ਪ੍ਰੋਫੈਸਰ ਅਪੂਰਵਾਨੰਦ
ਅਨੁਵਾਦ: ਬੂਟਾ ਸਿੰਘ ਮਹਿਮੂਦਪੁਰ
ਆਰ.ਐੱਸ.ਐੱਸ. ਵਿਦਵਾਨ ਦੀਨਾਨਾਥ ਬਤਰਾ ਦੀ ਮੌਤ ਦੀ ਖ਼ਬਰ ਦਿੰਦਿਆਂ ਕੁਝ ਅਖ਼ਬਾਰਾਂ ਨੇ ਲਿਖਿਆ ਕਿ ਉਹ ਮਹੱਤਵਪੂਰਨ ਸਿੱਖਿਆ ਸ਼ਾਸਤਰੀ ਸੀ ਅਤੇ ਉਹ ਕਦਰਾਂ-ਕੀਮਤਾਂ ‘ਤੇ ਕੇਂਦਰਤ ਅਤੇ ਭਾਰਤੀਅਤਾ ਨੂੰ ਸਿੱਖਿਆ ਦਾ ਧੁਰਾ ਬਣਾਉਣ ਦਾ ਹਮਾਇਤੀ ਸੀ। ਬਤਰਾ ਵਰਗੇ ਲੋਕਾਂ ਨੂੰ ਸਿੱਖਿਆ ਸ਼ਾਸਤਰੀ ਕਹਿਣਾ ਇਸ ਸ਼ਬਦ ਦਾ ਅਪਮਾਨ ਹੈ।
ਸਿੱਖਿਆ ਨੂੰ ਭਾਰਤੀਅਤਾ ਕੇਂਦਰਿਤ ਬਣਾਉਣ ਦਾ ਕੀ ਭਾਵ ਹੈ, ਅਖ਼ਬਾਰਾਂ ਨੇ ਇਹ ਨਹੀਂ ਲਿਖਿਆ। ਦਿੱਲੀ ਯੂਨੀਵਰਸਿਟੀ ਦੇ ਹਿੰਦੀ ਵਿਭਾਗ ਦੇ ਪ੍ਰੋਫੈਸਰ ਅਪੂਰਵਾਨੰਦ ਨੇ ਇਸ ਲੇਖ ਵਿਚ ਬਤਰਾ ਦੀ ਹਕੀਕਤ ਬਿਆਨ ਕੀਤੀ ਹੈ। ਪ੍ਰੋ. ਅਪੂਰਵਾਨੰਦ ਸਾਹਿਤਕ ਅਤੇ ਸੱਭਿਆਚਾਰਕ ਆਲੋਚਨਾ ਦੇ ਵਿਦਵਾਨ ਹੋਣ ਦੇ ਨਾਲ-ਨਾਲ ਰਾਜਨੀਤਕ ਤਬਸਰਾਕਾਰ ਵੀ ਹਨ। ਇਸ ਅਹਿਮ ਲਿਖਤ ਦਾ ਅਨੁਵਾਦ ਸਾਡੇ ਕਾਲਮਨਵੀਸ ਬੂਟਾ ਸਿੰਘ ਮਹਿਮੂਦਪੁਰ ਨੇ ਕੀਤਾ ਹੈ।
7 ਨਵੰਬਰ ਨੂੰ ਦੀਨਾਨਾਥ ਬਤਰਾ ਇਸ ਦੁਨੀਆ ਤੋਂ ਰੁਖ਼ਸਤ ਹੋ ਗਿਆ। ਇਹ ਭਾਰਤ ਦੇ ਸਿੱਖਿਆ ਜਗਤ ਲਈ ਮਹੱਤਵਪੂਰਨ ਖ਼ਬਰ ਹੋਣੀ ਚਾਹੀਦੀ ਸੀ ਪਰ ਅਜੇ ਤੱਕ ਬਹੁਤਾ ਕੁਝ ਲਿਖਿਆ ਹੋਵੇ, ਇਹ ਦੇਖਣ `ਚ ਨਹੀਂ ਆਇਆ; ਸ਼ਾਇਦ ਇਕ-ਦੋ ਦਿਨਾਂ ਵਿਚ ਸ਼ਰਧਾਂਜਲੀਆਂ ਦਾ ਹੜ੍ਹ ਆ ਜਾਵੇਗਾ।
ਬਤਰਾ ਦੀ ਮੌਤ ਦੀ ਖ਼ਬਰ ਦਿੰਦਿਆਂ ਕੁਝ ਅਖ਼ਬਾਰਾਂ ਨੇ ਲਿਖਿਆ ਕਿ ਉਹ ਮਹੱਤਵਪੂਰਨ ਸਿੱਖਿਆ ਸ਼ਾਸਤਰੀ ਸੀ ਅਤੇ ਉਹ ਕਦਰਾਂ-ਕੀਮਤਾਂ `ਤੇ ਕੇਂਦਰਤ ਅਤੇ ਭਾਰਤੀਅਤਾ ਨੂੰ ਸਿੱਖਿਆ ਦਾ ਧੁਰਾ ਬਣਾਉਣ ਦਾ ਹਮਾਇਤੀ ਸੀ। ਬਤਰਾ ਵਰਗੇ ਲੋਕਾਂ ਨੂੰ ਸਿੱਖਿਆ ਸ਼ਾਸਤਰੀ ਕਹਿਣਾ ਇਸ ਸ਼ਬਦ ਦਾ ਅਪਮਾਨ ਹੈ। ਸਿੱਖਿਆ ਨੂੰ ਭਾਰਤੀਅਤਾ ਕੇਂਦਰਿਤ ਬਣਾਉਣ ਦਾ ਕੀ ਭਾਵ ਹੈ, ਅਖ਼ਬਾਰਾਂ ਨੇ ਇਹ ਨਹੀਂ ਲਿਖਿਆ। ਇਹ ਉਦੋਂ ਸਪਸ਼ਟ ਹੋ ਜਾਂਦਾ ਹੈ ਜਦੋਂ ਪਾਠਕਾਂ ਨੂੰ ਪਤਾ ਲੱਗਦਾ ਹੈ ਕਿ ਉਹ ਲੰਮੇ ਸਮੇਂ ਤੋਂ ਰਾਸ਼ਟਰੀ ਸਵੈਮਸੇਵਕ ਸੰਘ (ਆਰ.ਐੱਸ.ਐੱਸ.) ਨਾਲ ਜੁੜਿਆ ਹੋਇਆ ਸੀ।
ਉਹ ‘ਸਿੱਖਿਆ ਬਚਾਓ ਅੰਦੋਲਨ ਸਮਿਤੀ` ਅਤੇ ‘ਸਿੱਖਿਆ ਸੰਸਕ੍ਰਿਤੀ ਉੱਥਾਨ ਨਿਆਸ` ਦਾ ਬਾਨੀ ਸੀ ਜਿਸ ਦੇ ਪਿੱਛੇ ਆਰ.ਐੱਸ.ਐੱਸ. ਹੈ। ਉਹ ਆਰ.ਐੱਸ.ਐੱਸ. ਦੇ ਸਿੱਖਿਆ ਵਿੰਗ ‘ਵਿਦਿਆ ਭਾਰਤੀ` ਦਾ ਮੁਖੀ ਵੀ ਸੀ। ਅੱਜ ਇਸ ਵਿਚ 12000 ਸਕੂਲ ਅਤੇ ਲੱਗਭੱਗ 32 ਲੱਖ ਵਿਦਿਆਰਥੀ ਹਨ। ਇਸ ਜਾਣ-ਪਛਾਣ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਬਤਰਾ ਕਿਹੜੀਆਂ ਕਦਰਾਂ-ਕੀਮਤਾਂ ਅਤੇ ਕਿਸ ਤਰ੍ਹਾਂ ਦੀ ਭਾਰਤੀਅਤਾ ਦਾ ਪ੍ਰਚਾਰਕ ਸੀ।
ਇਕ ਅਖ਼ਬਾਰ ਨੇ ਬਿਲਕੁਲ ਸਹੀ ਲਿਖਿਆ ਹੈ ਕਿ ਬਤਰਾ ਭਾਰਤ ਦੇ ਸਿੱਖਿਆ ਖੇਤਰ ਵਿਚ ਆਪਣੇ ਸਿੱਖਿਆ ਵਿਰੋਧੀ ਮੁਕੱਦਮਿਆਂ ਲਈ ਮਸ਼ਹੂਰ ਸੀ। ਉਹ ਆਦਤਨ ਮੁਕੱਦਮੇਬਾਜ਼ ਸੀ, ਜਾਂ ਕਹਿ ਲਓ ਉਹ ਵਿਚਾਰਧਾਰਕ ਮੁਕੱਦਮੇਬਾਜ਼ ਸੀ। ਉਸ ਨੇ ਨੈਸ਼ਨਲ ਕੌਂਸਲ ਆਫ ਐਜੂਕੇਸ਼ਨਲ ਰਿਸਰਚ ਐਂਡ ਟੈਕਨਾਲੋਜੀ (ਐੱਨ.ਸੀ.ਈ.ਆਰ.ਟੀ.) ਦੀਆਂ ਕਿਤਾਬਾਂ `ਤੇ ਕਈ ਮੁਕੱਦਮੇ ਕੀਤੇ। 2011 `ਚ ਬਤਰੇ ਨੇ ਖੋਜੀ ਇਤਿਹਾਸਕਾਰ ਵੈਂਡੀ ਡੌਨੀਗਰ ਦੀ ਬਹੁਤ ਹੀ ਮਸ਼ਹੂਰ ਕਿਤਾਬ (ਦਿ ਹਿੰਦੂ: ਐਨ ਆਲਟਰਨੇਟਿਵ ਹਿਸਟਰੀ) ਵਿਰੁੱਧ ਮੁਕੱਦਮਾ ਕੀਤਾ। ਡੌਨੀਗਰ ਸੰਸਕ੍ਰਿਤ ਸਰੋਤਾਂ `ਚ ਮੌਜੂਦ ਭਾਰਤੀ ਧਾਰਮਿਕ ਵਿਚਾਰਧਾਰਾ ਅਤੇ ਇਤਿਹਾਸ ਦੀ ਉੱਚਕੋਟੀ ਦੀ ਅਮਰੀਕਨ ਵਿਦਵਾਨ ਹੈ ਜਿਸ ਦੀ ਤੱਥਾਂ `ਤੇ ਆਧਾਰਿਤ ਇਤਿਹਾਸਕਾਰੀ ਨੂੰ ਹਿੰਦੂ ਮੂਲਵਾਦੀ ਹਿੰਦੂ ਧਰਮ ਦੀ ਤੌਹੀਨ ਸਮਝਦੇ ਹਨ। ਬਤਰਾ ਵੱਲੋਂ ਕੀਤੇ ਮੁਕੱਦਮੇ ਦੇ ਦਬਾਅ ਹੇਠ ਪੈਂਗੂਇਨ ਪ੍ਰਕਾਸ਼ਨ ਸਮੂਹ ਨੇ ਹਮਲੇ ਦੇ ਡਰ ਕਾਰਨ ਉਪਰੋਕਤ ਕਿਤਾਬ ਦੀਆਂ ਸਾਰੀਆਂ ਕਾਪੀਆਂ ਕਿਤਾਬ ਵਿਕ੍ਰੇਤਾਵਾਂ ਤੋਂ ਵਾਪਸ ਲੈ ਕੇ ਨਸ਼ਟ ਕਰ ਦਿੱਤੀਆਂ। ਇਸੇ ਤਰ੍ਹਾਂ ਬਤਰੇ ਨੇ ਦਿੱਲੀ ਯੂਨੀਵਰਸਿਟੀ ਦੇ ਇਤਿਹਾਸ ਦੇ ਅੰਡਰ-ਗਰੈਜੂਏਟ ਸਿਲੇਬਸ ਵਿਚੋਂ ਏ.ਕੇ. ਰਾਮਾਨੁਜਨ ਦੇ ਪ੍ਰਸਿੱਧ ਲੇਖ ‘ਥ੍ਰੀ ਹੰਡਰਡ ਰਾਮਾਇਣਜ਼` ਨੂੰ ਹਟਾਉਣ ਲਈ ਮੁਕੱਦਮਾ ਕੀਤਾ। ਨਤੀਜਾ ਇਹ ਹੋਇਆ ਕਿ ਯੂਨੀਵਰਸਿਟੀ ਨੇ ਖੁਦ ਹੀ ਇਹ ਲੇਖ ਆਪਣੇ ਕੋਰਸ `ਚੋਂ ਹਟਾ ਦਿੱਤਾ। ਉਸ ਦੇ ਕੀਤੇ ਮੁਕੱਦਮਿਆਂ ਦਾ ਸਿਲਸਿਲਾ ਦਹਾਕਿਆਂ `ਚ ਫੈਲਿਆ ਹੋਇਆ ਹੈ।
ਇਨ੍ਹਾਂ ਸਾਰੇ ਮੁਕੱਦਮਿਆਂ ਵਿਚ ਬਤਰਾ ਦੀ ਆਮ ਸ਼ਿਕਾਇਤ ਇਹ ਸੀ ਕਿ ਇਹ ਕਿਤਾਬਾਂ ਜਾਂ ਪਾਠ ਹਿੰਦੂ ਵਿਰੋਧੀ ਜਾਂ ਭਾਰਤੀਅਤਾ ਵਿਰੋਧੀ ਹਨ। ਜਿਨ੍ਹਾਂ ਮੁਕੱਦਮਿਆਂ ਵਿਚ ਬਤਰਾ ਸਿੱਧੇ ਤੌਰ `ਤੇ ਸ਼ਾਮਿਲ ਸੀ, ਉਨ੍ਹਾਂ ਤੋਂ ਇਲਾਵਾ ਉਸ ਦੇ ਜਥੇਬੰਦਕ ਤਾਣੇ-ਬਾਣੇ ਨਾਲ ਸਬੰਧਿਤ ਲੋਕ ਵੱਖ-ਵੱਖ ਥਾਵਾਂ `ਤੇ ਇਤਿਹਾਸਕਾਰਾਂ, ਲੇਖਕਾਂ, ਕਲਾਕਾਰਾਂ ਵਿਰੁੱਧ ਮੁਕੱਦਮੇ ਕਰਦੇ ਰਹਿੰਦੇ ਸਨ। ਸੰਸਾਰ ਪ੍ਰਸਿੱਧ ਚਿੱਤਰਕਾਰ ਐੱਮ.ਐੱਫ. ਹੁਸੈਨ ਉਨ੍ਹਾਂ ਦੇ ਖ਼ਾਸ ਨਿਸ਼ਾਨੇ `ਤੇ ਸੀ। ਉਸ ਵਿਰੁੱਧ ਮੁਲਕ ਦੇ ਵੱਖ-ਵੱਖ ਹਿੱਸਿਆਂ `ਚ ਤਕਰੀਬਨ 100 ਮੁਕੱਦਮੇ ਕੀਤੇ ਗਏ ਜਿਸ ਕਾਰਨ ਉਸ ਨੂੰ ਮੁਲਕ ਛੱਡਣਾ ਪਿਆ।
ਬਤਰਾ ਵਿਦਿਅਕ ਅਤੇ ਸੱਭਿਆਚਾਰਕ ਮਾਮਲਿਆਂ ਵਿਚ ਆਰ.ਐੱਸ.ਐੱਸ. ਦਾ ਮਹੱਤਵਪੂਰਨ ਰਾਹ ਦਰਸਾਵਾ ਸੀ। ਉਸ ਨੇ ਜੋ ਕੰਮ ਕੀਤਾ ਉਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਭਾਰਤ ਜਾਂ ਸਿੱਖਿਆ ਬਾਰੇ ਆਰ.ਐੱਸ.ਐੱਸ. ਦੀ ਸਮਝ ਕੀ ਹੈ। ਉਸ ਨੇ ਐੱਨ.ਸੀ.ਈ.ਆਰ.ਟੀ. ਨੂੰ ਲਿਖਿਆ ਕਿ ਹਿੰਦੀ ਕਿਤਾਬਾਂ ਵਿਚੋਂ ਉਰਦੂ, ਅਰਬੀ ਅਤੇ ਫਾਰਸੀ ਦੇ ਸਾਰੇ ਸ਼ਬਦ ਹਟਾ ਦਿੱਤੇ ਜਾਣ। ਉਸ ਨੇ ਅਵਤਾਰ ਸਿੰਘ ਪਾਸ਼, ਗ਼ਾਲਿਬ, ਟੈਗੋਰ ਦੀਆਂ ਰਚਨਾਵਾਂ ਨੂੰ ਹਟਾਉਣ ਲਈ ਵੀ ਮੁਹਿੰਮ ਚਲਾਈ। 2006 `ਚ ਹਿੰਦੀ ਦੀਆਂ ਕਿਤਾਬਾਂ `ਚੋਂ ਪ੍ਰੇਮ ਚੰਦ, ਅਯੋਧਿਆ ਪ੍ਰਸਾਦ ਉਪਾਧਿਆਏ (ਹਰੀ ਔਧ), ਪਾਂਡੇ ਬੇਚਨ ਸ਼ਰਮਾ (ਉਗਰ), ਮੋਹਨ ਰਾਕੇਸ਼, ਸੁਧਾਮਾ ਪਾਂਡੇ (ਧੂਮਿਲ), ਅਵਤਾਰ ਸਿੰਘ ਪਾਸ਼, ਐੱਮ. ਐੱਫ. ਹੁਸੈਨ ਦੇ ਹਿੰਦੀ ਕਿਤਾਬਾਂ ਸ਼ਾਮਲ ਪਾਠਾਂ ਨੂੰ ਹਿੰਦੂ ਵਿਰੋਧੀ ਜਾਂ ਰਾਸ਼ਟਰ ਵਿਰੋਧੀ ਕਰਾਰ ਦੇ ਕੇ ਉਨ੍ਹਾਂ ਵਿਰੁੱਧ ਮੁਹਿੰਮ ਚਲਾਈ ਗਈ। ਇਹ ਮੁਹਿੰਮ ਸੰਸਦ ਤੱਕ ਪਹੁੰਚੀ ਅਤੇ ਇਸ ਨੇ ਐੱਨ.ਸੀ.ਈ.ਆਰ.ਟੀ. ਦੇ ਹਲਕਿਆਂ `ਚ ਤਬਾਹੀ ਮਚਾ ਦਿੱਤੀ।
ਬਤਰਾ ਕਿਤਾਬਾਂ ਨੂੰ ਪਵਿੱਤਰ ਕਰਨ ਦੇ ਆਪਣੇ ਕੰਮ ਵਿਚ ਕਿਸੇ ਵੀ ਹੱਦ ਤੱਕ ਜਾ ਸਕਦਾ ਸੀ। ਇਕ ਘਟਨਾ ਤੋਂ ਇਸ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ। ਬਤਰਾ ਦੀ ਸੰਸਥਾ ਨੇ ਐੱਨ.ਸੀ.ਈ.ਆਰ.ਟੀ. ਅਤੇ ਸੀ.ਬੀ.ਐੱਸ.ਈ. ਨੂੰ ਚਿੱਠੀ ਲਿਖੀ ਕਿ ਹਿੰਦੀ ਦੀ ਇਕ ਕਿਤਾਬ ਵਿਚ ਐੱਮਐੱਫ ਹੁਸੈਨ ਬਾਰੇ ਪਾਠ ਹੈ। ਉਸ ਵਿਚ ਵਿਦਿਆਰਥੀਆਂ ਲਈ ਅਭਿਆਸ ਇਹ ਦਿੱਤਾ ਗਿਆ ਹੈ ਕਿ ਉਹ ਇੰਟਰਨੈੱਟ ਉੱਪਰ ਵੱਡੇ ਚਿਤਰਕਾਰਾਂ ਦੀਆਂ ਕਲਾਕ੍ਰਿਤਾਂ ਨੂੰ ਖੋਜਣ ਅਤੇ ਖ਼ੁਦ ਉਨ੍ਹਾਂ ਨੂੰ ਦੇਖਣ। ਬਤਰਾ ਦੀ ਸ਼ਿਕਾਇਤ ਇਹ ਸੀ ਕਿ ਅਜਿਹਾ ਕਰਨ ਨਾਲ ਵਿਦਿਆਰਥੀ ਹੁਸੈਨ ਦੀਆਂ ਪੇਂਟਿੰਗਾਂ ਤੱਕ ਪਹੁੰਚਗੇ ਜੋ ਹਿੰਦੂ ਦੇਵੀ-ਦੇਵਤਿਆਂ ਦਾ ਅਪਮਾਨਜਨਕ ਢੰਗ ਨਾਲ ਚਿਤਰਨ ਕਰਦੀਆਂ ਹਨ। ਉਸ ਨੇ ਦਾਅਵਾ ਕੀਤਾ ਕਿ ਇਸ ਦਾ ਬੱਚਿਆਂ `ਤੇ ਮਾੜਾ ਅਸਰ ਪੈਂਦਾ ਹੈ। ਐੱਨ.ਸੀ.ਈ.ਆਰ.ਟੀ. ਦੇ ਤਤਕਾਲੀ ਡਾਇਰੈਕਟਰ ਪ੍ਰੋਫੈਸਰ ਕ੍ਰਿਸ਼ਨ ਕੁਮਾਰ ਨੇ ਤਾਂ ਇਹ ਦਰਖ਼ਾਸਤ ਰੱਦ ਕਰ ਦਿੱਤੀ ਪਰ ਸੀ.ਬੀ.ਐੱਸ.ਈ. (ਸੈਂਟਰਲ ਬੋਰਡ ਆਫ ਸਕੂਲ ਐਜੂਕੇਸ਼ਨ) ਨੇ ਇਸ ਉੱਪਰ ਗੰਭੀਰਤਾ ਨਾਲ ਵਿਚਾਰ ਕੀਤਾ ਕਿ ਕੀ ਇਹ ਨਿਰਦੇਸ਼ ਜਾਰੀ ਕੀਤਾ ਜਾਵੇ ਕਿ ਅਧਿਆਪਕ ਇਸ ਅਭਿਆਸ ਨੂੰ ਨਜ਼ਰਅੰਦਾਜ਼ ਕਰ ਦੇਣ। ਬੋਰਡ ਅਜਿਹਾ ਨਹੀਂ ਕਰ ਸਕਿਆ ਕਿਉਂਕਿ ਬੋਰਡ ਦੇ ਅਧਿਕਾਰੀ ਸਿਲੇਬਸ ਕਮੇਟੀ ਦੇ ਮੈਂਬਰਾਂ ਨੂੰ ਇਸ ਦੇ ਹੱਕ ਵਿਚ ਦਲੀਲਾਂ ਨਹੀਂ ਦੇ ਸਕੇ। ਇਹ ਕੋਈ ਮਜ਼ਬੂਤ ਦਲੀਲ ਨਹੀਂ ਸੀ ਕਿ ਬੱਚਿਆਂ ਦੇ ਦਿਮਾਗਾਂ ਉੱਪਰ ਮਾੜਾ ਅਸਰ ਪਵੇਗਾ। ਅਭਿਆਸ ਜਾਰੀ ਰਿਹਾ ਪਰ ਜਿੱਥੋਂ ਤੱਕ ਮੈਨੂੰ ਚੇਤੇ ਹੈ, ਬਤਰੇ ਨੇ ਇਸ ਮੁੱਦੇ `ਤੇ ਵੀ ਮੁਕੱਦਮਾ ਕੀਤਾ ਸੀ।
ਬਤਰਾ ਆਪਣੇ ਆਪ ਨੂੰ ਸਾਰੇ ਵਿਸ਼ਿਆਂ ਦਾ ਪੰਡਤ ਸਮਝਦਾ ਸੀ ਅਤੇ ਗੁਜਰਾਤ ਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੀ ਵੀ ਬਤਰੇ ਬਾਰੇ ਇਹੀ ਸਮਝ ਸੀ। ਗੁਜਰਾਤ ਸਰਕਾਰ ਨੇ ਉਸ ਦੀਆਂ 16 ਕਿਤਾਬਾਂ ਸਕੂਲਾਂ ਵਿਚ ਲਾਜ਼ਮੀ ਸਿਲੇਬਸ ਵਜੋਂ ਲਗਵਾਈਆਂ। ਉਨ੍ਹਾਂ ਕਿਤਾਬਾਂ ਦੇ ਕੁਝ ਨਮੂਨੇ ਇਸ ਤਰ੍ਹਾਂ ਹਨ:
-ਆਪਣੇ ਜਨਮ ਦਿਨ `ਤੇ ਮੋਮਬੱਤੀਆਂ ਨਾ ਬੁਝਾਓ। ਇਹ ਪੱਛਮੀ ਸੱਭਿਆਚਾਰ ਹੈ ਜਿਸ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇਸ ਦਿਨ ਹਵਨ ਕਰੋ, ਗਊਆਂ ਦੀ ਸੇਵਾ ਕਰੋ।
-ਭਾਰਤ ਦਾ ਨਕਸ਼ਾ ਬਣਾਉਂਦੇ ਸਮੇਂ, ਪਾਕਿਸਤਾਨ, ਅਫ਼ਗਾਨਿਸਤਾਨ, ਨੇਪਾਲ, ਭੂਟਾਨ, ਤਿੱਬਤ, ਬੰਗਲਾਦੇਸ਼, ਸ੍ਰੀਲੰਕਾ ਅਤੇ ਬਰਮਾ ਨੂੰ ਇਸ ਵਿਚ ਸ਼ਾਮਲ ਕਰੋ। ਇਹ ਅਖੰਡ ਭਾਰਤ ਦਾ ਹਿੱਸਾ ਹਨ।
-ਟੈਲੀਵਿਜ਼ਨ ਦੀ ਖੋਜ ਮਹਾਭਾਰਤ ਤੋਂ ਪਹਿਲਾਂ ਹੋ ਚੁੱਕੀ ਸੀ। ਆਖ਼ਿਰ ਸੰਜੇ ਨੇ ਅੰਨ੍ਹੇ ਧ੍ਰਿਤਾਰਾਸ਼ਟਰ ਨੂੰ ਮਹਾਭਾਰਤ ਦਾ ਯੁੱਧ ਸਿੱਧਾ ਪ੍ਰਸਾਰਨ ਕਰ ਕੇ ਹੀ ਤਾਂ ਦਿਖਾਇਆ ਸੀ!
-‘ਪਰਮਦੀਪ` ਲੜੀ ਦੀਆਂ ਕਿਤਾਬਾਂ ਵਿਚ ਦੱਸਿਆ ਗਿਆ ਕਿ ਗਊ ਸੇਵਾ ਕਰਨ ਨਾਲ ਬੇਔਲਾਦ ਲੋਕਾਂ ਨੂੰ ਔਲਾਦ ਪ੍ਰਾਪਤ ਹੁੰਦੀ ਹੈ।
-‘ਤੇਜੋਮੇਯ ਭਾਰਤ` ਨਾਂ ਦੀ ਕਿਤਾਬ ਵਿਚ ਬਤਰਾ ਨੇ ਲਿਖਿਆ ਕਿ ਭਾਰਤ ਵਿਚ ਸਟੈਮ ਸੈੱਲ ਟੈਕਨਾਲੋਜੀ ਮਹਾਭਾਰਤ ਦੇ ਸਮੇਂ ਹੀ ਆ ਗਈ ਸੀ ਜਿਸ ਦਾ ਸਬੂਤ 100 ਕੌਰਵਾਂ ਦਾ ਜਨਮ ਹੈ। ਇਸੇ ਤਰ੍ਹਾਂ ਮੋਟਰ ਕਾਰ ਵੀ ਉਸੇ ਸਮੇਂ ਭਾਰਤ ਵਿਚ ਆ ਗਈ ਸੀ।
ਬਤਰਾ ਹਿੰਦੂਆਂ ਵਿਚ ਝੂਠੇ ਗੌਰਵ ਦੀ ਭਾਵਨਾ ਪੈਦਾ ਕਰਨ ਲਈ ਆਪਣੀ ਤਾਉਮਰ ਇਸ ਤਰ੍ਹਾਂ ਦੀ ਮੂਰਖਤਾ ਦਾ ਪ੍ਰਚਾਰ ਕਰਦਾ ਰਿਹਾ। ਭਾਵੇਂ ਮੂਰਖਤਾ ਕਾਨੂੰਨ ਦੀਆਂ ਨਜ਼ਰਾਂ `ਚ ਜੁਰਮ ਨਹੀਂ ਹੈ ਪਰ ਇਸ ਮੂਰਖਤਾ ਵਿਚ ਹਮਲਾਵਰੀ ਅਤੇ ਹਿੰਸਾ ਸੀ। ਬਤਰਾ ਭਾਰਤ ਦੇ ਕਾਨੂੰਨਾਂ ਦਾ ਸਹਾਰਾ ਲੈ ਕੇ ਹੀ ਪੇਸ਼ੇਵਰ ਇਤਿਹਾਸਕਾਰਾਂ, ਸਕੂਲੀ ਪਾਠ ਪੁਸਤਕਾਂ ਤਿਆਰ ਕਰਨ ਵਾਲਿਆਂ ਨੂੰ ਲਗਾਤਾਰ ਤੰਗ ਪ੍ਰੇਸ਼ਾਨ ਕਰਦਾ ਰਿਹਾ। ਜਦੋਂ ਟੀ.ਵੀ. ਚਰਚਾ ਵਿਚ ਰਵੀਸ਼ ਕੁਮਾਰ ਨੇ ਉਸ ਨੂੰ ਇਸ ਬਾਰੇ ਪੁੱਛਿਆ ਤਾਂ ਉਸ ਨੇ ਮਾਸੂਮ ਬਣ ਕੇ ਕਿਹਾ ਕਿ ਉਹ ਤਾਂ ਕੋਈ ਹਿੰਸਾ ਨਹੀਂ ਕਰਦਾ, ਉਹ ਤਾਂ ਸਿਰਫ਼ ਕਾਨੂੰਨੀ ਰਾਹ ਦੁਆਰਾ ਆਪਣੀ ਸ਼ਿਕਾਇਤ ਦਰਜ ਕਰਾਉਂਦਾ ਹੈ ਜੋ ਉਸ ਦਾ ਕਾਨੂੰਨੀ ਹੱਕ ਹੈ ਪਰ ਆਰ.ਐੱਸ.ਐੱਸ. ਦਾ ਹਿੱਸਾ ਹੋਣ ਕਾਰਨ ਉਸ ਦੀਆਂ ਕਾਨੂੰਨੀ ਕਾਰਵਾਈਆਂ ਦਾ ਜ਼ਮੀਨੀਂ ਪੱਧਰ `ਤੇ ਹਿੰਸਕ ਹਮਲਿਆਂ ਨਾਲ ਤਾਲਮੇਲ ਸੀ। ਉਹ ਮੁਕੱਦਮਾ ਦਾਇਰ ਕਰਾਉਂਦਾ ਸੀ; ਭਾਜਪਾ ਦਾ ਵਿਦਿਆਰਥੀ ਵਿੰਗ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਜਾਂ ਬਜਰੰਗ ਦਲ ਦੇ ਹਜੂਮ ਉਨ੍ਹਾਂ ਲੋਕਾਂ `ਤੇ ਹਮਲੇ ਕਰਦੇ ਸਨ ਜਿਨ੍ਹਾਂ ਵਿਰੁੱਧ ਬਤਰੇ ਨੇ ਮੁਕੱਦਮਾ ਦਾਇਰ ਕਰਵਾਇਆ ਹੁੰਦਾ ਸੀ। ਭਾਜਪਾ ਦੇ ਆਗੂ ਇਸ ਨੂੰ ਰਾਜਨੀਤਕ ਮੁੱਦਾ ਬਣਾ ਕੇ ਸੰਸਦ ਅਤੇ ਵਿਧਾਨ ਸਭਾ ਵਿਚ ਹੋ-ਹੱਲਾ ਮਚਾਉਂਦੇ ਸਨ।
ਮੁਕੱਦਮੇਬਾਜ਼ੀ, ਸੜਕੀ ਹਮਲਿਆਂ ਅਤੇ ਵਿਧਾਨਸਾਜ਼ ਸੰਸਥਾਵਾਂ `ਚ ਹੜਦੁੰਗ ਦੀ ਇਹ ਸਾਂਝੀ ਮੁਹਿੰਮ ਸਿੱਖਿਆ ਵਿਗਿਆਨੀਆਂ ਅਤੇ ਲੇਖਕਾਂ ਨੂੰ ਦਹਿਸ਼ਤਜ਼ਦਾ ਕਰਦੀ ਸੀ ਜਿਨ੍ਹਾਂ ਨੂੰ ਅਜਿਹੇ ਯੋਜਨਾਬੱਧ ਹਮਲੇ ਦਾ ਮੁਕਾਬਲਾ ਕਰਨ ਲਈ ਵਿਅਕਤੀਗਤ ਤੌਰ `ਤੇ ਲੜਨਾ ਪੈਂਦਾ।
ਇਸ ਹਿੰਸਕ ਮੁਹਿੰਮ ਦੇ ਕਾਰਨ, ਭਾਰਤ ਵਿਚ ਵਿਦੇਸ਼ੀ ਪ੍ਰਕਾਸ਼ਕ ਵੀ ਉਨ੍ਹਾਂ ਲੇਖਕਾਂ ਅਤੇ ਵਿਸ਼ਿਆਂ ਨੂੰ ਛਾਪਣ ਤੋਂ ਪੈਰ ਪਿੱਛੇ ਖਿੱਚਣ ਲੱਗ ਪਏ ਜੋ ਬਤਰੇ ਕਿਆਂ ਦੀ ਨਜ਼ਰ `ਚ ਭਾਰਤੀ ਸੱਭਿਆਚਾਰ ਜਾਂ ਰਾਸ਼ਟਰ ਵਿਰੋਧੀ ਸਨ। ਹੁਣ ਪ੍ਰਕਾਸ਼ਨ ਤੋਂ ਪਹਿਲਾਂ ਵੱਡੇ ਤੋਂ ਵੱਡੇ ਵਿਦਵਾਨਾਂ ਜਾਂ ਖੋਜਕਾਰਾਂ ਦੇ ਲੇਖ ਜਾਂ ਕਿਤਾਬ ਨੂੰ ਪਹਿਲਾਂ ਕਾਨੂੰਨੀ ਪੁਣਛਾਣ ਵਿਚੋਂ ਲੰਘਣਾ ਪੈਂਦਾ ਹੈ ਤਾਂ ਜੋ ਉਹ ਸਾਰੀਆਂ ਚੀਜ਼ਾਂ ਪਹਿਲਾਂ ਹੀ ਹਟਾ ਦਿੱਤੀਆਂ ਜਾਣ ਜੋ ਬਤਰੇ ਵਰਗੇ ਸ਼ਖ਼ਸਾਂ ਨੂੰ ਚੁਭ ਸਕਦੀਆਂ ਹਨ।
ਬਤਰੇ ਨੂੰ ਲਾਜ਼ਮੀ ਚੇਤੇ ਰੱਖਿਆ ਜਾਣਾ ਚਾਹੀਦਾ ਹੈ ਅਤੇ ਉਸ ਉੱਪਰ ਖੋਜ ਵੀ ਕੀਤੀ ਜਾਣੀ ਚਾਹੀਦੀ ਹੈ। ਇਸ ਨਾਲ ਪਤਾ ਲੱਗੇਗਾ ਕਿ ਉਹ ਬੌਧਿਕਤਾ, ਅਕਾਦਮਿਕ ਆਜ਼ਾਦੀ ਅਤੇ ਸੁਤੰਤਰ ਬੁੱਧੀ ਦੇ ਸਭ ਤੋਂ ਵੱਡੇ ਦੁਸ਼ਮਣਾਂ ਵਿਚੋਂ ਇਕ ਸੀ। ਇਹ ਕਿਹਾ ਜਾ ਸਕਦਾ ਹੈ ਕਿ ਇਹ ਤਾਂ ਰਾਸ਼ਟਰੀ ਸਵੈਮਸੇਵਕ ਸੰਘ ਵਿਚ ਸ਼ਾਮਲ ਹੋਣ ਦੀ ਬੁਨਿਆਦੀ ਸ਼ਰਤ ਹੈ।
ਇਸ ਲਈ ਦੀਨਾਨਾਥ ਬਤਰਾ ਵਿਚ ਵੀ ਸਾਰਾ ਕੁਝ ਇਹੀ ਸੀ। ਉਸ ਨੇ ਭਾਰਤ ਨੂੰ ਕਿੰਨਾ ਨੁਕਸਾਨ ਪਹੁੰਚਾਇਆ ਹੈ, ਇਸ ਦਾ ਲੇਖਾ-ਜੋਖਾ ਵੀ ਹੁਣ ਕੀਤਾ ਜਾਣਾ ਚਾਹੀਦਾ ਹੈ। ਪੂਰੇ ਮੁਲਕ `ਚ ਆਰ.ਐੱਸ.ਐੱਸ. ਦੇ ਸਿੱਖਿਆ ਵਿੰਗ ‘ਵਿਦਿਆ ਭਾਰਤੀ` ਦੇ ਹਜ਼ਾਰਾਂ ਸਕੂਲਾਂ ਵਿਚ ਪੜ੍ਹੀਆਂ ਪੀੜ੍ਹੀਆਂ ਵਿਚ ਉਸ ਨੇ ਮੂਰਖਤਾ, ਦੂਜਿਆਂ ਪ੍ਰਤੀ ਸ਼ੱਕ ਅਤੇ ਨਫਰਤ ਦੇ ਬੀਜ ਬੀਜ ਦਿੱਤੇ। ਦੁਨੀਆ ਭਰ ਵਿਚ ਹਿੰਦੂਤਵਵਾਦੀ ਯੋਧਿਆਂ ਵਿਚ ਜਿਹੜਾ ਮੁਸਲਮਾਨ ਵਿਰੋਧ ਅਤੇ ਬੌਧਿਕਤਾ ਨਾਲ ਵੈਰ ਨਜ਼ਰ ਆ ਰਿਹਾ ਹੈ, ਉਸ ਦੇ ਲਈ ਦੀਨਾਨਾਥ ਬਤਰਾ ਨੂੰ ਦੋਸ਼ੀ ਕਰਾਰ ਦਿੱਤਾ ਜਾਣਾ ਚਾਹੀਦਾ ਹੈ।
ਇਹ ਭਾਰਤ ਦੀ ਬਦਕਿਸਮਤੀ ਹੈ ਕਿ ਅੱਜ ਉਸ ਦੀ ਕੌਮੀ ਸਿੱਖਿਆ ਨੀਤੀ ਅਜਿਹੇ ਸ਼ਖ਼ਸ ਤੋਂ ਪ੍ਰੇਰਿਤ ਹੈ ਜਿਸ ਨੇ ਗਿਆਨ ਨੂੰ ਹੀ ਰੂਪੋਸ਼ ਹੋ ਜਾਣ ਲਈ ਮਜਬੂਰ ਕਰ ਦਿੱਤਾ। ਬਤਰੇ ਨੇ ਇਹ ਦੇਖ ਕੇ ਜ਼ਰੂਰ ਹੀ ਆਪਣੇ ਆਖ਼ਰੀ ਦਿਨ ਸੰਤੁਸ਼ਟੀ ਨਾਲ ਗੁਜ਼ਾਰੇ ਹੋਣਗੇ ਕਿ ਭਾਰਤ ਦੇ ਹਿੰਦੂਆਂ `ਚ ‘ਸੱਭਿਆਚਾਰਕ ਗੌਰਵ` ਪੈਦਾ ਕਰਨ ਦਾ ਉਸ ਦਾ ਸੁਪਨਾ ਹੁਣ ਸਾਕਾਰ ਹੋ ਰਿਹਾ ਹੈ। ਉਨ੍ਹਾਂ ਦੀ ਜਥੇਬੰਦੀ ਅੱਜ ਭਾਰਤ ਦੀ ਸਭ ਤੋਂ ਪ੍ਰਭਾਵਸ਼ਾਲੀ ਜਥੇਬੰਦੀ ਹੈ। ਉਸ ਦੇ ਅਹੁਦੇਦਾਰਾਂ ਨੂੰ ਹਰ ਸਿੱਖਿਆ ਸੰਸਥਾ `ਚ ਮਾਣ-ਸਤਿਕਾਰ ਨਾਲ ਸੱਦਿਆ ਜਾਂਦਾ ਹੈ। ਉਨ੍ਹਾਂ ਦੀਆਂ ਸਿਫ਼ਾਰਸ਼ਾਂ `ਤੇ ਸਿੱਖਿਆ ਨੀਤੀਆਂ ਬਣਦੀਆਂ ਹਨ ਅਤੇ ਸਿਲੇਬਸ ਦੀਆਂ ਕਿਤਾਬਾਂ ਲਿਖੀਆਂ ਜਾਂਦੀਆਂ ਹਨ।
ਨਿਸ਼ਚੇ ਹੀ ਇਹ ਉਨ੍ਹਾਂ ਲਈ ਗੌਰਵ ਦਾ ਸਮਾਂ ਹੈ ਕਿਉਂਕਿ ਇਸ ਸਮੇਂ ਭਾਰਤ ਵਿਚ ਬਤਰੇ ਦੀ ਜਥੇਬੰਦੀ ਅਤੇ ਉਸ ਦੀ ਵਿਚਾਰਧਾਰਾ ਸਿਖਰਾਂ ਛੂਹ ਰਹੀ ਹੈ ਪਰ ਕੀ ਇਹ ਭਾਰਤ ਬਾਰੇ ਕਿਹਾ ਜਾ ਸਕਦਾ ਹੈ ਜਿਸ ਨੂੰ ਕਦੇ ਆਪਣੀਆਂ ਬੌਧਿਕ ਪਰੰਪਰਾਵਾਂ ਉੱਪਰ ਮਾਣ ਹੁੰਦਾ ਸੀ?