ਅਕਾਲੀ ਦਲ ਦਾ ਸੰਕਟ ਅਤੇ ਪੰਜਾਬ ਦੀ ਸਿਆਸਤ

ਸੁਰਿੰਦਰ ਐੱਸ ਜੋਧਕਾ
ਫੋਨ: +91-98112-79898
ਇਹ ਧਾਰਨਾ ਭਾਰੂ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਜਾਣਬੁੱਝ ਕੇ ਚੁਣਾਵੀ ਗਿਣਤੀਆਂ-ਮਿਣਤੀਆਂ ਨੂੰ ਪੰਥਕ ਭਾਵਨਾਵਾਂ ਅਤੇ ਮੁੱਦਿਆਂ ਨਾਲੋਂ ਮੂਹਰੇ ਰੱਖਿਆ ਹੈ। 2024 ਦੀਆਂ ਲੋਕ ਸਭਾ ਚੋਣਾਂ ਵਿਚ ਦੋ ‘ਕੱਟੜ` ਸਿੱਖ ਉਮੀਦਵਾਰਾਂ ਦੀ ਜਿੱਤ ਅਕਾਲੀ ਦਲ ਲਈ ਸਪੱਸ਼ਟ ਇਸ਼ਾਰਾ ਸੀ ਕਿ ਆਮ ਸਿੱਖ ਹੁਣ ਆਪਣੇ ਧਾਰਮਿਕ ਤੇ ਭਾਈਚਾਰਕ ਖ਼ਦਸ਼ਿਆਂ ਲਈ ਇਸ `ਤੇ ਭਰੋਸਾ ਨਹੀਂ ਕਰ ਰਹੇ।

… ਸ਼੍ਰੋਮਣੀ ਅਕਾਲੀ ਦਲ ਸੂਬੇ ਦੇ ਖੇਤਰੀ ਜਜ਼ਬਿਆਂ ਦੀ ਨੁਮਾਇੰਦਗੀ ਕਰਨ ਵਾਲਾ ਸਭ ਤੋਂ ਅਹਿਮ ਪਾਤਰ ਰਿਹਾ ਹੈ। ਅੱਜ ਇਹ ਚੁਰਾਹੇ ‘ਤੇ ਖੜ੍ਹਾ ਜਾਪਦਾ ਹੈ ਜੋ ਬੇਮਿਸਾਲ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਇਹ ਸੰਕਟ ਜ਼ਿਆਦਾਤਰ ਇਸ ਦੀ ਸਿੱਖ ਭਾਈਚਾਰੇ, ਪੰਜਾਬੀ ਸਮਾਜ ਤੇ ਸ਼ਾਇਦ ਸਭ ਤੋਂ ਮਹੱਤਵਪੂਰਨ, ਖੇਤਰ ਦੇ ਖੇਤੀ ਅਰਥਚਾਰੇ ਦੇ ਬਦਲ ਰਹੇ ਫ਼ਿਕਰਾਂ ਨੂੰ ਸਮਝਣ ਦੀ ਅਯੋਗਤਾ ਵਿਚੋਂ ਪੈਦਾ ਹੋਇਆ ਹੈ।
ਭਾਰਤ ਦੇ ਖੇਤਰੀ ਅਤੇ ਜਮਹੂਰੀ ਰਾਜਨੀਤੀ ਦੇ ਇਤਿਹਾਸ ਵਿਚ ਸ਼੍ਰੋਮਣੀ ਅਕਾਲੀ ਦਲ ਦਾ ਖ਼ਾਸ ਮੁਕਾਮ ਹੈ। ਸ਼੍ਰੋਮਣੀ ਅਕਾਲੀ ਦਲ ਦਾ ਜਨਮ 1920 ਵਿਚ ਉੱਠੇ ਮਕਬੂਲ ਅੰਦੋਲਨ ‘ਚੋਂ ਹੋਇਆ ਸੀ ਅਤੇ ਇਸ ਦਾ ਸ਼ੁਮਾਰ ਉਪ ਮਹਾਦੀਪ ਦੀਆਂ ਸਭ ਤੋਂ ਪੁਰਾਣੀਆਂ ਸਿਆਸੀ ਪਾਰਟੀਆਂ ਵਿਚ ਕੀਤਾ ਜਾਂਦਾ ਰਿਹਾ ਹੈ। ਪਿਛਲੇ 104 ਸਾਲਾਂ ਤੋਂ ਇਸ ਨੇ ਬਹੁਤ ਸਾਰੀਆਂ ਚੁਣੌਤੀਆਂ ਦਾ ਟਾਕਰਾ ਕੀਤਾ ਹੈ ਅਤੇ ਇਹ ਬਹੁਤ ਸਾਰੀਆਂ ਤਬਦੀਲੀਆਂ ਦਾ ਗਵਾਹ ਹੈ। 1947 ਦੀ ਵੰਡ ਤੋਂ ਲੈ ਕੇ 1960ਵਿਆਂ ਵਿਚ ਪੰਜਾਬ ਦੇ ਮੁੜ ਗਠਨ ਅਤੇ 1980ਵਿਆਂ ਦੀ ਖਾੜਕੂ ਖ਼ਾਲਿਸਤਾਨ ਲਹਿਰ ਤੱਕ, ਸ਼੍ਰੋਮਣੀ ਅਕਾਲੀ ਦਲ ਬਹੁਤ ਸਾਰੇ ਔਖੇ ਸਮਿਆਂ ‘ਚੋਂ ਲੰਘਿਆ ਤੇ ਆਪਣੀ ਹੋਂਦ ਹਸਤੀ ਬਰਕਰਾਰ ਰੱਖੀ ਹੈ।
ਸਿੱਖ ਭਾਈਚਾਰੇ ਦੀ ਨੁਮਾਇੰਦਾ ਖੇਤਰੀ ਪਾਰਟੀ ਹੁੰਦਿਆਂ ਹੋਇਆਂ ਵੀ ਇਸ ਦੀ ਲੀਡਰਸ਼ਿਪ ਕੌਮੀ ਪੱਧਰੀ ਸਰੋਕਾਰਾਂ ਖ਼ਾਸਕਰ ਫੈਡਰਲ ਸਿਆਸਤ ਨਾਲ ਜੁੜੇ ਸਰੋਕਾਰਾਂ ਨੂੰ ਜ਼ੁਬਾਨ ਦੇਣ ਵਿਚ ਮੋਹਰੀ ਰੋਲ ਨਿਭਾਉਂਦੀ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਕੋਲ ਜਥੇਦਾਰਾਂ ਦਾ ਕੇਡਰ ਆਧਾਰ ਅਤੇ ਮੁਕਾਮੀ ਸੰਸਥਾਵਾਂ ਹੋਣ ਕਰ ਕੇ ਇਸ ਦਾ ਸ਼ੁਮਾਰ ਭਾਰਤ ਦੀਆਂ ਕੁਝ ਖ਼ਾਸ ਸਿਆਸੀ ਪਾਰਟੀਆਂ ਵਿਚ ਕੀਤਾ ਜਾਂਦਾ ਹੈ। ਇਹ ਨਿਰਾਲੀ ਪਛਾਣ ਇਸ ਤੱਥ ਵਿਚ ਵੀ ਪਈ ਹੈ ਕਿ ਇਹ ਅੰਤਰ-ਸਬੰਧਿਤ ਹਿੱਤਾਂ ਤੇ ਪਛਾਣਾਂ, ਪੰਜਾਬ ਦੀਆਂ ਖੇਤਰੀ ਉਮੰਗਾਂ, ਸਿੱਖ ਭਾਈਚਾਰੇ ਦੇ ਨੁਮਾਇੰਦਾ ਚਿਹਰੇ ਅਤੇ ਜ਼ਮੀਨਾਂ ਦੀ ਮਾਲਕ ਖੇਤੀਬਾੜੀ ਜਮਾਤ ਦੇ ਆਰਥਿਕ ਹਿੱਤਾਂ ਦੀ ਪੂਰੀ ਲੜੀ ਦੀ ਨੁਮਾਇੰਦਗੀ ਕਰਦੀ ਸੀ। ਖੇਤਰੀ ਪਾਰਟੀ ਦੇ ਰੂਪ ਵਿਚ ਇਹ ਪੰਜਾਬ ਦੀ ਇਕਲੌਤੀ ਆਵਾਜ਼ ਰਹੀ ਹੈ।
ਸਾਰੇ ਸਿੱਖ ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਨੂੰ ਵੋਟਾਂ ਨਹੀਂ ਪਾਉਂਦੇ ਸਨ ਪਰ ਉਹ ਅਜਿਹੀ ਪੰਥਕ ਸੰਸਥਾ ਦੇ ਰੂਪ ਵਿਚ ਸ਼੍ਰੋਮਣੀ ਅਕਾਲੀ ਦਲ ਵੱਲ ਹੀ ਦੇਖਦੇ ਸਨ ਜੋ ਵਿਲੱਖਣ ਪਛਾਣ ਅਤੇ ਹਿੱਤਾਂ ਦੀ ਉਨ੍ਹਾਂ ਦੀ ਸੋਝੀ ਦੀ ਤਰਜਮਾਨੀ ਕਰਦੀ ਹੈ। ਪੰਜਾਬ ਤੋਂ ਬਾਹਰ ਵੱਸਦੇ ਸਿੱਖ ਸ਼੍ਰੋਮਣੀ ਅਕਾਲੀ ਦਲ ਨਾਲ ਨਸਲੀ ਸਾਂਝ ਦੀ ਸੋਝੀ ਰੱਖਦੇ ਰਹੇ ਹਨ। 1966 ਵਿਚ ਪੰਜਾਬ ਦੇ ਮੁੜ ਗਠਨ ਤੋਂ ਬਾਅਦ ਪਾਰਟੀ ਸੂਬੇ ਦੇ ਖੇਤੀ ਹਿੱਤਾਂ ਦੀ ਪਹਿਰੇਦਾਰ ਬਣ ਕੇ ਵੀ ਉੱਭਰੀ ਜਿਸ ਕਰ ਕੇ ਇਸ ਦੀ ਮੋਹਰੀ ਪੁਜ਼ੀਸ਼ਨਾਂ ਉੱਪਰ ਜੱਟਾਂ ਦੀ ਖੇਤੀਬਾੜੀ, ਅਮੀਰ, ਜ਼ਿਮੀਂਦਾਰ ਜਾਤ ਤੋਂ ਆਉਣ ਵਾਲੇ ਲੋਕ ਕਾਬਜ਼ ਹੋ ਗਏ।
ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦੀ ਸਫਲਤਾ ਇਸ ਦੀ ਪੰਜਾਬ ਦੇ ਖੇਤਰ, ਭਾਈਚਾਰਕ ਅਤੇ ਜਮਾਤੀ/ਜਾਤੀ ਸਿਆਸਤ ਦੇ ਕੰਡਿਆਲੇ ਰਾਹਾਂ ‘ਚੋਂ ਲੰਘ ਜਾਣ ਦੀ ਕਾਬਲੀਅਤ ਵਿਚ ਪਈ ਹੈ ਜਿਸ ਸਦਕਾ ਇਹ ਖੇਤਰੀ ਤੌਰ ‘ਤੇ ਦਮਦਾਰ ਖਿਡਾਰੀ ਦੇ ਰੂਪ ਵਿਚ ਉੱਭਰੀ। ਉਦੋਂ ਵੀ ਜਦੋਂ ਇਸ ਦੀ ਲੀਡਰਸ਼ਿਪ ਨੇ ਪੰਥਕ ਮੁੱਦਿਆਂ ਨੂੰ ਜ਼ੋਰ-ਸ਼ੋਰ ਨਾਲ ਉਭਾਰਨ ਦਾ ਰਾਹ ਚੁਣਿਆ ਤਾਂ ਵੀ ਇਸ ਨੂੰ ਫ਼ਿਰਕੂ ਜਾਂ ਤੰਗਨਜ਼ਰ ਪਾਰਟੀ ਗਰਦਾਨਣਾ ਔਖਾ ਸੀ। ਵੱਖ-ਵੱਖ ਸਮਿਆਂ ‘ਤੇ ਰਹੇ ਇਸ ਦੇ ਭਿਆਲਾਂ ਵਿਚ ਕਮਿਊਨਿਸਟ ਪਾਰਟੀਆਂ ਤੋਂ ਲੈ ਕੇ ਭਾਰਤੀ ਜਨ ਸੰਘ ਅਤੇ ਭਾਰਤੀ ਜਨਤਾ ਪਾਰਟੀ ਸ਼ਾਮਿਲ ਰਹੀਆਂ ਹਨ। ਇਸ ਦੀ ਲੀਡਰਸ਼ਿਪ ਦੀ ਸ਼ੁਰੂਆਤੀ ਪੀੜ੍ਹੀ ਕਾਂਗਰਸ ਦੇ ਅੰਦਰ ਅਤੇ ਨਾਲੋ-ਨਾਲ ਕੰਮ ਕਰਦੀ ਰਹੀ ਸੀ। ਇਵੇਂ ਹੀ ਜਾਤ ਅਤੇ ਜਮਾਤ ਦੇ ਲਿਹਾਜ਼ ਤੋਂ ਇਸ ਦਾ ਸਮਾਜਿਕ ਆਧਾਰ ਛੋਟਾ ਹੋਣ ਦੇ ਬਾਵਜੂਦ ਇਹ ਸਿੱਖ ਭਾਈਚਾਰੇ ਦੇ ਸਾਰੇ ਤਬਕਿਆਂ ਨਾਲ ਜੁੜੀ ਰਹੀ ਹੈ। ਇੱਥੋਂ ਤੱਕ ਕਿ ਪੰਜਾਬ ਦੇ ਕੁਝ ਗ਼ੈਰ-ਸਿੱਖ ਵੀ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਵੋਟਾਂ ਪਾਉਂਦੇ ਰਹੇ ਹਨ।
ਇੱਕ ਹੋਰ ਢੰਗ ਨਾਲ ਵੀ ਸ਼੍ਰੋਮਣੀ ਅਕਾਲੀ ਦਲ ਮੁੱਖਧਾਰਾ ਦੇ ਸਿਆਸੀ ਕਲਚਰ ਦਾ ਹਿੱਸਾ ਰਿਹਾ ਹੈ। ਕਈ ਹੋਰ ਖੇਤਰੀ ਪਾਰਟੀਆਂ ਵਾਂਗ ਹੀ ਪਿਛਲੇ ਕੁਝ ਅਰਸੇ ਤੋਂ ਇਸ ਅੰਦਰ ਵੀ ਇੱਕ ਪਰਿਵਾਰ, ਭਾਵ, ਬਾਦਲਾਂ ਦਾ ਦਬਦਬਾ ਕਾਇਮ ਹੋ ਗਿਆ ਅਤੇ ਇਹ ਅੰਦਰੂਨੀ ਕਲੇਸ਼ਾਂ ਤੇ ਧੜੇਬੰਦੀਆਂ ਦਾ ਸ਼ਿਕਾਰ ਹੁੰਦੀ ਰਹੀ ਹੈ। ਪਿਛਲੇ 50 ਸਾਲਾਂ ਦੌਰਾਨ ਇਸ ਦੇ ਬਹੁਤ ਸਾਰੇ ਸੀਨੀਅਰ ਆਗੂ ਪਾਰਟੀ ਤੋਂ ਵੱਖ ਹੋ ਚੁੱਕੇ ਹਨ ਅਤੇ ਆਪਣੇ ਵੱਖਰੇ ਸ਼੍ਰੋਮਣੀ ਅਕਾਲੀ ਦਲ ਕਾਇਮ ਕਰ ਚੁੱਕੇ ਹਨ; ਇਹ ਸਾਰੇ ਅਮੂਮਨ ਆਪਣੇ ਆਪ ਨੂੰ ਰੈਡੀਕਲ ਪੰਥਕ ਬਦਲ ਵਜੋਂ ਪੇਸ਼ ਕਰਦੇ ਰਹੇ ਹਨ ਪਰ ਇਨ੍ਹਾਂ ਦੀ ਸਿਆਸੀ ਅਪੀਲ ਬਹੁਤੀ ਦੇਰ ਕਾਇਮ ਨਾ ਰਹਿ ਸਕੀ। ਪਿਛਲੇ ਕਰੀਬ ਤਿੰਨ ਦਹਾਕਿਆਂ ਤੋਂ ਮੁੱਖ ਤੌਰ ‘ਤੇ ਬਾਦਲ ਧੜੇ ਦੀ ਅਗਵਾਈ ਵਾਲੇ ਅਕਾਲੀ ਦਲ ਦਾ ਹੀ ਦਬਦਬਾ ਬਣਿਆ ਰਿਹਾ ਹੈ।
ਉਂਝ, ਹੁਣ ਇਸ ਦਾ ਹਾਲ ਪੁਰਾਣੇ ਟੋਪ ਵਰਗਾ ਹੋ ਗਿਆ ਜਾਪਦਾ ਹੈ। ਇਸ ਸਮੇਂ ਸ਼੍ਰੋਮਣੀ ਅਕਾਲੀ ਦਲ ਨੂੰ ਜੋ ਚੁਣੌਤੀਆਂ ਦਰਪੇਸ਼ ਹਨ, ਉਨ੍ਹਾਂ ਦੀ ਕੋਈ ਨਜ਼ੀਰ ਨਹੀਂ ਮਿਲਦੀ। ਬਾਦਲ ਪਰਿਵਾਰ ਦੀ ਜਕੜ ਵਧਦੀ ਜਾਣ ਕਰ ਕੇ ਪਾਰਟੀ ਦੇ ਕੇਡਰ ਆਧਾਰ ਅਤੇ ਜਥੇਬੰਦਕ ਢਾਂਚੇ ਨੂੰ ਖ਼ੋਰਾ ਲੱਗਣ ਲੱਗ ਪਿਆ। ਇਸ ਦਾ ਸ਼੍ਰੋਮਣੀ ਅਕਾਲੀ ਦਲ ਉੱਪਰ ਭਾਵੇਂ ਕੰਟਰੋਲ ਕਾਇਮ ਹੈ ਪਰ ਸਿੱਖ ਅਵਾਮ ਅੰਦਰ ਇਸ ਦੀ ਅਪੀਲ ਲਗਾਤਾਰ ਮਾਂਦ ਪੈ ਰਹੀ ਹੈ।
ਇਹ ਧਾਰਨਾ ਭਾਰੂ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਜਾਣਬੁੱਝ ਕੇ ਚੁਣਾਵੀ ਗਿਣਤੀਆਂ-ਮਿਣਤੀਆਂ ਨੂੰ ਪੰਥਕ ਭਾਵਨਾਵਾਂ ਅਤੇ ਮੁੱਦਿਆਂ ਨਾਲੋਂ ਮੂਹਰੇ ਰੱਖਿਆ ਹੈ। 2024 ਦੀਆਂ ਲੋਕ ਸਭਾ ਚੋਣਾਂ ਵਿਚ ਦੋ ‘ਕੱਟੜ` ਸਿੱਖ ਉਮੀਦਵਾਰਾਂ ਦੀ ਜਿੱਤ ਅਕਾਲੀ ਦਲ ਲਈ ਸਪੱਸ਼ਟ ਇਸ਼ਾਰਾ ਸੀ ਕਿ ਆਮ ਸਿੱਖ ਹੁਣ ਆਪਣੇ ਧਾਰਮਿਕ ਤੇ ਭਾਈਚਾਰਕ ਖ਼ਦਸ਼ਿਆਂ ਲਈ ਇਸ `ਤੇ ਭਰੋਸਾ ਨਹੀਂ ਕਰ ਰਹੇ।
ਆਪਣੇ ਚੁਣਾਵੀ ਘੇਰੇ ਨੂੰ ਵਿਆਪਕ ਕਰਨ ਲਈ ਬਾਦਲਾਂ ਦੀ ਅਗਵਾਈ ਵਾਲੇ ਅਕਾਲੀ ਦਲ ਨੇ ਸਿਰਫ਼ ਸਿੱਖ ਪਾਰਟੀ ਹੋਣ ਤੋਂ ਕਿਨਾਰਾ ਕੀਤਾ ਹੈ ਤੇ ਆਪਣੀ ਮੈਂਬਰਸ਼ਿਪ ਸਾਰੇ ਪੰਜਾਬੀਆਂ ਲਈ ਖੋਲ੍ਹ ਦਿੱਤੀ ਹੈ। ਹਾਲਾਂਕਿ ਇਸ ਚੀਜ਼ ਦਾ ਕੋਈ ਬਹੁਤਾ ਸਬੂਤ ਨਹੀਂ ਹੈ ਕਿ ਅਜਿਹੀ ‘ਧਰਮ ਨਿਰਪੱਖ ਖੇਤਰਵਾਦੀ` ਪਹੁੰਚ ਦਾ ਰਾਜ ਦੇ ਗ਼ੈਰ-ਸਿੱਖਾਂ `ਤੇ ਕੋਈ ਅਸਰ ਪਿਆ ਹੈ। ਇਸ ਦੇ ਉਲਟ, ਹਿੰਦੂ ਰਾਸ਼ਟਰਵਾਦੀ ਪਾਰਟੀ ਭਾਜਪਾ ਨਾਲ ਅਕਾਲੀ ਦਲ ਦੀ ਲੰਮੀ ਭਿਆਲੀ ਨੇ ਕੇਵਲ ਇਸ ਦੀ ਸੰਘਵਾਦੀ ਪਛਾਣ ਨੂੰ ਫਿੱਕਾ ਹੀ ਪਾਇਆ ਹੈ।
ਅਕਾਲੀ ਦਲ ਦੇ ਸਮਾਜਿਕ ਤੇ ਸਿਆਸੀ ਆਧਾਰ ਨੂੰ ਸ਼ਾਇਦ ਸਭ ਤੋਂ ਵੱਡਾ ਝਟਕਾ ਇਸ ਦੀ ਸਭ ਤੋਂ ਮਜ਼ਬੂਤ ਸਮਾਜਿਕ ਬੁਨਿਆਦ ਤੋਂ ਹੀ ਲੱਗਾ ਹੈ ਜੋ ਦਿਹਾਤੀ/ਖੇਤੀਬਾੜੀ ਹਲਕਾ ਹੈ। ਜਾਪਦਾ ਹੈ ਕਿ ਕਮਜ਼ੋਰ ਹੋ ਰਹੇ ਕੇਡਰ ਕਾਰਨ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦਾ ਖੇਤੀ ਅਰਥਚਾਰੇ ਦੇ ਉੱਭਰ ਰਹੇ ਸੰਕਟ ਨਾਲ ਸੰਪਰਕ ਟੁੱਟ ਚੁੱਕਾ ਹੈ।
ਨਰਿੰਦਰ ਮੋਦੀ ਸਰਕਾਰ ਦੇ ਲਿਆਂਦੇ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਕੌਮੀ ਰਾਜਧਾਨੀ ਦੀਆਂ ਹੱਦਾਂ ‘ਤੇ ਸਾਲ ਭਰ ਚੱਲੇ ਕਿਸਾਨ ਸੰਘਰਸ਼ ਵਿਚ ਇਹ ਦੇਖਿਆ ਵੀ ਗਿਆ ਸੀ। ਪੰਜਾਬੀ ਕਿਸਾਨਾਂ ‘ਚ ਵਧ ਰਹੇ ਗੁੱਸੇ ਦਾ ਸੇਕ ਮਹਿਸੂਸ ਕਰਨ ਤੋਂ ਬਾਅਦ ਹੀ ਅਕਾਲੀ ਆਗੂਆਂ ਨੇ ਇਨ੍ਹਾਂ ਕੇਂਦਰੀ ਕਾਨੂੰਨਾਂ ‘ਤੇ ਇਤਰਾਜ਼ ਜਤਾਇਆ ਸੀ। ਇਸ ਤੋਂ ਪਹਿਲਾਂ ਮੋਦੀ ਸਰਕਾਰ ਜਿਨ੍ਹਾਂ ‘ਸੁਧਾਰਾਂ‘ ਉੱਤੇ ਕੰਮ ਕਰ ਰਹੀ ਸੀ, ਉਸ ਪੂਰੀ ਪ੍ਰਕਿਰਿਆ ਦਾ ਇਹ ਹਿੱਸਾ ਸਨ। ਪਾਰਟੀ ਵੱਲੋਂ ਐੱਨਡੀਏ ਸਰਕਾਰ ਛੱਡਣ ਦੇ ਫ਼ੈਸਲੇ ਨਾਲ ਵੀ ਗੁਆਚਿਆ ਭਰੋਸਾ ਬਹਾਲ ਨਹੀਂ ਹੋ ਸਕਿਆ। ਪਾਰਟੀ ਦਾ ਵੋਟ ਸ਼ੇਅਰ ਘਟਣ ਵਿਚੋਂ ਵੀ ਇਸ ਦੀ ਝਲਕ ਪੈਂਦੀ ਰਹੀ ਜੋ ਪਹਿਲਾਂ ਨਾਲੋਂ ਅੱਧੇ ਤੋਂ ਵੀ ਘੱਟ ਰਹਿ ਗਿਆ।
ਭਾਰਤ ਦੇ ਸਿਆਸੀ ਭੂ-ਦ੍ਰਿਸ਼ ਵਿਚ ਪੰਜਾਬ ਹਮੇਸ਼ਾ ਤੋਂ ਗ਼ੈਰ ਰਿਹਾ ਹੈ। ਇਸ ਦੀ ਸਿਆਸੀ ਬਣਤਰ ਮੁਕਾਮੀ ਪ੍ਰਸੰਗ ਅਤੇ ਇਤਿਹਾਸ ‘ਚੋਂ ਨਿਕਲੀ ਹੈ, ਕੋਈ ‘ਕੌਮੀ ਮਿਜ਼ਾਜ‘ ਇਸ ਨੂੰ ਆਕਾਰ ਨਹੀਂ ਦੇ ਸਕਿਆ। ਭਾਰਤੀ ਸੰਘ ਵਿਚ ਪੰਜਾਬ ਭਾਵੇਂ ਕੋਈ ਇਕੱਲਾ ਸੂਬਾ ਨਹੀਂ ਹੈ ਜਿੱਥੇ ਖੇਤਰੀ ਪਛਾਣ ਦਾ ਠੋਸ ਆਧਾਰ ਹੈ ਤੇ ਜਿਸ ਦੀ ਆਪਣੀ ਖੇਤਰੀ ਪਾਰਟੀ ਹੈ। ਰਾਜ ਦੀ ਖੇਤਰੀ ਸਿਆਸਤ ਦਾ ਵੱਖਰਾ ਰੰਗ ਹੈ।
ਸ਼੍ਰੋਮਣੀ ਅਕਾਲੀ ਦਲ ਸੂਬੇ ਦੇ ਖੇਤਰੀ ਜਜ਼ਬਿਆਂ ਦੀ ਨੁਮਾਇੰਦਗੀ ਕਰਨ ਵਾਲਾ ਸਭ ਤੋਂ ਅਹਿਮ ਪਾਤਰ ਰਿਹਾ ਹੈ। ਅੱਜ ਇਹ ਚੁਰਾਹੇ ‘ਤੇ ਖੜ੍ਹਾ ਜਾਪਦਾ ਹੈ ਜੋ ਬੇਮਿਸਾਲ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਇਹ ਸੰਕਟ ਜ਼ਿਆਦਾਤਰ ਇਸ ਦੀ ਸਿੱਖ ਭਾਈਚਾਰੇ, ਪੰਜਾਬੀ ਸਮਾਜ ਤੇ ਸ਼ਾਇਦ ਸਭ ਤੋਂ ਮਹੱਤਵਪੂਰਨ, ਖੇਤਰ ਦੇ ਖੇਤੀ ਅਰਥਚਾਰੇ ਦੇ ਬਦਲ ਰਹੇ ਫ਼ਿਕਰਾਂ ਨੂੰ ਸਮਝਣ ਦੀ ਅਯੋਗਤਾ ਵਿਚੋਂ ਪੈਦਾ ਹੋਇਆ ਹੈ।
ਰਵਾਇਤੀ ਹਲਕਿਆਂ ਅੰਦਰ ਇਸ ਦਾ ਆਧਾਰ ਫਿੱਕਾ ਪੈਣ ਦੇ ਖੇਤਰ ਦੀ ਅਸਲ ਪਛਾਣ ਅਤੇ ਰੀਝਾਂ ਉੱਤੇ ਕੀ ਅਸਰ ਪੈਣਗੇ? ਇਹ ਪੜਾਅ ਦੇਖਣ ਵਾਲਾ ਹੋਵੇਗਾ।