ਪ੍ਰੇਮ ਮਾਨ
ਅੱਜ ਬਾਪੂ ਨੂੰ ਪੂਰੇ ਹ੍ਹਇਆਂ ਸੱਤ ਸਾਲ ਹੋ ਗਏ ਹਨ। ਆਪਣੇ ਬੈμਡ-ਰੂਮ ਵਿਚ ਇਕੱਲਾ ਬੈਠਾ ਯਾਦਾਂ ਵਿਚ ਖੁੱਭ ਗਿਆ ਹਾਂ। ਉਮਰ ਦੇ 76 ਸਾਲਾਂ ਦੀਆਂ ਅਨੇਕਾਂ ਯਾਦਾਂ ਦਿਲ-ਦਿਮਾਗ਼ ‘ਤੇ ਇਸ ਤਰ੍ਹਾਂ ਘਰ ਕਰੀ ਬੈਠੀਆਂ ਹਨ ਕਿ ਇਹ ਜ਼ਿੰਦਗੀ ਦਾ ਇਕ ਹਿੱਸਾ ਬਣ ਗਈਆਂ ਹਨ। ਕਦੇ ਕਦੇ ਇਕੱਲਿਆਂ ਬੈਠਿਆਂ ਆ ਘੇਰਦੀਆਂ ਹਨ ਅਤੇ ਕਈ ਵਾਰੀ ਤਾਂ ਕਈ ਕਈ ਘੰਟੇ ਪਿੱਛਾ ਨਹੀਂ ਛੱਡਦੀਆਂ।
ਮੇਰੀ ਪਤਨੀ ਡੈਸਟਿਨੀ, ਜਿਸ ਨੂੰ ਮੈਂ ਡੈਨੀ ਕਹਿ ਕੇ ਬੁਲਾਉਂਦਾ ਹਾਂ, ਦੋਹਾਂ ਬੱਚਿਆਂ ਨੂੰ ਲੈ ਕੇ ਆਪਣੇ ਮਾਂ-ਪਿਉ ਨੂੰ ਮਿਲ਼ਣ ਗਈ ਹੈ ਜੋ 25-30 ਮੀਲ ਦੀ ਦੂਰੀ ‘ਤੇ ਹੀ ਰਹਿੰਦੇ ਹਨ ਅਤੇ ਮੈਨੂੰ ਇਕੱਲੇ ਬੈਠੇ ਨੂੰ ਇਨ੍ਹਾਂ ਯਾਦਾਂ ਨੇ ਆ ਘੇਰਿਆ ਹੈ।
****
ਜਦੋਂ 1972 ਵਿਚ ਮੈਂ ਹਿੰਦੁਸਤਾਨ ਛੱਡ ਕੇ ਕੈਨੇਡਾ ਨੂੰ ਤੁਰਿਆ ਸੀ ਤਾਂ ਜਿਥੇ ਮਨ ਉਦਾਸ ਸੀ ਆਪਣੇ ਮਾਂ-ਬਾਪ, ਭੈਣ, ਰਿਸ਼ਤੇਦਾਰ, ਦੋਸਤ ਅਤੇ ਆਪਣੀ ਜਨਮ ਭੂਮੀ ਨੂੰ ਛੱਡ ਕੇ ਕੇ ਜਾਣ ਦਾ, ਉਥੇ ਖ਼ੁਸ਼ ਸੀ ਕਿ ਬੇਰੁਜ਼ਗਾਰੀ ਤੋਂ ਛੁਟਕਾਰਾ ਮਿਲੇਗਾ। ਹਿੰਦੁਸਤਾਨ ਮੈਂ ਫ਼ਸਟ ਡਵੀਜ਼ਨ ਵਿਚ ਪੁਲਿਟੀਕਲ ਸਾਇੰਸ ਦੀ ਐੱੱਮ.ਏ. ਕਰ ਕੇ ਵੀ ਨੌਕਰੀ ਨਾ ਲੱਭ ਸਕਿਆ। ਇਰਾਦਾ ਤਾਂ ਕਾਲਜ ਵਿਚ ਪੜ੍ਹਾਉਣ ਲਈ ਪ੍ਰੋਫ਼ੈਸਰ ਲੱਗਣ ਦਾ ਸੀ ਪਰ ਇਹੋ ਜਿਹੀ ਨੌਕਰੀ ਬਹੁਤ ਵੱਡੀ ਸਿਫ਼ਾਰਸ਼ ਤੋਂ ਬਗ਼ੈਰ ਕਿਸੇ ਹਾਲਤ ਵਿਚ ਵੀ ਨਹੀਂ ਸੀ ਮਿਲ਼ ਸਕਦੀ। ਐੱਮ.ਏ. ਕਰਨ ਤੋਂ ਬਾਅਦ ਬਹੁਤ ਕਾਲਜਾਂ ਵਿਚ ਨੌਕਰੀ ਲਈ ਅਰਜ਼ੀਆਂ ਭੇਜੀਆਂ ਪਰ ਹਰ ਥਾਂ ਹੀ ਕਾਲਜ ਦੇ ਪ੍ਰਬੰਧਕਾਂ ਦਾ ਸਿਫ਼ਾਰਸ਼ੀ ਰੱਖਣ ਲਈ ਪਹਿਲਾਂ ਹੀ ਫ਼ੈਸਲਾ ਕੀਤਾ ਹੁੰਦਾ ਸੀ। ਅਰਜ਼ੀਆਂ ਮੰਗਣ-ਮੰਗਾਉਣ ਦਾ ਤਾਂ ਐਵੇਂ ਪਖੰਡ ਹੀ ਹੁੰਦਾ ਸੀ ਸਿਰਫ਼ ਫ਼ਾਈਲ ਪੂਰੀ ਕਰਨ ਲਈ। ਤਿੰਨ ਸਾਲ ਥਾਂ ਥਾਂ ਅਰਜ਼ੀਆਂ ਭੇਜਦਾ ਰਿਹਾ ਅਤੇ ਇੰਟਰਵਿਊ ‘ਤੇ ਜਾਂਦਾ ਰਿਹਾ ਪਰ ਕਿਤੇ ਵੀ ਨੌਕਰੀ ਦੀ ਹਾਂ ਨਾ ਹੋਈ। ਅਖੀਰ ਸੋਚਿਆ ਕਿ ਕਿਸੇ ਦਫ਼ਤਰ ਵਿਚ ਕਲਰਕ ਦੀ ਨੌਕਰੀ ਹੀ ਮਿਲ਼ ਜਾਵੇ ਪਰ ਇਸ ਲਈ ਵੀ ਤਾਂ ਸਿਫ਼ਾਰਸ਼ ਚਾਹੀਦੀ ਸੀ ਅਤੇ ਉਹ ਵੀ ਕਿਸੇ ਵੱਡੇ ਅਫ਼ਸਰ ਜਾਂ ਸਿਆਸਤਦਾਨ ਦੀ। ਭਾਵੇਂ ਬਾਪੂ ਦੀ ਕਾਫ਼ੀ ਵਾਕਫ਼ੀਅਤ ਸੀ ਪਰ ਉਸ ਕਦੇ ਵੀ ਕਿਸੇ ਅੱਗੇ ਝੁਕਣਾ ਨਹੀਂ ਸੀ ਚਾਹਿਆ। ਜ਼ਿੰਦਗੀ ਬੇਅਰਥ ਲਗਦੀ ਸੀ। ਅਖੀਰ ਤਿੰਨ ਸਾਲ ਧੱਕੇ ਖਾ-ਖਾ ਕੇ ਕੈਨੇਡਾ ਗਏ ਇਕ ਦੋਸਤ ਦਾ ਕਿਹਾ ਮੰਨ ਹੀ ਲਿਆ। ਗੁਰਜੀਤ 1968 ਵਿਚ ਹੀ ਕੈਨੇਡਾ ਚਲੇ ਗਿਆ ਸੀ, ਜਦੋਂ ਕੈਨੇਡਾ ਖੁੱਲਿ੍ਹਆ ਅਤੇ ਧੜਾ-ਧੜ ਨੌਜਵਾਨ ਕੈਨੇਡਾ ਜਾਣੇ ਸ਼ੁਰੂ ਹੋ ਗਏ। ਗੁਰਜੀਤ ਮੈਨੂੰ ਵੀ ਜ਼ੋਰ ਪਾ ਰਿਹਾ ਸੀ ਪਰ ਮੇਰਾ ਦਿਲ ਹਿੰਦੁਸਤਾਨ ਛੱਡਣ ਲਈ ਨਹੀਂ ਸੀ ਮੰਨਦਾ। ਆਪਣਾ ਮੁਲਕ, ਆਪਣਾ ਘਰ-ਘਾਟ, ਆਪਣੇ ਮਾਂ-ਪਿਉ, ਭੈਣ-ਭਰਾ, ਅਤੇ ਰਿਸ਼ਤੇਦਾਰ ਕੌਣ ਛੱਡਣੇ ਚਾਹੁੰਦਾ? ਪਰ ਬੇਰੁਜ਼ਗਾਰੀ ਤੋਂ ਅੱਕ ਕੇ ਅਖੀਰ ਮੈਂ ਵੀ ਮਨ ਬਣਾ ਲਿਆ। ਗਰੀਬੀ ਇਸ ਲਈ ਕਿ ਹਰ ਰੋਜ਼ ਮਾਂ-ਬਾਪ ਤੋਂ ਪੈਸੇ ਮੰਗਣੇ ਸੌਖੇ ਨਹੀਂ ਸਨ, ਭਾਵੇਂ ਪਰਿਵਾਰ ਮਾਇਕ ਤੌਰ ‘ਤੇ ਸੌਖਾ ਸੀ। ਮੇਰੇ ਕਹਿਣ ‘ਤੇ ਗੁਰਜੀਤ ਨੇ ਸਪਾਂਸਰਸ਼ਿਪ ਭੇਜ ਦਿੱਤੀ ਅਤੇ ਮੈਂ ਵੈਨਕੂਵਰ ਪਹੁੰਚ ਗਿਆ। ਕੁਝ ਦਿਨਾਂ ਵਿਚ ਹੀ ਗੁਰਜੀਤ ਨੇ ਮੈਨੂੰ ਵੀ ਲੱਕੜ ਦੀ ਉਸ ਮਿੱਲ ਵਿਚ ਕੰਮ ਲੈ ਦਿੱਤਾ, ਜਿੱਥੇ ਉਹ ਆਪ ਕਰਦਾ ਸੀ। ਕੰਮ ਔਖਾ ਤਾਂ ਸੀ ਪਰ ਬੇਰੁਜ਼ਗਾਰੀ ਤੋਂ ਛੁਟਕਾਰਾ ਮਿਲ਼ ਗਿਆ। ਅਤੇ ਹਫ਼ਤੇ ਬਾਅਦ ਡਾਲਰ ਮਿਲ਼ ਜਾਂਦੇ ਅਤੇ ਆਪਣੇ-ਆਪ ‘ਤੇ ਨਿਰਾਸ਼ ਹੋਣ ਦੀ ਥਾਂ ਫ਼ਖਰ ਮਹਿਸੂਸ ਹੋਣ ਲੱਗਾ।
****
ਦੋ ਕੁ ਸਾਲਾਂ ਬਾਅਦ ਲੱਕੜ ਦੀ ਮਿੱਲ ਵਿਚ ਕੰਮ ਕਰ ਕੇ ਮਨ ਅੱਕ ਗਿਆ। ਕੈਨੇਡਾ ਵਿਚ ਭਾਵੇਂ ਹਰ ਕੰਮ ਦੀ ਕਦਰ ਹੈ ਪਰ ਫਿਰ ਵੀ ਮੇਰਾ ਕੁਝ ਹੋਰ ਕਰਨ ਨੂੰ ਜੀਅ ਕਰਦਾ। ਇਥੇ ਪੁਲਿਟੀਕਲ ਸਾਇੰਸ ਵਿਚ ਕੋਈ ਭਵਿੱਖ ਨਾ ਦਿਸਿਆ। ਕਈ ਮਹੀਨੇ ਸੋਚ ਕੇ ਕੁਝ ਦੋਸਤਾਂ ਨਾਲ ਸਲਾਹ ਕੀਤੀ, ਦੋ-ਤਿੰਨ ਕਾਲਜਾਂ ਵਿਚ ਜਾ ਕੇ ਪੁੱਛ-ਗਿੱਛ ਵੀ ਕੀਤੀ ਅਤੇ ਸਲਾਹ ਵੀ ਲਈ ਕਿ ਇਥੇ ਕਿਸ ਡਿਗਰੀ ਦੀ ਜ਼ਿਆਦਾ ਮਹੱਤਤਾ ਹੈ। ਸੁਝਾਅ ਇਹੋ ਮਿiਲ਼ਆ ਕਿ ਫਾਈਨੈਂਸ ਜਾਂ ਅਕਾਊਂਟਿੰਗ ਦਾ ਕੋਰਸ ਕਰ ਕਰ ਕੇ ਡਿਗਰੀ ਲੈ ਲਵਾਂ। ਹੁਣ ਤੱਕ ਮੈਨੂੰ ਕੈਨੇਡਾ ਵਿਚ ਪੱਕੇ ਰਹਿਣ ਦੀ ਇਜਾਜ਼ਤ ਵੀ ਮਿਲ਼ ਗਈ ਸੀ। ਇਸ ਪਾਸਿਉਂ ਕੋਈ ਫ਼ਿਕਰ ਨਹੀਂ ਸੀ, ਪਰ ਜਿੱਥੋਂ ਤੱਕ ਪੜ੍ਹਾਈ ਦਾ ਸਵਾਲ ਸੀ, ਸਲਾਹਾਂ ਕਰਦਿਆਂ-ਲੈਂਦਿਆਂ ਕੁਝ ਸਮਾਂ ਹੋਰ ਲੰਘ ਗਿਆ। ਸੋਚ-ਸੋਚ ਕੇ ਅਖੀਰ ਕੈਨੇਡਾ ਆਉਣ ਤੋਂ ਤਿੰਨ ਸਾਲ ਬਾਅਦ ਮੈਂ ਇਕ ਕਾਲਜ ਵਿਚ ਫਾਈਨੈਂਸ ਦੀ ਇਕ ਕਲਾਸ ਲੈ ਲਈ। ਦਿਨ ਨੂੰ ਮਿੱਲ ਵਿਚ ਕੰਮ ਕਰਨਾ ਅਤੇ ਸ਼ਾਮ ਨੂੰ ਹਰ ਹਫ਼ਤੇ ਦੋ ਦਿਨ ਕਲਾਸ ਵਿਚ ਜਾਣਾ। ਕਲਾਸ ਔਖੀ ਤਾਂ ਜ਼ਰੂਰ ਲੱਗੀ ਪਰ ਠੀਕ-ਠਾਕ ਪੂਰੀ ਹੋ ਗਈ। ਹੌਸਲਾ ਕੁਝ ਹੋਰ ਵਧ ਗਿਆ। ਅਗਲੇ ਸਮੈਸਟਰ ਮੈਂ ਦੋ ਕਲਾਸਾਂ ਲੈ ਲਈਆਂ। ਹੌਲ਼ੀ-ਹੌਲ਼ੀ ਕਰ-ਕਰਾ ਕੇ ਛੇ ਕੁ ਸਾਲਾਂ ਵਿਚ ਕੰਮ ਦੇ ਨਾਲ-ਨਾਲ ਫਾਈਨੈਂਸ ਦੀ ਬੀ.ਏ. ਕਰ ਲਈ। ਕੁਝ ਕਰੈਡਿਟ ਪੰਜਾਬ ਦੀ ਪੜ੍ਹਾਈ ਦਾ ਮਿਲ ਗਿਆ। ਛੇ ਸਾਲਾਂ ਵਿਚ ਅੰਗਰੇਜ਼ੀ ਸਮਝਣ ਅਤੇ ਬੋਲਣ ਦੀ ਵੀ ਕਾਫ਼ੀ ਮੁਹਾਰਤ ਹੋ ਗਈ। ਡਿਗਰੀ ਪੂਰੀ ਹੋਣ ਨਾਲ਼ ਨੌਕਰੀਆਂ ਲਈ ਅਰਜ਼ੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਕਈ ਕੰਪਨੀਆਂ ਵਲੋਂ ਇੰਟਰਵਿਊ ਦੇ ਸੱਦੇ ਆਉਣੇ ਸ਼ੁਰੂ ਹੋ ਗਏ। ਪਹਿਲਾਂ ਕੁਝ ਇੰਟਰਵਿਊ ਤਾਂ ਮੈ ਬਹੁਤ ਹੀ ਘਬਰਾਈ ਹੋਈ ਹਾਲਤ ਵਿਚ ਦਿੱਤੀਆਂ ਪਰ ਹੌਲ਼ੀ-ਹੌਲ਼ੀ ਹੌਸਲਾ ਵਧਦਾ ਗਿਆ। ਕੁਝ ਮਹੀਨਿਆਂ ਬਾਅਦ ਹੀ ਮੈਨੂੰ ਇਕ ਕੰਪਨੀ ਦੇ ਫਾਈਨੈਂਸ ਵਿਭਾਗ ਵਿਚ ਨੌਕਰੀ ਮਿਲ਼ ਗਈ। ਤਨਖ਼ਾਹ ਚੰਗੀ ਤੇ ਬੈਠ ਕੇ ਕਰਨ ਵਾਲ਼ਾ ਕੰਮ ਮਿਲ਼ ਗਿਆ। ਮੈਂ ਖ਼ੁਸ਼ ਸਾਂ। ਪਹਿਲਾਂ-ਪਹਿਲਾਂ ਪੜ੍ਹੇ-ਲਿਖੇ ਲੋਕਾਂ ਨਾਲ਼ ਕੰਮ ਕਰਦਿਆਂ ਕੁਝ ਝਿਜਕ ਵੀ ਆਈ ਕੁਝ ਸਮੇਂ ਵਿਚ ਹੀ ਸਭ ਨਾਲ਼ ਰਚ-ਮਿਚ ਗਿਆ। ਇਥੇ ਕੁਝ ਹਿੰਦੁਸਤਾਨੀ ਵੀ ਸਨ। ਉਨ੍ਹਾਂ ਨੇ ਆਪਣੇ ਨਾਵਾਂ ਨੂੰ ਸੌਖਾ ਕਰਨ ਲਈ ਛੋਟੇ ਛੋਟੇ ਅੰਗਰੇਜ਼ੀ ਨਾਮ ਰੱਖ ਲਏ ਸਨ। ਕੁਝ ਕੁ ਮਹੀਨਿਆਂ ਬਾਅਦ ਮੈਂ ਵੀ ਹਰਿੰਦਰ ਤੋਂ ਹੈਰੀ ਬਣ ਗਿਆ। ਕੈਨੇਡੀਆਂ ਲਈ ਹੈਰੀ ਕਹਿਣਾ ਸੌਖਾ ਸੀ।
****
ਬਾਪੂ ਪਿੰਡ ਦਾ ਲੰਬੜਦਾਰ, ਰੋਹਬ ਵਾਲ਼ਾ ਇਨਸਾਨ ਸੀ। ਭਾਵੇਂ ਉਹ ਥੋੜ੍ਹਾ ਹੀ ਪੜ੍ਹਿਆ ਸੀ ਪਰ ਫਿਰ ਵੀ ਉਸ ਦੀ ਆਪਣੇ ਇਲਾਕੇ ਵਿਚ ਕਾਫ਼ੀ ਪੁੱਛ-ਗਿੱਛ ਸੀ। ਲੋਕ ਉਸ ਦਾ ਸਤਿਕਾਰ ਕਰਦੇ। ਬਾਪੂ ਨੂੰ ਗੱਲ ਕਰਨ ਦਾ ਵੱਲ ਸੀ। ਦਲੀਲ ਨਾਲ਼ ਗੱਲ ਕਰਨ ਵਿਚ ਉਸ ਨੂੰ ਕੋਈ ਘੱਟ ਹੀ ਜਿੱਤ ਸਕਦਾ ਸੀ। ਲੋਕ ਉਸ ਕੋਲ਼ੋਂ ਸਲਾਹਾਂ ਲੈਣ ਲਈ ਆਉਂਦੇ ਰਹਿੰਦੇ। ਅਸਲ ਵਿਚ ਪਿੰਡ ਦੀ ਲੰਬੜਦਾਰੀ ਪਹਿਲਾਂ ਇਕ ਹੋਰ ਪਰਿਵਾਰ ਕੋਲ਼ ਸੀ। ਜਦੋਂ ਉਸ ਪਰਿਵਾਰ ਦਾ ਲੰਬੜਦਾਰ ਕਰਮ ਸਿੰਘ ਪੂਰਾ ਹੋਇਆ ਤਾਂ ਉਸ ਪਰਿਵਾਰ ਦਾ ਕੋਈ ਮੈਂਬਰ ਲੰਬੜਦਾਰ ਬਣਨ ਨੂੰ ਤਿਆਰ ਨਹੀਂ ਸੀ। ਪਿੰਡ ਦੇ ਲੋਕਾਂ ਨੇ ਕਹਿ-ਕਹਾ ਕੇ ਬਾਪੂ ਨੂੰ ਲੰਬੜਦਾਰ ਬਣਨ ਲਈ ਮਨਾ ਲਿਆ।
ਮੇਰੀ ਇਕੋ-ਇਕ ਭੈਣ ਸੀ। ਭੈਣ ਦਾ ਵਿਆਹ ਮੇਰੇ ਕੈਨੇਡਾ ਆਉਣ ਤੋਂ ਚਾਰ ਕੁ ਸਾਲ ਪਹਿਲਾਂ ਹੋ ਗਿਆ ਸੀ। ਉਸ ਦਾ ਪਤੀ ਵਕੀਲ ਸੀ ਅਤੇ ਲੁਧਿਆਣੇ ਵਕਾਲਤ ਕਰਦਾ ਸੀ। ਭੈਣ ਭਾਵੇਂ ਬੀ.ਏ. ਪਾਸ ਸੀ ਪਰ ਉਸ ਨੇ ਕੋਈ ਨੌਕਰੀ ਨਹੀਂ ਸੀ ਕੀਤੀ। ਉਸ ਨੇ ਘਰ ਰਹਿ ਕੇ ਆਪਣੇ ਦੋ ਬੱਚੇ ਪਾਲ਼ੇ, ਜੋ ਹੁਣ ਡਾਕਟਰ ਬਣ ਗਏ ਸਨ।
ਜਦੋਂ ਮੈਂ ਕੈਨੇਡਾ ਦੀ ਤਿਆਰੀ ਕੀਤੀ ਤਾਂ ਬਾਪੂ ਨੇ ਬਹੁਤ ਜ਼ੋਰ ਪਾਇਆ ਕਿ ਮੈਂ ਕੈਨੇਡਾ ਨਾ ਜਾਵਾਂ।
‘ਬੇਟਾ ਤੂੰ ਕਨੇਡਾ ਕੀ ਕਰਨਾ। ਐਵੇਂ ਜਾ ਕੇ ਫ਼ੈਕਟਰੀਆਂ ਵਿਚ ਧੱਕੇ ਖਾਏਂਗਾ। ਐਥੇ ਸਾਨੂੰ ਰੱਬ ਨੇ ਬੜਾ ਕੁਛ ਦਿੱਤਾ ਹੋਇਆ।’
‘ਪਰ ਬਾਪੂ ਐੱਮ.ਏ. ਕਰ ਕੇ ਵੀ ਨੌਕਰੀ ਤਾਂ ਮਿਲ਼ਦੀ ਨੀ। ਮੈਂ ਵਿਹਲਾ ਰਹਿ ਕੇ ਅੱਕ ਗਿਆਂ। ਕਨੇਡਾ ਗਏ ਦੋਸਤ ਵੀ ਕਹਿੰਦੇ ਨੇ, ਆ ਜਾ।’
‘ਆਪਣੀ ਜ਼ਮੀਨ ਚੰਗੀ ਐ। ਤੂੰ ਇਸ ਨੂੰ ਸੰਭਾਲ਼। ਤੂੰ ਹੋਰ ਕੰਮ ਕਰ ਕੇ ਕੀ ਲੈਣਾ?’
‘ਬਾਪੂ, ਮੈਂ ਖੇਤੀ ਨਹੀਂ ਕਰਨੀ।’
‘ਖੇਤੀ ਨਾ ਕਰ, ਜ਼ਮੀਨ ਦੀ ਦੇਖ ਭਾਲ਼ ਹੀ ਕਰੀ ਜਾ।
‘ਇਹ ਮੇਰੇ ਵੱਸ ਦਾ ਰੋਗ ਨਹੀਂ।’
‘ਕੁਝ ਸਾਲਾਂ ਤੱਕ ਮੈਂ ਲੰਬੜਦਾਰੀ ਤੈਨੂੰ ਸੰਭਾਲ਼ ਦੇਊਂ।’
‘ਬਾਪੂ ਮੈਨੂੰ ਇਹ ਲੰਬੜਦਾਰੀ ਦਾ ਕੰਮ ਪਸੰਦ ਨਹੀਂ। ਮੀਂਹ ਪਵੇ, ਨ੍ਹੇਰੀ ਆਵੇ, ਗਰਮੀ ਹੋਵੇ, ਸਰਦੀ ਹੋਵੇ, ਘਰ-ਘਰ ਜਾ ਕੇ ਥੋੜ੍ਹੇ-ਥੋੜ੍ਹੇ ਪੈਸਿਆਂ ਲਈ ਲੋਕਾਂ ਦੀਆਂ ਮਿੰਨਤਾਂ ਕਰੀ ਜਾਓ।
‘ਉਹ ਤਾਂ ਠੀਕ ਹੈ ਪਰ ਰੋਹਬ ਵੀ ਤਾਂ ਹੈ। ਕਿਸੇ ਦਾ ਕੋਈ ਕੰਮ ਹੋਵੇ ਠਾਣੇ ਜਾਂ ਕਚਹਿਰੀ, ਅਗਲੇ ਆ ਕੇ ਮਿੰਨਤਾਂ ਕਰਦੇ ਆ। ਕਿਸੇ ਦਾ ਕੰਮ ਕਰਾ ਦਿਓ,ੇ ਸਾਰੀ ਉਮਰ ਅਹਿਸਾਨ ਮੰਨਦੇ ਆ।’
‘ਬਾਪੂ ਇਹ ਕੁੱਤਾ ਕੰਮ ਮੈਥੋਂ ਨਹੀਂ ਹੋਣਾ।’
ਫਿਰ ਬਾਪੂ ਨੇ ਆਪਣੇ ਦਿਲ ਦੀ ਗੱਲ ਆਖ ਦਿੱਤੀ, ‘ਬੇਟਾ, ਅਸੀਂ ਮੁੱਦਤਾਂ ਬਾਅਦ ਕੁਰਬਾਨੀਆਂ ਦੇ ਕੇ ਗੋਰਿਆਂ ‘ਤੋਂ ਅਜ਼ਾਦੀ ਲਈ ਹੈ। ਹੁਣ ਅਸੀਂ ਉਨ੍ਹਾਂ ਦੀ ਗੁਲਾਮੀ ਕਰਨ ਫਿਰ ਜਾ ਰਹੇ ਹਾਂ। ਸਾਨੂੰ ਸਮਝ ਕਦੋਂ ਆਊਗੀ?’
ਅਸਲ ਵਿਚ ਮੇਰੇ ਬਾਬਾ ਜੀ ਅਜ਼ਾਦੀ ਦੀ ਲੜਾਈ ਵਿਚ ਕਾਫ਼ੀ ਸਰਗਰਮ ਰਹੇ ਸਨ ਅਤੇ ਕਈ ਵਾਰੀ ਜੇਲ੍ਹ ਵੀ ਗਏ ਸਨ। ਬਾਪੂ ਨੂੰ ਇਸ ਗੱਲ ਤੇ ਬਹੁਤ ਮਾਣ ਸੀ। ਬਹੁਤ ਸਾਲ ਪਹਿਲਾਂ ਜਦੋਂ ਇੰਗਲੈਂਡ ਨੂੰ ਜਾਣ ਦੇ ਵਾਊਚਰ ਆਮ ਮਿਲ਼ਦੇ ਸਨ, ਮੇਰੇ ਬਾਪੂ ਨੂੰ ਵੀ ਉਸ ਦੇ ਕਈ ਦੋਸਤਾਂ ਅਤੇ ਰਿਸ਼ਤੇਦਾਰਾਂ ਨੇ, ਜੋ ਇਹ ਵਾਊਚਰ ਮੰਗਵਾ ਕੇ ਇੰਗਲੈਂਡ ਚਲੇ ਗਏ ਸਨ, ਜ਼ੋਰ ਪਾਇਆ ਸੀ ਕਿ ਉਹ ਇੰਗਲੈਂਡ ਆ ਜਾਵੇ ਪਰ ਬਾਪੂ ਨੇ ਇੰਗਲੈਂਡ ਜਾਣ ਨੂੰ ਗੋਰਿਆਂ ਦੀ ਗੁਲਾਮੀ ਕਹਿ ਕੇ ਠੁਕਰਾ ਦਿੱਤਾ ਸੀ। ਇਸੇ ਕਰ ਕੇ ਬਾਪੂ ਮੇਰੇ ਕੈਨੇਡਾ ਜਾਣ ਤੋਂ ਬਿਲਕੁਲ ਖ਼ੁਸ਼ ਨਹੀਂ ਸੀ।
‘ਬਾਪੂ ਜੀ, ਮੈਂ ਗੁਲਾਮੀ ਕਰਨ ਨਹੀਂ, ਆਪਣੇ ਭਵਿੱਖ ਕਰ ਕੇ ਜਾ ਰਿਹਾਂ। ਇੱਥੇ ਬੇਰੁਜ਼ਗਾਰ ਰਹਿਣ ਨਾਲੋਂ ਤਾਂ ਚੰਗਾ ਹੈ ਕਿ ਜਾ ਕੇ ਦੇਖ ਲਵਾਂ ਕਿ ਕਨੇਡਾ ਵਿਚ ਜ਼ਿੰਦਗੀ ਕਿਹੋ ਜਿਹੀ ਏ।’
ਬਾਪੂ ਨੇ ਕਾਫ਼ੀ ਕੋਸ਼ਿਸ਼ ਕੀਤੀ ਪਰ ਜਦੋਂ ਮੈਂ ਨਾ ਮੰਨਿਆਂ ਤਾਂ ਉਸ ਨੇ ਹਥਿਆਰ ਸੁੱਟ ਦਿੱਤੇ।
****
ਦਫ਼ਤਰ ਦੀ ਨੌਕਰੀ ਲੈਣ ਤੋਂ ਪੰਜ ਕੁ ਸਾਲਾਂ ਬਾਅਦ ਹਿੰਦੁਸਤਾਨ ਜਾਣ ਦਾ ਮੌਕਾ ਮਿਲਿਆ। ਦਿਲ ਖ਼ੁਸ਼ ਸੀ ਕਿ ਆਪਣੇ ਵਤਨ ਜਾ ਰਿਹਾਂ – ਮਾਂ-ਪਿਉ, ਭੈਣ, ਰਿਸ਼ਤੇਦਾਰਾਂ, ਅਤੇ ਦੋਸਤਾਂ ਨੂੰ ਮਿਲ਼ਣ; ਉਸ ਪਿੰਡ ਦੀਆਂ ਗਲ਼ੀਆਂ ਨੂੰ ਦੇਰ ਬਾਅਦ ਦੇਖਣ ਜਿੱਥੇ ਬਚਪਨ ਗੁਜ਼ਾਰਿਆ ਸੀ; ਉਸ ਪੰਜਾਬ ਦੇ ਦਰਸ਼ਨ ਕਰਨ ਜਿਸ ਸਭਿਅਤਾ ਵਿਚ ਜੁਆਨ ਹੋਇਆ ਸੀ। ਬਹੁਤ ਚਾਅ ਸੀ ਹਿੰਦੁਸਤਾਨ ਜਾਣ ਦਾ। ਦਿੱਲੀ ਦੇ ਏਅਰਪੋਰਟ ‘ਤੇ ਪਹੁੰਚਿਆ। ਇੰਮੀਗਰੇਸ਼ਨ ਅਫ਼ਸਰ ਅਜੀਬ-ਅਜੀਬ ਸਵਾਲ ਪੁੱਛ ਰਿਹਾ ਸੀ: ‘ਕੱਬ ਗਏ ਥੇ ਕਨੇਡਾ… ਵਹਾਂ ਕਿਆ ਕਾਮ ਕਰਤੇ ਹੋ… ਜੱਬ ਕਨੇਡਾ ਕੇ ਨਾਗਰਿਕ ਬਨ ਗਏ ਹੋ ਤੋ ਵਾਪਸ ਕਿਆ ਕਰਨੇ ਆਤੇ ਹੋ…ਕਿਤਨੀ ਦੇਰ ਰਹੋਗੇ ਹਿੰਦੁਸਤਾਨ ਮੇਂ…ਇਤਨੀ ਦੇਰ ਜਹਾਂ ਕਿਆ ਕਰੋਗੇ?’ ਜੀਅ ਤਾਂ ਕਰਦਾ ਸੀ, ਕਰਾਰੇ ਜਵਾਬ ਦੇਵਾਂ ਪਰ ਕੋਈ ਪੰਗਾ ਪੈਣ ਤੋਂ ਡਰ ਲਗਦਾ ਸੀ। ਗੁੱਸੇ ਨੂੰ ਪੀ ਬੁੱਲ੍ਹਾਂ ‘ਤੇ ਮੁਸਕਰਾਹਟ ਲਿਆ ਕੇ ਸਿੱਧੇ-ਸਿੱਧੇ ਜਵਾਬ ਹੀ ਦਿੱਤੇ ਅਤੇ ਛੁਟਕਾਰਾ ਪਾਇਆ। ਬਾਹਰ ਆਇਆ ਤਾਂ ਪਰਿਵਾਰ ਅਤੇ ਰਿਸ਼ਤੇਦਾਰਾਂ ਵਿਚੋਂ ਛੇ ਜਣੇ ਵੱਡੀ ਕਾਰ ਵਿਚ ਲੈਣ ਆਏ ਹੋਏ ਸਨ। ਮੈ ਕਿਹਾ ਵੀ ਸੀ ਕਿ ਇਕ ਬੰਦਾ ਕਾਰ ਲੈ ਕੇ ਆ ਜਾਇਓ ਪਰ ਛੇ ਜਣੇ? ਦੇਖ ਕੇ ਮੈਨੂੰ ਹੈਰਾਨੀ ਤਾਂ ਹੋਈ ਪਰ ਫਿਰ ਸੋਚਿਆ ਕਿ ਇਹ ਪੰਜਾਬੀ ਪਿਆਰ ਹੈ। ਕੋਈ ਗੱਲ ਨਹੀਂ। ਅਸੀਂ ਕਾਰ ਵਿਚ ਬੈਠ ਪੰਜਾਬ ਨੂੰ ਚੱਲ ਪਏ। ਜਾਂਦਿਆਂ ਸਭ ਕੁਝ ਪੁਰਾਣੇ ਦਿਨਾਂ ਵਾਂਗ ਹੀ ਦਿਸ ਰਿਹਾ ਸੀ। ਲੱਗ ਰਿਹਾ ਸੀ ਕਿ ਇੰਨੇ ਸਾਲਾਂ ਵਿਚ ਬਹੁਤਾ ਕੁਝ ਨਹੀਂ ਬਦਲਿਆ। ਟੁੱਟੀਆਂ ਸੜਕਾਂ, ਕੂੜੇ ਦੇ ਥਾਂ-ਥਾਂ ਢੇਰ, ਸੜਕ ਵਿਚ ਥਾਂ-ਥਾਂ ਤੇ ਬੈਠੇ ਜਾਂ ਲੰਘ ਰਹੇ ਪਸ਼ੂ, ਟਰੈਫ਼ਿਕ ਬੇਅਸੂਲਾ, ਹਰ ਪਾਸਿਓਂ ਸੁਣਦੇ ਹਾਰਨ, ਆਦਿ ਆਦਿ। ਭਾਵੇਂ ਜਦੋਂ ਮੈਂ ਇੱਥੇ ਰਹਿੰਦਾ ਸੀ ਤਾਂ ਇਹ ਸਭ ਆਮ ਲਗਦਾ ਸੀ ਪਰ ਹੁਣ ਇਹ ਓਪਰਾ-ਓਪਰਾ ਲਗਦਾ ਸੀ।
ਪਿੰਡ ਪਹੁੰਚੇ ਤਾਂ ਦੇਖਿਆ ਬਹੁਤ ਕੁਝ ਬਦਲ ਚੁੱਕਾ ਸੀ। ਪੁਰਾਣੇ ਘਰ ਢਾਹ ਕੇ ਨਵੇਂ ਅਤੇ ਕਈ ਸ਼ਾਨਦਾਰ ਕੋਠੀਆਂ ਬਣ ਗਈਆਂ ਸਨ, ਜਿਨ੍ਹਾਂ ਵਿਚੋਂ ਬਹੁਤੀਆਂ ਤਾਂ ਬਾਹਰਲੇ ਮੁਲਕਾਂ ਤੋਂ ਆਏ ਪੈਸੇ ਨਾਲ ਹੀ ਬਣੀਆਂ ਸਨ। ਪਿੰਡ ਦੀ ਪਛਾਣ ਹੀ ਬਦਲ ਗਈ ਸੀ। ਖੇਤੀ ਦੇ ਢੰਗ ਤਰੀਕੇ ਵੀ ਬਦਲੇ ਪਏ ਸਨ। ਜਿੱਥੇ ਜਾਵਾਂ, ਪੀਣ ਲਈ ਕੋਕਾ ਕੋਲਾ ਮਿਲ਼ਦਾ। ਇੰਨਾ ਕੋਕਾ ਕੋਲਾ ਮੈਂ ਕੈਨੇਡਾ ਵਿਚ ਕਈ ਸਾਲਾਂ ਵਿੱਚ ਨਹੀਂ ਸੀ ਪੀਤਾ ਜਿੰਨਾ ਤਿੰਨਾਂ ਹਫ਼ਤਿਆਂ ਵਿਚ ਪੀ ਲਿਆ। ਲੱਸੀ ਤਾਂ ਸਿਰਫ਼ ਇਕ ਦੋ ਘਰਾਂ ਵਿਚੋਂ ਹੀ ਮਿਲ਼ੀ। ਤਿੰਨਾਂ ਹਫ਼ਤਿਆਂ ਵਿਚ ਪੰਜਾਬ ਦੇ ਬਦਲੇ ਤੌਰ ਤਰੀਕਿਆਂ ਦਾ ਖ਼ੂਬ ਅਭਿਆਸ ਹੋਇਆ। ਸੜਕਾਂ ਦੀ ਹਾਲਤ ਪਹਿਲਾਂ ਨਾਲੋਂ ਵੀ ਮਾੜੀ ਸੀ। ਅਮੀਰ ਲੋਕ ਪਹਿਲਾਂ ਨਾਲੋਂ ਵੀ ਅਮੀਰ ਹੋ ਗਏ ਸਨ, ਅਤੇ ਗਰੀਬ ਹੋਰ ਗਰੀਬ। ਸੜਕਾਂ ਦੇ ਆਲ਼ੇ-ਦੁਆਲ਼ੇ ਬਣਾਈਆਂ ਝੁੱਗੀਆਂ ਵਿਚ ਲੋਕ ਵਸ ਰਹੇ ਸਨ। ਸੋਚਿਆ, ‘ਕਿਵੇਂ ਰਹਿੰਦੇ ਹੋਣਗੇ ਇਹ ਲੋਕ? ਕੀ ਹੈ ਇਨ੍ਹਾਂ ਦੀ ਜ਼ਿੰਦਗੀ? ਕੀ ਮਿiਲ਼ਆ ਇਨ੍ਹਾਂ ਨੂੰ ਅਜ਼ਾਦੀ ਤੋਂ? ਹਿੰਦੁਸਤਾਨ ਦੀ ਹਾਲਤ ਤਾਂ ਹੋਰ ਵੀ ਖ਼ਰਾਬ ਹੁੰਦੀ ਜਾ ਰਹੀ ਹੈ।’
****
ਬਾਪੂ ਅੜਬ ਸੁਭਾਅ ਦਾ ਸੀ। ਜਿਹੜੀ ਗੱਲ ‘ਤੇ ਅੜ ਜਾਂਦਾ, ਉਹ ਕਰ ਕੇ ਹਟਦਾ। ਪਿੰਡ ਦੇ ਲੋਕਾਂ ਨੂੰ ਵੀ ਇਸ ਦਾ ਪੂਰਾ ਗਿਆਨ ਸੀ। ਇਸੇ ਕਰ ਕੇ ਕੋਈ ਉਸ ਨਾਲ਼ ਲੜਾਈ-ਝਗੜਾ ਘੱਟ ਹੀ ਕਰਦਾ। ਇਕ ਵਾਰੀ ਮਾਮੇ ਨੇ ਹਾਸੇ-ਹਾਸੇ ਵਿਚ ਬਾਪੂ ਨੂੰ ਕੋਈ ਗੱਲ ਆਖ ਦਿੱਤੀ ਅਤੇ ਬਾਪੂ ਨੇ ਤਿੰਨ ਸਾਲ ਆਪਣੇ ਘਰ ਨਹੀਂ ਸੀ ਵੜਨ ਦਿੱਤਾ। ਮਸਾਂ ਮੇਰੀ ਮਾਂ ਦੀਆਂ ਮਿੰਨਤਾਂ ਸੁਣ ਕੇ ਅਤੇ ਕੁਝ ਹੋਰ ਰਿਸ਼ਤੇਦਾਰਾਂ ਦੇ ਕਹਿਣ ‘ਤੇ ਉਸ ਨੇ ਮਾਮੇ ਨੂੰ ਘਰ ਵੜਨ ਦਿੱਤਾ ਸੀ। ਕੈਨੇਡਾ ਆ ਕੇ ਜਦੋਂ ਮੈਂ ਕੇਸ ਕਟਾ ਦਿੱਤੇ ਤਾਂ ਬਾਪੂ ਨੂੰ ਇਕ ਦੋਸਤ ਤੋਂ ਇਸ ਦਾ ਪਤਾ ਲੱਗ ਗਿਆ ਸੀ। ਬਾਪੂ ਅੰਮ੍ਰਿਤਧਾਰੀ ਸਿੱਖ ਸੀ, ਸਵੇਰੇ ਸ਼ਾਮ ਪਾਠ ਕਰਦਾ ਹੁੰਦਾ ਅਤੇ ਹਰ ਹਫ਼ਤੇ ਕਈ ਵਾਰੀ ਗੁਰਦਵਾਰੇ ਵੀ ਜਾਂਦਾ ਸੀ। ਮੇਰੀ ਮਾਂ ਨੇ ਦੱਸਿਆ ਕਿ ਜਦੋਂ ਬਾਪੂ ਨੂੰ ਮੇਰੇ ਕੇਸ ਕਟਾਉਣ ਦਾ ਪਤਾ ਲੱਗਾ ਤਾਂ ਉਹ ਬਹੁਤ ਦੁਖੀ ਹੋਇਆ ਸੀ। ਕਈ ਮਹੀਨੇ ਮੇਰੀ ਮਾਂ ਨੂੰ ਮੇਰੇ ਬਾਰੇ ਗੱਲ ਵੀ ਨਹੀਂ ਸੀ ਕਰਨ ਦਿੱਤੀ। ਬਾਪੂ ਪੁਰਾਣੇ ਖ਼ਿਆਲਾਂ ਦਾ ਸੀ। ਮੇਰੀ ਭੈਣ ਨੂੰ ਮਿਲ਼ਣ ਜਾਂਦਾ ਤਾਂ ਉਨ੍ਹਾਂ ਦੇ ਘਰ ਕਦੇ ਰਾਤ ਨਾ ਰਹਿੰਦਾ। ਸਵੇਰੇ ਜਾਂਦਾ, ਸ਼ਾਮ ਤੱਕ ਘਰ ਆ ਜਾਂਦਾ। ਮਾਂ ਕਦੇ ਵੀ ਬਾਪੂ ਦੇ ਅੱਗੇ ਨਹੀਂ ਸੀ ਬੋਲ ਸਕਦੀ। ਕਦੇ ਮਾਂ ਨੇ ਬਾਪੂ ਨਾਲ਼ ਕੋਈ ਗੱਲ ਕਰਨੀ ਹੁੰਦੀ ਤਾਂ ਉਹ ਮਸਾਂ ਡਰ-ਡਰ ਕੇ ਹੌਲ਼ੀ-ਹੌਲ਼ੀ ਗੱਲ ਕਰਦੀ।
****
ਕੈਨੇਡਾ ਵਿਚ ਦਫ਼ਤਰ ਦੀ ਨੌਕਰੀ ਤੋਂ ਛੇਤੀ ਬਾਅਦ ਹੀ ਉਥੇ ਕੰਮ ਕਰਨ ਵਾਲ਼ੀ ਇਕ ਗੋਰੀ ‘ਡੈਨੀ’ ਨਾਲ਼ ਮੇਰੀ ਦੋਸਤੀ ਹੋ ਗਈ। ਡੈਨੀ ਜਿੰਨੀ ਸੋਹਣੀ ਸੀ, ਸੁਭਾਅ ਦੀ ਉਸ ਤੋਂ ਵੀ ਜ਼ਿਆਦਾ ਚੰਗੀ। ਬਹੁਤ ਹੀ ਪਿਆਰ ਨਾਲ ‘ਹੈਲੋ ਹੈਰੀ, ਹਉ ਆਰ ਯੂ’ ਕਹਿੰਦੀ ਅਤੇ ਪਿਆਰ ਨਾਲ਼ ਹਾਲ-ਚਾਲ ਪੁੱਛਦੀ। ਜਾਣ ਲੱਗੀ ਮੁਸਕਰਾਉਂਦੀ ਹੋਈ ਮੇਰੇ ਮੋਢੇ ‘ਤੇ ਪਿਆਰ ਨਾਲ ਧੱਫਾ ਜਿਹਾ ਮਾਰ ਜਾਂਦੀ। ਕੁਝ ਮਹੀਨਿਆਂ ਬਾਅਦ ਹੀ ਅਸੀਂ ਇਕੱਠੇ ਕੌਫ਼ੀ ਪੀਣ ਜਾਣ ਲੱਗ ਪਏ। ਫਿਰ ਇਕ ਦਿਨ ਡੈਨੀ ਕਹਿਣ ਲੱਗੀ, ‘ਹੈਰੀ, ਕੀ ਤੂੰ ਕੱਲ੍ਹ ਨੂੰ ਡਿਨਰ ‘ਤੇ ਮੇਰੇ ਨਾਲ਼ ਜਾਣਾ ਪਸੰਦ ਕਰੇਂਗਾ?’ ਮੈਂ ਕਿਹਾ, ‘ਡੈਨੀ, ਬਹੁਤ ਖ਼ੁਸ਼ੀ ਹੋਵੇਗੀ ਤੇਰੇ ਨਾਲ਼ ਡਿਨਰ ਕਰ ਕੇ।’ ਉਸ ਰਾਤ ਮੈਨੂੰ ਮਸਾਂ ਦੋ ਕੁ ਘੰਟੇ ਹੀ ਨੀਂਦ ਆਈ। ਸਾਰੀ ਰਾਤ ਡੈਨੀ ਬਾਰੇ ਸੋਚਦਾ ਰਿਹਾ ਕਿ ਉਸ ਦਾ ਮੈਨੂੰ ਡਿਨਰ ਲਈ ਸੱਦਾ ਦੇਣ ਦਾ ਕੀ ਕਾਰਨ ਹੋਵੇਗਾ; ਕੀ ਉਹ ਮੈਨੂੰ ਪਸੰਦ ਕਰਦੀ ਹੈ; ਜੇ ਇਹ ਸੱਚ ਹੈ ਤਾਂ ਮੈਨੂੰ ਕੀ ਕਰਨਾ ਚਾਹੀਦਾ; ਜੇ ਉਸ ਨਾਲ਼ ਪਿਆਰ ਹੋ ਗਿਆ ਤਾਂ ਕੀ ਇਹ ਵਿਆਹ ਵਿਚ ਬਦਲਣਾ ਚਾਹੀਦਾ; ਉਸ ਨਾਲ਼ ਜ਼ਿੰਦਗੀ ਕਿਹੋ ਜਿਹੀ ਹੋਵੇਗੀ; ਵੱਖਰੀਆਂ ਸਭਿਅਤਾਵਾਂ ਅਤੇ ਸੰਸਕ੍ਰਿਤੀਆਂ ਵਿਚ ਪਲ਼ੇ ਕੀ ਅਸੀਂ ਦੋਵੇਂ ਸ਼ਾਂਤੀ ਅਤੇ ਪਿਆਰ ਨਾਲ਼ ਰਹਿ ਸਕਾਂਗੇ? ਅਤੇ ਕਈ ਹੋਰ ਸਵਾਲ ਵੀ ਮਨ ਵਿਚ ਆਏ। ਫਿਰ ਸੋਚਿਆ ਕਿ ਗੱਲ ਸ਼ੁਰੂ ਵੀ ਨਹੀਂ ਹੋਈ ਤੇ ਮੈਂ ਪਹਿਲਾਂ ਹੀ ਦੂਰ ਦੀਆਂ ਸੋਚਾਂ ਵਿਚ ਪੈ ਗਿਆਂ। ਆਪਣੇ-ਆਪ ‘ਤੇ ਹਾਸਾ ਵੀ ਆਇਆ। ਸੋਚਦਿਆਂ-ਸੋਚਦਿਆਂ ਕਿਤੇ ਤੜਕੇ ਜਾ ਕੇ ਨੀਂਦ ਆਈ। ਦੋ ਕੁ ਘੰਟਿਆਂ ਬਾਅਦ ਅਲਾਰਮ ਨੇ ਜਗ੍ਹਾ ਦਿੱਤਾ। ਉਸ ਸ਼ਾਮ ਡੈਨੀ ਅਤੇ ਮੈਂ ਉਸ ਦੇ ਮਨ-ਪਸੰਦ ਰੈਸਟੋਰੈਂਟ ਵਿਚ ਡਿਨਰ ‘ਤੇ ਗਏ। ਡਿਨਰ ਕਰਦਿਆਂ ਅਸੀਂ ਚਾਰ ਘੰਟੇ ਰੈਸਟੋਰੈਂਟ ਵਿਚ ਬੈਠੇ ਗੱਲਾਂ ਕਰਦੇ ਰਹੇ। ਡਿਨਰ ਤਾਂ ਇਕ ਬਹਾਨਾ ਸੀ, ਗੱਲਾਂ ਕਰਨਾ ਅਤੇ ਇਕ ਦੂਜੇ ਬਾਰੇ ਜਾਨਣਾ ਹੀ ਖ਼ਾਸ ਮਕਸਦ ਸੀ। ਵੱਖਰੇ ਹੋਣ ਤੋਂ ਪਹਿਲਾਂ ਡੈਨੀ ਨੇ ਮੈਨੂੰ ਬਾਂਹਾਂ ਵਿਚ ਘੁੱਟਦਿਆਂ ਮੇਰੀ ਗੱਲ੍ਹ ਤੇ ਚੁੰਮਦਿਆਂ ਕਿਹਾ, ‘ਹੈਰੀ, ਆਈ ਲਵ ਯੂ ਵੈਰੀ ਮੱਚ।’ ਮੈਂ ਬਗ਼ੈਰ ਕੁਝ ਸੋਚਿਆਂ ਹੀ ਕਹਿ ਗਿਆ ਸੀ, ‘ਆਈ ਟੂ ਲਵ ਯੂ ਵੈਰੀ ਮੱਚ।’ ਡੈਨੀ ਨੇ ਗਲਵੱਕੜੀ ਢਿੱਲੀ ਕਰਦਿਆਂ ਮੇਰੀਆਂ ਅੱਖਾਂ ਵਿਚ ਅੱਖਾਂ ਪਾ ਕੇ ਪੁੱਛਿਆ, ‘ਰਿਅਲੀ?’ ‘ਯੈੱਸ।’ ਉਸ ਨੇ ਮੁੜ ਮੈਨੂੰ ਆਪਣੀਆਂ ਬਾਂਹਾਂ ਵਿਚ ਘੁੱਟ ਲਿਆ ਸੀ। ਘਰ ਆ ਕੇ ਉਸ ਰਾਤ ਮੈਂ ਸੋਚਦਾ ਰਿਹਾ ਕਿ ਮੈਂ ਇੰਨੀ ਛੇਤੀ ਕਿਉਂ ਉਸ ਨੂੰ ਇਸ ਤਰ੍ਹਾਂ ਕਹਿ ਦਿੱਤਾ। ਪਿਆਰ ਤਾਂ ਇਕ ਬਹੁਤ ਡੂੰਘੀ ਅਤੇ ਗੁੰਝਲਦਾਰ ਗੱਲ ਹੈ। ਇਸ ਦਾ ਨਿਰਨਾ ਇੰਨੀ ਛੇਤੀ ਮੈਂ ਕਿਵੇਂ ਕਰ ਲਿਆ? ਮੈਂ ਸਾਰੀ ਰਾਤ ਸੋਚਦਾ ਰਿਹਾ ਕਿ ਕੀ ਇਹ ਮੇਰਾ ਉਸ ਦੇ ਪ੍ਰਤੀ ਪਿਆਰ ਜਾਂ ਹਵਸ ਸੀ। ਕੀ ਮੈਂ ਉਸ ਦੇ ਚੰਗੇ ਸੁਭਾਅ ਕਰ ਕੇ ਅਤੇ ਚੰਗੀਆਂ ਆਦਤਾਂ ਕਰ ਕੇ ਉਸ ਨੂੰ ਪਿਆਰ ਕਰਦਾਂ ਜਾਂ ਉਸ ਦੀ ਖ਼ੂਬਸੂਰਤੀ ਕਾਰਨ ਉਸ ਦੇ ਸੁਹੱਪਣ ਨੂੰ ਮਾਨਣ ਦੀ ਇਕ ਖਿੱਚ ਹੀ ਸੀ। ਮੈਂ ਕੁਝ ਵੀ ਫ਼ੈਸਲਾ ਨਾ ਕਰ ਸਕਿਆ। ਬੱਸ ਇਸੇ ਕਸ਼ਮਕਸ਼ ਵਿਚ ਸਾਰੀ ਰਾਤ ਲੰਘ ਗਈ। ਕਦੇ ਕੁਝ ਪਲ ਨੀਂਦ ਆ ਜਾਂਦੀ ਅਤੇ ਕਦੇ ਜਾਗ ਆ ਜਾਂਦੀ।
ਡਿਨਰ ਤੋਂ ਛੇਤੀ ਬਾਅਦ ਹੀ ਡੈਨੀ ਮੈਨੂੰ ਆਪਣੇ ਮਾਂ-ਪਿਉ ਦੇ ਘਰ ਲੈ ਗਈ, ਜਿੱਥੇ ਮੈਂ ਸਾਰਾ ਵੀਕਐਂਡ ਉਨ੍ਹਾਂ ਨਾਲ ਬਿਤਾਇਆ। ਉਸ ਨੇ ਆਪਣੇ ਮਾਂ-ਪਿਉ ਨਾਲ਼ ਸਾਰੀ ਗੱਲ ਪਹਿਲਾਂ ਹੀ ਕਰ ਲਈ ਸੀ ਅਤੇ ਉਨ੍ਹਾਂ ਕਿਹਾ ਕਿ ਡੈਨੀ ਦੀ ਖ਼ੁਸ਼ੀ ਵਿਚ ਹੀ ਉਨ੍ਹਾਂ ਦੀ ਖ਼ੁਸ਼ੀ ਹੈ। ਮੈਂ ਭੈਣ ਨੂੰ ਖ਼ਤ ਲਿਖਿਆ ਕਿ ਉਹ ਮਾਂ-ਬਾਪੂ ਨਾਲ ਗੱਲ ਕਰੇ ਕਿ ਮੈਂ ਡੈਨੀ ਨਾਲ਼ ਸ਼ਾਦੀ ਕਰਨੀ ਚਾਹੁੰਦਾ ਹਾਂ। ਮਾਂ ਤਾਂ ਸੁਣ ਕੇ ਬਹੁਤ ਖ਼ੁਸ਼ ਹੋਈ ਪਰ ਬਾਪੂ ਇਸ ਵਿਆਹ ਦੇ ਹੱਕ ਵਿਚ ਨਹੀਂ ਸੀ। ਭੈਣ ਨੇ ਖ਼ਤ ਵਿਚ ਲਿਖਿਆ ਕਿ ਬਾਪੂ ਕਹਿੰਦੈ ਕਿ ਕੈਨੇਡਾ ਭੇਜ ਕੇ ਉਸ ਨੇ ਆਪਣਾ ਬੇਟਾ ਹੀ ਗੁਆ ਲਿਆ ਹੈ। ਬਾਪੂ ਅਨੁਸਾਰ ਮੈਨੂੰ ਆਪਣਾ ਪੰਜਾਬੀ ਵਿਰਸਾ ਭੁੱਲ ਗਿਆ ਸੀ, ਅਤੇ ਮੈਂ ਨਾ ਘਰ ਦਾ ਰਹਿਣਾ ਸੀ ਅਤੇ ਨਾ ਘਾਟ ਦਾ।
ਹੌਲ਼ੀ-ਹੌਲ਼ੀ ਮੇਰੇ ਅਤੇ ਡੈਨੀ ਦੇ ਪਿਆਰ ਦੀ ਗੰਢ ਇੰਨੀ ਪੀਡੀ ਹੋ ਗਈ ਕਿ ਸਾਲ ਕੁ ਬਾਅਦ ਹੀ ਮੈਂ ਅਤੇ ਡੈਨੀ ਨੇ ਸ਼ਾਦੀ ਕਰਨ ਦਾ ਫ਼ੈਸਲਾ ਕਰ ਲਿਆ। ਦੋ ਬੱਚੇ ਹੋਣ ਤੋਂ ਬਾਅਦ ਵੀ ਸਾਡਾ ਪਿਆਰ ਉਸੇ ਤਰ੍ਹਾਂ ਹੈ ਜਿਵੇਂ ਸ਼ੁਰੂ ਵਿਚ ਸੀ। ਅੱਜ ਵੀ ਡੈਨੀ ਮੇਰਾ ਉਸੇ ਤਰ੍ਹਾਂ ਖ਼ਿਆਲ ਰੱਖਦੀ ਹੈ ਜਿਵੇਂ ਸ਼ੁਰੂ ਵਿਚ ਅਤੇ ਮੈਂ ਵੀ ਉਸੇ ਤਰ੍ਹਾਂ ਉਸ ਦਾ ਖ਼ਿਆਲ ਰੱਖਦਾ ਹਾਂ। ਮੈਂ ਆਪਣੇ ਆਪ ਨੂੰ ਖ਼ੁਸ਼ਕਿਸਮਤ ਸਮਝਦਾਂ, ਸ਼ਾਇਦ ਇਸ ਤੋਂ ਵਧੀਆ ਪਤਨੀ ਨਾ ਮਿਲ਼ ਸਕਦੀ।
****
ਜਦੋਂ ਮੈਂ ਡੈਨੀ ਨਾਲ ਵਿਆਹ ਦੀਆਂ ਕੁਝ ਫ਼ੋਟੋ ਘਰ ਭੇਜੀਆਂ ਤਾਂ ਮਾਂ ਨੇ ਦੱਸਿਆ ਕਿ ਬਾਪੂ ਨੇ ਓਪਰੀ ਨਜ਼ਰ ਨਾਲ ਫ਼ੋਟੋ ਦੇਖ ਕੇ ਪਰੇ ਕਰ ਦਿੱਤੀਆਂ ਸਨ। ਮਾਂ ਨੇ ਉਹ ਫ਼ੋਟੋ ਸਾਰੇ ਗੁਆਂਢ ਵਿਚ ਦਿਖਾਈਆਂ ਸਨ। ਮਾਂ ਨੇ ਦੱਸਿਆ ਕਿ ਬਾਪੂ ਨੇ ਮੇਰਾ ਵਿਆਹ ਆਪਣੀ ਮਰਜ਼ੀ ਨਾਲ ਪੰਜਾਬ ਵਿਚ ਕਿਸੇ ਵੱਡੇ ਘਰ ਕਰਨਾ ਸੀ ਅਤੇ ਉਸ ਨੇ ਮੇਰੇ ਵਿਆਹ ਵਿਚ ਤੁਰ੍ਹਲੇ ਵਾਲ਼ੀ ਗੁਲਾਬੀ ਪੱਗ ਬੰਨ੍ਹ ਕੇ ਜਾਣਾ ਸੀ ਅਤੇ ਕਾਰਾਂ ਉμਤੋਂ ਢੇਰਾਂ ਦੇ ਢੇਰ ਪੈਸੇ ਵਾਰਨੇ ਸਨ, ਚੰਗੇ-ਚੰਗੇ ਗਾਇਕ ਸੱਦ ਕੇ ਪਿੰਡ ਵਿਚ ਅਖਾੜਾ ਲਾਉਣਾ ਸੀ, ਪਰ ਉਸ ਦੇ ਇਹ ਸਾਰੇ ਚਾਅ ਮਿੱਟੀ ਵਿਚ ਹੀ ਰੁਲ਼ ਗਏ ਸਨ।
ਬਾਪੂ ਨੂੰ ਤੁਰ੍ਹਲੇ ਵਾਲ਼ੀ ਪੱਗ ਨਾਲ਼ ਬਹੁਤ ਪਿਆਰ ਸੀ ਪਰ ਉਹ ਸਿਰਫ਼ ਖ਼ਾਸ ਮੌਕਿਆਂ ‘ਤੇ ਹੀ ਬੰਨ੍ਹਦਾ ਸੀ। ਉਹ ਹਮੇਸ਼ਾ ਹੀ ਵੱਖਰੇ-ਵੱਖਰੇ ਤਿੰਨ ਰੰਗਾਂ ਦੀਆਂ ਪੱਗਾਂ ਨੂੰ ਖ਼ੂਬ ਮਾਵਾ ਲਾ ਕੇ ਤੁਰ੍ਹਲੇ ਵਾਲ਼ੀਆਂ ਬੰਨ੍ਹ ਕੇ ਆਪਣੇ ਬੈੱਡ ਰੂਮ ਵਿਚ ਕਿਲੀਆਂ ‘ਤੇ ਟੰਗ ਕੇ ਰੱਖਦਾ। ਜਦੋਂ ਕਿਸੇ ਕੰਮ ਠਾਣੇ ਜਾਂ ਕਚਹਿਰੀ ਜਾਣਾ ਹੁੰਦਾ ਤਾਂ ਉਹ ਲੰਬੜਦਾਰ ਬਣ ਕੇ ਤੁਰ੍ਹਲੇ ਵਾਲ਼ੀ ਚਿੱਟੀ ਪੱਗ ਬੰਨ੍ਹ ਕੇ ਜਾਂਦਾ। ਜੇ ਕਿਸੇ ਖ਼ਾਸ ਰਿਸ਼ਤੇਦਾਰ ਦੇ ਮਿਲ਼ਣ ਜਾਣਾ ਹੁੰਦਾ ਤਾਂ ਉਹ ਹਮੇਸ਼ਾ ਨੀਲੀ ਤੁਰ੍ਹਲੇ ਵਾਲ਼ੀ ਪੱਗ ਬੰਨ੍ਹਦਾ। ਕਿਸੇ ਦੇ ਵਿਆਹ ਸ਼ਾਦੀ ‘ਤੇ ਬਾਪੂ ਕਦੇ ਵੀ ਤੁਰ੍ਹਲੇ ਵਾਲ਼ੀ ਗੁਲਾਬੀ ਪੱਗ ਬੰਨ੍ਹਣ ਤੋਂ ਬਗ਼ੈਰ ਨਹੀਂ ਸੀ ਜਾਂਦਾ। ਜਦੋਂ ਉਹ ਲੰਬੜਦਾਰੀ ਦੇ ਪੈਸੇ ਵਸੂਲਣ ਜਾਂਦਾ ਤਾਂ ਹਮੇਸ਼ਾ ਹੀ ਤੁਰ੍ਹਲੇ ਵਾਲ਼ੀ ਨੀਲੀ ਪੱਗ ਬੰਨ੍ਹ ਕੇ ਜਾਂਦਾ।
ਜਦੋਂ ਮੈਂ ਪਹਿਲੀ ਵਾਰੀ ਕੈਨੇਡਾ ਤੋਂ ਗਿਆ ਤਾਂ ਇਕ ਦਿਨ ਸਵੇਰੇ ਹੀ ਬਾਪੂ ਤੁਰ੍ਹਲੇ ਵਾਲ਼ੀ ਗੁਲਾਬੀ ਪੱਗ ਬੰਨ੍ਹ ਕੇ ਆਪਣੇ ਮੋਟਰਸਾਈਕਲ ‘ਤੇ ਕਿਧਰੇ ਚਲੇ ਗਿਆ। ਮੈਂ ਮਾਂ ਨੂੰ ਪੁੱਛਿਆ, ਬਾਪੂ ਕਿੱਥੇ ਗਿਆ।
‘ਆਪਣੀ ਰੇਸ਼ਮਾ ਨੂੰ ਮਿਲ਼ਣ ਗਿਆ ਹੋਊ। ਗੁਲਾਬੀ ਪੱਗ ਬੰਨ੍ਹ ਕੇ ਤਾਂ ਉਸੇ ਨੂੰ ਮਿਲ਼ਣ ਜਾਂਦਾ।’ ਮਾਂ ਦਾ ਜਵਾਬ ਸੀ।
‘ਆਪਣੀ ਰੇਸ਼ਮਾ? ਉਹ ਕੌਣ?’
‘ਕਾਕਾ ਛੱਡ ਪਰੇ, ਤੈਂ ਕੀ ਲੈਣਾ।’
‘ਨਹੀਂ ਮਾਂ ਫਿਰ ਵੀ ਕੌਣ ਐ ਰੇਸ਼ਮਾ?’
‘ਵਿਚਾਰੀ ਕਰਮਾਂ ਦੀ ਮਾਰੀ ਆਪਣੇ ਨਾਲ਼ ਵਾਲ਼ੇ ਸ਼ਹਿਰ ਰਹਿੰਦੀ ਐ। ਉਹਦਾ ਆਦਮੀ ਮਰ ਗਿਆ ਬਹੁਤ ਦੇਰ ਹੋ ਗਈ। ਕੋਈ ਨਿਆਣਾ ਨਿੱਕਾ ਨਹੀਂ। ਕੱਲੀ ਰਹਿੰਦੀ ਐ। ਸੁਣਿਆਂ ਉਹਦਾ ਗੁਜਾਰਾ ਤੇਰੇ ਬਾਪੂ ਸਿਰੋਂ ਈ ਚਲਦੈ ਕਈ ਸਾਲਾਂ ਤੋਂ।’
‘ਮਾਂ ਤੂੰ ਕਦੇ ਰੋਕਿਆ ਨੀ ਬਾਪੂ ਨੂੰ?’
‘ਕਾਕਾ ਮੇਰੀ ਕਦੋਂ ਸੁਣਦੈ ਤੇਰਾ ਬਾਪੂ? ਸਾਰੇ ਪਿੰਡ ਨੂੰ ਪਤਾ। ਇਹਦੇ ਕਈ ਦੋਸਤ ਕਹਿ-ਕਹਿ ਥੱਕ ਗਏ ਪਰ ਇਹ ਕਿੱਥੋਂ ਹਟਦਾ। ਇਹ ਕਿਹੜੀ ਇਹਦੀ ਪਹਿਲੀ ਰੇਸ਼ਮਾ ਐ।’
ਮਾਂ ਨੇ ਆਪਣੀ ਚੁੰਨੀ ਦੇ ਲੜ ਨਾਲ਼ ਆਪਣੀਆਂ ਅੱਖਾਂ ਦੇ ਅੱਥਰੂ ਪੂੰਝੇ। ਮੈਂ ਹੋਰ ਕੁਝ ਪੁੱਛਣਾ ਠੀਕ ਨਾ ਸਮਝਿਆ ਅਤੇ ਉਸ ਕੋਲੋਂ ਉμਠ ਕੇ ਬਾਹਰ ਨੂੰ ਤੁਰ ਗਿਆ।
****
ਜਦੋਂ ਦਾ ਮੈਂ ਹਿੰਦੁਸਤਾਨ ਛੱਡਿਆ ਸੀ, ਪਹਿਲੀ ਵਾਰੀ ਵਾਪਸ ਜਾਣ ਨੂੰ ਕਈ ਸਾਲ ਲੱਗ ਗਏ ਸਨ। ਉਸ ਤੋਂ ਬਾਅਦ ਵੀ ਮੇਰਾ ਚੱਕਰ ਦੋ ਕੁ ਵਾਰੀ ਹੀ ਲੱਗਾ ਹੈ। ਇਕ ਵਾਰੀ ਤਾਂ ਡੈਨੀ ਅਤੇ ਬੱਚਿਆਂ ਨੂੰ ਵੀ ਨਾਲ਼ ਲੈ ਕੇ ਗਿਆ। ਫ਼ੋਨਾਂ ਦਾ ਸਿਲਸਿਲਾ ਸ਼ੁਰੂ ਹੋਣ ਤੋਂ ਪਹਿਲਾਂ ਤਾਂ ਮਾਂ ਸਾਰੇ ਪਿੰਡ ਦੀਆਂ ਖ਼ਬਰਾਂ ਚਿੱਠੀ ਰਾਹੀਂ ਲਿਖ ਦਿੰਦੀ ਸੀ ਪਰ ਜਦੋਂ ਫ਼ੋਨ ਆਮ ਹੋ ਗਏ ਤਾਂ ਮੈਂ ਉਸ ਨੂੰ ਹਰ ਹਫ਼ਤੇ ਫ਼ੋਨ ਕਰ ਲੈਂਦਾ| ਸਾਰੇ ਰਿਸ਼ਤੇਦਾਰਾਂ ਅਤੇ ਪਿੰਡ ਦੀਆਂ ਖ਼ਬਰਾਂ ਦੱਸ ਦਿੰਦੀ। ਹਰ ਵਾਰੀ ਮਾਂ ਦੱਸਦੀ ਕਿ ਪਿੰਡ ਵਿਚ ਕਿਨ੍ਹਾਂ-ਕਿਨ੍ਹਾਂ ਦੇ ਬੱਚੇ ਬਾਹਰਲੇ ਮੁਲਕਾਂ ਨੂੰ ਚਲੇ ਗਏ ਸਨ, ਕਿਸ ਬਜ਼ੁਰਗ ਦੀ ਮੌਤ ਹੋ ਗਈ ਸੀ, ਕਿਸ ਦੇ ਮੁੰਡੇ ਜਾਂ ਕੁੜੀ ਦਾ ਵਿਆਹ ਹੋ ਗਿਆ ਸੀ, ਅਤੇ ਕਿਸ ਦੇ ਘਰ ਨਵਾਂ ਬੱਚਾ ਜੰਮਿਆਂ ਸੀ। ਮਾਂ ਤੋਂ ਸਭ ਖ਼ਬਰਾਂ ਲੈ ਕੇ ਇੰਜ ਲਗਦਾ, ਜਿਵੇਂ ਮੈਂ ਪਿੰਡ ਦਾ ਚੱਕਰ ਲਾ ਲਿਆ ਹੋਵੇ। ਆਮ ਤੌਰ ਤੇ ਮਾਂ ਮੈਨੂੰ ਬੇਟਾ ਜਾਂ ਪੁੱਤ ਕਹਿ ਕੇ ਹੀ ਬੁਲਾਉਂਦੀ, ਨਾਂ ਤਾਂ ਕਦੇ-ਕਦੇ ਹੀ ਲੈਂਦੀ।
‘ਪੁੱਤ, ਆਪਣੇ ਪਿੰਡ ਵਾਲ਼ੇ ਸਾਧੂ ਨੇ ਕੁਝ ਖਾ ਲਿਆ। ਵਿਚਾਰੇ ਸਿਰ ਬਹੁਤ ਕਰਜਾ ਸੀ ਜਦੋਂ ਦੀ ਧੀ ਵਿਆਹੀ ਸੀ। ਆਮਦਨ ਤਾਂ ਥੋੜ੍ਹੀ ਹੀ ਸੀ। ਪਰ ਬਹੁਤ ਲੋਹੜਾ ਹੋਇਆ। ਹਾਲੇ ਦੋ ਕੁੜੀਆਂ ਵਿਆਹੁਣ ਵਾਲ਼ੀਆਂ। ਰਤਨੀ ਨੂੰ ਰੋਂਦਿਆਂ ਦੇਖ ਨੀ ਹੁੰਦਾ।’ ਕੁਝ ਸਾਲ ਪਹਿਲਾਂ ਮਾਂ ਤੋਂ ਇਹ ਖ਼ਬਰ ਸੁਣ ਕੇ ਮਨ ਬਹੁਤ ਉਦਾਸ ਹੋਇਆ ਸੀ। ਸਾਧੂ ਸਿੰਘ ਬਹੁਤ ਹੀ ਸਾਊ ਇਨਸਾਨ ਸੀ। ਸਾਰਾ ਦਿਨ ਖੇਤਾਂ ਵਿਚ ਮਿਹਨਤ ਕਰਦਾ ਪਰ ਜ਼ਮੀਨ ਥੋੜ੍ਹੀ ਹੋਣ ਕਾਰਨ ਆਮਦਨ ਬਹੁਤੀ ਨਹੀਂ ਸੀ।
‘ਬੇਟਾ, ਆਪਣੇ ਪਿੰਡ ਵਾਲੇ ਭਜਨ ਦਾ ਵੱਡਾ ਮੁੰਡਾ ਤਿੰਨ ਦਿਨ ਹੋਏ ਮੁੱਕ ਗਿਆ। ਐਹ ਖ਼ਸਮਾ ਨੂੰ ਖਾਣੇ ਨਸ਼ੇ ਲੈ ਬੈਠੇ।’ ‘ਸੁਣਿਆਂ ਭਜਨ ਦਾ ਛੋਟਾ ਮੁੰਡਾ ਵੀ ਨਸ਼ੇ ਕਰਦਾ। ਸੁੱਕ ਕੇ ਤੀਲੀ ਵਰਗਾ ਹੋਇਆ ਪਿਆ। ਕੀ ਦੱਸਾਂ, ਸਾਰਾ ਪਿੰਡ ਹੀ ਨਸ਼ਿਆਂ ਨੇ ਘੇਰ ਲਿਆ ਲਗਦਾ। ਸਾਰੇ ਨਿਆਣੇ ਨਸ਼ਿਆਂ ‘ਚ ਲੱਗੇ ਪਏ ਆ। ਪਤਾ ਨੀ ਕੀ ਮਿਲ਼ਦਾ ਨਸ਼ਿਆਂ ‘ਚੋਂ ਇਨ੍ਹਾਂ ਨੂੰ। ਕਈ ਮੁੰਡੇ ਮੁੱਕੇ ਆ ਨਸ਼ਿਆਂ ਨਾਲ ਹੀ ਪਿਛਲੇ ਕਈ ਸਾਲਾਂ ਵਿਚ। ਪਰ ਨਿਆਣੇ ਫੇਰ ਵੀ ਅਕਲ ਨੀ ਕਰਦੇ।’ ਮਾਂ ਦੀਆਂ ਇਹੋ ਜਿਹੀਆਂ ਭੈੜੀਆਂ ਖ਼ਬਰਾਂ ਸੁਣ ਮਨ ਬਹੁਤ ਉਦਾਸ ਹੋ ਜਾਂਦਾ ਸੀ।
‘ਪੁੱਤ, ਆਪਣੇ ਪਿੰਡ ਵਾਲੇ ਹਰੀ ਸਿੰਘ ਦੀ ਕੁੜੀ ਇਕ ਲਾਲਿਆਂ ਦੇ ਮੁੰਡੇ ਨਾਲ਼ ਨਿੱਕਲ਼ ਗਈ। ਕਾਲਜ ਵਿਚ ਪੜ੍ਹਦੀ ਦੀ ਗੱਲ ਹੋ ਗਈ ਸੀ।’ ਇਕ ਵਾਰੀ ਮਾਂ ਨੇ ਦੱਸਿਆ ਸੀ।
‘ਮਾਂ, ਉਹਦੇ ਮਾਂ-ਪਿਓ ਨੇ ਆਪ ਵਿਆਹ ਕਿਉਂ ਨਾ ਕਰ ਦਿੱਤਾ?’
‘ਲੈ ਤੂੰ ਵੀ ਓਹੀ ਗੱਲਾਂ ਕਰਦਾਂ। ਜੱਟਾਂ ਦੀ ਕੁੜੀ ਦਾ ਭਲਾ ਲਾਲਿਆਂ ਦੇ ਮੁੰਡੇ ਨਾਲ਼ ਵਿਆਹ ਕਰ ਕੇ ਆਪਣਾ ਨੱਕ ਵਢਾਉਣਾ ਸੀ?’
‘ਪਰ ਹੁਣ ਵੀ ਤਾਂ ਨੱਕ ਵੱਢਿਆ ਹੀ ਗਿਆ।’ ਮੈਂ ਉμਚੀ-ਉμਚੀ ਹੱਸ ਕੇ ਕਿਹਾ ਸੀ।
‘ਤੈਨੂੰ ਤਾਂ ਬੱਸ ਹਾਸਾ ਹੀ ਆਉਂਦਾ ਕੰਜਰ ਨੂੰ।’ ਜਦੋਂ ਵੀ ਮੈਂ ਅਜਿਹੀ ਗੱਲ ਕਰਦਾ ਮਾਂ ਨੂੰ ਪਸੰਦ ਨਾ ਹੁੰਦੀ ਤਾਂ ਉਹ ਮੈਨੂੰ ਮਜ਼ਾਕ ਨਾਲ਼ ਕੰਜਰ ਕਹਿ ਦਿੰਦੀ।
‘ਬੇਟਾ, ਆ ਬੰਤ ਹੁਰਾਂ ਬਹੁਤ ਵੱਡੀ ਕੋਠੀ ਪਾਈ ਆ ਪਿੰਡ ਵਿਚ। ਪਤਾ ਨੀ ਲਗਦਾ ਕਿਤੇ ਕਮਰਿਆਂ ਦਾ। ਹਰ ਕਮਰੇ ਦੇ ਨਾਲ ਗੁਸਲਖਾਨਾ। ਕਹਿੰਦੇ ਕਰੋੜ ਤੋਂ ਉμਤੇ ਖ਼ਰਚ ਕੀਤਾ। ਤਿੰਨ ਮੰਜਲੀ ਐ। ਉμਪਰ ਸਿਖਰ ਜਹਾਜ ਵੀ ਬਣਾਇਆ।’ ਇਕ ਵਾਰੀ ਮਾਂ ਨੇ ਦੱਸਿਆ, ਬੰਤ ਦਾ ਪੂਰਾ ਨਾਂ ਗੁਰਬੰਤ ਸਿੰਘ ਸੀ ਪਰ ਉਸ ਨੂੰ ਸਾਰੇ ਬੰਤ ਹੀ ਕਹਿੰਦੇ ਸਨ।
‘ਇੰਨੇ ਪੈਸੇ ਕਿੱਥੋਂ ਆ ਗਏ ਉਨ੍ਹਾਂ ਕੋਲ਼?’ ਮੈਂ ਪੁੱਛਿਆ।
‘ਲੈ, ਵੱਡਾ ਮੁੰਡਾ ਪੁਲਸ ਵਿਚ ਵੱਡਾ ਅਫਸਰ ਲੱਗ ਗਿਆ। ਕਹਿੰਦੇ ਬਹੁਤ ਕਮਾਈ ਕਰਦਾ।’
‘ਪੁੱਤ, ਆ ਬਜੀਰਾਂ ਨੇ ਤਾਂ ਪੰਜਾਬ ਨੂੰ ਲੁੱਟ ਕੇ ਖਾ ਲਿਆ। ਕਹਿੰਦੇ ਇਨ੍ਹਾਂ ਕੋਲ਼ ਕੋਈ ਪੈਸੇ ਦਾ ਅੰਤ ਨੀ। ਕੰਮ ਕੋਈ ਕਰਦੇ ਨੀ। ਬੱਸ ਪੈਸੇ ਬਣਾਉਣ ਤੇ ਹੀ ਲੱਗੇ ਹੋਏ ਆ।’ ਇਕ ਵਾਰੀ ਇਹ ਕਹਿੰਦਿਆਂ ਮਾਂ ਨੇ ਸਾਰੇ ਸਿਆਸਤਦਾਨਾਂ ਨੂੰ ਵਜ਼ੀਰ ਬਣਾ ਦਿੱਤਾ ਸੀ। ਮੈਂ ਕਹਿਣਾ ਚਾਹੁੰਦਾ ਹੋਇਆ ਵੀ ਕੁਝ ਨਾ ਕਹਿ ਸਕਿਆ।
‘ਪੁੱਤ, ਆਹ ਬਿੱਲੀ ਦਾ ਜੁਆਨ ਮੁੰਡਾ ਕੁਝ ਦਿਨ ਪਹਿਲਾਂ ਮੋਟਰਸੈਕਲ ‘ਤੇ ਜਾਂਦਾ ਬੱਸ ਵਿਚ ਲੱਗ ਕੇ ਪੂਰਾ ਹੋ ਗਿਆ। ਇਹ ਬੱਸਾਂ-ਟਰੱਕਾਂ ਵਾਲ਼ੇ ਤਾਂ ਜਮਾਂ ਈ ਨੀ ਕਿਸੇ ਦਾ ਖਿਆਲ ਕਰਦੇ। ਨ੍ਹੇਰੀ ਆਈ ਪਈ ਐ ਇਨ੍ਹਾਂ ਨੂੰ। ਹੁਣ ਤਾਂ ਸ਼ਹਿਰ ਜਾਈਏ ਤਾਂ ਸੜਕ ਲੰਘਣੀ ਵੀ ਮੁਸ਼ਕਲ ਐ।’
ਇਸ ਤਰ੍ਹਾਂ ਮਾਂ ਹਰ ਵਾਰੀ ਮੈਨੂੰ ਪਿੰਡ ਦੀ ਅਤੇ ਪੰਜਾਬ ਦੀ ਕੋਈ ਨਾ ਕੋਈ ਖ਼ਬਰ ਦਿੰਦੀ ਰਹਿੰਦੀ। ਮੈਂ ਸੋਚਦਾਂ ਕਿ ਜ਼ਮਾਨਾ ਕਿੰਨਾ ਬਦਲ ਗਿਆ। ਸਾਰੀ ਦੁਨੀਆ ਛੋਟਾ ਜਿਹਾ ਪਿੰਡ ਬਣ ਗਈ ਹੈ। ਜਦੋਂ ਮੈਂ ਹਿੰਦੁਸਤਾਨ ਛੱਡਿਆ ਸੀ ਤਾਂ ਇਕ ਦੂਜੇ ਦੀ ਖ਼ਬਰ-ਸਾਰ ਚਿੱਠੀਆਂ ਰਾਹੀਂ ਹੀ ਮਿਲ਼ਦੀ ਸੀ। ਕਈ ਵਾਰੀ ਚਿੱਠੀ ਆਉਣ ਨੂੰ ਦੋ-ਦੋ ਮਹੀਨੇ ਲੱਗ ਜਾਣੇ। ਸਮਾਜਿਕ ਸੰਚਾਲਨ ਦੇ ਸਾਧਨ ਇੰਨੇ ਵਧੀਆ ਹੋ ਗਏ ਹਨ ਕਿ ਕੁਝ ਸਕਿੰਟਾਂ ਵਿਚ ਹੀ ਖ਼ਬਰ ਸਾਰੀ ਦੁਨੀਆ ਵਿਚ ਪਹੁੰਚ ਜਾਂਦੀ ਹੈ। ਸਾਡੇ ਬਜ਼ੁਰਗ ਜੋ ਸੌ-ਡੇਢ ਸੌ ਸਾਲ ਪਹਿਲਾਂ ਅਮਰੀਕਾ, ਕੈਨੇਡਾ, ਅਤੇ ਹੋਰ ਮੁਲਕਾਂ ਨੂੰ ਸਮੁੰਦਰੀ ਜਹਾਜ਼ਾਂ ਰਾਹੀਂ ਕਈ-ਕਈ ਮਹੀਨਿਆਂ ਦਾ ਸਫ਼ਰ ਕਰ ਕੇ ਗਏ ਸੀ, ਉਨ੍ਹਾਂ ਵਿਚੋਂ ਬਹੁਤੇ ਤਾਂ ਕਦੇ ਵੀ ਵਾਪਸ ਨਹੀਂ ਸੀ ਮੁੜ ਸਕੇ। ਕਈਆਂ ਦੀ ਤਾਂ ਮੁੜ ਕੇ ਕੋਈ ਖ਼ਬਰ-ਸਾਰ ਵੀ ਨਹੀਂ ਸੀ ਮਿਲ਼ੀ ਕਿ ਕਿੱਥੇ ਸਨ। ਹੁਣ ਤਾਂ ਜਾਣਾ-ਆਉਣਾ ਬੇਹੱਦ ਸੌਖਾ ਹੋ ਗਿਆ ਹੈ।
****
‘ਮੇਰੇ ਆਉਣ ਤੋਂ ਦਸ ਕੁ ਸਾਲਾਂ ਬਾਅਦ ਬਾਪੂ ਨੇ ਬਿਹਾਰ ਤੋਂ ਆਇਆ ਇਕ ਸੋਲ੍ਹਾਂ ਕੁ ਸਾਲਾਂ ਦਾ ਲੜਕਾ ਘਰ ਵਿਚ ਨੌਕਰ ਰੱਖ ਲਿਆ ਸੀ। ਉਸ ਦਾ ਨਾਂ ਦੇਵੀ ਪ੍ਰਸਾਦ ਸੀ। ਮਾਂ ਦੱਸਦੀ ਹੁੰਦੀ ਸੀ ਕਿ ਦੇਵੀ ਪ੍ਰਸਾਦ ਘਰ ਦਾ ਸਾਰਾ ਕੰਮ ਸੰਭਾਲ਼ੀ ਫਿਰਦੈ। ਪਸ਼ੂਆਂ ਦੀ ਦੇਖ ਭਾਲ਼, ਘਰ ਦੀ ਸਫ਼ਾਈ, ਜ਼ਮੀਨ ਦੀ ਦੇਖ ਭਾਲ਼, ਘਰ ਲਈ ਸੌਦਾ-ਪੱਤਾ ਖ਼ਰੀਦਣਾ, ਆਦਿ ਸਭ ਕੰਮ ਹੌਲ਼ੀ-ਹੌਲ਼ੀ ਥੋੜ੍ਹੇ ਚਿਰ ਵਿਚ ਹੀ ਦੇਵੀ ਪ੍ਰਸਾਦ ਨੇ ਸੰਭਾਲ਼ ਲਏ ਸਨ। ਮਾਂ ਨਾਲ਼ ਤਾਂ ਮੈਂ ਅਕਸਰ ਹੀ ਫ਼ੋਨ ‘ਤੇ ਗੱਲ ਕਰ ਲੈਂਦਾ ਪਰ ਬਾਪੂ ਤਾਂ ਮਸਾਂ ਕਈ ਮਹੀਨਿਆਂ ਬਾਅਦ ਹੀ ਮੇਰੇ ਨਾਲ਼ ਗੱਲ ਕਰਦਾ ਅਤੇ ਉਹ ਵੀ ਇਕ-ਦੋ ਮਿੰਟ ਹੀ। ਕਈ ਸਾਲ ਪਹਿਲਾਂ ਮਾਂ ਨੇ ਦੱਸਿਆ ਸੀ ਕਿ ਦੇਵੀ ਪ੍ਰਸਾਦ ਨੇ ਹੁਣ ਪੰਜਾਬੀ ਬੋਲਣੀ ਅਤੇ ਪੜ੍ਹਨੀ ਵੀ ਸਿੱਖ ਲਈ ਹੈ। ਫਿਰ ਜਦੋਂ ਦੇਵੀ ਪ੍ਰਸਾਦ 25 ਕੁ ਸਾਲਾਂ ਦਾ ਹੋ ਗਿਆ ਤਾਂ ਬਾਪੂ ਨੇ ਉਸ ਨੂੰ ਸਿੰਘ ਸਜਾ ਦਿੱਤਾ ਅਤੇ ਉਸ ਦਾ ਨਾਂ ਪ੍ਰਤਾਪ ਸਿੰਘ ਰੱਖ ਦਿੱਤਾ। ਫਿਰ ਬਾਪੂ ਨੇ ਪੰਜਾਬ ਵਿਚੋਂ ਹੀ ਕਿਸੇ ਗਰੀਬ ਘਰ ਦੀ ਲੜਕੀ ਨਾਲ਼ ਪ੍ਰਤਾਪ ਸਿੰਘ ਦੀ ਸ਼ਾਦੀ ਕਰ ਦਿੱਤੀ ਸੀ। ਮਾਂ ਨੇ ਦੱਸਿਆ ਕਿ ਪ੍ਰਤਾਪ ਸਿੰਘ ਦੇ ਵਿਆਹ ‘ਤੇ ਬਾਪੂ ਨੇ ਗੁਲਾਬੀ ਰੰਗ ਦੀ ਤੁਰ੍ਹਲੇ ਵਾਲੀ ਪੱਗ ਬੰਨ੍ਹੀ, ਬਰਾਤ ਵਿਚ ਕਾਫ਼ੀ ਲੋਕ ਗਏ। ਬਰਾਤ ਤੁਰਨ ਵੇਲੇ ਬਾਪੂ ਨੇ ਕਾਰ ਉμਤੋਂ ਢੇਰਾਂ ਦੇ ਢੇਰ ਪੈਸੇ ਵਾਰੇ ਸਨ। ਉਸ ਨੇ ਮੇਰੇ ਵਿਆਹ ਦਾ ਚਾਅ ਪ੍ਰਤਾਪ ਸਿੰਘ ਨੂੰ ਵਿਆਹ ਕੇ ਪੂਰਾ ਕਰ ਲਿਆ। ਬਾਪੂ ਕਹਿੰਦਾ ਸੀ ਕਿ ਉਸ ਦਾ ਇਕ ਪੁੱਤ ਕੈਨੇਡਾ ਨੇ ਖੋਹ ਲਿਆ ਪਰ ਇਕ ਪੁੱਤ ਉਸ ਨੂੰ ਪ੍ਰਤਾਪ ਸਿੰਘ ਦੇ ਰੂਪ ਵਿਚ ਮਿਲ਼ ਗਿਆ ਸੀ। ਮਾਂ ਦੱਸਦੀ ਕਿ ਪ੍ਰਤਾਪ ਸਿੰਘ ਦੀ ਪਤਨੀ ਬਹੁਤ ਹੀ ਚੰਗੇ ਸੁਭਾਅ ਦੀ ਹੈ ਅਤੇ ਉਸ ਨੇ ਆ ਕੇ ਘਰ ਦਾ ਸਾਰਾ ਕੰਮ ਸਾਂਭ ਲਿਆ ਹੈ। ਮਾਂ ਹਰ ਵਾਰੀ ਦੱਸਦੀ ਕਿ ਪ੍ਰਤਾਪ ਸਿੰਘ ਅਤੇ ਉਸ ਦੀ ਪਤਨੀ ਉਨ੍ਹਾਂ ਦੀ ਬਹੁਤ ਸੇਵਾ ਕਰਦੇ ਹਨ।
****
ਫਿਰ ਬਾਪੂ ਇਕ ਦਮ ਬਹੁਤ ਬਿਮਾਰ ਹੋ ਗਿਆ। ਬੁਖ਼ਾਰ ਉμਤਰ ਹੀ ਨਹੀਂ ਰਿਹਾ ਸੀ। ਡਾਕਟਰਾਂ ਨੇ ਬਹੁਤ ਇਲਾਜ ਕੀਤਾ ਪਰ ਕੋਈ ਮੋੜ ਨਾ ਪਿਆ। ਮਾਂ ਨੇ ਦੱਸਿਆ ਕਿ ਪ੍ਰਤਾਪ ਸਿੰਘ ਅਤੇ ਉਸ ਦੀ ਪਤਨੀ ਨੇ ਬਹੁਤ ਸੇਵਾ ਕੀਤੀ। ਭੈਣ ਨੇ ਬਾਪੂ ਨੂੰ ਪੁੱਛਿਆ ਕਿ ਜੇ ਮਿਲ਼ਣਾ ਤਾਂ ਹਰਿੰਦਰ ਆ ਜਾਵੇ। ਬਾਪੂ ਨੇ ਨਾਂਹ ਵਿਚ ਸਿਰ ਫੇਰ ਦਿੱਤਾ। ਮੈਂ ਰੋਜ਼ ਹੀ ਫ਼ੋਨ ਕਰ ਕੇ ਬਾਪੂ ਦਾ ਹਾਲ ਮਾਂ ਅਤੇ ਭੈਣ ਕੋਲ਼ੋਂ ਪੁੱਛ ਲੈਂਦਾ।
‘ਹਰਿੰਦਰ, ਉਮੀਦ ਨੀ ਬਾਪੂ ਤਿੰਨ-ਚਾਰ ਦਿਨਾਂ ਤੋਂ ਵੱਧ ਕੱਢੇ। ਤੂੰ ਆ ਜਾਵੇਂ ਤਾਂ ਚੰਗਾ।’ ਭੈਣ ਨੇ ਇਕ ਦਿਨ ਫ਼ੋਨ ‘ਤੇ ਕਿਹਾ।
‘ਮੈਂ ਅੱਜ ਹੀ ਟਿਕਟ ਲੈ ਕੇ ਆ ਜਾਂਦਾਂ’ ਅਤੇ ਮੈਂ ਉਸੇ ਦਿਨ ਟਿਕਟ ਲੈ ਕੇ ਹਿੰਦੁਸਤਾਨ ਨੂੰ ਜਹਾਜ਼ ਚੜ੍ਹ ਗਿਆ।
ਮੈਂ ਘਰ ਜਾ ਕੇ ਦੇਖਿਆ ਤਾਂ ਬਾਪੂ ਦੀ ਹਾਲਤ ਬਹੁਤ ਖ਼ਰਾਬ ਸੀ। ਮੈਂ ਉਸ ਨੂੰ ਬਾਂਹਾਂ ਵਿਚ ਘੁੱਟਦਿਆਂ ਹਾਲ ਪੁੱਛਿਆ ਤਾਂ ਉਸ ਨੇ ਮੇਰੇ ਵਲ ਅੱਖਾਂ ਖੋਲ੍ਹ ਕੇ ਦੇਖਿਆ ਪਰ ਬੋਲਿਆ ਕੁਝ ਨਾ। ਮੇਰੀਆਂ ਅੱਖਾਂ ਭਰ ਆਈਆਂ। ਜਿਸ ਤਰ੍ਹਾਂ ਪ੍ਰਤਾਪ ਸਿੰਘ ਅਤੇ ਉਸ ਦੀ ਪਤਨੀ ਨੇ ਘਰ ਸਾਂਭਿਆ ਹੋਇਆ ਸੀ ਅਤੇ ਜਿਸ ਤਰ੍ਹਾਂ ਉਹ ਬਾਪੂ ਅਤੇ ਮਾਂ ਦੀ ਸੇਵਾ ਕਰ ਰਹੇ ਸਨ, ਦੇਖ ਕੇ ਮਨ ਬਹੁਤ ਖ਼ੁਸ਼ ਹੋਇਆ। ਮੈਨੂੰ ਲੱਗਾ ਜਿਵੇਂ ਮੈਨੂੰ ਤਾਂ ਸਿਰਫ਼ ਬਾਪੂ ਅਤੇ ਮਾਂ ਨੇ ਜਨਮ ਹੀ ਦਿੱਤਾ ਹੈ, ਉਨ੍ਹਾਂ ਦਾ ਅਸਲੀ ਪੁੱਤਰ ਤਾਂ ਪ੍ਰਤਾਪ ਸਿੰਘ ਹੀ ਹੈ। ਮੈਂ ਪ੍ਰਤਾਪ ਸਿੰਘ ਨੂੰ ਵੱਖਰਾ ਕਰ ਕੇ ਕਿਹਾ ਕਿ ਮੇਰੇ ਮਾਂ-ਬਾਪ ਦਾ ਅਸਲੀ ਪੁੱਤਰ ਤੂੰ ਹੀ ਹੈਂ ਅਤੇ ਸਾਰਾ ਘਰ ਅਤੇ ਜ਼ਮੀਨ ਤੇਰੇ ਹੀ ਹਨ। ਮੈਨੂੰ ਕੁਝ ਨਹੀਂ ਚਾਹੀਦਾ। ਮਾਂ ਨੂੰ ਵੀ ਇਹ ਗੱਲ ਮੈਂ ਦੱਸ ਦਿੱਤੀ।
ਮੇਰੇ ਆਉਣ ਤੋਂ ਤਿੰਨ ਦਿਨ ਬਾਅਦ ਬਾਪੂ ਅੱਖਾਂ ਮੀਟ ਗਿਆ। ਅਸੀਂ ਸਾਰੇ ਉਸ ਦੇ ਆਲ਼ੇ-ਦੁਆਲ਼ੇ ਉਦਾਸ ਬੈਠੇ ਅਤੇ ਖੜ੍ਹੇ ਸੀ। ਮੈਂ ਉμਥੋਂ ਉμਠਿਆ, ਬਾਪੂ ਦੇ ਬੈਡ-ਰੂਮ ਵਿੱਚ ਗਿਆ, ਕਿਲੀ ਤੋਂ ਉਸ ਦੀ ਗੁਲਾਬੀ ਤੁਰ੍ਹਲੇ ਵਾਲ਼ੀ ਪੱਗ ਲਾਹੀ, ਅਤੇ ਬਾਹਰਲੇ ਕਮਰੇ ਵਿਚ ਪਈ ਬਾਪੂ ਦੀ ਲਾਸ਼ ਕੋਲ ਗਿਆ। ਮੈਂ ਉਹ ਪੱਗ ਪ੍ਰਤਾਪ ਸਿੰਘ ਨੂੰ ਫੜਨ ਲਈ ਕਿਹਾ। ਮੈਂ ਬਾਪੂ ਦਾ ਸਿਰ ਆਪਣੀਆਂ ਬਾਂਹਾਂ ਨਾਲ਼ ਚੁੱਕ ਕੇ ਪ੍ਰਤਾਪ ਸਿੰਘ ਤੋਂ ਉਹ ਤੁਰ੍ਹਲੇ ਵਾਲ਼ੀ ਪੱਗ ਬਾਪੂ ਦੇ ਸਿਰ ਤੇ ਸਜਾ ਦਿੱਤੀ ਸੀ।
****
(ਫ਼ੋਨ: 860-983-5002)