ਦੀ ਸ਼ਾਮੋ ਨਾਲ ਆਖ਼ਰੀ ਮੁਲਾਕਾਤ ਸੀ। ਉਹ ਉਬਲ ਉਬਲ ਪੈਂਦੇ ਜਜ਼ਬਾਤ ਨੂੰ ਦਬਾਉਂਦਾ ਹੋਇਆ ਤਾਂਗਾ ਹੱਕਦਾ ਰਿਹਾ। ਭੋਲਾ ਸਰਦਾਰ ਸਾਰੇ ਰਾਹ ਉਸ ਨੂੰ ਚੁਆਤੀਆਂ ਲਾਉਂਦਾ ਆਇਆ। ਦਿਆਲਾ ਸਮਝਦਾ ਸੀ, ਮੇਰੀ ਸਾਰੀ ਜਿੰਦਗਾਨੀ `ਤੇ ਕਹਿਰ ਹੋਇਆ ਹੈ। ਮੇਰੀ ਜਵਾਨੀ, ਘਰ ਘਾਟ, ਜ਼ਮੀਨ ਤੇ ਆਪਣਾ ਆਪ ਸਭ ਕੁੱਝ ਇੱਕ ਤਰ੍ਹਾਂ ਪਿਆਰ ਦੀ ਭੇਟਾ ਚੜ੍ਹ ਗਏ। ਤਿੱਲੇ ਵਾਲੀਆਂ ਜੁੱਤੀਆਂ ਅਤੇ ਲੱਠੇ ਦੇ ਚਾਦਰੇ ਹੰਢਾਉਣ ਵਾਲਾ ਭਰਿਆ ਭਰਿਆ ਦਿਆਲਾ ਅੱਜ ਤਾਂਗੇ ਵਾਲਾ ਮਾੜੂਆ ਜਿਹਾ ਅਮਲੀ ਰਹਿ ਗਿਆ।
ਇਸ ਅਧਿਆਏ ਦਾ ਅੰਤ ਕੰਵਲ ਨੇ ਇਸ ਲੋਕ ਗੀਤ ਨਾਲ ਕੀਤਾ: ਮੁੰਡਾ ਸੁੱਕ ਗਿਆ ਚੰਨਣ ਦਾ ਬੂਟਾ, ਤੇਰੇ ਪਿੱਛੇ ਗੋਰੀਏ ਰੰਨੇ।
ਕੰਵਲ ਨੇ ਇਹ ਨਾਵਲ ਤੀਹਵੇਂ ਸਾਲ ਦੀ ਉਮਰ ਵਿਚ ਲਿਖਿਆ ਸੀ। ਦਸਵੀਂ ਤੱਕ ਦੀ ਪੜ੍ਹਾਈ, ਮੇਲਿਆਂ `ਚੋਂ ਲਏ ਕਿੱਸੇ, ਵਾਰਸ ਦੀ ਹੀਰ, ਲੋਕ ਗੀਤ, ਮਲਾਇਆ ਵਿਚ ਜਾਗੇ ਦੀ ਨੌਕਰੀ, ਚੀਨਣ ਤੇ ਮਲਾਇਣ ਨਾਲ ਇਸ਼ਕ, ਪਿੰਡ ਪਰਤ ਕੇ ਖੇਤੀ ਵਾਹੀ, ਸਾਹਿਤਕ ਪੁਸਤਕਾਂ ਦੀ ਪੜ੍ਹਾਈ, ਸ਼੍ਰੋਮਣੀ ਕਮੇਟੀ ਦੀ ਕਲੱਰਕੀ, 1947 ਦਾ ਉਜਾੜਾ, ਵੇਦਾਂਤ ਤੇ ਮਾਰਕਸਵਾਦ ਦੇ ਸਬਕ, ਜੀਵਨ ਕਣੀਆਂ, ਸੱਚ ਨੂੰ ਫਾਂਸੀ ਤੇ ਪਾਲੀ ਪੁਸਤਕਾਂ ਲਿਖਣਾ ਉਹਦਾ ਪਿਛੋਕੜ ਤੇ ਤਜਰਬਾ ਸੀ। ਉਹ ਕਮਿਊਨਿਸਟ ਬਣਨ ਦੇ ਰਾਹ ਪੈ ਗਿਆ ਸੀ ਪਰ ਕਮਿਊਨਿਸਟ ਪਾਰਟੀ ਦਾ ਮੈਂਬਰ ਨਹੀਂ ਸੀ ਬਣਿਆ। ਬਾਬਾ ਰੂੜ ਸਿੰਘ ਚੂਹੜਚੱਕ ਦੀ ਸੰਗਤ ਕਰਕੇ ਕਮਿਊਨਿਸਟ ਪਾਰਟੀ ਦਾ ਹਮਦਰਦ ਜ਼ਰੂਰ ਬਣ ਗਿਆ ਸੀ। ਮਾਲਵੇ ਦੇ ਪਿੰਡਾਂ ਦੀ ਪ੍ਰੀਤ ਕਹਾਣੀ ਦੇ ਵਿਸ਼ੇ ਵਾਲੇ ਨਾਵਲ ਵਿਚ ਉਸ ਤੋਂ ਧਰਮ ਤੇ ਸਾਇੰਸ ਦਾ ਵਾਦ-ਵਿਵਾਦ ਅਤੇ ਮਾਰਕਸਵਾਦ ਦਾ ਲੋਕ-ਇਨਕਲਾਬ ਮੱਲੋ-ਮੱਲੀ ਘੁਸੜ ਗਿਆ ਸੀ।
ਇਹਦੇ ਬਾਵਜੂਦ ‘ਪੂਰਨਮਾਸ਼ੀ’ ਉਹਦਾ ਸ਼ਾਹਕਾਰ ਨਾਵਲ ਗਿਣਿਆ ਜਾਂਦਾ ਹੈ। ਨਾਵਲ ਵਿਚ ਏਨਾ ਰਸ ਹੈ ਕਿ ਪਾਠਕ ਚਾਹੁੰਦਾ ਹੈ, ਨਾਵਲ ਕਦੇ ਮੁੱਕੇ ਨਾ। ਨਾਵਲ ਮੁੱਕਣ `ਤੇ ਪਾਠਕ ਝੂਰਦਾ ਹੈ ਕਿ ਏਨੀ ਛੇਤੀ ਮੁੱਕ ਕਿਉਂ ਗਿਆ? ਇਸ ਨਾਲ ਪੰਜਾਬ ਦਾ ਪੇਂਡੂ ਜੀਵਨ ਪਹਿਲੀ ਵਾਰ ਭਰਵੇਂ ਰੂਪ ਵਿਚ ਪੇਸ਼ ਹੋਇਆ ਜੋ ਬਾਅਦ ਵਿਚ ਹੋਰਨਾਂ ਪੰਜਾਬੀ ਲੇਖਕਾਂ ਦਾ ਗਾਡੀਰਾਹ ਬਣ ਗਿਆ।