ਫਸਵੇਂ ਮੁਕਾਬਲੇ ਵਿਚ ਕਮਲਾ ਹੈਰਿਸ ਨੂੰ ਹਰਾਇਆ
ਵਾਸ਼ਿੰਗਟਨ: ਅਮਰੀਕਾ ਦੇ 47ਵੇਂ ਰਾਸ਼ਟਰਪਤੀ ਦੇ ਫਸਵੇਂ ਮੁਕਾਬਲੇ ਵਿਚ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਲਡ ਟਰੰਪ ਨੇ ਡੈਮੋਕਰੈਟਿਕ ਪਾਰਟੀ ਦੀ ਉਮੀਦਵਾਰ ਕਮਲਾ ਹੈਰਿਸ ਨੂੰ ਹਰਾ ਦਿੱਤਾ। ਇਸ ਤੋਂ ਪਹਿਲਾਂ ਉਹ 20 ਜਨਵਰੀ 2017 ਤੋਂ 20 ਜਨਵਰੀ 2021 ਤੱਕ ਮੁਲਕ ਦੇ ਰਾਸ਼ਟਰਪਤੀ ਰਹਿ ਚੁੱਕੇ ਹਨ। ਪਿਛਲੀ ਵਾਰ ਉਹ ਡੈਮੋਕਰੈਟਿਕ ਪਾਰਟੀ ਦੇ ਉਮੀਦਵਾਰ ਜੋਅ ਬਾਇਡਨ ਤੋਂ ਹਾਰ ਗਏ ਸਨ।
ਇਸ ਤੋਂ ਪਹਿਲਾਂ ਰਾਸ਼ਟਰਪਤੀ ਦੀ ਚੋਣ ਲਈ ਵੱਡੀ ਗਿਣਤੀ ਵੋਟਰ ਵੋਟਿੰਗ ਕੇਂਦਰਾਂ ‘ਚ ਪੁੱਜੇ। ਚੋਣਾਂ ਤੋਂ ਐਨ ਪਹਿਲਾਂ ਦੋਵਾਂ ਉਮੀਦਵਾਰਾਂ ਨੇ ਵੋਟਰਾਂ ਨੂੰ ਆਪਣੇ ਵੱਲ ਕਰਨ ਲਈ 7 ‘ਸਵਿੰਗ‘ ਸਟੇਟਾਂ ‘ਚੋਂ ਸਭ ਤੋਂ ਵੱਡੇ ਇਲੈਕਟੋਰਲ ਕਾਲਜ ਵਾਲੇ ਪੈਨਸਿਲਵੇਨੀਆ ‘ਚ ਕਾਫੀ ਸਮਾਂ ਬਿਤਾਇਆ। ਵੱਖ-ਵੱਖ ਮੀਡੀਆ ਅਦਾਰਿਆਂ ਦੇ ਸਰਵੇਖਣਾਂ ਵਿਚ ਹੈਰਿਸ (60) ਅਤੇ ਟਰੰਪ (78) ਵਿਚਾਲੇ ਸਖਤ ਟੱਕਰ ਸਾਹਮਣੇ ਆਈ ਸੀ। ਪਹਿਲਾਂ ਹੈਰਿਸ ਨੂੰ ਮਾਮੂਲੀ ਲੀਡ ਮਿਲਣ ਦਾ ਅਨੁਮਾਨ ਜ਼ਾਹਿਰ ਕੀਤਾ ਗਿਆ ਸੀ।
ਆਪਣੀਆਂ ਆਖਰੀ ਰੈਲੀਆਂ ‘ਚ ਦੋਵਾਂ ਉਮੀਦਵਾਰਾਂ ਨੇ ਦੇਸ਼ ਨੂੰ ਅੱਗੇ ਲਿਜਾਣ ਬਾਰੇ ਇੱਕ-ਦੂਜੇ ਦੇ ਉਲਟ ਨਜ਼ਰੀਏ ਨਾਲ ਪ੍ਰਚਾਰ ਕਰਕੇ ਆਪਣੀਆਂ ਮੁਹਿੰਮਾਂ ਖਤਮ ਕੀਤੀਆਂ। ਹੈਰਿਸ ਨੇ ਜਿੱਥੇ ਨਫਰਤ ਅਤੇ ਵੰਡ ‘ਤੇ ਕਾਬੂ ਪਾਉਣ ਅਤੇ ਨਵੀਂ ਸ਼ੁਰੂਆਤ ਕਰਨ ਦੇ ਨਜ਼ਰੀਏ ਦਾ ਸੱਦਾ ਦਿੱਤਾ ਉੱਥੇ ਟਰੰਪ ਨੇ ਡੈਮੋਕਰੈਟਿਕ ਪਾਰਟੀ ਦੇ ਸ਼ਾਸਨ ਤਹਿਤ ਹਨੇਰੇ ਭਵਿੱਖ ਦੀ ਚਿਤਾਵਨੀ ਦਿੱਤੀ। ਹੈਰਿਸ ਨੇ ਪੈਨਸਿਲਵੇਨੀਆ ‘ਚ ਆਪਣੀ ਪ੍ਰਚਾਰ ਮੁਹਿੰਮ ਖਤਮ ਕਰਦਿਆਂ ਕਿਹਾ, “ਅੱਜ ਅਸੀਂ ਆਸ਼ਾਵਾਦ, ਊਰਜਾ ਤੇ ਖੁਸ਼ੀ ਨਾਲ ਆਪਣਾ ਪ੍ਰਚਾਰ ਖਤਮ ਕਰਾਂਗੇ।” ਆਪਣੇ ਸਮਾਪਤੀ ਭਾਸ਼ਣ ‘ਚ ਟਰੰਪ ਨੇ ਕਿਹਾ, “ਅੱਜ ਤੁਹਾਨੂੰ ਤੇ ਸਾਰੇ ਅਮਰੀਕੀਆਂ ਲਈ ਮੇਰਾ ਸੁਨੇਹਾ ਬਹੁਤ ਸਰਲ ਹੈ।” ਅਮਰੀਕਾ ਵਿਚ 50 ਸਟੇਟ ਹਨ।
ਉਧਰ, ਐਤਕੀਂ ਅਮਰੀਕੀ ਚੋਣਾਂ ਵਿਚ ਕੁਝ ਹੋਰ ਰੰਗ ਵੀ ਦੇਖਣ ਨੂੰ ਮਿਲਿਆ। ਮੁਕਾਬਲਾ ਬਹੁਤ ਫਸਵਾਂ ਸੀ ਅਤੇ ਦੋਵੇਂ ਧਿਰਾਂ ਵੋਟਾਂ ਆਪਣੇ ਹੱਕ ਵਿਚ ਭੁਗਤਾਉਣ ਲਈ ਹਰ ਸੰਭਵ ਯਤਨ ਕਰ ਰਹੀਆਂ ਸਨ। ਅਮਰੀਕੀ ਏਜੰਸੀਆਂ ਨੇ ਵੋਟਾਂ ਪੈਣ ਤੋਂ ਐਨ ਪਹਿਲਾਂ ਭੰਡੀ ਪ੍ਰਚਾਰ ਨਾਲ ਸਬੰਧਿਤ ਰੂਸ ਦੀਆਂ ਕੋਸ਼ਿਸ਼ਾਂ ਨਾਕਾਮ ਕਰਨ ਦਾ ਦਾਅਵਾ ਕੀਤਾ ਹੈ। ਫੈਡਰਲ ਏਜੰਸੀਆਂ ਦੇ ਅਧਿਕਾਰੀਆਂ ਨੇ ਸਾਂਝੇ ਬਿਆਨ ‘ਚ ਰੂਸ ਹਮਾਇਤੀਆਂ ਦੇ ਲੇਖ ਦਾ ਜ਼ਿਕਰ ਕੀਤਾ ਜਿਸ ‘ਚ ਦਾਅਵਾ ਕੀਤਾ ਗਿਆ ਹੈ ਕਿ ਰਾਸ਼ਟਰਪਤੀ ਚੋਣਾਂ ‘ਚ ‘ਸਵਿੰਗ’ਸਟੇਟਾਂ ਵਿੱਚ ਅਮਰੀਕੀ ਅਧਿਕਾਰੀ ਧੋਖਾਧੜੀ ਦੀ ਯੋਜਨਾ ਬਣਾ ਰਹੇ ਹਨ। ਇਸ ਲੇਖ ਨਾਲ ਵੀਡੀਓ ਵੀ ਸਾਂਝੀ ਕੀਤੀ ਗਈ। ਰੂਸੀ ਦੂਤਾਵਾਸ ਨੇ ਇਨ੍ਹਾਂ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਹੈ।
ਚੇਤੇ ਰਹੇ ਕਿ ਇਸ ਚੋਣ ਲਈ ਪਹਿਲਾਂ ਡੈਮੋਕਰੈਟਿਕ ਪਾਰਟੀ ਵੱਲੋਂ ਰਾਸ਼ਟਰਪਤੀ ਜੋਅ ਬਾਇਡਨ ਹੀ ਉਮੀਦਵਾਰ ਸਨ ਪਰ ਪਹਿਲੀ ਹੀ ਬਹਿਸ ਦੌਰਾਨ ਉਹ ਰਿਪਬਲਿਕਨ ਉਮੀਦਵਾਰ ਟਰੰਪ ਤੋਂ ਬਹੁਤ ਪਛੜ ਗਏ। ਇਸ ਦਾ ਅਸਰ ਚੋਣ ਮੁਹਿੰਮ ‘ਤੇ ਵੀ ਪਿਆ। ਇਸੇ ਕਰ ਕੇ ਡੈਮੋਕਰੈਟਿਕ ਪਾਰਟੀ ਨੇ ਤੁਰੰਤ ਐਕਸ਼ਨ ਲੈਂਦਿਆਂ ਜੋਅ ਬਾਇਡਨ ਨੂੰ ਲਾਂਭੇ ਕੀਤਾ ਅਤੇ ਉਪ ਰਾਸ਼ਟਰਪਤੀ ਦੇ ਅਹੁਦੇ ਲਈ ਚੋਣ ਲੜ ਰਹੀ ਕਮਲਾ ਹੈਰਿਸ ਨੂੰ ਰਾਸ਼ਟਰਪਤੀ ਦੇ ਅਹੁਦੇ ਦੀ ਉਮੀਦਵਾਰ ਐਲਾਨ ਦਿੱਤਾ। ਇਸ ਨਾਲ ਸਿਆਸੀ ਹਵਾ ਰਾਤੋ-ਰਾਤ ਬਦਲ ਗਈ। ਜਿਹੜੀ ਡੈਮੋਕਰੈਟਿਕ ਪਾਰਟੀ ਇਸ ਚੋਣ ਵਿਚ ਬੁਰੀ ਤਰ੍ਹਾਂ ਪਛੜ ਰਹੀ ਸੀ, ਉਹ ਮੁਕਾਬਲੇ ਵਿਚ ਆ ਗਈ। ਇਸ ਤੋਂ ਬਾਅਦ ਤਾਂ ਕਮਲਾ ਹੈਰਿਸ ਦਾ ਹੱਥ ਕਾਫੀ ਉਤਾਂਹ ਹੋ ਗਿਆ ਪਰ ਮਗਰਲੇ ਕੁਝ ਸਮੇਂ ਦੌਰਾਨ ਟਰੰਪ ਨੇ ਵੀ ਹੰਭਲਾ ਮਾਰਿਆ ਅਤੇ ਹੈਰਿਸ ਨਾਲ ਆਪਣਾ ਫਰਕ ਬਹੁਤ ਘਟਾ ਲਿਆ।
ਅਮਰੀਕਾ ਵਿਚ ਇਲੈਕਟੋਰਲ ਕਾਲਜ ਰਾਹੀਂ 538 ਇਲੈਕਟਰ ਚੁਣੇ ਜਾਂਦੇ ਹਨ। 50 ਸਟੇਟਾਂ ਵਿਚੋਂ 535 ਇਲੈਕਟਰ ਅਤੇ 3 ਇਲੈਕਟਰ 23ਵੀਂ ਸੋਧ ਰਾਹੀਂ ਆਉਂਦੇ ਹਨ। ਅਮਰੀਕਾ ਦੇ ਪਹਿਲੇ ਰਾਸ਼ਟਰਪਤੀ ਜਾਰਜ ਵਾਸ਼ਿੰਗਟਨ ਨੇ 30 ਅਪਰੈਲ 1798 ਵਿਚ ਅਹੁਦਾ ਸੰਭਾਲਿਆ ਸੀ।