ਡਾ ਗੁਰਬਖ਼ਸ਼ ਸਿੰਘ ਭੰਡਾਲ
ਦੁੱਖ ਇਹ ਨਹੀਂ ਕਿ ਮੈਂ ਉਸ ਦੇ ਸਾਹਵੇਂ ਐਵੇਂ ਹੀ ਦਰਦ-ਗਾਥਾ ਖੋਲ੍ਹ ਬੈਠਾ ਸਗੋਂ ਦੁੱਖ ਇਸ ਗੱਲ ਦਾ ਕਿ ਦੁੱਖ ਬੋਲ ਕੇ ਹੀ ਦੱਸਿਆ ਤਾਂ ਕੀ ਦੱਸਿਆ?
ਦੁੱਖ ਇਹ ਨਹੀਂ ਕਿ ਮੇਰੇ ਅੱਲੇ ਜ਼ਖ਼ਮ ਚਸਕਦੇ ਨੇ। ਦੁੱਖ ਇਸ ਗੱਲ ਦਾ ਕਿ ਦੁੱਖ ਪੁੱਛਣ ਵਾਲੇ ਨੇ ਦੁੱਖ ਜਾਣਿਆ ਹੀ ਨਹੀਂ ਅਤੇ ਇਸ ਤੋਂ ਵੱਧ ਕਿ ਦੁੱਖ ਪੁੱਛਿਆ ਹੀ ਨਹੀਂ।
ਦੁੱਖ ਇਹ ਨਹੀਂ ਕਿ ਮੇਰੇ ਸੁਪਨੇ ਤਿੜਕੇ। ਦੁੱਖ ਇਸ ਗੱਲ ਦਾ ਕਿ ਆਪਣਿਆਂ ਦੀ ਬੇਰੁਖ਼ੀ ਨੇ ਸੁਪਨਿਆਂ ਦੀ ਤਿੜਕਣ ਦੀ ਚੀਸ ਦੁੱਗਣੀ ਕੀਤੀ।
ਦੁੱਖ ਇਹ ਨਹੀਂ ਕਿ ਸੁਪਨਿਆਂ ਨੂੰ ਪਰਵਾਜ਼ ਨਹੀਂ ਮਿਲੀ। ਦੁੱਖ ਤਾਂ ਇਸ ਗੱਲ ਦਾ ਕਿ ਮੇਰੇ ਹਿੱਸੇ ਦਾ ਅੰਬਰ ਮੇਰਿਆਂ ਹੀ ਮੇਰੇ ਕੋਲੋਂ ਲੁਕਾ ਲਿਆ।
ਦੁੱਖ ਇਹ ਨਹੀਂ ਕਿ ਮੇਰੇ ਸੁਪਨਿਆਂ ਦਾ ਸਿਰਨਾਵਾਂ ਧੁੰਧਲਕੇ ਦਾ ਸ਼ਿਕਾਰ ਹੋ ਗਿਆ। ਦੁੱਖ ਇਸ ਦਾ ਕਿ ਮੇਰੇ ਸੂਰਜ ਨੇ ਮੇਰੇ ਤੋਂ ਹੀ ਪਿੱਠ ਕਰ ਲਈ।
ਦੁੱਖ ਇਹ ਨਹੀਂ ਕਿ ਮੇਰਿਆਂ ਪੈਰਾਂ ਨੂੰ ਸਫ਼ਰ ਨਹੀਂ ਮਿਲਿਆ। ਹਿਰਖ ਇਸ ਗੱਲ ਦਾ ਕਿ ਮੇਰੇ ਰਾਹਾਂ ‘ਚ ਆਪਣਿਆਂ ਵੱਲੋਂ ਪੁੱਟੀਆਂ ਖਾਈਆਂ ਅਤੇ ਖੱਡੇ ਮੇਰਾ ਸਫ਼ਰ ਹੜੱਪ ਕਰ ਗਏ।
ਦੁੱਖ ਇਹ ਨਹੀਂ ਕਿ ਮੇਰੀਆਂ ਅਪੂਰਨ ਆਸਾਂ ਹੀ ਮੇਰੀ ਬੇਚੈਨੀ ਦਾ ਕਾਰਨ ਬਣੀਆਂ। ਦੁੱਖ ਇਹ ਵੀ ਕਿ ਅਪੂਰਨ ਆਸਾਂ ਦਾ ਨਾਗਵਲ ਕਿਧਰੇ ਮੇਰੇ ਸੀਰਮੇ ਹੀ ਨਾ ਪੀ ਜਾਵੇ।
ਦੁੱਖ ਇਹ ਨਹੀਂ ਕਿ ਮੇਰੀਆਂ ਅਧੂਰੀਆਂ ਤਮੰਨਾਵਾਂ ਦੀ ਤਾਂਘ ਨੇ ਮੈਨੂੰ ਅੰਦਰੋਂ ਤਪਾ ਦਿੱਤਾ। ਦੁੱਖ ਇਹ ਕਿ ਇਸ ਤਪਸ਼ ਕਾਰਨ ਧੂਣੀ ਦਾ ਧੂੰਆਂ ਮੇਰੇ ਸਾਹਾਂ ਵਿਚ ਘੁੱਟਣ ਪੈਦਾ ਕਰ ਰਿਹਾ।
ਦੁੱਖ ਇਹ ਨਹੀਂ ਕਿ ਖੇਤਾਂ ਵਿਚ ਖੁਦਕੁਸ਼ੀਆਂ ਉੱਗ ਰਹੀਆਂ। ਦੁੱਖ ਇਸ ਗੱਲ ਦਾ ਕਿ ਖੁਦਕੁਸ਼ੀਆਂ ਦੀ ਫ਼ਸਲ ਵਿਚੋਂ ਵੀ ਮੁਨਾਫ਼ਾ ਲੈਣ ਦੀ ਤਾਕ ਵਿਚ ਏ ਮੁਨਾਫ਼ਾਖ਼ੋਰ।
ਦੁੱਖ ਇਹ ਨਹੀਂ ਕਿ ਬਿਰਖਾਂ ਤੇ ਲਟਕਦੇ ਬਿਜੜਿਆਂ ਦੇ ਆਲ੍ਹਣੇ ਵੈਰਾਨ ਹੋ ਗਏ। ਦੁੱਖ ਤਾਂ ਇਸ ਗੱਲ ਦਾ ਕਿ ਇਨ੍ਹਾਂ ਆਲ੍ਹਣਿਆਂ ਨੂੰ ਤੀਲ੍ਹਾ-ਤੀਲ੍ਹਾ ਕਰਨ ਵਾਲੇ ਬਾਂਦਰਾਂ ਦਾ ਆਪਣਾ ਕੋਈ ਘਰ ਹੀ ਨਹੀਂ ਹੁੰਦਾ।
ਦੁੱਖ ਇਹ ਨਹੀਂ ਕਿ ਕਿ ਬਾਪ ਦੇ ਹੱਥੀਂ ਲਾਏ ਅੰਬ ਦੇ ਬੂਟੇ ਨੂੰ ਕੋਈ ਟੱਕ ਲਾ ਗਿਆ। ਦੁੱਖ ਤਾਂ ਇਸ ਗੱਲ ਦਾ ਕਿ ਅਗਰ ਇਹ ਬੂਟਾ ਸੁੱਕ ਗਿਆ ਤਾਂ ਮੈਂ ਅੰਬ ਦੇ ਬੂਟੇ ਦੀ ਗਲਵੱਕੜੀ ਵਿਚੋਂ ਮਾਣੀ ਬਾਪ ਦੀ ਛੋਹ ਨੂੰ ਤਰਸ ਜਾਵਾਂਗਾ।
ਦੁੱਖ ਇਹ ਨਹੀਂ ਕਿ ਬਿਆਸ ਦਰਿਆ ਦੀ ਹਿੱਕ ‘ਚ ਬਰੇਤੇ ਉੱਗ ਆਏ। ਦੁੱਖ ਇਸ ਗੱਲ ਦਾ ਕਿ ਇਨ੍ਹਾਂ ਬਰੇਤਿਆਂ ਤੇ ਵੀ ਬਾਬੇ ਕਾਬਜ਼ ਹੋ ਗਏ, ਜਿਨ੍ਹਾਂ ਨੂੰ ਆਸ ਸੀ ਕਿ ਉਹ ਫਿਰ ਤੋਂ ਦੁਬਾਰਾ ਦਰਿਆ ਬਣਨਗੇ।
ਦੁੱਖ ਇਹ ਨਹੀਂ ਕਿ ਮੇਰੀਆਂ ਸੋਚਾਂ ਵਿਚਲੀਆਂ ਚਾਨਣ ਲਕੀਰਾਂ ਹਨੇਰਿਆਂ ਖਾ ਲਈਆਂ। ਦੁੱਖ ਇਹ ਕਿ ਕਾਲਖ਼ਾਂ ਦੀ ਰੁੱਤ ਸਦਾ ਹੀ ਮੇਰੇ ਹਮਸਾਇਆਂ ਦੇ ਸੰਗ ਰਹੀ।
ਦੁੱਖ ਇਹ ਨਹੀਂ ਕਿ ਮੇਰੀ ਬੇਖ਼ੁਦੀ ਨੇ ਮੈਨੂੰ ਮੈਥੋਂ ਹੀ ਬਹੁਤ ਦੂਰ ਕਰਕੇ ਇਕੱਲ ਦੇ ਰਾਹੀਂ ਤੋਰਿਆ। ਦੁੱਖ ਇਸ ਦਾ ਇਕੱਲ ਭੋਗ ਰਿਹਾ ਸਖਸ਼ ਤਿੱਲ ਤਿੱਲ ਕਰਕੇ ਮਰ ਰਿਹਾ।
ਦੁੱਖ ਇਹ ਨਹੀਂ ਕਿ ਮੇਰੇ ਟੁੱਟਾ ਸੁਪਨਾ ਸਿਸਕੀਆਂ ਲੈਂਦਾ ਰਿਹਾ। ਦੁੱਖ ਇਹ ਕਿ ਮੈਂ ਆਪਣੇ ਅੰਦਰਲੀਆਂ ਸਿਸਕੀਆਂ ਦਾ ਸ਼ੋਰ ਵੀ ਨਾ ਸੁਣ ਸਕਿਆ।
ਦੁੱਖ ਇਹ ਨਹੀਂ ਕਿ ਨੌਜਵਾਨ ਮਨਾਂ ਦੀਆਂ ਸੋਚਾਂ ਅੰਧਰਾਤੇ ਦਾ ਸ਼ਿਕਾਰ ਹੋ ਗਈਆਂ। ਦੁੱਖ ਇਹ ਕਿ ਨੌਜਵਾਨ ਸਮਝ ਹੀ ਨਾ ਸਕੇ ਕੌਣ ਉਨ੍ਹਾਂ ਦੇ ਜਗਦੇ ਚਿਹਰਿਆਂ ਦੇ ਚਿਰਾਗ਼ਾਂ ਨੂੰ ਬੁਝਾ ਗਿਆ।
ਦੁੱਖ ਇਹ ਨਹੀਂ ਕਿ ਪਿੰਡ ਵਿਚਲਾ ਪੁਰਾਣਾ ਘਰ ਵੇਚ ਦਿੱਤਾ ਗਿਆ। ਦੁੱਖ ਇਸ ਗੱਲ ਦਾ ਕਿ ਹੁਣ ਮੈਂ ਕਿਵੇਂ ਆਪਣੇ ਦੋਹਤਰੇ/ਦੋਹਤਰੀਆਂ ਨੂੰ ਦਿਖਾਵਾਂਗਾ ਕਿ ਮੈਂ ਇਸ ਬਿਨ ਬੂਹੇ/ਬਾਰੀਆਂ ਵਾਲੇ ਚੁਬਾਰੇ ਵਿਚ ਬੈਠ ਕੇ ਅੱਧੀ ਰਾਤ ਤੀਕ ਗਿਆਨ ਦਾ ਦੀਪਕ ਮਸਤਕ ਵਿਚ ਜਗਾਉਣ ਦੀ ਸਾਧਨਾ ਕਰਦਾ ਹੁੰਦਾ ਸੀ।
ਦੁੱਖ ਇਹ ਨਹੀਂ ਕਿ ਮੇਰੇ ਪਿੰਡ ਦੀ ਆਬੋ-ਹਵਾ ਜ਼ਹਿਰੀਲੀ ਹੈ। ਸਗੋਂ ਦੁੱਖ ਤਾਂ ਇਹ ਕਿ ਪਿੰਡ ਨੂੰ ਪਤਾ ਹੀ ਨਾ ਲੱਗਾ ਕਿ ਕੌਣ, ਕਿਹੜੇ ਵੇਲੇ ਅਤੇ ਕਿਸ ਤਰ੍ਹਾਂ ਇਸ ਪਾਕ ਫ਼ਿਜ਼ਾ ਨੂੰ ਸਾਹ ਪੀਣੀ ਕਰ ਗਿਆ।
ਦੁੱਖ ਇਹ ਨਹੀਂ ਕਿ ਬਨੇਰਿਆਂ ਤੇ ਜਗਦੀਆਂ ਮੋਮਬਤੀਆਂ ਨੂੰ ਤੇਜ਼ ਹਵਾਵਾਂ ਨੇ ਬੁਝਾ ਦਿੱਤਾ। ਦੁੱਖ ਤਾਂ ਇਸ ਗੱਲ ਦਾ ਕਿ ਕਿਸੇ ਦੇ ਮਨ ਵਿਚ ਮਾਰੂ ਤੇਜ਼ ਹਵਾਵਾਂ ਦਾ ਸਰੋਤ ਲੱਭਣ ਦੀ ਜਗਿਆਸਾ ਕਿਉਂ ਨਾ ਪੈਦਾ ਹੋਈ?
ਦੁੱਖ ਇਹ ਨਹੀਂ ਕਿ ਕਿ ਚੌਂਕਿਆਂ ਨੂੰ ਚਿੰਤਾ ਨੇ ਖਾ ਲਿਆ। ਦਰਅਸਲ ਦੁੱਖ ਤਾਂ ਇਹ ਕਿ ਇਸ ਚਿੰਤਾ ਨੂੰ ਕਿਸੇ ਨੇ ਚੁੱਲ੍ਹੇ ਦੀ ਭੁੱਬਲ ਵਿਚ ਦੱਬਿਆ ਕਿਉਂ ਨਾ, ਤਾਂ ਕਿ ਧੂੰਆਂ ਤਾਂ ਉੱਡਦਾ ਰਹਿੰਦਾ।
ਦੁੱਖ ਇਹ ਨਹੀਂ ਕਿ ਬੰਦ ਬੂਹਿਆਂ ਅੱਗੇ ਬੈਠੇ ਬਜ਼ੁਰਗਾਂ ਦੀ ਪਰਦੇਸੀ ਪੁੱਤਾਂ ਨੂੰ ਉਡੀਕਦਿਆਂ ਆਖ਼ਰੀ ਆਸ ਵੀ ਮੁੱਕ ਚੱਲੀ ਹੈ। ਦੁੱਖ ਤਾਂ ਇਹ ਕਿ ਉਨ੍ਹਾਂ ਦੀ ਅਰਥੀ ਨੂੰ ਆਪਣਿਆਂ ਦਾ ਮੋਢਾ ਵੀ ਨਸੀਬ ਨਹੀਂ ਹੋਣਾ ਅਤੇ ਨਾ ਹੀ ਕਿਸੇ ਨੇ ਉਨ੍ਹਾਂ ਦੇ ਸੱਥਰ ਤੇ ਬੈਠਣਾ।
ਦੁੱਖ ਇਹ ਨਹੀਂ ਕਿ ਕੰਧਾਂ ‘ਤੇ ਮਾਰੀਆਂ ਲੀਕਾਂ ਮਿਟਣ ਕਿਨਾਰੇ ਤੇ ਖ਼ਾਮੋਸ਼ ਹਨ। ਦੁੱਖ ਤਾਂ ਇਸ ਗੱਲ ਦਾ ਕਿ ਕੰਧਾਂ ‘ਤੇ ਲੀਕਾਂ ਮਾਰਨ ਵਾਲਿਆਂ ਨੇ ਪਰਵਾਜ਼ ਭਰਨ ਤੋਂ ਬਾਅਦ ਇਨ੍ਹਾਂ ਲੀਕਾਂ ਦੀ ਸਾਰ ਹੀ ਨਹੀਂ ਲਈ।
ਦੁੱਖ ਇਹ ਨਹੀਂ ਕਿ ਘਰਾਂ ‘ਚ ਪਸਰੀ ਸੁੰਨ ਇਸ ਦੇ ਅੰਤਰੀਵ ਨੂੰ ਸਿਉਂਕ ਰਹੀ। ਦੁੱਖ ਤਾਂ ਇਹ ਕਿ ਇਸ ਸੁੰਨ ਕਾਰਨ ਘਰਾਂ ਦੀਆਂ ਖੋੜਾਂ ਵਿਚ ਉੱਗ ਆਏ ਬੋਹੜਾਂ ਤੇ ਪਿੱਪਲਾਂ ਨੇ ਘਰ ਨੂੰ ਜਰਜਰੀ ਕਰ ਦੇਣੈ।
ਦੁੱਖ ਇਹ ਨਹੀਂ ਕਿ ਅੱਜ ਕੱਲ੍ਹ ਘਰ ਬਹੁਤ ਉਦਾਸ ਹਨ। ਦੁੱਖ ਤਾਂ ਇਹ ਕਿ ਛੱਤਾਂ ਤੋਂ ਕਿਰਦੀ ਉਦਾਸੀ ਨੇ ਕੰਧਾਂ ਨੂੰ ਆਪਣੀ ਲਪੇਟ ਵਿਚ ਲੈ ਲੈਣਾ ਅਤੇ ਖਿੜਕੀਆਂ ਤੇ ਰੌਸ਼ਨਦਾਨਾਂ ਵਿਚੋਂ ਝਾਕਦੀ ਉਦਾਸੀ ਨੇ ਘਰ ਨੇ ਹੋਰ ਵੀ ਉਦਾਸ ਹੋ ਕਰ ਦੇਣਾ।
ਦੁੱਖ ਇਹ ਨਹੀਂ ਕਿ ਜਿਊੜਿਆਂ ਦੇ ਹੁੰਦਿਆਂ ਵੀ ਪਲੰਘ ਤੇ ਖ਼ਾਮੋਸ਼ੀ ਦਾ ਪਹਿਰਾ ਹੈ। ਦੁੱਖ ਤਾਂ ਇਹ ਕਿ ਇਸ ਖ਼ਾਮੋਸ਼ੀ ਦੀ ਵਿੱਥ ਨੇ ਇਸ ਪਾਕ ਤੇ ਸੰਜੀਵ ਰਿਸ਼ਤੇ ਨੂੰ ਹੌਲੀ ਹੌਲੀ ਨਿਗਲ ਜਾਣਾ।
ਦੁੱਖ ਇਹ ਨਹੀਂ ਕਿ ਵੱਡੇ ਘਰ ਵਿਚ ਪਸਰੀ ਚੁੱਪ ਖਾਣ ਨੂੰ ਆਉਂਦੀ। ਦੁੱਖ ਤਾਂ ਇਸ ਦਾ ਕਿ ਘਰ ਨੂੰ ਉਸ ਦੀ ਚੁੱਪ ਨੇ ਹੀ ਖਾ ਜਾਣਾ।
ਦੁੱਖ ਇਹ ਨਹੀਂ ਕਿ ਕਮਰਿਆਂ ਵਿਚ ਵੰਡੇ ਹੋਏ ਘਰ ਵਿਚ ਨਿੱਕੇ ਨਿੱਕੇ ਘਰ ਉੱਗ ਆਏ। ਦੁੱਖ ਇਸ ਗੱਲ ਦਾ ਕਿ ਨਿੱਕੇ ਨਿੱਕੇ ਘਰਾਂ ਦੁਆਲੇ ਉੱਗੀਆਂ ਕੰਡਿਆਲੀਆਂ ਵਾੜਾਂ ਨੇ ਘਰ ਨੂੰ ਘਰ ਹੀ ਨਹੀਂ ਰਹਿਣ ਦੇਣਾ।
ਦੁੱਖ ਇਹ ਨਹੀਂ ਕਿ ਮੈਂ ਤੇ ਮੇਰੀ ਤਨਹਾਈ ਕਮਰੇ ਵਿਚ ਇਕ ਦੂਜੇ ਨੂੰ ਬੁੱਕਲ ਵਿਚ ਲੈ ਕੇ ਰਾਤ ਕੱਟਦੇ ਹਾਂ। ਦੁੱਖ ਇਸ ਗੱਲ ਦਾ ਕਿ ਤਨਹਾਈ ਦੇ ਸੇਕ ਵਿਚ ਮੇਰਾ ਅੰਦਰਲਾ ਹਰਦਮ ਧੁਖਦਿਆਂ ਇਕ ਦਿਨ ਰਾਖ ਹੋ ਜਾਵੇਗਾ।
ਦੁੱਖ ਇਹ ਨਹੀਂ ਕਿ ਬਾਪ ਦੇ ਸਸਕਾਰ ਵੇਲੇ ਹੀ ਹਮਸਾਏ ਅੱਖਾਂ ਫੇਰ ਗਏ। ਦੁੱਖ ਇਹ ਆ ਕਿ ਬਾਪ ਦੇ ਬਲਦੇ ਸਿਵੇ ਸਾਹਵੇਂ ਖ਼ੂਨ ਦੇ ਰਿਸ਼ਤਿਆਂ ਦਾ ਕਤਲ ਵੀ ਅੱਖਾਂ ਨੇ ਹੀ ਦੇਖਣਾ ਸੀ।
ਦੁੱਖ ਇਹ ਨਹੀਂ ਕਿ ਨਿੱਜੀ ਪੀੜਾ ਦੇ ਜਸ਼ਨਾਂ ਵਿਚ ਗੈਰ ਸ਼ਾਮਲ ਹੋਏ। ਦੁੱਖ ਤਾਂ ਇਹ ਕਿ ਅਜੇਹੇ ਜਸ਼ਨਾਂ ਵਿਚ ਉਹ ਵੀ ਸ਼ਾਮਲ ਸਨ ਜੋ ਕਦੇ ਸਿਰਫ਼ ਮੇਰੇ ਹੋਣ ਦਾ ਦਮ ਭਰਦੇ ਸਨ।
ਦੁੱਖ ਇਹ ਨਹੀਂ ਕਿ ਕਿ ਮੈਂ ਉਸ ਦੇ ਚਿਹਰੇ ਦੀ ਕਿਤਾਬ ਨਾ ਪੜ੍ਹ ਸਕਿਆ। ਪਰ ਦੁੱਖ ਤਾਂ ਇਹ ਕਿ ਉਸ ਦੇ ਦੀਦਿਆਂ ਵਿਚਲੇ ਝਾਉਲੇ ਨੇ ਸਭ ਕੁਝ ਅਦ੍ਰਿਸ਼ਟ ਹੀ ਕਰ ਦਿੱਤਾ।
ਦੁੱਖ ਇਹ ਨਹੀਂ ਕਿ ਉਸ ਤੇ ਯਕੀਨ ਕਰਕੇ ਮੈਂ ਖ਼ਤਾ ਖਾਧੀ। ਦੁੱਖ ਤਾਂ ਇਹ ਕਿ ਹੁਣ ਕਿਸੇ ਤੇ ਵੀ ਯਕੀਨ ਕਰਨ ਲੱਗਿਆਂ ਅੰਦਰਲਾ ਡਰ ਜੱਗ-ਜ਼ਾਹਿਰ ਹੋ ਜਾਂਦਾ।
ਦੁੱਖ ਇਹ ਨਹੀਂ ਕਿ ਉਸ ਨੇ ਵਿਸ਼ਵਾਸ ਘਾਤ ਕਰਨ ਲੱਗਿਆਂ ਸਬੰਧਾਂ ਦੀ ਅਹਿਮੀਅਤ ਹੀ ਨਕਾਰ ਦਿੱਤੀ। ਸਗੋਂ ਦੁੱਖ ਤਾਂ ਇਹ ਕਿ ਵਿਸ਼ਵਾਸਘਾਤੀ ਹੋ ਕੇ ਜਿਊਣਾ, ਉਸ ਨੇ ਕਿਵੇਂ ਕਬੂਲ ਕਰ ਲਿਆ। ਹੁਣ ਉਹ ਆਪਣੇ ਸਾਹਾਂ ਨੂੰ ਸਦਾ ਸੂਲੀ ਤੇ ਟੰਗੀ ਰੱਖੇਗਾ।
ਦੁੱਖ ਇਹ ਨਹੀਂ ਕਿ ਮੈਂ ਕੁਝ ਪਲ ਲਈ ਆਰਾਮ ਕਰਨ ਲਈ ਬਿਰਖ ਹੇਠ ਰੁਕਿਆ ਤਾਂ ਛਾਂ ਹੀ ਚਲੇ ਗਈ। ਦੁੱਖ ਤਾਂ ਇਹ ਕਿ ਜਦ ਛਾਵਾਂ ਹੀ ਉਧਾਲ਼ ਲਈਆਂ ਜਾਣ ਤਾਂ ਬਿਰਖ਼ੀ ਰਹਿਮਤਾਂ ਦਾ ਕੀ ਬਣੇਗਾ?
ਦੁੱਖ ਇਹ ਨਹੀਂ ਕਿ ਮੈਂ ਪਿਆਸ ਨਾਲ ਬਹੁਤ ਤੜਫਿਆ। ਪਰ ਦੁੱਖ ਤਾਂ ਇਹ ਕਿ ਮੇਰੇ ਹਿੱਸੇ ਦਾ ਪਾਣੀ ਹੀ ਵਾਸ਼ਪ ਹੋ ਗਿਆ ਅਤੇ ਮੇਰਾ ਬੁੱਕ ਅੱਡਿਆ ਹੀ ਰਹਿ ਗਿਆ। ਹੁਣ ਬਾਕੀ ਰਾਹੀਆਂ ਦਾ ਕੀ ਬਣੇਗਾ?
ਦੁੱਖ ਇਹ ਨਹੀਂ ਕਿ ਕਿ ਪਰਿਵਾਰ ਟੁੱਟ ਰਹੇ ਤੇ ਸੰਬੰਧ ਬਿਖਰ ਰਹੇ। ਦੁੱਖ ਤਾਂ ਇਹ ਕਿ ਇਸ ਬਿਖਰਾਅ ਦੀ ਰੁੱਤੇ ਜੁੜਨ ਦੀ ਬਚੀ-ਖੁਚੀ ਸੰਭਾਵਨਾ ਨੇ ਵੀ ਕਿਣਕਾ ਕਿਣਕਾ ਹੋ ਬਿਰਖ ਜਾਣਾ ਅਤੇ ਸਮਾਜਿਕ ਤਾਣੇ ਬਾਣੇ ਦੇ ਹਿੱਸੇ ਰਹਿ ਜਾਣੀਆਂ ਮੋਰੀਆਂ।
ਦੁੱਖ ਇਹ ਨਹੀਂ ਕਿ ਮੇਰੀਆਂ ਭਾਵਨਾਵਾਂ ਨੂੰ ਚੋਭ ਲਾਉਂਦਿਆਂ ਗ਼ੈਰਾਂ ਨੂੰ ਰਤਾ ਵੀ ਤਰਸ ਨਾ ਆਇਆ। ਦੁੱਖ ਤਾਂ ਇਹ ਕਿ ਅਜੇਹਾ ਵਤੀਰਾ ਉਨ੍ਹਾਂ ਦੀ ਜੀਵਨ-ਸ਼ੈਲੀ ਬਣ ਗਿਆ ਤਾਂ ਉਨ੍ਹਾਂ ਦੇ ਨਿਕਟਵਰਤੀਆਂ ਦਾ ਕੀ ਬਣੇਗਾ?
ਦੁੱਖ ਇਹ ਨਹੀਂ ਕਿ ਮੇਰੇ ਚਾਵਾਂ ਦੀ ਧੂਣੀ ਦਾ ਸੇਕ ਉਸ ਲਈ ਇਕ ਸ਼ੌਕ ਸੀ। ਦੁੱਖ ਤਾਂ ਇਹ ਕਿ ਇਸ ਸ਼ੁਗ਼ਲ ਵਿਚ ਅਗਰ ਉਸ ਦੇ ਚਾਅ ਵੀ ਰਾਖ ਹੋ ਗਏ ਤਾਂ ਉਸ ਦੇ ਪੱਲੇ ਕੀ ਰਹਿ ਜਾਵੇਗਾ?
ਦੁੱਖ ਇਹ ਨਹੀਂ ਕਿ ਮੈਂ ਹਾਰ ਗਿਆ। ਦੁੱਖ ਸਗੋਂ ਹੋਰ ਵੀ ਜ਼ਿਆਦਾ ਕਿ ਮੇਰੀ ਹਾਰ ਵਿਚੋਂ ਵੀ ਮੇਰੀ ਜਿੱਤ ਨੂੰ ਕਿਆਸਣ ਵਾਲੇ ਹੁਣ ਹੋਰ ਜ਼ਿਆਦਾ ਪੀੜਤ ਹੋ ਰਹੇ।
ਦੁੱਖ ਇਹ ਨਹੀਂ ਕਿ ਕਿ ਮੇਰੇ ਸ਼ਬਦਾਂ ਨੇ ਸਮਾਜਿਕ ਸਰੋਕਾਰਾਂ ਨੂੰ ਆਪਣੇ ਵਿਚ ਸਮੋਇਆ ਨਹੀਂ। ਸਗੋਂ ਦੁੱਖ ਤਾਂ ਕਿ ਇਨ੍ਹਾਂ ਸ਼ਬਦਾਂ ਦੀ ਹਿੱਕ ਬਲਦੇ ਅਰਥਾਂ ਦੇ ਚਿਰਾਗ਼ ਨੂੰ ਕਈਆਂ ਨੇ ਬੇਲੋੜਾ ਹੀ ਬੁਝਾਉਣ ਦੀ ਕੋਸ਼ਿਸ਼ ਵਿਚ ਆਪਣੀ ਜ਼ਿੰਦਗੀ ਬਰਬਾਦ ਕਰ ਲੈਣੀ।
ਦੁੱਖ ਇਹ ਨਹੀਂ ਕਿ ਮੇਰੇ ਸ਼ਬਦਾਂ ਵਿਚ ਅਰਥਾਂ ਦੀ ਲੋਅ ਨੇ ਬਸਤਿਆਂ ਨੂੰ ਚਾਨਣ ਰਤਾ ਕਿਉਂ ਨਾ ਕੀਤਾ। ਦੁੱਖ ਇਸ ਗੱਲ ਦਾ ਕਿ ਬਸਤੇ ਹੀ ਚਾਨਣ-ਰਾਹਾਂ ਵਿਚ ਤੁਰਨ ਤੋਂ ਮੁਨਕਰ ਹੋ ਗਏ।
ਦੁੱਖ ਇਹ ਨਹੀਂ ਕਿ ਮੇਰੇ ਹਰਫ਼ਾਂ ਨੇ ਸਫ਼ਿਆਂ ਨਾਲ ਸਦੀਵੀ ਸਾਂਝ ਕਿਉਂ ਨਹੀਂ ਪਾਈ। ਦੁੱਖ ਇਸ ਦਾ ਕਿ ਬਲਦੇ ਸਫ਼ਿਆਂ ‘ਤੇ ਉੱਕਰੇ ਕੋਮਲ ਹਰਫ਼ ਸੜ ਕੇ ਸੁਆਹ ਹੋ ਗਏ।
ਦੁੱਖ ਇਹ ਨਹੀਂ ਕਿ ਮੇਰੀਆਂ ਲਿਖਤਾਂ ਦੀ ਆਉਧ ਪਲ ਭਰ ਦੀ ਸੀ। ਦੁੱਖ ਇਸ ਗੱਲ ਦਾ ਕਿ ਆਉਧ ਨੂੰ ਕੌਣ ਕਿਹੜੇ ਪਲਾਂ ‘ਚ ਮਿਣਦਾ ਰਿਹਾ।
ਦੁੱਖ ਇਹ ਨਹੀਂ ਕਿ ਮੇਰੀਆਂ ਕਿਤਾਬਾਂ ਨੂੰ ਬੇਰੁਖ਼ੀ ਦੀ ਪੀੜ ਹੰਢਾਉਣੀ ਪੈ ਰਹੀ। ਦੁੱਖ ਤਾਂ ਇਸ ਦਾ ਕਿ ਮੇਰੇ ਤੋਂ ਬਾਅਦ ਇਹ ਕਿਤਾਬਾਂ ਯਤੀਮ ਹੋ ਜਾਣਗੀਆਂ।
ਦੁੱਖ ਇਹ ਨਹੀਂ ਕਿ ਘਰ ਵਿਚ ਕਿਤਾਬਾਂ ਨੂੰ ਕੋਈ ਨੁੱਕਰ ਨਸੀਬ ਨਹੀਂ। ਦੁੱਖ ਤਾਂ ਇਸ ਗੱਲ ਦਾ ਕਿ ਕਿਤਾਬਾਂ ਤੋਂ ਬਗੈਰ ਇਨਸਾਨ ਨੂੰ ਰੋਬੋਟ ਅਤੇ ਘਰ ਨੂੰ ਮਕਾਨ ਬਣਦਿਆਂ ਬਹੁਤੀ ਦੇਰ ਨਹੀਂ ਲੱਗਦੀ।
ਦੁੱਖ ਇਹ ਨਹੀਂ ਕਿ ਮੈਂ ਤੇ ਮੇਰੀਆਂ ਕਿਤਾਬਾਂ ਇਕ ਦੂਜੇ ਦੇ ਸਾਹੀਂ ਜਿਊਣ ਤੋਂ ਕਿਉਂ ਉਕਤਾ ਗਈਆਂ। ਦੁੱਖ ਇਸ ਦਾ ਕਿ ਸਾਹਾਂ ਵਿਚਲੀ ਕਿਤਾਬੀ-ਸੁਗੰਧ ਤੋਂ ਬਗੈਰ ਜਿਊਣ ਦੇ ਕੀ ਅਰਥ ਰਹਿ ਜਾਣਗੇ?
ਦੁੱਖ ਇਹ ਨਹੀਂ ਕਿ ਮੇਰੇ ਸ਼ਬਦ ਮਾਨਵੀ ਦਰਦ ਦੀ ਸਾਰ ਨਾ ਲੈ ਸਕੇ। ਦੁੱਖ ਤਾਂ ਇਹ ਕਿ ਮੈਂ ਹੀ ਦਰਦਾਂ ਦੇ ਹਾਣ ਦਾ ਨਾ ਹੋ ਸਕਿਆ।
ਦੁੱਖ ਇਹ ਨਹੀਂ ਕਿ ਮੈਂ ਸਦਾ ਆਲੇ-ਦੁਆਲੇ ‘ਚ ਭਟਕਦਿਆਂ ਖ਼ੁਦ ਨੂੰ ਮਿਲਣ ਤੋਂ ਹੀ ਟਾਲ਼ਾ ਵਟਦਾ ਰਿਹਾ। ਦੁੱਖ ਇਹ ਕਿ ਮੈਂ ਕਦੇ-ਕਦਾਈਂ ਖ਼ੁਦ ਨੂੰ ਮਿਲਣ ਦਾ ਐਵੇਂ ਭਰਮ ਹੀ ਪਾਲਦਾ ਰਿਹਾ।
ਦੁੱਖ ਇਹ ਨਹੀਂ ਕਿ ਮੈਂ ਖ਼ੁਦ ਨੂੰ ਬੰਦਿਆਂ ਵਾਂਗ ਨਹੀਂ ਮਿਲਿਆ। ਸਗੋਂ ਦੁੱਖ ਇਹ ਵੀ ਕਿ ਮੈਂ ਖ਼ੁਦ ਨੂੰ ਮਿਲ ਕੇ ਵੀ ਕਦੇ ਖ਼ੁਦ ਨੂੰ ਨਹੀਂ ਮਿਲਿਆ।