ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿਚ ਜੋ ਘਟਨਾ ਸਾਹਮਣੇ ਆਈ ਹੈ, ਉਸ ਨੇ ਭਾਰਤ ਅਤੇ ਕੈਨੇਡਾ ਦੇ ਰਿਸ਼ਤਿਆਂ ਵਿਚ ਤਾਂ ਹੋਰ ਤਣਾਅ ਲਿਆਂਦਾ ਹੀ ਹੈ, ਇਸ ਨੇ ਦੋ ਫਿਰਕਿਆਂ ਵਿਚਕਾਰ ਪੈ ਰਿਹਾ ਪਾੜਾ ਵੀ ਉਜਾਗਰ ਕਰ ਦਿੱਤਾ ਹੈ। ਪਿਛਲੇ ਕੁਝ ਸਮੇਂ ਤੋਂ ਇਹ ਖਬਰਾਂ ਲਗਾਤਾਰ ਆ ਰਹੀਆਂ ਹਨ ਕਿ ਸਿੱਖ ਵੱਖਵਾਦੀਆਂ ਅਤੇ ਹਿੰਦੂਆਂ ਵਿਚਕਾਰ ਤਣਾਅ ਸੁਲਗ ਰਿਹਾ ਹੈ।
ਭਾਰਤ ਦਾ ਚਿਰਾਂ ਤੋਂ ਇਹ ਸਟੈਂਡ ਰਿਹਾ ਹੈ ਕਿ ਕੈਨੇਡਾ ਸਿੱਖ ਵੱਖਵਾਦੀਆਂ ਨਾਲ ਕੁਝ ਜ਼ਿਆਦਾ ਹੀ ਨਰਮਾਈ ਵਰਤ ਰਿਹਾ ਹੈ। ਭਾਰਤ ਦਾ ਕਹਿਣਾ ਹੈ ਕਿ ਇਹ ਲੋਕ ਕੈਨੇਡਾ ਦੀ ਧਰਤੀ ਉਤੇ ਭਾਰਤ ਵਿਰੋਧੀ ਸਰਗਰਮੀਆਂ ਚਲਾਉਂਦੇ ਹਨ ਪਰ ਇਨ੍ਹਾਂ ਨੂੰ ਰੋਕਿਆ ਨਹੀਂ ਜਾ ਰਿਹਾ। ਦੂਜੇ ਪਾਸੇ ਕੈਨੇਡਾ ਦਾ ਕਹਿਣਾ ਹੈ ਕਿ ਕੈਨੇਡਾ ਵਿਚ ਹਰ ਧਰਮ ਦੇ ਲੋਕਾਂ ਨੂੰ ਆਪੋ-ਆਪਣੇ ਵਿਚਾਰ ਪ੍ਰਗਟ ਕਰਨ ਦਾ ਹੱਕ ਹੈ। ਇਹ ਧਾਰਨਾ ਵੀ ਹੈ ਕਿ ਕੈਨੇਡਾ ਸ਼ਾਂਤੀ ਪੂਰਵਕ ਸਰਗਰਮੀਆਂ ਨੂੰ ਬਹੁਤ ਗੌਲਦਾ ਵੀ ਨਹੀਂ ਹੈ ਪਰ ਹੁਣ ਬਰੈਂਪਟਨ ਵਿਚ ਵਾਪਰੀ ਘਟਨਾ ਨੇ ਸਭ ਨੂੰ ਚਿੰਤਾ ਵਿਚ ਡੋਬ ਦਿੱਤਾ ਹੈ। ਕਿਹਾ ਜਾ ਰਿਹਾ ਹੈ ਕਿ ਅਜਿਹੀਆਂ ਘਟਨਾਵਾਂ ਨਾ ਦੋਹਾਂ ਮੁਲਕਾਂ ਅਤੇ ਨਾ ਹੀ ਦੋਹਾਂ ਫਿਰਕਿਆਂ ਲਈ ਚੰਗੀਆਂ ਹਨ।
ਪਿਛਲੇ ਸਾਲ ਹਰਦੀਪ ਸਿੰਘ ਨਿੱਝਰ ਦੇ ਕਤਲ ਤੋਂ ਬਾਅਦ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੌਮੀ ਅਸੈਂਬਲੀ ਵਿਚ ਬਾਕਾਇਦਾ ਕਿਹਾ ਸੀ ਕਿ ਹਰਦੀਪ ਸਿੰਘ ਨਿੱਝਰ ਦੇ ਕਤਲ ਦੀ ਸੂਈ ਭਾਰਤੀ ਖੁਫੀਆ ਏਜੰਸੀਆਂ ਵੱਲ ਘੁੰਮ ਰਹੀ ਹੈ। ਭਾਰਤ ਸਰਕਾਰ ਨੇ ਇਸ ‘ਤੇ ਸਖਤ ਰੋਸ ਪ੍ਰਗਟ ਕੀਤਾ ਸੀ ਅਤੇ ਕਿਹਾ ਸੀ ਕਿ ਸਬੂਤਾਂ ਤੋਂ ਬਗੈਰ ਅਜਿਹੀ ਤੋਹਮਤਬਾਜ਼ੀ ਦੋਹਾਂ ਮੁਲਕਾਂ ਦੇ ਸਬੰਧ ਵਿਗਾੜ ਸਕਦੀ ਹੈ। ਹੁਣ ਤਾਂ ਗੱਲ ਇਥੋਂ ਤੱਕ ਪੁੱਜ ਗਈ ਹੈ ਕਿ ਕੈਨੇਡਾ ਦੇ ਉਪ ਵਿਦੇਸ਼ ਮੰਤਰੀ ਡੇਵਿਡ ਮੌਰੀਸਨ ਨੇ ਦੋਸ਼ ਲਾਇਆ ਹੈ ਕਿ ਕੈਨੇਡਾ ਵਿਚ ਸਿੱਖ ਕਾਰਕੁਨਾਂ ਨੂੰ ਹਿੰਸਾ ਅਤੇ ਧਮਕੀਆਂ ਦਾ ਨਿਸ਼ਾਨਾ ਬਣਾਉਣ ਲਈ ਵਿੱਢੀ ਮੁਹਿੰਮ ਦਾ ਸੰਚਾਲਨ ਗ੍ਰਹਿ ਮੰਤਰੀ ਅਮਿਤ ਸ਼ਾਹ ਕਰ ਰਹੇ ਸਨ। ਨਵੀਂ ਦਿੱਲੀ ਨੇ ਇਨ੍ਹਾਂ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੱਤਾ ਹੈ ਅਤੇ ਕਿਹਾ ਹੈ ਕਿ ਕੈਨੇਡਾ ਦੀ ਇਸੇ ਪਹੁੰਚ ਕਾਰਨ ਹੀ ਕੈਨੇਡਾ ਵਿਚ ਸਿੱਖ ਵੱਖਵਾਦੀਆਂ ਦਾ ਮਨੋਬਲ ਵਧ ਰਿਹਾ ਹੈ। ਹੁਣ ਬਰੈਂਪਟਨ ਵਾਲੀ ਘਟਨਾ ਨੇ ਇਸ ਮਸਲੇ ਨੂੰ ਹੋਰ ਉਲਝਾ ਦਿੱਤਾ ਹੈ। ਹੁਣ ਪ੍ਰਧਾਨ ਮੰਤਰੀ ਟਰੂਡੋ ਨੂੰ ਵੀ ਕਹਿਣਾ ਪੈ ਗਿਆ ਹੈ ਕਿ ਹਰ ਕੈਨੇਡੀਅਨ ਨੂੰ ਸੁਤੰਤਰ ਅਤੇ ਸੁਰੱਖਿਅਤ ਰੂਪ ਵਿਚ ਆਪਣੇ ਧਰਮ ਦੀ ਪਾਲਣਾ ਕਰਨ ਦਾ ਹੱਕ ਹੈ। ਅਸਲ ਵਿਚ, ਕੈਨੇਡਾ ਵਿਚ ਹਿੰਦੂਆਂ ਅਤੇ ਸਿੱਖਾਂ ਵਿਚਕਾਰ ਵਧ ਰਿਹਾ ਤਣਾਅ ਦੋਵਾਂ ਦੇਸ਼ਾਂ ਦੇ ਸਬੰਧਾਂ ਵਿਚ ਆਏ ਨਿਘਾਰ ਨਾਲ ਜੁੜਿਆ ਹੋਇਆ ਹੈ। ਪਹਿਲਾਂ-ਪਹਿਲ ਜਦੋਂ ਜਸਟਿਨ ਟਰੂਡੋ ਨੇ ਭਾਰਤ ਉਤੇ ਦੋਸ਼ ਲਾਏ ਸਨ ਤਾਂ ਇਸ ਨੂੰ ਜਸਟਿਨ ਟਰੂਡੋ ਦੀ ਚੋਣ ਸਿਆਸਤ ਨਾਲ ਜੋੜ ਕੇ ਦੇਖਿਆ ਜਾਣ ਲੱਗਾ ਸੀ। ਖਬਰ ਇਹ ਵੀ ਸੀ ਕਿ ਜਸਟਿਨ ਟਰੂਡੋ ਦੀ ਮਕਬੂਲੀਅਤ ਬਹੁਤ ਜ਼ਿਆਦਾ ਘਟਣ ਕਰ ਕੇ ਉਨ੍ਹਾਂ ਦੀ ਪਾਰਟੀ ਉਨ੍ਹਾਂ ਨੂੰ ਲਾਂਭੇ ਕਰਨ ਬਾਰੇ ਵਿਚਾਰਾਂ ਕਰ ਰਹੀ ਹੈ ਤਾਂ ਕਿ ਅਗਲੀਆਂ ਫੈਡਰਲ ਚੋਣਾਂ ਕਿਸੇ ਹੋਰ ਲੀਡਰ ਦੀ ਅਗਵਾਈ ਹੇਠ ਲੜੀਆਂ ਜਾਣ। ਉਂਝ, ਬਾਅਦ ਵਿਚ ਜਿਹੜੇ ਅੰਕੜੇ ਸਾਹਮਣੇ ਆਏ, ਉਹ ਦੱਸਦੇ ਸਨ ਕਿ ਕੁਝ ਖਿੱਤਿਆਂ ਵਿਚ ਸਿੱਖਾਂ ਦਾ ਅਸਰਦਾਰ ਰੋਲ ਤਾਂ ਹੈ ਪਰ ਇਹ ਮੁਲਕ ਪੱਧਰ ‘ਤੇ ਚੋਣ ਨਤੀਜੇ ਪ੍ਰਭਾਵਿਤ ਕਰਨ ਦੇ ਸਮਰੱਥ ਨਹੀਂ। ਇਸ ਤੋਂ ਬਾਅਦ ਕੈਨੇਡਾ ਨੇ ਲੜੀਵਾਰ ਢੰਗ ਆਪਣੇ ਦੋਸ਼ ਦੁਹਰਾਏ ਅਤੇ ਹੁਣ ਗੱਲ ਭਾਰਤ ਦੇ ਗ੍ਰਹਿ ਮੰਤਰੀ ਦਾ ਦਾਮਨ ਫੜਨ ਤੱਕ ਜਾ ਪੁੱਜੀ ਹੈ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਨੇ ਪਹਿਲਾਂ ਇਸ ਮਸਲੇ ‘ਤੇ ਇਕ ਵੀ ਸ਼ਬਦ ਨਹੀਂ ਬੋਲਿਆ ਸੀ ਪਰ ਹੁਣ ਬਰੈਂਪਟਨ ਵਾਲੀ ਘਟਨਾ ਤੋਂ ਬਾਅਦ ਉਨ੍ਹਾਂ ਦਾ ਤੁਰੰਤ ਬਿਆਨ ਆ ਗਿਆ ਹੈ।
ਉਂਝ, ਮੋਦੀ ਸਰਕਾਰ ਖਿਲਾਫ ਇਹ ਰੋਸ ਅਕਸਰ ਜ਼ਾਹਿਰ ਹੁੰਦਾ ਰਿਹਾ ਹੈ ਕਿ ਇਹ ਸਰਕਾਰ ਘੱਟ-ਗਿਣਤੀਆਂ ਦਾ ਘਾਣ ਕਰ ਰਹੀ ਹੈ। ਇਸ ਵਕਤ ਇਸ ਸਰਕਾਰ ਦੇ ਪਹਿਲੇ ਨਿਸ਼ਾਨੇ ‘ਤੇ ਮੁਸਲਮਾਨ ਹਨ; ਇਸ ਉਤੇ ਬਹੁਤ ਸਾਰੇ ਮਾਮਲਿਆਂ ਵਿਚ ਸਿੱਖਾਂ ਅਤੇ ਹੋਰ ਘੱਟ-ਗਿਣਤੀ ਭਾਈਚਾਰਿਆਂ ਨੂੰ ਨਿਸ਼ਾਨਾ ਬਣਾਉਣ ਦੇ ਦੋਸ਼ ਲਗਾਤਾਰ ਲਗਦੇ ਰਹੇ ਹਨ। ਮੁਸਲਮਾਨਾਂ ਦਾ ਹਾਲ ਤਾਂ ਇਹ ਹੈ ਕਿ ਜਿਨ੍ਹਾਂ ਸੂਬਿਆਂ ਵਿਚ ਭਾਰਤੀ ਜਨਤਾ ਪਾਰਟੀ ਦੀਆਂ ਸਰਕਾਰਾਂ ਹਨ, ਉਥੇ ਮੁਸਲਮਾਨਾਂ ਦਾ ਜੀਣਾ ਮੁਸ਼ਕਿਲ ਕੀਤਾ ਹੋਇਆ ਹੈ। ਉਤਰ ਪ੍ਰਦੇਸ਼ ਜਿਥੇ ਯੋਗੀ ਆਦਿੱਤਿਆਨਾਥ ਦੀ ਅਗਵਾਈ ਹੇਠ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਚੱਲ ਰਹੀ ਹੈ, ਵਿਚ ਫਿਰਕੂ ਪਾਲਾਬੰਦੀ ਜ਼ੋਰ-ਸ਼ੋਰ ਨਾਲ ਚੱਲ ਰਹੀ ਹੈ। ਬਲਡੋਜ਼ਰ ਨਿਆਂ ਤਹਿਤ ਮੁਸਲਮਾਨਾਂ ਦੇ ਜਬਰੀ ਘਰ ਢਾਹੁਣ ਦੀ ਮੁਹਿੰਮ ਚਲਾਈ ਗਈ। ਸੁਪਰੀਮ ਕੋਰਟ ਦੇ ਦਖਲ ਤੋਂ ਬਾਅਦ ਹੀ ਇਹ ਕਾਰਵਾਈ ਬੰਦ ਹੋ ਸਕੀ ਹੈ। ਹੁਣ ਯੋਗੀ ਆਦਿੱਤਿਆਨਾਥ ਨੇ ‘ਬਟੇਂਗੇ ਤੋ ਕਟੇਂਗੇ’ ਦਾ ਨਾਅਰਾ ਦੇ ਦਿੱਤਾ ਹੈ। ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐੱਸ.ਐੱਸ.) ਦਾ ਮੁਖੀ ਮੋਹਨ ਭਾਗਵਤ ਹਿੰਦੂਆਂ ਨੂੰ ਇਕਜੁਟਤਾ ਦਾ ਹੋਕਾ ਦੇ ਰਿਹਾ ਹੈ। ਇਸ ਬਾਰੇ ਕੁਝ ਵਿਦਵਾਨਾਂ ਨੇ ਸਵਾਲ ਵੀ ਉਠਾਏ ਹਨ ਕਿ ਮੋਹਨ ਭਾਗਵਤ ਜਿਸ ਹਿੰਦੂ ਸਮਾਜ ਨੂੰ ਏਕੇ ਦਾ ਹੋਕਾ ਦੇ ਰਿਹਾ ਹੈ, ਉਸ ਸਮਾਜ ਨੂੰ ਵੰਡਿਆ ਵੀ ਤਾਂ ਮਨੂਵਾਦੀਆਂ ਨੇ ਹੀ ਹੈ। ਅੱਜ ਵੀ ਭਾਰਤ ਵਿਚ ਕਈ ਮੰਦਰ ਅਜਿਹੇ ਹਨ ਜਿੱਥੇ ਦਲਿਤਾਂ ਨੂੰ ਅੰਦਰ ਵੜਨ ਦੀ ਮਨਾਹੀ ਹੈ। ਜ਼ਾਹਿਰ ਹੈ ਕਿ ਭਾਰਤੀ ਜਨਤਾ ਪਾਰਟੀ ਅਤੇ ਮੋਦੀ ਸਰਕਾਰ ਆਪਣਾ ਫਿਰਕੂ ਏਜੰਡਾ ਫੈਲਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ ਪਰ ਬਾਕੀਆਂ ਨੂੰ ਨਸੀਹਤਾਂ ਦੇ ਰਹੀ ਹੈ। ਅਜਿਹੀਆਂ ਨਸੀਹਤਾਂ ਦੇਣ ਦੀ ਬਜਾਇ ਹੁਣ ਇਨ੍ਹਾਂ ਨੂੰ ਆਪਣੀ ਪੀੜ੍ਹੀ ਹੇਠ ਸੋਟਾ ਫੇਰਨਾ ਚਾਹੀਦਾ ਹੈ ਤਾਂ ਕਿ ਹਰ ਫਿਰਕੇ ਨੂੰ ਬਣਦਾ ਮਾਣ-ਤਾਣ ਮਿਲੇ ਅਤੇ ਫਿਰਕੂ ਸਿਆਸਤ ਨੂੰ ਠੱਲ੍ਹ ਪਵੇ।