ਸਿਰਫ਼ ਅਧਿਆਤਮਕ ਗੁਰੂ ਨਹੀਂ ਸਨ – ਗੁਰੂ ਨਾਨਕ ਦੇਵ ਜੀ

ਡਾ. ਗੁਰਬਖਸ਼ ਸਿੰਘ ਭੰਡਾਲ
ਫੋਨ: 216-556-2080
ਗੁਰੂ ਨਾਨਕ ਦੇਵ ਜੀ ਸਿੱਖ ਧਰਮ ਦੇ ਮੋਢੀ ਅਤੇ ਪਹਿਲੀ ਪਾਤਸ਼ਾਹੀ ਹਨ। ਉਨ੍ਹਾਂ ਨੇ ਪ੍ਰੰਪਰਕ ਧਰਮਾਂ ਵਿਚਲੇ ਵਿਕਾਰਾਂ ਅਤੇ ਕੁਰਹਿਤਾਂ ਤੋਂ ਨਿਜਾਤ ਦਿਵਾਉਣ ਲਈ ਨਵੀਂ ਸੋਚ ਤੇ ਸਿਧਾਂਤ ਨੂੰ ਲੋਕਾਈ ਸਾਹਮਣੇ ਪ੍ਰਚਾਰਨ ਲਈ 40 ਹਜ਼ਾਰ ਕਿੱਲੋਮੀਟਰ ਤੋਂ ਵੱਧ ਦਾ ਪੈਦਲ ਸਫ਼ਰ ਕੀਤਾ। ਆਪਣੀਆਂ ਪੰਜ ਉਦਾਸੀਆਂ ਰਾਹੀਂ ਨਵੀਂ ਰੂਹਾਨੀ ਵਿਚਾਰਧਾਰਾ ਨੂੰ ਦੁਨੀਆ ਭਰ ਦੇ ਵੱਖ-ਵੱਖ ਖ਼ਿੱਤਿਆਂ ਵਿਚ ਪਹੁੰਚਾਇਆ ਅਤੇ ਸਿੱਖ ਧਰਮ ਦੀਆਂ ਸਿੱਖਿਆਵਾਂ ਅਤੇ ਇਨ੍ਹਾਂ ‘ਤੇ ਚੱਲ ਕੇ ਜੀਵਨ-ਜਾਚ ਨੂੰ ਨਰੋਈ ਅਤੇ ਵਿਲੱਖਣ ਸੇਧ ਦਿੱਤੀ ਅਤੇ ਵਿਸ਼ਵ ਭਰ ਵਿਚ ਸਿੱਖੀ ਸਿਧਾਂਤਾਂ ਦਾ ਬੋਲਬਾਲਾ ਹੋਇਆ।

ਪਰ ਉਨ੍ਹਾਂ ਦੇ ਪੈਰੋਕਾਰ ਗੁਰੂ ਜੀ ਨੂੰ ਸਿਰਫ਼ ਇਕ ਅਧਿਆਤਮਕ ਗੁਰੂ ਵਜੋਂ ਪੂਜਣ ਤੀਕ ਹੀ ਸੀਮਤ ਹਨ। ਉਨ੍ਹਾਂ ਦੀਆਂ ਸਿੱਖਿਆਵਾਂ ਜਾਂ ਪਾਏ ਪੂਰਨਿਆਂ ‘ਤੇ ਤੁਰਨ ਤੋਂ ਅਕਸਰ ਹੀ ਆਨਾਕਾਨੀ ਕਰਦੇ ਹਨ। ਲੋੜ ਹੈ ਉਨ੍ਹਾਂ ਦੀ ਅਜ਼ੀਮ ਸ਼ਖ਼ਸੀਅਤ ਅਤੇ ਦਿੱਬ ਦ੍ਰਿਸ਼ਟੀ ਦੀਆਂ ਤਹਿਆਂ ਫਰੋਲਨ ਦੀ। ਗੁਰੂ ਜੀ ਦੇ ਸਮੁੱਚੇ ਜੀਵਨ ‘ਤੇ ਝਾਤੀ ਮਾਰਿਆਂ ਬਹੁਤ ਕੁਝ ਸਾਡੀ ਸੰਵੇਦਨਾ ਨੂੰ ਝੰਜੋੜਦਾ ਕਿ ਗੁਰੂ ਜੀ ਦੇ ਬਹੁਤ ਸਾਰੇ ਅਜੇਹੇ ਕ੍ਰਿਸ਼ਮਾਮਈ ਪੱਖ ਸਨ ਜਿਨ੍ਹਾਂ ਬਾਰੇ ਸਾਨੂੰ ਚੇਤੰਨ ਹੋਣ ਅਤੇ ਇਨ੍ਹਾਂ ਤੋਂ ਬਹੁਤ ਕੁਝ ਸਿੱਖਣ ਦੀ ਲੋੜ ਹੈ।
ਸਮਾਜਿਕ ਚਿੰਤਕ ਅਤੇ ਸੁਧਾਰਕ: ਗੁਰੂ ਜੀ ਬਹੁਤ ਵੱਡੇ ਸਮਾਜ ਚਿੰਤਕ ਸਨ। ਜਦ ਉਨ੍ਹਾਂ ਨੇ ਸਮਾਜ ਵਿਚ ਔਰਤ ਦੀ ਤਰਾਸਦੀ ਅਤੇ ਮਰਦ ਪ੍ਰਧਾਨ ਸਮਾਜ ਵਿਚ ਉਨ੍ਹਾਂ ਪ੍ਰਤੀ ਮਾਨਸਿਕ ਘਟੀਆਪਣ ਨੂੰ ਦੇਖਿਆ ਤਾਂ ਉਨ੍ਹਾਂ ਨੇ ਔਰਤ ਦੀ ਮਹਾਨਤਾ ਅਤੇ ਬਰਾਬਰਤਾ ਦੀ ਬਰਕਰਾਰੀ ਲਈ ਗੁਰਵਾਕ ਉਚਾਰਿਆ;
“ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ।
ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥”
ਕੀ ਸਾਡਾ ਅਜੋਕਾ ਸਮਾਜ ਵੀ ਔਰਤ ਨੂੰ ਬਰਾਬਰ ਦੇ ਹੱਕ ਦਿੰਦਾ ਹੈ? ਕੀ ਕੁੱਖ ਵਿਚ ਕਤਲ ਕੀਤੀਆਂ ਜਾ ਰਹੀਆਂ ਧੀਆਂ ਦੇ ਕਾਤਲ ਗੁਰਸਿੱਖ ਹੋ ਸਕਦੇ ਹਨ? ਕੀ ਅਸੀਂ ਔਰਤ ਦੇ ਸਵੈਮਾਣ ਦੀ ਕਦੇ ਗੱਲ ਕੀਤੀ ਹੈ? ਇਹ ਕੇਹੀ ਵਿਡੰਬਨਾ ਹੈ ਕਿ ਬਹੁਤ ਸਾਰੀਆਂ ਮਹਾਨ ਕੀਰਤਨੀ ਔਰਤਾਂ ਹੋਣ ਦੇ ਬਾਵਜੂਦ ਵੀ ਕੋਈ ਔਰਤ ਹਰਿਮੰਦਰ ਸਾਹਿਬ ਵਿਚ ਕੀਰਤਨ ਨਹੀਂ ਕਰ ਸਕਦੀ। ਕੀ ਅਜੋਕੇ ਧਾਰਮਿਕ ਆਗੂ ਇਸਦਾ ਜਵਾਬ ਦੇਣਗੇ? ਕੀ ਉਹ ਗੁਰੂ ਜੀ ਦੀਆਂ ਸਿੱਖਿਆਵਾਂ ਤੋਂ ਬੇਮੁੱਖ ਤਾਂ ਨਹੀਂ ਹੋ ਰਹੇ?
ਵਿਗਿਆਨਕ ਚੇਤਨਾ-ਮੁਖੀ ਪ੍ਰਵਚਨਕਾਰ: ਗੁਰੂ ਨਾਨਕ ਜੀ ਵੱਲੋਂ ਰਚੀ ਗੁਰਬਾਣੀ ਨੂੰ ਜੇਕਰ ਨੀਝ ਨਾਲ ਘੋਖਿਆ ਜਾਵੇ ਤਾਂ ਉਸ ਵਿਚ ਬਹੁਤ ਸਾਰੀਆਂ ਅਜੇਹੀਆਂ ਉਦਾਹਰਨਾਂ ਮਿਲ ਜਾਣਗੀਆਂ ਜਿਨ੍ਹਾਂ ਵਿਚੋਂ ਉਨ੍ਹਾਂ ਦੀ ਸੋਚ ਵਿਚ ਵਿਗਿਆਨਕ ਧਾਰਨਾਵਾਂ ਨੂੰ ਸਮਝਣ ਅਤੇ ਉਨ੍ਹਾਂ ਨੂੰ ਆਪਣੇ ਸ਼ਬਦਾਂ ਰਾਹੀਂ ਪੈਰੋਕਾਰਾਂ ਵਿਚ ਪ੍ਰਚਾਰਨ ਦਾ ਸਰਫ਼ ਹਾਸਲ ਹੈ। ਗੁਰੂ ਜੀ ਫ਼ਰਮਾਉਂਦੇ ਹਨ:
“ਧਰਤੀ ਹੋਰ ਪਰੈ ਹੋਰੁ ਹੋਰੁ
ਤਿਸ ਤੇ ਭਾਰ ਤਲੈ ਕਵਣੁ ਜੋਰ।”
ਜਾਂ
“ਅਰਬਦ ਨਰਬਦ ਧੁੰਧੂਕਾਰਾ॥
ਧਰਣਿ ਨ ਗਗਨਾ ਹੁਕਮੁ ਅਪਾਰਾ॥
ਨਾ ਦਿਨੁ ਰੈਨਿ ਨ ਚੰਦੁ ਨ ਸੂਰਜੁ ਸੁੰਨ ਸਮਾਧਿ ਲਗਾਇਦਾ॥੧॥
ਖਾਣੀ ਨ ਬਾਣੀ ਪਉਣ ਨ ਪਾਣੀ॥
ਓਪਤਿ ਖਪਤਿ ਨ ਆਵਣ ਜਾਣੀ॥
ਖੰਡ ਪਤਾਲ ਸਪਤ ਨਹੀ ਸਾਗਰ ਨਦੀ ਨ ਨੀਰੁ ਵਹਾਇਦਾ॥੨॥”
ਇਹ ਅਜੋਕੇ ਵਿਗਿਆਨੀਆਂ ਵੱਲੋਂ ਸਮੁੱਚੇ ਬ੍ਰਹਿਮੰਡ ਦੀ ਉਤਪਤੀ ਨੂੰ ਜਾਣਨ ਲਈ ਬਿਗ-ਬੈਂਗ ਥਿਊਰੀ ਦਾ ਬਹੁਤ ਹੀ ਸਰਲ ਰੂਪ ਹੈ। ਇਸ ਸੰਸਾਰ ਦੀ ਸਿਰਜਣਾ ਤੋਂ ਪਹਿਲਾਂ ਇੱਥੇ ਸਾਰੇ ਪਾਸੇ ਹਨੇਰ ਛਾਇਆ ਹੋਇਆ ਸੀ ਅਤੇ ਬਿਗ ਬੈਂਗ ਰਾਹੀਂ ਹੀ ਸਮੁੱਚੇ ਬ੍ਰਹਿਮੰਡ, ਚੰਨ, ਤਾਰੇ, ਸੂਰਜ, ਧਰਤੀਆਂ ਅਤੇ ਅਕਾਸ਼ ਮੰਡਲ ਦੀ ਸਿਰਜਣਾ ਹੋਈ ਸੀ। ਇਸ ਸ਼ਬਦ ਨੂੰ ਸਮਝ ਕੇ ਵਿਗਿਆਨ ਦੀਆਂ ਬਹੁਤ ਸਾਰੀਆਂ ਪਰਤਾਂ ਉੱਘੜਦੀਆਂ ਹਨ।
ਮਹਾਨ ਮਨੋ-ਵਿਗਿਆਨੀ: ਗੁਰੂ ਨਾਨਕ ਦੇਵ ਜੀ ਬਹੁਤ ਵੱਡੇ ਮਨੋ-ਵਿਗਿਆਨੀ ਸਨ। ਉਨ੍ਹਾਂ ਵੱਲੋਂ ਜਪੁਜੀ ਸਾਹਿਬ ਦੀ 28ਵੀਂ ਪੌੜੀ ਵਿਚ ਉਚਾਰਿਆ ਸ਼ਬਦ
“ਮੁੰਦਾ ਸੰਤੋਖੁ ਸਰਮੁ ਪਤੁ ਝੋਲੀ ਧਿਆਨ ਕੀ ਕਰਹਿ ਬਿਭੂਤਿ।
ਖਿੰਥਾ ਕਾਲੁ ਕੁਆਰੀ ਕਾਇਆ ਜੁਗਤਿ ਡੰਡਾ ਪਰਤੀਤਿ।
ਆਈ ਪੰਥੀ ਸਗਮ ਜਮਾਤੀ ਮਨਿ ਜੀਤੈ ਜਗੁ ਜੀਤੁ।”
ਮਨੋ-ਵਿਗਿਆਨ ਦਾ ਮੂਲ ਸਿਧਾਂਤ ‘ਮਨਿ ਜੀਤੈ ਜਗੁ ਜੀਤੁ’ ਹੈ ਕਿਉਂਕਿ ਸਾਡੀਆਂ ਅੱਛਾਈਆਂ/ਬੁਰਾਈਆਂ ਜਾਂ ਚੰਗੇ/ਮਾੜੇ ਗੁਣ ਸਾਡੇ ਮਨ ਦੀ ਉਪਜ ਹਨ। ਅਸੀਂ ਆਪਣੇ ਮਨ ਨੂੰ ਕਿਸ ਪਾਸੇ ਲਾਉਣਾ, ਕਿਹੜੀ ਉਸਾਰੂ/ਢਾਹੂ ਬਿਰਤੀ ਨੂੰ ਸਮਰਪਿਤ ਹੋਣਾ ਜਾਂ ਸਕਾਰਾਤਮਿਕ ਜਾਂ ਨਕਾਰਾਤਮਿਕ ਹੋਣਾ, ਇਹ ਹੀ ਸਾਡੇ ਮਨ ਦੇ ਦਿਸ਼ਾ-ਨਿਰਦੇਸ਼ ਹੁੰਦੇ। ਸਾਡੀਆਂ ਕੋਸ਼ਿਸ਼ਾਂ ਤੇ ਯਤਨ ਉਸ ਦੀ ਪ੍ਰਾਪਤੀ ਵੱਲ ਸੇਧਤ ਹੋ ਜਾਂਦੇ। ਇਸ ਲਈ ਗੁਰੂ ਜੀ ਨੇ ਆਪਣੇ ਪੈਰੋਕਾਰਾਂ ਨੂੰ ਮਨ ਨੂੰ ਸਾਧਣ ਅਤੇ ਇਸ ਵਿਚੋਂ ਹੀ ਪਰਮ-ਸੁੱਖ ਦੀ ਪ੍ਰਾਪਤੀ ਦਾ ਰਾਹ ਦਿਖਾਇਆ।
ਜ਼ੁਲਮ ਖ਼ਿਲਾਫ਼ ਬੇਖ਼ੌਫ਼ ਅਵਾਜ਼ ਤੇ ਇਤਿਹਾਸਕਾਰ: ਗੁਰੂ ਜੀ ਨੇ ਆਪਣੀਆਂ ਅੱਖਾਂ ਸਾਹਵੇਂ ਬਾਬਰ ਦੇ ਹਮਲੇ ਦੌਰਾਨ ਹੋਏ ਜ਼ੁਲਮਾਂ ਦੀ ਦਾਸਤਾਨ ਨੂੰ ਬਾਬਰ ਬਾਣੀ ਵਿਚ ਚਿਤਰਿਆ ਹੀ ਨਹੀਂ ਸਗੋਂ ਇਸ ਵਿਰੁੱਧ ਅਵਾਜ਼ ਵੀ ਉਠਾਈ ਜਦ ਉਹ ਬਾਣੀ ਵਿਚ ਉਚਾਰਦੇ ਹਨ;
“ਪਾਪ ਕੀ ਜੰਞ ਲੈ ਕਾਬਲਹੁ ਧਾਇਆ ਜੋਰੀ ਮੰਗੈ ਦਾਨੁ ਵੇ ਲਾਲੋ।
ਸਰਮੁ ਧਰਮੁ ਦੁਇ ਛਪਿ ਖਲੋਏ ਕੂੜੁ ਫਿਰੈ ਪਰਧਾਨੁ ਵੇ ਲਾਲੋ।
…………………………………………………
ਬਾਬਰ ਦੀ ਫੌਜ ਨੂੰ ਪਾਪ ਦੀ ਜੰਞ ਕਹਿਣ ਦੀ ਜੁਰਅਤ ਕਰਨਾ ਅਤੇ ਉਸ ਦੀ ਕੈਦ ਵਿਚ ਵਿਰੋਧਤਾ ਦੀ ਬੁਲੰਦਗੀ ਨੂੰ ਕਾਇਮ ਰੱਖਣਾ, ਉਨ੍ਹਾਂ ਦੀ ਬੇਬਾਕੀ ਹੈ। ਇਸ ਦੇ ਨਾਲ ਇਸ ਹਮਲੇ ਵਿਚ ਹੋਏ ਕਤਲੇਆਮ ਦੀ ਤਸਵੀਰ, ਇਤਿਹਾਸਕ ਪੱਖ ਤੋਂ ਵੀ ਬੜੀ ਅਹਿਮ ਹੈ। ਆਮ ਲੋਕਾਈ ਵਿਚ ਸਹਿਮ, ਡਰ ਅਤੇ ਪੀੜਾ ਗੁਰਬਾਣੀ ਵਿਚ ਇੰਝ ਉੱਕਰਿਆ ਕਿ ਇਸ ਨੂੰ ਪੜ੍ਹ ਸੁਣ ਕੇ ਅੱਖੀਂ ਨੀਰ ਵਗਣ ਲੱਗਦਾ ਹੈ।
ਬਾਬਾ ਜੀ ਸਿਰਜਣਹਾਰੇ ਨੂੰ ਵੀ ਉਲਾਂਭਾ ਦਿੰਦਿਆਂ ਉਚਾਰਦੇ ਹਨ;
“ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨੁ ਡਰਾਇਆ।
ਆਪੈ ਦੋਸੁ ਨ ਦੇਈ ਕਰਤਾ ਜਮੁ ਕਰਿ ਮੁਗਲੁ ਚੜਾਇਆ।
ਏਤੀ ਮਾਰ ਪਈ ਕੁਰਲਾਣੇ ਤੈਂ ਕੀ ਦਰਦੁ ਨ ਆਇਆ।”
ਆਪਣੇ ਕਰਤੇ ਨਾਲ ਸ਼ਿਕਵਾ ਕਰਨ ਦੀ ਦਲੇਰੀ ਸਿਰਫ਼ ਬਾਬੇ ਨਾਨਕ ਜੀ ਕੋਲ ਹੀ ਸੀ। ਕੀ ਅਜੋਕੇ ਕਿਸੇ ਧਾਰਮਿਕ ਆਗੂ ਕੋਲ ਇੰਨੀ ਜੁਰਅਤ ਹੈ ਕਿ ਉਹ ਆਪਣੇ ਆਕਾ ਸਾਹਵੇਂ ਇੰਝ ਨਿਝੱਕ ਕੁਝ ਕਹਿ ਸਕੇ?
ਤਰਕਵਾਦੀ: ਗੁਰੂ ਜੀ ਬਹੁਤ ਵੱਡੇ ਤਰਕਵਾਦੀ ਸਨ। ਉਹ ਜਦ ਵੀ ਕਿਸੇ ਹੋਰ ਧਰਮ ਦੇ ਆਗੂ, ਪੀਰ, ਪੰਡਤ, ਫ਼ਕੀਰ ਜਾਂ ਧਾਰਮਿਕ ਹਸਤੀ ਨੂੰ ਮਿਲਦੇ ਤਾਂ ਬਾਦਲੀਲ ਆਪਣੇ ਵਿਚਾਰ ਨੂੰ ਸਹੀ ਸਾਬਤ ਕਰਕੇ ਸਿੱਖੀ ਸਿਧਾਂਤਾਂ ਦੀ ਪ੍ਰੋੜ੍ਹਤਾ ਕਰਦੇ। ਭਾਵੇਂ ਇਹ ਬਗ਼ਦਾਦ ਵਿਚ ਮੁਸਲਮਾਨ ਪੀਰ ਦਸਤਗੀਰ ਨਾਲ ਹੋਇਆ ਵਿਚਾਰ-ਵਟਾਂਦਰਾ ਹੋਵੇ, ਜੋਗੀਆਂ ਨਾਲ ਰਚਾਈ ਸਿੱਧ-ਗੋਸ਼ਟਿ ਹੋਵੇ, ਅਸਾਮ, ਸ਼੍ਰੀ ਲੰਕਾ ਜਾਂ ਦੂਰ-ਦੁਰਾਡੇ ਇਲਾਕਿਆਂ ਵਿਚ ਉਦਾਸੀਆਂ ਦੌਰਾਨ ਰਚਾਇਆ ਸੰਵਾਦ ਹੋਵੇ, ਉਨ੍ਹਾਂ ਨੇ ਤਰਕਵਾਦੀ ਸੋਚ ਦਾ ਪੱਲਾ ਕਦੇ ਨਹੀਂ ਛੱਡਿਆ। ਤਾਂ ਹੀ ਉਹ ਆਪਣੀ ਵਿਚਾਰਧਾਰਾ ਨੂੰ ਸਰਬ ਦਿਸ਼ਾਵਾਂ ਵਿਚ ਵੱਸਦੀ ਲੋਕਾਈ ਤੀਕ ਪਹੁੰਚਾਣ ਵਿਚ ਕਾਮਯਾਬ ਰਹੇ। ਸਾਨੂੰ ਸੋਚਣ ਦੀ ਲੋੜ ਹੈ ਕਿ ਕੀ ਅਜੋਕੇ ਸਿੱਖ ਧਾਰਮਿਕ ਆਗੂ ਜਾਂ ਡੇਰੇਦਾਰ ਤਰਕਵਾਦੀ ਹਨ?
ਸੁਚੇਤ ਜਾਣਕਾਰ: ਗੁਰੂ ਜੀ ਉਦਾਸੀਆਂ ਦੌਰਾਨ ਸਾਰੇ ਖ਼ਿੱਤਿਆਂ ਦੇ ਲੋਕਾਂ ਬਾਰੇ ਕਮਾਲ ਦੀ ਜਾਣਕਾਰੀ ਰੱਖਦੇ ਸਨ। ਉਨ੍ਹਾਂ ਦਾ ਸਦਭਾਵਨਾ ਨਾਲ ਵਿਚਰਨਾ, ਉਨ੍ਹਾਂ ਦੇ ਰਸਮੋ ਰਿਵਾਜ਼ਾਂ ਦੀ ਕਦਰ ਕਰਨਾ ਅਤੇ ਉਨ੍ਹਾਂ ਦੇ ਲਹਿਜ਼ੇ ਤੇ ਬੋਲੀ ਵਿਚ ਸਿੱਖੀ ਸਿਧਾਂਤਾਂ ਤੇ ਅਸੂਲਾਂ ਬਾਰੇ ਪ੍ਰਵਚਨ ਦੇਣੇ। ਮਨੁੱਖੀ ਜੀਵਨ ਦੀ ਅਹਿਮੀਅਤ ਅਤੇ ਇਸ ਨੂੰ ਹੋਰ ਸੁਚਾਰੂ ਅਤੇ ਮੁਲਤਾਨ ਬਣਾਉਣ ਲਈ ਪੈਦਾ ਹੋਏ ਵਿਗਾੜਾਂ ਨੂੰ ਦੂਰ ਕਰਨ ਲਈ ਸਿੱਖਿਆ ਦੇਣ ਦਾ ਇਹ ਅਲੋਕਾਰੀ ਤਰੀਕਾ, ਉਨ੍ਹਾਂ ਦੀ ਦਿੱਬ-ਦ੍ਰਿਸ਼ਟੀ ਦਾ ਮਾਣ ਸੀ। ਸਭ ਤੋਂ ਅਹਿਮ ਇਹ ਗੱਲ ਸੀ ਕਿ ਉਨ੍ਹਾਂ ਦੀਆਂ ਉਦਾਸੀਆਂ ਦੌਰਾਨ ਕੋਈ ਵਿਰੋਧ ਨਹੀਂ ਹੋਇਆ ਕਿਉਂਕਿ ਉਹ ਕਿਸੇ ਧਰਮ ਬਾਰੇ ਕੋਈ ਟਿੱਪਣੀ ਕਰਨ ਦੀ ਬਜਾਏ ਆਮ ਜੀਵਨ ਜਿਊਂਦਿਆਂ ਧਾਰਮਿਕ ਰੰਗ ਵਿਚ ਰੰਗੇ ਜਾਣ ਲਈ ਹੀ ਪ੍ਰੇਰਤ ਕਰਦੇ ਸਨ ਜਿਸ ਦਾ ਹਾਂ-ਮੁਖੀ ਹੁੰਗਾਰਾ ਉਨ੍ਹਾਂ ਦਾ ਸਭ ਤੋਂ ਵੱਡਾ ਹਾਸਲ ਹੁੰਦਾ ਸੀ। ਅਸੀਂ ਤਾਂ ਸਿੱਖੀ ਨੂੰ ਬਾਹਰ ਤਾਂ ਕੀ ਪ੍ਰਚਾਰਨਾ ਸੀ, ਸਗੋਂ ਪੰਜਾਬ ਵਿਚ ਵੀ ਸਿੱਖੀ ਸੁੰਗੜਦੀ ਜਾ ਰਹੀ ਹੈ। ਅਸੀਂ ਤਾਂ ਬਦਲਦੇ ਹਾਲਤਾਂ ਅਤੇ ਬਦਲ ਰਹੀ ਜੀਵਨ ਜਾਚ ਅਨੁਸਾਰ ਸਿੱਖੀ ਦਾ ਪ੍ਰਚਾਰ ਕਰਨ ਵਿਚ ਅਸਫਲ ਹੋਏ ਹਾਂ।
ਸੰਗੀਤ ਪ੍ਰੇਮੀ: ਗੁਰੂ ਜੀ ਬਚਪਨ ਦੇ ਸਾਥੀ ਰਬਾਬੀ ਮਰਦਾਨੇ ਨੂੰ ਆਪਣੀਆਂ ਉਦਾਸੀਆਂ ਦੌਰਾਨ ਨਾਲ ਲੈ ਕੇ ਗਏ। ਰਬਾਬ ਨਾਲ ਗੁਰਬਾਣੀ ਦਾ ਕੀਰਤਨ ਸੁਣਨ ਵਾਲਿਆਂ ਨੂੰ ਮੰਤਰ ਮੁਗਧ ਕਰਦਾ ਸੀ, ਕਿਉਂਕਿ ਗੁਰੂ ਜੀ ਇਹ ਜਾਣਦੇ ਸਨ ਕਿ ਮਨੁੱਖ ਨੂੰ ਸੰਗੀਤ ਰਾਹੀਂ ਕਿਸੇ ਧਾਰਨਾ ਨਾਲ ਜੋੜਨਾ ਬਹੁਤ ਅਸਾਨ ਹੁੰਦਾ। ਸੰਗੀਤ ਤਾਂ ਰੂਹ ਦੀ ਖ਼ੁਰਾਕ ਹੁੰਦਾ ਅਤੇ ਰੂਹ ਵਿਚ ਉੱਤਰੇ ਨਾਦੀ ਪ੍ਰਵਚਨ ਸੁਣਨ ਵਾਲੇ ਦੀ ਜੀਵਨ ਜਾਚ ਦਾ ਅਨਿੱਖੜਵਾਂ ਅੰਗ ਬਣ ਜਾਂਦੇ ਹਨ। ਗੁਰਬਾਣੀ ਦੀ ਕਾਵਿਕ ਅਤੇ ਸੰਗੀਤਕ ਰੰਗਤ ਉਨ੍ਹਾਂ ਦੇ ਸੰਗੀਤ ਪ੍ਰੇਮੀ ਹੋਣ ਦੀ ਗਵਾਹੀ ਭਰਦੀ ਹੈ। ਵੈਸੇ ਵੀ ਮੌਖਿਕ ਪ੍ਰਵਚਨ ਹੀ ਪ੍ਰਚਾਰ ਦਾ ਮੁੱਖ ਰੂਪ ਸਨ ਕਿਉਂਕਿ ਉਸ ਸਮੇਂ ਲਿਖਤੀ ਵੀ ਕੁਝ ਨਹੀਂ ਸੀ।
ਸਿਧਾਂਤਾਂ ਦੇ ਪਹਿਰੇਦਾਰ: ਗੁਰੂ ਜੀ ਨੇ ਜੀਵਨੀ ਸਿਧਾਂਤਾਂ ਨੂੰ ਪ੍ਰਚਾਰਿਆ ਅਤੇ ਸਮੁੱਚੀ ਮਨੁੱਖਤਾ ਨੂੰ ਗੁਰਬਾਣੀ ਦੇ ਲੜ ਲਾ ਕੇ ਉਨ੍ਹਾਂ ਦੇ ਜੀਵਨ ਵਿਚ ਮਾਰਮਿਕ ਤਬਦੀਲੀਆਂ ਲਿਆਂਦੀਆਂ। ਉਨ੍ਹਾਂ ਨੇ ਸਿੱਖੀ ਦੇ ਮੂਲ ਸਿਧਾਂਤ “ਕਿਰਤ ਕਰੋ, ਵੰਡ ਕੇ ਛਕੋ ਅਤੇ ਨਾਮ ਜਪੋ’ ‘ਤੇ ਖ਼ੁਦ ਪਹਿਰਾ ਦਿੱਤਾ। ਉਨ੍ਹਾਂ ਲਈ ਸਭ ਤੋਂ ਪ੍ਰਮੁੱਖ ਸੀ ਸਿੱਖੀ ਸਿਧਾਂਤਾਂ ਦੀ ਪਰਪੱਕਤਾ। ਉਨ੍ਹਾਂ ਦੇ ਪੁੱਤਰ ਸ੍ਰੀ ਚੰਦ ਅਤੇ ਲਖਮੀ ਦਾਸ ਧਾਰਮਿਕ ਬਿਰਤੀ ਵਾਲੇ ਸਨ ਪਰ ਉਹ ਉਦਾਸੀ ਸੰਪਰਦਾਇ ਦੇ ਹਾਮੀ ਸਨ ਜੋ ਸਿੱਖੀ ਸਿਧਾਂਤਾਂ ਦੇ ਅਨੁਕੂਲ ਨਹੀਂ ਸੀ। ਇਸ ਲਈ ਉਨ੍ਹਾਂ ਨੇ ਸਿੱਖੀ ਸਿਧਾਂਤਾਂ ਨੂੰ ਤਰਜੀਹ ਦਿੰਦਿਆਂ, ਗੁਰਗੱਦੀ ਭਾਈ ਲਹਿਣਾ ਜੀ ਨੂੰ ਸੌਂਪੀ। ਭਾਵੇਂ ਕਿ ਗੁਰੂ ਅਮਰ ਦਾਸ ਜੀ ਦੇ ਬਾਅਦ ਗੁਰਗੱਦੀ ਪਰਿਵਾਰ ਤੀਕ ਹੀ ਸੀਮਤ ਰਹੀ। ਇਹ ਕੇਹਾ ਵਿਰੋਧਾਭਾਸ ਹੈ ਕਿ ਅਜੋਕੇ ਡੇਰੇਦਾਰ ਆਪਣੇ ਪੈਰੋਕਾਰਾਂ ਨੂੰ ਸਿੱਖਿਆ ਤਾਂ ਸਿੱਖੀ ਸਿਧਾਂਤਾਂ ਦੀ ਦਿੰਦੇ ਹਨ ਪਰ ਆਪਣੀਆਂ ਗੱਦੀਆਂ ਨੂੰ ਸਿਰਫ਼ ਆਪਣੇ ਪਰਿਵਾਰ ਤੀਕ ਹੀ ਸੀਮਤ ਰੱਖਦੇ ਹਨ। ਜ਼ਿਆਦਾਤਰ ਰਾਜਸੀ ਤੇ ਧਾਰਮਿਕ ਆਗੂ ਵੀ ਪਰਿਵਾਰਵਾਦ ਤੋਂ ਉੱਪਰ ਉੱਠ ਨਹੀਂ ਸਕੇ ਭਾਵੇਂ ਕਿ ਉਹ ਖ਼ੁਦ ਨੂੰ ਸਿੱਖ ਹੋਣ ਦਾ ਅਡੰਬਰ ਰਚਦੇ ਹਨ।
ਆਮ-ਖ਼ਾਸ ਤੋਂ ਨਿਰਲੇਪ: ਗੁਰੂ ਜੀ ਨੇ ਆਪਣੀਆਂ ਉਦਾਸੀਆਂ ਤੋਂ ਬਾਅਦ ਅੰਦਾਜ਼ਨ ਪੰਦਰਾਂ ਕੁ ਸਾਲ ਕਰਤਾਰਪੁਰ ਵਿਖੇ ਖੇਤੀ ਕਰਦਿਆਂ ਸਿੱਖ ਧਰਮ ਦਾ ਪ੍ਰਚਾਰ ਕੀਤਾ। ਉਨ੍ਹਾਂ ਨੇ ਇਹ ਦਰਸਾ ਦਿੱਤਾ ਕਿ ਕਿਰਤ ਕਰਦਿਆਂ ਧਰਮ ਕਮਾਇਆ ਜਾ ਸਕਦਾ ਹੈ। ਉਹ ਆਪਣੇ ਸ਼ਰਧਾਲੂਆਂ ਲਈ ਖ਼ਾਸਮ ਖ਼ਾਸ ਸਨ ਪਰ ਉਹ ਕਦੇ ਵੀ ਖ਼ਾਸ ਨਹੀਂ ਬਣੇ ਸਗੋਂ ਆਮ ਵਿਅਕਤੀ ਵਾਂਗ ਵਿਚਰਦੇ ਅਤੇ ਆਪਣੇ ਪੈਰੋਕਾਰਾਂ ਨੂੰ ਸਿੱਖਿਆਵਾਂ ਦਿੰਦੇ। ਕਿਰਤ ਦੀ ਮਹਾਨਤਾ ਦਾ ਜਾਗ ਉਨ੍ਹਾਂ ਦੀ ਚੇਤਨਾ ਵਿਚ ਅਚੇਤ ਰੂਪ ਵਿਚ ਲਾਉਂਦੇ ਰਹੇ। ਉਨ੍ਹਾਂ ਦੀ ਮਕਬੂਲੀਅਤ ਦਾ ਇਹ ਕੇਹਾ ਆਲਮ ਸੀ ਕਿ ਉਹ ਮੁਸਲਮਾਨਾਂ ਲਈ ਵੱਡੇ ਪੀਰ ਅਤੇ ਹਿੰਦੂਆਂ ਤੇ ਸਿੱਖਾਂ ਦੇ ਗੁਰੂ ਸਨ ਤਾਂ ਹੀ ਉਨ੍ਹਾਂ ਦਾ ਅੰਤਿਮ ਸਸਕਾਰ ਕਰਤਾਰਪੁਰ ਵਿਖੇ ਮੁਸਲਮਾਨ ਪਰੰਪਰਾ ਅਤੇ ਹਿੰਦੂ ਰੀਤ ਅਨੁਸਾਰ ਕੀਤਾ ਗਿਆ। ਇਹ ਦੋਵੇਂ ਅਸਥਾਨ ਬਿਲਕੁਲ ਨਾਲ ਨਾਲ ਸੁਸ਼ੋਭਿਤ ਹਨ ਤੇ ਭਾਈਚਾਰਕ ਸਾਂਝ ਦਾ ਸਭ ਤੋਂ ਵੱਡਾ ਪ੍ਰਤੀਕ ਹਨ। ਇਸ ਅਸਥਾਨ ਪ੍ਰਤੀ ਹਰ ਮੁਸਲਮਾਨ, ਹਿੰਦੂ ਅਤੇ ਸਿੱਖ ਦੀ ਸ਼ਰਧਾ ਬਾਕਮਾਲ ਹੈ।
ਪਰ ਕੀ ਅਜੋਕੇ ਡੇਰੇਦਾਰਾਂ ਜਾਂ ਸਿੱਖ ਧਾਰਮਿਕ ਆਗੂਆਂ ਤੋਂ ਆਸ ਕੀਤੀ ਜਾ ਸਕਦੀ ਹੈ ਕਿ ਉਹ ਆਮ ਵਿਅਕਤੀ ਵਾਂਗ ਵਿਚਰਨ। ਮਹਿਲ-ਨੁਮਾ ਘਰਾਂ ਵਿਚ ਰਹਿੰਦੇ ਅਤੇ ਵੱਡੀਆਂ ਗੱਡੀਆਂ ਤੇ ਜਹਾਜ਼ਾਂ ਵਿਚ ਸਫ਼ਰ ਕਰਦੇ ਨੇ। ਆਪਣੇ ਹਰ ਧਾਰਮਿਕ ਇਕੱਠ ਦੀ ਕੀਮਤ ਵਸੂਲਣ ਵਾਲੇ ਇਹ ਡੇਰੇਦਾਰ ਤਾਂ ਗੁਰੂ ਜੀ ਦਾ ਨਾਮ ਵੇਚ ਕੇ ਕਮਾਈਆਂ ਕਰ ਰਹੇ ਹਨ। ਸ਼ਾਇਦ ਇਸ ਕਰਕੇ ਅਜੋਕੇ ਸਮੇਂ ਵਿਚ ਡੇਰੇ ਤਾਂ ਵਧ ਰਹੇ ਹਨ, ਪ੍ਰਚਾਰਕ ਵੀ ਲੋੜ ਤੋਂ ਜ਼ਿਆਦਾ ਹੋ ਗਏ ਹਨ ਪਰ ਸਿੱਖੀ ਦਾ ਨਿਘਾਰ ਹੋ ਰਿਹਾ ਹੈ। ਜਦ ਕੋਈ ਪ੍ਰਚਾਰਕ ਨਿਰਾ ਦਿਖਾਵੇ ਤੀਕ ਸੀਮਤ ਹੋ ਜਾਵੇ ਤਾਂ ਲੋਕਾਂ ਦਾ ਸਿੱਖੀ ਤੋਂ ਉਪਰਾਮ ਹੋਣਾ ਅਵੱਸ਼ ਹੁੰਦਾ ਅਤੇ ਅਜੇਹਾ ਹੀ ਸਿੱਖ ਧਰਮ ਵਿਚ ਹੋ ਰਿਹਾ ਹੈ।
ਕਈ ਵਾਰ ਮੈਂ ਸੋਚਦਾਂ :
ਬਾਬਾ ਜੀ ਦੱਸਿਓ!
ਤੁਹਾਨੂੰ ਕੋਈ ਸੱਚਾ ਸਿੱਖ ਨਜ਼ਰ ਆਉਂਦਾ ਏ?
ਤੁਹਾਡੀ ਸ਼ਬਦ ਜੋਤ
ਕੀਮਤੀ ਰੁਮਾਲਿਆਂ ‘ਚ ਦੁੱਬਕੀ
ਲੈ ਰਹੀ ਏ ਔਖੇ ਸਾਹ
ਕੋਈ ਨਹੀਂ ਸੁਣਦਾ ਉਸ ਦੀ ਆਹ

ਕਿਉਂਕਿ ਉਹਦਾ ਸੱਚ
ਮਸੰਦਾਂ ਨੂੰ ਰਿਹਾ ਏ ਡਰਾਅ।
ਭਾਈ ਲਾਲੋ ਦੀ ਕੋਠੜੀ
ਸੰਗਮਰਮਰ ‘ਚ ਲਪੇਟੀ
ਤੁਹਾਡੀ ਛੋਹ ਨੂੰ ਕਿੰਝ ਸੰਭਾਲੇ
ਲਾਲੋ ਸੰਗ ਬੋਲਾਂ ਦੇ ਚਿਰਾਗ਼ ਕਿਵੇਂ ਬਾਲ਼ੇ
ਤਾਂ ਕਿ ਆਲੇ-ਦੁਆਲੇ ਛਾਏ
ਛੱਟ ਜਾਣ ਇਹ ਬੱਦਲ ਕਾਲੇ।

ਬਾਬਾ ਜੀ
ਤੁਹਾਡੀ ਆਰਤੀ
ਘੰਟੀਆਂ ਅਤੇ ਟੱਲਾਂ ਦੇ ਸ਼ੋਰ ‘ਚ ਗਵਾਚੀ
ਭਾਲਦੀ ਏ ਆਪਣੀ ਹਯਾਤੀ
ਜੋ ਜਗਾਉਂਦੀ ਸੀ ਤਾਰੇ ਰਾਤੀਂ
ਤੇ ਮਨਾਂ ਦੇ ਵਿਹੜਿਆਂ ‘ਚ
ਕਿਰਨਾਂ ਦੀ ਕਿਣ-ਮਿਣ ਹੁੰਦੀ ਸੀ ਪ੍ਰਭਾਤੀ।

ਬਾਬਾ ਜੀ
ਤੁਸਾਂ ਤਾਂ ਗੋਸ਼ਟਿ ਪਰੰਪਰਾ ਨਾਲ
ਤਰਕ ਤੇ ਦਲੀਲ ਦਾ ਜਾਗ ਸੀ ਲਾਇਆ
ਪਰ ਅਜੋਕੇ ਸਾਧਾਂ ਕੇਹਾ ਜੱਗ ਭਰਮਾਇਆ
ਕਿ ਸ਼ਬਦ ਦਾ ਸੱਚ
ਭਰਮ-ਭੁਲੇਖਿਆਂ ਦੀ ਕਬਰੀਂ ਦਫ਼ਨਾਇਆ।

ਨਾਨਕ ਜੀ
ਤੁਸਾਂ ਲੋਕਾਈ ਦੇ ਮੱਥੇ ‘ਚ ਲੋਅ ਧਰਨ ਲਈ
ਕਰਤਾਰਪੁਰ ਦੇ ਖੇਤੀਂ ਪਾਣੀ ਲਾਇਆ
ਮੂੜ੍ਹ ਮਨਾਂ ਨੂੰ ਬਹੁਤ ਸਮਝਾਇਆ
ਪਰ ਪਾਪੀਆਂ ਦੇ ਪਾਪ ਢੋਂਦੀ ਗੰਗਾ ਨੇ
ਦੇਖ ਲੈ ਆਪਣਾ ਹੀ ਵਜੂਦ ਗਵਾਇਆ।

ਬਾਬਾ ਜੀ
ਜੇ ਤੁਹਾਡੀ ਸ਼ਬਦ-ਜੋਤ ਨੂੰ
ਤੁਹਾਡੇ ਆਪਣਿਆਂ ਹੀ ਬੁਝਾਉਣਾ ਸੀ
ਤਾਂ ਤੁਸੀਂ ਕਾਹਤੋਂ ਆਉਣਾ ਸੀ??
ਸੋ ਲੋੜ ਹੈ ਗੁਰੂ ਜੀ ਨੂੰ ਅਧਿਆਤਮਕ ਗੁਰੂ ਦੇ ਨਾਲ-ਨਾਲ, ਉਨ੍ਹਾਂ ਵਲੋਂ ਗੁਰਬਾਣੀ ਵਿਚ ਉਚਾਰੀਆਂ ਵਿਲੱਖਣਤਾਵਾਂ ਨੂੰ ਆਪਣੇ ਜੀਵਨ ਵਿਚ ਅਪਣਾਈਏ ਤਾਂ ਕਿ ਅਸੀਂ ਸੱਚੇ-ਸੁੱਚੇ ਸਿੱਖ ਬਣ ਕੇ ਇਨਸਾਨੀਅਤ ਦਾ ਮਾਰਗੀ ਬਣ ਸਕੀਏ।