ਵਾਸ਼ਿੰਗਟਨ: ਇਕ ਨਵੀਂ ਛਪੀ ਕਿਤਾਬ ਵਿਚ ਖੁਲਾਸਾ ਕੀਤਾ ਗਿਆ ਹੈ ਕਿ ਬੰਗਲਾਦੇਸ਼ ਦੀ ਆਜ਼ਾਦੀ ਤੋਂ ਪਹਿਲਾਂ 1971 ਵਿਚ ਪਾਕਿਸਤਾਨੀ ਫੌਜ ਨੇ ਉਸ ਵੇਲੇ ਦੇ ਪੂਰਬੀ ਪਾਕਿਸਤਾਨ ਵਿਚ ਯੋਜਨਾਬੱਧ ਢੰਗ ਨਾਲ ਹਿੰਦੂਆਂ ਦਾ ਨਸਲਘਾਤ ਕੀਤਾ ਸੀ ਤੇ ਨਿਕਸਨ ਪ੍ਰਸ਼ਾਸਨ ਨੇ ਇਸ ਪਾਸੇ ਅੱਖਾਂ ਮੀਚੀ ਰੱਖੀਆਂ ਸਨ। ਇਹ ਪੁਸਤਕ ‘ਦਿ ਬਲੱਡ ਟੈਲੀਗ੍ਰਾਮ: ਨਿਕਸਨ ਕਿਸਿੰਗਰ ਐਂਡ ਏ ਫਾਰਗੌਟਨ ਜੀਨੋਸਾਈਡ’ ਪ੍ਰਿੰਸਟਨ ਯੂਨੀਵਰਸਿਟੀ ਵਿਚ ਸਿਆਸਤ ਤੇ ਕੌਮਾਂਤਰੀ ਮਾਮਲਿਆਂ ਦੇ ਪ੍ਰੋਫੈਸਰ ਤੇ ਲੇਖਕ ਗੈਰ ਜੇæ ਬਾਸ ਨੇ ਲਿਖੀ ਹੈ।
ਪ੍ਰੋæ ਬਾਸ ਦਾ ਕਹਿਣਾ ਹੈ ਕਿ ਭਾਰਤ ਸਰਕਾਰ ਹਿੰਦੂਆਂ ਦੇ ਘਾਣ ਤੋਂ ਜਾਣੂ ਤਾਂ ਸੀ ਪਰ ਇਸ ਨੇ ਇਸ ਤੱਥ ਨੂੰ ਮੱਠਾ ਪਾਉਣ ਦੇ ਲਗਾਤਾਰ ਯਤਨ ਕੀਤੇ ਬਲਕਿ ਇਹ ਇਸ ਨੂੰ ਜਾਣਬੁੱਝ ਕੇ ਬੰਗਲਾਦੇਸ਼ ਵਿਚ ਬੰਗਾਲੀ ਭਾਈਚਾਰੇ ਦੇ ਨਸਲਘਾਤ ਵਜੋਂ ਪੇਸ਼ ਕਰਦੀ ਰਹੀ ਤਾਂ ਕਿ ਉਸ ਵੇਲੇ ਦੇ ਜਨਸੰਘ ਆਗੂਆਂ ਦੇ ਵਿਰੋਧ ਤੇ ਦੁਹਾਈ ਤੋਂ ਬਚਿਆ ਜਾ ਸਕੇ। ਬਾਸ ਮੁਤਾਬਕ ਭਾਰਤੀ ਵਿਦੇਸ਼ ਮੰਤਰਾਲੇ ਦੀ ਦਲੀਲ ਸੀ ਕਿ ਦੇਸ਼ ਵਿਚ ਬੰਗਾਲੀਆਂ ਦੀ ਵੱਧ ਗਿਣਤੀ ਹੋਣ ਕਾਰਨ ਜਦੋਂ ਪਾਕਿਸਤਾਨ ਦੇ ਜਰਨੈਲ ਚੋਣਾਂ ਹਾਰ ਗਏ ਤਾਂ ਉਹ ਉਨ੍ਹਾਂ ਦੀ ਗਿਣਤੀ ਘੱਟ ਕਰਨ ਲਈ ਨਸਲਘਾਤ ਦੇ ਰਾਹ ਤੁਰ ਪਏ ਤਾਂ ਕਿ ਪਾਕਿਸਤਾਨ ਵਿਚ ਬੰਗਾਲੀਆਂ ਦੀ ਗਿਣਤੀ ਚੋਣਾਂ ਵਿਚ ਫੈਸਲਾਕੁਨ ਹੋਣ ਜੋਗੀ ਨਾ ਰਹੇ। ਕਿਤਾਬ ਵਿਚ ਕਿਹਾ ਗਿਆ ਹੈ ਕਿ ਉਧਰ ਪਾਕਿ ਫੌਜ ਹਿੰਦੂ ਲੋਕਾਂ ਦਾ ਮਿੱਥ ਕੇ ਘਾਣ ਕਰਦੀ ਰਹੀ ਤੇ ਭਾਰਤੀ ਅਧਿਕਾਰੀ ਇਹ ਗੱਲ ਇਸ ਕਰਕੇ ਦਬਾਉਂਦੇ ਰਹੇ ਤਾਂ ਕਿ ਹਿੰਦੂ ਰਾਸ਼ਟਰਵਾਦੀ ਧਿਰ ਜਨਸੰਘ ਪਾਰਟੀ ਦਾ ਗੁੱਸਾ ਨਾ ਫੁੱਟ ਪਵੇ।
ਭਾਰਤ ਦੇ ਮਾਸਕੋ ਵਿਚ ਸਫੀਰ ਡੀæਪੀæ ਧਰ ਨੇ ਪਾਕਿਸਤਾਨ ਫੌਜ ਦੀ ਹਿੰਦੂਆਂ ਨੂੰ ਚੁਣ-ਚੁਣ ਕੇ ਮਾਰਨ ਦੀ ਨੀਤੀ ਦੀ ਕਰੜੀ ਨਿੰਦਾ ਕੀਤੀ ਪਰ ਉਹ ਵੀ ਜਨਸੰਘ ਵਰਗੀਆਂ ਸੱਜਾਖੜੀ ਹਿੰਦੂ ਰਾਸ਼ਟਰਵਾਦੀ ਪਾਰਟੀਆਂ ਦੇ ਭੜਕ ਪੈਣ ਦੇ ਡਰੋਂ ਬਹੁਤਾ ਨਹੀਂ ਬੋਲੇ ਤੇ ਉਨ੍ਹਾਂ ਕਿਹਾ ਇਸੇ ਕਰਕੇ ਸਭ ਤੋਂ ਵੱਧ ਜ਼ੋਰ ਇਸ ਗੱਲ ‘ਤੇ ਲੱਗਿਆ ਰਿਹਾ ਕਿ ਪੂਰਬੀ ਪਾਕਿਸਤਾਨ ਵਿਚ ਹੋਏ ਹਿੰਦੂਆਂ ਦੇ ਘਾਣ ਦੇ ਤੱਥ ਭਾਰਤ ਵਿਚ ਪ੍ਰਕਾਸ਼ਤ ਨਾ ਹੋਣ।
ਉਸ ਵੇਲੇ ਢਾਕਾ ਵਿਚ ਅਮਰੀਕੀ ਕੌਂਸਲ ਜਨਰਲ ਆਰਚਰ ਬਲੱਡ ਸਨ। ਕਿਤਾਬ ਮੁਤਾਬਕ ਬਲੱਡ ਨੂੰ ਵੀ ਇਸ ਕਤਲੇਆਮ ਪਿੱਛੇ ਕੋਈ ਤਰਕ ਨਜ਼ਰ ਨਹੀਂ ਆ ਰਿਹਾ ਸੀ। ਉਨ੍ਹਾਂ ਕਿਹਾ ਕਿ ਹਿੰਦੂਆਂ ਦੀ ਭਾਰਤ ਨਾਲ ਸਾਂਝ ਕਲੰਕ ਵਜੋਂ ਦੇਖੀ ਜਾ ਰਹੀ ਸੀ ਤੇ ਮੁਸਲਿਮ ਮੁਲਕ ਪੱਖੋਂ ਇਹ ਪਾਕਿਸਤਾਨ ਵਿਚ ਓਪਰੇ ਮੰਨੇ ਜਾ ਰਹੇ ਸਨ। ਇਸ ਦਮਨਕਾਰੀ ਕਾਰਵਾਈ ਦੀ ਅਗਵਾਈ ਕਰ ਰਹੇ ਲੈਫਟੀਨੈਂਟ ਜਨਰਲ ਟਿੱਕਾ ਖਾਨ ਦਾ ਮੰਨਣਾ ਸੀ ਕਿ ਪੂਰਬੀ ਪਾਕਿਸਤਾਨ ਭਾਰਤ ਦਾ ਗੁਲਾਮ ਹੋ ਸਕਦਾ ਹੈ। ਉਸ ਦਾ ਕਹਿਣਾ ਹੈ ਕਿ ਬੇਮੁਹਾਰੀ ਤੇ ਗੈਰ ਕਾਨੂੰਨੀ ਅਵਾਮੀ ਲੀਗ ਤਾਂ ਮਸਾਂ ਕੁਰਬਾਨੀਆਂ ਕਰਕੇ ਲਏ ਵੱਖਰੇ ਮੁਲਕ ਦੀ ਭਾਰੀ ਤਬਾਹੀ ਕਰ ਚੁੱਕੀ ਹੁੰਦੀ। ਸੀਨੀਅਰ ਫੌਜੀ ਅਧਿਕਾਰੀ ਸੀæਓਏæਐਸ (ਚੀਫ ਆਫ਼ ਆਰਮੀ ਸਟਾਫ) ਤੇ ਸੀæਜੀæਐਸ (ਚੀਫ ਆਫ਼ ਜਨਰਲ ਸਟਾਫ) ਤੋਂ ਮਸ਼ਕਰੀ ਨਾਲ ਪੁੱਛਿਆ ਜਾਂਦਾ ਸੀ ਕਿ ਉਨ੍ਹਾਂ ਨੇ ਕਿੰਨੇ ਹਿੰਦੂ ਮਾਰੇ। ਲੈਫਟੀਨੈਂਟ ਜਨਰਲ ਏæਏæਕੇæ ਨਿਆਜ਼ੀ ਅਕਸਰ ਇਹ ਸੁਆਲ ਅਫਸਰਾਂ ਨੂੰ ਪੁੱਛਿਆ ਕਰਦਾ ਸੀ। ਮਈ ਵਿਚ ਇਕ ਬਿਗ੍ਰੇਡੀਅਰ ਨੇ ਹਿੰਦੂਆਂ ਨੂੰ ਮਾਰਨ ਦੇ ਲਿਖਤੀ ਹੁਕਮ ਕੱਢ ਦਿੱਤੇ ਸਨ। ਉਸ ਵੇਲੇ ਢਾਕਾ ਵਿਚ ਤਾਇਨਾਤ ਅਮਰੀਕੀ ਸਫੀਰਾਂ ਨੇ ਆਪਣੇ ਵਿਦੇਸ਼ ਵਿਭਾਗ ਤੇ ਵਾਈਟ ਹਾਊਸ ਨੂੰ ਹਿੰਦੂਆਂ ਦੇ ਨਸਲੀਅਤ ਬਾਰੇ ਲਿਖਿਆ ਸੀ। ਕਿਤਾਬ ਮੁਤਾਬਕ ਗੁਪਤ ਤੌਰ ‘ਤੇ ਭਾਰਤ ਸਰਕਾਰ ਹਿੰਦੂਆਂ ਦੇ ਨਸਲਘਾਤ ਤੇ ਖਦੇੜੇ ਜਾਣ ਨੂੰ ਮੰਨਦੀ ਸੀ। ਭਾਰਤ ਦੇ ਉਸ ਵੇਲੇ ਦੇ ਵਿਦੇਸ਼ ਮੰਤਰੀ ਸਵਰਨ ਸਿੰਘ ਨੇ ਲੰਡਨ ਵਿਚ ਭਾਰਤੀ ਸਫੀਰਾਂ ਦੀ ਮੀਟਿੰਗ ਵਿਚ ਇਹ ਤੱਥ ਮੰਨਿਆ ਸੀ ਤੇ ਕਿਹਾ ਸੀ ਕਿ ਇਹ ਵੇਰਵੇ ਵਿਦੇਸ਼ੀਆਂ ਨੂੰ ਦੇਣ ਵਿਚ ਉਨ੍ਹਾਂ ਨੂੰ ਕੋਈ ਝਿਜਕ ਨਹੀਂ ਹੈ।
Leave a Reply