ਕੁਦਰਤ ਕੌਰ
ਕਿਸੇ ਵੇਲੇ ਆਪਣੀ ਪਹਿਲੀ ਹੀ ਫਿਲਮ ‘ਮੈਨੇ ਪਿਆਰ ਕੀਆ’ ਨਾਲ ਫਿਲਮੀ ਦੁਨੀਆ ਵਿਚ ਧੁੰਮਾਂ ਪਾਉਣ ਵਾਲੀ ਅਦਾਕਾਰਾ ਭਾਗਿਆਸ਼ਿਰੀ ਦਾ ਕਹਿਣਾ ਹੈ ਕਿ ਫਿਲਮ ਵਿਚ ਭੂਮਿਕਾ ਭਾਵੇਂ ਕੁਝ ਮਿੰਟਾਂ ਦੀ ਹੋਵੇ ਪਰ ਇਹ ਭੂਮਿਕਾ ਸਾਰਥਕ ਹੋਣੀ ਚਾਹੀਦੀ ਹੈ। ਉਹ ਦਾਅਵਾ ਕਰਦੀ ਹੈ ਕਿ ਤੁਸੀਂ ਕਿਸੇ ਫਿਲਮ ਵਿਚ 10 ਮਿੰਟ ਦੀ ਭੂਮਿਕਾ ਵਿਚ ਵੀ ਆਪਣੀ ਅਦਾਕਾਰੀ ਦਾ ਜਲਵਾ ਦਿਖਾ ਸਕੇ ਹੋ।
‘ਮੈਨੇ ਪਿਆਰ ਕੀਆ’ ਫਿਲਮ ਭਾਗਿਆਸ਼ਿਰੀ ਅਤੇ ਸਲਮਾਨ ਖਾਨ ਦੀ ਬਤੌਰ ਹੀਰੋ-ਹੀਰੋਇਨ ਪਲੇਠੀ ਫਿਲਮ ਸੀ। 29 ਦਸੰਬਰ 1989 ਨੂੰ ਰਿਲੀਜ਼ ਹੋਈ ਫਿਲਮ ਦੀਆਂ ਚਾਰੇ ਪਾਸੇ ਧੁੰਮਾਂ ਪੈ ਗਈਆਂ ਸਨ ਅਤੇ ਇਸ ਦੇ ਨਾਲ ਹੀ ਫਿਲਮੀ ਦੁਨੀਆ ਨੂੰ ਇਹ ਦੋ ਵਧੀਆ ਅਦਾਕਾਰ ਮਿਲ ਗਏ। ਇਸ ਫਿਲਮ ਦਾ ਕੁੱਲ ਬਜਟ ਇਕ ਕਰੋੜ ਰੁਪਏ ਸੀ ਜੋ ਉਸ ਵਕਤ ਦੇ ਖਰਚੇ ਅਨੁਸਾਰ ਬਹੁਤ ਜ਼ਿਆਦਾ ਮੰਨਿਆ ਗਿਆ ਸੀ ਪਰ ਇਸ ਫਿਲਮ ਨੇ 45 ਕਰੋੜ ਰੁਪਏ ਦਾ ਕਾਰੋਬਾਰ ਕਰ ਕੇ ਇਸ ਫਿਲਮ ਨਾਲ ਜੁੜੇ ਸਾਰੇ ਲੋਕਾਂ ਦੀ ਚਾਂਦੀ ਕਰ ਦਿੱਤੀ। ਫਿਲਮ ਸੂਰਜ ਬੜਜਾਤੀਆ ਨੇ ਨਿਰਦੇਸ਼ਤ ਕੀਤੀ ਸੀ। ਇਸ ਫਿਲਮ ਦੀ ਕਹਾਣੀ ਐੱਸ.ਐੱਮ ਅਹਾਲੇ ਦੀ ਸੀ ਅਤੇ ਪਟਕਥਾ ਤੇ ਡਾਇਲਾਗ ਖੁਦ ਸੂਰਜ ਬੜਜਾਤੀਆ ਨੇ ਲਿਖੇ ਸਨ। ਸਲਮਾਨ ਖਾਨ ਅਤੇ ਭਾਗਿਆਸ਼ਿਰੀ ਤੋਂ ਇਲਾਵਾ ਇਸ ਫਿਲਮ ਵਿਚ ਅਲੋਕ ਨਾਥ, ਰੀਮਾ ਲਾਗੂ, ਅਜੀਤ ਵਛਾਨੀ, ਮੋਹਨੀਸ਼ ਬਹਿਲਦੀਆਂ ਅਹਿਮ ਭੂਮਿਕਾਵਾਂ ਸਨ।
ਭਾਗਿਆਸ਼ਿਰੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ 1987 ਵਿਚ ਟੈਲੀਵਿਜ਼ਨ ਸੀਰੀਅਲ ‘ਕੱਚੀ ਧੂਪ’ ਨਾਲ ਕੀਤਾ ਸੀ। ਇਹ ਸੀਰੀਅਲ ਲੂਈਸਾ ਮੇਅ ਐਲਕਟ ਦੀ ਰਚਨਾ ‘ਲਿਟਲ ਵਿਮੈੱਨ’ ਉਤੇ ਆਧਾਰਿਤ ਸੀ। ਇਸ ਸਮੇਂ ਦੌਰਾਨ ਪ੍ਰਸਿੱਧ ਅਦਾਕਾਰ-ਫਿਲਮਸਾਜ਼ ਅਮੋਲ ਪਾਲੇਕਰ ਨੇ ਉਸ ਨੂੰ ਇਕ ਰੋਲ ਦੀ ਪੇਸ਼ਕਸ਼ ਕੀਤੀ ਸੀ ਪਰ ਭਾਗਿਆਸ਼ਿਰੀ ਨੇ ਇਹ ਪੇਸ਼ਕਸ਼ ਠੁਕਰਾ ਦਿੱਤੀ ਸੀ। ਫਿਰ 1989 ਵਿਚ ਉਸ ਨੂੰ ਫਿਲਮ ‘ਮੈਨੇ ਪਿਆਰ ਕੀਆ’ ਮਿਲ ਗਈ ਅਤੇ ਇਸ ਦੇ ਨਾਲ ਹੀ ਉਸ ਦੇ ਵਾਰੇ-ਨਿਆਰੇ ਹੋ ਗਏ। ਇਸ ਤੋਂ ਬਾਅਦ ਉਸ ਦਾ ਵਿਆਹ ਹਿਮਾਲਿਆ ਦਸਾਨੀ ਨਾਲ ਹੋ ਗਿਆ ਅਤੇ ਆਪਣੇ ਪਤੀ ਨੂੰ ਫਿਲਮਾਂ ਦਾ ਹੀਰੋ ਬਣਾਉਣ ਦੇ ਗੇੜ ਵਿਚ ਭਾਗਿਆਸ਼ਿਰੀ ਆਪਣਾ ਕਰੀਅਰ ਵੀ ਖਰਾਬ ਕਰ ਬੈਠੀ। ਆਪਣੇ ਪਤੀ ਹਿਮਾਲਿਆ ਦਸਾਨੀ ਨਾਲ ਉਸ ਦੀਆਂ ਤਿੰਨ ਫਿਲਮਾਂ ‘ਕੈਦ ਮੇਂ ਹੈ ਬੁਲਬੁਲ’, ‘ਤਿਆਗੀ’ ਅਤੇ ‘ਪਾਇਲ’ ਰਿਲੀਜ਼ ਹੋਈਆਂ। ਇਹ ਤਿੰਨੇ ਫਿਲਮ ਸਾਲ 1992 ਵਿਚ ਆਈਆਂ ਸਨ। ਇਸ ਤੋਂ ਬਾਅਦ ਭਾਗਿਆਸ਼ਿਰੀ ਦਾ ਕਰੀਅਰ ਤਕਰੀਬਨ ਤਬਾਹ ਹੀ ਹੋ ਗਿਆ। 1993 ਵਿਚ ਆਈ ਫਿਲਮ ‘ਘਰ ਆਇਆ ਮੇਰਾ ਪਰਦੇਸੀ’ ਉਸ ਦੇ ਕਰੀਅਰ ਨੂੰ ਠੁੰਮਣਾ ਨਹੀਂ ਦੇ ਸਕੀ। ਫਿਰ ਚਾਰ ਸਾਲ ਉਸ ਦੀ ਕੋਈ ਫਿਲਮ ਰਿਲੀਜ਼ ਨਹੀਂ ਹੋਈ। ਦਰਸ਼ਕ ਵੀ ਉਸ ਨੂੰ ਭੁਲ-ਭੁਲਾ ਗਏ। ਫਿਰ 1997 ਵਿਚ ਉਸ ਦੀਆਂ ਦੋ ਫਿਲਮਾਂ ਰਿਲੀਜ਼ ਹੋਈਆਂ- ‘ਅਮਾਵਰਾ ਗਾਂਦਾ’ ਅਤੇ ‘ਓਮਕਰਮ’। ‘ਅਮਾਵਰਾ ਗਾਂਦਾ’ ਕੰਨੜ ਫਿਲਮ ਸੀ ਅਤੇ ‘ਓਮਕਰਮ’ ਤੇਲਗੂ ਫਿਲਮ ਸੀ। ਇਸ ਤੋਂ ਬਾਅਦ ਉਸ ਨੂੰ ਕੰਮ ਮਿਲਣਾ ਬਹੁਤ ਘਟ ਗਿਆ। ਉਹ ਹੁਣ ਕਿਸੇ-ਕਿਸੇ ਫਿਲਮ ਵਿਚ ਛੋਟੇ-ਮੋਟੇ ਰੋਲ ਵਿਚ ਨਜ਼ਰ ਆ ਜਾਂਦੀ ਹੈ।