ਬੂਟਾ ਸਿੰਘ ਮਹਿਮੂਦਪੁਰ
ਫੋਨ: +91-94634-74342
‘ਫਰੇਮਡ ਐਜ ਏ ਟੈਰਰਿਸਟ, ਮਾਈ ਫੋਰਟੀਨ ਈਅਰ ਸਟ੍ਰਗਲ ਟੂ ਪਰੂਵ ਮਾਈ ਇਨੋਸੈਂਸ` ਦਾ ਪੰਜਾਬੀ ਅਨੁਵਾਦ ‘ਦਹਿਸ਼ਤਗਰਦ ਦਾ ਫ਼ਰਜ਼ੀ ਠੱਪਾ` ਨਾਮ ਹੇਠ ਛਪਿਆ ਹੈ। ਇਹ ਦਿੱਲੀ ਦੇ ਮੁਸਲਮਾਨ ਨੌਜਵਾਨ ਮੁਹੰਮਦ ਆਮਿਰ ਖ਼ਾਨ ਵੱਲੋਂ ਨੰਦਿਤਾ ਹਕਸਰ ਦੀ ਮਦਦ ਨਾਲ ਲਿਖੀ ਹੱਡਬੀਤੀ ਹੈ ਜਿਸ ਵਿਚ ਉਸ ਨੇ 13 ਸਾਲ 10 ਮਹੀਨੇ ਬਿਨਾਂ ਕੋਈ ਜੁਰਮ ਕੀਤੇ ਜੇਲ੍ਹ `ਚ ਬੰਦ ਰਹਿਣ ਦੀ ਆਪਣੀ ਦਰਦਨਾਕ ਦਾਸਤਾਨ ਬਿਆਨ ਕੀਤੀ ਹੈ। ਨੰਦਿਤਾ ਹਕਸਰ ਉਨ੍ਹਾਂ ਜਾਗਦੀਆਂ ਜ਼ਮੀਰਾਂ ਵਾਲੇ ਮਨੁੱਖੀ ਅਧਿਕਾਰ ਕਾਰਕੁਨਾਂ `ਚੋਂ ਇਕ ਹੈ ਜਿਨ੍ਹਾਂ ਨੇ 1984 ਦੀ ਸਿੱਖ ਨਸਲਕੁਸ਼ੀ ਬਾਰੇ ਤੱਥ-ਖੋਜ ਰਿਪੋਰਟ ‘ਦੋਸ਼ੀ ਕੌਣ ਹਨ` ਕਲਮਬੱਧ ਕਰ ਕੇ ਸਿੱਖ ਫਿਰਕੇ ਦੀ ਗਿਣ-ਮਿੱਥੀ ਨਸਲਕੁਸ਼ੀ ਦਾ ਸੱਚ ਸਾਹਮਣੇ ਲਿਆਂਦਾ ਸੀ।
ਇਹ ਕਿਤਾਬ ਬਦਲਾਲਊ ਜ਼ਿਹਨੀਅਤ ਵਾਲੇ ਭਾਰਤੀ ਖ਼ੁਫੀਆ ਏਜੰਸੀਆਂ ਦੇ ਅਧਿਕਾਰੀਆਂ ਵੱਲੋਂ ਇਕ ਬੇਕਸੂਰ ਨੌਜਵਾਨ ਉੱਪਰ ਦਹਿਸ਼ਤਗਰਦ ਹੋਣ ਦਾ ਝੂਠਾ ਦੋਸ਼ ਲਾ ਕੇ ਉਸ ਦੀ ਜ਼ਿੰਦਗੀ ਬਰਬਾਦ ਕਰ ਦੇਣ ਦੀ ਦਿਲ ਦਹਿਲਾ ਦੇਣ ਵਾਲੀ ਦਾਸਤਾਨ ਹੈ ਜਿਸ ਲਈ ਸਟੇਟ ਦੀਆਂ ਨੀਤੀਆਂ, ਮਨਮਾਨੀਆਂ ਕਰਨ ਲਈ ਆਜ਼ਾਦ ਜਾਂਚ ਏਜੰਸੀਆਂ, ਸੰਵੇਦਨਾਹੀਣ ਅਦਾਲਤਾਂ, ਤੁਅੱਸਬੀ ਮੀਡੀਆ ਜ਼ਿੰਮੇਵਾਰ ਹੈ। ਉਸ ਦੀ ਮੈਡੀਕਲ ਜਾਂਚ ਕਰਨ ਵਾਲੇ ਡਾਕਟਰ ਵੀ ਉਸ ਨੂੰ ਦਿੱਤੇ ਜਾ ਰਹੇ ਤਸੀਹਿਆਂ ਨੂੰ ਨਜ਼ਰਅੰਦਾਜ਼ ਕਰ ਕੇ ਇਸ ਵਿਚ ਭਾਈਵਾਲ ਬਣੇ। ਇਕ ਡਾਕਟਰ ਨੇ ਤਾਂ ਪੁਲਿਸ ਨੂੰ ਉਸ ਨੂੰ ‘ਸਿੱਧਾ ਕਰਨ` ਲਈ ਵੀ ਉਕਸਾਇਆ ਕਿਉਂਕਿ ਉਹ ਮੁਸਲਮਾਨ ਹੈ।
ਕਹਾਣੀ ਦਾ ਮੁੱਖ ਪਾਤਰ ਮੁਹੰਮਦ ਆਮਿਰ ਖ਼ਾਨ ਹੈ ਜੋ ਪੁਰਾਣੀ ਦਿੱਲੀ ਦੀ ਮੁਸਲਮਾਨ ਬਸਤੀ ਦੇ ਸਾਧਾਰਨ ਪਰਿਵਾਰ ਦਾ 18 ਕੁ ਸਾਲ ਦਾ ਨੌਜਵਾਨ ਹੈ। ਉਸ ਦੀ ਵੱਡੀ ਭੈਣ ਕਰਾਚੀ ਵਿਆਹੀ ਹੋਈ ਹੈ ਅਤੇ 18 ਸਾਲ ਦਾ ਹੋਣ ਉਪਰੰਤ ਉਹ ਆਪਣੀ ਭੈਣ ਨੂੰ ਮਿਲਣ ਦੇ ਚਾਅ ਨਾਲ ਦਿੱਲੀ `ਚ ਪਾਕਿਸਤਾਨ ਦੇ ਦੂਤਾਵਾਸ ਵੀਜ਼ਾ ਲੈਣ ਲਈ ਗਿਆ ਸੀ ਜਿੱਥੇ ਭਾਰਤੀ ਖ਼ੁਫ਼ੀਆ ਏਜੰਸੀ ਆਈ.ਬੀ. ਦੇ ਇਕ ਅਧਿਕਾਰੀ ਨੇ ਇਸ ਅਣਭੋਲ ਨੌਜਵਾਨ ਨੂੰ ਵਰਗਲਾ ਕੇ ‘ਦੇਸ਼ ਖ਼ਾਤਰ` ਜਾਸੂਸੀ ਕਰਨ ਲਈ ਮਨਾ ਲਿਆ।
ਆਪਣੀ ਕਰਾਚੀ ਦੀ ਫੇਰੀ ਦੌਰਾਨ ਸਖ਼ਤ ਸੁਰੱਖਿਆ ਇੰਤਜ਼ਾਮ ਦੇਖ ਕੇ ਉਹ ਪਾਕਿਸਤਾਨ ਦੇ ਫ਼ੌਜੀ ਟਿਕਾਣਿਆਂ ਅਤੇ ਵਾਹਨਾਂ ਦੀਆਂ ਤਸਵੀਰਾਂ ਨਾ ਖਿੱਚ ਸਕਿਆ ਕਿਉਂਕਿ ਉਸ ਨੂੰ ਕੋਈ ਸਿਖਲਾਈ ਨਹੀਂ ਸੀ ਦਿੱਤੀ ਗਈ; ਉਹ ਮਾਨਸਿਕ ਤੌਰ `ਤੇ ਵੀ ਇਸ ਕੰਮ ਲਈ ਤਿਆਰ ਨਹੀਂ ਸੀ। ਇਕ ਭਾਰਤੀ ਏਜੰਟ ਵੱਲੋਂ ਉਸ ਨੂੰ ਜੋ ਖ਼ੁਫ਼ੀਆ ਕਾਗਜ਼ਾਤ ਦਿੱਤੇ ਗਏ, ਉਹ ਉਸ ਨੇ ਅਟਾਰੀ ਬਾਰਡਰ ਉੱਪਰ ਪਾਕਿਸਤਾਨੀ ਕਸਟਮ ਅਧਿਕਾਰੀਆਂ ਵੱਲੋਂ ਲਈ ਜਾ ਰਹੀ ਸਖ਼ਤ ਤਲਾਸ਼ੀ ਤੋਂ ਭੈਭੀਤ ਹੋ ਕੇ ਉੱਥੇ ਹੀ ਸੁੱਟ ਦੇਣ ਦਾ ‘ਦੇਸ਼ ਧ੍ਰੋਹੀ ਜੁਰਮ` ਕਰ ਲਿਆ।
ਉਸ ਦੀ ਇਸ ਅਣਭੋਲ ਕਾਰਵਾਈ ਤੋਂ ਭੜਕ ਕੇ ਖ਼ੁਫ਼ੀਆ ਅਧਿਕਾਰੀ ‘ਗੁਪਤਾ ਜੀ` ਨੇ ਉਸ ਨੂੰ ‘ਦੇਸ਼ ਨਾਲ ਗ਼ੱਦਾਰੀ` ਦਾ ਸਬਕ ਸਿਖਾਉਣ ਅਤੇ ਉਸ ਦੀ ਜ਼ਿੰਦਗੀ ਤਬਾਹ ਕਰ ਦੇਣ ਦੀ ਧਮਕੀ ਦਿੱਤੀ। ‘ਗੁਪਤਾ ਜੀ` ਦੇ ਇਸ਼ਾਰੇ `ਤੇ ਸਿਵਲ ਕੱਪੜਿਆਂ `ਚ ਦਿੱਲੀ ਪੁਲਿਸ ਨੇ 20 ਫਰਵਰੀ 1998 ਦੀ ਰਾਤ ਨੂੰ ਉਸ ਨੂੰ ਉਦੋਂ ਅਗਵਾ ਕਰ ਲਿਆ ਜਦੋਂ ਉਹ ਘਰੋਂ ਮਸਜਿਦ ਵਿਚ ਨਮਾਜ਼ ਪੜ੍ਹਨ ਅਤੇ ਬਾਜ਼ਾਰ ਤੋਂ ਦਵਾਈ ਲੈਣ ਜਾ ਰਿਹਾ ਸੀ। ਖ਼ੁਫ਼ੀਆ ਤਸੀਹਾ ਕੇਂਦਰ `ਚ ਉਸ ਨੂੰ ਪੂਰਾ ਹਫ਼ਤਾ ਗ਼ੈਰ-ਕਾਨੂੰਨੀ ਹਿਰਾਸਤ `ਚ ਰੱਖ ਕੇ ਤਸੀਹੇ ਦਿੱਤੇ ਗਏ। ਅਲਫ਼ ਨੰਗਾ ਰੱਖ ਕੇ ਅਤੇ ਮੁਸਲਿਮ ਵਿਰੋਧੀ ਘ੍ਰਿਣਤ ਗਾਲੀ-ਗਲੋਚ ਕਰ ਕੇ ਉਸ ਨੂੰ ਜ਼ਲੀਲ ਕੀਤਾ। ਉਸ ਦੇ ਚੱਡੇ ਪਾੜੇ, ਬਿਜਲੀ ਦੇ ਝਟਕੇ ਦਿੱਤੇ, ਨਹੁੰ ਪੁੱਟੇ ਅਤੇ ਤਰ੍ਹਾਂ-ਤਰ੍ਹਾਂ ਦੇ ਭਿਆਨਕ ਤਸੀਹੇ ਦੇ ਕੇ ਉਸ ਨੂੰ ਮਾਨਸਿਕ ਤੇ ਸਰੀਰਕ ਤੌਰ `ਤੇ ਤੋੜਿਆ ਗਿਆ। ਝੂਠੀ ਕਹਾਣੀ ਬਣਾ ਕੇ ਉਸ ਦੀ ਅੰਮੀ ਤੋਂ ਉਸ ਦੇ ਸਾਰੇ ਸ਼ਨਾਖ਼ਤੀ ਦਸਤਾਵੇਜ਼ ਕਬਜ਼ੇ `ਚ ਲੈ ਲਏ। ਪਰਿਵਾਰ ਨੂੰ ਫਸਾਉਣ ਦੀਆਂ ਧਮਕੀਆਂ ਅਤੇ ਤਸੀਹੇ ਦੇ ਕੇ ਉਸ ਕੋਲੋਂ ਬੇਸ਼ੁਮਾਰ ਕੋਰੇ ਕਾਗਜ਼ਾਂ ਉੱਪਰ ਦਸਖ਼ਤ ਕਰਵਾ ਲਏ, ਬਤੌਰ ਸਬੂਤ ਝੂਠੀ ਡਾਇਰੀ ਲਿਖਵਾਈ ਅਤੇ ਬੰਬ ਧਮਾਕਿਆਂ ਦਾ ਦੋਸ਼ੀ ਹੋਣ ਦਾ ਝੂਠਾ ਜੁਰਮ ਮੀਡੀਆ ਕੈਮਰਿਆਂ ਅੱਗੇ ਕਬੂਲ ਕਰਨ ਲਈ ਮਜਬੂਰ ਕੀਤਾ। ਉਸ ਉੱਪਰ ਬੰਬ ਧਮਾਕਿਆਂ ਦੇ 19 ਕੇਸ ਪਾ ਦਿੱਤੇ ਜਿਨ੍ਹਾਂ ਵਿਚੋਂ ਪਾਕਿਸਤਾਨ ਤੋਂ ਸਿਖਲਾਈ ਪ੍ਰਾਪਤ ਦਹਿਸ਼ਤਵਾਦ ਦੇ ਕੁਝ ਕੇਸ ਅਜਿਹੇ ਵੀ ਸਨ ਜਦੋਂ ਉਹ ਅਜੇ ਪਾਕਿਸਤਾਨ ਵੀ ਨਹੀਂ ਗਿਆ ਸੀ; ਜਿਵੇਂ ਬਾਅਦ ਵਿਚ ਸਾਹਮਣੇ ਆਇਆ, ਬੰਬ ਧਮਾਕੇ ਹਿੰਦੂਤਵ ਦਹਿਸ਼ਤਵਾਦੀ ਗਰੋਹ ਕਰਦਾ ਰਿਹਾ, ਜਾਂਚ ਏਜੰਸੀਆਂ ਹਕੂਮਤ ਦੇ ਇਸ਼ਾਰੇ `ਤੇ ਬੇਕਸੂਰ ਮੁਸਲਮਾਨਾਂ ਨੂੰ ਫੜ-ਫੜ ਜੇਲ੍ਹਾਂ `ਚ ਸੁੱਟਦੀਆਂ ਰਹੀਆਂ। ਜਦੋਂ ਪੁਲਿਸ ਅਧਿਕਾਰੀ ਹੇਮੰਤ ਕਰਕਰੇ ਨੇ ਜਾਂਚ ਕਰ ਕੇ ਸਾਰੇ ਸਬੂਤ ਇਕੱਠੇ ਕਰ ਲਏ ਤਾਂ ਇਕ ਮੁਕਾਬਲੇ ਦੇ ਬਹਾਨੇ ਉਸ ਦਾ ਕਤਲ ਕਰ ਕੇ ਸਾਰੇ ਸਬੂਤ ਮਿਟਾ ਦਿੱਤੇ ਗਏ।
ਗ੍ਰਿਫ਼ਤਾਰੀ ਦਾ ਪਤਾ ਲੱਗਣ `ਤੇ ਪਰਿਵਾਰ ਨੇ ਉਸ ਦੀ ਕਾਨੂੰਨੀ ਪੈਰਵਾਈ ਕਰਨ ਦੀ ਵਿਤੋਂ ਵਧ ਕੇ ਵਾਹ ਲਾਈ ਪਰ ਵਿਤੀ ਵਸੀਲਿਆਂ ਅਤੇ ਕਾਨੂੰਨੀ ਜਾਣਕਾਰੀ ਨਾ ਹੋਣ ਕਾਰਨ ਉਹ ਉਸ ਨੂੰ ਛੁਡਾ ਨਾ ਸਕੇ। ਪਰਿਵਾਰ ਦਾ ਕਾਰੋਬਾਰ ਤਬਾਹ ਹੋ ਗਿਆ। ਰਿਸ਼ਤੇਦਾਰਾਂ, ਗੁਆਂਢੀਆਂ ਤੇ ਹੋਰ ਜਾਣ-ਪਛਾਣ ਵਾਲਿਆਂ ਵੱਲੋਂ ਮੇਲ-ਮਿਲਾਪ ਬੰਦ ਕਰਨ ਕਾਰਨ ਉਹ ਇਕੱਲੇ ਰਹਿ ਗਏ। ਉਸ ਨੂੰ ਛੁਡਾਉਣ ਦੀ ਕੋਸ਼ਿਸ਼ `ਚ ਉਸ ਦੇ ਬੇਵੱਸ ਅੱਬਾ ਦੋ ਸਾਲ ਥਾਣਿਆਂ, ਕਚਹਿਰੀਆਂ, ਜੇਲ੍ਹਾਂ ਦੇ ਰਾਹਾਂ `ਚ ਰੁਲ਼ਦਿਆਂ ਤਣਾਓ ਦਾ ਸ਼ਿਕਾਰ ਹੋ ਕੇ ਇਸ ਦੁਨੀਆ ਤੋਂ ਰੁਖ਼ਸਤ ਹੋ ਗਏ। ਭਾਰਤੀ ਸਟੇਟ ਦੀ ਕਰੂਰਤਾ ਦੀ ਹੱਦ ਇਹ ਹੈ ਕਿ ਆਮਿਰ ਨੂੰ ਆਪਣੇ ਪਿਤਾ ਦੀਆਂ ਅੰਤਮ ਰਸਮਾਂ `ਚ ਵੀ ਸ਼ਾਮਲ ਨਹੀਂ ਹੋਣ ਦਿੱਤਾ ਗਿਆ। ਇਕ ਦਹਾਕਾ ਉਸ ਦੇ ਕੇਸਾਂ ਦੀ ਪੈਰਵਾਈ ਕਰਦਿਆਂ ਉਸ ਦੀ ਅੰਮੀ ਅਧਰੰਗ ਹੋ ਜਾਣ `ਤੇ ਮੰਜੇ ਨਾਲ ਲੱਗ ਗਈ। ਅਜਿਹੀ ਬੇਵਸੀ ਦੀ ਹਾਲਤ `ਚ ਉਨ੍ਹਾਂ ਦਾ ਇਹ ਸਮਾਂ ਕਿਵੇਂ ਗੁਜ਼ਰਿਆ, ਉਨ੍ਹਾਂ ਨੇ ਇਸ ਦੁੱਖ ਨੂੰ ਕਿੰਨੇ ਜਿਗਰੇ ਤੇ ਸਿਰੜ ਨਾਲ ਝੱਲਿਆ ਹੋਵੇਗਾ, ਇਸ ਦਾ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ। ਇਨ੍ਹਾਂ 14 ਸਾਲਾਂ `ਚ ਉਸ ਨੂੰ ਜੱਜ ਵੱਲੋਂ ਉਸ ਦੇ ਅੱਬਾ ਦੇ ਹਸਪਤਾਲ `ਚ ਦਾਖ਼ਲ ਹੋਣ ਦਾ ਪਤਾ ਲੱਗਣ `ਤੇ ਸਿਰਫ਼ ਇਕ ਘੰਟੇ ਲਈ ਹਿਰਾਸਤੀ ਪੈਰੋਲ ਦਿੱਤੀ ਗਈ।
ਉਸ ਦੀ ਕਹਾਣੀ ਅਖੌਤੀ ਮੁੱਖਧਾਰਾ ਮੀਡੀਆ ਦੇ ਫਿਰਕੂ ਤੁਅੱਸਬੀ ਰਵੱਈਏ ਦੀ ਗਵਾਹ ਵੀ ਹੈ ਜਿਸ ਨੇ ਪੁਲਿਸ/ਜਾਂਚ ਏਜੰਸੀਆਂ ਵੱਲੋਂ ਪੇਸ਼ ਝੂਠੀ ਕਹਾਣੀ ਨੂੰ ਸੱਚ ਮੰਨ ਕੇ ਸਰਕਾਰੀ ਪ੍ਰੈੱਸ ਨੋਟਾਂ ਨੂੰ ਸਨਸਨੀਖ਼ੇਜ਼ ਖ਼ਬਰਾਂ ਬਣਾ ਕੇ ਪੇਸ਼ ਕੀਤਾ ਅਤੇ ਬਿਨਾਂ ਤੱਥਾਂ ਦੀ ਜਾਂਚ ਕੀਤੇ ਆਮਿਰ ਨੂੰ ਖ਼ਤਰਨਾਕ ਮੁਜਰਿਮ ਬਣਾ ਕੇ ਮੀਡੀਆ ਟਰਾਇਲ ਚਲਾਇਆ; ਹਾਲਾਂਕਿ ਅਦਾਲਤ ਵਿਚ ਮੁਕੱਦਮਾ ਵੀ ਨਹੀਂ ਸੀ ਹੋਇਆ; ਇਹ ਅਦਾਲਤ ਨੇ ਤੈਅ ਕਰਨਾ ਸੀ ਕਿ ਉਸ ਵਿਰੁੱਧ ਲਗਾਏ ਇਲਜ਼ਾਮ ਮੰਨਣਯੋਗ ਹਨ ਵੀ ਜਾਂ ਨਹੀਂ, ਦੋਸ਼ੀ ਸਾਬਤ ਹੋਣਾ ਤਾਂ ਬਾਅਦ ਦੀ ਗੱਲ ਹੈ।
ਤਿਹਾੜ ਜੇਲ੍ਹ ਵਿਚ ਉਸ ਨੂੰ ਕਈ ਸਾਲ ਦਿਨ-ਰਾਤ ਖ਼ਤਰਨਾਕ ਮੁਜਰਿਮਾਂ ਲਈ ਰਾਖਵੀਂ ‘ਕਸੂਰੀ ਕੋਠੜੀ` ਵਿਚ ਇਕੱਲਤਾ `ਚ ਕੈਦ ਰੱਖਿਆ ਗਿਆ। ਕੋਠੜੀ ਦਾ ਦਰਵਾਜ਼ਾ ਕੰਬਲ ਨਾਲ ਪੱਕੇ ਤੌਰ `ਤੇ ਢਕ ਦਿੱਤਾ ਗਿਆ ਤਾਂ ਜੋ ਸੂਰਜ ਦੀ ਕਿਰਨ ਵੀ ਅੰਦਰ ਨਾ ਜਾ ਸਕੇ। ਜੇਲ੍ਹ ਅਧਿਕਾਰੀਆਂ ਨੇ ਉਸ ਨੂੰ ਜੇਲ੍ਹ ਵਿਚ ਪੜ੍ਹਾਈ ਕਰਨ ਦੇ ਹੱਕ ਤੋਂ ਵੀ ਵਿਰਵਾ ਰੱਖਿਆ। ਉਸ ਦੇ ਵਕੀਲਾਂ ਨੂੰ ਡਰਾ-ਧਮਕਾ ਕੇ ਕਾਨੂੰਨੀ ਪੈਰਵਾਈ ਕਰਨ ਤੋਂ ਰੋਕਣ ਦੀ ਕੋਸ਼ਿਸ਼ ਵੀ ਕੀਤੀ।
ਉਸ ਲਈ ਇਸ ਤਨਹਾ ਕੈਦ, ਬੇਕਿਰਕ ਤਸੀਹਿਆਂ, ਜੇਲ੍ਹ ਦੇ ਅਣਮਨੁੱਖੀ ਹਾਲਾਤ ਅਤੇ ਅਦਾਲਤ ਦੀ ਬੇਉਮੀਦ ਭਰੀ ਲਮਕਾਊ ਪ੍ਰਕਿਰਿਆ ਤੋਂ ਵੀ ਵੱਧ ਦੁਖਦਾਈ ਸੀ ਆਪਣੇ ਬੇਵੱਸ ਮਾਪਿਆਂ ਨੂੰ ਜੇਲ੍ਹਾਂ, ਕਚਹਿਰੀਆਂ `ਚ ਰੁਲ਼ਦੇ ਤੇ ਮੁਸੀਬਤਾਂ ਝੱਲਦੇ ਤੱਕਣਾ। ਇਕ-ਦੋ ਰਿਸ਼ਤੇਦਾਰਾਂ ਤੋਂ ਸਿਵਾਇ ਇਹ ਸਿਰਫ਼ ਉਸ ਦੀ ਸਿਦਕ ਦੀ ਪੱਕੀ ਦੋਸਤ ਆਲੀਆ ਸੀ ਜਿਸ ਨੇ ਇਨ੍ਹਾਂ ਹਾਲਾਤ `ਚ ਵੀ ਪਰਿਵਾਰ ਦਾ ਡਟ ਕੇ ਸਾਥ ਦਿੱਤਾ ਅਤੇ ਉਸ ਨੂੰ ਜੀਵਨ ਸਾਥੀ ਬਣਾਉਣ ਲਈ 14 ਸਾਲ ਉਡੀਕਿਆ। ਉਹ ਚਿੱਠੀਆਂ ਲਿਖ ਕੇ ਹੌਸਲਾ ਵੀ ਦਿੰਦੀ ਰਹੀ, ਜੇਲ੍ਹ ਤੇ ਅਦਾਲਤ `ਚ ਉਸ ਨਾਲ ਮੁਲਾਕਾਤਾਂ ਵੀ ਕਰਦੀ ਰਹੀ ਅਤੇ ਰਿਹਾਈ ਤੋਂ ਬਾਅਦ ਉਸ ਦੀ ਜੀਵਨ ਸਾਥਣ ਬਣੀ। ਉਸ ਦੀ ਰਿਹਾਈ ਉਨ੍ਹਾਂ ਮਨੁੱਖਤਾ ਪ੍ਰੇਮੀ ਵਕੀਲਾਂ ਕਰ ਕੇ ਸੰਭਵ ਹੋਈ ਜਿਨ੍ਹਾਂ ਨੇ ਬਿਨਾਂ ਕੋਈ ਫ਼ੀਸ ਲਏ ਉਸ ਦੇ ਕੇਸਾਂ ਦੀ ਕਾਨੂੰਨੀ ਪੈਰਵੀ ਕੀਤੀ।
ਸਟੇਟ ਦੇ ਫਿਰਕੂਕਰਨ ਦਾ ਉੱਘੜਵਾਂ ਇਜ਼ਹਾਰ ਭਾਰਤੀ ਪਾਰਲੀਮੈਂਟ ਉੱਪਰ ਹਮਲੇ ਤੋਂ ਬਾਅਦ ਜੇਲ੍ਹ ਅਧਿਕਾਰੀਆਂ ਵੱਲੋਂ ਮੁਸਲਮਾਨ ਕੈਦੀਆਂ/ਅੰਡਰ-ਟਰਾਇਲਾਂ ਨੂੰ ਸਾਰੇ ਅਧਿਕਾਰਾਂ ਤੋਂ ਵਾਂਝੇ ਕਰ ਦੇਣ ਅਤੇ ਉਨ੍ਹਾਂ ਪ੍ਰਤੀ ਹੋਰ ਵੀ ਕਰੂਰ ਰਵੱਈਆ ਅਖ਼ਤਿਆਰ ਕਰਨ ਦੇ ਰੂਪ `ਚ ਹੋਇਆ। ਜੇਲ੍ਹਾਂ ਵਿਚ ਮੁਸਲਮਾਨ ਤੇ ਕਸ਼ਮੀਰੀ ਕੈਦੀਆਂ ਦੀ ਗਿਣਤੀ ਇਕਦਮ ਵਧ ਗਈ। ਦੂਜੇ ਕੈਦੀਆਂ ਨੂੰ ਉਕਸਾ ਕੇ ਆਮਿਰ ਖ਼ਾਨ ਉੱਪਰ ਜਾਨਲੇਵਾ ਹਮਲਾ ਵੀ ਕਰਵਾਇਆ ਗਿਆ ਅਤੇ ਫਿਰ ਗਿਣੀਮਿੱਥੀ ਸਾਜ਼ਿਸ਼ ਤਹਿਤ ਜੇਲ੍ਹ ਵਿਚ ਫ਼ਸਾਦ ਕਰਨ ਦਾ ਦੋਸ਼ੀ ਵੀ ਉਸੇ ਨੂੰ ਬਣਾ ਦਿੱਤਾ ਗਿਆ। ਉਸ ਜੱਜ ਦਾ ਰਵੱਈਆ ਵੀ ਬਦਲ ਗਿਆ ਜੋ ਪੂਰੀ ਤਰ੍ਹਾਂ ਝੂਠੇ ਇਲਜ਼ਾਮਾਂ ਦੇ ਮੱਦੇਨਜ਼ਰ ਆਮਿਰ ਨੂੰ ਕਈ ਕੇਸਾਂ `ਚੋਂ ਬਰੀ ਕਰ ਚੁੱਕਾ ਸੀ ਪਰ ਪਾਰਲੀਮੈਂਟ ਕਾਂਡ ਜਿਸ ਦੀ ਪੂਰੀ ਕਹਾਣੀ ਹੀ ਸਵਾਲਾਂ ਦੇ ਘੇਰੇ `ਚ ਹੈ, ਤੋਂ ਬਾਅਦ ਜੱਜ ਵੀ ਫਿਰਕੂ ਰਾਸ਼ਟਰਵਾਦ ਦੇ ਜ਼ਹਿਰੀਲੇ ਅਸਰ ਤੋਂ ਅਣਭਿੱਜ ਨਾ ਰਹਿ ਸਕੇ। ਉਸ ਦੀ ਨਿਰਪੱਖਤਾ ਖੁਰਨੀ ਸ਼ੁਰੂ ਹੋ ਜਾਂਦੀ ਹੈ ਅਤੇ ਉਹ ਵੀ ਮੁਸਲਮਾਨਾਂ ਨੂੰ ਜਮਾਂਦਰੂ ਤੌਰ `ਤੇ ਅਪਰਾਧੀ ਮੰਨ ਕੇ ਸਖ਼ਤੀ ਨਾਲ ਪੇਸ਼ ਆਉਣ ਦੇ ਰੁਖ ਅਖ਼ਤਿਆਰ ਕਰ ਲੈਂਦਾ ਹੈ।
ਆਮਿਰ ਖ਼ਾਨ 14 ਸਾਲ ਦੀ ਜੇਲ੍ਹਬੰਦੀ ਦੌਰਾਨ ਸਰੀਰਕ ਅਤੇ ਮਾਨਸਿਕ ਤਸੀਹਿਆਂ ਦਾ ਇਸ ਉਮੀਦ ਨਾਲ ਡਟ ਕੇ ਮੁਕਾਬਲਾ ਕਰਦਾ ਹੈ ਕਿ ਇਕ ਦਿਨ ਉਹ ਆਪਣੀ ਬੇਗੁਨਾਹੀ ਸਾਬਤ ਕਰਨ `ਚ ਕਾਮਯਾਬ ਜ਼ਰੂਰ ਹੋਵੇਗਾ ਕਿਉਂਕਿ ਅਜਿਹਾ ਗੁਨਾਹ ਕਰਨਾ ਤਾਂ ਦੂਰ, ਉਸ ਨੇ ਤਾਂ ਅਜਿਹਾ ਕਰਨ ਦਾ ਕਦੇ ਸੁਪਨਾ ਵੀ ਨਹੀਂ ਸੀ ਲਿਆ। ਆਖ਼ਿਰਕਾਰ ਉਹ ਕੇਸ-ਦਰ-ਕੇਸ ਬਰੀ ਹੋ ਜਾਂਦਾ ਹੈ।
ਆਮਿਰ ਖ਼ਾਨ ਦੇ ਪਰਿਵਾਰ ਦੇ ਹਵਾਲੇ ਨਾਲ ਇਹ ਉਨ੍ਹਾਂ ਕਰੋੜਾਂ ਵਤਨਪ੍ਰਸਤ ਮੁਸਲਮਾਨਾਂ ਦੀ ਕਹਾਣੀ ਵੀ ਹੈ ਜਿਨ੍ਹਾਂ ਨੇ ਧਰਮ ਦੇ ਆਧਾਰ `ਤੇ ਬਣਾਏ ਪਾਕਿਸਤਾਨ ਵਿਚ ਚਲੇ ਜਾਣ ਦੀ ਬਜਾਇ ਭਾਰਤ ਵਿਚ ਰਹਿਣ ਦੀ ਚੋਣ ਕੀਤੀ। ਉਸ ਵੰਡ ਦੌਰਾਨ ਕਈ ਪਰਿਵਾਰ ਦੋਹਾਂ ਮੁਲਕਾਂ `ਚ ਵੰਡੇ ਵੀ ਗਏ। ਵਤਨ ਪ੍ਰੇਮੀ ਮੁਸਲਮਾਨਾਂ ਨੂੰ ਹੁਣ ਐਲਾਨੀਆ ਹਿੰਦੂ ਫਿਰਕਾਪ੍ਰਸਤ ਬਣ ਚੁੱਕੇ ਭਾਰਤ ਦੇ ਸਟੇਟ ਅੱਗੇ ਆਪਣਾ ਦੇਸ਼ ਪ੍ਰੇਮ ਸਾਬਤ ਕਰਨ ਦੀ ਜ਼ਲਾਲਤ ਝੱਲਣੀ ਪੈ ਰਹੀ ਹੈ। ਇਸਲਾਮ ਨੂੰ ਮੰਨਦੇ ਹੋਣ ਕਾਰਨ ਉਨ੍ਹਾਂ ਨੂੰ ਜਮਾਂਦਰੂ ਤੌਰ `ਤੇ ਬੇਵਫ਼ਾ ਮੰਨਿਆ ਜਾਂਦਾ ਹੈ। ਦੇਸ਼ ਧ੍ਰੋਹੀ ਹਿੰਦੂਤਵ ਬ੍ਰਿਗੇਡ ਨੇ ਸੱਤਾ ਵਿਚ ਆ ਕੇ ਆਪਣੇ ਪ੍ਰਚਾਰਤੰਤਰ ਜ਼ਰੀਏ ਹੁਣ ਹਿੰਦੂ ਫਿਰਕੇ ਅੰਦਰ ਐਨੀ ਜ਼ਿਆਦਾ ਫਿਰਕੂ ਜ਼ਹਿਰ ਭਰ ਦਿੱਤੀ ਹੈ ਕਿ ਮਾਮੂਲੀ ਬਹਾਨੇ ਬਣਾ ਕੇ ਹਿੰਦੂ ਜਨੂਨੀ ਹਜੂਮ ਮੁਸਲਮਾਨਾਂ ਨੂੰ ਸ਼ਰੇਆਮ ਕੁੱਟ-ਕੁੱਟ ਕੇ ਮਾਰ ਦਿੰਦਾ ਹੈ। ਸਟੇਟ ਮਸ਼ੀਨਰੀ ਮੁਸਲਮਾਨਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦੇਣ ਲਈ ਮਜ਼ਲੂਮਾਂ ਦੇ ਘਰ ਬੁਲਡੋਜ਼ਰ ਨਾਲ ਢਾਹ ਰਹੀ ਹੈ ਅਤੇ ਉਨ੍ਹਾਂ ਨੂੰ ‘ਪਾਕਿਸਤਾਨ ਚਲੇ ਜਾਓ` ਦੇ ਮਿਹਣੇ ਦਿੱਤੇ ਜਾਂਦੇ ਹਨ।
2012 `ਚ ਰਿਹਾਈ ਤੋਂ ਬਾਅਦ ਆਮਿਰ ਹਿੰਦੂਤਵ ਬ੍ਰਿਗੇਡ ਦੇ ਸੱਤਾ ਵਿਚ ਆਉਣ ਨਾਲ ਬਣੇ ਹਾਲਾਤ ਦੇ ਮੱਦੇਨਜ਼ਰ ਉਹ ਫ਼ਿਕਰਮੰਦ ਹੈ ਕਿ ਉਸ ਦੀ ਧੀ ਦਾ ਭਵਿੱਖ ਕੀ ਹੋਵੇਗਾ ਜਿਸ ਦਾ ਨਾਂ ਅਨੂਸ਼ਾ ਉਸ ਨੇ ਮੁਸਲਿਮ ਪਰੰਪਰਾ ਨੂੰ ਤਿਆਗ ਕੇ ਰੱਖਿਆ ਹੈ। ਉਸ ਦੀ ਜ਼ੋਰਦਾਰ ਖ਼ਵਾਇਸ਼ ਹੈ ਅਤੇ ਸੁਚੇਤ ਯਤਨ ਵੀ ਕਿ ਉਸ ਦੀ ਧੀ ਕੱਟੜ ਧਾਰਮਿਕ ਨਾ ਬਣੇ ਸਗੋਂ ਉਸ ਦੇ ਦਿਲ ਵਿਚ ਸਾਰੇ ਧਰਮਾਂ ਲਈ ਡੂੰਘਾ ਸਤਿਕਾਰ ਹੋਵੇ।
ਆਮਿਰ ਦੇ ਸੰਘਰਸ਼ ਦਾ ਮਹੱਤਵਪੂਰਨ ਪਹਿਲੂ ਉਸ ਵੱਲੋਂ ਇਨ੍ਹਾਂ ਘੋਰ ਜਬਰ-ਜ਼ੁਲਮ ਅਤੇ ਅਨਿਆਂ ਦੇ ਹਾਲਾਤ `ਚ ਵੀ ਆਪਣੀਆਂ ਉਨ੍ਹਾਂ ਧਰਮ ਨਿਰਪੱਖ ਇਨਸਾਨੀਅਤ ਪ੍ਰੇਮੀ ਕਦਰਾਂ-ਕੀਮਤਾਂ ਨੂੰ ਬਚਾ ਕੇ ਰੱਖਣ ਲਈ ਸੰਘਰਸ਼ ਹੈ ਜਿਨ੍ਹਾਂ ਦਰਮਿਆਨ ਉਸ ਦਾ ਪਾਲਣ-ਪੋਸ਼ਣ ਹੋਇਆ ਸੀ। ਕੱਟੜਤਾ ਤੋਂ ਮੁਕਤ ਧਰਮ ਨਿਰਪੱਖਤਾ ਉਸ ਨੂੰ ਆਪਣੇ ਅੱਬਾ ਤੋਂ ਮਿਲੀ ਜਿਸ ਨੇ ਆਪਣੇ ਦੂਜੇ ਪੁੱਤਰ ਨੂੰ ਇਸ ਲਈ ‘ਮਰਿਆ ਸਮਝ ਲਿਆ` ਸੀ ਕਿ ਉਹ ਪਾਕਿਸਤਾਨ ਜਾ ਕੇ ਉੱਥੋਂ ਦਾ ਨਾਗਰਿਕ ਬਣ ਗਿਆ ਸੀ। ਜੇਲ੍ਹ ਜ਼ਿੰਦਗੀ `ਚ ਆਮਿਰ ਨੇ ਦੇਖਿਆ ਕਿ ਇਨਸਾਨੀਅਤ ਦਾ ਬੀਜ ਨਾਸ ਨਹੀਂ ਹੋਇਆ। ਸਿੱਖ ਕੈਦੀਆਂ ਨੇ ਤਾਂ ਉਸ ਨੂੰ ਖ਼ਾਸ ਕਰ ਕੇ ਪ੍ਰਭਾਵਿਤ ਕੀਤਾ ਜੋ ਈਦ ਦੇ ਮੌਕੇ ਖ਼ਤਰਾ ਮੁੱਲ ਲੈ ਕੇ ਵੀ ਚੋਰੀ-ਚੋਰੀ ਉਸ ਦੀ ਕੋਠੜੀ ਅੰਦਰ ਦੁੱਧ ਦੇ ਪੈਕਟ ਤੇ ਖਾਣਪੀਣ ਦਾ ਹੋਰ ਸਮਾਨ ਪਹੁੰਚਾ ਦਿੰਦੇ ਸਨ ਤਾਂ ਜੋ ਉਹ ਈਦ ਮਨਾਉਣ ਦੀ ਖ਼ੁਸ਼ੀ ਤੋਂ ਵਿਰਵਾ ਨਾ ਰਹੇ। ਇਕ ਹੋਰ ਮਹੱਤਵਪੂਰਨ ਪਹਿਲੂ ਰਿਹਾਈ ਤੋਂ ਬਾਅਦ ਉਸ ਦਾ ਆਪਣੇ ਮੁੜ-ਵਸੇਬੇ ਲਈ ਸੰਘਰਸ਼ ਅਤੇ ਉਸ ਦਾ ਆਪਣੀ ਨਿੱਜੀ ਜ਼ਿੰਦਗੀ `ਚ ਗ੍ਰਸਤ ਹੋਣ ਦੀ ਬਜਾਇ ਨਿਆਂਪਸੰਦ ਅਤੇ ਫਿਰਕੂ ਸਦਭਾਵਨਾ ਪ੍ਰੇਮੀ ਸੰਸਥਾਵਾਂ ਨਾਲ ਜੁੜਕੇ ਬਦੀ ਦੀਆਂ ਤਾਕਤਾਂ ਵਿਰੁੱਧ ਸੰਘਰਸ਼ ਵਿਚ ਸ਼ਾਮਲ ਹੋਣਾ ਹੈ। ਉਹ ਹੁਣ ਭਾਰਤ ਨੂੰ ਫਿਰਕੂ ਜ਼ਹਿਰ ਤੋਂ ਮੁਕਤ ਕਰਾਉਣ ਲਈ ਲੜ ਰਹੇ ਮਾਨਵਤਾਵਾਦੀ ਕਾਫ਼ਲੇ ਦਾ ਸਰਗਰਮ ਹਿੱਸੇਦਾਰ ਹੈ।
ਇਹ ਕਿਤਾਬ ਸਾਡੇ ਸਮਾਜ ਨੂੰ ਦਰਪੇਸ਼ ਬਹੁਤ ਹੀ ਮਹੱਤਵਪੂਰਨ ਮਸਲਿਆਂ ਬਾਰੇ ਸੁਚੇਤ ਅਤੇ ਜਾਗਰੂਕ ਕਰਦੀ ਹੈ। ਨਿਰੰਕੁਸ਼ ਹਕੂਮਤ ਵੱਲੋਂ ਆਪਣੇ ਸੌੜੇ ਹਿਤਾਂ ਲਈ ਪਹਿਲਾਂ ਯੂ.ਏ.ਪੀ.ਏ. ਵਗੈਰਾ ਅਤੇ ਹੁਣ ਕਾਲੇ ਕਾਨੂੰਨਾਂ ਦੀ ਨਵੀਂ ਵਿਵਸਥਾ ਬਣਾ ਕੇ ਪੁਲਿਸ ਅਤੇ ਜਾਂਚ ਏਜੰਸੀਆਂ ਨੂੰ ਐਨੇ ਜ਼ਿਆਦਾ ਬੇਰੋਕ-ਟੋਕ ਅਧਿਕਾਰ ਦੇ ਦਿੱਤੇ ਗਏ ਹਨ ਕਿ ਉਹ ਕਿਸੇ ਵੀ ਬੇਕਸੂਰ ਵਿਅਕਤੀ ਨੂੰ ਅਗਵਾ ਕਰ ਕੇ ਗ਼ੈਰ-ਕਾਨੂੰਨੀ ਹਿਰਾਸਤ ਵਿਚ ਰੱਖ ਸਕਦੀ ਹੈ ਅਤੇ ਝੂਠੇ ਦੋਸ਼ਾਂ ਤਹਿਤ ਦਹਾਕਿਆਂ ਤੱਕ ਜੇਲ੍ਹ ਵਿਚ ਸਾੜ ਸਕਦੀ ਹੈ।
ਸਵਾਲ ਹੈ: ਆਮਿਰ ਖ਼ਾਨ ਵਰਗਿਆਂ ਦੇ ਬੇਗੁਨਾਹ ਸਿੱਧ ਹੋ ਜਾਣ ਨਾਲ ਉਨ੍ਹਾਂ ਦੀ ਜ਼ਿੰਦਗੀ ਦੇ ਵਡਮੁੱਲੇ ਸਾਲ ਤਾਂ ਵਾਪਸ ਨਹੀਂ ਆਉਣੇ ਜੋ ਇਸ ਰਾਜਤੰਤਰ ਦੀਆਂ ਇਨਸਾਨੀਅਤ ਵਿਰੋਧੀ ਸਾਜ਼ਿਸ਼ਾਂ ਨੇ ਉਨ੍ਹਾਂ ਤੋਂ ਖੋਹ ਲਏ। ਉਸ ਦਾ ਸਹਿ-ਦੋਸ਼ੀ ਸ਼ਕੀਲ ਤਾਂ ਜੇਲ੍ਹ `ਚ ਐਨਾ ਨਿਰਾਸ਼ ਹੋ ਗਿਆ ਕਿ ਉਸ ਨੇ ਫਾਹਾ ਲੈ ਕੇ ਆਪਣੀ ਜ਼ਿੰਦਗੀ ਦਾ ਅੰਤ ਕਰ ਲਿਆ ਸੀ। ਇਹ ਦਿਲ ਦਹਿਲਾ ਦੇਣ ਵਾਲੀ ਹੱਡਬੀਤੀ ਸਮਾਜ ਦੇ ਇਨਸਾਨੀਅਤ ਪ੍ਰੇਮੀ, ਜਾਗਰੂਕ ਹਿੱਸਿਆਂ ਨੂੰ ਇਸ ਫਰਜ਼ ਦਾ ਅਹਿਸਾਸ ਕਰਾਉਂਦੀ ਹੈ ਕਿ ਇਸ ਰਾਜ ਪ੍ਰਬੰਧ ਦੀ ਕਰੂਰ ਫ਼ਿਤਰਤ ਦੇ ਮੱਦੇਨਜ਼ਰ ਸਾਨੂੰ ਜੇਲ੍ਹਾਂ `ਚ ਸੜ ਰਹੇ ਕੈਦੀਆਂ, ਖ਼ਾਸ ਕਰ ਕੇ ਵਿਚਾਰ ਅਧੀਨ ਕੈਦੀਆਂ ਦੀਆਂ ਜ਼ਿੰਦਗੀਆਂ ਪ੍ਰਤੀ ਸੰਵੇਦਨਸ਼ੀਲ ਹੀ ਨਹੀਂ ਹੋਣਾ ਚਾਹੀਦਾ ਸਗੋਂ ਇਹ ਯਕੀਨੀਂ ਬਣਾਉਣ ਲਈ ਸੁਹਿਰਦ ਹੋ ਕੇ ਸੰਘਰਸ਼ ਵੀ ਕਰਨਾ ਚਾਹੀਦਾ ਹੈ ਕਿ ਉਨ੍ਹਾਂ ਨੂੰ ਬਿਨਾਂ ਦੋਸ਼ ਸਾਬਤ ਕੀਤੇ ਵਿਚਾਰ ਅਧੀਨ ਕੈਦੀ ਦੇ ਰੂਪ `ਚ ਜੇਲ੍ਹ `ਚ ਨਾ ਸੜਨਾ ਪਵੇ। ਹਕੂਮਤ ਨੂੰ ਸਖ਼ਤੀ ਨਾਲ ਜਵਾਬਦੇਹ ਬਣਾਇਆ ਜਾਵੇ ਤਾਂ ਜੋ ਉਹ ਆਪਣੇ ਰਾਜਨੀਤਕ ਏਜੰਡਿਆਂ ਤਹਿਤ ਲਈ ਬੇਗੁਨਾਹਾਂ ਨੂੰ ਜੇਲ੍ਹਾਂ `ਚ ਡੱਕਣ ਅਤੇ ਇਸ ਖ਼ਾਤਰ ਕਥਿਤ ਸੁਰੱਖਿਆਤੰਤਰ ਨੂੰ ਆਪਣੇ ਸੰਦ ਬਣਾ ਕੇ ਵਰਤਣਾ ਬੰਦ ਕਰੇ।