ਜਪੁਜੀ ਸਾਹਿਬ ਦਾ ਦਾਰਸ਼ਨਿਕ ਪਰਿਪੇਖ

ਸੁਹਿੰਦਰ ਬੀਰ
ਫੋਨ:98552-04102
ਜਪੁਜੀ ਸਾਹਿਬ ਗੁਰੂ ਨਾਨਕ ਦੇਵ ਜੀ ਦੀ ਇਕ ਸ਼ਾਹਕਾਰ ਕਿਰਤ ਹੈ। ਇਹ ਮੰਨਿਆ ਜਾਂਦਾ ਹੈ ਕਿ ਗੁਰੂ ਜੀ ਨੇ ਇਸ ਦੀ ਰਚਨਾ ਉਦੋਂ ਕੀਤੀ ਜਦੋਂ ਜੀਵਨ ਦੀਆਂ ਉਦਾਸੀਆਂ ਅਤੇ ਜੀਵਨ ਦੇ ਵਿਸ਼ਾਲ ਅਨੁਭਵ ਦੇ ਨਾਲ ਨਾਲ ਉਨ੍ਹਾਂ ਨੇ ਪੂਰਵ ਲਿਖੇ ਹੋਏ ਧਾਰਮਿਕ ਗ੍ਰੰਥਾਂ ਦਾ ਗਹਿਰਾ ਅਧਿਐਨ ਕਰ ਕੇ ਕੁੱਝ ਜੀਵਨ ਅਤੇ ਸ੍ਰਿਸ਼ਟੀ ਦੇ ਬੁਨਿਆਦੀ ਤੱਥਾਂ ਦਾ ਨਿਚੋੜ ਉਜਾਗਰ ਕਰ ਲਿਆ ਸੀ।

ਹੱਥਲੇ ਲੇਖ ਦਾ ਮਨੋਰਥ ਜਪੁਜੀ ਸਾਹਿਬ ਦੀ ਰਚਨਾ ਦੇ ਆਧਾਰ ’ਤੇ ਗੁਰੂ ਨਾਨਕ ਦੇਵ ਜੀ ਦੇ ਦਾਰਸ਼ਨਿਕ ਨੁਕਤਿਆਂ ਨੂੰ ਦ੍ਰਿਸ਼ਟੀਗੋਚਰ ਕਰਨਾ ਹੈ। ਜਪੁਜੀ ਸਾਹਿਬ ਦੀ ਰਚਨਾ ਕਾਵਿਤਾ ਦੇ ਰੂਪ ਵਿਚ ਕੀਤੀ ਗਈ ਹੈ। ਕਿਸੇ ਵੀ ਕਾਵਿ ਦਾ ਧਰਮ ਕਿਸੇ ਦਰਸ਼ਨ ਵਿਸ਼ੇਸ਼ ਦੀ ਪੇਸ਼ਕਾਰੀ ਨਹੀਂ ਹੁੰਦਾ ਪਰ ਕਾਵਿ ਵਿਚ ਦਾਰਸ਼ਨਿਕ ਝੁਕਾਵਾਂ ਦੀ ਬਿਰਤੀ ਇਸਦੇ ਕਲਾਤਮਕ ਰੂਪ ਵਿਚ ਵਾਧਾ ਕਰਦੀ ਹੈ। ਸੱਚੀ ਕਲਾ ਸਦਾ ਦਰਸ਼ਨ ਵੱਲ ਝੁਕਾਅ ਰਖਦੀ ਹੈ। ਇਹ ਵਿਸ਼ਵ ਵਿਆਪੀ ਸਮੱਸਿਆਵਾਂ ਅਤੇ ਰਹੱਸਾਂ ਦਾ ਸਮਾਧਾਨ ਭਾਲਦੀ ਹੈ ਤੇ ਸੰਸਾਰ ਨੂੰ ਸਮਝਣ ਦਾ ਯਤਨ ਕਰਦੀ ਹੈ। ਕਲਾਕਾਰ ਦਾ ਸਰੋਕਾਰ ਕੇਵਲ ਆਪਣੇ ਕਿਰਦਾਰਾਂ ਦੀ ਭਾਵੀ ਨਾਲ ਨਹੀਂ ਹੁੰਦਾ, ਸਮੁੱਚੇ ਸੰਸਾਰ ਦੀ ਖੋਜ ਨਾਲ ਹੁੰਦਾ ਹੈ। ਸਾਡੀ ਜਾਚੇ ਕਾਵਿ ਇਕ ਜਟਿਲ ਕਲਾ ਹੈ, ਇਹ ਇਕ ਅਜਿਹੀ ਸਾਧਨਾ ਹੈ, ਜਿਸ ਸਾਧਨਾ ਅਤੇ ਸਮਾਧੀ ਵਿਚ ਉਪਭਾਵੁਕਤਾ ਖ਼ਾਰਿਜ ਹੋ ਜਾਂਦੀ ਹੈ ਅਤੇ ਮਨੁੱਖ ਦੀ ਇਕਾਗਰਤਾ ਸ੍ਰਿਸ਼ਟੀ ਅਤੇ ਬ੍ਰਹਿਮੰਡ ਦੇ ਵਰਤਾਰਿਆਂ ਪਿੱਛੇ ਕਾਰਜਸ਼ੀਲ ਨੇਮਾਂ ਨੂੰ ਸਮਝਣ ਅਤੇ ਸੁਹਜਾਤਮਕ ਰੂਪ ਵਿਚ ਪ੍ਰਗਟਾਉਣ ਦਾ ਯਤਨ ਕਰਦੀ ਹੈ।
ਜਪੁਜੀ ਸਾਹਿਬ ਦੀ ਰੂਪ-ਰਚਨਾ ਇਸ ਪ੍ਰਕਾਰ ਕੀਤੀ ਗਈ ਹੈ ਕਿ ਇਸਦੇ ਆਰੰਭ ਵਿਚ 14 ਸ਼ਬਦਾਂ ਦਾ ਇਕ ਮੰਗਲਾਚਰਨ ਦਿੱਤਾ ਗਿਆ ਹੈ, ਜਿਸ ਵਿਚ ਗੁਰਮਤਿ ਸਿਧਾਂਤ ਦਾ ਬੀਜ ਰੂਪ ਵਿਚ ਉਲੇਖ ਮਿਲ ਜਾਂਦਾ ਹੈ। ਪਰਮਾਤਮਾ ਦੇ ਸਰੂਪ ਦੀ ਚਰਚਾ ਉਪਨਿਸ਼ਦਕ ਦਰਸ਼ਨ ਦੇ ਕਾਫ਼ੀ ਨੇੜੇ ਹੈ ਅਤੇ ਅਨੇਕ ਪ੍ਰਕਾਰ ਦੀਆਂ ਹੋਰ ਦਾਰਸ਼ਨਿਕ ਪਰੰਪਰਾਵਾਂ ਦਾ ਸਾਰ-ਤੱਤ ਵੀ ਇਸ ਵਿਚ ਦੇਖਿਆ ਜਾ ਸਕਦਾ ਹੈ। ਇਸ ਰਚਨਾ ਦੀਆਂ 38 ਪਉੜੀਆਂ ਹਨ। ਹਰ ਪਉੜੀ ਜਾਂ ਪਉੜੀ ਸਮੂਹ ਦਾ ਆਪਣਾ ਰਚਨਾ ਵਿਧਾਨ ਹੈ। ਇਸ ਵਿਚ ਵਰਤੇ ਗਏ ਛੰਦ ਵਿਰਾਜ, ਦੋਹਰਾ, ਸਲੋਕ, ਸੋਰਠਾ, ਚੌਪਈ, ਦਵੱਈਆ ਅਤੇ ਹੰਸ ਹਨ। ਇਸ ਦੇ ਆਦਿ ਅਤੇ ਅੰਤ ਵਿਚ ਦੋ ਸਲੋਕ ਹਨ।
ਜਪੁਜੀ ਸਾਹਿਬ ਦੇ ਆਰੰਭ ਵਿਚ ਆਇਆ ਮੂਲ ਮੰਤਰ ‘ੴ ਸਤਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ’ ਮੰਗਲਾਚਰਨ ਹੀ ਹੈ। ਇਸ ਵਿਚ ਗੁਰੂ ਨਾਨਕ ਦੇਵ ਜੀ ਨੇ ਪ੍ਰਭੂ-ਪਰਮਾਤਮਾ ਦੇ ਗੁਣਾਂ ਦੀ ਵਡਿਆਈ, ਉਸਦੀ ਮਹਾਨਤਾ ਅਤੇ ਗੌਰਵ ਨੂੰ ਸਾਕਾਰ ਕੀਤਾ ਹੈ।
ਜਪੁਜੀ ਸਾਹਿਬ ਦਾ ਪਾਠ ਕਰਨ ਉਪਰੰਤ ਜੋ ਸੰਕਲਪ ਮੂਲ ਰੂਪ ਵਿਚ ਸਾਹਮਣੇ ਆਉਂਦੇ ਹਨ ਉਨ੍ਹਾਂ ਸੰਕਲਪਾਂ ਨੂੰ ਗੁਰੂ ਨਾਨਕ ਦੇਵ ਜੀ ਨੇ ਦਾਰਸ਼ਨਿਕ ਪੱਖ ਤੋਂ ਪ੍ਰਸਤੁਤ ਕੀਤਾ ਹੈ। ਇਨ੍ਹਾਂ ਸੰਕਲਪਾਂ ਵਿਚ ਸਚਿਆਰ ਅਤੇ ਹੁਕਮ, ਹਉਮੈ, ਕਰਮ ਅਤੇ ਨਦਰ, ਪ੍ਰੇਮ ਭਗਤੀ, ਨਾਮ-ਸਿਮਰਨ, ਸਬਰ-ਸੰਤੋਖ, ਸਾਧਕ, ਮਨ, ਮਾਰਗ ਦਰਸ਼ਕ, ਸ਼ਬਦ ਦਾ ਮਹੱਤਵ, ਸ੍ਰਿਸ਼ਟੀ, ਪੰਜ ਖੰਡ ਆਦਿ ਦਾ ਜ਼ਿਕਰ ਆਉਂਦਾ ਹੈ। ਇਹ ਸਾਰੇ ਸੰਕਲਪ ਅਜਿਹੇ ਹਨ ਜਿਹੜੇ ਮੱਧਕਾਲੀ ਸੰਵੇਦਨਾ ਦੀ ਆਧਾਰਸ਼ਿਲਾ ਵਜੋਂ ਆਪਣੀ ਭੂਮਿਕਾ ਨਿਭਾਉਂਦੇ ਰਹੇ ਹਨ। ਮੱਧਕਾਲੀ ਸੰਵੇਦਨਾ ਦੀ ਖ਼ਾਸੀਅਤ ਇਹ ਸੀ ਕਿ ਇਸ ਵਿਚ ਵਿਚਰਦਾ ਹੋਇਆ ਮਨੁੱਖ ਇਕਹਿਰੀ ਜੀਵਨ ਸ਼ੈਲੀ ਨਹੀਂ ਜਿਉਂਦਾ ਬਲਕਿ ਇਹਲੌਕਿਕ ਜਗਤ ਵਿਚ ਉਹ ਜੋ ਵੀ ਕਰਮ-ਕਾਰਜ ਕਰਦਾ ਹੈ, ਉਨ੍ਹਾਂ ਦੀ ਫ਼ਲ ਭੂਮੀ ਪਾਰਲੌਕਿਕ ਬਣੀ ਰਹਿੰਦੀ ਹੈ। ਇਹ ਲੌਕਿਕ ਜਗਤ ਵਿਚ ਜੇ ਕੋਈ ਮਨੁੱਖ ਚੰਗੇ ਕਰਮ ਕਰਦਾ ਹੈ ਤਾਂ ਉਸਦਾ ਅਗਲੇਰਾ ਜਨਮ ਸੁੱਖ ਭਰਪੂਰ ਪਰ ਜੇ ਕੋਈ ਇਹ ਲੌਕਿਕ ਜਗਤ ਵਿਚ ਵਿਕਾਰੀ ਜੀਵਨ ਵਿਚ ਉਲਝਿਆ ਰਹਿੰਦਾ ਹੈ ਤਾਂ ਉਸ ਨੂੰ ਅਗਲੇ ਜੀਵਨ ਵਿਚ ਤਸੀਹਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਉਪਰੋਕਤ ਸੰਕਲਪ ਅਜਿਹੇ ਹਨ ਜਿਨ੍ਹਾਂ ਬਾਰੇ ਵਿਸਤਰਿਤ ਵਿਆਖਿਆ ਦੀ ਗੁੰਜਾਇਸ਼ ਬਣੀ ਰਹਿੰਦੀ ਹੈ ਪਰ ਸਾਡਾ ਲੇਖ ਸੀਮਿਤ ਹੋਣ ਕਾਰਨ ਅਸੀਂ ਇਨ੍ਹਾਂ ਸੰਕਲਪਾਂ ਨੂੰ ਗੁਰੂ ਨਾਨਕ ਦੇਵ ਜੀ ਨੇ ਜਿਹੜੇ ਮੁੱਖ ਨੁਕਤਿਆਂ ਰਾਹੀਂ ਉਭਾਰਨ ਦਾ ਯਤਨ ਕੀਤਾ ਹੈ, ਉਨ੍ਹਾਂ ਨੂੰ ਸੰਕੇਤਕ ਰੂਪ ਵਿਚ ਅਤੇ ਜਿਹੜੇ ਸੰਕਲਪ ਅਜੋਕੇ ਮਨੁੱਖ ਨੂੰ ਆਦਰਸ਼ਕ ਅਤੇ ਮਾਨਵ ਹਿਤੈਸ਼ੀ ਬਣਾ ਸਕਦੇ ਹਨ, ਉਨ੍ਹਾਂ ਬਾਰੇ ਵਧੇਰੇ ਵਿਚਾਰ-ਵਿਮਰਸ਼ ਕਰਨ ਬਾਰੇ ਸੋਚਦੇ ਹਨ। ਮੱਧਕਾਲੀ ਸੰਵੇਦਨਾ ਦਾ ਇਕ ਹੋਰ ਅਹਿਮ ਪਾਸਾਰ ਇਹ ਸੀ ਕਿ ਵੱਖ-ਵੱਖ ਧਾਰਮਿਕ ਫ਼ਿਰਕਿਆਂ ਵੱਲੋਂ ਮਨੁੱਖ ਨੂੰ ਪਾਰਲੌਕਿਕ ਫਲਭੂਮੀ ਦੇ ਡਰ ਵਜੋਂ ਇਹਲੌਕਿਕ ਜੀਵਨ ਵਿਚ ਕਰਮ ਕਾਂਡਾਂ, ਭੇਖਾਚਾਰਾਂ ਅਤੇ ਦਿਖਾਵੇ ਦਾ ਜੀਵਨ ਜੀਣ ਲਈ, ਇਕ ਬਣਾਉਟੀ ਜਿਹਾ ਜੀਵਨ ਜੀਣ ਲਈ ਉਲਝਾਇਆ ਜਾਂਦਾ ਸੀ। ਇਸ ਸਾਰੇ ਆਲੇ-ਦੁਆਲੇ ਦੇ ਮਾਹੌਲ ਅਤੇ ਪਰਪੰਚ ਵਿਚ ਗੁਰੂ ਨਾਨਕ ਦੇਵ ਜੀ ਨੇ ਜਪੁਜੀ ਸਾਹਿਬ ਵਿਚ ਜੋ ਮੁਖ ਸੂਤਰ ਪੇਸ਼ ਕੀਤਾ ਅਤੇ ਜਿਸਦੇ ਦੁਆਲੇ ਇਹ ਸਾਰੀ ਰਚਨਾ ਉਸਰੀ ਹੋਈ ਹੈ ਉਹ ‘ਕਿਵ ਸਚਿਆਚਾ ਹੋਈਐ’ ਦੇ ਪ੍ਰਸ਼ਨ ਅਤੇ ‘ਹੁਕਮ ਰਜਾਈ ਚਲਣਾ’ ਦੇ ਉੱਤਰ ਵਿਚ ਹੈ। ਮਨੁੱਖ ਦੇ ਸਚਿਆਰੇ ਹੋਣ ਦਾ ਪ੍ਰਸ਼ਨ ਅਜਿਹਾ ਹੈ, ਜਿਸਦਾ ਮਹੱਤਵ ਕੇਵਲ ਮੱਧਕਾਲੀ ਸਮੇਂ ਤੱਕ ਹੀ ਸੀਮਿਤ ਨਹੀਂ ਸੀ, ਇਹ ਸਰਬਕਾਲ ਵਿਚ ਵਿਚਰਨ ਵਾਲੇ ਮਨੁੱਖ ਨਾਲ ਰਾਬਤਾ ਰੱਖਦਾ ਹੈ। ਜਿੰਨੀ ਇਸ ਦੀ ਅਹਿਮੀਅਤ ਮਧਕਾਲੀ ਜੀਵਨ ਵਿਚ ਸੀ ਉਸ ਤੋਂ ਕਿਤੇ ਵਧੇਰੇ ਇਸ ਦੀ ਅਹਿਮੀਅਤ ਅੱਜ ਵੀ ਹੈ। ਪੁਰਾਣੇ ਸਮਿਆਂ ਵਿਚ ਮਨੁੱਖ ਨੂੰ ਪਰਮਾਤਮਾ ਦਾ ਭੈਅ ਅਤੇ ਦੈਵੀ ਸ਼ਕਤੀਆਂ ਦਾ ਖ਼ੌਫ਼ ਵੀ ਸੀ ਪਰ ਅਜੋਕੇ ਸਮੇਂ ਵਿਚ ਨਾ ਦੈਵੀ ਸ਼ਕਤੀਆਂ ਦਾ ਖ਼ੌਫ਼ ਰਿਹਾ ਹੈ ਅਤੇ ਨਾ ਹੀ ਪਰਮਾਤਮਾ ਦਾ ਭੈਅ, ਇਸ ਲਈ ਹੁਕਮ ਰਜਾਈ ਚੱਲਣ ਨੂੰ ਨਵੇਂ ਪ੍ਰਸੰਗਾਂ ਵਿਚ ਸਮਝਣਾ ਜ਼ਰੂਰੀ ਹੋਵੇਗਾ। ਮੱਧਕਾਲੀ ਸੰਵੇਦਨਾ ਵਿਚ ਹੁਕਮ ਰਜਾਈ ਚੱਲਣ ਤੋਂ ਭਾਵ ਆਪਣੇ ਜੀਵਨ ਵਿਚ ਉਹ ਕਰਮ ਕਰਨੇ ਹਨ ਜਿਨ੍ਹਾਂ ਨਾਲ ਮਨੁੱਖ ਦੀ ਲਿਵ ਜਾਂ ਬਿਰਤੀ ਪਰਮਾਤਮਾ ਪ੍ਰਤੀ ਇਕਾਗਰ ਹੁੰਦੀ ਹੈ ਅਤੇ ਜਿਹੜੇ ਕਾਰਜ ਸਦਾਚਾਰਕ ਜਾਂ ਨੈਤਿਕਤਾ ਦੇ ਪੈਮਾਨੇ ਉਤੇ ਪੂਰੇ ਉਤਰਦੇ ਹਨ। ਜਪੁਜੀ ਸਾਹਿਬ ਦਾ ਪਾਠ ਕਰਦਿਆਂ ਅਸੀਂ ਵਾਰ-ਵਾਰ ਇਹ ਦੇਖਿਆ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਬ੍ਰਹਮ ਦੀ ਅਪਾਰ-ਸ਼ਕਤੀ, ਉਸਦੀ ਅਸਗਾਹ ਹਸਤੀ ਅਤੇ ਉਸਨੂੰ ਇਕ ਅੰਤਿਮ ਸੱਚ ਵਜੋਂ ਸਥਾਪਿਤ ਕੀਤਾ ਹੈ। ਇਹ ਅਜਿਹੀ ਹਸਤੀ ਹੈ ਜਿਹੜੀ ਕਾਲਾਂ ਤੋਂ ਵੀ ਮੁਕਤ ਹੈ। ਗੁਰੂ ਜੀ ਅਨੁਸਾਰ ਇਹ ਹਸਤੀ ਅਜਿਹੀ ਹੈ ਜੋ ਅੰਤਮ ਅਸਲੀਅਤ ਅਤੇ ਸਰਬਕਾਲੀ ਸੱਚ ਵਾਲੀ ਹੈ। ਸਵਾਲ ਪੈਦਾ ਹੁੰਦਾ ਹੈ ਕਿ ਗੁਰੂ ਜੀ ਇਸ ਹਸਤੀ ਦੀ ਵਿਰਾਟਤਾ ਦਾ ਜ਼ਿਕਰ ਵਾਰ-ਵਾਰ ਕਿਉਂ ਕਰਦੇ ਹਨ? ਸਾਡੇ ਮੁਤਾਬਿਕ ਇਸ ਦਾ ਜਵਾਬ ਇਹ ਹੈ ਕਿ ਗੁਰੂ ਜੀ ਮਨੁੱਖ ਨੂੰ ਇਸ ਸੰਸਾਰ ਦੇ ਨਾਸ਼ਮਾਨ ਅਤੇ ਮਾਇਆ ਦੇ ਪਸਾਰੇ ਨਾਲੋਂ ਤੋੜ ਕੇ ਸਰਬਕਾਲੀ ਸੱਚ ਨਾਲ ਜੋੜਨ ਦਾ ਰਸਤਾ ਦਰਸਾਉਂਦੇ ਹਨ। ਅਜਿਹੇ ਮਹਾਨ ਮਾਰਗ ’ਤੇ ਚੱਲਣ ਲਈ ਮਨੁੱਖ ਨੂੰ ਹਉਮੈ ਦਾ ਨਾਸ ਅਤੇ ਮਾਇਆ ਦੀ ਲਾਲਸਾ ਦਾ ਤਿਆਗ ਕਰਨਾ ਪਵੇਗਾ। ਇਸ ਤਿਆਗ ਨਾਲ ਹੀ ਮਨੁੱਖ “ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਇ” ਦੇ ਨੇਮ ਦੀ ਪਾਲਣ ਕਰਨ ਦੇ ਯੋਗ ਹੋਵੇਗਾ। ਸਰਬ ਸ਼ਕਤੀਮਾਨ ਰੱਬ ਦੀ ਰਜ਼ਾ ਵਿਚ ਰਹਿਣ ਦਾ ਠੀਕ ਭਾਵ ਕੀ ਹੈ, ਇਹ ਜਾਣਨਾ ਕਠਿਨ ਹੈ। ਰਜ਼ਾ ਦੇ ਇਕ ਅਰਥ ਤਾਂ ਬਹੁਤ ਸਾਧਾਰਨ ਹਨ, ਜਦੋਂ ਕੋਈ ਘਟਨਾ ਸਾਡੀ ਮਰਜ਼ੀ ਜਾਂ ਹਿੱਤ ਜਾਂ ਸੁੱਖ ਦੇ ਵਿਰੁੱਧ ਵਾਪਰੇ ਉਸ ਵਿਚ ਰੱਬ ਦੀ ਖੁਸ਼ੀ ਸਮਝ ਕੇ ਸਬਰ ਕਰ ਛੱਡਣਾ, ਦੁੱਖ ਨਾ ਮਨਾਉਣਾ ਪਰ ਇਹ ਅਰਥ ਕਾਫ਼ੀ ਨਹੀਂ। ਜੇ ਦੁੱਖ ਵੇਲੇ ਸਬਰ ਕਰਨਾ ਜ਼ਰੂਰੀ ਹੈ ਤਾਂ ਸੁੱਖ ਵੇਲੇ ਸ਼ੁਕਰ ਕਰਨਾ ਵੀ ਫ਼ਰਜ਼ ਹੈ।
ਮਨੁੱਖ ਦੁਆਰਾ ਆਪਣੇ ਜੀਵਨ ਵਿਚ ਕੀਤੀਆਂ ਗਈਆਂ ਨੇਕ ਨੀਤੀਆਂ ਤੇ ਬਦ-ਨੀਤੀਆਂ ਨੂੰ ਪ੍ਰਭੂ-ਪਰਮਾਤਮਾ ਪ੍ਰਤੱਖ ਰੂਪ ਵਿਚ ਵਾਚਦਾ ਰਹਿੰਦਾ ਹੈ। ਦਾਰਸ਼ਨਿਕ ਅਰਥਾਂ ਵਿਚ ਦੇਖਿਆ ਜਾਵੇ ਤਾਂ ਇਹ ਤੱਥ ਸਹਿਜੇ ਹੀ ਸਮਝ ਵਿਚ ਆ ਜਾਂਦਾ ਹੈ ਕਿ ਮਨੁੱਖੀ ਜ਼ਮੀਰ ਜਾਂ ਆਤਮਾ ਵਿਚ ਅਧਿਆਤਮਕ ਅੰਸ਼ ਸ਼ਾਮਿਲ ਹੈ। ਮਨੁੱਖ ਜਦੋਂ ਵੀ ਆਪਣੀ ਜ਼ਿੰਦਗੀ ਵਿਚ ਵਿਅਕਤੀਗਤ ਹਿੱਤਾਂ ਅਤੇ ਸੁਆਰਥ ਖੇਤਰਾਂ ਵਿਚੋਂ ਬਾਹਰ ਨਿਕਲ ਕੇ ਮਾਨਵੀ ਕਾਰਜਾਂ ਉੱਪਰ ਆਪਣੀ ਬਿਰਤੀ ਇਕਾਗਰ ਕਰਦਾ ਹੈ ਤਾਂ ਉਸਦੀ ਆਤਮਾ ਵਿਸਮਾਦ ਅਤੇ ਖੇੜੇ ਵਿਚ ਮਹਿਕ ਉੱਠਦੀ ਹੈ ਪਰ ਜਦੋਂ ਨਿੱਜਤਾ ਦੀ ਸੁਆਰਥੀ ਦਲਦਲ ਵਿਚ ਖੁਭ ਜਾਂਦਾ ਹੈ ਤਾਂ ਉਸਦਾ ਮਾਨਵੀ ਆਪਾ ਮਲੀਨ, ਅਪਵਿੱਤਰ ਅਤੇ ਰੋਗੀ ਹੋ ਜਾਂਦਾ ਹੈ। ਇਹ ਰੋਗ ਅਜਿਹੇ ਹਨ ਜਿਹੜੇ ਮਨੁੱਖ ਦੀ ਹਸਤੀ ਨੂੰ ਖ਼ਤਮ ਕਰ ਦਿੰਦੇ ਹਨ। ਹੁਣ ਪ੍ਰਸ਼ਨ ਪੈਦਾ ਹੁੰਦਾ ਹੈ ਕਿ ਉਹ ਕਿਹੜੀ ਸ਼ਕਤੀ ਹੈ ਜੋ ਮਨੁੱਖ ਨੂੰ ਸੁਆਰਥੀ ਜੀਵਨ ਵਿਚੋਂ ਕੱਢ ਕੇ ਆਦਰਸ਼ਕ ਜੀਵਨ ਸ਼ੈਲੀ ਨਾਲ ਜੋੜ ਦੇਵੇ। ਗੁਰੂ ਨਾਨਕ ਦੇਵ ਜੀ ਨੇ ਇਸਦੇ ਜੁਆਬ ਵਜੋਂ “ਧੌਲੁ ਧਰਮੁ ਦਇਆ ਕਾ ਪੂਤੁ, ਸੰਤੋਖੁ ਥਾਪਿ ਰਖਿਆ ਜਿਨਿ ਸੂਤਿ” ਦਾ ਹਵਾਲਾ ਦਿੱਤਾ ਹੈ। ਇਸ ਧਾਰਮਿਕ ਮਾਰਗ ’ਤੇ ਚੱਲਣ ਵਾਲੇ ਪੰਚ ਅਤੇ ਸਾਧਕ ਜੋ ਇਹਲੌਕਿਕ ਅਤੇ ਪਾਰਲੌਕਿਕ ਜਗਤ ਵਿਚ ਅਧਿਆਤਮਕ ਸਾਧਨਾ ਰਾਹੀਂ ਆਪਣੀ ਹਸਤੀ ਨੂੰ ਏਨੀ ਸਚਿਆਰੀ ਬਣਾ ਲੈਂਦੇ ਹਨ ਕਿ ਉਨ੍ਹਾਂ ਦੀ ਹਸਤੀ ਵਿਚ ਪ੍ਰਭੂ-ਪਰਮਾਤਮਾ ਦੇ ਸਰਬਕਾਲੀ ਸੱਚ ਦੇ ਅੰਸ਼ ਸ਼ਾਮਿਲ ਹੋ ਜਾਂਦੇ ਹਨ। ਉਹ ਜ਼ਿੰਦਗੀ ਦੀ ਉਲਾਰਤਾ ਵਿਚ ਖੁੱਭੇ ਹੋਏ ਮਨੁੱਖਾਂ ਨੂੰ ਨਾਮ ਸਿਮਰਨ ਰਾਹੀਂ ਸਾਵੇਂ, ਸੰਤੁਲਨ ਅਤੇ ਉਚੇਰੇ ਮਾਰਗ ਦਾ ਰਸਤਾ ਦਰਸਾ ਸਕਦੇ ਹਨ:
1.ਮੰਨੈ ਪਾਵਹਿ ਮੋਖੁ ਦੁਆਰੁ॥ਮੰਨੈ ਪਰਵਾਰੈ ਸਾਧਾਰੁ॥
ਮੰਨੈ ਤਰੈ ਤਾਰੇ ਗੁਰੁ ਸਿਖ॥ ਮੰਨੈ ਨਾਨਕ ਭਵਹਿ ਨਾ ਭਿਖ॥15॥
2. ਭਰੀਐ ਮਤਿ ਪਾਪਾ ਕੈ ਸੰਗਿ॥ ਓਹੁ ਧੋਪੈ ਨਾਵੈ ਕੈ ਰੰਗਿ॥
ਗੁਰੂ ਨਾਨਕ ਦੇਵ ਜੀ ਨੇ ਧਰਮ ਦੀ ਵਿਆਖਿਆ ਦਇਆ ਦੇ ਰੂਪ ਵਿਚ ਕੀਤੀ ਹੈ। ਜੋ ਮਨੁੱਖ ਨੂੰ ਸਬਰ-ਸੰਤੋਖ ਅਤੇ ਸਹਿਜ ਵਿਚ ਰਹਿਣ ਦਾ ਵਲ ਸਿਖਾਉਂਦਾ ਹੈ। ਅੱਜ ਦਾ ਮਨੁੱਖ ਧਾਰਮਿਕ ਅਤੇ ਸ਼ਰਧਾਮਈ ਪੂਜਣਯੋਗ ਅਦਾਰਿਆਂ ਨੂੰ ਅਜਿਹੀ ਸਰਵਉੱਚਤਾ ਵਿਚ ਦੇਖਣਾ ਚਾਹੁੰਦੇ ਹਨ ਜਿਥੇ ਧਰਮ ਆਪਣੀਆਂ ਬੁਨਿਆਦੀ ਨੀਹਾਂ ਉੱਪਰ ਖੜ੍ਹੋ ਕੇ ਆਪਣੀ ਉੱਚਤਮ ਮਿਸਾਲ ਪੈਦਾ ਕਰੇ ਤੇ ਦੁਨੀਆ ਦੇ ਵੰਨ-ਸੁਵੰਨੇ ਬੰਦਿਆਂ ਵਿਚ ਮੋਹ-ਪਿਆਰ ਅਤੇ ਮੁਹੱਬਤ ਦੇ ਮੇਲ ਰਾਹੀਂ ਆਪਸੀ ਪਿਆਰ ਦੀਆਂ ਤੰਦਾਂ ਨੂੰ ਪਕੇਰਿਆਂ ਕਰੇ। ਮਨੁੱਖ ਮਨੁੱਖ ਦਰਮਿਆਨ ਪੈਦਾ ਹੋ ਰਹੀਆਂ ਦੂਰੀਆਂ ਨੂੰ ਘਟਾ ਕੇ ਅਤੇ ਉਸਰ ਰਹੀਆਂ ਦੀਵਾਰਾਂ ਨੂੰ ਤੋੜ ਕੇ ਮੁਹੱਬਤ ਦੇ ਪੁਲਾਂ ਦੀ ਉਸਾਰੀ ਕਰੇ।
ਅਸੀਂ ਦੇਖਿਆ ਹੈ ਕਿ ਜਪੁਜੀ ਸਾਹਿਬ ਦਾ ਬਹੁਤਾ ਭਾਗ ਪਰਮਾਤਮਾ ਦੀ ਸ਼ਕਤੀ ਅਤੇ ਵਿਰਾਟਤਾ ਦਾ ਪ੍ਰਭਾਵ ਪਾਉਂਦਾ ਹੈ। ਸ਼ਕਤੀ ਦੇ ਇਸ ਕੇਂਦਰ ਦੀ ਤੁਲਨਾ ਦੁਨਿਆਵੀ ਸ਼ਕਤੀ ਕੇਂਦਰਾਂ ਨਾਲ ਕਰ ਕੇ ਇਸਦੀ ਸਮਰੱਥਾ ਨੂੰ ਅਤਿਅੰਤ ਵਿਸ਼ਾਲ ਦਰਸਾਇਆ ਗਿਆ ਹੈ:
1. ਜਿਸੁ ਹਥਿ ਜੋਰੁ ਕਰਿ ਵੇਖੈ ਸੋਇ॥ ਨਾਨਕ ਉਤਮੁ ਨੀਚੁ ਨ ਕੋਇ॥33॥
2. ਰੰਗੀ ਰੰਗੀ ਭਾਤੀ ਕਰਿ ਕਰਿ ਜਿਨਸੀ ਮਾਇਆ ਜਿਨਿ ਉਪਾਈ॥
ਕਰਿ ਕਰਿ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ॥
ਜੋ ਤਿਸੁ ਭਾਵੈ ਸੋਈ ਕਰਸੀ ਹੁਕਮੁ ਨ ਕਰਣਾ ਜਾਈ॥
ਸੋ ਪਾਤਿਸਾਹੁ ਸਾਹਾ ਪਾਤਿ ਸਾਹਿਬੁ ਨਾਨਕ ਰਹਣੁ ਰਜਾਈ॥27॥
ਉਸ ਮਹਾਨ ਸ਼ਕਤੀਸ਼ਾਲੀ ਪਰਮਾਤਮਾ ਅੱਗੇ ਦੁਨਿਆਵੀ ਮਨੁੱਖ ਦੀ ਕੋਈ ਕਾਇਆ ਨਹੀਂ। ਜਪੁਜੀ ਸਾਹਿਬ ਵਿਚ ਪਰਮਾਤਮਾ ਅਨੇਕ ਸ਼ਕਤੀਆਂ, ਧਰਤੀਆਂ, ਬ੍ਰਹਿਮੰਡਾਂ, ਜੀਅ-ਜੰਤਾਂ ਦਾ ਰਚਨਹਾਰਾ ਹੈ। ਉਸ ਦਾ ਅੰਸ਼ ਮਨੁੱਖੀ ਆਤਮਾ ਵਿਚ ਸ਼ਾਮਿਲ ਹੁੰਦਾ ਹੈ। ਅਜਿਹੀ ਵਿਸਮਾਦੀ ਅਵਸਥਾ ਵਿਚ ਮਨੁੱਖ ਉਦੋਂ ਪਹੁੰਚਦਾ ਹੈ ਜਦੋਂ ਉਹ ਜਪੁਜੀ ਸਾਹਿਬ ਦੁਆਰਾ ਦਰਸਾਏ ਗਏ ਪੰਜਾਂ ਖੰਡਾਂ ਦੀ ਅੰਤਿਮ ਮੰਜ਼ਿਲ ‘ਤੇ ਪਹੁੰਚਦਾ ਹੈ। ਸਚਖੰਡ ਦੀ ਅਵਸਥਾ ਵਿਚ ਉਹ ਪ੍ਰਭੂ-ਪਰਮਾਤਮਾ ਦਾ ਦੀਦਾਰ ਕਰਦਾ ਹੈ। ਸਾਧਕ ਪਰਮਾਤਮਾ ਨਾਲ ਇਕਮਿਕ ਹੋ ਕਿ ਕਿਰਿਆਸ਼ੀਲ ਹੋ ਜਾਂਦਾ ਹੈ, ਨਿਸ਼ਕ੍ਰਿਅ ਨਹੀਂ ਰਹਿੰਦਾ। ਉਸਦੀ ਇਸ ਅਗਵਾਈ ’ਤੇ ਕਿਰਿਆ ਮਾਨਤਾ ਦਾ ਮੰਤਵ ਵੀ ਨਿਰੰਕਾਰ ਵਾਲਾ ਹੀ ਭਾਵ ਦਇਆ ਵਾਲਾ ਹੁੰਦਾ ਹੈ। ਉਸ ਮਨ ਅੰਦਰ ਇਹਲੌਕਿਕ ਜਗਤ ਲਈ ਅਪਾਰ ਦਇਆ ਉਪਜਦੀ ਹੈ। ਪੰਜਾਬੀ ਦੇ ਕੁੱਝ ਵਿਦਵਾਨਾਂ ਨੇ ਜਪੁਜੀ ਸਾਹਿਬ ਦੇ ਰਹੱਸਵਾਦੀ ਖੰਡਾਂ ਨੂੰ ਸੂਫ਼ੀ ਸਾਧਕਾਂ ਦੀਆਂ ਵਿਭਿੰਨ ਮੰਜ਼ਿਲਾਂ ਸ਼ਰੀਅਤ, ਤਰੀਕਤ, ਮਾਰਫ਼ਤ ਅਤੇ ਹਕੀਕਤ ਨਾਲ ਤੁਲਨਾਇਆ ਹੈ।
ਉਚੇਰੀ ਅਵਸਥਾ ‘ਤੇ ਪੁੱਜ ਕੇ ਮਨੁੱਖ ਅੰਦਰੋਂ ਆਨੰਦ ਭਰਪੂਰ ਦਸ਼ਾ ਵਿਚ ਰਹਿੰਦਾ ਹੈ। ਉਹ ਇਕ ਵਾਰੀ ਸੁਨ ਸਮਾਧੀ ਜਿਸ ਵਿਚ ਨਿਰਗੁਣ ਬ੍ਰਹਮ ਨੂੰ ਅਨੁਭਵ ਕਰ ਚੁੱਕਾ ਹੁੰਦਾ ਹੈ ਉਸਨੂੰ ਕਦੇ ਵੀ ਭੁੱਲ ਨਹੀਂ ਸਕਦਾ। ਸੰਸਾਰ ਵਿਚ ਵਿਭਿੰਨ ਕਾਰਜ ਕਰਦੇ ਹੋਏ ਹੀ ਉਹ ਅੰਤਰ-ਆਤਮੇ ਵਿਚ ਉਸ ਨਾਲ ਜੁੜਿਆ ਰਹਿੰਦਾ ਹੈ। ਇਹ ਉਸਦੀ ਨਿਰਲੇਪਤਾ ਦਾ ਭੇਦ ਹੈ ਅਤੇ ਅਨੰਦ ਦਾ ਵੀ। ਉਹ ਉਪਦੇਸ਼ ਦੇਂਦਾ ਹੈ, ਬਾਣੀ ਰਚਦਾ ਹੈ, ਸੇਵਾ ਕਰਦਾ ਹੈ ਤੇ ਲੋੜ ਪੈਣ ’ਤੇ ਆਪਾ ਸਮਰਪਣ ਵੀ ਕਰ ਦਿੰਦਾ ਹੈ। ਉਸਦਾ ਮਾਨਵੀ ਪੇ੍ਰਮ ਉਸ ਕੋਲੋਂ ਮਹਾਨਤਾ ਦੀਆਂ ਪੈੜਾਂ ਪਵਾਉਂਦਾ ਹੈ।
ਹਥਲੇ ਲੇਖ ਦੇ ਅੰਤਲੇ ਪੜਾਅ ਉਤੇ ਅਸੀਂ ਜਪੁਜੀ ਸਾਹਿਬ ਦੀ ਆਧੁਨਿਕ ਮਨੁੱਖ ਲਈ ਸਾਰਥਿਕਤਾ ਬਾਰੇ ਵਿਚਾਰ-ਵਿਮਰਸ਼ ਕਰਨਾ ਚਾਹੁੰਦੇ ਹਾਂ। ਅੱਜ ਦਾ ਮਨੁੱਖ ਗੁਰੂ ਨਾਨਕ ਦੇਵ ਜੀ ਦੇ ਧੀਮੀ ਗਤੀ ਅਤੇ ਸਰਲ ਸਪਾਟ ਯੁੱਗ ਨਾਲੋਂ ਤੇਜ਼-ਤਰਾਰ ਤੇ ਵਿਸ਼ਵ ਵਿਆਪੀ ਇਕ ਅਜਿਹੇ ਗਲੋਬਲ ਪਿੰਡ ਵਾਲੇ ਯੁੱਗ ਵਿਚ ਰਹਿ ਰਿਹਾ ਹੈ ਜਿਥੇ ਮਾਨਸਿਕ ਤਣਾਵਾਂ, ਦੁਵਿਧਾਵਾਂ, ਜਟਿਲਤਾਵਾਂ ਅਤੇ ਪਦਾਰਥਕ ਸ਼ਕਤੀਆਂ ਦੇ ਆਕਰਸ਼ਣ ਵਿਚ ਲਾਲਸਾਵਾਂ ਨੂੰ ਉਪਜਾਉਣ ਵਾਲਾ ਰੁਝਾਨ ਬਣ ਗਿਆ ਹੈ। ਅਜਿਹੀਆਂ ਪਰਿਸਥਿਤੀਆਂ ਵਿਚ ਮਨੁੱਖ ਨੇ ਸਚਿਆਰੇ ਹੋਣ ਲਈ ਹੁਕਮ ਅਤੇ ਰਜ਼ਾ ਜਾਂ ਭਾਣੇ ਵਿਚ ਆਪਣੇ ਆਪ ਨੂੰ ਕਿਵੇਂ ਬੰਨ੍ਹਣਾ ਹੈ? ਇਹ ਅਜੋਕੇ ਸਮੇਂ ਦੇ ਮੁੱਖ ਸਵਾਲ ਹਨ। ਸਮੇਂ ਦੀ ਕਰਵਟ ਨੇ ਮਨੁੱਖੀ ਸੁਪਨਿਆਂ ਅਤੇ ਲਾਲਸਾਵਾਂ ਦੇ ਸੰਸਾਰ ਨੂੰ ਮੋਕਲਾ ਕੀਤਾ ਹੈ, ਮੁਕਾਬਲੇ ਦੀ ਦੌੜ ਵਿਚ ਵਿਅਕਤੀ ਨੂੰ ਹਾਰਾਂ ਦੇ ਸਨਮੁੱਖ ਵੀ ਹੋਣਾ ਪੈਂਦਾ ਹੈ। ਝੂਠੀਆਂ ਜਿੱਤਾਂ ਜਾਂ ਸ਼ਾਨਾਂ ਲਈ ਮਨੁੱਖੀ ਜੀਵਨ ਵਿਚ ਇਹੋ ਜਿਹੇ ਅਵਸਰ ਵੀ ਆਉਂਦੇ ਹਨ ਜਦੋਂ ਇਨਸਾਨ ਆਪਣੀ ਆਤਮਾ ਜਾਂ ਜ਼ਮੀਰ ਵੱਲ ਪਿੱਠ ਕਰ ਬੈਠਦਾ ਹੈ। ਦੁਨੀਆ ਵਿਚ ‘ਅਸੰਖ ਜਪ ਅਸੰਖ ਭਾਉ’ ਵਾਲੇ ਅਤੇ ‘ਅਸੰਖ ਮੂਰਖ ਅੰਧ ਘੋਰ’ ਵੀ ਹਨ।
ਗੁਰੂ ਜੀ ਨੇ ਦੋਹਾਂ ਧਿਰਾਂ ਨੂੰ ਇਕ ਦੂਸਰੇ ਦੇ ਪੂਰਕ ਦਿਖਾ ਕੇ ਜ਼ਿੰਦਗੀ ਵਿਚ ਉਲਾਰ ਹੋਏ ਬੰਦਿਆਂ ਨੂੰ ਸਹਿਜ ਸੰਕਲਪ ਦੇ ਸੰਸਾਰ ਵਿਚ ਪ੍ਰਵੇਸ਼ ਕਰਨ ਦੀ ਦਾਅਵਤ ਦਿੱਤੀ ਹੈ। ਅਜਿਹੀ ਭਾਵਨਾ ਇਸ ਸੰਸਾਰ ਦੀ ਆਦਰਸ਼ਕ ਸਿਰਜਣਾ ਲਈ ਇਕ ਸਨੇਹ ਭਰਿਆ ਮਾਨਵੀ ਸੰਸਾਰ ਸਿਰਜਣ ਦਾ ਉਪਰਾਲਾ ਕਰਦੀ ਹੈ। ਗੁਰੂ ਨਾਨਕ ਦੇਵ ਜੀ ਨੇ ਇਸ ਰਚਨਾ ਵਿਚ ਵਾਰ-ਵਾਰ ਬ੍ਰਹਮ ਦੀ ਵਿਰਾਟਤਾ ਅਤੇ ਵਡੱਪਣ ਨੂੰ ਦਰਸਾਉਣ ਦੇ ਨਾਲ ਮਨੁੱਖ ਨੂੰ ਉਸਦੀ ਤੁਛ ਹਸਤੀ ਦਾ ਅਹਿਸਾਸ ਇਸ ਲਈ ਕਰਵਾਇਆ ਹੈ ਤਾਂ ਜੋ ਉਹ ਆਪਣੀ ਆਤਮਾ ਵਿਚ ਸਮਾਈ ਹੋਈ ਆਤਮਾ ਦੀ ਆਵਾਜ਼ ਨੂੰ ਸੁਣਦਾ ਰਹੇ ਅਤੇ ਸਚਿਆਰੇ ਹੋਣ ਦਾ ਪੱਖ ਪੂਰਦਾ ਰਹੇ। ਜੋ ਵਿਅਕਤੀ ਆਤਮਾ ਦੀ ਆਵਾਜ਼ ਸੁਣਦਾ ਹੈ, ਉਹ ਸਚਿਆਰੇ ਰਸਤਿਆਂ ਨੂੰ ਛੱਡ ਕੇ ਵਿਚਲਿਤ ਰਸਤਿਆਂ ਦਾ ਰਾਹੀ ਨਹੀਂ ਬਣਦਾ। ਆਤਮਾ ਦੇ ਦਰਸਾਏ ਹੋਏ ਰਸਤੇ ’ਤੇ ਚਲਣ ਵਾਲਾ ਜਗਿਆਸੂ ਨਿਰਾਸਤਾ ਦੇ ਆਲਮ ਵਿਚ ਨਹੀਂ ਡੁੱਬਦਾ ਅਤੇ ਨਾ ਹੀ ਪ੍ਰਾਪਤੀਆਂ ਦੀ ਚੋਟੀ ’ਤੇ ਬੈਠਾ ਹੋਇਆ ਅਜਿਹਾ ਇਨਸਾਨ ਹਉਮੈ ਤੇ ਗਰਬ ਗੁਮਾਨ ਦੇ ਪਾਖੰਡੀ ਜਾਲ ਵਿਚ ਫਸਦਾ ਹੈ ਕਿਉਂਕਿ ਉਸ ਵਿਚ ਜ਼ਮੀਰ ਦੀ ਆਵਾਜ਼ ਨੂੰ ਸੁਣਨ ਦੀ ਲਗਨ ਲੱਗ ਜਾਂਦੀ ਹੈ। ਪਰਮਾਤਮਾ ਦੀ ਰਜ਼ਾ ਵਿਚ ਰਹਿਣ ਵਾਲਾ ਮਨੁੱਖ ਸੰਤੁਲਿਤ ਅਤੇ ਸੁਖਾਵੇਂ ਰਸਤਿਆਂ ਦਾ ਇਕ ਅਜਿਹਾ ਆਦਰਸ਼ਕ ਇਨਸਾਨ ਬਣ ਜਾਂਦਾ ਹੈ ਜਿਹੜਾ ਕੇਵਲ ਆਪਣੇ ਆਪੇ ਨੂੰ ਹੀ ਨਹੀਂ ਬਲਕਿ ਲੋਕਾਈ ਦਾ ਪੱਥ ਪ੍ਰਦਰਸ਼ਨ ਕਰਨ ਦੇ ਯੋਗ ਵੀ ਹੋ ਜਾਂਦਾ ਹੈ। ਉਸਨੂੰ ਆਪਣੇ ਮਨ ਰਾਹੀਂ ਜੱਗ ਨੂੰ ਜਿੱਤਣ ਦਾ ਗੁਰ ਆ ਜਾਂਦਾ ਹੈ। ਉਹ ਸੰਸਾਰ ਦੀਆਂ ਝੂਠੀਆਂ ਪੂਜਾ ਵਿਧੀਆਂ ਅਤੇ ਬਾਹਰ ਦੇ ਦਿਖਾਵੇ ਮਾਤਰ ਕੀਤੇ ਗਏ ਕਰਮਕਾਂਡਾਂ ਵਿਚ ਉਲਝਣ ਦੀ ਬਜਾਏ ਜ਼ਮੀਰ ਦੀ ਆਵਾਜ਼ ਸੁਣ ਕੇ ਆਤਮਕ ਮੰਜ਼ਿਲਾਂ ਨੂੰ ਤੈਅ ਕਰਦਾ ਹੋਇਆ ਵਿਸਮਾਦੀ ਜੀਵਨ ਵਿਚ ਪ੍ਰਵੇਸ਼ ਕਰ ਜਾਂਦਾ ਹੈ। ਅਜਿਹੇ ਮਨੁੱਖ ਦਾ ਬੋਲ, ਸ਼ਬਦ ਜਾਂ ਉਚਾਰ ਕਿਸੇ ਇਕ ਸੀਮਿਤ ਬਿੰਦੂ ਤੱਕ ਸੀਮਿਤ ਨਹੀਂ ਰਹਿੰਦਾ ਬਲਕਿ ਸੰਚਾਰ ਯੰਤਰਾਂ ਰਾਹੀਂ ਦ੍ਰਿਸ਼ਟੀ ਬਿੰਦੂ ਬਣ ਕੇ ਚਾਰੇ ਕੂਟਾਂ ਵਿਚ ਫ਼ੈਲ ਜਾਂਦਾ ਹੈ। ਲੋੜ ਸਿਰਫ਼ ਸੱਚ ਦੇ ਰਸਤੇ ’ਤੇ ਤੁਰ ਕੇ ਸਚਿਆਰੀ ਹੋਂਦ ਨੂੰ ਪ੍ਰਾਪਤ ਕਰਨ ਦੀ ਹੈ। ਰੱਬ ਦੀ ਰਜ਼ਾ ਵਿਚ ਰਹਿਣ, ਉਸਦਾ ਹੁਕਮ ਮੰਨਣ, ਹਉਮੈ ਦਾ ਨਾਸ ਕਰਨ ਅਤੇ ਮਾਨਵਤਾ ਦੇ ਰਸਤੇ ’ਤੇ ਪਹਿਰਾ ਦੇਣ ਨਾਲ ਆਦਰਸ਼ਕ ਮਨੁੱਖ ਦੀ ਘਾੜਤ ਹੋ ਜਾਂਦੀ ਹੈ। ਅੱਜ ਦੇ ਪਦਾਰਥਵਾਦੀ ਸਮੇਂ ਵਿਚ ਅਜਿਹੇ ਉੱਚੀ ਬਿਰਤੀ ਅਤੇ ਬੁਲੰਦ ਵਿਚਾਰਾਂ ਵਾਲੇ ਮਨੁੱਖਾਂ ਦੀ ਤਲਾਸ਼ ਹੈ ਜੋ ਗੁਰੂ ਦੀ ਦੱਸੀ ਵਾਟ ’ਤੇ ਚੱਲ ਕੇ ਨਾਮ ਦਾ ਸਿਮਰਨ ਕਰਨ ਅਤੇ ਇਸ ਜਗਤ ਵਿਚ ਮਾਣ ਸਨਮਾਨ ਹਾਸਿਲ ਕਰਨ। ਅਜਿਹੇ ਆਦਰਸ਼ਕ ਵਿਅਕਤੀਆਂ ਕੋਲੋਂ ਨਿਖੇਧਾਤਮਕ ਸ਼ਕਤੀਆਂ, ਜੋ ਬੰਦੇ ਨੂੰ ਮਾਇਆ ਦੇ ਜੰਜਾਲ ਵਿਚ ਘੇਰ ਕੇ ਉਸਦੀ ਸ਼ਖ਼ਸੀਅਤ ਨੂੰ ਬੌਣਿਆਂ ਕਰ ਦਿੰਦੀਆਂ ਹਨ, ਆਪਣੇ ਆਪ ਹੀ ਕਿਨਾਰਾ ਕਰ ਲੈਂਦੀਆਂ ਹਨ। ਇਸ ਤਰ੍ਹਾਂ ਮਹਾਨ ਮਨੁੱਖ ਆਪਣੇ ਆਦਰਸ਼ਾਂ ਨੂੰ ਸਰ ਕਰਨ ਦੇ ਯੋਗ ਹੋ ਜਾਂਦੇ ਹਨ ਅਤੇ ਆਪਣੀ ਨਾਸ਼ਵਾਨ ਹਸਤੀ ਦਾ ਕਾਇਆ ਕਲਪ ਕਰਕੇ ਇਸਨੂੰ ਸਦੀਵੀ ਬਣਾ ਲੈਂਦੇ ਹਨ ਅਤੇ ਜੀਵਨ ਦੀਆਂ ਆਦਰਸ਼ਕ ਪੈੜਾਂ ਨੂੰ ਪੱਕਿਆਂ ਵੀ ਕਰਦੇ ਹਨ।