ਜਸਵੰਤ ਸਿੰਘ ਜ਼ਫਰ
ਸਾਡੇ ਘਰਾਂ ਵਿਚ ਬਿਰਧਾਂ, ਬੁੱਢਿਆਂ ਜਾਂ ਬਜ਼ੁਰਗਾਂ ਨੂੰ ਸਤਿਕਾਰ ਸਹਿਤ ਮੱਥੇ ਟੇਕੇ ਜਾਂਦੇ ਹਨ, ਅਸੀਸਾਂ ਲਈਆਂ ਜਾਂਦੀਆਂ ਹਨ, ਉਨ੍ਹਾਂ ਦੇ ਭੋਗਾਂ `ਤੇ ਵੱਡੇ ਵੱਡੇ `ਕੱਠ ਕਰ ਕੇ ਉਨ੍ਹਾਂ ਦਾ ਗੁਣਗਾਨ ਜਾਂ ਮਹਿਮਾ ਕੀਤੀ ਜਾਂਦੀ ਹੈ, ਆਪਣੇ ਪੁਰਖੇ ਹੋਣ ਦਾ ਮਾਣ ਕੀਤਾ ਜਾਂਦਾ ਹੈ, ਹਾਰ ਪਾ ਕੇ ਤਸਵੀਰਾਂ ਸਜਾਈਆਂ ਜਾਂਦੀਆਂ ਹਨ ਪਰ ਕਾਰ ਵਿਹਾਰ ਜਾਂ ਪਰਿਵਾਰ ਦੇ ਫੈਸਲਿਆਂ ਵਿਚ ਉਨ੍ਹਾਂ ਦੇ ਵਿਚਾਰਾਂ ਦਾ ਕੋਈ ਦਖਲ ਨਹੀਂ ਹੁੰਦਾ,
ਉਨ੍ਹਾਂ ਦੇ ਅਸੂਲਾਂ ਦੀ ਕੋਈ ਵੁੱਕਤ ਨਹੀਂ ਹੁੰਦੀ, ਉਨ੍ਹਾਂ ਦੀ ਰਾਇ ਲਈ ਕੋਈ ਥਾਂ ਨਹੀਂ ਹੁੰਦੀ। ਉਨ੍ਹਾਂ ਦੀ ਸੋਚ ਅਤੇ ਅਨੁਭਵਾਂ ਨੂੰ ਸਮੇਂ ਦੇ ਹਾਣ ਦੇ ਜਾਂ ਸਮੇਂ ਮੁਤਾਬਕ ਢੁੱਕਵੇਂ ਨਹੀਂ ਸਮਝਿਆ ਜਾਂਦਾ। ਗੁਰੂ ਨਾਨਕ ਨੂੰ ਵੀ ਬਿਰਧ ਬਾਬੇ ਵਾਂਗ ਸਥਾਪਤ ਕਰ ਕੇ ਉਨ੍ਹਾਂ ਦੀ ਸ਼ਖ਼ਸੀਅਤ, ਬਾਣੀ, ਉਪਦੇਸ਼ ਅਤੇ ਵਿਚਾਰਧਾਰਾ ਪ੍ਰਤੀ ਅਸੀਂ ਬਿਲਕੁਲ ਇਹੋ ਰਵੱਈਆ ਅਖ਼ਤਿਆਰ ਕੀਤਾ ਹੈ।
ਸੰਨ 2019 ਵਿਚ ਪੈਂਦੀ ਗੁਰੂ ਨਾਨਕ ਆਗਮਨ ਦੇ 550ਵੇਂ ਵਰ੍ਹੇ ਮੌਕੇ `ਤੇ ਉਨ੍ਹਾਂ ਦੀ ਬਾਣੀ ਦੀ ਵਰਤਮਾਨ ਸਮੇਂ `ਚ ਸਾਰਥਿਕਤਾ, ਪ੍ਰਸੰਗਕਤਾ ਜਾਂ ਮਹੱਤਵ ਬਾਰੇ ਕਾਫੀ ਖੋਜ ਪੱਤਰ ਲਿਖੇ ਤੇ ਲਿਖਾਏ, ਪੜ੍ਹੇ ਤੇ ਪੜ੍ਹਾਏ, ਛਾਪੇ ਤੇ ਛਪਾਏ ਗਏ। ਖੋਜਿਆ ਉਸ ਨੂੰ ਜਾਂਦਾ ਹੈ ਜੋ ਲੁਕਿਆ, ਛਿਪਿਆ ਜਾਂ ਗੁਆਚਿਆ ਹੋਇਆ ਹੋਵੇ। ਜੇ ਗੁਰੂ ਨਾਨਕ ਜਾਂ ਗੁਰੂ ਨਾਨਕ ਬਾਣੀ ਦਾ ਮਹੱਤਵ ਸਾਡੀ ਸਮਝ, ਜਾਣਕਾਰੀ ਅਤੇ ਬੋਲ-ਬਾਣੀ ਦਾ ਹਿੱਸਾ ਨਹੀਂ ਹੈ ਜਾਂ ਇਹ ਸਾਡੇ ਵਿਹਾਰ ਅਤੇ ਵਤੀਰੇ ਵਿਚੋਂ ਸੁੱਤੇ ਸਿੱਧ ਨਹੀਂ ਝਲਕਦਾ ਤਾਂ ਇਸ ਨੂੰ ਸੱਚਮੁਚ ਗੁਆਚਿਆ ਹੋਇਆ ਹੀ ਕਹਿਣਾ ਬਣਦਾ ਹੈ। ਅਸਲ ਵਿਚ ਗੁਰੂ ਨਾਨਕ ਦੀ ਵਡਿਆਈ ਜਾਂ ਗੁਰੂ ਨਾਨਕ ਬਾਣੀ ਦਾ ਮਹੱਤਵ ਨਾਨਕ ਨਾਮ ਲੇਵਾ ਲੋਕਾਂ ਅਰਥਾਤ ਆਪਣੇ ਆਪ ਨੂੰ ਸਿੱਖ ਅਖਵਾਉਣ ਵਾਲੇ ਸਾਡੇ ਭਾਈਚਾਰੇ ਦੇ ਆਮ ਵਿਹਾਰ ਅਤੇ ਵਿਚਰਨ ਸ਼ੈਲੀ ਤੋਂ ਜਿਸ ਤਰ੍ਹਾਂ ਸਹਿਜ ਸੁਭਾਏ ਜਗਤ ਸਨਮੁਖ ਪ੍ਰਸਤੁਤ ਹੋਣਾ ਚਾਹੀਦੀ ਹੈ, ਸ਼ਾਇਦ ਉਸ ਤਰ੍ਹਾਂ ਨਹੀਂ ਹੋ ਰਿਹਾ। ਸਾਡੇ ਲਈ ਇਹ ਜਾਨਣਾ ਜ਼ਰੂਰੀ ਹੋ ਜਾਂਦਾ ਹੈ ਕਿ ਗੁਰੂ ਨਾਨਕ ਬਾਣੀ ਦੀ ਮਹਾਨਤਾ `ਤੇ ਪਰਦਾ ਕਿਸ ਚੀਜ਼ ਦਾ ਪਿਆ ਹੋਇਆ ਹੈ? ਉਹ ਕਿਹੜੀਆਂ ਗੱਲਾਂ ਹਨ ਜਿਨ੍ਹਾਂ ਨੇ ਗੁਰੂ ਨਾਨਕ ਜੋਤ ਦੀ ਰੌਸ਼ਨੀ ਦਾ ਪਸਾਰਾ ਰੋਕਿਆ ਹੋਇਆ ਹੈ ਜਿਨ੍ਹਾਂ ਕਾਰਨ ਗੁਰੂ ਨਾਨਕ ਹੋਣ ਦੇ ਮਹੱਤਵ ਨੂੰ ਲੱਭਣਾ ਅਤੇ ਖੋਜਣਾ ਮਿਹਨਤ ਜਾਂ ਉਚੇਚ ਭਰਿਆ ਕਾਰਜ ਬਣ ਗਿਆ ਹੈ।
ਗੁਰੂ ਨਾਨਕ ਵਿਚਾਰਧਾਰਾ ਦੇ ਪ੍ਰਸਾਰ ਸਾਹਮਣੇ ਸਭ ਤੋਂ ਵੱਡਾ ਅੜਿਕਾ ਜਾਂ ਸਾਡੇ ਵਿਹਾਰ ਵਿਚੋਂ ਇਸ ਦੀ ਗੈਰ-ਹਾਜ਼ਰੀ ਦਾ ਸਭ ਤੋਂ ਵੱਡਾ ਕਾਰਨ ਗੁਰੂ ਨਾਨਕ ਦਾ ਬਿਰਧ ਪੈਗ਼ੰਬਰੀ ਬਿੰਬ ਹੈ। ਗੁਰੂ ਨਾਨਕ ਸਰੀਰਕ ਤੌਰ `ਤੇ 1538-1469 = 69 ਸਾਲ ਸੰਸਾਰ ਵਿਚ ਰਹੇ ਪਰ ਉਨ੍ਹਾਂ ਦੇ ਸਾਰੇ ਪ੍ਰਚਲਤ ਪੋਰਟਰੇਟ 80 ਸਾਲ ਤੋਂ ਵੱਧ ਉਮਰ ਦੇ ਬਿਰਧ ਬਾਬੇ ਵਾਲੇ ਹਨ। ਇਹ ਇਕੱਲੀ ਪੋਰਟਰੇਟ ਚਿਤਰਾਂ ਦੀ ਗੱਲ ਨਹੀਂ, ਉਨ੍ਹਾਂ ਦੀਆਂ ਜੀਵਨ ਘਟਨਾਵਾਂ ਜਾਂ ਸਾਖੀਆਂ ਨਾਲ ਸੰਬੰਧਿਤ ਚਿਤਰਾਂ ਵਿਚ ਵੀ ਉਨ੍ਹਾਂ ਨੂੰ ਬਜ਼ੁਰਗ ਰੂਪ ਵਿਚ ਦਰਸਾਇਆ ਹੁੰਦਾ ਹੈ। ਸੁਲਤਾਨਪੁਰ ਵਿਖੇ ਆਪ ਅਠਾਰਾਂ ਸਾਲ ਦੀ ਉਮਰ ਵਿਚ ਗਏ। ਇਸ ਲਈ ਮੋਦੀਖਾਨੇ ਵਿਚ ਨੌਕਰੀ ਕਰਨ ਜਾਂ ਬੇਈਂ ਨਦੀ ਨਾਲ ਸੰਬੰਧਿਤ ਘਟਨਾਵਾਂ ਦਾ ਸੰਬੰਧ ਉਨ੍ਹਾਂ ਦੀ ਚੜ੍ਹਦੀ ਜਵਾਨੀ ਵਾਲੀ ਉਮਰ ਨਾਲ ਹੈ।
ਪਹਿਲੀ ਉਦਾਸੀ ਅਠਾਈ ਸਾਲ ਦੀ ਉਮਰ ਵਿਚ ਆਰੰਭ ਹੋਈ ਜਿਸ ਦੌਰਾਨ ਆਪ ਹਰਿਦੁਆਰ, ਕੁਰਕਸ਼ੇਤਰ, ਕਾਸ਼ੀ, ਗਯਾ, ਢਾਕਾ, ਪੁਰੀ ਆਦਿ ਸਥਾਨਾਂ `ਤੇ ਗਏ। ਇਸ ਲਈ ਚੜ੍ਹਦੇ ਵੱਲ ਸੂਰਜ ਦੀ ਥਾਂ ਲਹਿੰਦੇ ਵੱਲ ਪਾਣੀ ਦੇਣ, ਪਾਂਡਿਆਂ ਨਾਲ ਗਿਆਨ ਚਰਚਾ ਜਾਂ ਜਗਨਨਾਥ ਦੀ ਆਰਤੀ ਨਾਲ ਸੰਬੰਧਿਤ ਘਟਨਾਵਾਂ ਵੇਲੇ ਗੁਰੂ ਨਾਨਕ ਭਰ ਜੁਆਨੀ ਵਿਚ ਸਨ ਪਰ ਉਪਰੋਕਤ ਸਾਖੀਆਂ ਨਾਲ ਸੰਬੰਧਿਤ ਸਾਰੇ ਪ੍ਰਚਲਤ ਚਿਤਰਾਂ ਵਿਚ ਗੁਰੂ ਨਾਨਕ ਨੂੰ ਬਜ਼ੁਰਗ ਬਾਬਾ ਹੀ ਦਿਖਾਇਆ ਹੁੰਦਾ ਹੈ। ਚੌਥੀ ਅਤੇ ਆਖਰੀ ਉਦਾਸੀ 51 ਸਾਲ ਦੀ ਉਮਰ ਵਿਚ ਸਮਾਪਤ ਹੋਈ ਅਤੇ ਭਾਈ ਮਰਦਾਨਾ ਜੀ ਦਾ ਚਲਾਣਾ ਵੀ ਚੌਥੀ ਉਦਾਸੀ ਤੋਂ ਵਾਪਸੀ ਵੇਲੇ ਦਾ ਦੱਸਿਆ ਜਾਂਦਾ ਹੈ। ਇਸ ਲਈ ਜਦ ਤੱਕ ਭਾਈ ਮਰਦਾਨੇ ਦਾ ਗੁਰੂ ਨਾਨਕ ਨਾਲ ਸਾਥ ਰਿਹਾ, ਗੁਰੂ ਨਾਨਕ ਦੀ ਉਮਰ 50 ਸਾਲ ਤੋਂ ਘੱਟ ਹੀ ਸੀ ਪਰ ਇਹਨਾਂ ਦੋਨਾਂ ਦੇ ਸਾਂਝੇ ਸਾਰੇ ਪ੍ਰਚੱਲਤ ਚਿਤਰਾਂ ਵਿਚ ਗੁਰੂ ਨਾਨਕ ਬਿਰਧ ਉਮਰ ਦੇ ਹੀ ਦਿਖਾਏ ਹੁੰਦੇ ਹਨ।
ਬਾਬਰ ਦਾ ਹਿੰਦੁਸਤਾਨ `ਤੇ ਹਮਲਾ 1526 ਵਿਚ ਹੋਇਆ ਅਤੇ ਬਾਬਰ ਬਾਣੀ ਰਚਣ ਵਾਲੇ ਗੁਰੂ ਨਾਨਕ ਦੀ ਉਮਰ ਉਸ ਵੇਲੇ 56-57 ਸਾਲ ਸੀ ਜੋ ਉਸ ਵੇਲੇ ਏਮਨਾਬਾਦ ਗਏ ਹੋਏ ਸਨ ਜਿਥੇ ਉਨ੍ਹਾਂ ਦਾ ਭਾਈ ਲਾਲੋ ਅਤੇ ਮਲਿਕ ਭਾਗੋ ਨਾਲ ਮੇਲ ਹੋਇਆ ਪਰ ਬਾਬਰ ਦੀ ਜੇਲ੍ਹ, ਚੱਕੀ ਪੀਹਣ ਅਤੇ ਭਾਈ ਲਾਲੋ, ਮਲਿਕ ਭਾਗੋ ਤੇ ਬਾਬਰ ਨਾਲ ਮਿਲਾਪ ਸੰਬੰਧੀ ਬਹੁਤੇ ਚਿਤਰਾਂ ਵਿਚ ਗੁਰੂ ਨਾਨਕ ਨੂੰ 70-80 ਸਾਲ ਦਾ ਬਜ਼ੁਰਗ ਦਿਖਾਇਆ ਹੁੰਦਾ ਹੈ। ਇਸ ਤਰ੍ਹਾਂ ਸਾਡੇ ਕਮਸ਼ੀਅਲ ਚਿਤਰਕਾਰਾਂ ਨੇ ਆਪਣੀ ਹੂੜਮੱਤ ਜਾਂ ਬਾਜ਼ਾਰੀ ਲੋੜਾਂ ਕਾਰਨ ਊਰਜਾ ਭਰਪੂਰ, ਸਰਗਰਮ ਅਤੇ ਸਿਰੜੀ ਨੌਜਵਾਨ ਦੀ ਬਜਾਇ ਗੁਰੂ ਨਾਨਕ ਦਾ ਪਿਲਪਿਲੇ, ਭਾਰੀ ਭਰਕਮ ਅਤੇ ਆਰਾਮ ਪ੍ਰਸਤ ਬਿਰਧ ਉਪਦੇਸ਼ਕ ਵਾਲਾ ਬਿੰਬ ਸਥਾਪਤ ਕੀਤਾ। ਇਸ ਗੱਲ ਨੂੰ ਮੇਰੀ ਪਹਿਲੀ ਵਾਰਤਕ ਪੁਸਤਕ ‘ਸਿਖੁ ਸੋੁ ਖੋਜਿ ਲਹੈ` ਵਿਚ ‘ਗੁਰੂ ਨਾਨਕ ਬੁੱਢੇ ਨਹੀਂ ਸਨ` ਸਿਰਲੇਖ ਹੇਠ ਵਿਸਥਾਰ ਨਾਲ ਵਿਚਾਰਿਆ ਗਿਆ ਸੀ।
ਸਾਡੇ ਘਰਾਂ ਵਿਚ ਬਿਰਧਾਂ, ਬੁੱਢਿਆਂ ਜਾਂ ਬਜ਼ੁਰਗਾਂ ਨੂੰ ਸਤਿਕਾਰ ਸਹਿਤ ਮੱਥੇ ਟੇਕੇ ਜਾਂਦੇ ਹਨ, ਅਸੀਸਾਂ ਲਈਆਂ ਜਾਂਦੀਆਂ ਹਨ, ਉਨ੍ਹਾਂ ਦੇ ਭੋਗਾਂ `ਤੇ ਵੱਡੇ ਵੱਡੇ `ਕੱਠ ਕਰਕੇ ਉਨ੍ਹਾਂ ਦਾ ਗੁਣਗਾਨ ਜਾਂ ਮਹਿਮਾ ਕੀਤੀ ਜਾਂਦੀ ਹੈ, ਆਪਣੇ ਪੁਰਖੇ ਹੋਣ ਦਾ ਮਾਣ ਕੀਤਾ ਜਾਂਦਾ ਹੈ, ਹਾਰ ਪਾ ਕੇ ਤਸਵੀਰਾਂ ਸਜਾਈਆਂ ਜਾਂਦੀਆਂ ਹਨ ਪਰ ਕਾਰ ਵਿਹਾਰ ਜਾਂ ਪਰਿਵਾਰ ਦੇ ਫੈਸਲਿਆਂ ਵਿਚ ਉਨ੍ਹਾਂ ਦੇ ਵਿਚਾਰਾਂ ਦਾ ਕੋਈ ਦਖਲ ਨਹੀਂ ਹੁੰਦਾ, ਉਨ੍ਹਾਂ ਦੇ ਅਸੂਲਾਂ ਦੀ ਕੋਈ ਵੁੱਕਤ ਨਹੀਂ ਹੁੰਦੀ, ਉਨ੍ਹਾਂ ਦੀ ਰਾਇ ਲਈ ਕੋਈ ਥਾਂ ਨਹੀਂ ਹੁੰਦੀ। ਉਨ੍ਹਾਂ ਦੀ ਸੋਚ ਅਤੇ ਅਨੁਭਵਾਂ ਨੂੰ ਸਮੇਂ ਦੇ ਹਾਣ ਦੇ ਜਾਂ ਸਮੇਂ ਮੁਤਾਬਕ ਢੁੱਕਵੇਂ ਨਹੀਂ ਸਮਝਿਆ ਜਾਂਦਾ। ਬਹੁਤ ਸਾਰੀਆਂ ਗੱਲਾਂ ਵਿਚ ਤਾਂ ਉਨ੍ਹਾਂ ਤੋਂ ਓਹਲਾ-ਪਰਦਾ ਵੀ ਰੱਖਿਆ ਜਾਂਦਾ ਹੈ, ਭਾਵ ਉਨ੍ਹਾਂ ਦੇ ਸੁਭਾਅ ਅਤੇ ਵਿਚਾਰਾਂ ਤੋਂ ਉਲਟ ਗੱਲਾਂ ਕੀਤੀਆਂ ਜਾਂਦੀਆਂ ਹਨ। ਗੁਰੂ ਨਾਨਕ ਨੂੰ ਵੀ ਬਿਰਧ ਬਾਬੇ ਵਾਂਗ ਸਥਾਪਤ ਕਰਕੇ ਉਨ੍ਹਾਂ ਦੀ ਸ਼ਖ਼ਸੀਅਤ, ਬਾਣੀ, ਉਪਦੇਸ਼ ਅਤੇ ਵਿਚਾਰਧਾਰਾ ਪ੍ਰਤੀ ਅਸੀਂ ਬਿਲਕੁਲ ਇਹੋ ਰਵੱਈਆ ਅਖ਼ਤਿਆਰ ਕੀਤਾ ਹੈ। ਸੁਆਰਥ ਭਰਪੂਰ ਅਤੇ ਵਿਅਕਤੀ ਕੇਂਦਰਤ ਭ੍ਰਿਸ਼ਟ ਵੋਟਤੰਤਰੀ ਸਿਆਸਤ ਅਤੇ ਸਿੱਖੀ ਦੇ ਪਾਠੀ-ਪੁਜਾਰੀ ਪ੍ਰਬੰਧ ਨੂੰ ਵੀ ਇਹੋ ਸੂਤ ਬੈਠਦਾ ਹੈ।
ਸਮੁੱਚੇ ਵਿਸ਼ਵ ਭਾਈਚਾਰੇ ਲਈ ਵੀ ਗੁਰੂ ਨਾਨਕ ਓਹਲੇ ਵਿਚ ਹਨ। ਗੁਰੂ ਨਾਨਕ ਰੌਸ਼ਨੀ ਦੇ ਵਿਸ਼ਵ ਦੇ ਹੋਰ ਭਾਈਚਾਰਿਆਂ ਤੱਕ ਪਹੁੰਚ ਦੇ ਰਸਤੇ ਵਿਚ ਬਣਿਆ ਮੁੱਖ ਅੜਿਕਾ ਸਾਡੀ ਗੁਰੂ ਨਾਨਕ ਪ੍ਰਤੀ ਹਉਮੈ ਭਰੀ ਮੇਰ ਹੈ। ਜਦੋਂ ਕੋਈ ਬੱਚਾ ਆਪਣੇ ਖਿਡਾਉਣੇ ਨੂੰ ਬਹੁਤਾ ਮੇਰਾ-ਮੇਰਾ ਕਰੇ ਤਾਂ ਹੋਰ ਬੱਚੇ ਉਸ ਨਾਲ ਖੇਡਣਾ ਪਸੰਦ ਨਹੀਂ ਕਰਦੇ। ਉਹ ਇਹ ਕਹਿ ਕੇ ਉਸ ਨਾਲੋਂ ਆਪਣਾ ਫਾਸਲਾ ਬਣਾ ਲੈਂਦੇ ਹਨ ਕਿ ਚੱਲ, ਤੂੰ ਆਪਣਾ ਆਪਣੇ ਕੋਲ ਹੀ ਰੱਖ। ਗੁਰੂ ਨਾਨਕ ਤੋਂ ਥੋੜ੍ਹਾ ਜਿਹਾ ਸਮਾਂ ਮਗਰੋਂ ਪੈਦਾ ਹੋਏ ਜਾਂ ਉਨ੍ਹਾਂ ਦੇ ਸਮਕਾਲੀ ਸ਼ੇਕਸਪੀਅਰ ਦਾ ਸਾਹਿਤ ਦੁਨੀਆ ਦੀ ਹਰ ਯੂਨੀਵਰਸਿਟੀ ਅਤੇ ਕਾਲਜ ਵਿਚ ਪੜ੍ਹਿਆ, ਪੜ੍ਹਾਇਆ ਅਤੇ ਵਿਚਾਰਿਆ ਜਾਂਦਾ ਹੈ ਪਰ ਸਾਡੀ ਮੇਰ ਅਤੇ ਗੁਰੂ ਨਾਨਕ `ਤੇ ਸਾਡੇ ਨਾਜਾਇਜ਼ ਕਬਜ਼ੇ ਨੇ ਗੁਰੂ ਨਾਨਕ ਚਿੰਤਨ ਨੂੰ ਮੇਰੀ ਜਾਣਕਾਰੀ ਮੁਤਾਬਕ ਦਿੱਲੀ ਤੋਂ ਅੱਗੇ ਟੱਪਣ ਨਹੀਂ ਦਿੱਤਾ।
ਗੁਰੂ ਨਾਨਕ ਦੀ ਸ਼ਖ਼ਸੀਅਤ ਅਤੇ ਸਰਗਰਮੀ ਦੇ ਦੋ ਮੁੱਖ ਪਹਿਲੂ ਹਨ: 1) ਯਾਤਰਾ ਅਤੇ 2) ਸੰਵਾਦ। ਗੁਰਮਤਿ ਦਰਸ਼ਨ ਕੋਈ ਇਕਹਿਰਾ, ਵਕਤੀ ਜਾਂ ਪੈਗ਼ੰਬਰੀ ਇਲਹਾਮ ਜਾਂ ਉਪਦੇਸ਼ ਨਹੀਂ। ਇਹ ਅਜਿਹਾ ਪ੍ਰਵਚਨ ਹੈ ਜਿਸ ਦੀਆਂ ਜੜ੍ਹਾਂ ਸਮੇਂ ਅਤੇ ਸਥਾਨ ਦੇ ਲਿਹਾਜ਼ ਨਾਲ ਬਹੁਤ ਦੂਰ-ਦੂਰ ਤੱਕ ਅਤੇ ਬਹੁਤ ਡੂੰਘੀਆਂ ਫੈਲੀਆਂ ਹੋਈਆਂ ਹਨ। ਜੇ ਗੁਰੂ ਨਾਨਕ ਦੇ ਜੀਵਨ ਕਾਲ ਨੂੰ ਸਮੇਂ ਦਾ ਅਤੇ ਪੰਜਾਬ ਦੀ ਧਰਤੀ ਨੂੰ ਸਥਾਨ ਦਾ ਰੈਫਰੈਂਸ ਬਿੰਦੂ ਮੰਨ ਲਈਏ ਤਾਂ ਅਸੀਂ ਦੇਖ ਸਕਦੇ ਹਾਂ ਕਿ ਗੁਰੂ ਗਰੰਥ ਸਾਹਿਬ ਦੇ ਪਹਿਲੇ ਬਾਣੀਕਾਰਾਂ ਵਿਚੋਂ ਬਾਬਾ ਫਰੀਦ, ਭਗਤ ਜੈਦੇਵ ਅਤੇ ਭਗਤ ਸਦਨਾ ਜੀ ਗੁਰੂ ਨਾਨਕ ਤੋਂ ਤਕਰੀਬਨ ਤਿੰਨ ਸਦੀਆਂ ਪਹਿਲਾਂ ਪੈਦਾ ਹੋਏ ਅਤੇ ਆਖਰੀ ਬਾਣੀਕਾਰ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਗੁਰੂ ਨਾਨਕ ਆਗਮਨ ਤੋਂ ਦੋ ਸਦੀਆਂ ਬਾਅਦ ਹੋਈ। ਭਗਤ ਜੈਦੇਵ ਜੀ ਭਾਰਤ ਦੇ ਧੁਰ ਪੂਰਬ ਦੇ ਇਲਾਕੇ ਬੰਗਾਲ ਵਿਚ ਗਾਉਂਦੇ ਸਨ। ਭਗਤ ਪੀਪਾ ਜੀ ਗੁਜਰਾਤ ਦੇ ਦਵਾਰਕਾ ਇਲਾਕੇ ਦਾ ਭ੍ਰਮਣ ਕਰਦੇ ਸਨ। ਸਦਨਾ ਜੀ ਸਿੰਧ ਦੇ ਵਾਸੀ ਸਨ। ਨਾਮਦੇਵ ਜੀ, ਤ੍ਰਿਲੋਚਨ ਜੀ ਅਤੇ ਪਰਮਾਨੰਦ ਜੀ ਮਹਾਰਾਸ਼ਟਰ ਨਾਲ ਸੰਬੰਧਿਤ ਸਨ। ਬਾਬਾ ਫ਼ਰੀਦ ਜੀ ਨੇ ਤੁਰਕੀ ਭਾਵ ਮੱਧ ਏਸ਼ੀਆ ਤੱਕ ਘੁੰਮਦਿਆਂ ਬਾਣੀ ਰਚੀ। ਇਸ ਤਰ੍ਹਾਂ ਗੁਰਮਤਿ ਦਰਸ਼ਨ ਦੀ ਉਤਪਤੀ ਦਾ ਸਥਾਨ ਜਿਥੇ ਏਸ਼ੀਆ ਦੇ ਵੱਡੇ ਖੇਤਰਫਲ ਵਿਚ ਫੈਲਿਆ ਹੋਇਆ ਹੈ ਉਥੇ ਇਸ ਦੇ ਉਦੈ ਅਤੇ ਸੰਯੁਕਤ ਹੋਣ ਦਾ ਸਮਾਂ ਲਗਪਗ ਪੰਜ ਸਦੀਆਂ ਬਣਦਾ ਹੈ। ਸਮੇਂ ਅਤੇ ਸਥਾਨ ਦੀ ਏਨੀ ਵਿਭਿੰਨਤਾ ਦੇ ਨਾਲ-ਨਾਲ ਗੁਰਮਤਿ ਵਿਚਾਰਧਾਰਾ ਦੀ ਉਤਪਤੀ ਕਿਸੇ ਇਕ ਵਰਗ, ਜਾਤ ਜਾਂ ਜਮਾਤ ਵਿਚ ਨਹੀਂ ਹੋਈ। ਇਹ ਬਾਣੀਕਾਰ ਵੱਖ-ਵੱਖ ਕਿੱਤਿਆਂ, ਜਾਤਾਂ ਅਤੇ ਵੰਨ-ਸੁਵੰਨੇ ਸਮਾਜਿਕ ਪਿਛੋਕੜ ਵਾਲੇ ਸਨ। ਕੋਈ ਰਾਜ ਘਰਾਣੇ ਨਾਲ ਸੰਬੰਧਿਤ ਸੀ, ਕੋਈ ਬ੍ਰਾਹਮਣ, ਕੋਈ ਖੱਤਰੀ, ਕੋਈ ਜੱਟ, ਕੋਈ ਜੁਲਾਹਾ, ਕੋਈ ਛੀਂਬਾ, ਕੋਈ ਚਮਾਰ, ਕੋਈ ਨਾਈ ਆਦਿ ਸੀ।
ਵਰਤਮਾਨ ਸਿੱਖ ਸੰਸਥਾਵਾਂ ਅਤੇ ਸਿੱਖ ਸੰਗਠਨ ਗੁਰੂ ਨਾਨਕ ਵਲੋਂ ਲਿਸ਼ਕਾਏ ਗਏ ਗੁਰਮਤਿ ਦੇ ਸ਼ੀਸ਼ੇ ਵਿਚ ਆਪਣਾ ਚਿਹਰਾ ਨਿਹਾਰ ਸਕਦੇ ਹਨ ਜਿਸ ਨੂੰ ਕਿਸੇ ਇਕ ਜਾਤ, ਇਕ ਵਰਗ, ਇਕ ਸੱਭਿਆਚਾਰ, ਇਕ ਬੋਲੀ, ਇਕ ਖਿੱਤੇ ਆਦਿ ਦੀ ਚੌਧਰ ਜਾਂ ਦਬਦਬਾ ਪ੍ਰਵਾਨ ਨਹੀਂ। ਗੁਰੂ ਨਾਨਕ ਦੀ ਮਿਹਨਤ ਨਾਲ ਵੱਖ-ਵੱਖ ਕਿੱਤਿਆਂ ਅਤੇ ਖਿੱਤਿਆਂ, ਜਾਤਾਂ ਅਤੇ ਜਮਾਤਾਂ, ਵਿਭਿੰਨ ਸਮਾਜਾਂ ਅਤੇ ਰਿਵਾਜਾਂ ਨਾਲ ਸੰਬੰਧਿਤ ਵਿਭਿੰਨ ਵਕਤਾਂ ਅਤੇ ਵਕਤਿਆਂ ਦੇ ਅਨੁਭਵ ਅਤੇ ਸੁਪਨਿਆਂ ਦੇ ਅਧਾਰਤ ਵਿਚਾਰਾਂ ਦੀ ਰਗੜ ਅਤੇ ਸੰਯੁਕਤੀ ਨਾਲ ਗੁਰਮਤਿ ਦਰਸ਼ਨ ਜਾਂ ਗੁਰਮਤਿ ਵਿਚਾਰਧਾਰਾ ਸਾਹਮਣੇ ਆਈ।
ਵਿਚਾਰਾਂ ਦੀ ਰਗੜ ਅਤੇ ਸੰਯੁਕਤੀ ਲਈ ਸਾਂਝਾ ਸ਼ਬਦ ਹੈ ‘ਸੰਵਾਦ`। ਸੰਵਾਦ ਦੇ ਮਹੱਤਵ ਨੂੰ ਉਘਾੜਦੇ ਹੋਏ ਗੁਰੂ ਨਾਨਕ ਸਥਾਪਤ ਕਰਦੇ ਹਨ ਕਿ ਇਕਪਾਸੜ ਨਿਰਣੇ, ਫੈਸਲੇ ਜਾਂ ਫਤਵੇ ਦੀ ਬਜਾਇ ਸੰਵਾਦ ਦੀ ਪ੍ਰਕਿਰਿਆ ਰਾਹੀਂ ਹੀ ਹੰਢਣਸਾਰ ਅਤੇ ਸਰਬ ਕਲਿਆਣਮੁਖੀ ਸੱਚ ਨੂੰ ਪਛਾਣਿਆ ਜਾ ਸਕਦਾ ਹੈ। ਪਹਿਲੀ ਉਦਾਸੀ ਦੌਰਾਨ ਕਾਸ਼ੀ ਤੋਂ ਲਿਆਂਦੀ ਗਈ ਕਬੀਰ ਬਾਣੀ ਦੇ ਉਹ ਦੋ ਸਲੋਕ ਵੀ ਸ਼ਾਮਲ ਹਨ ਜਿਹਨਾਂ ਰਾਹੀਂ ਕਬੀਰ ਜੀ ਆਪਣੇ ਤੋਂ ਸਦੀ-ਸਵਾ ਸਦੀ ਪਹਿਲਾਂ ਮਹਾਰਾਸ਼ਟਰ ਵਿਚ ਪੈਦਾ ਹੋਏ ਭਗਤ ਨਾਮਦੇਵ ਜੀ ਅਤੇ ਭਗਤ ਤ੍ਰਿਲੋਚਨ ਜੀ ਦਾ ਸੰਵਾਦ ਦਰਸਾਉਂਦੇ ਹਨ। ਪਹਿਲੇ ਸਲੋਕ ਵਿਚ ਭਗਤ ਤ੍ਰਿਲੋਚਨ ਜੀ ਆਪਣੇ ਮਿੱਤਰ ਨਾਮਦੇਵ ਨੂੰ ਸੰਬੋਧਤ ਹੋ ਆਖਦੇ ਹਨ:
ਨਾਮਾ ਮਾਇਆ ਮੋਹਿਆ ਕਹੈ ਤਿਲੋਚਨੁ ਮੀਤ«
ਕਾਹੇ ਛੀਪਹੁ ਛਾਇਲੈ ਰਾਮ ਨ ਲਾਵਹੁ ਚੀਤੁ«(ਕਬੀਰ ਜੀ , 1375)
ਕਬੀਰ ਜੀ ਦੁਆਰਾ ਰਚੇ ਅਗਲੇ ਸਲੋਕ ਵਿਚ ਨਾਮਦੇਵ ਜੀ ਵਲੋਂ ਇਸ ਦਾ ਉਤਰ ਦਿੱਤਾ ਗਿਆ ਹੈ:
ਨਾਮਾ ਕਹੈ ਤਿਲੋਚਨਾ ਮੁਖ ਤੇ ਰਾਮੁ ਸੰਮਾਲਿ«
ਹਾਥ ਪਾਉ ਕਰਿ ਕਾਮੁ ਸਭੁ ਚੀਤੁ ਨਿਰੰਜਨ ਨਾਲਿ«(ਕਬੀਰ ਜੀ, 1375)
ਇੰਜ ਪੰਜਾਬ, ਉਤਰ ਪ੍ਰਦੇਸ਼ ਅਤੇ ਮਹਾਰਾਸ਼ਟਰ ਦੇ ਚਾਰ ਸੁਖ਼ਨਵਰਾਂ ਦੀ ਸੰਵਾਦੀ ਭਾਗੀਦਾਰੀ ਨਾਲ ਗੁਰਮਤਿ ਦਾ ਪਹਿਲਾ ਬੁਨਿਆਦੀ ਉਪਦੇਸ਼ ‘ਕਿਰਤ ਕਰੋ` ਅਤੇ ਦੂਸਰਾ ‘ਨਾਮ ਜਪੋ` ਸਥਾਪਤ ਹੋਣ ਲੱਗਦਾ ਹੈ। ਇਸ ਉਪਦੇਸ਼ ਰਾਹੀਂ ਅਜਿਹੇ ਸਮਾਜ ਦਾ ਮਾਡਲ ਪ੍ਰਸਤੁਤ ਹੋ ਰਿਹਾ ਹੈ ਜਿਸ ਵਿਚ ਸਭ ਨੇ ਆਪਣੇ ਵਰਤਣ-ਖਰਚਣ ਜੋਗੀ ਹੱਥੀਂ ਕਮਾਈ ਕਰਨੀ ਹੈ। ਹਰੇਕ ਨੇ ਆਪਣੀ ਜ਼ਿੰਦਗੀ ਦੀਆਂ ਜ਼ਰੂਰਤਾਂ ਨੂੰ ਆਪਣੀ ਕਿਰਤ ਨਾਲ ਪੂਰਾ ਕਰਨਾ ਹੈ ਨਾ ਕਿ ਹੋਰਾਂ ਦੀ ਲੁੱਟ-ਖਸੁੱਟ ਜਾਂ ਸ਼ੋਸ਼ਣ ਨਾਲ। ਜ਼ਿੰਦਗੀ ਨੂੰ ਸੋਹਣਾ, ਸੁਹਾਵਣਾ ਅਤੇ ਰੰਗੀਨ ਬਣਾਉਣ ਲਈ ਸਭ ਨੇ ਬਣਦੀ ਜ਼ਿੰਮੇਵਾਰੀ ਨਿਭਾਉਣੀ ਹੈ ਪਰ ਆਪੋ-ਆਪਣਾ ਕੰਮ-ਧੰਦਾ ਅਤੇ ਰੁਝੇਵਾਂ ਕਿਸੇ ਨੂੰ ਨਿੱਜ-ਮੁਖੀ ਜਾਂ ਕੇਵਲ ਆਪਣੇ-ਆਪ ਦਾ ਫਿਕਰ ਕਰਨ ਜਾਂ ਸੋਚਣ ਵਾਲਾ ਨਾ ਬਣਾਵੇ ਸਗੋਂ ਚਿੱਤ ਨਿਰੰਜਨ ਨਾਲ ਰਹੇ ਭਾਵ ਸਾਂਝੀਵਾਲਤਾ ਦਾ ਖਿਆਲ ਰਹੇ। ਬੰਦੇ ਨੇ ਆਪਣੇ-ਆਪ ਨੂੰ ਜੀਵ ਦੇ ਤੌਰ `ਤੇ ਪੂਰੀ ਸ੍ਰਿਸ਼ਟੀ ਦਾ ਅਤੇ ਮਨੁੱਖ ਦੇ ਤੌਰ `ਤੇ ਮਾਨਵੀ ਸਮਾਜ ਦਾ ਅੰਗ ਸਮਝਣਾ ਹੈ। ਇਸ ‘ਇਕ ਨਿਰੰਜਨ` ਦੇ ਸੰਕਲਪ ਨੂੰ ਕੇਵਲ ਅਧਿਆਤਮਕ ਦ੍ਰਿਸ਼ਟੀ ਤੋਂ ਹੀ ਨਹੀਂ ਸਗੋਂ ਇਸ ਦੇ ਮਹੱਤਵ ਨੂੰ ਸਮਾਜਿਕ ਦ੍ਰਿਸ਼ਟੀ ਤੋਂ ਸਮਝਣਾ, ਵਿਚਾਰਨਾ ਅਤੇ ਮੰਨਣਾ ਵੀ ਬਣਦਾ ਹੈ।
ਗੁਰੂ ਨਾਨਕ ਨੇ ਸਮਾਜ ਨੂੰ ਸਮਝਣ, ਸੁਪਨਣ ਅਤੇ ਸਿਰਜਣ ਦੀ ਭਾਵਨਾ ਨਾਲ ਓਤ-ਪੋਤ ਗੁਰਮਤਿ ਦਰਸ਼ਨ ਨੂੰ ਸੰਗਠਿਤ ਅਤੇ ਪ੍ਰਸਤੁਤ ਕੀਤਾ। ਗੁਰੂ ਨਾਨਕ ਦੁਆਰਾ ਵੱਖ-ਵੱਖ ਸਰੋਤਾਂ ਤੋਂ ਕੀਤੀ ਗਈ ਬਾਣੀ ਦੀ ਖੋਜ-ਭਾਲ ਦੇ ਨਾਲ-ਨਾਲ ਆਪ ਬਾਣੀ ਰਚਨ ਦੀ ਦੁਵੱਲੀ ਪ੍ਰਕਿਰਿਆ ਨੂੰ ਗੁਰੂ ਅਮਰਦਾਸ ਨੇ ਸੱਚ ਦੀ ਪ੍ਰਾਪਤੀ ਕਿਹਾ:
ਵਾਹੁ ਵਾਹੁ ਬਾਣੀ ਸਚੁ ਹੈ ਗੁਰਮੁਖਿ ਲਧੀ ਭਾਲਿ«
ਵਾਹੁ ਵਾਹੁ ਸਬਦੇ ਉਚਰੈ ਵਾਹੁ ਵਾਹੁ ਹਿਰਦੈ ਨਾਲਿ«(514, ਮ.3)
ਗੁਰੂ ਨਾਨਕ ਇਸ ਬਾਣੀ ਦੀ ਰੌਸ਼ਨੀ ਵਿਚ ਸਚਿਆਰੇ ਮਨੁੱਖ ਅਤੇ ਹੱਕ, ਸੱਚ ਤੇ ਨਿਆਂ ਦੇ ਬੋਲਬਾਲੇ ਵਾਲੇ ਸਮਾਜ ਦੀ ਸਿਰਜਣਾ ਕਰਨਾ ਲੋਚਦੇ ਸਨ। ਇਸ ਬਾਣੀ ਦੀ ਗੂੰਜ ਨਾਲ ਆਪ ਲੋਕਾਈ ਨੂੰ ਜਾਗ੍ਰਿਤ ਕਰਨਾ ਚਾਹੁੰਦੇ ਸਨ। ਇਕ ਪਰਮਾਤਮਾ ਦੀ ਸਰਬ ਵਿਆਪਕਤਾ ਦੇ ਸਿਧਾਂਤ ਨੂੰ ਦ੍ਰਿੜ ਕਰਵਾ ਕੇ ਸਭ ਨੂੰ ਮੁਹੱਬਤ ਭਰੀ ਏਕਤਾ ਵਿਚ ਪਰੋਣਾ ਲੋੜਦੇ ਸਨ:
ਜਾਗੁ ਸਲੋਨੜੀਏ ਬੋਲੈ ਗੁਰਬਾਣੀ ਰਾਮ«
ਜਿਨਿ ਸੁਣਿ ਮੰਨਿਅੜੀ ਅਕਥ ਕਹਾਣੀ ਰਾਮ« (844, ਮ.1)
ਵਿਭਿੰਨ ਵਿਚਾਰਾਂ, ਸੰਕਲਪਾਂ ਅਤੇ ਅਭਿਆਸਾਂ ਸੰਬੰਧੀ ਸੰਵਾਦ ਦੀ ਸਭ ਤੋਂ ਉਘੜਵੀਂ ਉਦਾਹਰਣ ਗੁਰੂ ਨਾਨਕ ਦੀ ਸਿਧ ਗੋਸਟਿ ਦੀ ਬਾਣੀ ਹੈ। ਇਸ ਵਿਚ ਆਪ ਦੋ ਪੂਰਬੀ ਪ੍ਰੰਪਰਵਾਂ ਯੋਗ ਮੱਤ ਅਤੇ ਭਗਤੀ ਮਾਰਗ ਦੇ ਸੰਵਾਦ ਵਿਚੋਂ ਗੁਰਮੁਖ ਜਾਂ ਸਚਿਆਰੇ ਮਨੁੱਖ ਦਾ ਮਾਡਲ ਪੇਸ਼ ਕਰਦੇ ਹਨ। ਗੁਰੂ ਨਾਨਕ ਦੀਆਂ ਉਦਾਸੀਆਂ ਦਾ ਵੱਡਾ ਉਦੇਸ਼ ਗੁਰਮਤਿ ਦਰਸ਼ਨ ਜਾਂ ਗੁਰਮਤਿ ਵਿਚਾਰਧਾਰਾ ਦੀ ਸੰਗਠਨਕਾਰੀ ਹੈ। ਇਸ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਗੁਰੂ ਨਾਨਕ ਦੇ ਲੜੀਵਾਰ ਉਤਰਾਧਿਕਾਰੀ ਗੁਰੂਆਂ ਨੇ ਸਿੱਖ ਲਹਿਰ ਖੜ੍ਹੀ ਕੀਤੀ।
ਰੂਪਕ ਪੱਖੋਂ ਗੁਰੂ ਨਾਨਕ ਚਿੰਤਨ ਕਾਵਿ ਰੂਪ ਵਿਚ ਹੈ। ਸਾਧਾਰਨ ਕਾਵਿ ਵਿਚ ਵੀ ਅਰਥਾਂ ਦੀ ਬਹੁਲਤਾ ਹੁੰਦੀ ਹੈ। ਮਹਾਨ ਕਾਵਿ ਦੀ ਮਹਾਨਤਾ ਉਸ ਦੇ ਅਰਥਾਂ ਦੀ ਵਿਸ਼ਾਲਤਾ ਅਤੇ ਸਰਬ ਕਾਲਿਕਤਾ ਵਿਚ ਹੁੰਦੀ ਹੈ। ਹਰ ਪਲ ਤਬਦੀਲੀ ਅਤੇ ਗਤੀਸ਼ੀਲ ਸੰਸਾਰ ਵਿਚ ਗੁਰੂ ਨਾਨਕ ਬਾਣੀ ਨੂੰ ਯੁਗੋ-ਯੁਗ ਅਟੱਲ ਕਹਿਣ ਦਾ ਭਾਵ ਹੈ ਕਿ ਸਰਬ ਸਮਿਆਂ ਵਿਚ ਸਰਬ ਸਥਿਤੀਆਂ ਅਤੇ ਪ੍ਰਸਥਿਤੀਆਂ ਨਾਲ ਨਜਿੱਠਣ ਲਈ ਇਸ ਨੂੰ ਅਰਥਾਇਆ ਜਾ ਸਕਦਾ ਹੈ, ਇਸ ਤੋਂ ਰੌਸ਼ਨੀ ਲਈ ਜਾ ਸਕਦੀ ਹੈ। ਕੋਈ ਪ੍ਰਵਚਨ ਇਕਹਿਰੇ ਅਰਥਾਂ ਵਿਚ ਬੱਝ ਕੇ ਜੜ੍ਹ ਹੋ ਜਾਂਦਾ ਹੈ। ਅਟੱਲਤਾ ਦਾ ਭਾਵ ਅਰਥਾਂ ਦੀ ਲਗਾਤਾਰਤਾ ਅਤੇ ਅਨੰਤਤਾ ਹੈ। ਸ਼ਬਦ ਅਭਿਆਸੀਆਂ ਦਾ ਫਰਜ਼ ਬਣਦਾ ਹੈ ਕਿ ਸੰਸਾਰ ਵਿਚ ਪੈਦਾ ਹੋ ਰਹੇ ਹਰ ਨਵੇਂ ਗਿਆਨ, ਵਿਗਿਆਨ ਅਤੇ ਸੂਚਨਾਵਾਂ ਦੇ ਸੰਦਰਭ ਵਿਚ ਨਾਨਕ ਬਾਣੀ ਨੂੰ ਲਾਹੇਵੰਦ ਅਤੇ ਨਵੀਨਤਮ ਸੰਵਾਦੀ ਲੀਹਾਂ `ਤੇ ਨਵੇਂ ਦਿਸਹੱਦਿਆਂ ਤੱਕ ਅਰਥਾਇਆ ਜਾਵੇ। ਇਸ ਨਾਲ ਹੀ ਗੁਰੂ ਨਾਨਕ ਬਾਣੀ ਦੀ ਵਰਤਮਾਨ ਵਿਚ ਪ੍ਰਸੰਗਿਕਤਾ ਨੂੰ ਪ੍ਰਗਟ ਕੀਤਾ ਜਾ ਸਕਦਾ ਹੈ। ਸ਼ਬਦ ਗੁਰੂ ਦੀ ਇਹੀ ਅਸਲ ਸੇਵਾ ਹੈ।