ਗੁਲਜ਼ਾਰ ਸਿੰਘ ਸੰਧੂ
2009 ਦੇ ਦਸੰਬਰ ਮਹੀਨੇ ਗੁਰਨਾਮ ਸਿੰਘ ਤੀਰ ਦੀ ਬੇਟੀ ਬੱਬੂ ਦੀ ਪੰਜਾਬੀ ਕਾਵਿ ਪੁਸਤਕ ‘ਇਕ ਬਾਤ ਮੈਂ ਪਾਵਾਂ’ ਦਾ ਉਦਘਾਟਨੀ ਸਮਾਰੋਹ ਸੀ। ਚੰਡੀਗੜ੍ਹ ਦੀ ਗੌਲਫ ਕਲੱਬ ਵਿਚ ਮੇਰੇ ਹੋਰ ਮਿੱਤਰ ਵੀ ਸਨ-ਕੰਵਰ ਸੰਧੂ, ਅਮਰੀਕ ਸਿੰਘ ਪੂੰਨੀ, ਸਵਰਨ ਸਿੰਘ ਬੋਪਾਰਾਇ ਆਦਿ। ਮੰਚ ਤੋਂ ਬੋਲਣ ਵਾਲੇ ਕੇਵਲ ਦੋ ਹੀ ਸਨ-ਮਨਪ੍ਰੀਤ ਸਿੰਘ ਬਾਦਲ ਤੇ ਮਨੀਸ਼ ਤਿਵਾੜੀ। ਜਿੱਥੇ ਮਨਪ੍ਰੀਤ ਦੇ ਬੋਲਾਂ ਵਿਚ ਉਰਦੂ ਸ਼ਬਦਾਂ ਤੇ ਸ਼ਿਅਰਾਂ ਦੀ ਭਰਮਾਰ ਸੀ, ਮਨੀਸ਼ ਦੇ ਬੋਲ ਠੇਠ ਪੰਜਾਬੀ ਠੁੱਕ ਵਾਲੇ ਸਨ। ਪੁੱਛਣ ‘ਤੇ ਪਤਾ ਲੱਗਾ ਕਿ ਉਹ ਮੇਰੇ ਸਵਰਗਵਾਸੀ ਮਿੱਤਰ ਵਿਸ਼ਵਾ ਨਾਥ ਤਿਵਾੜੀ (ਵੀ ਐਨ) ਦਾ ਪੁੱਤਰ ਹੈ। ਉਸ ਦੀ ਮਾਂ ਡਾæ ਅੰਮ੍ਰਿਤ ਤਿਵਾੜੀ ਉਘੇ ਵਕੀਲ ਤੇ ਨੇਤਾ ਤੀਰਥ ਸਿੰਘ ਗੁਰਮ ਦੀ ਧੀ ਹੈ। ਵੀ ਐਨ ਦੀ ਤੀਰ ਪਰਿਵਾਰ ਨਾਲ ਮਿੱਠੀ ਸਾਂਝ ਸੀ। ਨੌਜਵਾਨ ਮਨੀਸ਼ ਮੰਚ ਤੋਂ ਉਤਰ ਕੇ ਬੱਬੂ ਦੇ ਸਨਮੁਖ ਹੋਇਆ ਤਾਂ ਕਹਿਣ ਲੱਗਿਆ, ‘ਤੂੰ ਬਾਤਾਂ ਹੀ ਪਾਉਂਦੀ ਰਹੇਂਗੀ ਕਿ ਕੁਝ ਹੋਰ ਵੀ ਕਰੇਂਗੀ?’ ਮੇਰੇ ਲਈ ਇਹ ਬੇਤਕੱਲਫੀ ਮੂਲੋਂ ਨਵੀਂ ਸੀ। ‘ਮੈਂ ਕੁੱਝ ਕਰਾਂ ਨਾ ਕਰਾਂ, ਤੂੰ ਬਾਦਲਾਂ ਦੀ ਪੈੜ ਨੱਪੇਂਗਾ।’ ਬੱਬੂ ਨੇ ਤੀਰ ਮਾਰਿਆ। ਇਹ ਵੀ ਦੱਸਿਆ ਕਿ ਮਨੀਸ਼ ਦੀ ਰਾਸ਼ੀ ਪ੍ਰਕਾਸ਼ ਸਿੰਘ ਬਾਦਲ ਵਾਲੀ ਹੈ। ਦੋਨਾਂ ਦਾ ਜਨਮ ਅੱਠ ਦਸੰਬਰ ਦਾ ਹੈ। ਇਹ ਵੀ ਕਿ ਉਹ ਬੱਬੂ ਦਾ ਹਾਣੀ ਹੈ। ਕੇਵਲ ਇੱਕ ਸਾਲ ਵੱਡਾ।
ਜਿੱਥੇ ਬੱਬੂ ਹਾਲੀ ਵੀ ਬਾਤਾਂ ਪਾ ਰਹੀ ਹੈ, ਮਨੀਸ਼ ਯੁਵਾ ਕਾਂਗਰਸ ਦੀ ਪੌੜੀ ਚੜ੍ਹ ਕੇ ਸਰਬ ਹਿੰਦ ਕਾਂਗਰਸ ਦਾ ਬੁਲਾਰਾ ਬਣਨ ਉਪਰੰਤ ਕੇਂਦਰ ਦੀ ਸਰਕਾਰ ਦੇ ਸੂਚਨਾ ਤੇ ਸੰਚਾਰ ਮੰਤਰਾਲੇ ਦਾ ਮੰਤਰੀ ਬਣ ਬੈਠਾ ਹੈ। ਇਹ ਉਹ ਮੰਤਰਾਲਾ ਹੈ ਜਿਸ ਦੀ ਵਾਗਡੋਰ ਭਾਰਤ ਦੇ ਪ੍ਰਥਮ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਦੇ ਤੁਰ ਜਾਣ ਉਤੇ ਉਸ ਦੀ ਧੀ ਇੰਦਰਾ ਗਾਂਧੀ ਨੇ ਨਵੇਂ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਤੋਂ ਮੰਗ ਕੇ ਲਿਆ ਸੀ। ਸ੍ਰੀਮਤੀ ਗਾਂਧੀ ਉਦੋਂ 47 ਸਾਲ ਦੀ ਸੀ ਤੇ ਮਨੀਸ਼ ਤਿਵਾੜੀ ਅੱਜ 47 ਦਾ ਹੈ।
ਜਾਪਦਾ ਹੈ ਬੱਬੂ ਦੀ ਮਨੀਸ਼ ਬਾਰੇ ਕੀਤੀ ਟਿੱਪਣੀ ਨੂੰ ਬੂਰ ਪੈਣ ਵਾਲਾ ਹੈ। ਕੇਂਦਰ ਵਿਚ ਕਾਂਗਰਸ ਦੀ ਸਰਕਾਰ ਰਹੇ ਨਾ ਰਹੇ, ਆਉਂਦੇ ਸਮਿਆਂ ਵਿਚ ਪੰਜਾਬ ਕਾਂਗਰਸ ਦੇ ਉਭਾਰ ਨੂੰ ਰੋਕਣ ਵਾਲਾ ਕੋਈ ਨਹੀਂ। ਸੂਚਨਾ ਤੇ ਸੰਚਾਰ ਦੇ ਮਹੱਤਵਪੂਰਨ ਮਹਿਕਮੇ ਦਾ ਸਾਬਕਾ ਮੰਤਰੀ ਤੇ ਗੁਰਮ-ਤਿਵਾੜੀ (ਜੱਟ-ਪੰਡਤ) ਪਿਛੋਕੜ ਵਾਲਾ ਮਨੀਸ਼ ਮੁੱਖ ਮੰਤਰੀ ਦੀ ਕੁਰਸੀ ਵੀ ਹਥਿਆ ਸਕਦਾ ਹੈ। ਉਸ ਦੀ ਉਮਰ ਪ੍ਰਕਾਸ਼ ਸਿੰਘ ਦੀ ਉਸ ਉਮਰ ਨਾਲੋਂ ਵੱਡੀ ਹੋਵੇਗੀ ਜਿਸ ਵਿਚ ਬਾਦਲ ਪਹਿਲੀ ਵਾਰ ਮੁੱਖ ਮੰਤਰੀ ਬਣਿਆ ਸੀ। ਗੱਲਾਂ ਵਿਚੋਂ ਗੱਲ ਤਾਂ ਇਹ ਵੀ ਨਿਕਲਦੀ ਹੈ ਕਿ ਜੇ ਕੇਂਦਰ ਦੇ ਸੂਚਨਾ ਤੇ ਸੰਚਾਰ ਮੰਤਰੀ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਦੀ ਕੁਰਸੀ ਮਿਲ ਸਕਦੀ ਹੈ ਤਾਂ ਮਨੀਸ਼ ਨੂੰ ਕਿਉਂ ਨਹੀਂ। ਸ੍ਰੀ ਇੰਦਰ ਕੁਮਾਰ ਗੁਜਰਾਲ ਤੇ ਡਾæ ਮਨਮੋਹਨ ਸਿੰਘ ਨੇ ਉਸ ਵਾਲੇ ਦਫ਼ਤਰ ਦਾ ਜੰਦਰਾ ਖੋਲ੍ਹ ਕੇ ਪੰਜਾਬੀਆਂ ਦੀ ਰਾਜਨੀਤਕ ਕੁਸ਼ਲਤਾ ਉਤੇ ਮੋਹਰ ਤਾਂ ਲਾ ਹੀ ਛੱਡੀ ਹੈ। ਉਂਜ ਵੀ ਸੁਪਨੇ ਲਈ ਕੋਈ ਪਿੰਜਰਾ ਨਹੀਂ ਬਣਿਆ।
ਇਤਿਹਾਸਕ ਲਾਹੌਰ ਵਿਚ ਭਗਤ ਸਿੰਘ ਚੌਕ
ਪਾਕਿਸਤਾਨ ਦੇ ਇਤਿਹਾਸਕ ਸ਼ਹਿਰ ਲਾਹੌਰ ਵਿਚ ਉਥੋਂ ਦੇ ਸ਼ਾਦਮਾਨ ਚੌਕ ਦਾ ਨਾਂ ਸ਼ਹੀਦ ਭਗਤ ਸਿੰਘ ਦੇ ਨਾਂ ਉਤੇ ਰੱਖੇ ਜਾਣ ਦੀ ਤਜਵੀਜ਼ ਨਾਲ ਦੁਨੀਆਂ ਦੀਆਂ ਕ੍ਰਾਂਤੀਕਾਰੀ ਤਾਕਤਾਂ ਨੂੰ ਜਿਹੜਾ ਹੁਲਾਰਾ ਮਿਲਿਆ ਸੀ ਉਸ ਉਤੇ ਪਰਛਾਵੇਂ ਛਾ ਗਏ ਹਨ। ਪਾਕਿਸਤਾਨ ਵਿਚ ਸੱਜੀ ਤੇ ਧਾਰਮਿਕ ਸੋਚ ਨੂੰ ਪ੍ਰਣਾਈ ਜਮਾਤ-ਉਲ-ਦਾਵਾ ਤੇ ਹੋਰਨਾਂ ਨੇ ਰਲ ਕੇ ਇਸ ਦਾ ਵਿਰੋਧ ਕੀਤਾ ਹੈ। ਹੁਣ ਇਹ ਮਾਮਲਾ ਇਕ ਪ੍ਰਵਾਨਤ ਕਮੇਟੀ ਨੂੰ ਸੌਂਪਿਆ ਗਿਆ ਹੈ ਜਿਸ ਦਾ ਪ੍ਰਧਾਨ ਜਨਾਬ ਅਯਾਜ਼ ਅਹਿਮਦ ਹੈ। ਕਮੇਟੀ ਦੀ ਮਹੱਤਵਪੂਰਨ ਮੈਂਬਰ ਫੈਜ਼ ਅਹਿਮਦ ਫੈਜ਼ ਦੀ ਬੇਟੀ ਮੁਹਤਰਮਾ ਸਲੀਮਾ ਹਾਸ਼ਮੀ ਹੈ। ਉਸ ਦੇ ਬੋਲ ਆਸ਼ਾਵਾਦੀ ਹਨ। ਉਹ ਇਹ ਕਿ ਸਾਰੇ ਮਾਮਲੇ ਦਾ ਫੈਸਲਾ ਆਗਾਮੀ ਚੋਣਾਂ ਤੋਂ ਪਹਿਲਾਂ ਹੋ ਜਾਵੇਗਾ ਤੇ ਇਹ ਵਾਲਾ ਚੌਕ ਭਾਰਤ-ਪਾਕਿ ਸੁਤੰਤਰਤਾ ਸੰਗਰਾਮ ਦੀ ਯਾਦ ਵਿਚ ਭਗਤ ਸਿੰਘ ਦੇ ਨਾਂ ਉਤੇ ਹੀ ਰਹੇਗਾ।
ਸ਼ਹੀਦ ਭਗਤ ਸਿੰਘ ਦਾ ਓਧਰਲੇ ਪੰਜਾਬ ਵਿਚ ਓਨਾ ਹੀ ਸਤਿਕਾਰ ਹੈ ਜਿੰਨਾ ਏਧਰਲੇ ਪੰਜਾਬ ਵਿਚ ਸਲੀਮਾ ਦੇ ਪਿਤਾ ਫੈਜ਼ ਅਹਿਮਦ ਫੈਜ਼ ਦਾ। ਸਾਡਾ ਮੱਤ ਹੈ ਕਿ ਅੰਤਮ ਜਿੱਤ ਇਨਕਲਾਬੀ ਤੇ ਅਗਾਂਹ-ਵਧੂ ਤਾਕਤਾਂ ਦੀ ਹੋਵੇਗੀ। ਜਮਾਤ-ਉਲ-ਦਾਵਾ ਨੇ ਵਿਰੋਧ ਸੱਚੇ ਦਿਲੋਂ ਕੀਤਾ ਨਹੀਂ ਜਾਪਦਾ ਅੰਤਰਰਾਸ਼ਟਰੀ ਮੀਡੀਆ ਵਿਚ ਹਾਜ਼ਰੀ ਲਗਵਾਉਣ ਵਾਲਾ ਹੋ ਸਕਦਾ ਹੈ। ਰਾਜਨੀਤੀ ਵਿਚ ਇਸ ਤਰ੍ਹਾਂ ਹੁੰਦਾ ਆਇਆ ਹੈ।
ਹਰਿਆਣਾ ਵਾਸੀਆਂ ਦੀ ਸਿੱਧ ਪੁੱਠ
ਬੀਤੇ ਸਪਤਾਹ ਹਰਿਆਣਾ ਰਾਜ ਤੋਂ ਦੋ ਵਿਰੋਧੀ ਸੁਰਾਂ ਮਿਲੀਆਂ ਹਨ। ਜੇ ਸਵæ ਪ੍ਰਧਾਨ ਮੰਤਰੀ ਚੌਧਰੀ ਚਰਨ ਸਿੰਘ ਦੇ ਬਾਗਪਤ ਇਲਾਕੇ ਤੋਂ ਉਥੋਂ ਦੀਆਂ ਮੁਟਿਆਰਾਂ ਲਈ ਜੀਨਾਂ ਪਹਿਨਣ ਤੇ ਮੋਬਾਈਲ ਵਰਤਣ ਦੀ ਮਨਾਹੀ ਦੀ ਮੰਗ ਉਠੀ ਹੈ ਤਾਂ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਨੇ ਰਿਵਾੜੀ ਵਿਖੇ ਖਚਾ ਖਚ ਭਰੇ ਇੱਕ ਸਮਾਗਮ ਨੂੰ ਸੰਬੋਧਨ ਕਰਦਿਆਂ ਵਚਨ ਦਿੱਤਾ ਹੈ ਕਿ ਉਹ ਇਨੈਲੋ ਸਰਕਾਰ ਦੇ ਹੋਂਦ ਵਿਚ ਆਉਣ ਉਤੇ ਮਹਿਲਾਵਾਂ ਲਈ 30 ਪ੍ਰਤੀਸ਼ਤ ਸੀਟਾਂ ਰਾਖਵੀਆਂ ਕਰਾ ਦੇਵੇਗਾ। ਇਹ ਦੋਨੇ ਸੁਰਾਂ ਹਰਿਆਣਵੀ ਸੋਚ ਦੀ ਪ੍ਰਤੀਨਿਧਤਾ ਕਰਦੀਆਂ ਹਨ। ਹਰ ਉਨਤੀ ਦਾ ਪੱਟੜਾ ਕੋਈ ਪਿਛਾਂਹ ਖਿਚੂ ਮੰਗ ਹੁੰਦਾ ਹੈ ਜਿਹੜਾ ਹਰਿਆਣਾ ਉਤੇ ਸਦਾ ਹੀ ਢੁੱਕਦਾ ਆਇਆ ਹੈ।
ਅੰਤਿਕਾ: (ਕਤੀਲ ਸ਼ਫਾਈ)
ਤੁਮਹਾਰੀ ਬੇਰੁਖੀ ਨੇ ਲਾਜ ਰਖ ਲੀ ਬਾਦਾਖਾਨੇ ਕੀ
ਤੁਮ ਆਂਖੋਂ ਸੇ ਪਿਲਾ ਦੇਤੇ ਤੋ ਪੈਮਾਨੇ ਕਹਾਂ ਲਾਤੇ।
Leave a Reply