ਤਿੰਨ ਪੁਸਤਕਾਂ ਤਿੰਨ ਰੰਗ
ਗੁਲਜ਼ਾਰ ਸਿੰਘ ਸੰਧੂ
ਫੋਨ: 91-98157-78469
ਮੇਰੀ ਕਾਲਮ ਨਵੀਸੀ ਮੈਨੂੰ ਦੇਸ ਪਰਦੇਸ ਦੇ ਲੇਖਕਾਂ ਨਾਲ ਜੋੜੀ ਰੱਖਦੀ ਹੈ| ਮੇਰੇ ਵਿਹੜੇ ਏਨੀਆਂ ਪੁਸਤਕਾਂ ਆਉਂਦੀਆਂ ਹਨ ਕਿ ਮੈਂ ਪੜ੍ਹ ਵੀ ਨਹੀਂ ਸਕਦਾ| ਉਂਝ ਵੀ ਮੈਂ ਚੰਗਾ ਪਾੜ੍ਹਾ ਨਹੀਂ| ਮੈਂ ਤਾਂ ਅੰਗਰੇਜ਼ੀ ਦੀ ਐਮ.ਏ. ਦਾ ਇਮਤਿਹਾਨ ਦੇਣ ਸਮੇਂ ਪਾਠਕ੍ਰਮ ਲਈ ਲਾਜ਼ਮੀ ਨਾਵਲ ਵੀ ਖੁਦ ਨਹੀਂ ਸਨ ਪੜ੍ਹੇ| ਥੋੜ੍ਹੇ ਪੰਨਿਆਂ ਵਾਲੇ ਪੜ੍ਹ ਲਏ ਸਨ ਤੇ ਵੱਡੇ ਨਾਵਲਾਂ ਦੀ ਕਹਾਣੀ ਆਪਣੇ ਹਮਜਮਾਤੀ ਮਨਮੋਹਨ ਸਿੰਘ ਤੋਂ ਸੁਣ ਕੇ ਇਮਤਿਹਾਨ ਦੇ ਆਇਆ ਸਾਂ|
ਇਹ ਗੱਲ ਮੈਂ ਆਪਣੇ ਕਾਲਮ ਵਿਚ ਵੀ ਕਈ ਵਾਰ ਲਿਖ ਚੁੱਕਾ ਹਾਂ| ਹੁਣ ਤਾਂ ਮੇਰੀ ਉਮਰ ਤੇ ਅੱਖਾਂ ਦੀ ਨਜ਼ਰ ਵੀ ਸਾਥ ਨਹੀਂ ਦੇ ਰਹੀ| ਫੇਰ ਵੀ ਮਿੱਤਰ ਪਿਆਰੇ ਤੇ ਉਨ੍ਹਾਂ ਦੇ ਜਾਣੂ ਆਪਣੀਆਂ ਪੁਸਤਕਾਂ ਹੱਥ ਲੱਗੀਆਂ| ਉਨ੍ਹਾਂ ਵਿਚੋਂ ਤਿੰਨ ਦਾ ਜ਼ਿਕਰ ਕਰਨਾ ਚਾਹਾਂਗਾ| ਇਕ ਪ੍ਰੋਫ਼ੈਸਰ ਕੰਵਲਪ੍ਰੀਤ ਕੌਰ ਰਚਿਤBravehearts of Punjab (ਪੰਜਾਬ ਦੇ ਸੂਰਮੇ) ਹੈ ਅੰਗਰੇਜ਼ੀ ਭਾਸ਼ਾ ਵਿਚ ਲਿਖੀ ਹੋਈ| ਦੂਜੀ ਜ਼ੰਬੀਲ-ਏ-ਰੰਗ ਹੈ| ਮਲਕੀਤ ਸਿੰਘ ਮਛਾਣਾ ਦਾ ਉਰਦੂ ਕਹਾਣੀ ਸੰਗ੍ਰਹਿ| ਤੇ ਤੀਜੀ ਸੁਰਿੰਦਰ ਸਿੰਘ ਰਚਿਤ ‘ਖੂਨਦਾਨ-ਅੰਗਦਾਨ’, ਪੰਜਾਬੀ ਭਾਸ਼ਾ ਵਿਚ| ਇਹ ਲੇਖਕ ਇੱਕ ਦੂਜੇ ਦੇ ਜਾਣੂ ਨਹੀਂ| ਜੇ ਕਦੀ ਇਕੱਠੇ ਹੋ ਵੀ ਜਾਣ ਤਾਂ ਇਨ੍ਹਾਂ ਤਿੰਨਾਂ ਵਿਚ ਸਾਂਝ ਦੀ ਕੋਈ ਕੜੀ ਨਹੀਂ ਜੇ ਕੰਵਲਜੀਤ ਕੌਰ ਚੰਡੀਗੜ੍ਹ ਦੇ ਕਾਲਜ ਵਿਚ ਰਾਜਨੀਤੀ ਦੀ ਪ੍ਰੋਫ਼ੈਸਰ ਹੈ ਤਾਂ ਮਲਕੀਤ ਸਿੰਘ ਮਛਾਮਾ ਜੰਗਲ ਵਜੋਂ ਜਾਣੇ ਜਾਂਦੇ ਬਠਿੰਡਾ ਖੇਤਰ ਦੇ ਪਿੰਡ ਮਛਾਣਾ ਦਾ ਵਸਨੀਕ| ਉਹ ਬਿਜਲੀ ਵਿਭਾਗ ਤੋਂ ਸੇਵਾ ਮੁਕਤ ਐਮ.ਡੀ.ਓ. ਹੈ| ਸੁਰਿੰਦਰ ਸਿੰਘ ਪੰਜਾਬ ਸਟੇਟ ਬਲੱਡ ਟਰਾਂਸਫਿਊਜ਼ਨ ਕੌਂਸਲ ਵਿਚ ਅਸਿਸਟੈਂਟ ਡਾਇਰੈਕਟਰ ਹੈ| ਤਿੰਨਾਂ ਦਾ ਕਾਰਜ ਖੇਤਰ ਵੀ ਵੱਖ-ਵੱਖ ਹੈ ਤੇ ਪੁਸਤਕਾਂ ਦਾ ਰੰਗ ਵੀ ਆਪੋ ਆਪਣਾ। ਇਸ ਵਿਕੋਲਿਤਰੇ ਮੇਲ ਸਮੁੇਲ ਨੂੰ ਦੀਵਾਲੀ ਦਾ ਗੁਲਦਸਤਾ ਵੀ ਕਿਹਾ ਜਾ ਸਕਦਾ ਹੈ| ਰੰਗਾਂ ਦੀ ਟੋਕਰੀ ਵੀ ਜਿਸਨੂੰ ਮਲਕੀਤ ਸਿੰਘ ‘ਜ਼ੰਬੀਲੇ-ਏ-ਰੰਗ’ ਕਹਿੰਦਾ ਹੈ|
ਪੰਜਾਬ ਦੇ ਸੂਰਮੇ
ਕੰਵਲਪ੍ਰੀਤ ਕੌਰ ਦੀ ਅੰਗਰੇਜ਼ੀ ਪੁਸਤਕ Bravehearts of Punjab ਭਾਰਤ ਸਰਕਾਰ ਵਲੋਂ ਪਰਮਵੀਰ ਚੱਕਰ, ਅਸ਼ੋਕ ਚੱਕਰ, ਮਹਾਵੀਰ ਚੱਕਰ, ਤੇ ਕੀਰਤੀ ਚੱਕਰ ਨਾਲ ਨਿਵਾਜੀਆਂ ਹਸਤੀਆਂ ਦਾ ਵੇਰਵਾ ਦੇਣ ਤੋਂ ਬਿਨਾਂ ਹਰ ਇੱਕ ਯੋਧੇ ਦੀ ਮਨੋਭਾਵਨਾ ਵੀ ਪੇਸ਼ ਕਰਦੀ ਹੈ| ਇਸ ਵਿਚ 121 ਪਰਉਪਕਾਰੀਆਂ ਤੇ ਸੂਰਮਿਆਂ ਦੀ ਉਤਸ਼ਾਹ ਭਰਪੂਰ ਜਾਣਕਾਰੀ ਦਰਜ ਹੈ| ਹਰੇਕ ਦਾ ਜੀਵਨ ਬਿਉਰਾ ਹੀ ਨਹੀਂ ਦੇਸ਼ ਦੀ ਰੱਖਿਆ ਤੇ ਵਿਕਾਸ ਲਈ ਦਿੱਤੀ ਕੁਰਬਾਨੀ ਦੇ ਵੇਰਵੇ ਵੀ ਹਨ|
ਤਿੰਨ ਦਸੰਬਰ 2023 ਨੂੰ ਮਿਲਟਰੀ ਸਾਹਿਤ ਉਤਸਵ ਚੰਡੀਗੜ੍ਹ ਵਿਖੇ ਸੁਖਨਾ ਝੀਲ ਵਾਲੇ ਸਮਾਗਮ ਵਿਚ ਲੋਕ-ਅਰਪਣ ਹੋਈ ਇਸ ਪੁਸਤਕ ਦਾ ‘ਖੁਸ਼ਵੰਤ ਸਿੰਘ ਸਾਹਿਤ ਉਤਸਵ ਕਸੌਲੀ’ ਵਿਖੇ ਵੀ ਉਚੇਚਾ ਜ਼ਿਕਰ ਹੋਇਆ| ਜਦੋਂ ਇਸ ਦੀ ਲੇਖਿਕਾ ਆਪਣੇ ਵਿਦਿਆਰਥੀਆਂ ਨੂੰ ਨਵੀਂ ਦਿੱਲੀ ਵਾਲਾ ਨਵਾਂ ਪਾਰਲੀਮੈਂਟ ਹਾਊਸ ਵਿਖਾਉਣ ਗਈ ਤਾਂ ਓਥੋਂ ਦੀ ਲਾਇਬਰੇਰੀ ਇੰਚਾਰਜ ਮੈਡਮ ਸਿਮੀ ਮੁਡਗਿੱਲ ਨੇ ਵੀ ਇਸ ਨੂੰ ਪਿਆਰ ਨਾਲ ਸਵੀਕਾਰ ਕੀਤਾ| ਉਸਨੇ ਲੇਖਿਕਾ ਦੇ ਵਿਦਿਆਰਥੀਆਂ ਨੂੰ ਛੱਤ ਉੱਤੇ ਦਰਸਾਈ ਗਈ ਤਾਰਾਮੰਡਲੀ ਦੀ ਉਹ ਸਥਿਤੀ ਵੀ ਉਤਸ਼ਾਹ ਨਾਲ ਵਿਖਾਈ ਜਿਹੜੀ ਸੁਤੰਤਰ ਦੇਸ਼ ਦਾ ਸੰਵਿਧਾਨ ਅਪਨਾਉਣ ਸਮੇਂ ਸੱਤ ਦਹਾਕੇ ਪਹਿਲਾਂ ਦੇ ਦਿਨ ਆਕਾਸ਼ ਵਿਚ ਸੀ|
ਕੰਵਲਪ੍ਰੀਤ ਦੇ ਪਿਤਾ ਫ਼ੌਜੀ ਅਫ਼ਸਰ ਰਹਿ ਚੁੱਕੇ ਹੋਣ ਕਾਰਨ ਉਸ ਨੂੰ ਇਸ ਵਿਸ਼ੇ ਨਾਲ ਉਚੇਚਾ ਲਗਾਓ ਸੀ ਤੇ ਉਸਨੇ ਇਸਦੀ ਪੇਸ਼ਕਾਰੀ ਵਿਚ ਲੈਫਟੀਨੈਂਟ ਜਨਰਲ ਡਾਕਟਰ ਜੇ. ਐਸ. ਚੀਮਾ ਤੋਂ ਉਚੇਚੀ ਸਹਾਇਤਾ ਲਈ। ਲੇਖਿਕਾ ਅੰਗਰੇਜ਼ੀ ਭਾਸ਼ਾ ਵਿਚ ਕਵਿਤਾ ਲਿਖਦੀ ਹੈ ਤੇ ਉਸ ਨੇ ਹਰ ਹਸਤੀ ਦੀ ਤਸਵੀਰ ਦੇ ਐਨ ਬਰਾਬਰ ਉਸ ਦੀ ਮਨੋਭਾਵਨਾ ਨੂੰ ਕਾਵਿਕ ਰੂਪ ਵਿਚ ਵੀ ਕਲਮਬੰਦ ਕੀਤਾ ਹੈ| ਇਸ ਨਿਵੇਕਲੀ ਪੇਸ਼ਕਾਰੀ ਵੱਲ ਪਾਠਕਾਂ ਦਾ ਉਚੇਚਾ ਧਿਆਨ ਜਾਣਾ ਕੁਦਰਤੀ ਹੈ|
ਇਹ ਰਚਨਾ ਆਉਣ ਵਾਲੀਆਂ ਨਸਲਾਂ ਲਈ ਚਾਨਣ ਮੁਨਾਰੇ ਦਾ ਕੰਮ ਕਰੇਗੀ| ਖਾਸ ਕਰਕੇ ਉਨ੍ਹਾਂ ਲਈ ਜਿਹੜੇ ਦੇਸ਼ ਦੀ ਰੱਖਿਆ ਤੇ ਇਸ ਦੇ ਸਮਾਜਿਕ ਤੇ ਭਾਈਚਾਰਕ ਵਿਕਾਸ ਨੂੰ ਚੜ੍ਹਦੀ ਕਲਾ ਵਿਚ ਵੇਖਣ ਦੇ ਚਾਹਵਾਨ ਹਨ|
ਜ਼ੰਬੀਲ-ਏ-ਰੰਗ
ਉਰਦੂ ਦੇ ਪਾਠਕਾਂ ਲਈ ਮਲਕੀਤ ਸਿੰਘ ਮਛਾਣਾ ਦਾ ਉਰਦੂ ਕਹਾਣੀ-ਸੰਗ੍ਰਹਿ ਖੁਸ਼ੀ ਵੀ ਦੇ ਸਕਦਾ ਹੈ ਤੇ ਅਚੰਭਾ ਵੀ| ਉਸ ਭਾਸ਼ਾ ਵਿਚ ਹੋਣ ਕਾਰਨ ਜਿਹੜਾ ਆਖਰੀ ਸਾਹ ਲੈ ਰਹੀ ਹੈ| ਮਲਕੀਤ ਸਿੰਘ ਦੀ ਰਚਨਾਕਾਰੀ ਵਿਚ ਮੰਟੋ, ਬੇਦੀ ਜਾਂ ਕ੍ਰਿਸ਼ਨ ਚੰਦਰ ਵਰਗੀ ਰਚਨਾਕਾਰੀ ਨਾ ਹੋ ਕੇ ਉਰਦੂ ਦਾ ਰੰਗ ਨੁਮਾਇਆਂ ਹੈ| ਉਹ ਵੀ ਗੂੜ੍ਹਾ ਤੇ ਸ਼ੁਧ| ਇਹ ਗੱਲ ਵੀ ਨੋਟ ਕਰਨ ਵਾਲੀ ਹੈ ਕਿ ਉਸ ਨੇ ਉਰਦੂ ਖਬਰਾਂ ਤੇ ਪ੍ਰੋਗਰਾਮ ਸੁਣ-ਸੁਣ ਗ੍ਰਹਿਣ ਕੀਤੀ ਹੈ|
ਉਲ ਉਮਦੀ ਅਫਸਾਨਾ ਨਿਗਾਰੀ ਵਿਚ ਸਰਲਤਾ, ਸਹਿਜ ਤੇ ਸੁਹਜ ਹੈ| ਕਿਸੇ ਵੀ ਘਟਨਾ ਨੂੰ ਅਚਾਨਕ ਹੀ ਸ਼ੁਰੂ ਕਰਕੇ ਅਚੰਭੇ ਵਾਲਾ ਮੋੜ ਦੇਣਾ ਉਸਦਾ ਅੰਦਾਜ਼ ਵੀ ਹੈ ਤੇ ਸਲੀਕਾ ਵੀ| ਕਿ ਇਹੋ ਜਿਹੇ ਪਿੰਡ ਦਾ ਜੰਮਪਲ ਹੁੰਦਿਆਂ ਜਿਸਦਾ ਡਾਕਖਾਨਾ ਵੀ ਖਾਸ ਹੀ ਏਨੀ ਮੁਹਾਰਤ ਦਾ ਸਵਾਮੀ ਹੋ ਜਾਣਾ ਕੋਈ ਛੋਟੀ ਗੱਲ ਨਹੀਂ|
ਉਸਦੀਆਂ ਕਹਾਣੀਆਂ ਦੇ ਪਾਤਰ ‘ਜ਼ੰਬੀਲ-ਏ-ਰੰਗ’ ਦੇ ਰਾਜੂ ਵਰਗੇ ਸ਼ਰਾਰਤੀ ਵੀ ਹਨ ਤੇ ਮਲਕੀਤ ਰੋਡ ਬਠਿੰਡੇ ਵਾਲੇ ਮਾਪਿਆਂ ਦੇ ਜਿਗਰਪਾਰੇ ਵੀ ਜਿਨ੍ਹਾਂ ਨੂੰ ਮਾਪੇ ਚੰਗੇਰੀ ਰੋਜ਼ੀ ਰੋਟੀ ਦੀ ਭਾਲ ਵਿਚ ਬਾਹਰ ਭੇਜਣ ਲਈ ਮਜਬੂਰ ਹਨ| ਲੇਖਕ ‘ਅਜੀਤ ਰੋਡ ਬਠਿੰਡਾ’ ਨਾਂ ਦੇ ਅਫਸਾਨੇ ਰਾਹੀਂ ਅਜੋਕੇ ਸਮਾਜ ਤੇ ਸਭਿਆਚਾਰ ਨੂੰ ਅੰਗਰੇਜ਼ਾਂ ਦੇ ਰਾਜ ਨਾਲੋਂ ਵੀ ਘਟੀਆ ਦਰਸਾਉਂਦਾ ਹੈ| ਅਜਿਹੇ ਅੰਦਾਜ਼ ਵਿਚ ਕਿ ਜੀ ਸੀ ਵਿਮਨ ਯੂਨੀਵਰਸਟੀ ਸਿਆਲਕੋਟ, ਦੀ ਸ਼ਗੁਫਤਾ ਫਿਰਦੌਸ, ਮੌਲਾਨਾ ਆਜ਼ਾਦ ਨੈਸ਼ਨਲ ਉਰਦੂ ਯੂਨੀਵਰਸਟੀ ਦੇ ਫਿਰੋਜ਼ ਆਲਮ, ਦਿੱਲੀ ਦੇ ਪ੍ਰਸਿੱਧ ਵਿਦਵਾਨ ਗਜ਼ਨਫਰ ਅਤੇ ਮਹਾਰਾਸ਼ਟਰ ਦੇ ਡਾ. ਨੂਰਅਲਾ ਮੀਨ ਨੂੰ ਹੀ ਪ੍ਰਭਾਵਤ ਨਹੀਂ ਕੀਤਾ, ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਨੂੰ ਵੀ ਮੁਤਾਸਰ ਕੀਤਾ ਹੈ ਜਿਸਨੇ ਲੇਖਕ ਨੂੰ ‘ਰਾਜਿੰਦਰ ਸਿੰਘ ਬੇਦੀ 2024 ਪੁਰਸਕਾਰ’ ਨਾਲ ਨਿਵਾਜਿਆ ਹੈ| ਉਹ ਪੰਜਾਬ ਦੇ ਵਰਤਮਾਨ ਸਮਾਜ ਤੇ ਸਭਿਆਚਾਰ ਦਾ ਕਿਹੋ ਜਿਹਾ ਵੀ ਨਕਸ਼ਾ ਪੇਸ਼ ਕਰੇ ਉਰਦੂ ਦੇ ਪਾਠਕ ਉਸਦਾ ਹੇਠ ਲਿਖੇ ਸ਼ਿਅਰ ਨਾਲ ਸਵਾਗਤ ਕਰਨਗੇ|
ਉਰਦੂ ਦਾ ਮੁਸਾਫਰ ਹੈ ਸਹੀ ਪਹਿਚਾਨ ਹੈ ਸਿਕੀ
ਜਿਸ ਰਾਹ ਸੇ ਗੁਜਰਤਾ ਹੈ ਸਲੀਕਾ ਛੋੜ ਜਾਤਾ ਹੈ|
ਜਿਊਂਦੇ-ਜਿਊਂਦੇ ਖੂਨਦਾਨ : ਜਾਂਦੇ ਜਾਂਦੇ ਸਰੀਰਦਾਨ
ਖ਼ੂਨਦਾਨ ਤੇ ਅੰਗਦਾਨ ਦਾ ਮੱਹਤਵ ਦਰਸਾਉਣ ਵਾਲੀ ਸੁਰਿੰਦਰ ਸਿੰਘ ਦੀ ਪੁਸਤਕ ਖੂਨਦਾਨ ਸਬੰਧੀ ਪ੍ਰਚੱਲਤ ਡਰ ਅਤੇ ਸ਼ੰਕੇ ਹੀ ਨਵਿਰਤ ਨਹੀਂ ਕਰਦੀ ਭਾਰਤ ਵਿਚ ਖੂਨ ਚੜ੍ਹਾਉਣ ਦੇ 1925 ਤੋਂ ਚਲੇ ਆ ਰਹੇ ਢੰਗ ਤਰੀਕਿਆਂ ਉੱਤੇ ਵੀ ਚਾਨਣਾ ਪਾਉਂਦੀ ਹੈ| ਭਾਰਤ ਦੀ ਕੁੱਲ ਵਸੋਂ ਏਨੀ ਹੈ ਕਿ ਇਸ ਲਈ ਹਰ ਸਾਲ ਇੱਕ ਕਰੋੜ ਪੰਜਾਹ ਲੱਖ ਖੂਨ ਦੀਆਂ ਬੋਤਲਾਂ, ਇੱਕ ਲੱਖ ਅੱਖਾਂ ਤੇ ਦਸ ਹਜ਼ਾਰ ਦਿਲਾਂ ਦੀ ਲੋੜ ਹੁੰਦੀ ਹੈ| ਹਰ ਜੀਵਤ ਵਿਅਕਤੀ ਖੂਨ, ਖੂਨ ਦੇ ਤੱਤ, ਬੋਨ ਮੈਰੋ, ਗੁਰਦੇ, ਜਿਗਰ, ਪੈਨਕਰੀਆਜ਼, ਫੇਫੜੇ, ਅੰਤੜੀਆਂ, ਚਮੜੀ, ਸਟੈਮ ਸੈਲ ਜਾਂ ਸਾਰੇ ਦਾ ਸਾਰਾ ਸਰੀਰ ਦਾਨ ਕਰ ਸਕਦਾ ਹੈ| ਅਜਿਹਾ ਕੀਤਿਆਂ ਦਾਨੀ ਦਾ ਕੁਝ ਨਹੀਂ ਵਿਗੜਦਾ ਪਰ ਲੋੜਵੰਦ ਮਰੀਜ਼ ਨੂੰ ਨਵਾਂ ਜੀਵਨ ਮਿਲ ਜਾਂਦਾ ਹੈ|
ਲੇਖਕ ਨੇ ਇਸ ਰਚਨਾ ਵਿਚ ਇਤਿਹਾਸ-ਮਿਥਿਹਾਸ ਦੇ ਪੱਖ ਤੋਂ ਹੀ ਨਹੀਂ ਖੂਨ ਤੇ ਖੂਨ ਨਾਲ ਸਬੰਧਤ, ਬਿਮਾਰੀਆਂ ਦਾ ਜ਼ਿਕਰ ਕਰਕੇ, ਖੂਨਦਾਨ ਦੇ ਮਾਪਦੰਡ ਤੇ ਲਾਭ ਵੀ ਦੱਸੇ ਹਨ ਤੇ ਖੂਨ ਉਤੇ ਨਿਰਭਰ ਸਾਰੇ ਅੰਗਾਂ ਦੇ ਮਹੱਤਵ ਨੂੰ ਵੀ ਖੂਬ ਨਿਤਾਰ ਕੇ ਪੇਸ਼ ਕੀਤਾ ਹੈ| ਬੋਨ, ਮੈਰੋ, ਜਿਗਰ ਤੇ ਪੈਨਕਰੀਆਜ਼ ਟਰਾਂਸਪਲਾਟ ਸਮੇਤ|
ਇਹ ਪੁਸਤਕ ਮਾਨਵ ਦੀਆਂ ਰਗਾਂ ਵਿਚ ਵਗ ਰਹੇ ਖੂਨ ਨੂੰ ਕੁਦਰਤ ਦਾ ਅਦੁੱਤੀ ਤੋਹਫਾ ਦਰਸਾ ਕੇ ਸਰੀਰਕ ਅਪਰੇਸ਼ਨ ਜਾਂ ਦੁਰਘਟਨਾ ਸਮੇਂ ਇਸ ਦੀ ਲੋੜ ਤੇ ਮਹੱਤਵ ਨੂੰ ਅਜਿਹੀਆਂ ਦਲੀਲਾਂ ਰਾਹੀਂ ਪੇਸ਼ ਕਰਦੀ ਹੈ ਕਿ ਕੋਈ ਵੀ ਮਹਿਲਾ ਜਾਂ ਮਰਦ ਖੂਨ ਦਾਨ ਕਰਕੇ ਮਾਣ ਤੇ ਫਖਰ ਮਹਿਸੂਸ ਕਰੇਗਾ| ਜਿਥੋਂ ਤੱਕ ਇਸ ਪੁਸਤਕ ਦੇ ਲੇਖਕ ਦਾ ਸਬੰਧ ਹੈ ਉਸਨੇ ਆਮ ਆਦਮੀ ਨੂੰ ਇਸ ਕਾਰਜ ਲਈ ਪ੍ਰੇਰਣ ਹਿੱਤ ਮਰਹੂਮ ਅਜਮੇਰ ਸਿੰਘ ਉਲੰਪੀਅਨ ਤੇ ਕਹਾਣੀਕਾਰ ਸੰਤੋਖ ਸਿੰਘ ਧੀਰ ਨੂੰ ਇਸ ਲਈ ਮਹਾਨ ਹਸਤੀਆਂ ਕਿਹਾ ਹੈ ਕਿ ਉਨ੍ਹਾਂ ਨੇ ਆਪਣੇ ਸਰੀਰ ਦੀ ਵਸੀਅਤ ਆਪਣੇ ਜੀਵਨ ਕਾਲ ਵਿਚ ਹੀ ਪੀ.ਜੀ.ਆਈ. ਚੰਡੀਗੜ੍ਹ ਨੂੰ ਦਾਨ ਲਿਖ ਛੱਡੀ ਸੀ| ਇਸ ਉੱਤੇ ਅਮਲ ਵੀ ਹੋਇਆ ਤੇ ਇਸਦੀ ਚਰਚਾ ਵੀ| ਜੇ ਮਿਰਜ਼ਾ ਗਾਲਿਬ ਦੇ ਜੀਉਂਦੇ ਜੀਅ ਖੂਨ ਦਾਨ ਦੀ ਸੁਵਿਧਾ ਹੁੰਦੀ ਤਾਂ ਉਸਨੇ ਅੰਤਿਕਾ ਵਿਚ ਦਿੱਤਾ ਗਿਆ ਸ਼ਿਅਰ ਕਦੀ ਨਹੀਂ ਸੀ ਲਿਖਣਾ| ਜਿਉਂਦੇ ਜਿਉਂਦੇ ਖੂਨਦਾਨ ਤੇ ਜਾਂਦੇ ਜਾਂਦੇ ਸਰੀਰਦਾਨ ਕਰੋ ਤੇ ਜੱਸ ਖੱਟੋ!
ਅੰਤਿਕਾ
ਮਿਰਜ਼ਾ ਗਾਲਿਬ॥
ਹੂਏ ਮਰ ਕੇ ਹਮ ਜੋ ਰੁਸਵਾ, ਹੂਏ ਕਿਓਂ ਨਾ ਗ਼ਰਕ ਏ ਦਰਿਆ
ਨਾ ਕਭੀ ਜਨਾਜ਼ਾ ਉਠਤਾ, ਨਾ ਕਹੀਂ ਮਜ਼ਾਰ ਹੋਤਾ