ਮੂਲ ਡਾ. ਰਣਜੀਤ ਸਿੰਘ
ਅਨੁਵਾਦ: ਹਰਪਾਲ ਸਿੰਘ ਪੰਨੂ
ਮੋਦੀਖਾਨਾ ਫਾਰਸੀ ਬੋਲੀ ਦਾ ਸ਼ਬਦ ਹੈ ਜਿਸਦਾ ਅਰਥ ਹੈ ਰਾਜ ਵਿਚ ਪੈਦਾ ਕੀਤੀਆਂ ਰਸਦਾਂ ਨੂੰ ਵਾਜਬ ਮੁੱਲ ’ਤੇ ਜ਼ਰੂਰਤ ਅਨੁਸਾਰ ਆਮ ਲੋਕਾਂ ਤਕ ਪੁਚਾਉਣਾ।
1332 ਈਸਵੀ ਵਿਚ ਪੰਜਾਬ ਦੇ ਸੂਬੇਦਾਰ ਮੁਹੰਮਦ ਖਾਨ ਦੇ ਬੇਟੇ ਸੁਲਤਾਨ ਖਾਨ ਨੇ ਆਪਣੇ ਨਾਮ ਉਪਰ ਸੁਲਤਾਨਪੁਰ ਵਸਾਇਆ। ਦਿੱਲੀ ਦੇ ਬਾਦਸ਼ਾਹ ਇਬਰਾਹਿਮ ਲੋਧੀ ਨੇ ਦੌਲਤ ਖਾਨ ਨੂੰ ਪੰਜਾਬ ਦਾ ਸੂਬੇਦਾਰ ਥਾਪਿਆ।
ਅਕਬਰਨਾਮਾ ਅਨੁਸਾਰ ਦਿੱਲੀ ਤੋਂ ਲਾਹੌਰ ਜਾਣ ਦਾ ਸ਼ਾਹਰਾਹ ਸੁਲਤਾਨਪੁਰ ਕੋਲੋਂ ਦੀ ਲੰਘਿਆ ਕਰਦਾ ਸੀ। ਸੁਲਤਾਨਪੁਰ ਵਪਾਰ ਦਾ ਬਹੁਤ ਵੱਡਾ ਕੇਂਦਰ ਹੁੰਦਾ ਸੀ। ਇਸ ਸ਼ਹਿਰ ਵਿਚ 32 ਬਾਜ਼ਾਰ ਅਤੇ ਪੰਜ ਹਜ਼ਾਰ ਦੁਕਾਨਾਂ ਸਨ। ਪ੍ਰਮੁੱਖ ਸਰਾਫਾ ਬਾਜ਼ਾਰ, ਪਸਾਰਖਾਨਾ, ਅਦਿਲੰਬੀਆ, ਫਰੋਸ਼ਾ ਬਾਜ਼ਾਰ ਆਦਿਕ ਸਨ। ਫਰੋਸ਼ਾ ਬਾਜ਼ਾਰ ਦੇਸੀ ਦਵਾਈਆਂ ਦੇ ਵਪਾਰ ਦਾ ਭਾਰੀ ਕੇਂਦਰ ਸੀ। ਖੁਸ਼ਰੋਮੀ ਹਲਵਾਈਆਂ ਦਾ ਬਾਜ਼ਾਰ, ਇਬ੍ਰੇਸ਼ਨ, ਬਜਾਜਾਂ ਦਾ ਬਾਜ਼ਾਰ ਸੀ, ਜਿੱਥੇ ਕੱਪੜੇ ਦਾ ਵਪਾਰ ਹੁੰਦਾ ਸੀ। ਇਸ ਤਰ੍ਹਾਂ ਅਨੇਕ ਕਾਰੋਬਾਰਾਂ ਦੀਆਂ ਮੰਡੀਆਂ ਸਨ।
ਉਸ ਵਕਤ ਦੀਆਂ ਕੀਮਤਾਂ ਦਾ ਅੰਦਾਜ਼ਾ ਕੁਝ ਕੁ ਜਿਣਸਾਂ ਤੋਂ ਲੱਗ ਜਾਵੇਗਾ। ਕਣਕ ਅੱਠ ਆਨੇ ਦੀ ਮਣ (40 ਸੇਰ), ਚੌਲ ਦਸ ਆਨੇ ਮਣ, ਘਿਉ ਸਾਢੇ ਤਿੰਨ ਰੁਪਏ ਮਣ ਹੁੰਦਾ ਸੀ। ਵਧੀਆ ਕਿਸਮ ਦਾ ਸੂਤੀ ਕੱਪੜਾ ਤਿੰਨ ਰੁਪਏ ਦਾ 30 ਗਜ਼ ਮਿਲਦਾ ਸੀ। ਉਸ ਵੇਲੇ ਦੇ ਪੰਜਾਬ ਵਿਚ ਚੱਲਦੀ ਕਰੰਸੀ ਦਾ ਨਾਮ ਬਹਿਲੋਲੀ ਦੀਨਾਰ ਸੀ।
ਇਸ ਵਪਾਰਕ ਕੇਂਦਰ ਵਿਚ ਨਵਾਬ ਦੌਲਤ ਖਾਨ ਦਾ ਮੋਦੀਖਾਨਾ ਮੌਜੂਦ ਸੀ। ਇਸ ਮੋਦੀਖਾਨੇ ਵਿਚ ਖੇਤੀ ਉਤਪਾਦਾਂ ਦੀ ਖਰੀਦ-ਵੇਚ ਹੁੰਦੀ ਸੀ। ਟੈਕਸਾਂ ਦੀ ਉਗਰਾਹੀ ਅਤੇ ਮੁਲਾਜ਼ਮਾਂ ਨੂੰ ਤਨਖਾਹਾਂ ਜਿਣਸਾਂ ਦੇ ਰੂਪ ਵਿਚ ਲਈਆਂ ਦਿੱਤੀਆਂ ਜਾਂਦੀਆਂ ਸਨ। ਅੱਜ ਦੇ ਮੁਹਾਵਰੇ ਵਿਚ ਇਸਨੂੰ ਸਟੇਟ ਦਾ ਫੂਡ ਐਂਡ ਸਪਲਾਈ ਵਿਭਾਗ ਕਹਾਂਗੇ।
ਬੇਬੇ ਨਾਨਕੀ ਜੀ ਦੇ ਪਤੀ ਭਾਈਆ ਜੈ ਰਾਮ ਜੀ ਨਵਾਬ ਦੇ ਦੀਵਾਨ, ਯਾਨੀ ਕਿ ਮਾਲ ਅਫਸਰ ਵਜੋਂ ਤੈਨਾਤ ਸਨ। ਨਵਾਬ ਦੌਲਤ ਖਾਨ ਨੇ ਭਾਈ ਜੈ ਰਾਮ ਜੀ ਨੂੰ ਮੋਦੀਖਾਨੇ ਦਾ ਵਾਜਬ ਪ੍ਰਬੰਧਕ ਲੱਭਣ ਦੀ ਜ਼ਿੰਮੇਵਾਰੀ ਸੌਂਪੀ। ਇਸ ਫਰਜ਼ ਦੀ ਪੂਰਤੀ ਹਿਤ ਉਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਦੇ ਨਾਮ ਦੀ ਸਿਫਾਰਿਸ਼ ਕੀਤੀ। ਨਵਾਬ ਨੇ ਮਹਾਰਾਜ ਦੀ ਇੰਟਰਵਿਊ ਲਈ।
ਪੁੱਛਿਆ- ਕਿੰਨੀ ਤਾਲੀਮ ਹਾਸਲ ਕੀਤੀ ?
ਗੁਰੂ ਸਾਹਿਬ ਨੇ ਦੱਸਿਆ – ਜੀ ਤੋਰਕੀ ਜਾਣਦਾ ਹਾਂ, ਹਿੰਦਕੀ ਜਾਣਦਾ ਹਾਂ, ਵਹੀਖਾਤੇ ਦਾ ਪੂਰਾ ਗਿਆਨ ਹੈ। ਯਾਨੀ ਕਿ ਫਾਰਸੀ, ਹਿੰਦੀ ਅਤੇ ਲੇਖਾ-ਜੋਖਾ, ਅਕਾਊਂਟੈਂਸੀ। ਗੁਰੂ ਜੀ ਨੂੰ ਮੋਦੀ, ਮੁੱਖ ਪ੍ਰਬੰਧਕ ਥਾਪ ਦਿੱਤਾ। ਜਿੰਨੀ ਦੇਰ ਕਾਰਜਰਤ ਰਹੇ ਗੁਰੂ ਸਾਹਿਬ ਨੇ ਉਤਮ ਪ੍ਰਬੰਧ ਕੀਤਾ। ਫਾਲਤੂ ਖਰਚਿਆਂ ਉਪਰ ਰੋਕ ਲਗਾ ਦਿੱਤੀ। ਕੁਝ ਘਰਾਂ ਵਿਚ ਮੁਫਤ ਜਾਂਦਾ ਰਾਸ਼ਨ ਬੰਦ ਕਰ ਦਿੱਤਾ। ਫਾਲਤੂ ਸਿਪਾਹੀ ਦਿੱਲੀ ਭੇਜ ਦਿੱਤੇ। ਮੋਦੀਖਾਨਾ ਮੁਨਾਫੇ ਵਿਚ ਜਾਣ ਲੱਗਾ। ਭਾਈ ਮਿਹਰਬਾਨ ਵਾਲੀ ਜਨਮ ਸਾਖੀ ਵਿਚ ਲਿਖਿਆ ਹੈ ਕਿ ਗੁਰੂ ਸਾਹਿਬ ਤੋਂ ਪਹਿਲੇ ਅਧਿਕਾਰੀ ਦਸ ਫੀਸਦੀ ਹਿੱਸਾ ਕੱਟ ਕੇ ਰਾਸ਼ਨ ਦਿਆ ਕਰਦੇ ਸਨ ਜਿਸ ਨਾਲ ਜਨਤਾ ਨਾਰਾਜ਼ ਸੀ। ਮੋਦੀਖਾਨੇ ਦਾ ਲੇਖਾਕਾਰ ਮੁਨੀਮ ਭਵਾਨੀਦਾਸ ਸੀ। ਗੁਰੂ ਜੀ ਉਸ ਪਾਸ ਸਾਰਾ ਹਿਸਾਬ ਲਿਖਵਾਉਂਦੇ ਰਹਿੰਦੇ। ਗਰੀਬਾਂ ਲੋੜਵੰਦਾਂ ਨੂੰ ਜਿਹੜਾ ਰਾਸ਼ਨ ਮੁਫਤ ਦੇ ਦਿੰਦੇ ਉਹ ਉਨ੍ਹਾਂ ਦੀ ਆਪਣੀ ਨਿਸ਼ਚਿਤ ਤਨਖਾਹ ਵਿਚੋਂ ਹਿੱਸਾ ਹੋਇਆ ਕਰਦਾ। ਗੁਰੂ ਸਾਹਿਬ ਦਾ ਜਸ ਹੋਣਾ ਹੀ ਸੀ। ਭ੍ਰਿਸ਼ਟ ਅਫਸਰਾਂ ਦੀ ਕਮਾਈ ਬੰਦ ਹੋ ਗਈ ਤਦ ਉਹਨਾਂ ਦੀ ਨਾਰਾਜ਼ਗੀ ਹੋਣੀ ਕੁਦਰਤੀ ਸੀ। ਜਾਦੂਰਾਇ ਨੇ ਗੁਰੂ ਜੀ ਦੀ ਸ਼ਿਕਾਇਤ ਨਵਾਬ ਕੋਲ ਕੀਤੀ ਕਿ ਨਾਨਕ ਮੋਦੀਖਾਨਾ ਉਜਾੜ ਰਿਹਾ ਹੈ। ਨਵਾਬ ਨੇ ਲੇਖੇ ਦੀ ਪੜਤਾਲ ਦਾ ਹੁਕਮ ਦੇ ਦਿੱਤਾ ਤੇ ਤਿੰਨ ਦਿਨ ਗੁਰੂ ਜੀ ਨੂੰ ਨਜ਼ਰਬੰਦ ਕਰ ਦਿੱਤਾ। ਤਿੰਨ ਦਿਨ ਦੀ ਪੜਤਾਲ ਪਿੱਛੋਂ ਹਿਸਾਬ ਇਹ ਨਿਕਲਿਆ ਕਿ ਗੁਰੂ ਸਾਹਿਬ ਨੇ ਸਰਕਾਰ ਪਾਸੋਂ 321 ਬਹਿਲੋਲੀ ਦੀਨਾਰ ਲੈਣੇ ਹਨ।
ਗੁਰੂ ਜੀ ਨੂੰ ਰਿਹਾ ਕਰਕੇ ਨਵਾਬ ਨੇ ਬਕਾਇਆ ਪੈਸੇ ਲਿਜਾਣ ਲਈ ਕਿਹਾ ਤਾਂ ਗੁਰੂ ਜੀ ਨੇ ਕਿਹਾ – ਲੋੜਵੰਦਾਂ ਨੂੰ ਦੇ ਦਿਓ, ਪੁੰਨ ਦਾਨ ਦੀ ਖੁਸ਼ੀ ਦਾ ਤੁਹਾਨੂੰ ਵੀ ਪਤਾ ਲੱਗੇ।
ਇਸ ਘਟਨਾ ਪਿੱਛੋਂ ਗੁਰੂ ਜੀ ਨੇ ਮੋਦੀਖਾਨੇ ਦੀ ਨੌਕਰੀ ਛੱਡ ਦਿੱਤੀ।
ਅੱਜ ਦੀਆਂ ਸਰਕਾਰਾਂ ਅਤੇ ਵਪਾਰੀ ਗੁਰੂ ਜੀ ਤੋਂ ਅਸੀਸ ਲੈ ਕੇ ਜੇ ਯੋਗ ਮੁੱਲ, ਯੋਗ ਵਜ਼ਨ ਅਤੇ ਯੋਗ ਗੁਣਵੱਤਾ ਦਾ ਅਸੂਲ ਅਪਣਾ ਲੈਣ ਤਦ ਮਨੁੱਖਤਾ ਦਾ ਕਲਿਆਣ ਹੋ ਸਕਦਾ ਹੈ।
ਗੁਰਪੁਰਬ ਮੁਬਾਰਕ ॥