ਵਿਸ਼ਵ ਕਬੱਡੀ ਕੱਪ ਵਿਚ ਪ੍ਰਾਈਵੇਟ ਬੱਸ ਮਾਲਕਾਂ ਨੇ ਲੁੱਟਿਆ ਖਜ਼ਾਨਾ

ਚੰਡੀਗੜ੍ਹ: ਦੂਜੇ ਵਿਸ਼ਵ ਕਬੱਡੀ ਕੱਪ ਦੇ ਉਦਘਾਟਨੀ ਤੇ ਸਮਾਪਤੀ ਸਮਾਗਮਾਂ ਵਿਚ ਅਫ਼ਸਰਸ਼ਾਹੀ ਦੀ ਮਿਲੀਭੁਗਤ ਨਾਲ ਸਰਕਾਰੀ ਖ਼ਜ਼ਾਨੇ ਦੀ ਕੀਤੀ ਗਈ ਲੁੱਟ ਦੀਆਂ ਪਰਤਾਂ ਖੁੱਲ੍ਹਣੀਆਂ ਸ਼ੁਰੂ ਹੋ ਗਈਆਂ ਹਨ। ਇਨ੍ਹਾਂ ਸਮਾਗਮਾਂ ਦੌਰਾਨ ਸਰਕਾਰ ਦੇ ‘ਲਾਡਲਿਆਂ’ ਨੇ ਕੁਝ ਅਜਿਹਾ ਕਰ ਵਿਖਾਇਆ ਜੋ ਇਨਸਾਨ ਦੇ ਵੱਸ ਤੋਂ ਪਰੇ ਦੀ ਗੱਲ ਹੈ। 
ਅਸਲ ਵਿਚ ਕਬੱਡੀ ਕੱਪ ਦੇ ਇਕ ਨਵੰਬਰ 2011 ਨੂੰ ਬਠਿੰਡਾ ਵਿਚ ਹੋਏ ਉਦਘਾਟਨੀ ਸਮਾਗਮ ਤੇ 18 ਨਵੰਬਰ ਨੂੰ ਹੋਏ ਸੈਮੀਫਾਈਨਲ ਮੈਚਾਂ ਵਿਚ ਲੋਕਾਂ ਦਾ ਇਕੱਠ ਕਰਨ ਲਈ ਖੇਡ ਵਿਭਾਗ ਵੱਲੋਂ ਬਠਿੰਡਾ ਪੱਟੀ ਦੇ ਬੱਸ ਮਾਲਕਾਂ ਨੂੰ ਜਿਨ੍ਹਾਂ ਬੱਸਾਂ ਦੀ ਅਦਾਇਗੀ ਕੀਤੀ ਗਈ ਹੈ, ਉਹ ਬੱਸਾਂ ਨਹੀਂ, ਬਲਕਿ ਸਕੂਟਰ ਤੇ ਮੋਟਰਸਾਈਕਲ ਸਨ। ਪ੍ਰਾਈਵੇਟ ਬੱਸ ਮਾਲਕਾਂ ਨੇ ਟਰਾਂਸਪੋਰਟ ਅਫਸਰਾਂ ਨਾਲ ਮਿਲ ਕੇ ਲੱਖਾਂ ਰੁਪਏ ਰੁਪਏ ਦਾ ਘਪਲਾ ਕਰ ਦਿੱਤਾ ਹੈ ਜਿਸ ਵਿਚ ਬੱਸਾਂ ਦੇ ਫਰਜ਼ੀ ਨੰਬਰ (ਰਜਿਸਟ੍ਰੇਸ਼ਨ) ਪਾ ਦਿੱਤੇ ਗਏ ਹਨ।
ਆਰæਟੀæਆਈ ਤਹਿਤ ਮਿਲੀ ਸੂਚਨਾ ਮੁਤਾਬਕ ਬੱਸਾਂ ਦੇ ਇਕੱਲੇ ਫਰਜ਼ੀ ਨੰਬਰ ਹੀ ਨਹੀਂ ਪਾਏ ਗਏ ਬਲਕਿ ਇਕ-ਇਕ ਬੱਸ ਦਾ ਇਕੋ ਦਿਨ ਵਿਚ ਦੋ-ਦੋ ਵਾਰੀ ਕਿਰਾਇਆ ਵੀ ਵਸੂਲਿਆ ਗਿਆ ਹੈ। ਜ਼ਿਲ੍ਹਾ ਖੇਡ ਅਫਸਰ ਬਠਿੰਡਾ ਮੁਤਾਬਕ ਵਿਸ਼ਵ ਕੱਪ ਦੇ ਉਦਘਾਟਨੀ ਸਮਾਗਮਾਂ ਵਿਚ ਇਕੱਠ ਕਰਨ ਵਾਸਤੇ 227 ਬੱਸਾਂ ਵਰਤੀਆਂ ਗਈਆਂ ਜਿਨ੍ਹਾਂ ਦੀ ਛੇ ਬੱਸ ਮਾਲਕਾਂ ਨੂੰ 7,94,500 ਰੁਪਏ ਦੀ ਅਦਾਇਗੀ ਕੀਤੀ ਗਈ। ਖੇਡ ਵਿਭਾਗ ਵੱਲੋਂ ਪ੍ਰਤੀ ਬੱਸ (52 ਸੀਟਾਂ ਵਾਲੀ) 2500 ਰੁਪਏ ਪ੍ਰਤੀ ਦਿਹਾੜੀ ਤੇ ਇਕ ਹਜ਼ਾਰ ਰੁਪਏ ਦੇ ਸਮੇਤ ਪ੍ਰਤੀ ਬੱਸ ਨੂੰ ਪ੍ਰਤੀ ਦਿਨ ਦੀ ਕੁੱਲ 3500 ਰੁਪਏ ਦੀ ਅਦਾਇਗੀ ਕੀਤੀ ਗਈ।
ਖੇਡ ਵਿਭਾਗ ਤੋਂ ਜੋ ਬੱਸਾਂ ਦੀ ਸਮੇਤ ਰਜਿਸਟ੍ਰੇਸ਼ਨ ਨੰਬਰ ਸੂਚੀ ਪ੍ਰਾਪਤ ਹੋਈ, ਉਨ੍ਹਾਂ ਨੰਬਰਾਂ ਦੀ ਹੀ ਜਦੋਂ ਡੀæਟੀæਓ ਬਠਿੰਡਾ, ਬਰਨਾਲਾ ਤੇ ਸੰਗਰੂਰ ਤੋਂ ਸੂਚਨਾ ਪ੍ਰਾਪਤ ਕੀਤੀ ਤਾਂ ਮਾਮਲਾ ਬੇਪਰਦ ਹੋਇਆ ਕਿ ਜਿਨ੍ਹਾਂ ਨੂੰ ਬੱਸਾਂ ਦਿਖਾਇਆ ਗਿਆ ਹੈ, ਉਹ ਅਸਲ ਵਿਚ ਸਕੂਟਰ, ਮੋਟਰਸਾਈਕਲ ਤੇ ਕਾਰਾਂ ਦੇ ਨੰਬਰ ਹਨ। ਸਰਕਾਰੀ ਸੂਚਨਾ ਮੁਤਾਬਕ ਟਰਾਂਸਪੋਰਟਰ ਹਰਮੀਕ ਸਿੰਘ ਵਾਸੀ ਨਥਾਣਾ ਨੂੰ ਉਦਘਾਟਨੀ ਸਮਾਗਮਾਂ ਵਾਸਤੇ ਭੇਜੀਆਂ 52 ਬੱਸਾਂ ਲਈ 1æ82 ਲੱਖ ਰੁਪਏ ਦੀ ਅਦਾਇਗੀ ਕੀਤੀ ਗਈ ਹੈ।
ਇਸ ਬੱਸ ਮਾਲਕ ਵੱਲੋਂ ਰਜਿਸਟ੍ਰੇਸ਼ਨ ਨੰਬਰ ਪੀæਬੀæ19 ਸੀ 9557 ਨੂੰ ਬੱਸ ਦਿਖਾਇਆ ਗਿਆ ਹੈ ਜਦੋਂ ਕਿ ਇਹ  ਬਰਨਾਲਾ ਦੇ ਗੁਰਪ੍ਰੀਤ ਸਿੰਘ ਦੇ ਮੋਟਰਸਾਈਕਲ ਦਾ ਨੰਬਰ ਹੈ। ਖੇਡ ਵਿਭਾਗ ਦੀ ਸੂਚੀ ਵਿਚ ਪੀæਬੀæ13 ਜੀ 841 ਵੱਡੀ ਬੱਸ ਹੈ, ਜਦੋਂਕਿ ਇਹ ਧੂਰੀ ਦੇ ਪਿੰਡ ਕੇਹਰੂ ਦੇ ਬਰਿੰਦਰ ਸਿੰਘ ਦੇ ਬਜਾਜ ਸਕੂਟਰ ਦਾ ਨੰਬਰ ਹੈ। ਪੀæਬੀæ13 ਸੀ 3187 ਤੇ ਪੀæਬੀæ 19 ਸੀ 9245  ਬਰਨਾਲਾ ਦੇ ਪਿੰਡ ਮੱਲੀਆ ਵਾਲਾ ਦੇ ਜਗਦੀਪ ਸਿੰਘ ਤੇ ਚਰਨ ਸਿੰਘ ਦੇ ਕ੍ਰਮਵਾਰ ਇਹ ਸਕੂਟਰ (1994 ਮਾਡਲ) ਤੇ ਮੋਟਰਸਾਈਕਲ ਹਨ।
ਇਸੇ ਤਰ੍ਹਾਂ ਮਾਲੇਰਕੋਟਲਾ ਦੇ ਪਿੰਡ ਅਖਤਿਆਰਪੁਰਾ ਦੇ ਭਰੂਪਰ ਸਿੰਘ ਦੇ ਟਰਾਲੇ (ਪੀæਬੀæ 13 ਐਲ 9387) ਨੂੰ ਬੱਸ ਦਿਖਾਇਆ ਗਿਆ ਤੇ ਬਰਨਾਲਾ ਦੀ ਸਵਰਨਜੀਤ ਕੌਰ ਦੇ ਸਕੂਟਰ (ਪੀæਬੀæ 19 ਈ 2665) ਨੂੰ ਵੀ ਬੱਸ ਦਿਖਾ ਕੇ ਅਦਾਇਗੀ ਲਈ ਗਈ ਹੈ। ਬਰਨਾਲਾ ਦੇ ਅਮਰਜੀਤ ਸਿੰਘ ਦੀ ਇੰਡੋਗੋ ਕਾਰ (ਪੀæਬੀæ 19 ਐਫ 7107), ਗੁਲਸ਼ਨ ਕੁਮਾਰ ਦੀ ਸਵਿਫਟ ਕਾਰ (ਪੀæਬੀæ 19 ਐਫ 4007) ਤੇ ਪਿੰਡ ਬੋੜ ਕਲਾਂ ਦੇ ਮਨਜੀਤ ਸਿੰਘ ਦੇ ਮੋਟਰਸਾਇਕਲ (ਪੀæਬੀæ 13 ਐਨ 7611) ਨੂੰ ਵੀ ਕਾਗ਼ਜ਼ਾਂ ਵਿਚ ਬੱਸ ਦਿਖਾ ਕੇ ਕਬੱਡੀ ਮੇਲਾ ਲੁੱਟਿਆ ਗਿਆ ਹੈ।
ਬੱਸ ਮਾਲਕ ਹਰਮੀਕ ਸਿੰਘ ਨੇ ਬੱਸ ਪੀæਬੀæ 19 ਸੀ 4507 ਦੀ ਇਕੋ ਦਿਨ ਦੋ ਜਗ੍ਹਾ ਐਂਟਰੀ ਵਿਖਾ ਕੇ ਦੋਹਰੀ ਅਦਾਇਗੀ ਲੈ ਲਈ। ਉਸ ਨੇ ਤਾਂ ਪੀæਬੀæ 19 ਕਿਊ 7907 ਬੱਸ ਨੰਬਰ ਦੀ ਵੀ ਅਦਾਇਗੀ ਲੈ ਲਈ ਜਦੋਂ ਕਿ ਡੀæਟੀæਓæ ਦਫ਼ਤਰ ਬਰਨਾਲਾ ਵਿਚ ਇਸ ਨੰਬਰ ਦੀ ਸੀਰੀਜ਼ ਚਾਲੂ ਹੀ ਨਹੀਂ ਹੋਈ ਹੈ। ਦੂਸਰੇ ਬੱਸ ਮਾਲਕ ਲਖਵੀਰ ਸਿੰਘ ਵਾਸੀ ਹਰਰਾਏਪੁਰ ਨੂੰ ਖੇਡ ਵਿਭਾਗ ਨੇ 20 ਬੱਸਾਂ ਲਈ 70 ਹਜ਼ਾਰ ਰੁਪਏ ਦੀ ਅਦਾਇਗੀ ਕੀਤੀ ਹੈ। ਤੀਜੇ ਬੱਸ ਮਾਲਕ ਸੁਖਮੰਦਰ ਸਿੰਘ ਵਾਸੀ ਜੱਸੀ ਪੌਂ ਵਾਲੀ ਨੂੰ ਖੇਡ ਵਿਭਾਗ ਨੇ 33 ਬੱਸਾਂ ਲਈ 1,15,500 ਰੁਪਏ ਅਦਾਇਗੀ ਕੀਤੀ ਹੈ। ਇਸ ਮਾਲਕ ਨੂੰ ਬੱਸ ਪੀæਬੀæ 03 6166 ਦੀ ਅਦਾਇਗੀ ਕੀਤੀ ਹੈ ਜਦੋਂਕਿ ਇਹ ਜਸਵਿੰਦਰ ਕੌਰ ਭਾਟੀਆ ਵਾਸੀ ਬਠਿੰਡਾ ਦਾ ਬਿਨਾਂ ਗੇਅਰ ਵਾਲੇ ਸਕੂਟਰ ਦਾ ਨੰਬਰ ਹੈ। ਚੌਥੇ ਬੱਸ ਮਾਲਕ ਗੁਰਚਰਨ ਸਿੰਘ ਵਾਸੀ ਬਠਿੰਡਾ ਨੂੰ 15 ਬੱਸਾਂ ਲਈ 52,500 ਰੁਪਏ ਦੀ ਅਦਾਇਗੀ ਕੀਤੀ ਗਈ, ਜਿਸ ਨੇ ਪੀæਬੀæ 13 ਐਚ 9755 ਬੱਸ ਦੀ ਅਦਾਇਗੀ ਵੀ ਲਈ ਹੈ, ਜੋ ਅਸਲ ਵਿਚ ਪਿੰਡ ਖਨਾਲ ਕਲਾਂ ਦੇ ਜਗਸੀਰ ਸਿੰੰਘ ਦੇ ਸਕੂਟਰ (ਮਾਡਲ 2000) ਦਾ ਨੰਬਰ ਹੈ।

Be the first to comment

Leave a Reply

Your email address will not be published.