ਗੁਲਜ਼ਾਰ ਸਿੰਘ ਸੰਧੂ
ਸੰਯੁਕਤ ਕਿਸਾਨ ਮੋਰਚਾ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਅਤੇ ਸਰਕਾਰ ਵਿਚ ਪਿਛਲੇ ਨੌਂ ਮਹੀਨੇ ਤੋਂ ਚਲੇ ਆ ਰਹੇ ਤਣਾਅ ਨੂੰ ਸੇਵਾਮੁਕਤ ਜਸਟਿਸ ਨਵਾਬ ਸਿੰਘ ਦੀ ਅਗਵਾਈ ਵਾਲੀ ਕਮੇਟੀ ਵੀ ਕਿਸੇ ਤਣ-ਪੱਤਣ ਨਹੀਂ ਲਾ ਸਕੀ| ਇਸਦੇ ਬੇਸਿੱਟਾ ਰਹਿਣ ਦਾ ਮੁੱਖ ਕਾਰਨ ਕਿਸਾਨਾਂ ਦੀਆਂ ਮੰਗਾਂ ਨੂੰ ਸਰਕਾਰ ਵਲੋਂ ਨਕਾਰਨਾ ਹੈ| ਧਰਨਾ ਵੀ ਪਹਿਲਾਂ ਵਾਂਗ ਜਾਰੀ ਰਹੇਗਾ ਅਤੇ ਸਰਕਾਰ ਵਲੋਂ ਆਪਣੀ ਜ਼ਿੱਦ ਉਤੇ ਡਟੇ ਰਹਿਣ ਦੀ ਸੂਰਤ ਵਿਚ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਖਨੌੜੀ ਵਿਖੇ ਭੁੱਖ ਹੜਤਾਲ ਉੱਤੇ ਵੀ ਬੈਠ ਸਕਦਾ ਹੈ|
ਦਿੱਲੀ ਤੇ ਇਸਦੇ ਨੇੜਲੇ ਇਲਾਕਿਆਂ ਵਿਚ ਖਾਸ ਕਰਕੇ ਹਰਿਆਣਾ ਤੇ ਪੰਜਾਬ ਦੇ ਰਾਜਾਂ ਵਿਚ, ਪਰਾਲੀ ਸਾੜਨ ਤੇ ਪਟਾਕਿਆਂ ਦੀ ਵਰਤੋਂ ਸਦਕਾ ਪੈਦਾ ਹੋਏ ਪਰਦੂਸ਼ਨ ਨੇ ਵੀ ਸੁਪਰੀਮ ਕੋਰਟ ਦਾ ਧਿਆਨ ਖਿੱਚਿਆ ਹੈ| ਏਥੋਂ ਤੱਕ ਕਿ ਉੱਚਤਮ ਅਦਾਲਤ ਨੂੰ ਸਰਕਾਰ ਤੇ ਸਰਕਾਰੀ ਅਫਸਰਾਂ ਦੀ ਮਿਲੀ ਭੁਗਤ ਉੱਤੇ ਵਰ੍ਹਨਾ ਪਿਆ ਹੈ| ਇਹ ਕਹਿ ਕੇ ਕਿ ਸ਼ੁਧ ਪੌਣ-ਪਾਣੀ ਦੀ ਪ੍ਰਾਪਤੀ ਹਰ ਮਾਨਵ ਦਾ ਬੁਨਿਆਦੀ ਹੱਕ ਹੈ| ਕੋਰਟ ਵਲੋਂ ਸਬੰਧਤ ਰਾਜਾਂ ਅਤੇ ਇਨ੍ਹਾਂ ਦੇ ਨਾਗਰਿਕਾਂ ਤੇ ਅਧਿਕਾਰੀਆਂ ਕੋਲੋਂ ਲੋੜੀਂਦਾ ਉੱਤਰ ਮੰਗਣਾ ਇਸ ਮਸਲੇ ਨੂੰ ਪੂਰਨ ਤੌਰ `ਤੇ ਹੱਲ ਕਰਨ ਦਾ ਵੱਡਾ ਕਦਮ ਹੈ|
ਸੁਪਰੀਮ ਕੋਰਟ ਦੀ ਸੱਜਰੀ ਝਾੜ-ਝੰਬ ਤੇ ਸਖਤੀ ਨੇ ਇਹ ਤੱਥ ਵੀ ਉਜਾਗਰ ਕੀਤਾ ਹੈ ਕਿ ਪਰਾਲੀ ਸਾੜਨ ਦਾ ਬਦਲ ਲੱਭਣਾ ਵੀ ਏਨਾ ਸੌਖਾ ਨਹੀਂ| ਇਸਨੂੰ ਸਰਕਾਰੀ ਤੇ ਗੈਰ-ਸਰਕਾਰੀ ਜਥੇਬੰਦੀਆਂ ਦਾ ਲੋੜੀਂਦਾ ਤਾਲ-ਮੇਲ ਹੀ ਚੰਗੇ ਨਤੀਜੇ ਦੇ ਸਕਦਾ ਹੈ| ਇਸ ਲਈ ਸਰਕਾਰਾਂ ਤੇ ਉਨ੍ਹਾਂ ਦੇ ਅਧਿਕਾਰੀਆਂ ਨੂੰ ਚਾਹੀਦਾ ਹੈ ਕਿ ਕਿਸਾਨ ਜਥੇਬੰਦੀਆਂ ਨੂੰ ਲੋੜੀਂਦੀ ਰਾਸ਼ੀ ਜਾਰੀ ਕਰਨ ਸਮੇਂ ਆਪਣੇ ਪੈਰ ਪਿਛਾਂਹ ਨਾ ਖਿੱਚਣ| ਇਹ ਮਸਲਾ ਮਾਨਵਤਾ ਦੀ ਹੋਂਦ ਤੇ ਟਿਕਾਅ ਨਾਲ ਜੁੜਿਆ ਹੋਇਆ ਹੈ| ਆਸ ਹੈ ਕਿ ਸੁਪਰੀਮ ਕੋਰਟ, ਸਰਕਾਰਾਂ ਤੇ ਜਥੇਬੰਦੀਆਂ ਲੋੜੀਂਦੀ ਕਾਰਵਾਈ ਵਲ ਤੁਰੰਤ ਧਿਆਨ ਦੇਣਗੇ|
ਸ਼ਹੀਦੋਂ ਕੀ ਚਿਤਾਓਂ ਪਰ ਲਗੇਂਗੇ ਹਰ ਬਰਸ ਮੇਲੇ
ਪੰਜਾਬ ਦਾ ਇਤਿਹਾਸ ਸ਼ਹੀਦਾਂ ਦੀਆਂ ਲਾਸਾਨੀ ਕੁਰਬਾਨੀਆਂ ਨਾਲ ਭਰਿਆ ਪਿਆ ਹੈ| ਉਨ੍ਹਾਂ ਨੂੰ ਹਰ ਸਾਲ ਨਵੇਂ ਤੋਂ ਨਵੇਂ ਅੰਦਾਜ਼ ਨਾਲ ਚੇਤੇ ਵੀ ਕੀਤਾ ਜਾਂਦਾ ਹੈ| ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੀ ਕੁਰਬਾਨੀ ਇਨ੍ਹਾਂ ਦਾ ਸਿਰਤਾਜ ਮੰਨੀ ਜਾਂਦੀ ਹੈ| ਜੇ ਬਸਤੀਵਾਦੀ ਗੋਰੀ ਸਰਕਾਰ ਉਨ੍ਹਾਂ ਨੂੰ ਗੁਨਾਹਗਾਰ ਮੰਨਦੀ ਸੀ ਤਾਂ ਉਹ ਡੇਢ ਕਰੋੜ ਭਾਰਤੀਆਂ ਦੇ ਮਨਾਂ ਵਿਚ ਵੀ ਵਸਦੇ ਸਨ|
ਉਨ੍ਹਾਂ ਦੀ ਯਾਦ ਅਜਿਹੇ ਚਾਨਣ ਮੁਨਾਰੇ ਵਾਂਗ ਹੈ ਜਿਹੜੀ ਸਾਲਾਂ ਸਾਲ ਲੋਕਾਂ ਦਾ ਰਾਹ ਦਸੇਰਾ ਬਣੀ ਰਹੇਗੀ|
2024 ਦੇ ਸਤੰਬਰ ਮਹੀਨੇ ਤੋਂ ਇਸਦਾ ਰੂਪ ਹਰੀਸ਼ ਜੈਨ ਦੇ ਨਾਟਕ ‘ਗੁਨਾਹਗਾਰ’ ਦਾ ਰੂਪ ਧਾਰ ਕੇ ਸਾਹਮਣੇ ਆਇਆ ਹੈ| ਕੇਵਲ ਧਾਲੀਵਾਲ ਦੀ ਨਿਰਦੇਸ਼ਨਾ ਹੇਠ ਤਿਆਰ ਹੋਏ ਇਸ ਨਾਟਕ ਦੀ ਪੇਸ਼ਕਾਰੀ ਰੰਗ-ਮੰਚ ਨਾਮੀ ਥੀਏਟਰ ਗਰੁੱਪ ਦੀ ਕਲਾ ਦਾ ਜਾਮਾ ਪਹਿਨ ਕੇ 8 ਅਪ੍ਰੈਲ 1929 ਨੂੰ ਦਿੱਲੀ ਅਸੈਂਬਲੀ ਵਿਚ ਬੰਬ ਫਟਣ ਨਾਲ ਸ਼ੁਰੂ ਹੁੰਦੀ ਹੈ| ਬੰਬ ਸੁੱਟਣ ਵਾਲਿਆਂ ਦੇ ਇਸ ਐਲਾਨ ਨਾਲ ਕਿ ਬੰਬ ਦੀ ਵਰਤੋਂ ਇਸ ਲਈ ਕੀਤੀ ਗਈ ਕਿ ਬੋਲਿਆਂ ਦੇ ਕੰਨ ਖੋਲ੍ਹਣ ਲਈ ਵੱਡੇ ਧਮਾਕੇ ਦੀ ਲੋੜ ਹੁੰਦੀ ਹੈ| ਉਨ੍ਹਾਂ ਦੇ ਇਨ੍ਹਾਂ ਬੋਲਾਂ ਨਾਲ ਕਿ ਇਹ ਅਸੈਂਬਲੀ ਜਿਹੜੇ ਕਾਨੂੰਨ ਬਣਾ ਰਹੀ ਹੈ ਉਹ ਦੇਸ਼ ਦੇ ਹੱਕ ਵਿਚ ਨਹੀਂ ਹਨ| ਇਹ ਵੀ ਕਿ ਬੰਬ ਧਮਾਕੇ ਨੇ ਦੇਸ਼ ਦੀ ਸੁੱਤੀ ਪਈ ਲੋਕਾਈ ਨੂੰ ਹਲੂਣਿਆ ਅਤੇ ‘‘ਇਨਕਲਾਬ ਜਿੰLਦਾਬਾਦ’’ ਦਾ ਨਾਅਰਾ ਗਲੀ-ਗਲੀ ਗੂੰਜਣ ਲੱਗਿਆ| ਇਸ ਅਚਨਚੇਤ ਐਕਸ਼ਨ ਨੇ ਸਰਕਾਰ ਨੂੰ ਹਿਲਾ ਦਿੱਤਾ ਪਰੰਤੂ ਉਨ੍ਹਾਂ ਆਪਣੀਆਂ ਜਾਬਰਾਨਾ ਕਾਰਵਾਈਆਂ ਨੂੰ ਅੰਜਾਮ ਦੇਣ ਲਈ ਦੇਰ ਨਾ ਲਾਈ| ਦਿੱਲੀ ਦੇ ਸੈਸ਼ਨ ਜੱਜ ਨੇ 12 ਜੂਨ 1929 ਨੂੰ ਬਾਮੁਸ਼ੱਕਤ ਉਮਰ ਕੈਦ ਅਤੇ ਕਾਲੇ ਪਾਣੀ ਦੀ ਸਜ਼ਾ ਸੁਣਾ ਦਿੱਤੀ| ਇਸ ਫ਼ੈਸਲੇ ਵਿਰੁੱਧ ਭਗਤ ਸਿੰਘ ਅਤੇ ਬੀ ਕੇ ਦੱਤ ਨੇ ਲਾਹੌਰ ਹਾਈਕੋਰਟ ਵਿਚ ਅਪੀਲ ਦਾਇਰ ਕੀਤੀ ਜਿਸ ਦੀ ਸੁਣਵਾਈ 8 ਜਨਵਰੀ 1930 ਨੂੰ ਜਸਟਿਸ ਸੀਸਿਲ ਫੋਰਡ ਅਤੇ ਜਸਟਿਸ ਐਂਡੀਸਨ ਦੇ ਡਬਲ ਬੈਂਚ ਨੇ ਕੀਤੀ| ਐਡਵੋਕੇਟ ਆਸਫ਼ ਅਲੀ, ਬੀ ਕੇ ਦੱਤ ਵੱਲੋਂ ਪੇਸ਼ ਹੋਏ ਅਤੇ ਭਗਤ ਸਿੰਘ ਨੇ ਆਪਣੀ ਪੈਰਵੀ ਖ਼ੁਦ ਕੀਤੀ| ਸਰਕਾਰ ਅਤੇ ਅਦਾਲਤ ਲਈ ਇਹ ਆਮ ਅਮਨ ਕਾਨੂੰਨ ਦਾ ਮਾਮਲਾ ਸੀ ਜਿਸ ਵਿਚ ਉਨ੍ਹਾਂ ਨੂੰ ਬੰਬ ਸੁੱਟਣ ਵਰਗੇ ਗੰਭੀਰ ਦੋਸ਼ ਹੇਠ ਕਾਨੂੰਨ ਅਨੁਸਾਰ ਬਣਦੀ ਸਜ਼ਾ ਦਿੱਤੀ ਗਈ ਸੀ| ਪਰੰਤੂ ਭਗਤ ਸਿੰਘ ਅਤੇ ਦੱਤ ਵੱਲੋਂ ਇਹ ਵਿਚਾਰਧਾਰਾਵਾਂ ਦਾ ਆਪਸੀ ਟਕਰਾਓ ਸੀ| ਆਜ਼ਾਦੀ ਲਈ ਲੜਨਾ ਹਰ ਮਨੁੱਖ ਦਾ ਕੁਦਰਤੀ ਹੱਕ ਸੀ| ਕੋਈ ਕਾਨੂੰਨ ਅਤੇ ਅਦਾਲਤ ਇਸ ਨੂੰ ਖੋਹ ਨਹੀਂ ਸਕਦੀ| ਬਹਿਸ ਤਿੰਨ ਦਿਨ ਲਗਾਤਾਰ ਚੱਲੀ| ਆਸਫ਼ ਅਲੀ ਵੱਲੋਂ ਇਹ ਇਤਿਹਾਸਕ ਮੁਕੱਦਮਾ ਸੀ| ਭਗਤ ਸਿੰਘ ਨੇ ਆਪਣਾ ਪੱਖ ਪੇਸ਼ ਕਰਦਿਆਂ ਕਿਹਾ ਕਿ ਅਦਾਲਤ ਨੂੰ ਇਸ ਧਮਾਕੇ ਪਿੱਛੇ ਕੰਮ ਕਰਦੀਆਂ ਸਾਰੀਆਂ ਭਾਵਨਾਵਾਂ `ਤੇ ਗੌਰ ਕਰਨਾ ਚਾਹੀਦਾ ਹੈ| ਭਗਤ ਸਿੰਘ ਨੇ ਕਿਹਾ ਹੈ ਕਿ ਕਾਨੂੰਨ ਸਾਧਨ ਮਾਤਰ ਹੈ ਉਦੇਸ਼ ਨਹੀਂ| ਉਦੇਸ਼ ਤਾਂ ਨਿਆਂ ਹੈ| ਅਦਾਲਤ ਨੂੰ ਕਾਨੂੰਨ ਤੋਂ ਜ਼ਿਆਦਾ ਨਿਆਂ ਵੱਲ ਧਿਆਨ ਦੇਣਾ ਚਾਹੀਦਾ ਹੈ| ਫੈਸਲਾ ਤੇ ਉਹ ਹੀ ਹੋਣਾ ਸੀ| ਉਨ੍ਹਾਂ ਦੀ ਸਜ਼ਾ ਬਰਕਰਾਰ ਰਹੀ ਪਰੰਤੂ ਉਨ੍ਹਾਂ ਲਈ ਤਾਂ ਲੜਾਈ ਆਪਣੀ ਵਿਚਾਰਧਾਰਾ ਨੂੰ ਲੋਕਾਂ ਤਕ ਲੈ ਕੇ ਜਾਣ ਦੀ ਸੀ|
ਹਰੀਸ਼ ਜੈਨ ਦਾ ਇਹ ਨਾਟਕ ‘ਗੁਨਾਹਗਾਰ’ ਉਨ੍ਹਾਂ ਦੀ ਜੱਦੋ-ਜਹਿਦ ਦੀ ਤਰਜ਼ਮਾਨੀ ਕਰਦਾ ਹੈ| ਵਿਦੇਸ਼ੀ ਅਦਾਲਤ ਦੀਆਂ ਕੁਲ ਰੁਕਾਵਟਾਂ ਦੇ ਬਾਵਜੂਦ ਭਗਤ ਸਿੰਘ ਨੇ ਆਪਣੇ ਵਿਚਾਰ ਬੇਰੋਕ ਪੇਸ਼ ਕੀਤੇ| ਭਾਰਤ ਦੇ ਆਜ਼ਾਦੀ ਸੰਘਰਸ਼ ਦੀ ਇਹ ਲਾਸਾਨੀ ਅਤੇ ਬੇਮਿਸਾਲ ਕਹਾਣੀ ਹੈ ਜਿਸ `ਤੇ ਹੁਣ ਤਕ ਕੋਈ ਗੌਰ ਨਹੀਂ ਕੀਤਾ ਗਿਆ| ਇਸ ਕੇਸ ਵਿਚ ਲੋਕਾਂ ਤੇ ਸਰਕਾਰ ਦੀ ਇੰਨੀ ਦਿਲਚਸਪੀ ਸੀ ਕਿ ਹਾਈਕੋਰਟ ਦੇ ਪੰਜ ਜੱਜਾਂ ਦੀਆਂ ਬੀਵੀਆਂ ਬਹਿਸ ਸੁਣਨ ਆਈਆਂ ਅਤੇ ਅਦਾਲਤ ਵਿਚ ਪੂਰਾ ਦਿਨ ਹਾਜ਼ਰ ਰਹੀਆਂ| ਹਰੀਸ਼ ਜੈਨ ਦਾ ਲਿਖਿਆ ਅਤੇ ਕੇਵਲ ਧਾਲੀਵਾਲ ਦਾ ਨਿਰਦੇਸ਼ਿਤ ਕੀਤਾ ਇਹ ਨਾਟਕ ਉਨ੍ਹਾਂ ਯਾਦਗਾਰੀ ਤਿੰਨ ਦਿਨਾਂ ਦੀ ਦਾਸਤਾਨ ਹੂਬਹੂ ਪੇਸ਼ ਕਰਦਾ ਹੈ ਅਤੇ ਦਰਸ਼ਕ ਨੂੰ ਮਹਿਸੂਸ ਹੁੰਦਾ ਹੈ ਜਿਵੇਂ ਉਹ ਲਾਹੌਰ ਹਾਈਕੋਰਟ ਦੇ ਕਮਰੇ ਵਿਚ ਹੀ ਬੈਠਾ ਹੋਵੇ| ਇਹ ਨਾਟਕ ਅੰਮ੍ਰਿਤਸਰ ਦੇ ਵਿਰਸਾ ਵਿਹਾਰ ਭਵਨ ਤੇ ਗੁਰਬਖਸ਼ ਸਿੰਘ ਪ੍ਰੀਤ ਲੜੀ ਦੇ ਪ੍ਰੀਤ ਨਗਰ ਤੇ ਚੰਡੀਗੜ੍ਹ ਵਿਚ ਐਮ ਐਸ ਰੰਧਾਵਾ ਵਲੋਂ ਸਥਾਪਤ ਪੰਜਾਬ ਕਲਾ ਭਵਨ ਵਿਚ ਖੇਡਿਆ ਜਾ ਚੁੱਕਿਆ ਹੈ| ਨਾਟਕ ਦੀ ਕਹਾਣੀ, ਨਿਰਦੇਸ਼ਨ, ਅਦਾਕਾਰੀ ਸੰਗੀਤ ਅਤੇ ਰੌਸ਼ਨੀ ਦਰਸ਼ਕ ’ਤੇ ਬੱਝਵਾਂ ਪ੍ਰਭਾਵ ਸਿਰਜਦੇ ਹਨ ਅਤੇ ਦਰਸ਼ਕ ਬਦੋਬਦੀ ਭਗਤ ਸਿੰਘ ਦੇ ਨਾਲ ‘ਇਨਕਲਾਬ ਜ਼ਿੰਦਾਬਾਦ’ ਦੇ ਨਾਅਰੇ ਨਾਲ ਜੁੜ ਜਾਂਦੇ ਹਨ| ਇਹ ਨਾਅਰਾ ਜਿੰਨਾ ਆਪਣੇ ਸਮੇਂ ਅਰਥ ਭਰਪੂਰ ਸੀ ਅਤੇ ਸਾਮਰਾਜ ਨੂੰ ਵੰਗਾਰਦਾ ਸੀ, ਅੱਜ ਵੀ ਓਨਾ ਹੀ ਅਰਥ ਭਰਪੂਰ ਹੈ|
ਜਿਸ ਦਿਨ ਇਹ ਨਾਟਕ ਪੰਜਾਬ ਕਲਾ ਭਵਨ ਵਿਚ ਖੇਡਿਆ ਗਿਆ ਦਰਸ਼ਕਾਂ ਵਿਚ ਦਾਸ ਵੀ ਹਾਜ਼ਰ ਸੀ| ਗੁਨਾਹਗਾਰ ਭਗਤ ਸਿੰਘ ਤੇ ਐਡਵੋਕੇਟ ਆਸਿਫ ਅਲੀ ਦੇ ਬੋਲਾਂ ਵਿਚ ਜਾਨ ਸੀ ਤੇ ਗੋਰੇ ਜੱਜ ਦੀ ਅਦਾਕਾਰੀ ਸਭ ਨੂੰ ਮਾਤ ਪਾਉਂਦੀ ਸੀ| ਜਿਰਾਹ ਸੁਣਨ ਆਈਆਂ ਜੱਜ ਗੋਰੀਆਂ ਨੂੰ ਵੀ ਜਿਨ੍ਹਾਂ ਦੀ ਕਚਹਿਰੀ ਵਿਚ ਹਾਜ਼ਰੀ ਨੇ ਹਰੀਸ਼ ਜੈਨ ਨੂੰ ਇਹ ਨਾਟਕ ਲਿਖਣ ਲਈ ਉਤਸ਼ਾਹਤ ਕੀਤਾ| ਨਿਰਦੇਸ਼ਕ ਧਾਲੀਵਾਲ ਨੇ ਸਮਾਂ ਤੇ ਸਥਾਨ ਦੀਆਂ ਸੀਮਾਵਾਂ ਅਨੁਸਾਰ ਸੰਦੇਸ਼ ਉੱਤੇ ਦੋ ਜੱਜਾਂ ਦੀ ਥਾਂ ਕੇਵਲ ਇਕ ਜੱਜ ਵਿਖਾਇਆ ਹੈ ਤੇ ਜੱਜਾਂ ਦੀਆਂ ਬੀਵੀਆਂ ਵੀ ਪੰਜ ਦੀ ਥਾਂ ਦੋ ਹੀ ਦਿਖਾਈਆਂ ਹਨ|
ਅੰਤਿਕਾ
—ਹਰਦਮ ਮਾਨ—
ਅਜੇ ਤਾਂ ਬਹੁਤ ਕੁਝ ਰਹਿੰਦਾ ਹੈ ਤਾਅ ਕਰਨਾ ਜ਼ਮੀਨ ਉੱਤੇ
ਕਰਾਂਗੇ ਫੇਰ ਕੋਈ ਗੱਲ ਦਿੱਸਦੇ ਤੋਂ ਅਗਾਹਾਂ ਦੀ
ਅਸਾਡੇ ਰਸਤਿਆਂ ’ਚੋਂ ਖੁਦ ਪਹਾੜਾਂ ਨੇ ਪਰੇ ਹੋਣਾ
ਜਦੋਂ ਵੀ ਜੁੜ ਗਈ ਸ਼ਕਤੀ ਇਨ੍ਹਾਂ ਸੇਜੋੜ ਬਾਤਾਂ ਦੀ।