ਟਰੰਪ ਦੀ ਵਾਰੀ

ਉਘਾ ਧਨਾਢ ਡੋਨਲਡ ਟਰੰਪ ਇਕ ਵਾਰ ਫਿਰ ਵ੍ਹਾਈਟ ਹਾਊਸ ਪੁੱਜਣ ਵਿਚ ਕਾਮਯਾਬ ਹੋ ਗਿਆ ਹੈ। ਉਸ ਨੇ ਆਪਣੀ ਜੇਤੂ ਤਕਰੀਰ ਵਿਚ ਬਹੁਤ ਸਾਰੀਆਂ ਗੱਲਾਂ ਸਪਸ਼ਟ ਕਰ ਦਿੱਤੀਆਂ ਹਨ ਜਿਨ੍ਹਾਂ ਵਿਚੋਂ ਇਕ ਰੂਸ-ਯੂਕਰੇਨ ਜੰਗ ਬੰਦ ਕਰਵਾਉਣਾ ਵੀ ਹੈ। ਆਪਣੀ ਪ੍ਰਚਾਰ ਮੁਹਿੰਮ ਦੌਰਾਨ ਵੀ ਉਹ ਵਾਰ-ਵਾਰ ਐਲਾਨ ਕਰਦਾ ਰਿਹਾ ਹੈ ਕਿ ਉਹ ਜੰਗਾਂ ਦੇ ਹੱਕ ਵਿਚ ਨਹੀਂ ਸਗੋਂ ਅਮਨ-ਅਮਾਨ ਚਾਹੁੰਦਾ ਹੈ।

ਰੂਸ-ਯੂਕਰੇਨ ਜੰਗ ਦਾ ਮੁੱਖ ਕਾਰਨ ‘ਨਾਟੋ’ ਹੈ ਅਤੇ ਨਾਟੋ ਬਾਰੇ ਟਰੰਪ ਨੇ ਆਪਣੀ ਰਾਏ ਪਹਿਲਾਂ ਹੀ ਖੁੱਲ੍ਹ ਕੇ ਦੱਸੀ ਹੋਈ ਹੈ। ਉਸ ਦਾ ਕਹਿਣਾ ਹੈ ਕਿ ਅਮਰੀਕਾ ਹੋਰ ਮੁਲਕਾਂ ਵਿਚ ਆਪਣੀਆਂ ਫੌਜਾਂ ਭੇਜ ਕੇ ਆਪਣੇ ਵਸੀਲਿਆਂ ਦਾ ਘਾਣ ਕਿਉਂ ਕਰਵਾਏ? ਹੁਣ ਖਬਰਾਂ ਆਈਆਂ ਹਨ ਕਿ ਉਸ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨਾਲ ਫੋਨ ‘ਤੇ ਗੱਲਬਾਤ ਕੀਤੀ ਹੈ। ਰਾਸ਼ਟਰਪਤੀ ਦੀ ਚੋਣ ਜਿੱਤਣ ਤੋਂ ਬਾਅਦ ਉਸ ਨੇ ਤਕਰੀਬਨ 70 ਮੁਲਕਾਂ ਦੇ ਮੁਖੀਆਂ ਨਾਲ ਫੋਨ `ਤੇ ਗੱਲਬਾਤ ਕੀਤੀ। ਵਲਾਦੀਮੀਰ ਪੂਤਿਨ ਨਾਲ ਹੋਈ ਗੱਲਬਾਤ ਦੀ ਅਜੇ ਭਾਵੇਂ ਪੁਸ਼ਟੀ ਨਹੀਂ ਹੋਈ ਹੈ ਸਗੋਂ ਰੂਸ ਨੇ ਇਸ ਗੱਲਬਾਤ ਤੋਂ ਸਾਫ ਇਨਕਾਰ ਕੀਤਾ ਹੈ ਪਰ ਇਕ ਗੱਲ ਹੁਣ ਸਪਸ਼ਟ ਹੈ ਕਿ ਰੂਸ-ਯੂਕਰੇਨ ਜੰਗ ਅਮਰੀਕਾ ਦੇ ਏਜੰਡੇ `ਤੇ ਹੋਵੇਗੀ। ਇਹੀ ਕਾਰਨ ਹੈ ਕਿ ਯੂਕਰੇਨ ਦੇ ਰਾਸ਼ਪਰਪਤੀ ਨੂੰ ਫਿਕਰ ਪੈ ਗਿਆ ਹੈ। ਇਸ ਜੰਗ ਦਾ ਅਸਰ ਸੰਸਾਰ ਪੱਧਰ `ਤੇ ਪੈ ਰਿਹਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਇਸ ਜੰਗ ਕਰ ਕੇ ਸੰਸਾਰ ਭਰ ਵਿਚ ਮਹਿੰਗਾਈ ਵਧੀ ਹੈ। ਉਂਝ ਵੀ ਡੋਨਲਡ ਟਰੰਪ ਅਤੇ ਵਲਾਦੀਮੀਰ ਪੂਤਿਨ ਵਿਚਕਾਰ ਪੁਰਾਣਾ ਰਾਬਤਾ ਕਿਸੇ ਤੋਂ ਲੁਕਿਆ ਨਹੀਂ। ਇਸ ਲਈ ਸਭ ਦੀ ਸਾਂਝੀ ਰਾਏ ਹੈ ਕਿ ਜੇ ਰੂਸ-ਯੂਕਰੇਨ ਜੰਗ ਰੁਕਦੀ ਹੈ ਤਾਂ ਇਸ ਨਾਲ ਕਈ ਪੱਖਾਂ ਤੋਂ ਸੰਸਾਰ ਦਾ ਭਲਾ ਹੀ ਹੋਵੇਗਾ। ਇਜ਼ਰਾਈਲ ਵੱਲੋਂ ਫਲਸਤੀਨੀਆਂ ਦੇ ਕੀਤੇ ਜਾ ਰਹੇ ਘਾਣ ਬਾਰੇ ਟਰੰਪ ਦਾ ਕੀ ਰਵੱਈਆ ਹੋਵੇਗਾ, ਇਸ ਬਾਰੇ ਪੱਕ ਨਾਲ ਨਹੀਂ ਕਿਹਾ ਜਾ ਸਕਦਾ। ਇਸ ਖਿੱਤੇ ਨੂੰ ਅਮਰੀਕਾ ਰਣਨੀਤਕ ਤੌਰ ‘ਤੇ ਬਹੁਤ ਅਹਿਮ ਮੰਨਦਾ ਹੈ। ਇਸ ਖਿੱਤੇ ਵਿਚ ਅਮਰੀਕਾ ਦਾ ਇਰਾਨ ਨਾਲ ਸਿੱਧਾ ਪੇਚਾ ਪੈਂਦਾ ਰਿਹਾ ਹੈ।
ਦੂਜਾ ਅਹਿਮ ਮਸਲਾ ਵਾਤਾਵਰਨ ਨਾਲ ਜੁੜਿਆ ਹੋਇਆ ਹੈ ਜਿਸ ਬਾਰੇ ਮਾਹਿਰਾਂ ਦੇ ਫਿਕਰ ਸਾਹਮਣੇ ਆਏ ਹਨ। ਆਪਣੇ ਪਿਛਲੇ ਕਾਰਜਕਾਲ ਦੌਰਾਨ ਟਰੰਪ ਨੇ ਵਾਤਾਵਰਨ ਬਾਰੇ ਪੈਰਿਸ ਸੰਧੀ ਦਾ ਜੋ ਹਾਲ ਕੀਤਾ ਸੀ, ਉਸ ਤੋਂ ਸਾਰਾ ਸੰਸਾਰ ਭਲੀਭਾਂਤ ਵਾਕਿਫ ਹੈ। ਟਰੰਪ ਨੇ ਇਸ ਸੰਧੀ ਨੂੰ ਮੰਨਣ ਤੋਂ ਸਾਫ ਇਨਕਾਰ ਕਰ ਦਿੱਤਾ ਸੀ ਅਤੇ ਟਰੰਪ ਦਾ ਪ੍ਰਛਾਵਾਂ ਇਸ ਸੰਧੀ ਉਤੇ ਪੈਣਾ ਹੀ ਪੈਣਾ ਹੈ। ਉਂਝ, ਇਸ ਵਕਤ ਵਾਤਾਵਰਨ ਦਾ ਜੋ ਹਾਲ ਹੈ, ਉਹ ਬਹੁਤਾ ਸੁਖਾਵਾਂ ਨਹੀਂ। ਕਿਹਾ ਜਾ ਰਿਹਾ ਹੈ ਕਿ ਜੇ ਵਾਤਾਵਰਨ ਵਿਚ ਪੈ ਰਹੇ ਵਿਗਾੜ ਤੁਰੰਤ ਰੋਕੇ ਨਾ ਗਏ ਤਾਂ ਆਉਣ ਵਾਲੇ ਸਮੇਂ ਵਿਚ ਸਮੁੱਚੇ ਸੰਸਾਰ ਨੂੰ ਬਹੁਤ ਵੱਡਾ ਨੁਕਸਾਨ ਸਹਿਣਾ ਪੈ ਸਕਦਾ ਹੈ।
ਭਾਰਤ ਦੇ ਮਾਮਲੇ ਵਿਚ ਚੰਗੀਆਂ ਖਬਰਾਂ ਇਹ ਆਈਆਂ ਹਨ ਕਿ ਟਰੰਪ ਸਿਖਰਲੇ ਅਹੁਦਿਆਂ ਲਈ ਜਿਹੜੇ ਦੋ ਨਾਵਾਂ ‘ਤੇ ਵਿਚਾਰ ਕਰ ਰਿਹਾ ਹੈ, ਉਨ੍ਹਾਂ ਵਿਚ ਫਲੋਰਿਡਾ ਦੇ ਸੈਨੇਟਰ ਮਾਰਕੋ ਰੂਬੀਓ ਅਤੇ ਨੁਮਾਇੰਦਾ ਸਦਨ ਦੇ ਮਿਸ਼ੇਲ ਵਾਲਟਜ਼ ਸ਼ਾਮਿਲ ਹਨ। ਇਨ੍ਹਾਂ ਦੋਹਾਂ ਆਗੂਆਂ ਬਾਰੇ ਮੰਨਿਆ ਜਾਂਦਾ ਹੈ ਕਿ ਇਹ ਬਹੁਤ ਸਾਰੇ ਮਾਮਲਿਆਂ ਵਿਚ ਭਾਰਤ ਪੱਖੀ ਅਤੇ ਚੀਨ ਵਿਰੋਧੀ ਹਨ। ਚਰਚਾ ਇਹ ਵੀ ਹੈ ਕਿ ਟਰੰਪ ਮਾਰਕੋ ਰੂਬੀਓ ਨੂੰ ਆਪਣਾ ਵਿਦੇਸ਼ ਮੰਤਰੀ ਨਾਮਜ਼ਦ ਕਰ ਸਕਦਾ ਹੈ। ਅਸਲ ਵਿਚ ਟਰੰਪ ਨੇ ਕੀ ਫੈਸਲਾ ਕਰਨਾ ਹੈ ਅਤੇ ਕਿਸ ਰੁਖ ਜਾਣਾ ਹੈ, ਇਸ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ। ਆਪਣੀ ਪ੍ਰਚਾਰ ਮੁਹਿੰਮ ਦੌਰਾਨ ਉਹ ਭਾਰਤ ਬਾਰੇ ਅਕਸਰ ਗੱਲਾਂ ਕਰਦਾ ਰਿਹਾ ਹੈ। ਉਸ ਨੇ ਭਾਰਤ ਦੀ ਇਸ ਗੱਲੋਂ ਤਿੱਖੀ ਨੁਕਤਾਚੀਨੀ ਕੀਤੀ ਸੀ ਕਿ ਭਾਰਤ ਅਮਰੀਕੀ ਵਸਤਾਂ ਉਤੇ ਵੱਧ ਟੈਕਸ ਵਸੂਲ ਕਰ ਰਿਹਾ ਹੈ। ਇਸ ਪੱਖ ਤੋਂ ਉਸ ਨੇ ਭਾਰਤ ਨੂੰ ਸਭ ਤੋਂ ਵੱਡਾ ਸ਼ੋਸ਼ਣਕਾਰੀ ਦੇਸ਼ ਤੱਕ ਆਖ ਦਿੱਤਾ ਸੀ ਅਤੇ ਸੰਕੇਤ ਦਿੱਤੇ ਸਨ ਕਿ ਭਾਰਤੀ ਵਸਤਾਂ ਉਤੇ ਵੀ ਟੈਕਸ ਵਧਾਏ ਜਾ ਸਕਦੇ ਹਨ। ਅਮਰੀਕਾ ਅੰਦਰ ਭਾਰਤ ਤੋਂ 75 ਅਰਬ ਡਾਲਰ ਤੋਂ ਵੱਧ ਦੀਆਂ ਵਸਤਾਂ ਆਉਂਦੀਆਂ ਹਨ। ਇਸੇ ਕਰ ਕੇ ਭਾਰਤੀ ਵਪਾਰੀਆਂ ਨੂੰ ਖਦਸ਼ਾ ਹੈ ਕਿ ਇਨ੍ਹਾਂ ਵਸਤਾਂ ਉਤੇ ਅਮਰੀਕਾ ਟੈਕਸ ਵਧਾ ਸਕਦਾ ਹੈ। ਇਹੀ ਨਹੀਂ, ਆਪਣੇ ਪਿਛਲੇ ਕਾਰਜਕਾਲ ਦੌਰਾਨ ਟਰੰਪ ਨੇ ਐੱਚ-1ਬੀ ਵੀਜ਼ਿਆਂ ਦੀ ਗਿਣਤੀ ਘਟਾ ਦਿੱਤੀ ਸੀ ਜਿਸ ਦਾ ਅਸਰ ਹੋਰ ਮੁਲਕਾਂ ਦੇ ਨਾਲ-ਨਾਲ ਭਾਰਤ ਉਤੇ ਵੀ ਪਿਆ ਸੀ। ਉਸ ਨੇ ਆਪਣੀ ਪ੍ਰਚਾਰ ਮੁਹਿੰਮ ਦੌਰਾਨ ਇਹ ਐਲਾਨ ਵੀ ਕੀਤਾ ਸੀ ਕਿ ਮੁਲਕ ਵਿਚੋਂ ਹੁਣ ਤੱਕ ਦੀ ਸਭ ਤੋਂ ਵੱਡੀ ਡੀਪੋਰਟੇਸ਼ਨ ਕੀਤੀ ਜਾਵੇਗੀ। ਇਸ ਦਾ ਸਿੱਧਾ ਜਿਹਾ ਭਾਵ ਇਹ ਹੈ ਕਿ ਕੱਚੇ ਪਰਵਾਸੀਆਂ ਨੂੰ ਮੁਲਕ ਵਿਚੋਂ ਕੱਢ ਦਿੱਤਾ ਜਾਵੇਗਾ। ਇਸੇ ਕਰ ਕੇ ਪਰਵਾਸੀ ਅੰਦਰ ਬਹੁਤ ਹਲਚਲ ਮੱਚੀ ਹੋਈ ਹੈ। ਖਬਰਾਂ ਦੱਸਦੀਆਂ ਹਨ ਕਿ ਅਜਿਹੇ ਲੋਕ ਕੈਨੇਡਾ ਜਾਣ ਬਾਰੇ ਸੋਚਣ ਲੱਗ ਪਏ ਹਨ ਜਿੱਥੇ ਰੁਜ਼ਗਾਰ ਦਾ ਪਹਿਲਾਂ ਹੀ ਮਾੜਾ ਹਾਲ ਹੈ। ਉਥੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀਆਂ ਖੁੱਲ੍ਹੀਆਂ ਪਰਵਾਸ ਨੀਤੀਆਂ ਕਾਰਨ ਪਿਛਲੇ ਪੰਜ-ਸੱਤ ਸਾਲਾਂ ਵਿਚ ਲੱਖਾਂ ਦੀ ਗਿਣਤੀ ਵਿਚ ਲੋਕ ਕੈਨੇਡਾ ਪੁੱਜੇ ਹਨ ਅਤੇ ਹੁਣ ਉਥੇ ਰਿਹਾਇਸ਼ ਦੇ ਪ੍ਰਬੰਧ ਕਰਨੇ ਮੁਸ਼ਕਿਲ ਹੋ ਰਹੇ ਹਨ।
ਪਿਛਲੇ ਕੁਝ ਸਮੇਂ ਦੌਰਾਨ ਅਮਰੀਕਾ ਨੇ ਭਾਰਤ ਉਤੇ ਸ਼ਿਕੰਜਾ ਉਂਝ ਹੀ ਕੱਸਿਆ ਹੋਇਆ ਹੈ। ਅਮਰੀਕਾ ਵਿਚ ਰਹਿੰਦੇ ਵੱਖਵਾਦੀ ਆਗੂ ਗੁਰਪਤਵੰਤ ਸਿੰਘ ਪਨੂੰ ਦੇ ਕੇਸ ਕਾਰਨ ਦੋਵੇਂ ਦੇਸ਼ਾਂ ਦੇ ਸਬੰਧਾਂ `ਚ ਤਰੇੜ ਪੈ ਚੁੱਕੀ ਹੈ। ਮਾਹਿਰਾਂ ਦੀ ਰਾਏ ਹੈ ਕਿ ਅਮਰੀਕਾ ਇਸ ਕੇਸ ਰਾਹੀਂ ਭਾਰਤ ਦੀ ਬਾਂਹ ਮਰੋੜ ਕੇ ਇਸ ਨੂੰ ਚੀਨ ਖਿਲਾਫ ਵਰਤਣਾ ਚਾਹ ਰਿਹਾ ਹੈ। ਇਸ ਵਕਤ ਚੀਨ ਬਹੁਤ ਸਾਰੇ ਖੇਤਰਾਂ ਵਿਚ ਅਮਰੀਕਾ ਦਾ ਸ਼ਰੀਕ ਬਣਿਆ ਹੋਇਆ ਹੈ।