ਤ੍ਰਾਸਦੀਆਂ ਅਤੇ ਤਸਵੀਰਸਾਜ਼

ਜਤਿੰਦਰ ਮੌਹਰ
ਫੋਨ: 91-97799-34747
ਤਸਵੀਰਸਾਜ਼ਾਂ ਅਤੇ ਦਸਤਾਵੇਜ਼ੀ ਫ਼ਿਲਮਸਾਜ਼ਾਂ ਬਾਰੇ ਇੱਕ ਵਿਚਾਰ ਹੈ ਕਿ ਉਹ ਪੀੜਤ ਨੂੰ ਬਚਾਉਣ ਨਾਲੋਂ ਉਹਦੀ ਤਸਵੀਰ ਬਣਾਉਣ ‘ਚ ਵਧੇਰੇ ਦਿਲਚਸਪੀ ਰੱਖਦੇ ਹਨ। ਇਹ ਸਵਾਲ ਬਾਰੇ ਆਲਮੀ ਪੱਧਰ ‘ਤੇ ਬਹਿਸ ਚੱਲ ਰਹੀ ਹੈ। ਇਹ ਬਹਿਸ ਅਫ਼ਰੀਕੀ ਤਸਵੀਰਸਾਜ਼ ਕੈਵਨ ਕਾਰਟਰ ਦੇ ਹਵਾਲੇ ਨਾਲ ਵਧੇਰੇ ਭਖੀ ਸੀ। ਵੀਹਵੀਂ ਸਦੀ ਦੇ ਆਖ਼ਰੀ ਦਹਾਕੇ ‘ਚ ਸੂਡਾਨ ਭਿਆਨਕ ਅਕਾਲ ਦੀ ਮਾਰ ਹੇਠ ਸੀ। ਕੈਵਨ ਕਾਰਟਰ ਵਲੋਂ ਮਾਰਚ 1993 ਨੂੰ ਖਿੱਚੀ ਤਸਵੀਰ ਨੇ ਕੁੱਲ ਆਲਮ ਨੂੰ ਹਿਲਾ ਕੇ ਰੱਖ ਦਿੱਤਾ। ਤਸਵੀਰ ‘ਚ ਭੁੱਖਮਰੀ ਦੀ ਸ਼ਿਕਾਰ ਸੂਡਾਨੀ ਬੱਚੀ ਕਿਲੋਮੀਟਰ ਦੂਰ ਸੰਯੁਕਤ ਰਾਸ਼ਟਰ ਦੇ ਖ਼ੁਰਾਕ ਡੇਰੇ ਵੱਲ ਸਰਕ ਰਹੀ ਹੈ। ਪਿੱਛੇ ਬੈਠੀ ਗਿਰਝ ਉਹਦੇ ਮਰਨ ਦੀ ਉਡੀਕ ‘ਚ ਹੈ। ਕੈਵਨ ਤਸਵੀਰ ਖਿੱਚ ਕੇ ਉੱਥੋਂ ਚਲਾ ਗਿਆ। ਇਹ ਤਸਵੀਰ ‘ਨਿਊ ਯਾਰਕ ਟਾਈਮਜ਼’ ਵਿਚ 26 ਮਾਰਚ 1993 ਨੂੰ ਛਪੀ। ਹਜ਼ਾਰਾਂ ਲੋਕਾਂ ਨੇ ਬੱਚੀ ਦੀ ਹੋਣੀ ਬਾਬਤ ਅਖ਼ਬਾਰ ਤੋਂ ਪੁੱਛਿਆ। ਅਖ਼ਬਾਰ ਮੁਤਾਬਕ ਬੱਚੀ ਦੇ ਖ਼ੁਰਾਕ ਡੇਰੇ ਤੱਕ ਸਹੀ-ਸਲਾਮਤ ਪਹੁੰਚਣ ਦੀ ਕੋਈ ਜਾਣਕਾਰੀ ਨਹੀਂ ਹੈ। 1994 ਵਿਚ ਇਸ ਤਸਵੀਰ ਨੂੰ ਵੱਕਾਰੀ ਪੁਲਿਟਰਜ਼ ਇਨਾਮ ਮਿਲਿਆ ਪਰ ਬੱਚੀ ਦੀ ਮਦਦ ਨਾ ਕਰਨ ਲਈ ਕੈਵਨ ਦੀ ਦੁਨੀਆਂ ਭਰ ‘ਚ ਬਦਨਾਮੀ ਹੋਈ। ਫਲੋਰਿਡਾ ਦੇ ਇੱਕ ਅਖ਼ਬਾਰ ਨੇ ਕੈਵਨ ਬਾਰੇ ਲਿਖਿਆ ਸੀ, “ਬੱਚੀ ਦੇ ਦਰਦ ਦਾ ਸਹੀ ਖ਼ਾਕਾ ਖਿੱਚਣ ਲਈ ਕੈਮਰੇ ਦਾ ਸ਼ੀਸ਼ਾ ਸੰਵਾਰ ਰਿਹਾ ਲੁਟੇਰਾ ਬੰਦਾ, ਦ੍ਰਿਸ਼ ਵਿਚ ਬੈਠੀ ਦੂਜੀ ਗਿਰਝ ਹੈ।” ਇਨਾਮ ਮਿਲਣ ਤੋਂ ਤਿੰਨ ਮਹੀਨੇ ਬਾਅਦ 27 ਜੁਲਾਈ 1994 ਨੂੰ ਕੈਵਨ ਨੇ ਅੰਤਾਂ ਦੀ ਨਮੋਸ਼ੀ ਅਤੇ ਤਣਾਅ ਹੇਠ ਖ਼ੁਦਕੁਸ਼ੀ ਕਰ ਲਈ। ਉਸ ਸਮੇਂ ਕੈਵਨ ਦੀ ਉਮਰ 34 ਸਾਲਾਂ ਦੀ ਸੀ। ਕੈਵਨ ਨੇ ਆਤਮਘਾਤ ਕਰਨ ਤੋਂ ਪਹਿਲਾਂ ਲਿਖਿਆ ਸੀ, “ਮੈਂ ਉਦਾਸ ਹਾਂ। ਪੈਸੇ ਖੁਣੋਂ ਤੰਗ ਹਾਂ। ਮੈਂ ਕਤਲੇਆਮ, ਲੋਥਾਂ, ਗੁੱਸੇ ਅਤੇ ਦਰਦ ਦੇ ਦ੍ਰਿਸ਼ਾਂ ਤੋਂ ਸਤਿਆ ਹੋਇਆ ਹਾਂ, ਮੈਂ ਸਤਿਆ ਹਾਂ ਭੁੱਖੇ ਅਤੇ ਜ਼ਖ਼ਮੀ ਬੱਚਿਆਂ, ਹਥਿਆਰ ਦਾ ਘੋੜਾ ਨੱਪਣ ਲਈ ਕਾਹਲੇ ਹੋਏ ਪਾਗਲਾਂ (ਜੋ ਆਮ ਤੌਰ ‘ਤੇ ਪੁਲਸੀਏ ਹੁੰਦੇ ਹਨ) ਅਤੇ ਜੱਲਾਦਾਂ ਤੋਂ। ਮੈਂ ਮਿੱਤਰ ਪਿਆਰੇ ਕੇਨ ਉਸਟਰਬਰੋਇਕ (ਗੋਲੀਬਾਰੀ ਵਿਚ ਮਾਰਿਆ ਗਿਆ ਤਸਵੀਰਸਾਜ਼) ਕੋਲ ਜਾਣਾ ਚਾਹੁੰਦਾਂ ਹਾਂ।” ਕੈਵਨ ਦੇ ਆਖ਼ਰੀ ਸ਼ਬਦ ਇਸ਼ਾਰਾ ਕਰਦੇ ਹਨ ਕਿ ਤਸਵੀਰਸਾਜ਼ ਦੀ ਮਾਨਸਿਕਤਾ ਕਿਨ੍ਹਾਂ ਪੱਥਰਾਂ ਨਾਲ ਟਕਰਾਈ ਹੋਵੇਗੀ?
ਵੀਅਤਨਾਮ ਜੰਗ ਦੌਰਾਨ ਖਿੱਚੀ ਗਈ ਤਸਵੀਰ ਨੇ ਉਸ ਜੰਗ ਦਾ ਪਾਸਾ ਪਲਟ ਦਿੱਤਾ ਸੀ। ਅਮਰੀਕੀ ਨਾਪਾਮ ਬੰਬ ਨਾਲ ਤਸਵੀਰ ਦੇ ਪਿਛੋਕੜ ਵਿਚ ਜੰਗਲ ਬਲ ਰਿਹਾ ਹੈ। ਬੇਹੱਦ ਡਰੇ ਹੋਏ ਵੀਅਤਨਾਮੀ ਬੱਚੇ ਸੜਕ ‘ਤੇ ਭੱਜੇ ਆ ਰਹੇ ਹਨ। ਆਲਮ ਨੇ ਇੰਨੀ ਭਿਆਨਕਤਾ ਤਸਵੀਰ ਦੇ ਰੂਪ ਵਿਚ ਪਹਿਲੀ ਵਾਰ ਦੇਖੀ ਸੀ। ਇਸ ਤਸਵੀਰ ਨੇ ਅਮਰੀਕਾ ਦੀ ਹਾਰ ਵਿਚ ਫ਼ੈਸਲਾਕੁਨ ਭੂਮਿਕਾ ਨਿਭਾਈ।
ਇੱਕ ਤਸਵੀਰ ਨੇ ਜੰਗ ਦਾ ਪਾਸਾ ਪਲਟ ਦਿੱਤਾ ਅਤੇ ਦੂਜੀ ਤਸਵੀਰ ਖਿੱਚਣ ਵਾਲੇ ਨੇ ਆਤਮਘਾਤ ਕਰ ਲਿਆ। ਮਾਧਿਅਮ ਦੀ ਸਮਰੱਥਾ ਅਤੇ ਤਸਵੀਰਸਾਜ਼ ਦੀ ਜ਼ਿੰਮੇਵਾਰੀ ਅਹਿਮ ਗੱਲਾਂ ਹਨ। ਤੀਜਾ ਪਹਿਲੂ ਇਹ ਹੈ ਕਿ ਆਵਾਮ ਦੀ ਬੁਰੀ ਹਾਲਤ ਲਈ ਕਸੂਰਵਾਰ ਨਿਜ਼ਾਮ ਦੀਆਂ ਕਰਤੂਤਾਂ ਦੇ ਹਵਾਲੇ ਨਾਲ ਮਸਲੇ ਨੂੰ ਸਮਝਿਆ ਜਾਣਾ ਚਾਹੀਦਾ ਹੈ। ਉਂਝ ਇਸ ਮਸਲੇ ਨੂੰ ਸਿੱਧੇ ਅਤੇ ਸਪੱਸ਼ਟ ਸ਼ਬਦਾਂ ‘ਚ ਕਹਿਣਾ ਸੌਖਾ ਨਹੀਂ ਹੈ। ਤਸਵੀਰਸਾਜ਼ ਰਣਦੀਪ ਮੱਦੋਕੇ ਇਨ੍ਹਾਂ ਤੰਦਾਂ ਨੂੰ ਹੋਰ ਉਘਾੜ ਕੇ ਪੇਸ਼ ਕਰਦਾ ਹੈ। ਉਸ ਦਾ ਕਹਿਣਾ ਹੈ ਕਿ ਤਸਵੀਰਸਾਜ਼ੀ ਚੇਤਨਤਾ ਦਾ ਮਾਧਿਅਮ ਹੈ। ਜਾਬਰ ਜਾਂ ਦਰਦਮੰਦ ਵਲੋਂ ਖਿੱਚੀ ਤਸਵੀਰ ਇਤਿਹਾਸਕ ਦਸਤਾਵੇਜ਼ ਹੈ। ਸਬੂਤ ਤੋਂ ਬਿਨਾਂ ਕਲਪੀ ਗਈ ਭਿਆਨਕਤਾ ਖਿਆਲੀ ਹੋਵੇਗੀ। ਇਹ ਆਉਣ ਵਾਲੀਆਂ ਨਸਲਾਂ ‘ਤੇ ਨਿਰਭਰ ਹੋਵੇਗਾ ਕਿ ਉਹ ਤਸਵੀਰ ਨੂੰ ਕਿਸ ਪ੍ਰਸੰਗ ਵਿਚ ਸਮਝਦੇ ਹਨ? ਵਾਪਰੀ ਭਿਆਨਕਤਾ ਦਾ ਅਹਿਸਾਸ ਬੰਦੇ ਨੂੰ ਦਰਦਮੰਦੀ ਵੱਲ ਲਿਜਾ ਸਕਦਾ ਹੈ।
ਰਣਦੀਪ ਉਨ੍ਹਾਂ ਤਸਵੀਰਸਾਜ਼ਾਂ ਦੀ ਵੀ ਗੱਲ ਕਰਦਾ ਹੈ ਜਿਨ੍ਹਾਂ ਦੀ ਪੀੜਤ ਨੂੰ ਬਚਾਉਣ ਨਾਲੋਂ ਉਹਦੀ ਤਸਵੀਰ ਬਣਾਉਣ ‘ਚ ਵਧੇਰੇ ਦਿਲਚਸਪੀ ਸੀ। ਕੁਝ ਸਾਲ ਪਹਿਲਾਂ ਪਟਿਆਲੇ ਵਿਚ ਰੇੜ੍ਹੀ ਵਾਲੇ ਨੇ ਮੰਗਾਂ ਮਨਵਾਉਣ ਲਈ ਖ਼ੁਦ ਨੂੰ ਅੱਗ ਲਾ ਲਈ ਸੀ। ਉਦੋਂ ਤਸਵੀਰਸਾਜ਼ਾਂ ਨੇ ਧੜਾਧੜ ਤਸਵੀਰਾਂ ਖਿੱਚਣੀਆਂ ਸ਼ੁਰੂ ਕਰ ਦਿੱਤੀਆਂ। ਕੀਮਤੀ ਜਾਨ ਭੰਗ ਦੇ ਭਾਣੇ ਚਲੀ ਗਈ। ਉਂਝ ਇਹ ਸੱਚ ਹੈ ਕਿ ਅਜਿਹੀਆਂ ਤਸਵੀਰਾਂ ਤਸਵੀਰਸਾਜ਼ ਦੇ ਪੇਸ਼ੇਵਰ ਜੀਵਨ ਲਈ ਵਰਦਾਨ ਹੁੰਦੀਆਂ ਹਨ।
ਹਰਿਆਣੇ ਦੇ ਪਿੰਡ ਮਿਰਚਪੁਰ ‘ਚ ਜਾਤਪ੍ਰਸਤਾਂ ਨੇ ਦਲਿਤਾਂ ਦੇ ਕਤਲ ਕੀਤੇ ਅਤੇ ਘਰ ਫ਼ੂਕ ਦਿੱਤੇ। ਮਰਨ ਵਾਲਿਆਂ ‘ਚ ਦਲਿਤ ਤਾਰਾ ਚੰਦ ਸੀ। ਰਣਦੀਪ ਨੇ ਇੱਕ ਤਸਵੀਰ ਖਿੱਚੀ ਜਿਹਦੇ ‘ਚ ਸੜੇ ਹੋਏ ਮੰਜੇ ਕੋਲ ਤਾਰਾ ਚੰਦ ਦੀ ਨੂੰਹ ਰੋਟੀ ਪਕਾ ਰਹੀ ਹੈ। ਇਸੇ ਕਮਰੇ ਵਿਚ ਅਤੇ ਇਸੇ ਮੰਜੇ ‘ਤੇ ਕੁਝ ਦਿਨ ਪਹਿਲਾਂ ਤਾਰਾ ਚੰਦ ਨੂੰ ਕਤਲ ਕੀਤਾ ਗਿਆ ਸੀ। ਪਰਿਵਾਰ ਕੋਲ ਰਹਿਣ ਲਈ ਉਹੀ ਥਾਂ ਹੈ। ਕਹਿਰਾਂ ਦੀ ਮਾਰ ਝੱਲ ਕੇ ਹਟੇ ਉਸ ਕਮਰੇ ਵਿਚ ਰਹਿਣਾ ਉਨ੍ਹਾਂ ਦੀ ਮਜਬੂਰੀ ਹੈ। ਬਚੇ ਬੰਦਿਆਂ ਦੀ ਖੋਹੀ ਗਈ ਸੰਵੇਦਨਾ ਅਤੇ ਅਗਾਂਹ ਜ਼ਿੰਦਗੀ ਜਿਉਣ ਦੇ ਵਸੀਲਿਆਂ ਦੀ ਜ਼ਿੰਮੇਵਾਰੀ ਕੌਣ ਓਟੇਗਾ? ਪੀੜਤਾਂ ਦੀ ਮੁੜ ਬਹਾਲੀ ਲਈ ਰਾਜਤੰਤਰ ਅਤੇ ਸਮਾਜ ਦੀ ਜ਼ਿੰਮੇਵਾਰੀ ਕੌਣ ਤੈਅ ਕਰੇਗਾ? ਕੀ ਇਹ ਕਾਰੇ ਭਵਿੱਖ ‘ਚ ਵਾਪਰਨ ਤੋਂ ਹਟ ਜਾਣਗੇ? ਇਨ੍ਹਾਂ ਸਵਾਲਾਂ ਦੇ ਜਵਾਬ ਨਾ ਮਿਲਣ ਤੱਕ ਰਣਦੀਪ ਦੀ ਖਿੱਚੀ ਤਸਵੀਰ ਸਵਾਲ ਦੇ ਰੂਪ ਵਿਚ ਜਿਉਂਦੀ ਰਹੇਗੀ।
ਲੁੱਟ, ਦਾਬੇ, ਢਾਂਚਾਗਤ ਹਿੰਸਾ ਅਤੇ ਨਾਬਰਾਬਰੀ ਦੇ ਸਮਾਜ ਵਿਚ ਡਾਢਿਆਂ ਨੇ ਲੋਕਾਂ ਦੇ ਕੰਮ ਵੰਡ ਦਿੱਤੇ ਹਨ। ਬੈਂਕਰ ਅਤੇ ਹਾਕਮ ਜੰਗਾਂ ਲਾਉਂਦੇ ਹਨ। ਫ਼ੌਜੀ ਹਥਿਆਰ ਚਲਾਉਂਦੇ ਹਨ। ਜੰਗ ਦਾ ਸ਼ਿਕਾਰ ਅਵਾਮ ਹੁੰਦੀ ਹੈ। ਤਸਵੀਰਸਾਜ਼ ਤਸਵੀਰ ਬਣਾਉਂਦਾ ਹੈ। ਇਹ ਅਣਮਨੁੱਖੀ ਵਰਤਾਰਾ ਆਮ ਸ਼ਹਿਰੀਆਂ ਦੀ ਜ਼ਿੰਦਗੀ ਦਾ ਹਿੱਸਾ ਬਣਾ ਦਿੱਤਾ ਗਿਆ ਹੈ। ਤਸਵੀਰਸਾਜ਼ ਇਸ ਕਰੂਰ ਵਰਤਾਰੇ ਦਾ ਅੰਗ ਹੈ। ਤ੍ਰਾਸਦੀ ਦੇ ਭਿਆਨਕ ਦ੍ਰਿਸ਼ ਤਸਵੀਰਸਾਜ਼ ਨੇ ਪੈਦਾ ਨਹੀਂ ਕੀਤੇ ਅਤੇ ਨਾ ਹੀ ਝੱਲਣ ਵਾਲੇ ਨੇ ਪੈਦਾ ਕੀਤੇ ਹਨ। ਤ੍ਰਾਸਦੀਆਂ ਰਾਜਤੰਤਰ ਦੇ ਕਰੂਰ ਖ਼ਾਸੇ ਦਾ ਪ੍ਰਗਟਾਵਾ ਹਨ। ਸਾਨੂੰ ਉਨ੍ਹਾਂ ਦੀ ਨਿਸ਼ਾਨਦੇਹੀ ਕਰਨੀ ਚਾਹੀਦੀ ਹੈ ਜਿਨ੍ਹਾਂ ਨੇ ਇਹ ਦ੍ਰਿਸ਼ ਪੈਦਾ ਕੀਤੇ ਹਨ। ਅਜਿਹੇ ਸਮਾਜ ‘ਚ ਅਜਿਹੀਆਂ ਤਸਵੀਰਾਂ ਖਿੱਚਣਾ ਤਸਵੀਰਸਾਜ਼ ਦੀ ਮਜਬੂਰੀ ਹੈ।
ਭਿਆਨਕ ਦ੍ਰਿਸ਼ ਪੈਦਾ ਕਰਨ ਵਾਲਿਆਂ ਨੇ ਸਮੇਂ ਦੇ ਨਾਲ ਬਹੁਤ ਕੁਝ ਸਿੱਖਿਆ ਹੈ। ਉਹ ਤਸਵੀਰ ਸਿਰਜਣ ਦੇ ਨਵੇਂ ਅਰਥ ਸਿੱਖ ਗਏ ਹਨ। ਹੁਣ ਉਹ ਤਸਵੀਰਾਂ ਆਪ ਖਿੱਚਦੇ ਹਨ। ਉਨ੍ਹਾਂ ਦੀਆਂ ਤਸਵੀਰਾਂ ‘ਤੇ ਸਵਾਲ ਨਹੀਂ ਉੱਠਦੇ। ਸਾਮਰਾਜੀ ਜੰਗਬਾਜ਼ਾਂ ਦੇ ਬੰਬਾਰ ਜਹਾਜ਼ ਕੈਮਰਿਆਂ ਨਾਲ ਲੈਸ ਹੋ ਕੇ ਜੰਗੀ ਹਮਲਿਆਂ ਦੀ ਤਬਾਹੀ ਦੇ ਭਿਆਨਕ ਦ੍ਰਿਸ਼ ਸਿੱਧੇ ਨਸ਼ਰ ਕਰਦੇ ਹਨ। ਜੰਗ ਲਾਉਣਾ ਅਤੇ ਦਿਖਾਉਣਾ ਉਨ੍ਹਾਂ ਦਾ ਕਾਰੋਬਾਰ ਹੈ। ਚੈਨਲਾਂ ਦੀ ਟੀæਆਰæਪੀæ, ਜੰਗ ਨਾਲ ਤਬਾਹ ਹੋਏ ਮੁਲਕ ਦੀ ਮੁੜ ਉਸਾਰੀ ਦੇ ਠੇਕੇ ਸਭ ਉਨ੍ਹਾਂ ਦੇ ਕਾਰੋਬਾਰ ਹਨ। ਤਬਾਹੀ ਦੇ ਦ੍ਰਿਸ਼ ਦਿਖਾ ਕੇ ਲੋਕਾਂ ਨੂੰ ਗ਼ੈਰ-ਸੰਵੇਦਨਸ਼ੀਲ ਬਣਾਉਣਾ ਹੋਰ ਫਾਇਦਾ ਦਾ ਸੌਦਾ ਹੈ। ਅਜਿਹੇ ਭਿਆਨਕ ਦ੍ਰਿਸ਼ ਦਿਖਾ ਕੇ ਲੋਕਾਂ ‘ਤੇ ਦਾਬਾ ਪਾਉਣਾ ਅਤੇ ਰਜ਼ਾ ‘ਚ ਰਹਿਣ ਦਾ ਪਾਠ ਪੜ੍ਹਾਉਣਾ ਵੀ ਇਸੇ ਦਾ ਹਿੱਸਾ ਹੈ। ਐਨੇ ਕਾਰਜ ਇੱਕੋ ਤਸਵੀਰ ਜਾਂ ਦ੍ਰਿਸ਼ ਨਾਲ ਸਾਧੇ ਜਾਂਦੇ ਹਨ।
ਭਿਆਨਕ ਹਮਲਿਆਂ ਦੀਆਂ ਤਸਵੀਰਾਂ ਨੇ ਕੈਵਨ ਵਰਗਿਆਂ ‘ਤੇ ਉਠਦੇ ਸਵਾਲਾਂ ਨੂੰ ਹੀ ਖਾਰਜ ਕਰ ਦਿੱਤਾ ਹੈ। ਹਰ ਰੋਜ਼ ਜੰਗਬਾਜ਼ਾਂ ਦੇ ਹਮਲਿਆਂ ਵਿਚ ਜਾਨਾਂ ਗਵਾਉਂਦੇ ਲੋਕਾਂ ਦੀਆਂ ਤਸਵੀਰਾਂ ਹੈਰਾਨੀ ਜਾਂ ਦੁੱਖ ਪੈਦਾ ਨਹੀਂ ਕਰਦੀਆਂ। ਉਨ੍ਹਾਂ ਨੇ ਤਸਵੀਰ ਦੇ ਸੰਵੇਦਨਾ ਪੈਦਾ ਕਰਨ ਵਾਲੇ ਖ਼ਾਸੇ ਨੂੰ ਬਦਲ ਦਿੱਤਾ ਹੈ। ਹਰ ਰੋਜ਼ ਫ਼ਿਲਮਾਂ ਅਤੇ ਹੋਰ ਤਸਵੀਰਾਂ ਰਾਹੀਂ ਅਸਲੀ ਜਾਂ ਮਨਸੂਈ ਜੰਗਾਂ ਦਿਖਾ ਕੇ ਦ੍ਰਿਸ਼ਾਂ ਦੀ ਭਿਆਨਕਤਾ ਖਤਮ ਕਰ ਦਿੱਤੀ ਹੈ। ਹੁਣ ਸਾਨੂੰ ਜੰਗ ਆਮ ਜਿਹਾ ਵਰਤਾਰਾ ਲਗਦੀ ਹੈ।

Be the first to comment

Leave a Reply

Your email address will not be published.