ਮੇਰਾ ਭਰਾ, ਮੇਰਾ ਭਤੀਜਾ

ਰਜਵੰਤ ਕੌਰ ਸੰਧੂ
ਕੁਝ ਰਿਸ਼ਤੇ ਖੂਨ ਦੇ ਹੁੰਦੇ ਨੇ ਤੇ ਕੁਝ ਰਿਸ਼ਤੇ ਕਮਾਏ ਜਾਂਦੇ ਹਨ। ਖੂਨ ਦੇ ਰਿਸ਼ਤੇ ਮਾਂ-ਪਿਉ, ਭੈਣ-ਭਰਾ, ਧੀ-ਪੁੱਤ ਦੇ ਹੁੰਦੇ ਨੇ, ਜਿਨ੍ਹਾਂ ਦੀਆਂ ਰਗ਼ਾਂ ਅੰਦਰ ਇੱਕੋ ਮਾਂ-ਬਾਪ ਦਾ ਖੂੰਨ ਦੌੜਦਾ ਹੈ। ਕਮਾਏ ਰਿਸ਼ਤਿਆਂ ਵਿਚ ਆਪਸੀ ਅਪਣੱਤ, ਮੋਹ, ਹਮਦਰਦੀ, ਵਿਚਾਰਾਂ ਤੇ ਗੁਣਾਂ ਦੀ ਸਾਂਝ ਦੇ ਨਾਲ ਨਿਰੋਲ ਬੇਗ਼ਰਜ਼ ਮੁਹੱਬਤ ਦਾ ਹੋਣਾ ਲਾਜ਼ਮੀ ਹੈ।

ਇਹ ਰਿਸ਼ਤੇ ਖ਼ਰੀਦੇ ਨਹੀਂ ਜਾਂਦੇ, ਇਹ ਮਿਕਨਾਤੀਸੀ ਖਿੱਚ ਵਾਂਗ ਆਪਣੇ ਆਪ ਇੱਕ ਦੂਜੇ ਵੱਲ ਖਿੱਚੇ ਜਾਂਦੇ ਹਨ, ਜਾਂ ਸਹਿਜ-ਭਾਅ ਹੀ ਜੁੜ ਜਾਂਦੇ ਹਨ। ਆਪਣੇ-ਆਪ ਬਣੇ ਇਹ ਰਿਸ਼ਤੇ ਕਦੋਂ ਆਪਣੇ ਹੀ ਭੈਣ-ਭਰਾਵਾਂ ਵਾਂਗ ਹੀ ਆਪਣੇ ਲੱਗਣ ਲੱਗਦੇ ਹਨ, ਪਤਾ ਹੀ ਨਹੀਂ ਚੱਲਦਾ। ਅੱਜ ਮੈਂ ਇਸ ਪ੍ਰਸੰਗ ਵਿਚ ਦੋ ਰਿਸ਼ਤਿਆਂ ਦੀ ਗੱਲ ਕਰਨੀ ਹੈ। ਇੱਕ ਹੈ ਮੇਰਾ ਵੱਡਾ ਭਰਾ ਸਵਰਗੀ ਸਰਵਣ ਸਿੰਘ ਢਿਲੋਂ, ਜੋ ਮੇਰਾ ਖੂੰਨ ਦਾ ਰਿਸ਼ਤਾ ਹੈ ਅਤੇ ਦੂਜਾ ਹੈ ਕੁਲਵਿੰਦਰ ਖਹਿਰਾ, ਜਿਹੜਾ ਕਮਾਇਆ ਰਿਸ਼ਤਾ ਹੈ।
ਅਸੀਂ ਜਦੋਂ ਦੇ ਕਨੇਡਾ ਆਏ ਹਾਂ, ਕੁਲਵਿੰਦਰ ਖਹਿਰਾ ਤੇ ਉਂਕਾਰਪ੍ਰੀਤ ਉਦੋਂ ਤੋਂ ਹੀ ਸਾਡੇ ਨਾਲ ਪਰਿਵਾਰਕ ਜੀਆਂ ਵਾਂਗ ਜੁੜੇ ਹੋਏ ਨੇ। ਕਦੀ ਕੋਈ ਅਜਿਹਾ ਮੌਕਾ ਨਹੀਂ ਆਇਆ ਜਦੋਂ ਉਹ ਸਾਡੇ ਨਾਲ ਧਿਰ ਬਣ ਕੇ ਨਾ ਖਲੋਤੇ ਹੋਣ। ਅੱਜ ਮੈਂ ਕੇਵਲ ਕੁਲਵਿੰਦਰ ਖਹਿਰਾ ਬਾਰੇ ਗੱਲ ਕਰਨੀ ਹੈ। ਜਦ ਮੈਂ ਕੁਲਵਿੰਦਰ ਬਾਰੇ ਸੋਚਦੀ ਹਾਂ ਤਾਂ ਮੈਨੂੰ ਆਪਣਾ ਭਰਾ ਸਰਵਣ ਸਿੰਘ ਅਕਸਰ ਯਾਦ ਆ ਜਾਂਦਾ ਹੈ। ਪਹਿਲਾਂ ਓਸੇ ਦੀ ਗੱਲ ਕਰਦੀ ਹਾਂ।
ਅਸੀਂ ਚਾਰ ਭੈਣਾਂ ਤੇ ਇੱਕ ਭਰਾ ਸਾਂ। ਦੋ ਭੈਣਾਂ ਤੇ ਭਰਾ ਤਾਂ ਰੱਬ ਨੂੰ ਪਿਆਰੇ ਹੋ ਗਏ। ਹੁਣ ਅਸੀਂ ਦੋ ਭੈਣਾਂ ਹੀ ਰਹਿ ਗਈਆਂ ਹਾਂ। ਸਰਵਣ ਸਿੰਘ ਸੱਚ-ਮੁੱਚ ਸੁਭਾਅ ਦਾ ‘ਸਰਵਣ’ ਸੀ। ਸਭ ਤੋਂ ਵੱਡਾ ਸੀ। ਸਾਡੇ ਪਿਤਾ ਦੀ ਸਾਡੇ ਬਚਪਨ ਵਿਚ ਹੀ ਮੌਤ ਹੋ ਗਈ ਸੀ। ਉਹ ਵੱਡੇ ਠਾਣੇਦਾਰ ਸਨ। ਬੜੇ ਵਧੀਆ ਖਿਡਾਰੀ ਤੇ ਘੋੜ-ਸਵਾਰ। ਛੱਬੀ ਜਨਵਰੀ ਵਾਲੇ ਦਿਨ ਉਹ ਵਿਸ਼ੇਸ਼ ਸਮਾਗਮ ਵਿਚ ਘੋੜ-ਖੇਡਾਂ ਕਰਦੇ ਹੋਏ ਹਾਦਸੇ ਵਿਚ ਮਾਰੇ ਗਏ। ਪਰਿਵਾਰ ’ਤੇ ਦੁੱਖਾਂ ਦਾ ਪਹਾੜ ਆ ਡਿੱਗਾ। ਅਸੀਂ ਛੋਟੀਆਂ ਸਾਂ। ਸਰਵਣ ਸਿੰਘ ਉਦੋਂ ਅਠਾਰਾਂ ਕੁ ਸਾਲ ਦਾ ਸੀ। ਉਹਨੂੰ ਪਿਤਾ ਦੀ ਥਾਂ ’ਤੇ ਪੁਲਿਸ ਦੀ ਥਾਂ ਪੰਜਾਬ ਰੋਡਵੇਜ਼ ਵਿਚ ਇੰਸਪੈਕਟਰ ਦੀ ਨੌਕਰੀ ਮਿਲ ਗਈ। ਸਾਡੇ ਭਰਾ ਨੇ ਸਾਡਾ ਬਾਪ ਬਣ ਕੇ ਸਾਨੂੰ ਆਸਰਾ ਦਿੱਤਾ। ਉਹ ਸਾਨੂੰ ਸਭਨਾਂ ਭੈਣਾਂ ਨੂੰ ਬਹੁਤ ਪਿਆਰ ਕਰਦਾ। ਲੋੜੀਂਦੀਆਂ ਚੀਜ਼ਾਂ ਲੈ ਕੇ ਦਿੰਦਾ। ਸੁਭਾਅ ਦਾ ਬਹੁਤ ਮਾਸੂਮ ਤੇ ਸ਼ਰਮੀਲਾ ਸੀ। ਘਰ ਵਿਚ ਜਦ ਕੋਈ ਮੁਟਿਆਰ ਕੁੜੀ ਆਉਂਦੀ ਤਾਂ ਉਹ ਕਮਰੇ ਦੇ ਅੰਦਰ ਚਲਾ ਜਾਂਦਾ। ਪਰ ਉਂਞ ਵਿਚਾਰਾਂ ਪੱਖੋਂ ਅਗਾਂਹਵਧੂ ਸੀ। ਮਹਾਨ ਗ਼ਦਰੀ ਬਾਬਾ ਸੋਹਣ ਸਿੰਘ ਭਕਨਾ ਤੇ ਹੋਰ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਦਾ ਤਾਂ ਉਹ ਸ਼ੈਦਾਈ ਸੀ। ਜਦੋਂ ਬਾਬਾ ਭਕਨਾ ਗੁਰਦਿਆਲ ਸਿੰਘ ਢਿਲੋਂ ਦੇ ਮੁਕਾਬਲੇ ’ਤੇ ਚੋਣ ਲੜਿਆ ਤਾਂ ਸਰਵਣ ਪਿੰਡ ਪਿੰਡ ਜਾ ਕੇ ਬਾਬਾ ਜੀ ਦੇ ਹੱਕ ਵਿਚ ਪਰਚਾਰ ਕਰਦਾ ਰਿਹਾ। ਬਾਬਾ ਜੀ ਚੋਣ ਹਾਰ ਗਏ ਤਾਂ ਉਹਨੂੰ ਬਹੁਤ ਦੁੱਖ ਹੋਇਆ। ਉਹ ਆਖਦਾ, ‘ਸ਼ੇਰਾਂ ਦੀਆਂ ਮਾਰਾਂ ਗਿੱਦੜ ਖਾ ਰਹੇ ਨੇ!’
ਪਰ ‘ਬਾਬਾ ਭਕਨਾ’, ‘ਬਾਬਾ ਭਕਨਾ’ ਕਰਦਾ ਉਹ ਇਲਾਕੇ ਵਿਚ ‘ਬਾਬਾ ਭਕਨਾ’ ਦੇ ਨਾਂ ਨਾਲ ਹੀ ਜਾਣਿਆਂ ਜਾਣ ਲੱਗਾ। ਉਹਨੂੰ ਉਹਦੇ ਮਹਿਕਮੇ ਵਿਚ ਸਰਵਣ ਸਿੰਘ ਦੇ ਨਾਂ ਨਾਲ ਕੋਈ ਨਹੀਂ ਸੀ ਜਾਣਦਾ। ਪਹਿਲੀ ਵਾਰ ਜਦੋਂ ਮੈਂ ਵੱਡੀ ਭੈਣ ਨਾਲ ਬੱਸ ਅੱਡੇ ’ਤੇ ਤਰਨਤਾਰਨ ਵੱਲ ਜਾਂਦੀ ਬੱਸ ’ਤੇ ਰੋਟੀ ਫੜਾਉਣ ਗਈ ਤਾਂ ਕੰਡਕਟਰ ਨਵਾਂ ਹੋਣ ਕਰ ਕੇ ਪੁੱਛਦਾ, ‘ਕਿਹਦੀ ਰੋਟੀ ਹੈ?’ ਭੈਣ ਨੇ ਸਰਵਣ ਦਾ ਨਾਂ ਲਿਆ ਤਾਂ ਡਰਾਈਵਰ ਕਹਿੰਦਾ, ‘ਫੜ ਲੈ। ਆਪਣੇ ਬਾਬੇ ਭਕਨੇ ਦੀ ਰੋਟੀ ਐ।’
ਪਿਤਾ ਦੀ ਮੌਤ ਹੋ ਜਾਣ ਕਰ ਕੇ ਸਰਵਣ ਸਿੰਘ ਦਸਵੀਂ ਤੋਂ ਅੱਗੇ ਪੜ੍ਹਾਈ ਨਾ ਕਰ ਸਕਿਆ, ਪਰ ਉਹਦਾ ਦਿਮਾਗ਼ ਇੱਕ ਇੰਜੀਨੀਅਰ ਦਾ ਦਿਮਾਗ਼ ਸੀ। ਉਹ ਆਪ ਹੀ ਅੰਗਰੇਜ਼ੀ ਦੀਆਂ ਵੱਡੀਆਂ-ਵੱਡੀਆਂ ਕਿਤਾਬਾਂ ਲਿਆਉਂਦਾ ਤੇ ਜਿਸ ਦਿਨ ਛੁੱਟੀ ਹੁੰਦੀ, ਸਾਰਾ ਦਿਨ ਉਨ੍ਹਾਂ ਨੂੰ ਪੜ੍ਹ ਕੇ ਕੁਝ ਨਾ ਕੁਝ ਕਰਦਾ ਰਹਿੰਦਾ। ਉਹਨੂੰ ਨਵੀਆਂ ਚੀਜ਼ਾਂ ਸਭ ਤੋਂ ਪਹਿਲਾਂ ਖ਼ਰੀਦਣ ਦਾ ਸ਼ੌਕ ਵੀ ਸੀ। ਸਾਡੀ ਪੱਤੀ ਵਿਚ ਉਹਨੇ ਸਭ ਤੋਂ ਪਹਿਲਾਂ ਰੇਡੀਓ ਲਿਆਂਦਾ। ਜਦੋਂ ਟੀਵੀ ਚੱਲੇ ਤਾਂ ਉਹਨੇ ਪਹਿਲੀਆਂ ਵਿਚ ਹੀ ਟੀ ਵੀ ਖ਼ਰੀਦ ਲਿਆਂਦਾ। ਕੁਝ ਸਿੱਖਦੇ ਤੇ ਕਰਦੇ ਰਹਿਣ ਵਿਚ ਉਹਦੀ ਏਨੀ ਰੁਚੀ ਸੀ ਕਿ ਆਪਣੇ ਰੇਡੀਓ ਨੂੰ ਖੋਲ੍ਹ ਖੋਲ੍ਹ ਕੇ ਤੇ ਕਿਤਾਬਾਂ ਪੜ੍ਹ ਕੇ ਉਹਨੇ ਨਵਾਂ ਰੇਡੀਓ ਤਿਆਰ ਕਰ ਲਿਆ। ਇੰਞ ਕਰਦਿਆਂ-ਕਰਦਿਆਂ ਉਹਨੇ ਲਾਊਡ ਸਪੀਕਰ ਵੀ ਤਿਆਰ ਕਰ ਲਿਆ। ਉਹਦਾ ਬਣਾਇਆ ਰੇਡੀਉ ਸਪੀਕਰ ਰਾਹੀਂ ਪਿੰਡ ਵਿਚ ਸੁਣਿਆ ਜਾਣ ਲੱਗਾ। ਪਿੰਡਾਂ ਵਿਚ ਬਿਜਲੀ ਆਈ ਤਾਂ ਉਹਨੇ ਆਪ ਹੀ ਪੜ੍ਹ-ਪੜ੍ਹ ਕੇ ਬਿਜਲੀ ਦੇ ਕਈ ਕੰਮ ਸਿੱਖ ਲਏ। ਵਾਇਰਿੰਗ ਕਿਵੇਂ ਕਰਨੀ ਹੈ, ਪੱਖਾ ਕਿਵੇਂ ਬਨਾਉਣਾ ਜਾਂ ਠੀਕ ਕਰਨਾ ਹੈ। ਉਹਦੀ ਵੱਡੀ ਗੱਲ ਇਹ ਸੀ ਕਿ ਜਿਸ ਦਿਨ ਉਹ ਘਰ ਹੁੰਦਾ, ਉਹਦੇ ਕੋਲ ਲੋਕ ਤੁਰੇ ਰਹਿੰਦੇ। ਕੋਈ ਕਹਿੰਦਾ ਕਿ ਉਹਦੀ ਪ੍ਰੈੵਸ ਠੀਕ ਕਰ ਦੇਵੇ। ਕੋਈ ਕਹਿੰਦਾ, ਸਾਡੀ ਵਾਇਰਿੰਗ ਖ਼ਰਾਬ ਹੋ ਗਈ, ਠੀਕ ਕਰ ਦੇ। ਕਿਸੇ ਦਾ ਰੇਡਿਉ ਖ਼ਰਾਬ ਹੁੰਦਾ ਤੇ ਕਿਸੇ ਦਾ ਪੱਖਾ। ਉਹ ਸਭ ਕੇ ਕੰਮ ਕਰਦਾ। ਬਿਨਾਂ ਕਿਸੇ ਮਿਹਨਤਾਨੇ ਦੇ। ਭਾਬੀ ਸਾਡੀ, ਆਏ ਲੋਕਾਂ ਲਈ ਚਾਹ ਬਣਾਉਂਦੀ ਥੱਕ ਜਾਂਦੀ। ਰੋਟੀ ਵੇਲਾ ਹੁੰਦਾ ਤਾਂ ਭਾਅ ਆਏ ਬੰਦੇ ਨੂੰ ਰੋਟੀ ਖਾ ਕੇ ਜਾਣ ਲਈ ਕਹਿੰਦਾ।
ਉਹਦੀ ਛੁੱਟੀ ਲੋਕਾਂ ਦੇ ਕੰਮ ਕਰਦਿਆਂ ਹੀ ਲੰਘ ਜਾਂਦੀ। ਪਰਿਵਾਰ ਨਾਲ ਮਿਲ ਬੈਠਣ ਤੇ ਦੁਖ-ਸੁਖ ਕਰਨ ਦਾ ਟਾਈਮ ਵੀ ਨਾ ਬਣਦਾ। ਅਸੀਂ ਕਈ ਵਾਰ ਕਹਿਣਾ, ‘ਭਾਅ ਜੀ, ਤੁਹਾਨੂੰ ਇੱਕ ਹੀ ਤਾਂ ਛੁੱਟੀ ਹੁੰਦੀ ਹੈ। ਕਿਸੇ ਦਿਨ ਆਰਾਮ ਵੀ ਕਰ ਲਿਆ ਕਰੋ।’ ਤਾਂ ਉਹਨੇ ਕਹਿਣਾ, ‘ਵਿਹਲੇ ਬਹਿ ਕੇ ਮੈਂ ਕਿਹੜਾ ਵਧ ਜਾਣਾ। ਅਗਲੇ ਦਾ ਕੰਮ ਹੋ ਜਾਂਦਾ ਤੇ ਨਾਲੇ ਉਹਦੇ ਪੈਸੇ ਬਚ ਜਾਂਦੇ ਨੇ। ਮਕੈਨਿਕ ਤਾਂ ਛਿੱਲ ਲਾਹ ਲੈਂਦੇ ਨੇ, ਏਨੇ ਕੁ ਕੰਮ ਦੀ।’
ਇੱਕ ਵਾਰ ਕਿਸੇ ਨੇ ਨੈਸ਼ਨਲ ਪੈਨਾਸੌਨਿਕ ਦਾ ਸਟੀਰੀਓ ਲਿਆ। ਉਨ੍ਹਾਂ ਵੇਲਿਆਂ ਵਿਚ ਤਿੰਨ-ਚਾਰ ਹਜ਼ਾਰ ਦਾ। ਮਹੀਨੇ ਕੁ ਬਾਅਦ ਉਹ ਸਟੀਰੀਓ ਚੁੱਕੀ ਸਾਡੇ ਘਰ ਆ ਗਿਆ। ਕਹਿੰਦਾ, ‘ਭਾਊ ਸਰਵਣ ਸਿਹਾਂ! ਯਾਰ ਆਹ ਸੰਦ ਨਵਾਂ ਹੀ ਲਿਆ ਸੀ। ਵਾਹਵਾ ਟੇਪਾਂ ਸੁਣ ਲਈਦੀਆਂ ਸਨ। ਪਰ ਕੱਲ੍ਹ ਤੋਂ ਟੇਪ ਲਾਉਂਦਾ ਤਾਂ ਟੇਪ ਚੱਲੀ ਜਾਂਦੀ ਤੇ ‘ਸਾਂ!ਸਾਂ’ ਦੀ ’ਵਾਜ ਆਈ ਜਾਂਦੀ। ਮੈਂ ਮਕੈਨਿਕ ਕੋਲ ਗਿਆ। ਉਹਨੂੰ ਦੱਸਿਆ ਤਾਂ ਕਹਿੰਦਾ, ‘ਦੋ ਸੌ ਲੱਗਣਗੇ ਠੀਕ ਕਰਨ ਦੇ।’ ਮੈਂ ਸੋਚਿਆ ਮਨਾਂ ਪਹਿਲਾਂ ਸਰਵਣ ਸੁੰਹ ਨੂੰ ਵਿਖਾ ਲੈਂਦੇ ਆਂ।’ ਮੈਂ ਸਟੀਰੀਓ ਚੁੱਕ ਕੇ ਦੁਕਾਨ ਤੋਂ ਉੱਤਰਨ ਲੱਗਾ ਤਾਂ ਕਹਿੰਦਾ, ‘ਚੱਲ ਡੂਢ ਸੌ ਦੇ ਦੇਵੀਂ।’ ਉਹ ਵਾਜਾਂ ਦੇਂਦਾ ਰਿਹਾ। ਪਰ ਆਪਾਂ ਨ੍ਹੀਂ ਪਿੱਛੇ ਭੌਂ ਕੇ ਵੇਖਿਆ। ਲੱਭ ਯਾਰ ਇਹਦੀ ਬੀਮਾਰੀ।’
ਭਾਅ ਜੀ ਨੇ ਕੈਸਿਟ ਪਾ ਕੇ ਵੇਖੀ। ਫੇਰ ਆਏ ਬੰਦੇ ਨੂੰ ਕਹਿੰਦਾ, ‘ਪਰੇ ਨੂੰ ਮੂੰਹ ਕਰੀਂ ਇੱਕ ਮਿੰਟ।’ ਉਹਨੇ ਮੂੰਹ ਪਰ੍ਹੇ ਕੀਤਾ ਤਾਂ ਭਾਅ ਜੀ ਨੇ ਕੱਪੜਾ ਲੈ ਕੇ ‘ਕੁਝ’ ਕੀਤਾ ਤੇ ਟੇਪ ਲਾ ਦਿੱਤੀ। ਪੂਰੀ ਆਵਾਜ਼ ਵਿਚ ਟੇਪ ਚੱਲਣ ਲੱਗੀ ਤਾਂ ਉਹ ਬੰਦਾ ਤੇ ਅਸੀਂ ਵੀ ਹੈਰਾਨ! ਭਾਅ ਜੀ ਨੇ ਕਿਹਾ, ‘ਇਹਨੂੰ ਕੁਝ ਨਹੀਂ ਸੀ ਹੋਇਆ। ਟੇਪ ਪੁਰਾਣੀ ਹੋਣ ਕਰ ਕੇ ਇਹਦੇ ਹੈੱਡ ’ਤੇ ਮੈਲ, ਐਥੇ ਕੁ ਜਿਹੇ (ਉਹਨੇ ਹੱਥ ਲਾ ਕੇ ਦੱਸਿਆ) ਜੰਮ ਗਈ ਸੀ। ਉਹ ਕੱਪੜੇ ਨਾਲ ਸਾਫ਼ ਕਰ ਦਿਤੀ। ਬੱਸ ਏਨਾ ਕੁ ਕੰਮ ਸੀ। ਚੰਗਾ ਕੀਤਾ ਆ ਗਿਐਂ। ਨਹੀਂ ਤਾਂ ਮਿਸਤਰੀ ਨੇ ਡੂਢ ਦੋ ਸੌ ਮੁਫ਼ਤ ਵਿਚ ਕੁੱਟ ਲੈਣੇ ਸਨ।’
ਉਹ ਏਨਾ ਨਿਮਰ ਅਤੇ ਨਿਰਮਾਣ ਸੀ ਕਿ ਮੇਰੇ ਚੌਥੇ ਥਾਂ ਛੋਟੀ ਹੋਣ ਦੇ ਬਾਵਜੂਦ ਮੇਰੇ ਪਤੀ ਨੂੰ ਸਦਾ ਅਦਬ ਨਾਲ ‘ਭਾਅ ਜੀ’ ਕਹਿ ਕੇ ਬੁਲਾਉਂਦਾ। ਜਦੋਂ ਅਸੀਂ ਜਲੰਧਰ ਵਾਲਾ ਮਕਾਨ ਬਣਾ ਰਹੇ ਸਾਂ ਤਾਂ ਅਸੀਂ ਉਹਨੂੰ ਬਣਦੇ ਮਕਾਨ ਦੀ ਨਿਗਰਾਨੀ ਕਰਨ ਲਈ ਬੁਲਾ ਲਿਆ। ਅਸੀਂ ਆਪ ਤਾਂ ਡਿਊਟੀ ’ਤੇ ਚਲੇ ਜਾਂਦੇ ਤੇ ਉਹ ਸਾਰੀ ਦਿਹਾੜੀ ਮਜ਼ਦੂਰਾਂ-ਮਿਸਤਰੀਆਂ ਦੇ ਕੰਮ ਦੀ ਨਿਗਰਾਨੀ ਕਰਦਾ। ਇੱਕ ਦਿਨ ਸੰਧੂ ਸਾਹਿਬ ਕਾਲਜ ਜਾਣ ਤੋਂ ਪਹਿਲਾਂ ‘ਸਾਈਟ’ ’ਤੇ ਗੇੜਾ ਮਾਰਨ ਗਏ ਤਾਂ ਕੀ ਵੇਖਦੇ ਹਨ ਕਿ ਭਾਅ ਸਰਵਣ ਸਿੰਘ ਮਜ਼ਦੂਰਾਂ ਨਾਲ ਮਿਲ ਕੇ ਆਪ ਵੀ ਰੋੜੀ ਕੁੱਟਣ ਲੱਗਾ ਹੋਇਆ ਸੀ। ਸੰਧੂ ਸਾਹਿਬ ਨੇ ਕਿਹਾ ਕਿ ਜਦ ਮਜ਼ਦੂਰ ਹਨ ਕੰਮ ਕਰਨ ਲਈ ਤਾਂ ਉਹ ਇਹ ਵਾਧੂ ਦੀ ਖ਼ੇਚਲ ਕਿਉਂ ਕਰ ਰਿਹਾ ਹੈ! ਤਾਂ ਉਹਦਾ ਜਵਾਬ ਸੀ, ‘ਭਾਅ ਜੀ! ਆਪ ਨਾਲ ਰੋੜੀ ਕੁਟੂੰਗਾ ਤਾਂ ਇਹ ਵੀ ਧਿਆਨ ਨਾਲ ਕੁੱਟਣਗੇ। ਨੀਂਹ ਦਾ ਕੰਮ ਹੈ। ਪੋਲਾ ਨਹੀਂ ਰਹਿਣਾ ਚਾਹੀਦਾ। ਕੰਮ ਕਰਦਿਆਂ ਮੇਰਾ ਕੀ ਘਟ ਜਾਂਦਾ ਹੈ।’
ਇਨ੍ਹਾਂ ਦਿਨਾਂ ਵਿਚ ਹੀ ਪਤਾ ਲੱਗਾ ਕਿ ਉਹਨੂੰ ਕਵਿਤਾ ਲਿਖਣ ਦਾ ਵੀ ਸ਼ੌਕ ਸੀ, ਜਿਹੜਾ ਉਹਨੇ ਕਦੀ ਕਿਸੇ ਅੱਗੇ ਜ਼ਾਹਿਰ ਨਹੀਂ ਸੀ ਕੀਤਾ। ਸੰਧੂ ਸਾਹਿਬ ਨੇ ਉਹਦੀਆਂ ਕਵਿਤਾਵਾਂ ਸੁਣੀਆਂ, ਜਿਹੜੀਆਂ ਉਹਨੇ ਕਾਗ਼ਜ਼ ਦੇ ਛੋਟੇ ਛੋਟੇ ਟੁਕੜਿਆਂ ’ਤੇ ਲਿਖੀਆਂ ਹੋਈਆਂ ਸਨ। ਸੰਧੂ ਸਾਹਿਬ ਕਹਿੰਦੇ, ‘ਭਾਅ ਜੀ, ਆਪਾਂ ਇਹਨਾਂ ਕਵਿਤਾਵਾਂ ਦੀ ਕਿਤਾਬ ਛਪਵਾਵਾਂਗੇ। ਤੁਸੀਂ ਕੱਠੀਆਂ ਕਰ ਕੇ ਮੈਨੂੰ ਦੇ ਦਿਉ।’
ਪਰ ਉਹ ਸਾਰੀਆਂ ਕਵਿਤਾਵਾਂ ਇਕੱਠੀਆਂ ਕਰ ਕੇ ਦੇਣ ਤੋਂ ਪਹਿਲਾਂ ਹੀ ਇਸ ਸੰਸਾਰ ਤੋਂ ਕੂਚ ਕਰ ਗਿਆ। ਉਹਦੇ ਅੰਤਮ ਸੰਸਕਾਰ ਦੀਆਂ ਰਸਮਾਂ ਤੋਂ ਬਾਅਦ ਜਦੋਂ ਉਹਦਾ ਬਿਸਤਰਾ ਚੁੱਕਿਆ ਤਾਂ ਬਿਸਤਰੇ ਦੇ ਹੇਠਾਂ ਬੜੇ ਕਾਗ਼ਜ਼ ਪਏ ਸਨ। ਕੁਝ ਉਹਦੀਆਂ ਕਵਿਤਾਵਾਂ ਤੇ ਬਹੁਤੀਆਂ ਅਖ਼ਬਾਰਾਂ ਦੀਆਂ ਉਹ ਕਟਿੰਗਜ਼, ਜਿਨ੍ਹਾਂ ਵਿਚ ਸੰਧੂ ਸਾਹਿਬ ਦੀਆਂ ਸਾਹਿਤਕ ਸਮਾਗਮਾਂ ਦੀਆਂ, ਉਨ੍ਹਾਂ ਦੀ ਤਸਵੀਰ ਵਾਲੀਆਂ ਰੀਪੋਰਟਾਂ ਹੁੰਦੀਆਂ।
ਹੁਣ ਗੱਲ ਕਰਦੀ ਹਾਂ ਕੁਲਵਿੰਦਰ ਖਹਿਰਾ ਦੀ। ਜਦੋਂ ਤੋਂ ਅਸੀਂ ਕਨੇਡਾ ਆਏ ਹਾਂ, ਉਹ ਉਦੋਂ ਤੋਂ ਹੀ ਸਾਡੇ ਨਾਲ ਜੁੜਿਆ ਹੈ, ਘਰ ਦੇ ਜੀਅ ਵਾਂਙ। ਵਿਚਾਰਾਂ ਦੀ ਸਾਂਝ ਹੀ ਉਹਦੀ ਸੰਧੂ ਸਾਹਿਬ ਨਾਲ ਗਹਿਰੇ ਰਿਸ਼ਤੇ ਦਾ ਕਾਰਨ ਬਣੀ ਭਾਵੇਂ ਕਿ ਉਹਦਾ ਚਾਚਾ ਨਰਜੀਤ ਖਹਿਰਾ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਵਿਚ ਸੰਧੂ ਸਾਹਿਬ ਦਾ ਸਹਿਕਰਮੀ ਰਿਹਾ ਸੀ ਤੇ ਉਨ੍ਹਾਂ ਦੀ ਦੋਸਤੀ 1970-71 ਤੋਂ ਸੀ। ਸੋ ਸਾਡੀ ਸਾਂਝ ਦੀ ਇਕ ਤੰਦ ਇਹ ਵੀ ਸੀ। ਏਸੇ ਕਰ ਕੇ ਉਹ ਸਾਨੂੰ ਅੰਕਲ-ਆਂਟੀ ਆਖਦਾ ਹੈ। ਉਹ ਕਈ ਗੁਣਾਂ ਦਾ ਮਾਲਕ ਹੈ। ਉਹ ਕਵੀ ਹੈ, ਨਾਟਕਕਾਰ ਹੈ, ਆਲੋਚਕ ਹੈ, ਵਾਰਤਕਕਾਰ ਹੈ, ਵਧੀਆ ਬੁਲਾਰਾ ਹੈ ਤੇ ਹੋਰ ਵੀ ਕਿੰਨਾ ਕੁਝ ਹੈ। ਉਹ ਜਥੇਬੰਦਕ ਯੋਗਤਾ ਵੀ ਰੱਖਦਾ ਹੈ ਤੇ ਕਈ ਵਰ੍ਹੇ ‘ਕਲਮਾਂ ਦੇ ਕਾਫ਼ਿਲੇ’ ਦਾ ਮੁੱਖ ਕੋਆਰਡੀਨੇਟਰ ਰਹਿ ਚੁੱਕਾ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਉਹਦੀ ਹਰ ਇੱਕ ਰਚਨਾ ਅਜਿਹੀ ਸਰਲ ਅਤੇ ਜ਼ੋਰਦਾਰ ਭਾਸ਼ਾ ਵਿਚ ਹੁੰਦੀ ਹੈ ਤੇ ਪਾਠਕ ਦੇ ਦਿਲ ’ਤੇ ਸਿੱਧਾ ਅਸਰ ਕਰਦੀ ਹੈ। ਉਹ ਸਮਾਜ ਵਿਚ ਕੁਝ ਚੰਗਾ ਕਰਨ ਅਤੇ ਵੇਖਣ ਦੀ ਚਾਹ ਰੱਖਦਾ ਹੈ। ਪਰ ਅੱਜ ਉਹਦੀ ਸਾਹਿਤਕਾਰੀ ਦੀ ਗੱਲ ਨਹੀਂ ਕਰਨੀ ਸਗੋਂ ਉਹਦੀ ਸ਼ਖ਼ਸੀਅਤ ਨੂੰ ਦਰਸਾਉਣ ਦੀ ਕੋਸ਼ਿਸ਼ ਕਰਨੀ ਹੈ।
ਕੁਲਵਿੰਦਰ ਬਹੁਤ ਹੀ ਨਰਮ ਦਿਲ ਰੱਖਦਾ ਹੈ। ਉਹਦੀ ਵੀ ਆਪਣੇ ਰਿਸ਼ਤਿਆਂ ਤੋਂ ਕੁਰਬਾਨ ਹੋ ਜਾਣ ਦੀ ਫ਼ਿਤਰਤ ਹੈ। ਇੱਕ ਵਾਰ ਕਿਸੇ ਨੇ ਲੰਡਨ ਤੋਂ ਸੰਧੂ ਸਾਹਿਬ ਦੀ ਈਮੇਲ ਹੈਕ ਕਰ ਲਈ ਤੇ ਸੰਧੂ ਸਾਹਿਬ ਬਣ ਕੇ ਉਸ ਈਮੇਲ ਤੋਂ ਸਭ ਮਿੱਤਰਾਂ ਨੂੰ ਸੁਨੇਹਾ ਦਿੱਤਾ ਕਿ ਸੰਧੂ ਸਾਹਿਬ ਦਾ ਲੰਡਨ ਦੇ ਕਿਸੇ ਹੋਟਲ ਵਿਚ ਠਹਿਰਨ ’ਤੇ ਪਰਸ ਗਵਾਚ ਗਿਆ ਹੈ ਤੇ ਹੁਣ ਉਨ੍ਹਾਂ ਨੇ ਹੋਟਲ ਦਾ ਦੋ ਹਜ਼ਾਰ ਡਾਲਰ ਦੇਣਾ ਹੈ। ਹਰੇਕ ਦੋਸਤ ਨੂੰ ਕਿਹਾ ਗਿਆ ਕਿ ਇਸ ਪਤੇ ’ਤੇ ਦੋ ਹਜ਼ਾਰ ਡਾਲਰ ਭੇਜੇ ਜਾਣ। ਜਦੋਂ ਸੰਧੂ ਸਾਹਿਬ ਨੂੰ ਈਮੇਲ ਹੈਕ ਹੋਣ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਸਭ ਦੋਸਤਾਂ ਨੂੰ ਸੂਚਿਤ ਕਰ ਦਿੱਤਾ ਕਿ ਉਹ ਹੈਕਰ ਦੇ ਜਾਲ ਵਿਚ ਨਾ ਫਸ ਜਾਣ। ਪਰ ਸੰਧੂ ਸਾਹਿਬ ਦਾ ਬਰੈਂਪਟਨ ਵਿਚ ਰਹਿੰਦਾ ਅਜ਼ੀਜ਼ ਕੁਲਜੀਤ ਮਾਨ ਇਸ ਚੱਕਰ ਵਿਚ ਫਸ ਗਿਆ ਤੇ ਉਹਨੇ ਹੈਕਰ ਨੂੰ ਦੋ ਹਜ਼ਾਰ ਡਾਲਰ ਭੇਜ ਦਿੱਤੇ ਹਾਲਾਂਕਿ ਉਹਨੀਂ ਦਿਨੀਂ ਉਹਦਾ ਆਪਣਾ ਹੱਥ ਬਹੁਤ ਤੰਗ ਸੀ। ਸੰਧੂ ਸਾਹਿਬ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਕੁਲਜੀਤ ਨੂੰ ਭਰੋਸਾ ਦਿੱਤਾ ਕਿ ਉਹ ਇੰਡੀਆ ਜਾ ਕੇ ਇਹ ਪੈਸੇ ਕੁਲਜੀਤ ਨੂੰ ਦੇ ਦੇਣਗੇ। ਪਰ ਕੁਲਜੀਤ ਨੇ ਕਿਹਾ, ‘ਮੈਨੂੰ ਤਾਂ ਜੀ, ਕੁਲਵਿੰਦਰ ਤੇ ਉਂਕਾਰਪ੍ਰੀਤ ਨੇ ਹਜ਼ਾਰ ਹਜ਼ਾਰ ਕਰ ਕੇ ਦੋ ਹਜ਼ਾਰ ਡਾਲਰ ਦੇ ਵੀ ਦਿੱਤਾ ਹੈ। ਤੁਸੀਂ ਦੇਣੇ ਨੇ ਤਾਂ ਉਨ੍ਹਾਂ ਨੂੰ ਦਿਉ।’
ਸਾਡੀ ਹੈਰਾਨੀ ਦੀ ਹੱਦ ਨਾ ਰਹੀ। ਐਸੇ ਵੀ ਲੋਕ ਹੁੰਦੇ ਨੇ ਜੋ ਬਿਨਾਂ ਕੁਝ ਜਤਾਏ ਦੇ ਇੰਞ ਬੇਗ਼ਰਜ਼ ਮੁਹੱਬਤਾਂ ਲੁਟਾ ਸਕਦੇ ਨੇ! (ਉਂਕਾਰਪ੍ਰੀਤ, ਰਾਜਪਾਲ ਹੋਠੀ, ਰਛਪਾਲ ਕੌਰ ਗਿੱਲ ਤੇ ਸਵਰਗੀ ਵਕੀਲ ਕਲੇਰ ਵਰਗੇ ਸਨੇਹੀਆਂ ਬਾਰੇ ਕਦੇ ਫੇਰ ਲਿਖਾਂਗੀ।) ਸਾਡੇ ਲੱਖ ਆਖਣ ਦੇ ਬਾਵਜੂਦ ਕੁਲਵਿੰਦਰ ਤੇ ਉਂਕਾਰਪ੍ਰੀਤ ਨੇ ਸਾਡੇ ਕੋਲੋਂ ਪੈਸੇ ਨਾ ਲਏ।
ਹਾਲਾਤ ਦੀ ਗੁੰਝਲ ਵਿਚ ਫਸਣ ਕਰ ਕੇ ਜਦੋਂ ਸਾਨੂੰ ਆਪਣਾ ਘਰ ਛੱਡਣਾ ਪਿਆ ਤਾਂ ਕੁਲਵਿੰਦਰ ਨੇ ਸਾਡਾ ਸਮਾਨ ਆਪ ਘਰੋਂ ਚੁੱਕ ਕੇ ਸਾਨੂੰ ਆਪਣੇ ਘਰ ਲੈ ਆਂਦਾ ਤੇ ਅਸੀਂ ਲਗਭਗ ਅੱਠ ਮਹੀਨੇ ਉਹਦੇ ਘਰ ਰਹੇ। ਬਿਨਾਂ ਕੋਈ ਕਿਰਾਇਆ-ਭਾੜਾ ਦਿੱਤਿਆਂ। ਐਸੀ ਹੈ ਕੁਲਵਿੰਦਰ ਦੀ ਦਰਿਆ ਦਿਲੀ, ਦਰਦਮੰਦੀ।
ਆਪਣੇ ਭਰਾ ਸਰਵਣ ਵਾਂਗ ਉਹ ਇਸ ਕਰ ਕੇ ਵੀ ਲੱਗਦਾ ਹੈ, ਕਿਉਂਕਿ ਦੋਵਾਂ ਦਾ ਸੁਭਾਅ ਬਹੁਤ ਮਿਲਦਾ ਹੈ, ਕਈ ਗੱਲਾਂ ਵਿਚ। ਕੁਲਵਿੰਦਰ ਵੀ ਬਹੁਤ ਸੰਵੇਦਨਸ਼ੀਲ ਹੈ। ਅਗਲੇ ਦੇ ਦੁੱਖ ਵਿਚ ਪਿਘਲ ਜਾਣ ਵਾਲਾ। ਸਰਵਣ ਵਾਂਗ ਨਵਾਂ ਕਰਨ ਤੇ ਸਿੱਖਣ ਦੀ ਵੀ ਉਹਨੂੰ ਆਦਤ ਹੈ। ਉਹ ਹਰ ਕੰਮ ਦਾ ਕਾਰੀਗਰ ਹੈ। ਸਵੇਰੇ ਚਾਰ ਵਜੇ ਉੱਠ ਕੇ ਬੱਸ ਡਰਾਈਵਰ ਦੀ ਜੌਬ ’ਤੇ ਜਾਂਦਾ ਹੈ ਤੇ ਕੰਮ ਤੋਂ ਆ ਕੇ ਕਦੀ ਵਿਹਲਾ ਨਹੀਂ ਬੈਠਦਾ। ਘਰ ਦੀ ਰੈਨੋਵੇਸ਼ਨ ਕਰਨੀ ਹੋਵੇ। ਬੈਕਯਾਰਡ ਵਿਚ ਫ਼ਰਸ਼ ਲਾਉਣਾ ਹੋਵੇ। ਡੈੱਕ ਬਨਾਉਣਾ ਹੋਵੇ, ਬੇਸਮੈਂਟ ਬਨਾਉਣੀ ਹੋਵੇ, ਰਸੋਈ ਜਾਂ ਗੈਰਾਜ ਦਾ ਕੋਈ ਕੰਮ ਹੋਵੇ ਤਾਂ ਆਪ ਹੀ ਕਰ ਲੈਂਦਾ ਹੈ। ਮਿਹਨਤੀ ਏਨਾ ਹੈ ਕਿ ਜੌਬ ਕਰਦਿਆਂ ਹੀ ਉਹਨੇ ਪੜ੍ਹਾਈ ਕਰ ਕੇ ਯੂਨੀਵਰਸਿਟੀ ਦੀ ਡਿਗਰੀ ਹਾਸਲ ਕਰ ਲਈ ਤੇ ਹੁਣ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਐਮ ਏ ਦਾ ਇਮਤਿਹਾਨ ਵੀ ਪਾਸ ਕਰ ਲਿਆ ਹੈ। ਏਨਾ ਹੀ ਨਹੀਂ, ਉਹ ਨਾਲ ਨਾਲ ਟਰਾਂਸਲੇਸ਼ਨ ਦਾ ਕੰਮ ਵੀ ਕਰੀ ਜਾਂਦਾ ਹੈ। ਹੋਰ ਤਾਂ ਹੋਰ ਪਿਛਲੇ ਸਾਲ ਤੋਂ ਉਹਨੇ ਸਾਈਡ ਬਿਜ਼ਨਸ ਵਜੋਂ ਕੰਮ ਤੋਂ ਆ ਕੇ ਡੈੱਕ ਬਨਾਉਣ ਅਤੇ ਅਜਿਹੇ ਹੋਰ ਕੰਮ ਕਰ ਕੇ ਅਲੱਗ ਕਮਾਈ ਕਰਨੀ ਵੀ ਸ਼ੁਰੂ ਕੀਤੀ ਹੋਈ ਹੈ। ਉਹ ਇੱਕ ਪਲ ਚੈਨ ਨਾਲ ਨਹੀਂ ਬਹਿੰਦਾ। ਡਰਾਈਵਿੰਗ ਸਕੂਲ ਵੀ ਨਾਲ ਹੀ ਚਲਾਈ ਫਿਰਦਾ ਹੈ। ਉਹਦੇ ਸੰਘਰਸ਼ ਤੇ ਪ੍ਰਾਪਤੀਆਂ ਦਾ ਲੰਮਾ ਲੇਖਾ-ਜੋਖਾ ਹੈ। ਉਹਨੇ ਨਾਟਕ ਵੀ ਲਿਖੇ, ਕਵਿਤਾਵਾਂ ਵੀ ਲਿਖੀਆਂ, ਅਖ਼ਬਾਰਾਂ ਰਿਸਾਲਿਆਂ ਲਈ ਲੇਖ ਵੀ ਲਿਖੇ, ਟੀ ਵੀ ਤੇ ਰੇਡੀਓ ਪ੍ਰੋਗਰਾਮਾਂ ਵਿਚ ਹੁੰਦੀਆਂ ਚਿੰਤਨੀਂ ਬਹਿਸਾਂ ਵਿਚ ਹਿੱਸਾ ਵੀ ਲਿਆ, ‘ਕਲਮਾਂ ਦੇ ਕਾਫ਼ਿਲੇ’ ਵਰਗੀ ਚਿਰ ਪੁਰਾਣੀ ਸਾਹਿਤਕ ਸੰਸਥਾ ਦੀ ਅਗਵਾਈ ਕੀਤੀ, ਅਨੇਕਾਂ ਵਾਰ ਉਹਦਾ ਮੁੱਖ ਸੰਚਾਲਕ ਰਿਹਾ, ਤੇ, ਅੱਜ ਵੀ ਕਾਫ਼ਿਲੇ ਦੀ ਸੰਚਾਲਨਾ ਉਹੋ ਕਰ ਰਿਹਾ ਹੈ। ਪਰ ਏਨਾ ਰੁਝਿਆ ਹੋਣ ਦੇ ਬਾਵਜੂਦ ਉਹ ਹਰੇਕ ਜਿੰਮੇ ਲੱਗਾ ਕੰਮ ਜੋਸ਼-ਖ਼ਰੋਸ਼ ਨਾਲ ਨਿਭਾਉਂਦਾ ਆ ਰਿਹਾ ਹੈ।
ਏਨੀ ਅਣਥੱਕ ਮਿਹਨਤ ਕਰਦਿਆਂ ਵੀ ਉਹ ਹਰੇਕ ਯਾਰ-ਦੋਸਤ ਦੇ ਕੰਮ ਆਉਣ ਦੀ ਭਾਵਨਾ ਨਾਲ ਭਰਿਆ ਰਹਿੰਦਾ ਹੈ। ਪਹਿਲਾਂ ਪਹਿਲਾਂ ਜੇ ਮੈਨੂੰ ਘਰ ਦਾ ਕੋਈ ਕੰਮ ਕਰਵਾਉਣ ਦੀ ਲੋੜ ਹੁੰਦੀ ਤਾਂ ਮੈਂ ਉਹਨੂੰ ਕਹਿਣਾ, ‘ਕੁਲਵਿੰਦਰ! ਮੇਰਾ ਡਰਾਇਰ ਕੱਪੜੇ ਚੰਗੀ ਤਰ੍ਹਾਂ ਨਹੀਂ ਸੁਕਾਉਂਦਾ, ਮੇਰਾ ਵਾਸ਼ਰੂਮ ਦਾ ਪੱਖਾ ਖ਼ਰਾਬ ਹੈ ਜਾਂ ਮੇਰੇ ਇੱਕ ਰੂਮ ਨੂੰ ਨਵਾਂ ਤਾਲਾ ਲਾਉਣਾ ਹੈ…ਤੂੰ ਕੋਈ ਮਿਸਤਰੀ ਘੱਲ ਦੇ।’ ਉਹ ਸਦਾ ਆਖਦਾ ਹੈ, ‘ਆਂਟੀ ਜੀ, ਮਕੈਨਕ ਨੇ ਬਹੁਤ ਪੈਸੇ ਲੈ ਲੈਣੇ ਨੇ ਇਸ ਕੰਮ ਦੇ। ਮੈਂ ਹੀ ਕਿਸੇ ਵੇਲੇ ਆ ਕੇ ਵੇਖ ਲਵਾਂਗਾ।’
ਅਜਿਹੇ ਵੇਲੇ ਉਹ ਮੈਨੂੰ ਭਰਾ ਸਰਵਣ ਸਿੰਘ ਵਰਗਾ ਲੱਗਦਾ ਹੈ, ਜੋ ਕਿਸੇ ਦਾ ਵੀ ਕੰਮ ਕਰਨ ਲਈ ਤਿਆਰ ਰਹਿੰਦਾ ਸੀ।
ਉਹ ਆਉਂਦਾ ਹੈ ਤੇ ਵਿਗੜਿਆ ਕੰਮ ਕਰ ਜਾਂਦਾ ਹੈ। ਹੁਣ ਤਾਂ ਕਿਸੇ ਐਸੇ ਕੰਮ ਨੂੰ ਕਰਵਾਉਣਾ ਹੋਵੇ ਤਾਂ ਮੈਂ ‘ਮਕੈਨਕ’ ਭੇਜਣ ਦੀ ਗੱਲ ਹੀ ਨਹੀਂ ਕਰਦੀ ਸਗੋਂ ਸਿੱਧਾ ਉਂਞ ਹੀ ਆਖਦੀ ਹਾਂ ਜਿਵੇਂ ਮੈਂ ਆਪਣੇ ਸਕੇ ਭਤੀਜਿਆਂ ਨੂੰ ਆਵਾਜ਼ ਮਾਰਦੀ ਹਾਂ। ਹੁਣ ਉਹ ਤਾਂ ਦੂਰ ਬੈਠੇ ਹਨ, ਮੇਰਾ ਭਤੀਜਾ ਤਾਂ ਹੁਣ ਕੁਲਵਿੰਦਰ ਹੀ ਹੈ।
ਇਹ ਤਾਂ ਹੋਈ ਸਾਡੀ ਗੱਲ। ਪਰ ਕੁਲਵਿੰਦਰ ਸਭਨਾਂ ਲਈ ਪਿਆਰ ਅਤੇ ਹਮਦਰਦੀ ਨਾਲ ਭਰਿਆ ਰਹਿੰਦਾ ਹੈ। ਕਈਆਂ ਦੇ ਕੰਮ ਸਵਾਰਦਾ ਰਹਿੰਦਾ ਹੈ। ਕਿਸੇ ਦਾ ਵੀ ਦੁੱਖ ਵੇਖ ਕੇ ਉਹਦਾ ਮਨ ਭਰ ਆਉਂਦਾ ਹੈ। ਕਈਆਂ ਕੋਲ ਉਹਦੇ ਦਰਦਮੰਦ ਦਿਲ ਦੀਆਂ ਮੇਰੇ ਵਾਂਙ ਕਈ ਕਹਾਣੀਆਂ ਹੋਣਗੀਆਂ। ਉਹਨੇ ਪੰਜਾਬ ਤੋਂ ਕਨੇਡਾ ਪੜ੍ਹਨ ਲਈ ਕੁਝ ਲੇਖਕਾਂ ਦੀਆਂ ਧੀਆਂ ਨੂੰ ਵੀ ਘਰ ਵਿਚ ਰੱਖਿਆ ਤੇ ਸਾਂਭਿਆ। ਮੈਨੂੰ ਇਹ ਵੀ ਪਤਾ ਹੈ ਕਿ ਉਹਨੇ ਕਨੇਡਾ ਵਿਚ ਆ ਕੇ ਕਈ ਮੁਸ਼ਕਿਲ ਵਿਚ ਫਸੀਆਂ ਕੁੜੀਆਂ ਦੀ ਮਦਦ ਕਰ ਕੇ, ਉਨ੍ਹਾਂ ਨੂੰ ਵੱਡੇ ਦੁੱਖ ਵਿਚ ਪਹੁੰਚਣ ਤੋਂ ਬਚਾਇਆ। ਦੋ-ਕੁ ਅਜਿਹੇ ਵਿਆਹੁਤਾ ਜੋੜੇ, ਜਿਹੜੇ ਆਪਸੀ ਗ਼ਲਤ-ਫ਼ਹਿਮੀ ਕਰ ਕੇ ਸਾਲਾਂ ਤੋਂ ਅੱਡ ਰਹਿ ਰਹੇ ਸਨ, ਉਨ੍ਹਾਂ ਨੂੰ ਲਗਾਤਾਰ ਵੱਖ ਵੱਖ ਮਿਲ ਕੇ ਸਮਝਾਇਆ ਤੇ ਆਖ਼ਰਕਾਰ ਸਮਝਾਉਣ ਦੀ ਲੰਮੀ ਪ੍ਰਕਿਰਿਆ ਵਿਚੋਂ ਗੁਜ਼ਰਨ ਤੋਂ ਬਾਅਦ, ਸਾਲਾਂ ਤੋਂ ਵਿਛੜੇ ਜੀਆਂ ਨੂੰ ਮੁੜ ਇਕੱਠੇ ਕਰ ਦਿੱਤਾ। ਮੈਂ ਉਨ੍ਹਾਂ ਪਰਿਵਾਰਾਂ ਦੇ ਨਾਂ ਜਾਣ-ਬੁੱਝ ਕੇ ਨਹੀਂ ਦੱਸਣਾ ਚਾਹਿੰਦੀ। ਪਰ ਕੁਲਵਿੰਦਰ ਦੇ ਜਾਨਣ ਵਾਲੇ ਉਨ੍ਹਾਂ ਦੇ ਨਾਂ ਜਾਣਦੇ ਹਨ।
ਹੋਰ ਤਾਂ ਹੋਰ ਉਹ ਮੇਜ਼ਬਾਨ ਬੜਾ ਕਮਾਲ ਦਾ ਹੈ। ਪੰਜਾਬ ਤੋਂ ਕੋਈ ਲੇਖਕ ਜਾਂ ਕਲਾਕਾਰ ਬਰੈਂਪਟਨ ਆਉਣਾ ਹੋਵੇ ਤਾਂ ਉਹਦੀ ਪਹਿਲੀ ਠਾਹਰ ਕੁਲਵਿੰਦਰ ਹੀ ਹੁੰਦਾ ਹੈ। ਮੈਂ ਸੁਰਜੀਤ ਪਾਤਰ, ਹਰਦੀਪ ਤੇ ਅਨੀਤਾ ਦੇਵਗਨ ਦੀ ਜੋੜੀ, ਸੁਰਿੰਦਰ ਸ਼ਰਮਾ ਤੇ ਕਈ ਹੋਰਨਾਂ ਦਾ ਜ਼ਿਕਰ ਕਰ ਸਕਦੀ ਹਾਂ।
ਪਰ ਮੈਂ ਤਾਂ ਆਪਣੀ ਗੱਲ ਹੀ ਕਰ ਸਕਦੀ ਹਾਂ।
ਆਪਣੇ ਭਰਾ ਦੀ ਗੱਲ ਕਰਦਿਆਂ ਮੈਂ ਕਿਹਾ ਸੀ ਕਿ ਉਹਦਾ ਦਿਮਾਗ਼ ਇੰਜੀਨੀਅਰ ਦਾ ਦਿਮਾਗ਼ ਹੈ, ਇੰਞ ਹੀ ਕੁਲਵਿੰਦਰ ਦਾ ਦਿਮਾਗ਼ ਹੈ। ਦੋਵਾਂ ਨੇ ਬਿਨਾਂ ਕਿਸੇ ਵਿਸ਼ੇਸ਼ ਸਿਖਲਾਈ ਦੇ ਆਪਣੇ ਵਿਚ ਕਈ ਕੰਮ ਕਰ ਸਕਣ ਦੀ ਯੋਗਤਾ ਪੈਦਾ ਕੀਤੀ। ਦੋਵੇਂ ਲੋੜਵੰਦਾਂ ਦੇ ਕੰਮ ਆਉਣ ਵਾਲੇ ਤੇ ਅਗਾਂਹਵਧੂ ਵਿਚਾਰਾਂ ਦੇ ਮਾਲਕ। ਕੁਲਵਿੰਦਰ ਤਾਂ ਮੰਨਿਆਂ ਪਰਮੰਨਿਆਂ ਸ਼ਾਇਰ ਹੈ ਪਰ ਸਰਵਣ ਸਿੰਘ ਦੀ ਆਤਮਾ ਵਿਚ ਵੀ ਸ਼ਾਇਰੀ ਵੱਸਦੀ ਸੀ।
ਅਸਲ ਵਿਚ ਸ਼ਾਇਰੀ ਲਿਖਣ ਵਿਚ ਹੀ ਨਹੀਂ ਹੁੰਦੀ, ਇਹ ਤੁਹਾਡੇ ਸਮੁੱਚੇ ਆਪੇ ਦਾ ਹਿੱਸਾ ਹੁੰਦੀ ਹੈ। ਮੇਰਾ ਭਰਾ ਸਰਵਣ ਸਿੰਘ ਤੇ ਮੇਰਾ ਭਤੀਜਾ ਕੁਲਵਿੰਦਰ ਦੋਵੇਂ ਸ਼ਾਇਰਾਨਾ ਰੂਹਾਂ ਹਨ। ਸਾਨੂੰ ਖ਼ੁਸ਼ੀ ਤੇ ਮਾਣ ਹੈ ਕਿ ਕੁਲਵਿੰਦਰ ਸਾਡਾ ਆਪਣਾ ਘਰ ਦਾ ਜੀਅ ਹੈ।