ਮੱਖਣ ਮਾਨ
ਅਜੈ ਤਨਵੀਰ ਮੇਰੇ ਲਈ ਸ਼ਾਇਰ ਨਹੀਂ, ਮੇਰੀ ਧੁਰ ਰੂਹ ਤੱਕ ਫੈਲਿਆ ਮੁਹੱਬਤ ਦਾ ਜੰਗਲ ਹੈ। ਇਹ ਸਾਰਾ ਜੰਗਲ ਮਹਿਕ ਨਾਲ ਭਰਿਆ ਪਿਆ ਹੈ। ਜਿਹੜਾ ਕਦੇ ਕਦੇ ਆਪਣੇ ਸੁਭਾਅ ਦੀਆਂ ਰਹੁ-ਰੀਤਾਂ ‘ਚ ਗੁੰਮ ਜਾਂਦਾ ਹੈ। ਕਈ ਕਈ ਮਹੀਨੇ ਕੂੰਹਦਾ ਹੀ ਨਹੀਂ। ਜਦੋਂ ਕੂੰਹਦਾ ਤਾਂ ਏਦਾਂ ਲੱਗਦੈ ਜਿਵੇਂ ਮੋਰ ਪੈਲਾਂ ਪਾ ਰਿਹਾ ਹੋਵੇ। ਕੋਇਲ ਗਾ ਰਹੀ ਹੋਵੇ। ਤੇ ਉਹ ਹੱਟ `ਤੇ ਬੈਠਾ ਬਾਣੀਆ ਨਹੀਂ,
ਉਸਦੇ ਹਿਰਦੇ ‘ਚ ਦਇਆ ਹੈ ਏਸੇ ਲਈ ਉਹ ਬਹੁਤ ਵਾਰ ਗ਼ਰੀਬੜਿਆਂ ਲਈ ਹੱਟ ਵੀ ਲੁਟਾ ਦਿੰਦਾ ਹੈ। ਉਹ ਲੋਕਾਈ ਦੇ ਫ਼ਿਕਰਾਂ ‘ਚ ਡੁੱਬਿਆ ਅਕਸਰ ਗਾਉਂਦਾ ਹੈ ‘ਭੰਡਾ ਭੰਡਾਰੀਆ ਕਿੰਨਾ ਕੁ ਭਾਰ, ਇਕ ਮੁੱਠੀ ਚੱਕ ਲੈ ਦੂਜੀ ਤਿਆਰ।’ ਉਸਦੇ ਫਿਕਰ ਵੱਡੇ ਨੇ, ਉਹ ਸਰੋਕਾਰਾਂ ਦਾ ਸ਼ਾਇਰ ਹੈ।
ਅਜੈ ਤਨਵੀਰ ਗ਼ਜ਼ਲ ਦੇ ਸਫ਼ਰ ਵਿਚ ਵੱਖ-ਵੱਖ ਉਸਤਾਦਾਂ ਦੀ ਭੱਠੀ ਵਿਚ ਤਪਿਆ। ਹਰ ਉਸਤਾਦ ਦਾ ਉਹ ਸਤਿਕਾਰ ਕਰਦਾ ਹੈ। ਪਰ ਬਾਬੇ ਜਗਤਾਰ ਨਾਲ ਉਸਦੀ ਗਹਿਰੀ ਨੇੜਤਾ ਹੈ। ਉਹ ਬਾਬੇ ਜਗਤਾਰ ਦਾ ਭਗਤ ਹੈ। ਤਨਵੀਰ ਤਖ਼ੱਲਸ ਵੀ ਉਸਦਾ ਬਾਬੇ ਜਗਤਾਰ ਨੇ ਰੱਖਿਆ ਸੀ। ਪਤਾ ਨਹੀਂ ਬਾਬੇ ਨੂੰ ‘ਅਜੈ’ ‘ਚ ਕੀ ਦਿਸਿਆ ਸੀ। ਜਦੋਂ ਮੈਨੂੰ ਮਿਲਦੇ ਤਾਂ ਅਕਸਰ ਆਖਦੇ ਤੇਰੇ ਵਰਗਾ ਇੱਕ ਹੋਰ ਮੇਰਾ ਪੁੱਤ ਅਮਰੀਕਾ ਵੱਸਦਾ ਹੈ। ਬਾਬੇ ਦੇ ਕਹਿਣ ਦੇ ਅੰਦਾਜ਼ `ਚ ਏਨੀ ਅਪਣੱਤ ਸੀ, ਤਨਵੀਰ ਮੈਨੂੰ ਆਪਣੇ ਛੋਟੇ ਭਰਾ ਵਰਗਾ ਜਾਪਦੈ। ਜਿਵੇਂ ਬਾਬੇ ਜਗਤਾਰ ਨੇ ਉਸਨੂੰ ਗੋਦ ਲੈ ਲਿਆ ਹੋਵੇ। ਗੱਲ ਸ਼ਾਇਰੀ ਦੀ ਹੋ ਰਹੀ ਸੀ। ਤਨਵੀਰ ਦੀ ਸ਼ਾਇਰੀ ਦੀ ਚਰਚਾ ਛਿੜੇ ਬਾਬੇ ਜਗਤਾਰ ਨੂੰ ਸਿਜਦਾ ਕਰਨਾ ਏਦਾਂ ਹੈ, ਜਿਵੇਂ ਮੱਕੇ ਤੇ ਮਦੀਨੇ ਦਾ ਹੱਜ ਕਰ ਰਹੇ ਹੋਈਏ।
ਪੀਟੇ ਚੰਦੇਲੀ ਤੋਂ ਅਜੈ ਤਨਵੀਰ ਦਾ ਸਫ਼ਰ ਗੀਤਕਾਰੀ ਤੋਂ ਗ਼ਜ਼ਲ ਵੱਲ ਇਵੇਂ ਵੀ ਹੈ। ਜਿਵੇਂ ਕੋਈ ਗਵੱਈਆ ਕੱਚੇ ਰਾਗ ਗਾਉਂਦਾ-ਗਾਉਂਦਾ ਅਚਨਚੇਤ ਪੱਕੇ ਰਾਗ ਗਾਉਣ ਲੱਗ ਪਵੇ। ‘ਫ਼ਤਵਿਆਂ ਦੇ ਦੌਰ ਵਿਚ’ ਤਨਵੀਰ ਦੇ ਗ਼ਜ਼ਲ ਸੰਗ੍ਰਹਿ ਦਾ ਪ੍ਰਵੇਸ਼ ਉਦੋਂ ਹੋਇਆ ਹੈ। ਜਦੋਂ ਸਟੇਟ ਚੋਰ ਮੋਰੀ ਰਾਹੀਂ ਸੰਵਿਧਾਨ ਨੂੰ ਛਾਂਗਣ ਦੀ ਤਿਆਰੀ ਦੇ ਨਾਲ-ਨਾਲ ਵੈਦਿਕ ਸੰਸਕ੍ਰਿਤੀ, ਵਰਣ ਵਿਵਸਥਾ, ਮਨੂੰ ਸਿਮਰਤੀ, ਲਵ ਜਹਾਦ, ਮੌਬਲਿੰਚਿੰਗ ਕਰਦੀ ਅਸਹਿਣਸ਼ੀਲਤਾ ਦੇ ਬਹਾਨੇ ਘੱਟ-ਗਿਣਤੀਆਂ `ਤੇ ਤਸ਼ੱਦਦ ਵੀ ਕਰ ਰਹੀ ਹੈ ਤੇ ਡਰਾ ਵੀ ਰਹੀ ਹੈ ਤੇ ਤਾਨਾਸ਼ਾਹੀ ਬਿਰਤਾਂਤ ਵੀ ਸਿਰਜ ਰਹੀ ਹੈ। ਤੇ ਇਕ ਨੇਸ਼ਨ ਦਾ ਨਰੇਟਿਵ ਵੀ ਘੜ ਰਹੀ ਹੈ। ਅਜਿਹੇ ਸਮਿਆਂ ‘ਚ ‘ਫ਼ਤਵਿਆਂ ਦੇ ਦੌਰ ਵਿਚ’ ਗ਼ਜ਼ਲ ਸੰਗ੍ਰਹਿ ਦਾ ਆਉਣਾ ਸ਼ੁਭ ਸ਼ਗਨ ਹੀ ਆਖ ਸਕਦੇ ਹਾਂ। ਕਿਉਂ ਕਿ ਇਹ ਗ਼ਜ਼ਲ ਸੰਗ੍ਰਹਿ ਇਸ ਦੌਰ ਨੂੰ ਬਹੁਤ ਹੀ ਬਾਰੀਕ ਜ਼ਾਵੀਏ ਤੋਂ ਵੇਖਦਾ ਕਟਾਖਸ਼ ਕਰਦਾ ਹੈ।
ਤਨਵੀਰ ਮੱਠੀ-ਮੱਠੀ ਅੱਗ ‘ਤੇ ਕਾੜ੍ਹਨੇ ‘ਚ ਰਿੱਝ ਰਹੇ ਦੁੱਧ ਵਰਗਾ ਸ਼ਾਇਰ ਹੈ। ਜਿਸਨੂੰ ਖੁਦ ਨੂੰ ਉਬਾਲਣਾ ਵੀ ਆਉਂਦਾ ਹੈ ਤੇ ਰਿੰਨ੍ਹਣਾ ਵੀ। ਉਹ ਹਰ ਸ਼ਿਅਰ ਨੂੰ ਕਸ਼ੀਦ ਕੇ ਉਸ ਵਿਚ ਉਡਾਣ ਭਰਦਾ ਹੈ। ਉਹ ਬੁਲੰਦੀ ਦਾ ਹੀ ਨਹੀਂ, ਚਿੰਤਨ ਤੇ ਰਾਜਨੀਤਕ ਸਮਝ ਰੱਖਣ ਵਾਲਾ ਸ਼ਾਇਰ ਹੈ। ਉਸਦੀ ਸ਼ਾਇਰੀ ‘ਚ ਇਤਿਹਾਸ ਤੇ ਮਿੱਥਹਾਸ ਖਿਲਰਿਆ ਪਿਆ ਹੈ। ਉਹ ਮਿੱਥ ਦੇ ਉਹਲਿਆਂ ‘ਚ ਲੁਕੀ ਕਮੀਨਗੀ ਨੂੰ ਤੇਜ਼ ਤਰਾਸ਼ ਅੱਖ ਨਾਲ ਵੇਖਦਾ ਉਸ ’ਤੇ ਗਹਿਰੀ ਚੋਟ ਕਰਦਾ ਹੈ। ਉਸ ਕੋਲ ਸੰਜਮ ਹੈ, ਸਲੀਕਾ ਹੈ ਤੇ ਗ਼ਜ਼ਲ ਕਹਿਣ ਦਾ ਅੰਦਾਜ਼ ਵੀ ਵੱਖਰਾ ਹੈ। ਉਸ ਕੋਲ ਕਲਾ ਵੀ ਹੈ ਤੇ ਕਲਪਨਾ ਵੀ। ਉਸਨੂੰ ਗ਼ਜ਼ਲ ਦੀ ਹੁਨਰਮੰਦੀ ਦਾ ਵੀ ਗਿਆਨ ਹੈ। ਉਸਦੇ ਇਸ ਸੰਗ੍ਰਹਿ ਵਿਚੋਂ ਗ਼ਜ਼ਲ ਨਾਲ ਉਸਦੀ ਗਹਿਰੀ ਤੇ ਚਿਰਜੀਵੀ ਸਾਂਝ ਝਲਕਦੀ ਹੈ। ਤੁਸੀਂ ਉਸਦੀ ਗ਼ਜ਼ਲ ਦੇ ਹਰ ਸ਼ਿਅਰ ਵਿਚ ਗਹਿਰਾਈ ਤੇ ਦਰਸ਼ਨ ਵੇਖ ਸਕਦੇ ਹੋ। ਉਸਦੀ ਗ਼ਜ਼ਲ ਦੇ ਹਰ ਸ਼ਿਅਰ ਦੀ ਆਪਣੀ ਮੁਕੰਮਲ ਕਹਾਣੀ ਹੈ। ਤੁਸੀਂ ਉਸਦੀ ਸ਼ਾਇਰੀ ਨੂੰ ਖਰਬੂਜੇ ਦੀਆਂ ਫਾੜੀਆਂ ਨਾਲ ਤੁਲਨਾ ਸਕਦੇ ਹੋ ਜੋ ਵੇਖਣ ਤੋਂ ਇੱਕੋ ਗ਼ਜ਼ਲ ਲੱਗਦੀ ਹੈ ਪਰ ਉਸਦੀ ਹਰ ਫਾੜੀ ਦਾ ਆਪਣਾ ਅੰਦਾਜ਼ ਤੇ ਅਦਾ ਕਮਾਲ ਦੀ ਹੈ। ਤੁਸੀਂ ਹੇਠਲੀ ਗ਼ਜ਼ਲ ਦਾ ਪਹਿਲਾ ਸ਼ਿਅਰ ਵੇਖੋ :
ਸਿਆਸਤ ਨੇ ਬਦਲ ਦਿੱਤੇ ਜਦੋਂ ਦੇ ਅਰਥ ਰੰਗਾਂ ਦੇ
ਉਕਾਬਾਂ ਦੇ ਨਗਰ ਵਿਚ ਹੋ ਰਹੇ ਚਰਚੇ ਪਤੰਗਾਂ ਦੇ।
ਇਹ ਸ਼ਿਅਰ ਆਪਣੇ ਆਪ ‘ਚ ਅੱਜ ਦੇ ਦੌਰ ‘ਚ ਰਾਜਨੀਤੀ ਦੇ ਚਰਿੱਤਰ ਨੂੰ ਬਾਖੂਬੀ ਬਿਆਨ ਕਰਦਾ ਉਸਦੀਆਂ ਵੱਖੀਆਂ ਹੀ ਨਹੀਂ ਉਧੇੜਦਾ, ਉਸ ਅੰਦਰ ਆਈ ਗਿਰਾਵਟ ਤੇ ਕਮੀਨਗੀ ਨੂੰ ਵੀ ਉਜਾਗਰ ਕਰਦਾ ਹੈ। ਉਸਦਾ ਇਹ ਇੱਕੋ ਇੱਕ ਸ਼ਿਅਰ ਰਾਜਨੀਤਕ ਗਲਹਿਰੀਆਂ ਨੂੰ ਗੁਲੇਲ ਨਾਲ ਫੁੰਡਦਾ ਹੈ
ਏਸੇ ਗ਼ਜ਼ਲ ਦਾ ਅਗਲਾ ਸ਼ਿਅਰ ਵੇਖੋ:
ਜਿਨ੍ਹਾਂ ਦੇ ਪੁੱਤ ਆਏ ਜਿੱਤ ਕੇ ਪਰ ਬਕਸਿਆਂ ਅੰਦਰ
ਉਨ੍ਹਾਂ ਨੂੰ ਪੁੱਛ ਕੇ ਵੇਖੀਂ ਨਤੀਜੇ ਕੀ ਨੇ ਜੰਗਾਂ ਦੇ
ਜੰਗ ਕਿੰਨਿਆਂ ਘਰਾਂ ਦੇ ਦੀਵੇ ਬੁਝਾ ਜਾਂਦੀ ਹੈ। ਕਿੰਨੀਆਂ ਤੋਤਲੀਆਂ ਆਵਾਜ਼ਾਂ ਦੇ ਸਾਹ ਸੂਤ ਜਾਂਦੀ ਹੈ, ਕਿੰਨੀਆਂ ਸੱਧਰਾਂ ਦੇ ਸੁਪਨੇ ਕੁਚਲ ਜਾਂਦੀ ਹੈ। ਇਹ ਸ਼ਿਅਰ ਆਪਣੇ ਆਪ ‘ਚ ਜੀਵਨ ਦਾ ਕੌੜਾ ਸੱਚ ਹੈ। ਏਸੇ ਗ਼ਜ਼ਲ ਦਾ ਇੱਕ ਹੋਰ ਸ਼ਿਅਰ ਵੇਖੋ:
ਜਦੋਂ ਤੈਥੋਂ ਮੇਰੇ ਦਿਲ ਵਿਚ ਅਜੇ ਤੱਕ ਡੁੱਬ ਨਾ ਹੋਇਆ
ਮੁਹੱਬਤ ਕਿੰਝ ਨਾਪਣਗੇ ਭਲਾ ਟੋਟੇ ਇਹ ਵੰਗਾਂ ਦੇ
ਇਸ ਸ਼ਿਅਰ ਨੂੰ ਪੜ੍ਹਦਿਆਂ ਪੁਰਾਣੀ ਪਿੱਤਰੀ ਪਿੰਡ ‘ਚ ਚਲਾ ਗਿਆ। ਔਰਤ ਮਨ ਦੀਆਂ ਸੱਧਰਾਂ ਉਮੀਦਾਂ ਨੂੰ ਸਾਡੀਆਂ ਕਲਚਰਲ ਵੈਲਿਊ ਕਿਵੇਂ ਨਿੱਕੇ ਨਿੱਕੇ ਅਹਿਸਾਸਾਂ ‘ਚ ਸਾਂਭੀ ਬੈਠੀ ਹੈ। ਪਿੰਡ ਦੀ ਅੱਲੜ੍ਹ ਮੁਟਿਆਰ ਦਾ ਆਪਣੇ ਪਿਆਰ ਨੂੰ ਮਾਪਣ ਦਾ ਜ਼ਰੀਆ ਇਸ ਖੇਡ ‘ਚ ਪਿਆ ਹੈ। ਵੰਗਾਂ ਤੋੜ ਤੋੜ ਕੇ ਭਵਿੱਖਮੁਖੀ ਪਤੀ ਦੇ ਪਿਆਰ ਨੂੰ ਵੇਖਣਾ ਕਿ ਉਹ ਉਸਨੂੰ ਕਿੰਨਾ ਕੁ ਪਿਆਰ ਕਰਦਾ ਹੋਵੇਗਾ। ਪਰ ਤਨਵੀਰ ਇਸ ਰੀਤ ਨੂੰ ਕਾਟੇ ਹੇਠ ਰੱਖਦਾ ਹੈ।
ਤਨਵੀਰ ਪੇਂਡੂ ਮੁਹਾਵਰੇ ਦਾ ਸ਼ਾਇਰ ਹੈ। ਕਾਮੇ ਕਿਰਤੀਆਂ ਦਾ ਵੀ। ਉਸਦੀ ਗ਼ਜ਼ਲ ‘ਚੋਂ ਪੰਜਾਬ ਦੀ ਮਿੱਟੀ ਦੀ ਮਹਿਕ ਆਉਂਦੀ ਹੈ। ਉਸ ਦੀ ਮਿੱਟੀ ਵਿਚ ਸੰਘਰਸ਼ ਵੀ ਹੈ। ਉਸਦਾ ਏਸੇ ਗ਼ਜ਼ਲ ਦਾ ਮਤਲਾ ਵੇਖੋ:
ਰਿਸ਼ੀ ਸ਼ੰਭੂਕ ਤੇ ਸਰਮਦ, ਸਰਾਭਾ ਯਾਦ ਨੇ ‘ਤਨਵੀਰ’
ਤਦੇ ਆਉਂਦੇ ਨਹੀਂ ਸਾਨੂੰ ਕਦੇ ਵੀ ਖ਼ਾਬ ਝੰਗਾਂ ਦੇ।
ਮਹਾਰਿਸ਼ੀ ਬਾਲਮੀਕ ਦੀ ਰਮਾਇਣ ਵਿਚ ਮਿੱਥ ਨੂੰ ਡੀ ਕੋਡ ਕਰਦਾ ਇਹ ਸ਼ਿਅਰ ਕਿਵੇਂ ਸ੍ਰੀ ਰਾਮ ਚੰਦਰ ਜੀ ਭਗਤੀ ਕਰ ਰਹੇ ਸ਼ੂਦਰ ਸ਼ੰਭੂਕ ਦਾ ਬਦ ਇਸ ਕਰਕੇ ਕਰਦੇ ਹਨ ਕਿ ਆਰੀਆ ਦੇ ਰਾਜ ‘ਚ ਅਛੂਤ ਕਿਵੇਂ ਭਗਤੀ ਕਰ ਸਕਦਾ। ਤੇ ਸਰਮਦ ਜੋ ਪਹੁੰਚਿਆ ਹੋਇਆ ਫ਼ਕੀਰ ਸੀ ਯਹੂਦੀ ਸੀ, ਜਿਸਨੇ ਬਾਅਦ ‘ਚ ਇਸਲਾਮ ਧਰਮ ਧਾਰਨ ਕਰ ਲਿਆ ਸੀ। ਇਤਿਹਾਸ ‘ਚ ਉਸ ਦਾ ਨਾਂ ਮੁਹੰਮਦ ਸਈਦ ਸਰਮਦ ਕਰਕੇ ਆਇਆ ਹੈ। ਜਿਸਨੇ ਮੁੱਲਾ ਸਦਰੁੱਦੀਨ ਸ਼ੀਰਜ਼ੀ ਤੇ ਪ੍ਰਸਿੱਧ ਆਲਮ ਅਬੁਲ ਕਾਸਿਮ ਫਿੰਦਸਕੀ ਤੋਂ ਸਿੱਖਿਆ ਪ੍ਰਾਪਤ ਕੀਤੀ। ਵਪਾਰ ਦੇ ਮਕਸਦ ਨਾਲ ਸਰਮਦ ਭਾਰਤ ਆਇਆ। ਸਿੰਧ ਦੇ ਸ਼ਹਿਰ ਬੱਟਾ ਤੇ ਫਿਰ ਲਾਹੌਰ ਵਿਖੇ ਰਿਹਾ। ਮਾਨਤਾ ਹੈ ਕਿ ਉਸ ਨੇ ਪਾਰਸੀ, ਹਿੰਦੂ ਤੇ ਇਸਲਾਮੀ ਗ੍ਰੰਥਾਂ ਦਾ ਅਧਿਐਨ ਵੀ ਕੀਤਾ ਸੀ। ਭਾਰਤ ‘ਚ ਸਰਮਦ ਕੁਝ ਸਮਾਂ ਹੈਦਰਾਬਾਦ ਵਿਖੇ ਵੀ ਰਿਹਾ। ਇਥੇ ਉਸ ਉੱਤੇ ਐਸੀ ਰੂਹਾਨੀ ਕੈਫ਼ੀਅਤ ਤਾਰੀ ਹੋਈ ਕਿ ਉਹ ਮਜਜ਼ੂਬ ਫ਼ਕੀਰਾਂ ਵਾਂਗ ਵਿਚਰਨ ਲੱਗਾ ਤੇ ਉਸ ਦੀ ਪ੍ਰਸਿੱਧੀ ਦੂਰ-ਦੂਰ ਤਕ ਫ਼ੈਲੀ। ਰੂਹਾਨੀ ਮਸਤੀ ‘ਚ ਉਸ ਨੰਗਾ ਰਹਿਣਾ ਸ਼ੁਰੂ ਕਰ ਦਿੱਤਾ। ਸ਼ਹਿਜ਼ਾਦਾ ਦਾਰਾ ਸ਼ਿਕੋਹ ਵੀ ਸਰਮਦ ਦੇ ਸੰਪਰਕ ‘ਚ ਆਇਆ। ਮੁਗ਼ਲ ਬਾਦਸ਼ਾਹ ਸ਼ਾਹਜਹਾਂ ਦੇ ਉਤਰਾਧਿਕਾਰ ਲਈ ਚੱਲੇ ਯੁੱਧ ‘ਚ ਦਾਰਾ ਸ਼ਿਕੋਹ ਮਾਰਿਆ ਗਿਆ। ਔਰੰਗਜ਼ੇਬ ਬਾਦਸ਼ਾਹ ਬਣਿਆ। ਔਰੰਗਜ਼ੇਬ ਨੂੰ ਈਰਖਾ ਸੀ ਕਿ ਸਰਮਦ ਦਾਰਾ ਸ਼ਿਕੋਹ ਦਾ ਹਮਦਰਦ ਸੀ ਤੇ ਉਸ ਨੂੰ ਬਾਦਸ਼ਾਹ ਵੇਖਣਾ ਚਾਹੁੰਦਾ ਸੀ। ਸਰਮਦ ਦੇ ਖ਼ਿਲਾਫ਼ ਸਾਜ਼ਿਸ਼ ਰਚੀ ਗਈ ਕਿ ਉਹ ਨੰਗਾ ਫਿਰਦਾ ਹੈ, ਅੱਧਾ ਕਲਮਾ ਪੜ੍ਹਦਾ ਹੈ ਤੇ ਹਜ਼ਰਤ ਮੁਹੰਮਦ ਸਾਹਿਬ ਦੀ ਸ਼ਬੇ-ਮਿਅਰਾਜ ਤੋਂ ਮੁਨਕਰ ਹੈ। ਦਰ-ਹਕੀਕਤ ਸਰਮਦ ਦਿੱਲੀ ‘ਚ ਮਸ਼ਹੂਰ ਹੋ ਚੁੱਕਾ ਸੀ ਤੇ ਹਜ਼ਾਰਾਂ ਲੋਕ ਉਸ ਦੀ ਸੁਹਬਤ ਲਈ ਆਉਂਦੇ ਸਨ ਤੇ ਉਹ ਬਾਦਸ਼ਾਹ ਦੀ ਪਰਵਾਹ ਨਹੀਂ ਸੀ ਕਰਦਾ। ਸਰਮਦ ਨੂੰ ਕਤਲ ਕਰ ਦਿੱਤੇ ਜਾਣ ਦਾ ਫ਼ਤਵਾ ਲਾਇਆ ਗਿਆ। ਜਾਮਾ ਮਸਜਿਦ ਦਿੱਲੀ ਦੀਆਂ ਪੌੜੀਆਂ ਦੇ ਸਾਹਮਣੇ ਇਕ ਚਬੂਤਰਾ ਬਣਵਾਇਆ ਗਿਆ, ਜਿੱਥੇ ਸਰਮਦ ਦਾ ਕਤਲ ਕਰ ਦਿੱਤਾ ਗਿਆ। ਮੈਂ ਪਹਿਲਾਂ ਹੀ ਕਿਹਾ ਸੀ ਤਨਵੀਰ ਇਤਿਹਾਸ ਨੂੰ ਬਾਰੀਕ ਅੱਖ ਨਾਲ ਵੇਖਦਾ। ਸੰਬੂਕ ਸਰਮਦ ਤੇ ਸਰਾਭੇ ਦੀ ਦੇਸ਼ ਨੂੰ ਆਜ਼ਾਦ ਕਰਾਉਣ ਦੀ ਆਜ਼ਾਦੀ ਨੂੰ ਕੌਣ ਨਹੀਂ ਜਾਣਦਾ। ਕਿਉਂ ਕਿ ਤਨਵੀਰ ਬਾਬੇ ਜਗਤਾਰ ਨੂੰ ਆਪਣਾ ਮਾਡਲ ਮੰਨਦਾ ਤੇ ਉਹ ਆਪਣੀ ਭੂਮਿਕਾ `ਚ ਬਾਬੇ ਜਗਤਾਰ ਦਾ ਕਥਨ ਤੇ ਇਸ ਕਥਨ `ਤੇ ਕਾਇਮ ਹੈ ਕਿ “ਸ਼ਾਇਰੀ ਜ਼ਿਕਰ ਦੀ ਨਹੀਂ, ਫ਼ਿਕਰ ਦੀ ਹੋਣੀ ਚਾਹੀਦੀ!’’ ਤਾਂ ਹੀ ਤਾਂ ਤਨਵੀਰ ਦੀ ਸ਼ਾਇਰੀ ਦੇ ਆਦਰਸ਼ ਸ਼ੰਭੂਕ, ਸਰਮਦ ਤੇ ਸਰਾਭਾ ਹਨ। ਉਹ ‘ਝੰਗ’ ਤੋਂ ਕੋਹਾਂ ਦੂਰ ਹੈ।
‘ਫ਼ਤਵਿਆਂ ਦੇ ਦੌਰ ਵਿਚ’ ਪੁਸਤਕ ਨੂੰ ਚੇਤਨਾ ਪ੍ਰਕਾਸ਼ਨ ਨੇ ਛਾਪਿਆ ਹੈ, ਜਿਸਦੀ ਕੀਮਤ 150/- ਰੁਪਏ ਹੈ। ਖੂਬਸੂਰਤ ਟਾਈਟਲ ਤੇ ਵਧੀਆ ਪੇਪਰ ‘ਚ ਛਾਪੀ ਗਈ ਹੈ।
ਇਸ ਗ਼ਜ਼ਲ ਸੰਗ੍ਰਹਿ ਦੇ ਆਉਣ ਤੋਂ ਪਹਿਲਾਂ ਤਨਵੀਰ ਬਤੌਰ ਗ਼ਜ਼ਲਗੋ ਆਪਣੀ ਪਹਿਚਾਣ ਬਣਾ ਚੁੱਕਾ ਸੀ, ਪਰ ਇਸ ਸੰਗ੍ਰਹਿ ਦੇ ਰਾਹੀਂ ਤਨਵੀਰ ਗ਼ਜ਼ਲ ਦੇ ਖੇਤਰ ‘ਚ ਕਿੰਨੀ ਕੁ ਉਡਾਣ ਭਰੇਗਾ। ਇਸਦਾ ਜਵਾਬ ਤਾਂ ਉਸਤਾਦ ਗ਼ਜ਼ਲਗੋ ਹੀ ਦੇ ਸਕਦੇ ਨੇ। ਪਰ ਉਸਦੀ ਸ਼ਾਇਰੀ `ਚ ਰਵਾਇਤੀ ਸ਼ਾਇਰੀ ਤੋਂ ਹਟ ਕੇ ਗੱਲ ਹੋਈ ਹੈ। ਮੈਨੂੰ ਉਮੀਦ ਹੈ ਕਿ ਇਸ ਸੰਗ੍ਰਹਿ ਦੀ ਹਰ ਗ਼ਜ਼ਲ ਪਾਠਕ ਮਨ ਦਾ ਧਿਆਨ ਆਪਣੇ ਵੱਲ ਜ਼ਰੂਰ ਖਿੱਚੇਗੀ। ਉਸਦਾ ਸ਼ਿਅਰ ਤੁਸੀਂ ਆਪ ਹੀ ਵੇਖੋ:
ਬਨੇਰੇ ਦੱਸ ਦਿੰਦੇ ਨੇ ਘਰਾਂ ਦੀ ਦਾਸਤਾਂ ਸਾਰੀ,
ਤੁਹਾਨੂੰ ਕੀ ਦਿਆਂ ਮੈਂ ਆਪਣੀ ਸ਼ਨਾਖ਼ਤ ਦਾ!
ਸੋ ਤਨਵੀਰ ਆਪਣੇ ਇਸ ਸ਼ਿਅਰ ਰਾਹੀਂ ਆਪਣੇ ਇਸ ਸੰਗ੍ਰਹਿ ਦੀ ਸ਼ਨਾਖਤ ਵੀ ਕਰ ਗਿਆ ਤੇ ਪਹਿਚਾਣ ਵੀ ਦੱਸ ਗਿਆ ਹੈ। ਮੈਂ ‘ਫ਼ਤਵਿਆਂ ਦੇ ਦੌਰ ਵਿਚ’ ਤਨਵੀਰ ਦੀ ਹਾਜ਼ਰੀ ਨੂੰ ਜੀਅ ਆਇਆਂ ਆਖਦਾ ਹਾਂ!