ਆਮਨਾ ਕੌਰ
ਉਘੀ ਫਿਲਮੀ ਹਸਤੀ ਕਿਰਨ ਰਾਓ ਦੀ ਫਿਲਮ ‘ਲਾਪਤਾ ਲੇਡੀਜ਼’ ਇਸ ਵਾਰ ਆਸਕਰ ਇਨਾਮਾਂ ਵਿਚ ਭਾਰਤ ਦੀ ਨੁਮਾਇੰਦਗੀ ਕਰ ਰਹੀ ਹੈ। ਇਹ ਫਿਲਮ ਇਨ੍ਹਾਂ ਇਨਾਮਾਂ ਵਿਚ ਆਪਣਾ ਝੰਡਾ ਗੱਡਦੀ ਹੈ ਜਾਂ ਨਹੀਂ, ਇਸ ਬਾਰੇ ਤਾਂ ਫਿਲਹਾਲ ਕੁਝ ਨਹੀਂ ਕਿਹਾ ਜਾ ਸਕਦਾ ਪਰ ਇਹ ਫਿਲਮ ਸੰਜੀਦਾ ਦਰਸ਼ਕਾਂ ਦੇ ਦਿਲ ਜਿੱਤ ਚੁੱਕੀ ਹੈ।
ਹਾਲ ਹੀ ਵਿਚ ਭਾਰਤੀ ਮੂਲ ਦੇ ਪ੍ਰਸਿੱਧ ਸ਼ੈੱਫ ਵਿਕਾਸ ਖੰਨਾ ਜਿਸ ਦਾ ਪਿਛੋਕੜ ਗੁਰੂ ਕੀ ਨਗਰੀ ਅੰਮ੍ਰਿਤਸਰ ਦਾ ਹੈ, ਨੇ ਫਿਲਮ ਦੀ ਸਮੁੱਚੀ ਟੀਮ ਲਈ ਨਿਊਯਾਰਕ ਵਿਚ ਖਾਸ ਸਮਾਗਮ ਦਾ ਇੰਤਜ਼ਾਮ ਕੀਤਾ। ਇਸ ਸਮਾਗਮ ਵਿਚ ਕਿਰਨ ਰਾਓ ਤੋਂ ਇਲਾਵਾ ਉਸ ਦੇ ਸਾਬਕਾ ਖਾਵੰਦ, ਅਦਾਕਾਰ ਆਮਿਰ ਖਾਨ ਨੇ ਵੀ ਸ਼ਿਰਕਤ ਕੀਤੀ।
ਇਸ ਮੌਕੇ ਵਿਕਾਸ ਖੰਨਾ ਨੇ ਕਿਰਨ ਰਾਓ ਦੀਆਂ ਤਾਰੀਫਾਂ ਦੇ ਪੁਲ ਬੰਨ੍ਹ ਦਿੱਤੇ। ਉਸ ਨੇ ਆਪਣਾ ਸੁਨੇਹਾ ਇੰਸਟਾਗਰਾਮ ਉਤੇ ਸਾਂਝਾ ਕੀਤਾ ਹੈ। ਉਸ ਨੇ ਲਿਖਿਆ ਹੈ: “ਜਬ ਦਿਲ ਤੋਂ ਦੁਆ ਨਿੱਕਲ ਰਹੀ ਹੈ; ਜਿੱਤ ਲਓ ਦੁਨੀਆ।” ਉਸ ਨੇ ਇਹ ਵੀ ਲਿਖਿਆ ਹੈ ਕਿ ਕਿਰਨ ਰਾਓ ਅਸਲੀ ਕਾਲਕਾਰ ਹੈ ਜਿਸ ਨੇ ਇਹ ਖਾਸ ਫਿਲਮ ਸਾਡੇ ਲਈ ਬਣਾਈ ਹੈ। ਉਸ ਨੇ ਫਿਲਮ ਵਿਚ ਕੰਮ ਕਰਨ ਵਾਲਿਆਂ ਦੀ ਵੀ ਰੱਜ ਕੇ ਤਾਰੀਫ ਕੀਤੀ।
ਯਾਦ ਰਹੇ ਕਿ ਕਿਰਨ ਰਾਓ ਬਹੁਤ ਸਾਰੇ ਜੋਖਮ ਉਠਾ ਕੇ ਕੰਮ ਕਰਨ ਵਾਲੀ ਹਸਤੀ ਹੈ। ਉਸ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ 2001 ਵਿਚ ਆਈ ਫਿਲਮ ‘ਲਗਾਨ’ ਨਾਲ ਬਤੌਰ ਅਸਿਸਟੈਂਟ ਡਾਇਰੈਕਟਰ ਕੀਤੀ ਸੀ। ਇਸ ਫਿਲਮ ਦਾ ਹੀਰੋ ਆਮਿਰ ਖਾਨ ਸੀ ਅਤੇ ਇਸ ਫਿਲਮ ਦੇ ਨਿਰਦੇਸ਼ਕ ਅਸ਼ੂਤੋਸ਼ ਗੋਵਾਰੀਕਰ ਸਨ। ਇਹ ਫਿਲਮ ਬਹੁਤ ਚੱਲੀ ਸੀ ਅਤੇ ਇਸ ਦੇ ਨਾਲ ਹੀ ਕਿਰਨ ਰਾਓ ਅਤੇ ਆਮਿਰ ਖਾਨ ਦੀ ਮੁਹੱਬਤ ਦੇ ਕਿੱਸੇ ਵੀ ਚੱਲ ਪਏ। ਫਿਰ 2005 ਦੋਹਾਂ ਨੇ ਵਿਆਹ ਕਰਵਾ ਲਿਆ ਜੋ 2021 ਤੱਕ ਚੱਲਿਆ। ਉਂਝ, ਦੋਵੇਂ ਅੱਜ ਵੀ ਆਪਣੇ ਕੰਮ-ਕਾਰ ਦੇ ਮਾਮਲੇ ਵਿਚ ਇਕ-ਦੂਜੇ ਦਾ ਪੂਰਾ ਸਾਥ ਦਿੰਦੇ ਹਨ।
ਕਿਰਨ ਰਾਓ ਨੇ ਉਘੀ ਫਿਲਮਸਾਜ਼ ਮੀਰਾ ਨਾਇਰ ਦੀ ਮਸ਼ਹੂਰ ਫਿਲਮ ‘ਮੌਨਸੂਨ ਵੈਡਿੰਗ’ ਲਈ ਵੀ ਅਸਿਸਟੈਂਟ ਡਾਇਰੈਕਟਰ ਵਜੋਂ ਕੰਮ ਕੀਤਾ ਸੀ। ਇਸ ਤੋਂ ਬਾਅਦ ਉਸ ਨੇ ਫਿਲਮ ‘ਧੋਬੀ ਘਾਟ’ ਦੀ ਪਟਕਥਾ ਲਿਖੀ। ਇਹ ਫਿਲਮ ਉਸ ਨੇ ਆਪ ਹੀ ਡਾਇਰੈਕਟ ਕੀਤੀ। ਇਹ ਫਿਲਮ ਬਾਕਸਆਫਿਸ ‘ਤੇ ਤਾਂ ਬਹੁਤੀ ਕਮਾਲ ਨਹੀਂ ਕਰ ਸਕੀ ਪਰ ਇਹ ਫਿਲਮ ਦੇਖ ਕੇ ਇਕ ਵਾਰ ਜ਼ਰੂਰ ਲੱਗਦਾ ਹੈ ਕਿ ਅਜਿਹੀ ਫਿਲਮ ਕਿਰਨ ਰਾਓ ਵਾਰਗੀ ਔਰਤ ਹੀ ਬਣਾ ਸਕਦੀ ਸੀ। ਇਸ ਫਿਲਮ ਵਿਚ ਆਮਿਰ ਖਾਨ ਤੋਂ ਇਲਾਵਾ ਪ੍ਰਤੀਕ ਬੱਬਰ, ਕ੍ਰਿਤੀ ਮਲਹੋਤਰਾ ਅਤੇ ਮਨਿਕਾ ਡੋਗਰਾ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਸਨ। ਬਤੌਰ ਡਾਇਰੈਕਟਰ ਇਹ ਕਿਰਨ ਰਾਓ ਦੀ ਪਹਿਲੀ ਫਿਲਮ ਸੀ।
ਹੁਣ ‘ਲਾਪਤਾ ਲੇਡੀਜ਼’ ਨਾਲ ਸਾਬਿਤ ਹੋ ਗਿਆ ਕਿ ਸੱਚਮੁੱਚ ਕਿਰਨ ਰਾਓ ਨਿਆਰੀ ਅਤੇ ਨਿਵੇਕਲੀ ਹੈ। ਭਾਰਤ ਵਿਚ ਇਹ ਫਿਲਮ ਇਸ ਸਾਲ ਪਹਿਲੀ ਮਾਰਚ ਨੂੰ ਰਿਲੀਜ਼ ਹੋਈ ਸੀ। ਇਸ ਤੋਂ ਪਹਿਲਾਂ ਪਿਛਲੇ ਸਾਲ ਸਤੰਬਰ ਵਿਚ ਇਹ ਫਿਲਮ ਟੋਰਾਂਟੋ ਕੌਮਾਂਤਰੀ ਫਿਲਮ ਮੇਲੇ ਵਿਚ ਦਿਖਾਈ ਸੀ। ਫਿਲਮ ਨੇ ਮੈਲਬਰਨ (ਆਟਰੇਲੀਆ) ਦੇ ਫਿਲਮ ਮੇਲੇ ਵਿਚ ਪੁਰਸਕਾਰ ਵੀ ਹਾਸਿਲ ਕੀਤਾ। ਇਸ ਫਿਲਮ ਵਿਚ ਮੁੱਖ ਕਿਰਦਾਰ ਨਿਤਾਸ਼ੀ ਗੋਇਲ, ਪ੍ਰਤਿਭਾ ਰਾਂਤਾ, ਸਪਰਸ਼ ਸ੍ਰੀਵਾਸਤਵ, ਛਾਇਆ ਕਦਮ ਅਤੇ ਰਵੀ ਕਿਸ਼ਨ ਨੇ ਨਿਭਾਏ ਹਨ। ਇਹ ਫਿਲਮ ਦੋ ਵਿਆਂਹਦੜਾਂ ਦੁਆਲੇ ਘੁੰਮਦੀ ਹੈ। ਫਿਲਮ ਆਲੋਚਕਾਂ ਨੇ ਇਸ ਫਿਲਮ ਦੇ ਹੱਕ ਵਿਚ ਰਿਵੀਊ ਲਿਖੇ ਅਤੇ ਕਿਰਨ ਰਾਓ ਦੀ ਖੂਬ ਤਾਰੀਫ ਕੀਤੀ ਅਤੇ ਲਿਖਿਆ ਕਿ ਹੈਰਾਨੀ ਦੀ ਗੱਲ ਹੈ ਕਿ ਕੋਈ ਫਿਲਮ ਇਸ ਤਰ੍ਹਾਂ ਵੀ ਬਣਾਈ ਜਾ ਸਕਦੀ ਹੈ। ਸਭ ਤੋਂ ਵੱਡੀ ਗੱਲ, ਕਿਰਨ ਰਾਓ ਨੇ ਇਸ ਫਿਲਮ ਦੇ ਤਿੰਨ ਕਿਰਦਾਰਾਂ ਲਈ ਬਿਲਕੁਲ ਨਵੇਂ ਅਦਾਕਾਰਾਂ ਨੂੰ ਮੌਕਾ ਦਿੱਤਾ। ਉਸ ਨੇ ਆਪਣੀ ਇਸ ਫਿਲਮ ਵਿਚ ਹੋਰ ਵੀ ਬਹੁਤ ਸਾਰੇ ਤਜਰਬੇ ਕੀਤੇ ਹਨ।
