ਮਨ ਤੂੰ ਜੋਤਿ ਸਰੂਪੁ ਹੈ

ਡਾæ ਗੁਰਨਾਮ ਕੌਰ, ਕੈਨੇਡਾ
ਪਿਛਲੇ ਲੇਖ ਵਿਚ ਸਿੱਖ ਨੈਤਿਕ ਸ਼ਾਸਤਰ ਅਨੁਸਾਰ ਸਦਾਚਾਰਕ ਆਦਰਸ਼ ਦੀ ਗੱਲ ਕੀਤੀ ਸੀ ਪਰ ਇਸ ਵਿਸ਼ੇ ਵਿਚ ਅੱਗੇ ਵਧਣ ਤੋਂ ਪਹਿਲਾਂ ਇੱਕ ਨੁਕਤਾ ਸਪੱਸ਼ਟ ਕਰਨ ਦੀ ਜ਼ਰੂਰਤ ਹੈ। ਹੁਣ ਤੱਕ ਅਸੀਂ ਸਦਾਚਾਰਕ ਆਦਰਸ਼ ਨੂੰ ਆਤਮ-ਅਨੁਭਵ ਕਹਿੰਦੇ ਆਏ ਹਾਂ, ਪ੍ਰੰਤੂ ਇਥੇ ਪ੍ਰਸ਼ਨ ਉਠਾਇਆ ਜਾ ਸਕਦਾ ਹੈ ਕਿ ਕੀ ਨੈਤਿਕਤਾ ਵਿਚ ਸਾਡਾ ਸਬੰਧ, ਸਮੁੱਚੇ ਆਤਮ ਦੇ ਅਨੁਭਵ ਨਾਲ ਚੇਤਨਤਾ, ਮੋਹ ਅਤੇ (ਸੰਕਲਪ-ਭਾਵਨਾ) ਇੱਛਾ ਦੇ ਅਰਥਾਂ ਨਾਲ ਸਬੰਧਤ ਹੈ, ਜਾਂ ਕੀ ਅਸੀਂ ਸਿਰਫ ਸੰਕਲ-ਭਾਵਨਾ (ਇੱਛਾ) ਨਾਲ ਸਬੰਧਤ ਹਾਂ? ਪ੍ਰਸ਼ਨ ਜ਼ਰੂਰੀ ਵੀ ਹੈ ਅਤੇ ਢੁੱਕਵਾਂ ਵੀ ਹੈ। ਐਫ਼ਐਚ ਬਰੈਡਲੇ ਨੇ ਆਪਣੀ ‘ਐਥੀਕਲ ਸਟੱਡੀਸ’ ਵਿਚ ਇਸੇ ਤਰ੍ਹਾਂ ਦਾ ਪ੍ਰਸ਼ਨ ਉਠਾਇਆ ਹੈ। ਇਹ ਤੱਥ ਕਿ ਬਰੈਡਲੇ ਦੇ ਕੇਸ ਵਿਚ ਆਤਮ-ਅਨੁਭਵ ਉਸ ਨਾਲੋਂ ਵੱਖਰਾ ਹੈ ਜਿਨ੍ਹਾਂ ਅਰਥਾਂ ਵਿਚ ਅਸੀਂ ਇਸ ਦਾ ਵਿਸ਼ਲੇਸ਼ਣ ਕਰਦੇ ਆ ਰਹੇ ਹਾਂ, ਇਸ ਪ੍ਰਸ਼ਨ ਦੀ ਜ਼ਰੂਰਤ ਤੇ ਕੋਈ ਅਸਰ ਨਹੀਂ ਪਾਉਂਦਾ।
ਸਾਡੇ ਲਈ ਇੱਥੇ ਫ਼ੈਸਲਾ ਕਰਨ ਵਾਲਾ ਨੁਕਤਾ ਇਹ ਹੈ ਕਿ ਕੀ ਆਤਮ ਅੰਦਰ ਗਿਆਨ, ਮੋਹ, ਸੰਕਲਪ-ਭਾਵਨਾ ਵਿਚ ਫ਼ਰਕ ਮਾਨਸਿਕ ਹਿੱਸਿਆਂ ਜਾਂ ਪਰਭਾਗ ਦੇ ਤੌਰ ‘ਤੇ ਨਹੀਂ, ਪ੍ਰੰਤੂ ਮਾਨਸਿਕ ਪਹਿਲੂਆਂ ਦੇ ਪੱਖ ਤੋਂ ਕੀਤਾ ਜਾ ਸਕਦਾ ਹੈ? ਅਤੇ ਜੇ ਫ਼ਰਕ ਦ੍ਰਿਸ਼ਟੀਗੋਚਰ ਹੁੰਦਾ ਹੈ, ਤਾਂ ਕੀ ਸਾਨੂੰ ਮੰਨਣਾ ਚਾਹੀਦਾ ਹੈ ਕਿ ਸਦਾਚਾਰਕਤਾ ਵਿਚ ਆਤਮ ਅਨੁਭਵ ਦਾ ਅਰਥ ਹੈ ਆਦਰਸ਼ਕ ਸੰਕਲਪ-ਭਾਵਨਾ ਜਾਂ ਸਰਬ-ਵਿਆਪਕ ਸੰਕਲਪ-ਭਾਵਨਾ, ਜੋ ਕਿ ਸਦਾਚਾਰਕਤਾ ਵਾਸਤੇ ਸਰਬ-ਵਿਆਪਕ ਨਜ਼ਰੀਏ ਦਾ ਅਨੁਭਵ ਹੋਵੇਗਾ। ਨੈਤਿਕ ਚੇਤਨਤਾ ਵੱਜੋਂ ਇਸ ਦਾ ਉਤਰ ਸਪੱਸ਼ਟ ਤੌਰ ‘ਤੇ ਹਾਂ-ਵਾਚਕ ਹੋਵੇਗਾ। ਇਥੇ ਅਸੀਂ ਇੱਕ ਵਾਰ ਫਿਰ ਬਰੈਡਲੇ ਨਾਲ ਸਹਿਮਤ ਹੋ ਸਕਦੇ ਹਾਂ ਕਿ ‘ਇਹ ਆਤਮ ਅਨੁਭਵ ਸਾਰੇ ਨੁਕਤਾ-ਨਿਗਾਹ ਤੋਂ ਨਹੀਂ ਹੈ, ਭਾਵੇਂ ਸਾਰੇ ਆਤਮ-ਅਨੁਭਵ ਨੂੰ ਇਸ ਇੱਕ ਨਜ਼ਰੀਏ ਤੋਂ ਦੇਖਿਆ ਜਾ ਸਕਦਾ ਹੈ, ਕਿਉਂਕਿ ਇਸ ਸਾਰੇ ਵਿਚ ਸੰਕਲਪ-ਭਾਵਨਾ ਸ਼ਾਮਲ ਹੈ, ਅਤੇ ਜਿਥੋਂ ਤੱਕ ਸੰਕਲਪ-ਭਾਵਨਾ ਠੀਕ ਹੈ, ਸਹੀ ਹੈ, ਉਥੋਂ ਤੱਕ ਹੀ ਅਨੁਭਵ ਨੈਤਿਕ ਹੈ।’
ਇਹ ਪਹਿਲਾਂ ਵੀ ਜ਼ਿਕਰ ਆ ਚੁੱਕਾ ਹੈ ਕਿ ਨੈਤਿਕਤਾ ਦਾ ਸਬੰਧ ਸੰਕਲਪ-ਭਾਵਨਾ ਨਾਲ ਹੈ। ਇਸ ਦੀ ਪ੍ਰੋੜਤਾ ਨੈਤਿਕ ਚੇਤਨਤਾ ਦੇ ਤੱਥ ਵਜੋਂ ਕੀਤੀ ਗਈ ਹੈ। ਇਸ ਲਈ ਕੋਈ ਵੀ ਸਿਧਾਂਤ, ਜਿਸ ਨੂੰ ਸਹੀ ਅਰਥਾਂ ਵਿਚ ਨੈਤਿਕ ਕਿਹਾ ਜਾ ਸਕਦਾ ਹੈ, ਨੂੰ ਆਪਣੇ ਆਪ ਨੂੰ ਸੰਕਲਪ-ਭਾਵਨਾ ਨਾਲ ਜੋੜਨਾ ਪਵੇਗਾ ਅਰਥਾਤ ਇੱਛਾ ਨਾਲ ਜੋੜਨਾ ਪਵੇਗਾ। ਭਾਵੇਂ ਇਹ ਮੰਨਿਆ ਜਾ ਸਕਦਾ ਹੈ ਕਿ ਅਨੁਭਵ ਸਮੁੱਚੇ ਆਤਮ ਦਾ ਅਨੁਭਵ ਹੈ, ਅਤੇ ਗਿਆਨ ਅਤੇ ਮੋਹ ਨੂੰ ਇਸ ਵਿਕਾਸਸ਼ੀਲ ਅਨੁਭਵ ਵਿਚੋਂ ਛੱਡਿਆ ਨਹੀਂ ਜਾ ਸਕਦਾ (ਅਰਥਾਤ ਇਸ ਵਿਚ ਗਿਆਨ ਅਤੇ ਮੋਹ ਵੀ ਸ਼ਾਮਲ ਹਨ)। ਪ੍ਰੰਤੂ ਸੰਕਲਪ-ਭਾਵਨਾ ਨੂੰ ਇੱਕ ਨਿਹਾਇਤ ਜ਼ਰੂਰੀ ਤੱਥ ਮੰਨਣਾ ਹੀ ਇਸ ਇਸ ਗੱਲ ਦਾ ਫੈਸਲਾ ਕਰਦਾ ਹੈ ਕਿ ਕਿਸੇ ਸਿਧਾਂਤ ਦਾ ਨੈਤਿਕਤਾ ਵਿਚ ਯੋਗ ਸਥਾਨ ਹੈ ਜਾਂ ਨਹੀਂ। ਇਹ ਤੱਥ ਹੈ ਜੋ ਸਿੱਖ ਧਰਮ ਨੂੰ ਆਤਮ-ਅਨੁਭਵ ਵਿਚ ਪ੍ਰਮੁੱਖ ਤੌਰ ‘ਤੇ ਇੱਕ ਸਹੀ ਨੈਤਿਕ ਪਹੁੰਚ ਬਣਾਉਂਦਾ ਹੈ, ਕਿਉਂਕਿ ਸੰਕਲਪ-ਭਾਵਨਾ ਦਾ ਸੁਭਾ ਆਤਮ ਦੀ ਸਹੀ ਦਸ਼ਾ ਨੂੰ ਨਿਰਧਾਰਤ ਕਰਨ ਵਾਲਾ ਕੇਂਦਰੀ ਤੱਥ ਹੈ।
ਮਨਮੁਖ ਉਹ ਆਤਮ ਹੈ ਜੋ ਤੰਗ ਨਿੱਜਵਾਦੀ ਸੰਕਲਪ-ਭਾਵਨਾ ਰਾਹੀਂ ਚਿੱਤ੍ਰਿਤ ਹੈ (ਅਰਥਾਤ ਆਪਣੇ ਮਨ ਦੀ ਇੱਛਾ ਅਨੁਸਾਰ ਚੱਲਣ ਵਾਲਾ ਮਨਮੁੱਖ ਹੈ), ਜੋ ਗੁਰਮੁਖ ਦੇ ਬਿਲਕੁਲ ਵਿਪਰੀਤ ਹੈ ਜਿਸ ਦੀ ਸੰਕਲਪ-ਭਾਵਨਾ ਸਰਬ-ਵਿਆਪਕ ਸੰਕਲਪ-ਭਾਵਨਾ ਨਾਲ ਇੱਕ-ਸੁਰ ਹੈ (ਗੁਰਮੁਖ ਗੁਰੂ ਦੀ ਸਿੱਖਿਆ ਤੇ ਅਮਲ ਕਰਨ ਵਾਲਾ ਰੱਬੀ ਹੁਕਮ ਅਨੁਸਾਰ ਚੱਲਦਾ ਹੈ)। ਇਥੇ ਅਸੀਂ ਇਸ ਸਮੱਸਿਆ ਦੇ ਵਿਸ਼ਲੇਸ਼ਣ ਵੱਲ ਵੀ ਸੰਕੇਤ ਕਰ ਸਕਦੇ ਹਾਂ ਕਿ ਆਤਮ-ਅਨੁਭਵ ਕਿਵੇਂ ਕਰਨਾ ਹੈ (ਕਿਵ ਸਚਿਆਰਾ ਹੋਵੀਐ) ਜਿਸ ਤੱਥ ਵੱਲ ਆਦਰਸ਼ ਦੇ ਤੌਰ ‘ਤੇ ਪਹਿਲਾਂ ਵੀ ਕਈ ਵਾਰ ਇਸ਼ਾਰਾ ਕੀਤਾ ਜਾ ਚੁੱਕਾ ਹੈ। ਇਸ ਪ੍ਰਸ਼ਨ ਦੇ ਉਤਰ ਵੱਲ ਨਿਰਦੇਸ਼ ਪਹਿਲਾਂ ਨਹੀਂ ਸੀ ਕੀਤਾ ਗਿਆ ਕਿਉਂ ਕਿ ਉਦੋਂ ਮੁੱਖ ਵਾਸਤਾ ਆਦਰਸ਼ਕ ਆਤਮ ਨਾਲ ਸੀ। ਗੁਰੂ ਨਾਨਕ ਇਸ ਪ੍ਰਸ਼ਨ ਦੇ ਉਤਰ ਵਿਚ ਕਿ ਆਤਮ ਦਾ ਅਨੁਭਵ ਕਿਵੇਂ ਕੀਤਾ ਜਾ ਸਕਦਾ ਹੈ ਕਹਿੰਦੇ ਹਨ, “ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲਿ” ਅਰਥਾਤ ਹੁਕਮ ਅਨੁਸਾਰ ਕਰਮ ਕਰਨਾ ਜੋ ਕਿ ਮਨੁੱਖ ਦੇ ਅੰਦਰ ਨਿਹਿਤ ਹੈ। ਹੁਕਮ ਆਦੇਸ਼ਾਤਮਕ ਹੈ, ਇਹ ਭਾਣਾ ਹੈ। ਇਸ ਤੋਂ ਪਤਾ ਲਗਦਾ ਹੈ ਕਿ ਗੁਰੂ ਨਾਨਕ ਦੇਵ ਦਾ ਸੰਕੇਤ ਇਥੇ ਸੰਕਲਪ-ਭਾਵਨਾ ਨਾਲ ਹੈ, ਜਿਸ ਨੂੰ ਉਹ ਬੁਨਿਆਦੀ ਮੰਨਦੇ ਹਨ ਅਤੇ ਆਤਮ-ਅਨੁਭਵ ਲਈ ਇੱਕ ਮਹੱਤਵਪੂਰਨ ਕਸੌਟੀ ਮੰਨਦੇ ਹਨ। ਸੰਕਲਪ-ਭਾਵਨਾ ਮਨੁੱਖ ਦੀ ਕਰਨੀ ਵਿਚ ਪ੍ਰਗਟ ਹੁੰਦੀ ਹੈ, ਅਤੇ ਇਸ ਲਈ ਅਸੀਂ ਗੁਰਮੁਖ ਜਾਂ ਸਚਿਆਰੇ ਦੀ ਪਛਾਣ ਉਸ ਦੀ ਕਰਨੀ ਤੋਂ ਕਰਦੇ ਹਾਂ।
ਇਹ ਉਤਰ ਸਾਡੀ ਪਹਿਲੀ ਪੜਚੋਲ ਨੂੰ ਪੱਕਾ ਕਰਦਾ ਹੈ ਕਿ ਗੁਰੂ ਸਾਹਿਬਾਨ ਦੀ ਪਹੁੰਚ ਪ੍ਰਮੁਖ ਤੌਰ ‘ਤੇ ਨੈਤਿਕ ਸੀ। ਪ੍ਰੰਤੂ ਇਥੇ ਇਹ ਪ੍ਰਸ਼ਨ ਕੀਤਾ ਜਾ ਸਕਦਾ ਹੈ ਕਿ ਕੀ ਇਸ ਦਾ ਅਰਥ ਹੈ ਕਿ ਦੂਸਰੇ ਦੋ ਪੱਖਾਂ ਬੋਧ ਅਤੇ ਮੋਹ ਦਾ ਆਤਮ ਅਨੁਭਵ ਦੇ ਇਸ ਪ੍ਰੋਗਰਾਮ ਵਿਚ ਕੋਈ ਸਥਾਨ ਨਹੀਂ ਹੈ? ਜੇ ਇਹ ਅਵਸਥਾ ਹੁੰਦੀ ਤਾਂ, ਇਸ ਗੱਲ ਦੀ ਨੁਕਤਾਚੀਨੀ ਕੀਤੀ ਜਾਣੀ ਸੀ ਕਿ ਉਨ੍ਹਾਂ ਨੇ ਇੱਕੋ ਪੱਖ ਨੂੰ ਲਿਆ ਹੈ। ਪਰ ਅਸੀਂ ਦੇਖਿਆ ਹੈ ਕਿ ਜਪੁਜੀ ਵਿਚ ਹੁਕਮ ਨਾਲ ਸਬੰਧਤ ਪੜਚੋਲ ਵਿਚ ਇਸੇ ਪਦੇ ਵਿਚ, ਗੁਰੂ ਨਾਨਕ ਦੂਸਰੇ ਦੋ ਪੱਖ ਮਤਿ ਅਤੇ ਭਉ ਨੂੰ ਵੀ ਅਨੁਭਵ ਲਈ ਮੰਨਦੇ ਹਨ ਅਰਥਾਤ ਬੋਧ ਅਤੇ ਮੋਹ ਵੱਲ ਵੀ ਸੰਕੇਤ ਕਰਦੇ ਹਨ। ਇਸ ਤੋਂ ਇਸ ਤੱਥ ਵੱਲ ਇਸ਼ਾਰਾ ਮਿਲਦਾ ਹੈ ਕਿ ਭਾਵੇਂ ਨੈਤਿਕਤਾ ਵਾਸਤੇ ਸੰਕਲਪ-ਭਾਵਨਾ ਬੁਨਿਆਦੀ ਸਰੋਕਾਰ ਹੈ ਅਤੇ ਅਨੁਭਵ ਦੇ ਨਜ਼ਰੀਏ ਤੋਂ ਮਹੱਤਵਪੂਰਨ ਵੀ ਹੈ, ਅੰਤਮ ਵਿਸ਼ਲੇਸ਼ਣ ਵਿਚ ਆਤਮ-ਅਨੁਭਵ ਸਮੁੱਚੇ ਆਤਮ ਦਾ ਚਰਿੱਤਰ ਹੈ, ਉਸ ਦੇ ਇੱਕ ਪੱਖ ਦਾ ਨਹੀਂ ਅਤੇ ਕਿਉਂਕਿ ਕੁੱਝ ਵੀ ਬਾਹਰ ਨਹੀਂ ਰਹਿੰਦਾ ਇਸ ਲਈ ਆਤਮ ਇਸ ਨਜ਼ਰੀਏ ਤੋਂ ਕੰਗਾਲ ਨਹੀਂ ਹੈ। ਇਸ ਸੰਜੋਗ ਵਿਚ ਗੁਰੂ ਸਾਹਿਬਾਨ ਪ੍ਰੰਪਰਕ ਧਾਰਨਾ ਤੋਂ ਮੋੜ ਕੱਟਦੇ ਜਾਪਦੇ ਹਨ ਕਿ ਪੂਰਨ ਗਿਆਨ ਜਾਂ ਭਗਤੀ, ਜਾਂ ਸੁਹਜਾਤਮਕ ਸੰਚਾਰ ਹੀ ਕੇਵਲ ਅੰਤਮ ਅਨੁਭਵ ਦਾ ਸਾਧਨ ਹੈ (ਗੁਰਮਤਿ ਅਨੁਸਾਰ ਭਗਤੀ, ਗਿਆਨ ਅਤੇ ਕਰਮ ਤਿੰਨੇ ਹੀ ਮਹੱਤਵਪੂਰਨ ਅਤੇ ਲੋੜੀਂਦੇ ਹਨ)।
ਸ਼ਾਇਦ ਇਹ ਸੁਮੇਲ ਹੀ ਹੈ, ਜਿਸ ਵੱਲ ‘ਸਿੱਖ ਫਿਲਾਸਫੀ’ ਵਿਚ ਸਿੱਖ ਵਿਦਵਾਨ ਸ਼ੇਰ ਸਿੰਘ ਇਸ਼ਾਰਾ ਕਰਦੇ ਹਨ, “ਗੁਰੂ ਨਵਾਂ ਸੁਮੇਲ ਸਿਰਜਦੇ ਹਨ। ਉਹ ਗਿਆਨ ਨੂੰ ਅਮਲੀ ਜੀਵਨ ਬਣਾ ਕੇ ਅਦਵੈਤਵਾਦ ਨੂੰ ਦਰਸ਼ਨ ਵਜੋਂ ਲੈਂਦੇ ਹਨ।” ਭਾਵੇਂ ਇਸ ਸੁਮੇਲ ਨੂੰ ਅੰਤਮ ਵਿਸ਼ਲੇਸ਼ਣ ਵਿਚ ਪੂਰੀ ਤਰ੍ਹਾਂ ਨਹੀਂ ਲਿਆਂਦਾ ਗਿਆ। ਸ਼ੇਰ ਸਿੰਘ ਇਸ ਦੇ ਨਾਲ ਹੀ ‘ਸੁਹਜਾਤਮਕ ਅਹਿਸਾਸ ਜਾਂ ਸੰਚਾਰ’ ਵੱਲ ਵੀ ਇਸ਼ਾਰਾ ਕਰਦਾ ਹੈ, ਜਦੋਂ ਉਹ ਕਹਿੰਦਾ ਹੈ, “ਇਸ ਵਿਚ ਸ਼ਾਮਲ ਹੋਣ ਦਾ ਰਸਤਾ ਵਿਸਮਾਦ, ਸੁਹਜਾਤਮਕ ਅਹਿਸਾਸ ਵਿਚ ਹੈ।” ‘ਨਾਮ’ ਨੂੰ ਵਿਸਮਾਦ ਦੇ ਰੂਪ ਵਿਚ ਸਮਝਣ ਦੇ ‘ਸੁਹਜਾਤਮਕ ਅਨੁਭਵ ਜਾਂ ਸੰਚਾਰ’ ਦੇ ਅਰਥਾਂ ਵਿਚ ਦੱਸਣ ਦੇ ਬਾਵਜੂਦ ਸਾਰਾ ਮਾਮਲਾ ਮੋਹਕ ਜਾਪਦਾ ਹੈ ਅਤੇ ਸ਼ੇਰ ਸਿੰਘ ਸੁਮੇਲ ਨੂੰ ਉਭਾਰਨ ਵਿਚ ਅਸਫਲ ਰਹਿ ਜਾਂਦਾ ਹੈ। ਇਸ ਤਰ੍ਹਾਂ ਅਨੁਭਵ ਕੀਤਾ ਆਤਮ ਕਮਜ਼ੋਰ ਹੋ ਸਕਦਾ ਹੈ, ਇਸ ਵਿਚ ਵਾਧਾ ਇਹ ਹੈ ਕਿ ਇਸ ਤੱਥ ਦੇ ਬਾਵਜੂਦ ਕਿ ਉਸ ਨੇ ‘ਸੁਹਜਾਤਮਕ’ ਨੂੰ ਚੁਣਿਆ ਹੈ, ਇੱਕ ਤਰ੍ਹਾਂ ਨਾਲ ਸੰਕਲਪ-ਭਾਵਨਾ ਅਤੇ ਕਰਨੀ (ਹੁਕਮ ਅਤੇ ਕਾਰ) ‘ਤੇ ਜ਼ਿਆਦਾ ਜ਼ੋਰ ਨਹੀਂ ਦਿੱਤਾ ਜਾਪਦਾ।
ਸਿੱਖ ਧਰਮ ਦੇ ਵਿਦਵਾਨਾਂ ਵੱਲੋਂ ਆਤਮ ਅਨੁਭਵ ਲਈ ਸੰਕਲਪ-ਭਾਵਨਾ ਨੂੰ ਬੁਨਿਆਦੀ ਅਤੇ ਜ਼ਰੂਰੀ ਹਿੱਸਾ ਸਮਝਣ ਨੂੰ ਅੱਖੋਂ ਪਰੋਖੇ ਕਰਨ ਵਿਚ ਸ਼ਾਇਦ ਇਹ ਮੁਸ਼ਕਿਲ ਸੀ ਕਿ ਹੁਕਮ ਨੂੰ ਸਰਬ-ਵਿਆਪਕ ਸੰਕਲਪ-ਭਾਵਨਾ ਦੇ ਰੂਪ ਵਿਚ ਦੋ ਤਰ੍ਹਾਂ ਨਾਲ ਕਾਰਜਸ਼ੀਲ ਹੋਣਾ ਸਮਝਿਆ ਜਾ ਸਕਦਾ ਹੈ। ਪਹਿਲਾ ਇਸ ਨੂੰ ਆਤਮ ਤੇ ਬਾਹਰੋਂ ਕਾਰਜਸ਼ੀਲ ਹੋਣਾ ਸਮਝਿਆ ਜਾ ਸਕਦਾ ਹੈ ਜਿਵੇਂ “ਤੁਹਾਨੂੰ ਇਹ ਕਰਨਾ ਚਾਹੀਦਾ ਹੈ” ਜੋ ਕਿ ਧਰਮ-ਗ੍ਰੰਥਾਂ ਦੇ ਅਦੇਸ਼ਾਂ ਵਿਚ ਦੱਸਿਆ ਗਿਆ ਹੈ। ਇਸ ਅਰਥ ਵਿਚ ਨੈਤਿਕ ਜਾਂ ਸਦਾਚਾਰਕ ਪੱਧਰ ਇੱਕ ਆਦਰਸ਼ ਅਤੇ ਅਛਾਈ ਨਾ ਹੋ ਕੇ ਬਾਹਰੀ ਕਾਨੂੰਨ ਜਾਂ ਨਿਯਮ ਹੋਵੇਗਾ (ਨਿਯਮ ਸਿਰਫ ਖ਼ਾਸ ਗ੍ਰੰਥ ਰਾਹੀਂ ਦੱਸਿਆ ਹੋਇਆ)। ਨਤੀਜੇ ਵਜੋਂ ਨੈਤਿਕ ਸਿਧਾਂਤ ਨੂੰ ਤਾਨਾਸ਼ਾਹੀ ਮੰਨਿਆ ਜਾਵੇਗਾ। ਕੋਈ ਵੀ ਅਮਲ ਤਾਂ ਹੀ ਠੀਕ ਮੰਨਿਆ ਜਾਵੇਗਾ ਜੇ ਬਾਹਰੋਂ ਲਾਗੂ ਕੀਤੇ ਨੈਤਿਕ ਨਿਯਮ ਅਨੁਸਾਰ ਹੋਵੇਗਾ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕੁਝ ਬੰਦਾਂ ਨੂੰ ਜੇ ਸੰਦਰਭ ਵਿਚੋਂ ਇਕੱਲੇ ਕੱਢ ਕੇ ਵਾਚਿਆ ਜਾਵੇਗਾ ਤਾਂ ‘ਹੁਕਮ’ ਦੇ ਅਰਥਾਂ ਨੂੰ ਸਮਝਣ ਵਿਚ ਗਲਤੀ ਲੱਗ ਸਕਦੀ ਹੈ। ਦੂਸਰੇ ਅਤੇ ਸਹੀ ਅਰਥਾਂ ਵਿਚ ਸਿੱਖ ਧਰਮ ਅਨੁਸਾਰ ‘ਹੁਕਮ’ ਜਾਂ ਸੰਕਲਪ-ਭਾਵਨਾ ਆਤਮ ਦਾ ਅੰਦਰੂਨੀ ਅਮਲ ਹੈ, ਜਿਸ ਨੂੰ ਜਿਵੇਂ ਉਪਰ ਦੱਸਿਆ ਹੈ, ਗੁਰੂ ਨਾਨਕ ਸਾਹਿਬ ਨੇ ‘ਲਿਖਿਆ ਨਾਲਿ’ ਕਿਹਾ ਹੈ, ਬਾਹਰੋਂ ਲੱਦਿਆ ਅਮਲ ਨਹੀਂ। ਇਸੇ ਨੂੰ ਸਪੱਸ਼ਟ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਪ੍ਰੰਤੂ ਇਸ ਤੋਂ ਪਹਿਲਾਂ ਕਿ ‘ਹੁਕਮ’ ਆਤਮ ਦੇ ਅੰਦਰ ਹਿਤ ਹੈ, ਇਸ ਦੀ ਪ੍ਰੋੜਤਾ ਬਾਣੀ ਵਿਚੋਂ ਕਰੀਏ, ਅਤੇ ਇਸ ਨੂੰ ਅਨੁਭਵ ਕਰਨ ਲਈ, ਮਨੁੱਖ ਨੂੰ ਬਾਹਰੋਂ ਹਦਾਇਤ ਨਹੀਂ ਕੀਤੀ ਜਾਂਦੀ, ਸਗੋਂ ਉਹ ਆਤਮ ਅਨੁਭਵ ਕਰਨ ਲਈ ਅੱਗੇ ਵਧਦਾ ਹੈ, ਇੱਥੇ ਇੱਕ ਪ੍ਰਸ਼ਨ ਪੁੱਛਿਆ ਜਾ ਸਕਦਾ ਹੈ।
ਪ੍ਰਸ਼ਨ ਹੈ ਕਿ ਕੀ ਆਤਮ ਅੰਦਰ ਦੈਵੀ ਅੰਸ਼ ਉਸ ਦਾ ਅਟੁੱਟ ਹਿੱਸਾ ਹੈ, ਜੋ ਆਪਣੇ ਤੱਤ-ਰੂਪ ਵਿਚ ਹੁਕਮ ਨਾਲੋਂ, ਸਰਬ-ਵਿਆਪਕ ਸੰਕਲਪ-ਭਾਵਨਾ ਨਾਲੋਂ ਵੱਖਰਾ ਨਾ ਹੋਵੇ, ਅਤੇ ਇਸ ਲਈ ਹੁਕਮ ਦਾ ਅਨੁਭਵ ਆਤਮ ਅਨੁਭਵ ਨਾਲੋਂ ਕਿਸੇ ਤਰ੍ਹਾਂ ਵੀ ਵੱਖਰਾ ਨਾ ਹੋਵੇ। ਬੇਸ਼ਕ ਇਥੇ ਇਹ ਵੀ ਜੋੜਿਆ ਜਾ ਸਕਦਾ ਹੈ ਕਿ ਆਤਮ ਜਿਸ ਨੂੰ ਪੂਰੀ ਤਰ੍ਹਾਂ ਅਨੁਭਵ ਕਰ ਲਿਆ ਗਿਆ ਹੈ ਗੁਣਾਂ ਵਿਚ ਉਸ ਆਤਮ ਨਾਲੋਂ ਵੱਖਰਾ ਹੈ ਜਿਸ ਨੂੰ ਹਉਮੈ ਕਿਹਾ ਗਿਆ ਹੈ, ਜਿਸ ਤੋਂ ਗੁਰੂ ਸਾਹਿਬਾਨ ਦਾ ਭਾਵ ਤੰਗ ਨਿਜਵਾਦੀ ਆਤਮ ਹੈ। ਇਸ ਨੂੰ ਅਸਲ ਵਿਚ ਹਉਮੈ ਦੀ ਮੌਤ ਕਿਹਾ ਗਿਆ ਹੈ। ਉਪਰ ਲਿਖਤ ਪ੍ਰਸ਼ਨ ਦਾ ਉਤਰ ਗੁਰੂ ਸਾਹਿਬਾਨ ਨੇ ਅਸਲ ਵਿਚ ਇਹ ਦਿੱਤਾ ਹੈ ਕਿ ਦੈਵੀ ਅੰਸ਼ ਆਤਮ ਦੇ ਅੰਦਰ ਉਸ ਦਾ ਹਿੱਸਾ ਹੈ। ਇਹ ਆਤਮ ਦੇ ਅੰਦਰ ਹੈ ਪ੍ਰੰਤੂ ਇਸ ਦਾ ਅਨੁਭਵ ਨਹੀਂ ਕੀਤਾ ਗਿਆ। ਇਸ ਤਰ੍ਹਾਂ ਨੈਤਿਕਤਾ ਸਾਹਮਣੇ ਇੱਕ ਸਮੱਸਿਆ ਰੱਖਦਿਆਂ ਅਤੇ ਆਤਮ ਵਾਸਤੇ ਇਸ ਨੂੰ ਹੋਰ ਅਨੁਭਵ ਕਰਨ ਲਈ ਅਤੇ ਇਸ ਅਮਲ ਵਿਚ ਵੱਧ ਤੋਂ ਵੱਧ ਪਰਿਵਰਤਤ ਹੋਣ ਲਈ ਪ੍ਰੇਰਤ ਕੀਤਾ ਗਿਆ ਹੈ। ਇਹ ਆਦਰਸ਼ਕ ਆਤਮ ਵੱਲ ਉਨਤੀ ਹੈ, ਜੋ ਗੁਰੂ ਨਾਨਕ ਸਾਹਿਬ ਦੀ ਬੋਲੀ ਵਿਚ ਅਸਲੀ ਆਤਮ ‘ਸਚਿਆਰਾ’ ਹੋਣਾ ਹੈ। ਇਸ ਲਈ ‘ਹੁਕਮ’ ਕੋਈ ਬਾਹਰੀ ਨਿਯਮ ਨਹੀਂ ਹੈ ਜੋ ਆਤਮ ਤੇ ਲਾਗੂ ਕੀਤਾ ਜਾਂਦਾ ਹੈ, ਪ੍ਰੰਤੂ ਇਸ ਦਾ ਅਟੁੱਟ ਹਿੱਸਾ ਹੈ, ਜਿਸ ਨੂੰ ਗੁਰੂ ਨਾਨਕ ਸਾਹਿਬ ਨੇ ‘ਲਿਖਿਆ ਨਾਲਿ’ ਕਿਹਾ ਹੈ।
ਪ੍ਰੰਤੂ ਅਸਲੀ ਤੱਥ ਕਿ ਅਸੀਂ ਇਸ ਨੂੰ ਸਰਬ-ਵਿਆਪਕ ਸੰਕਲਪ-ਭਾਵਨਾ ਕਿਹਾ ਹੈ, ਇਸ ਗੱਲ ਵੱਲ ਸੰਕੇਤ ਹੈ ਕਿ ਇਹ ਕਿਸੇ ਇੱਕ ਖ਼ਾਸ ਆਤਮ ਵਿਚ ਖ਼ਤਮ ਨਹੀਂ ਹੋ ਜਾਂਦੀ। ਇਹ ਇਨ੍ਹਾਂ ਅਰਥਾਂ ਵਿਚ ਆਤਮ ਦੇ ਨਾਲ ਹੈ ਕਿ ਆਤਮ ਨੇ ਇਸ ਨੂੰ ਆਪਣੇ ਅੰਦਰ ਅਨੁਭਵ ਕਰਨਾ ਹੈ ਪ੍ਰੰਤੂ ਇਹ ਇਨ੍ਹਾਂ ਅਰਥਾਂ ਵਿਚ ਅਨਾਤਮ ਹੈ ਕਿ ਇਹ ਆਦਰਸ਼ ਹੈ ਜਿਸ ਨੂੰ ਆਤਮ ਨੇ ਅਨੁਭਵ ਕਰਨਾ ਹੈ, ਅਤੇ ਇਸ ਨੇ ਸਰਬ-ਵਿਆਪਕਤਾ ਵਿਚ ਆਪਣੀ ਨਿਜੀ ਖ਼ਾਸੀਅਤ ਤੋਂ ਉਤੇ ਉਠ ਜਾਣਾ ਹੈ। ਇਹ ਦੈਵੀ ਤੱਤ ਜੋ ਕਿ ਹੁਕਮ ਨਾਲੋਂ ਭਿੰਨ ਨਹੀਂ ਹੈ, ਆਤਮ ਦਾ ਅੰਤਰੀਵੀ ਹੈ। ਇਹ ਸਿੱਖ ਧਰਮ ਨੂੰ ਉਸ ਕਿਸੇ ਵੀ ਧਾਰਨਾ ਤੋਂ ਵੱਖ਼ਰਾ ਕਰਦਾ ਹੈ ਜੋ ਸਰਬ-ਵਿਆਪਕ ਸੰਕਲਪ-ਭਾਵਨਾ ਨੂੰ ਆਤਮ ਉਤੇ ਬਾਹਰੋਂ ਲਾਇਆ ਹੋਇਆ ਨਿਯਮ ਮੰਨਦੇ ਹਨ। ਹੁਕਮ ਨੂੰ ਗੁਰੂ ਨਾਨਕ ਸਾਹਿਬ ਨੇ ‘ਕਹਿਆ ਨ ਜਾਇ’ ਐਲਾਨਿਆ ਹੈ। ਇਸ ਲਈ ਕੋਈ ਵੀ ਗ੍ਰੰਥ ਇਸ ਦਾ ਪੂਰੀ ਤਰ੍ਹਾਂ ਬਿਆਨ ਨਹੀਂ ਕਰ ਸਕਦਾ। ਇਹ ਕੁੱਝ ਅਜਿਹੀ ਵਸਤੂ ਹੈ ਜਿਸ ਨੂੰ ਆਤਮ ਨੇ ਆਪਣੇ ਜੀਵਨ ਦੇ ਹਰ ਪਲ ਵਿਚ ਅਤੇ ਆਦਰਸ਼ ਵੱਲ ਅੱਗੇ ਵਧਦਿਆਂ ਸਤਾਤਮਕ ਅਨੁਭਵ ਕਰਨਾ ਹੈ। ਕੋਈ ਕਰਮ ਉਥੋਂ ਤੱਕ ਅੱਛਾ ਹੈ, ਜਿਥੋਂ ਤੱਕ ਉਹ ਆਤਮ-ਅਨੁਭਵ ਲਈ ਕਾਰਜਸ਼ੀਲ ਹੈ। ਇਹ ਉਥੋਂ ਤੱਕ ਬੁਰਾ ਹੈ ਜਿਥੋਂ ਤੱਕ ਇਹ ਮਕਸਦ ਨੂੰ ਨਕਾਰਦਾ ਹੈ।
ਜਿਉਂ ਹੀ ਅਸੀਂ ਇਹ ਕਹਿੰਦੇ ਹਾਂ ਕਿ ਹੁਕਮ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ, “ਹੁਕਮੁ ਨਾ ਕਹਿਆ ਜਾਈ॥” ਸਵਾਲ ਉਠਦਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਕੀ ਮਹੱਤਤਾ ਅਤੇ ਜੁੰਮੇਵਾਰੀ ਹੈ? ਇਹ ਬਹੁਤ ਹੀ ਅਹਿਮ ਸਵਾਲ ਹੈ ਕਿਉਂਕਿ ਅਗਰ ਇਸ ਵਿਚ ਹੁਕਮ ਦਾ ਪੂਰਨ ਨਿਰਦੇਸ਼ਤ ਬਿਆਨ ਨਹੀਂ ਹੈ ਤਾਂ ਇਸ ਦਾ ਕੀ ਕਾਰਜ ਅਤੇ ਜੁੰਮੇਵਾਰੀ ਹੈ? ਇਥੇ ਇੱਕ ਨੁਕਤਾ ਉਠਾਉਂਦੇ ਹਾਂ ਜਿਹੜਾ ਸਾਡੀ ਇਸ ਸਵਾਲ ਨੂੰ ਸਮਝਣ ਵਿਚ ਸਹਾਇਤਾ ਕਰ ਸਕਦਾ ਹੈ। ਅਸੀ ਪੁੱਛ ਸਕਦੇ ਹਾਂ ਕਿ ਕੀ ਕਿਸੇ ਮਨੁੱਖ ਨੂੰ ਅਗਵਾਈ ਦੀ ਜ਼ਰੂਰਤ ਹੈ? ਜਾਂ ਕਿਸੇ ਵਿੱਦਿਆ ਦੀ ਕੀ ਜੁੰਮੇਵਾਰੀ ਹੁੰਦੀ ਹੈ? ਦਿਸ਼ਾ ਨਿਰਦੇਸ਼ਨ ਦੀ ਕੀ ਅਹਿਮੀਅਤ ਹੁੰਦੀ ਹੈ? ਸਿੱਖ ਧਰਮ ਵਿਚ ਧਾਰਮਿਕ ਗ੍ਰੰਥ ਨੂੰ ਗੁਰੂ ਕਿਹਾ ਗਿਆ ਹੈ ਅਤੇ ਇਸ ਧਰਮ ਦੇ ਬਾਨੀਆਂ ਨੂੰ ਵੀ ਗੁਰੂ ਕਿਹਾ ਗਿਆ ਹੈ। ਗੁਰੂ ਦਾ ਅਰਥ ਸਿੱਖਿਆ ਦੇਣ ਵਾਲਾ ਅਤੇ ਅਗਵਾਈ ਕਰਨ ਵਾਲਾ ਹੈ। ਇਸ ਵਿਚ ਹੀ ਧਰਮ ਗ੍ਰੰਥ ਦੀ ਮਹਤੱਤਾ ਪਈ ਹੈ, ਅਗਵਾਈ ਦੀ ਮਹਤੱਤਾ ਜੋ ਦਿਸ਼ਾ ਨਿਰਦੇਸ਼ਨ ਕਰਦੀ ਹੈ ਅਤੇ ਮਨੁੱਖ ਨੂੰ ਆਤਮ ਅਨੁਭਵ ਵੱਲ ਪ੍ਰੇਰਤ ਕਰਦੀ ਹੈ। ਸਿੱਖਾਂ ਦਾ ਇਹ ਵਿਸ਼ਵਾਸ਼ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਸੋਂ ਇਹ ਸਹਾਇਤਾ ਬੇਅੰਤ ਮਿਲਦੀ ਹੈ। ਅਤੇ ਪੂਰਨ ਭਰੋਸਾ ਗੁਰੂ ਸਾਹਿਬਾਨ ਦੇ ਆਪਣੇ ਬਚਨਾਂ ‘ਤੇ ਆਧਾਰਤ ਹੈ, ਕਿਉਂਕਿ ਆਪ ਅਨੁਭਵੀ ਹੋਣ ਦੇ ਨਾਤੇ, ਉਨ੍ਹਾਂ ਨੂੰ ਉਸ ਦਿਸ਼ਾ ਦਾ ਪਤਾ ਸੀ ਜਿਸ ਵੱਲ ਆਤਮ ਨੂੰ ਵਧਣਾ ਚਾਹੀਦਾ ਹੈ। ਗੁਰੂ ਸਾਹਿਬਾਨ ਦਾ ਆਪਣਾ ਜੀਵਨ ਆਪ ਇੱਕ ਸਦਾਚਾਰਕ ਉਦਾਹਰਣ ਹੈ।
ਇੱਥੇ ਅਸੀਂ ਇਹ ਅਨੁਮਾਨ ਲਗਾ ਸਕਦੇ ਹਾਂ ਕਿ ਆਤਮ ਅਨੁਭਵ ਨੂੰ ਇੱਕ ਸਦਾਚਾਰਕ ਆਦਰਸ਼ ਵਜੋਂ ਲੈ ਕੇ ਭਾਵੇਂ ਸਿੱਖ ਧਰਮ ਨੂੰ ਸ਼ੰਕਰ ਦੇ ਅਦਵੈਤ ਵੇਦਾਂਤ ਜਾਂ ਰਾਮਾਨੁਜ ਦੇ ਵਿਸ਼ਿਸ਼ਟਦਵੈਤ ਦੇ ਨੇੜੇ ਮੰਨਿਆ ਜਾ ਸਕਦਾ ਹੈ ਪਰ ਇਨ੍ਹਾਂ ਵਿਚ ਢੇਰ ਅੰਤਰ ਹੈ। ਸ਼ੰਕਰ ਸੰਕਲਪ-ਭਾਵਨਾ ਉਸ ਢੰਗ ਨਾਲ ਆਪਣਾ ਹਿੱਸਾ ਨਹੀਂ ਬਣਾਉਂਦਾ ਅਤੇ ਰਾਮਾਨੁਜ ਸ਼ਾਸਤਰੀ-ਵਿਧੀ ਨੂੰ ਸੰਕਲਪ-ਭਾਵਨਾ ਮੰਨਦਾ ਹੈ ਅਤੇ ਯੱਗ ਅਤੇ ਬਲੀ-ਵਿਧੀਆਂ ਨੂੰ ਮੰਨਣ ਕਰਕੇ ਮੀਮਾਂਸਾ ਦੀਆਂ ਯੱਗ, ਬਲੀ ਵਿਧੀਆਂ ਅਤੇ ਕਿਰਿਆਵਾਂ ਨੂੰ ਮਹੱਤਵ ਦਿੰਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਅਜਿਹੀਆਂ ਕਿਰਿਆਵਾਂ ਨੂੰ ਕੋਈ ਸਥਾਨ ਨਹੀਂ ਦਿੱਤਾ ਗਿਆ (ਬਲਕਿ ਨਕਾਰਿਆ ਗਿਆ ਹੈ)। ਸਿੱਖ ਧਰਮ ਨੇ ਬੁੱਧ ਦੀ ਤਰ੍ਹਾਂ ਹੀ ਅਜਿਹੀਆਂ ਰਸਮਾਂ ਅਤੇ ਰੀਤਾਂ ਨੂੰ ਨਕਾਰਿਆ ਹੈ। ਸਿੱਖ ਧਰਮ ਵਿਚ ਇਸ ਸੰਕਲਪ-ਭਾਵਨਾ ਨੂੰ ਅਕਾਲ ਪੁਰਖ ਦਾ ਭਾਣਾ ਜਾਂ ਉਸ ਦਾ ਹੁਕਮ ਜਾਂ ਆਗਿਆ ਕਿਹਾ ਗਿਆ ਹੈ। ‘ਹੁਕਮ’ ਸ਼ਬਦ ਭਾਵੇਂ ਸਾਮੀ ਸ਼ਬਦ ਹੈ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਇਸ ਦੀ ‘ਰੱਬੀ ਆਗਿਆ’ ਵਜੋਂ ਵਿਆਖਿਆ ਸਿੱਖ ਧਰਮ ਦੀ ਆਪਣੀ ਅਤੇ ਨਿਵੇਕਲੀ ਹੈ।

Be the first to comment

Leave a Reply

Your email address will not be published.