ਵਿਸ਼ਵ ਦੇ ਮਹਾਨ ਖਿਡਾਰੀ

ਬਾਸਕਟਬਾਲ ਦਾ ਜਾਦੂਗਰ ਮੈਜਿਕ ਜੌਹਨਸਨ
ਪ੍ਰਿੰ. ਸਰਵਣ ਸਿੰਘ
ਜੌਹਨਸਨ ਨੂੰ ਉਹਦੀ ਜਾਦੂਮਈ ਖੇਡ ਸਦਕਾ ਮੈਜਿਕ ਜੌਹਨਸਨ ਕਿਹਾ ਜਾਂਦੈ। ਉਹ ਹੈ ਹੀ ਬਾਸਕਟਬਾਲ ਦੀ ਖੇਡ ਦਾ ਜਾਦੂਗਰ। ਇਹ ਖ਼ਿਤਾਬ ਉਸ ਨੂੰ 15 ਸਾਲ ਦੀ ਉਮਰ `ਚ ਮਿਲ ਗਿਆ ਸੀ। ਬਾਲ ਦੀਆਂ ਬੱਚੀਆਂ ਪੁਆਉਂਦਾ ਉਹ ਅਜਿਹੀਆਂ ਝਕਾਨੀਆਂ ਦਿੰਦਾ ਕਿ ਦੇਖਣ ਵਾਲੇ ਦੰਗ ਰਹਿ ਜਾਂਦੇ!

ਉਹਦੀਆਂ ਵਧੇਰੇ ਬਾਸਕਟਾਂ ਤਿੰਨ ਅੰਕੀ ਹੁੰਦੀਆਂ। ਆਪਣੇ ਖੇਡ ਕੈਰੀਅਰ ਦੌਰਾਨ ਉਸ ਨੇ ਹਜ਼ਾਰਾਂ ਅੰਕ ਬਣਾਏ। ਉਹਦਾ ਪੂਰਾ ਨਾਂ ਈਅਰਵਿਨ ਜੌਨ੍ਹਸਨ ਜੂਨੀਅਰ ਹੈ। ਦੁਨੀਆ ਦੇ ਸਟਾਰ ਬਾਸਕਟਬਾਲ ਖਿਡਾਰੀਆਂ `ਚ ਉਹ ਆਪਣੀ ਵੱਖਰੀ ਪਛਾਣ ਰੱਖਦਾ ਹੈ। ਉਸ ਨੇ ਖਿਡਾਰੀ ਹੋਣ ਕਰਕੇ ਹੀ ਨਹੀਂ ਬਲਕਿ ਬਹੁਪੱਖੀ ਸ਼ਖ਼ਸੀਅਤ ਹੋਣ ਪੱਖੋਂ ਵੀ ਬੜੇ ਮਾਣ-ਸਨਮਾਨ ਹਾਸਲ ਕੀਤੇ।
ਆਪਣੇ 20 ਸਾਲ ਦੇ ਖੇਡ ਕੈਰੀਅਰ ਦੌਰਾਨ ਉਸ ਨੇ 14 ਵੱਡੀਆਂ ਚੈਂਪੀਅਨਸ਼ਿਪਾਂ ਜਿੱਤੀਆਂ। ਇਕ ਚੈਂਪੀਅਨਸ਼ਿਪ ਕਾਲਜ ਪੜ੍ਹਦਿਆਂ, 5 ਐੱਨ.ਬੀ.ਏ. ਦੀਆਂ ਤੇ 8 ਆਪਣੀ ਵੱਖਰੀ ਟੀਮ ਬਣਾ ਕੇ ਜਿੱਤੀਆਂ। ਕਈ ਨਵੇਂ ਰਿਕਾਰਡ ਰੱਖੇ। ਉਸ ਨੇ ਐੱਨਬੀਏ ਦੇ 12 ਸੀਜ਼ਨ ਖੇਡੇ, ਜਿਨ੍ਹਾਂ `ਚ 9 ਵਾਰ ਫਾਈਨਲ ਵਿਚ ਪੁੱਜਾ ਤੇ 5 ਵਾਰ ਚੈਂਪੀਅਨਸ਼ਿਪ ਜਿੱਤੀ। 3 ਵਾਰ ਐੱਮਬੀਏ ਦਾ ਐੱਮ.ਵੀ.ਪੀ. ਯਾਨੀ ਮੋਸਟ ਵੈਲਿਊਏਬਲ ਪਲੇਅਰ ਐਲਾਨਿਆ ਗਿਆ। ਉਹਦੀ ਹਾਜ਼ਰੀ ਖੇਡ ਮੈਦਾਨ `ਚ ਹੀ ਨਹੀਂ, ਜੀਵਨ ਦੇ ਹਰ ਖੇਤਰ ਵਿਚ ਦਿਸਦੀ ਹੈ। ਉਹ ਵਿਸ਼ਵ ਦਾ ਵੀ.ਆਈ.ਪੀ. ਹੈ ਜਿਸ ਦੀ ਅਮਰੀਕਾ ਦੇ ਪ੍ਰਧਾਨ ਤੇ ਹੋਰਨਾਂ ਦੇਸ਼ਾਂ ਦੇ ਹਾਕਮ ਵੀ ਕਦਰ ਕਰਦੇ ਹਨ। ਏਡਜ਼ ਦੇ ਮਰੀਜ਼ਾਂ ਲਈ ਉਹ ਹੌਂਸਲੇ ਤੇ ਪ੍ਰੇਰਨਾ ਦਾ ਸੋਮਾ ਹੈ। ਉਹਦਾ ਨਾਂ ਅਨੇਕਾਂ ਸ਼ਹਿਰਾਂ ਦੇ ‘ਹਾਲ ਆਫ਼ ਆਨਰ’ ਵਿਚ ਉਕਰਿਆ ਗਿਆ। ਉਹ ਅਜੇ ਵੀ ਪੂਰਾ ਸਰਗਰਮ ਹੈ ਅਤੇ ਵੱਡੀ ਪੱਧਰ `ਤੇ ਕਈ ਤਰ੍ਹਾਂ ਦੇ ਬਿਜ਼ਨਸ ਚਲਾ ਰਿਹੈ। ਉਹਦਾ ਜਨਮ 14 ਅਗਸਤ 1959 ਨੂੰ ਲੈਂਸਿੰਗ ਵਿਖੇ ਮਿਸ਼ੀਗਨ ਸਟੇਟ `ਚ ਹੋਇਆ। ਉਸ ਦੇ ਬਾਪ ਈਅਰਵਿਨ ਸੀਨੀਅਰ ਤੇ ਮਾਂ ਕ੍ਰਿਸਟਾਈਨ ਜੌਹਨਸਨ ਦੇ 6 ਬੱਚੇ ਸਨ। ਬਾਪ ਦੇ ਤਿੰਨ ਬੱਚੇ ਪਹਿਲੀ ਪਤਨੀ ਦੇ ਵੀ ਸਨ। ਉਨ੍ਹਾਂ ਦਾ ਵੱਡਾ ਪਰਿਵਾਰ ਮੱਧ ਵਰਗੀ ਸੀ। ਬਾਪ ਮੋਟਰਜ਼ ਅਸੈਂਬਲੀ ਦੇ ਕਾਰੋਬਾਰ ਦਾ ਆਟੋ ਕਰਮਚਾਰੀ ਸੀ ਤੇ ਮਾਂ ਸਕੂਲ ਦੀ ਸੇਵਾਦਾਰ। ਵੱਡੇ ਪਰਿਵਾਰ ਨੂੰ ਪਾਲਣ ਲਈ ਮਾਂ ਬਾਪ ਨੂੰ ਸਖ਼ਤ ਮਿਹਨਤ ਕਰਨੀ ਪੈਂਦੀ ਸੀ। ਮਾਂ ਸਕੂਲੋਂ ਪਰਤ ਕੇ ਘਰ ਦੀ ਸਾਫ ਸਫਾਈ, ਬੱਚਿਆਂ ਦੀ ਦੇਖ ਭਾਲ ਤੇ ਟੱਬਰ ਦੇ ਜੀਆਂ ਦਾ ਖਾਣਾ ਤਿਆਰ ਕਰਦੀ। ਬਾਪ ਕਾਰਾਂ ਦੀ ਮੁਰੰਮਤ ਤੇ ਕਾਰਖਾਨੇ ਦੀ ਪਹਿਰੇਦਾਰੀ ਕਰ ਕੇ ਘਰ ਮੁੜਦਾ ਤੇ ਤੜਕੇ ਫਿਰ ਕੰਮ `ਤੇ ਨਿਕਲ ਜਾਂਦਾ। ਮਾਪਿਆਂ ਦੀ ਸਖ਼ਤ ਮਿਹਨਤ ਦਾ ਪ੍ਰਭਾਵ ਬਾਲਕ ਜੌਹਨਸਨ `ਤੇ ਵੀ ਪਿਆ ਤੇ ਉਹ ਬਚਪਨ ਤੋਂ ਹੀ ਮਿਹਨਤੀ ਬਣ ਗਿਆ। ਉਹ ਵੀ ਕਦੇ ਕਦੇ ਮਾਂ ਬਾਪ ਨਾਲ ਕੰਮ `ਚ ਹੱਥ ਵਟਾਉਂਦਾ। ਜਦ ਉਹ ਬਾਪ ਨਾਲ ਕੂੜੇ ਕਚਰੇ ਦੀ ਸਾਫ ਸਫਾਈ ਕਰਾਉਂਦਾ ਤਾਂ ਉਹਦੇ ਬਚਪਨ ਦੇ ਸਾਥੀ ਉਸ ਨੂੰ ਛੇੜਦੇ। ਮਾਂ ਐਤਵਾਰ ਨੂੰ ਬੱਚਿਆਂ ਨੂੰ ਚਰਚ ਲੈ ਜਾਂਦੀ।
ਉਦੋਂ ਕਿਸੇ ਦੇ ਖ਼ਾਬ ਖ਼ਿਆਲ ਵਿਚ ਵੀ ਨਹੀਂ ਹੋਣਾ ਕਿ ਇਹ ਸਾਧਾਰਨ ਬੱਚਾ ਵੱਡਾ ਹੋ ਕੇ ਬਾਸਕਟਬਾਲ ਦੀ ਖੇਡ ਦਾ ਐਸਾ ਸਟਾਰ ਬਣੇਗਾ ਜਿਸ ਦੀ ਕਮਾਈ ਬਿਲੀਅਨ ਡਾਲਰਾਂ ਤਕ ਪੁੱਜ ਜਾਵੇਗੀ। ਉਹਦਾ ਬਾਪ ਆਪ ਬਾਸਕਟਬਾਲ ਦਾ ਖਿਡਾਰੀ ਸੀ ਜੋ ਹਾਈ ਸਕੂਲ ਮਿੱਸੀਸਿੱਪੀ ਵਿਚ ਬਾਸਕਟਬਾਲ ਖੇਡਦਾ ਰਿਹਾ ਸੀ। ਉਸ ਦੀ ਮਾਂ ਨਾਰਥ ਕੈਰੋਲੀਨਾ ਤੋਂ ਸੀ। ਉਹ ਵੀ ਬਚਪਨ ਵਿਚ ਬਾਸਕਟਬਾਲ ਖੇਡਦੀ ਰਹੀ ਸੀ। ਉਸ ਦੇ ਮਾਮੇ ਵੀ ਬਾਸਕਟਬਾਲ ਦੇ ਖਿਡਾਰੀ ਸਨ। ਇੰਜ ਬਾਸਕਟਬਾਲ ਦੀ ਖੇਡ ਜੌਨ੍ਹਸਨ ਜੂਨੀਅਰ ਦੇ ਲਹੂ ਵਿਚ ਸਮਾਈ ਹੋਈ ਸੀ। ਟੀਵੀ ਤੋਂ ਮੈਚ ਵੇਖਦਿਆਂ ਉਹ ਬਿੱਲ ਰੱਸਲ, ਅਰਲ ਮੋਨਰੋ ਤੇ ਮਾਰਕੁਏਜ਼ ਹੇਨਜ਼ ਵਰਗੇ ਖਿਡਾਰੀਆਂ ਦੀ ਖੇਡ ਦਾ ਮੁਰੀਦ ਬਣ ਗਿਆ। ਉਨ੍ਹਾਂ ਵਰਗਾ ਬਣਨ ਲਈ ਉਹ ਸਕੂਲੇ ਪੜ੍ਹਦਿਆਂ ਵਧੇਰੇ ਸਮਾਂ ਬਾਸਕਟਬਾਲ ਹੀ ਖੇਡਦਾ ਰਹਿੰਦਾ।
ਜਦੋਂ ਉਹ ਅੱਠਵੇਂ ਗਰੇਡ `ਚ ਹੋਇਆ ਤਾਂ ਉਸ ਨੂੰ ਆਪਣਾ ਭਵਿੱਖ ਬਾਸਕਟਬਾਲ ਦੀ ਖੇਡ ਵਿਚ ਵਿਖਾਈ ਦੇਣ ਲੱਗਾ। ਉਹ ਆਪਣੇ ਹਾਣੀਆਂ `ਚ ਸਭ ਤੋਂ ਤਕੜਾ ਖਿਡਾਰੀ ਸੀ। ਇਕ ਸਕੂਲੀ ਮੈਚ ਵਿਚ ਉਸ ਨੇ 48 ਅੰਕ ਲੈ ਕੇ ਕਮਾਲ ਹੀ ਕਰ ਦਿੱਤੀ। ਉਦੋਂ ਸੈਕਸਟਨ ਹਾਈ ਸਕੂਲ ਦੀ ਬਾਸਕਟਬਾਲ ਟੀਮ ਬਹੁਤ ਤਕੜੀ ਹੁੰਦੀ ਸੀ। ਉਸ ਨੇ ਜੌਨ੍ਹਸਨ ਜੂਨੀਅਰ ਨੂੰ ਆਪਣੀ ਟੀਮ ਵਿਚ ਪਾ ਲਿਆ। ਉਹ ਸਕੂਲ ਸੀ ਵੀ ਉਹਦੇ ਘਰ ਦੇ ਨੇੜੇ। ਫਿਰ ਉਹ ਐਵਰਟ ਹਾਈ ਸਕੂਲ ਦੀ ਟੀਮ ਵਿਚ ਚਲਾ ਗਿਆ ਜਿਥੇ ਬਾਸਕਟਬਾਲ ਦਾ ਕੋਚ ਬੜੀ ਵਧੀਆ ਕੋਚਿੰਗ ਦਿੰਦਾ ਸੀ। ਉਥੇ ਉਸ ਦੀ ਖੇਡ ਹੋਰ ਵੀ ਨਿੱਖਰ ਗਈ। ਉਸ ਨੂੰ ਖੇਡ ਟੂਰ ਲਾਉਣ ਦੇ ਵੀ ਵਧੇਰੇ ਮੌਕੇ ਮਿਲਣ ਲੱਗੇ।
ਇੰਟਰ ਸਕੂਲਾਂ ਦੇ ਇਕ ਹੋਰ ਮੈਚ ਵਿਚ ਉਸ ਨੇ 36 ਅੰਕ ਹਾਸਲ ਕੀਤੇ ਤਾਂ ਖੇਡ ਲੇਖਕ ਫਰੈੱਡ ਸਟੈਬਲੇ ਨੇ ਉਸ ਦੀ ਖੇਡ ਨੂੰ ਬੜਾ ਵਡਿਆਇਆ। ਅਖ਼ਬਾਰਾਂ ਵਿਚ ਉਹਦੀ ਚੰਗੀ ਚਰਚਾ ਹੋਈ। 15 ਸਾਲ ਦੀ ਉਮਰ `ਚ ਹੀ ਉਸ ਨੂੰ ‘ਮੈਜਿਕ’ ਜੌਨ੍ਹਸਨ ਕਿਹਾ ਜਾਣ ਲੱਗਾ। ਉਸ ਨੇ ਐਵਰਟ ਸਕੂਲ ਦੀ ਅਗਵਾਈ ਕੀਤੀ ਤੇ ਸਟੇਟ ਪੱਧਰ `ਤੇ ਜਿੱਤ ਦਿਲਵਾਈ। ਉਥੇ ਉਹ ਸਟੇਟ ਦੇ ਸਕੂਲਾਂ ਦਾ ਸਰਬੋਤਮ ਖਿਡਾਰੀ ਸਿੱਧ ਹੋਇਆ। 1977 `ਚ ਕੈਪੀਟਲ ਕਲਾਸਿਕ ਟੂਰਨਾਮੈਂਟ ਖੇਡਣ ਲਈ ਉਸ ਨੂੰ ਮੈਕਡਾਨਲਡ ਆਲ ਅਮਰੀਕਨ ਟੀਮ ਦਾ ਮੈਂਬਰ ਬਣਾਇਆ ਗਿਆ। ਇੰਜ ਉਹ ਮਿਸ਼ੀਗਨ ਦੇ ਹਾਈ ਸਕੂਲਾਂ ਦਾ ਸਭ ਤੋਂ ਹੋਣਹਾਰ ਖਿਡਾਰੀ ਸਮਝਿਆ ਗਿਆ।
ਉਸ ਦੀ ਖੇਡ `ਚ ਵੱਡਾ ਸੁਧਾਰ ਉਦੋਂ ਹੋਇਆ ਜਦੋਂ ਉਹ ਮਿਸ਼ੀਗਨ ਸਟੇਟ ਯੂਨੀਵਰਸਿਟੀ ਵਿਚ ਦਾਖਲ ਹੋਇਆ। ਉਸ ਨੇ ਯੂਨੀਵਰਸਿਟੀ ਦੀ ਟੀਮ ਵਿਚ ਸਰਬੋਤਮ ਸਥਾਨ ਹਾਸਲ ਕੀਤਾ। 1979 ਵਿਚ ਉਸ ਨੇ ਟੀਮ ਨੂੰ ਐਨਸੀਏਏ ਬਾਸਕਟਬਾਲ ਟੂਰਨਾਮੈਂਟ ਜਿਤਵਾਇਆ। ਫਾਈਨਲ ਵਿਚ ਮਿਸ਼ੀਗਨ ਸਟੇਟ ਦੀ ਟੀਮ ਇੰਡੀਆਨਾ ਦੇ ਲੈਰੀ ਬਾਰਡ ਦੀ ਅਗਵਾਈ ਵਾਲੀ ਇੰਡੀਆਨਾ ਸਟੇਟ ਦੀ ਟੀਮ ਨੂੰ ਹਰਾ ਕੇ ਮੈਚ ਜਿੱਤੀ। ਉਹ ਮੈਚ ਬਾਸਕਟਬਾਲ ਪ੍ਰੇਮੀਆਂ ਨੇ ਐੱਨਬੀਏ ਦੇ ਫਾਈਨਲ ਮੈਚ ਵਾਂਗ ਹੀ ਟੀਵੀ ਤੋਂ ਵੱਡੀ ਗਿਣਤੀ ਵਿਚ ਵੇਖਿਆ। ਇਹ ਮੈਚ ਮੈਜਿਕ ਜੌਨ੍ਹਸਨ ਤੇ ਲੈਰੀ ਬਾਰਡ ਦਰਮਿਆਨ ਸ਼ੁਰੂ ਹੋਈ ਗਹਿਗੱਚ ਮੁਕਾਬਲਿਆਂ ਦੀ ਸ਼ੁਰੂਆਤ ਸੀ ਜੋ ਅਗਲੇ ਕਈ ਸਾਲ ਐੱਨਬੀਏ ਦੀਆਂ ਚੈਂਪੀਅਨਸ਼ਿਪਾਂ ਵਿਚ ਵੀ ਜਾਰੀ ਰਹੀ। ਦੋਵੇਂ ਸਟਾਰ ਖਿਡਾਰੀ ਦੇਰ ਤਕ ਬਾਸਕਟਬਾਲ ਦੇ ਅੰਬਰ `ਤੇ ਛਾਏ ਰਹੇ।
ਮਿਸ਼ੀਗਨ ਸਟੇਟ `ਚ ਝੰਡੇ ਗੱਡਣ ਪਿੱਛੋਂ 1979 ਵਿਚ ਮੈਜਿਕ ਜੌਹਨਸਨ ਨੇ ਐੱਮਬੀਏ ਡਰਾਫਟ `ਚ ਦਾਖਲਾ ਲਿਆ। ਉਥੇ ਉਸ ਨੂੰ ਲਾਸ ਏਂਜਲਸ ਲੇਕਰਜ਼ ਨੇ ਆਪਣੀ ਟੀਮ ਵਿਚ ਚੁਣ ਲਿਆ ਜੋ ਉਸ ਦੀ ਵੱਡੀ ਪ੍ਰਾਪਤੀ ਸੀ। ਅਜੇ ਉਹ ਵੀਹਵੇਂ ਸਾਲ `ਚ ਸੀ ਕਿ ਨਾਮਵਰ ਕਲੱਬ ਲਾਸ ਏਂਜਲਸ ਲੇਕਰਜ਼ ਵੱਲੋਂ ਐੱਨਬੀਏ ਚੈਂਪੀਅਨਸ਼ਿਪ ਖੇਡਣ ਲੱਗਾ। ਉਸ ਦੀ ਸ਼ੁਰੂਆਤ ਏਨੀ ਕਮਾਲ ਦੀ ਹੋਈ ਕਿ ਉਸ ਨੇ ਆਪਣੇ ਪਹਿਲੇ ਸੀਜ਼ਨ ਵਿਚ ਹੀ ਲੇਕਰਜ਼ ਨੂੰ ਫਾਈਨਲ ਵਿਚ ਪੁਚਾ ਦਿੱਤਾ। 1980 `ਚ ਆਪਣੇ ਡੈਬਿਊ ਸੀਜ਼ਨ ਦੌਰਾਨ, ਸੈਂਟਰ ਫਾਰਵਰਡ ਖੇਡਦੇ ਹੋਏ 42 ਅੰਕ ਹਾਸਲ ਕੀਤੇ ਜਿਨ੍ਹਾਂ ਨਾਲ ਚੈਂਪੀਅਨਸ਼ਿਪ ਜਿੱਤੀ ਗਈ। ਇਸ ਜਿੱਤ ਨੇ ਮੈਜਿਕ ਜੌਹਨਸਨ ਨੂੰ ਬਾਸਕਟਬਾਲ ਦੇ ਨਵੇਂ ਸਿਤਾਰੇ ਵਜੋਂ ਚਮਕਾਇਆ। ਨਾ ਸਿਰਫ਼ ਚਮਕਾਇਆ ਬਲਕਿ ਧਰੂ ਤਾਰੇ ਵਾਂਗ ਸਥਾਪਿਤ ਕਰ ਦਿੱਤਾ। ਬਾਸਕਟਬਾਲ ਦਾ ਅਗਲਾ ਸਮਾਂ ਹੁਣ ਉਹਦਾ ਸੀ ਜੋ ਸੱਚਮੁੱਚ ਉਹਦਾ ਹੀ ਸਾਬਤ ਹੋਇਆ।
1980 ਦੇ ਦਹਾਕੇ ਨੂੰ ‘ਸ਼ੋਅਟਾਈਮ ਲੇਕਰਜ਼’ ਦੇ ਯੁੱਗ ਵਜੋਂ ਜਾਣਿਆਂ ਜਾਂਦਾ ਹੈ ਜਿਸ ਦੀ ਅਗਵਾਈ ਮੈਜਿਕ ਜੌਹਨਸਨ ਕਰ ਰਿਹਾ ਸੀ। ਮੈਜਿਕ ਦੇ ਖੇਡਣ ਦਾ ਅੰਦਾਜ਼ ਬੜਾ ਦਿਲਕਸ਼ ਸੀ। ਉਹ ਆਪਣੀ ਖ਼ਾਸ ਅਦਾ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦਾ। ਉਸ ਦੀ ਲੰਮੇ ਪਾਸਾਂ ਤੇ ਤੇਜ਼ ਦੌੜ ਵਾਲੀ ਖੇਡ ਸ਼ੈਲੀ ਨੇ ਲਾਸ ਏਂਜਲਸ ਲੇਕਰਜ਼ ਨੂੰ ਅਜੇਤੂ ਟੀਮ ਬਣਾ ਦਿੱਤਾ। ਉਸ ਤੋਂ ਪਹਿਲਾਂ ਵੀ ਟੀਮ ਦੇ ਕੋਚ ਪੈਟ ਰਾਇਲੀ ਦੀ ਕੋਚਿੰਗ ਨੇ ਲੇਕਰਜ਼ ਨੂੰ ਪੂਰੀ ਦਮਦਾਰ ਟੀਮ ਬਣਾਇਆ ਹੋਇਆ ਸੀ।
1980-88 ਦਰਮਿਆਨ ਮੈਜਿਕ ਜੌਹਨਸਨ ਦੀ ਅਗਵਾਈ ਵਿਚ ਲੇਕਰਜ਼ ਨੇ ਪੰਜ ਵਾਰ ਐੱਨਬੀਏ ਦੀਆਂ ਚੈਂਪੀਅਨਸ਼ਿਪਾਂ ਜਿੱਤੀਆਂ। ਮੈਜਿਕ ਦੀ ਸੰਤੁਲਤ ਖੇਡ ਤੇ ਲੀਡਰਸ਼ਿਪ ਦੇ ਗੁਣਾਂ ਨੇ ਉਸ ਨੂੰ ਹੋਰ ਵੀ ਹਰਮਨ ਪਿਆਰਾ ਖਿਡਾਰੀ ਬਣਾ ਦਿੱਤਾ ਸੀ। ਉਸ ਨੇ ਵਾਰ-ਵਾਰ ਸਾਬਤ ਕੀਤਾ ਕਿ ਉਹਦੀ ਖੇਡ ਕੇਵਲ ਸਕੋਰ ਹਾਸਲ ਕਰਨ ਤਕ ਹੀ ਸੀਮਤ ਨਹੀਂ ਬਲਕਿ ਪਾਸਿੰਗ, ਅਸਿਸਟਿੰਗ ਤੇ ਟੀਮ ਦੀ ਕਮਾਂਡ ਕਰਨ `ਚ ਵੀ ਉਸ ਦਾ ਕੋਈ ਸਾਨੀ ਨਹੀਂ। ਉਹ ਅਜਿਹਾ ਖਿਡਾਰੀ ਸੀ ਜੋ ਪੁਆਇੰਟ ਗਾਰਡ ਤੋਂ ਲੈ ਕੇ ਕਿਸੇ ਵੀ ਸਥਾਨ `ਤੇ ਖੇਡ ਸਕਦਾ ਸੀ।
ਜਿਵੇਂ ਹਰੇਕ ਖੇਡ ਹੀ ਕੁਝ ਖ਼ਾਸ ਖਿਡਾਰੀਆਂ ਦੇ ਨਾਵਾਂ ਕਰਕੇ ਵਧੇਰੇ ਦਰਸ਼ਕਾਂ ਵੱਲੋਂ ਵੇਖੀ ਜਾਂਦੀ ਹੈ ਉਵੇਂ ਸਾਂਵਲੇ ਰੰਗ ਦੇ ਮੈਜਿਕ ਜੌਨ੍ਹਸਨ ਤੇ ਗੋਰੇ ਰੰਗ ਦੇ ਲੈਰੀ ਬਾਰਡ ਦੇ ਮੁਕਾਬਲਿਆਂ ਸਮੇਂ ਵੇਖੀ ਜਾਂਦੀ ਸੀ। 1980ਵੇਂ ਦੇ ਦਹਾਕੇ `ਚ ਲੇਕਰਜ਼ ਕਲੱਬ ਵੱਲੋਂ ਮੈਜਿਕ ਜੌਹਨਸਨ ਤੇ ਬੋਸਟਨ ਸੈਲਟਿਕਸ ਕਲੱਬ ਵੱਲੋਂ ਲੈਰੀ ਬਾਰਡ ਦੀ ਖੇਡ ਨੇ ਦਰਸ਼ਕਾਂ ਨੂੰ ਧੂਹ ਪਾਈ ਰੱਖੀ। 1984, 85 ਤੇ 87 `ਚ ਐੱਨਬੀਏ ਦੇ ਜੋ ਫਾਈਨਲ ਮੁਕਾਬਲੇ ਹੋਏ ਉਹ ਬਾਸਕਟਬਾਲ ਦੇ ਇਤਿਹਾਸ ਵਿਚ ਸਭ ਤੋਂ ਯਾਦਗਾਰੀ ਗਿਣੇ ਜਾਂਦੇ ਹਨ।
ਮੈਜਿਕ ਜੌਹਨਸਨ ਦਾ ਕੱਦ 6 ਫੁੱਟ 9 ਇੰਚ ਹੈ ਤੇ ਖਿਡਾਰੀ ਹੋਣ ਵੇਲੇ ਸਰੀਰਕ ਵਜ਼ਨ 100 ਕਿਲੋ ਸੀ। ਉਸ ਦੀ ਜਰਸੀ ਦਾ ਨੰਬਰ 32 ਸੀ ਤੇ ਪੁਜ਼ੀਸ਼ਨ ਪੁਆਇੰਟ ਗਾਰਡ। ਉਸ ਦੇ ਖੇਡ ਕੈਰੀਅਰ ਨੂੰ ਤਿੰਨ ਭਾਗਾਂ `ਚ ਵੰਡਿਆ ਜਾ ਸਕਦਾ ਹੈ। 1979-91 ਤੇ 1996 ਲਾਸ ਏਂਜਲਸ ਲੇਕਰਜ਼ ਵੱਲੋਂ ਅਤੇ 1999-2000 ਮੈਜਿਕ ਗ੍ਰੇਟ ਡੇਨਸ ਵੱਲੋਂ। 1994 `ਚ ਉਹ ਲਾਸ ਏਂਜਲਸ ਲੇਕਰਜ਼ ਦਾ ਕੋਚ ਵੀ ਰਿਹਾ। 12 ਵਾਰ ਉਹ ਐੱਨਬੀਏ ਦੀ ਆਲ ਸਟਾਰ ਟੀਮ ਦਾ ਖਿਡਾਰੀ ਐਲਾਨਿਆ ਜਾਂਦਾ ਰਿਹਾ। 2 ਵਾਰ 1990 ਤੇ 1992 `ਚ ਆਲ ਸਟਾਰ ਗੇਮ ਦਾ ਐੱਮਵੀਪੀ ਖਿਡਾਰੀ ਬਣਿਆ। ਉਸ ਨੇ 17707 ਪੁਆਇੰਟ ਲਏ, 6559 ਰੀਬਾਊਂਡ ਤੇ 10141 ਅੰਕ ਅਸਿਸਟ ਕੀਤੇ। ਉਹ ਬਾਸਕਟਬਾਲ ਦਾ ਹਾਲ ਆਫ ਫੇਮ ਖਿਡਾਰੀ ਬਣਿਆ। ਉਸ ਨੇ ਅਮਰੀਕਾ ਦੀ ਨੁਮਾਇੰਦਗੀ ਕਰਦਿਆਂ ਅਨੇਕ ਮੈਡਲ ਜਿੱਤੇ ਜਿਨ੍ਹਾਂ `ਚ ਬਾਰਸੀਲੋਨਾ-1992 ਦੀਆਂ ਓਲੰਪਿਕ ਖੇਡਾਂ ਦਾ ਗੋਲਡ ਮੈਡਲ ਵੀ ਸ਼ਾਮਲ ਹੈ। ਅਮਰੀਕਾ ਦੀ ਉਸ ਟੀਮ ਨੂੰ ‘ਡਰੀਮ ਟੀਮ’ ਦਾ ਨਾਮ ਦਿੱਤਾ ਗਿਆ ਸੀ।
ਜਦੋਂ ਜੌਹਨਸਨ ਦੀ ਗੁੱਡੀ ਅਸਮਾਨ `ਤੇ ਪੂਰੀ ਚੜ੍ਹੀ ਹੋਈ ਸੀ ਤਾਂ ਅਚਾਨਕ ਬਿੱਜ ਪੈ ਗਈ। ਉਸ ਨੂੰ ਐਲਾਨ ਕਰਨਾ ਪਿਆ ਕਿ ਉਹ ਐੱਚਆਈਵੀ ਦਾ ਮਰੀਜ਼ ਬਣ ਗਿਆ ਹੈ ਤੇ ਹੋਰ ਨਹੀਂ ਖੇਡ ਸਕੇਗਾ। ਉਸ ਦੇ ਪ੍ਰਸ਼ੰਸਕਾਂ ਨੂੰ ਬੜਾ ਸਦਮਾ ਲੱਗਾ। ਉਸ ਨੇ ਇਲਾਜ ਕਰਵਾਇਆ ਜਿਸ ਕਰਕੇ 1991 ਦਾ ਸੀਜ਼ਨ ਨਾ ਖੇਡਿਆ। 1992 ਵਿਚ ਉਹ ਫਿਰ ਮੈਦਾਨ `ਚ ਨਿਤਰਿਆ ਤਾਂ ਦਰਸ਼ਕਾਂ ਨੂੰ ਦੂਣ ਸਵਾਈ ਖੁਸ਼ੀ ਹੋਈ। ਇਹ ਉਹ ਸਮਾਂ ਸੀ ਜਦੋਂ ਓਲੰਪਿਕ ਖੇਡਾਂ ਹੋਣ ਵਾਲੀਆਂ ਸਨ। ਮੈਜਿਕ ਜੌਹਨਸਨ ਨੂੰ ਅਮਰੀਕਾ ਦੀ ‘ਡਰੀਮ ਟੀਮ’ ਦਾ ਕੋ-ਕਪਤਾਨ ਬਣਾਇਆ ਗਿਆ ਜਿਸ ਨੇ ਗੋਲਡ ਮੈਡਲ ਜਿੱਤ ਲਿਆ। ਉਸ ਪਿੱਛੋਂ ਉਹ ਸਰਗਰਮ ਖੇਡ ਤੋਂ ਫਿਰ ਰਿਟਾਇਰ ਹੋ ਗਿਆ ਤੇ 1996 ਤਕ ਟੂਰਨਾਮੈਂਟਾਂ ਤੋਂ ਪਾਸੇ ਰਿਹਾ।
1996 `ਚ 36 ਸਾਲ ਦੀ ਉਮਰੇ ਉਹ ਫਿਰ ਲੇਕਰਜ਼ ਵੱਲੋਂ ਐੱਨਬੀਏ ਦੀ ਚੈਂਪੀਅਨਸ਼ਿਪ ਦੀਆਂ 32 ਗੇਮਾਂ ਖੇਡਿਆ। ਫੇਰ ਉਸ ਨੇ ਮੈਜਿਕ ਜੌਨ੍ਹਸਨ ਆਲ ਸਟਾਰਜ਼ ਨਾਂ ਦੀ ਟੀਮ ਬਣਾ ਕੇ ਨੁਮਾਇਸ਼ੀ ਮੈਚ ਖੇਡਣੇ ਸ਼ੁਰੂ ਕਰ ਲਏ। ਨਾਲ ਦੀ ਨਾਲ ਐੱਚਵੀਆਈ ਤੋਂ ਬਚਣ ਦਾ ਪ੍ਰਚਾਰ ਵੀ ਕਰਦਾ ਰਿਹਾ। ਆਖ਼ਰ 39 ਸਾਲ ਦੀ ਉਮਰੇ 2000 ਵਿਚ ਉਸ ਨੇ ਬਾਸਕਟਬਾਲ ਖੇਡਣ ਤੋਂ ਰਿਟਾਇਰਮੈਂਟ ਲੈ ਲਈ ਤੇ ਆਪਣਾ ਬਿਜ਼ਨਸ ਚਲਾ ਲਿਆ।
ਉਹ ਕਾਰੋਬਾਰੀ ਹੋਣ ਨਾਲ ਬ੍ਰਾਡਕਾਸਟਰ ਵੀ ਹੈ ਤੇ ਮੋਟੀਵੇਸ਼ਨਲ ਬੁਲਾਰਾ ਵੀ। ਲੋੜੜੰਦਾਂ ਨੂੰ ਕੰਮ ਦੇਣ ਤੇ ਦਾਨ ਕਰਨ `ਚ ਵੀ ਕਿਸੇ ਤੋਂ ਪਿੱਛੇ ਨਹੀਂ। ਉਹ ਕੁਝ ਸਾਲਾਂ ਤੋਂ ਲਾਸ ਏਂਜਲਸ ਲੇਕਰਜ਼ ਦਾ ਹਿੱਸੇਦਾਰ ਮਾਲਕ ਤੇ ਉਸ ਦੀਆਂ ਸਰਗਰਮੀਆਂ ਦਾ ਪ੍ਰਧਾਨ ਵੀ ਰਿਹਾ ਹੈ। ਉਹ ਗੁੱਗਨਹੀਮ ਬੇਸਬਾਲ ਮੈਨੇਜਮੈਂਟ ਦਾ ਮੁੱਢਲਾ ਮੈਂਬਰ ਹੈ ਅਤੇ ਹੋਰ ਵੀ ਕਈ ਕਲੱਬਾਂ ਤੇ ਸੰਸਥਾਵਾਂ ਨਾਲ ਜੁੜਿਆ ਹੋਇਆ ਹੈ।
ਜੌਹਨਸਨ ਦਾ ਵਿਆਹ ਈਅਰਲਿਥਾ ਕੁੱਕੀ ਨਾਲ ਲਾਂਸਿਗ ਵਿਖੇ 1991 ਵਿਚ ਹੋਇਆ। ਬਰਾਤ ਵਿਚ ਗਿਣਵੇਂ ਚੁਣਵੇਂ ਖਿਡਾਰੀ ਹੀ ਸਨ। ਉਹਦਾ ਪਹਿਲਾ ਬੱਚਾ ਆਂਦਰੇ ਜੌਹਨਸਨ, ਇਕ ਹੋਰ ਔਰਤ ਮੇਲੀਸਾ ਮਿੱਛਲ ਦੀ ਕੁੱਖੋਂ 1981 `ਚ ਪੈਦਾ ਹੋਇਆ ਸੀ। ਉਸ ਨੂੰ ਉਹਦੀ ਮਾਂ ਨੇ ਹੀ ਪਾਲਿਆ। ਉਹ ਹਰ ਸਾਲ ਗਰਮੀਆਂ ਵਿਚ ਬਾਪ ਕੋਲ ਆਉਂਦਾ ਰਿਹਾ। ਹੁਣ ਉਹ ਮੈਜਿਕ ਜੌਹਨਸਨ ਐਂਟਰਪ੍ਰਾਈਜ਼ਸ ਦਾ ਮਾਰਕੀਟਿੰਗ ਡਾਇਰੈਕਟਰ ਹੈ।
ਜੌਹਨਸਨ ਦਾ ਦੂਜਾ ਪੁੱਤਰ ਈਅਰਵਿਨ ।।। (ਈਜੇ) ਰੀਆਲਟੀ ਸ਼ੋਅ ‘ਰਿਚ ਕਿਡਜ਼ ਆਫ਼ ਬੇਵੇਰਲੀ ਹਿੱਲਜ਼’ ਦਾ ਸਟਾਰ ਹੈ। ਜੌਨ੍ਹਸਨ ਜੋੜੇ ਨੇ 1995 `ਚ ਈਲੀਸਾ ਨਾਂ ਦੀ ਲੜਕੀ ਵੀ ਗੋਦ ਲਈ ਹੈ। ਹੁਣ ਮੈਜਿਕ ਜੌਹਨਸਨ, ਦਾਨਾ ਪੁਆਇੰਟ, ਕੈਲੀਫੋਰਨੀਆ ਵਿਖੇ ਛੁਟੀਆਂ ਮਨਾਉਣ ਵਾਲੇ ਘਰ ਬੀਵੇਰਲੀ ਹਿੱਲਜ਼ ਵਿਚ ਰਹਿੰਦਾ ਹੈ। ਲੇਕਰਜ਼ ਦੇ ਮਾਲਕ ਜੈਰੀ ਬੁੱਸ ਨੂੰ ਉਹ ਆਪਣਾ ਦੂਜਾ ਬਾਪ ਸਮਝਦਾ ਸੀ ਤੇ ਉਸ ਦਾ ਆਪਣੇ ਬਾਪ ਵਾਂਗ ਹੀ ਆਦਰ ਮਾਣ ਕਰਦਾ ਸੀ। ਜੈਰੀ ਬੁੱਸ ਦੀ 2013 ਵਿਚ ਕੈਂਸਰ ਨਾਲ ਮ੍ਰਿਤੂ ਹੋਈ ਤਾਂ ਉਸ ਨੇ ਸਭ ਤੋਂ ਵੱਧ ਸੋਗ ਮਨਾਇਆ। ਉਦੋਂ ਮੀਡੀਏ `ਚ ਉਸ ਨੇ ਬਿਆਨ ਦਿੱਤਾ, “ਡਾ. ਜੈਰੀ ਬੁੱਸ ਬਿਨਾਂ ਉਹ ‘ਮੈਜਿਕ’ ਨਹੀਂ, ਕੇਵਲ ਜੌਹਨਸਨ ਹੀ ਸੀ।”
ਮੈਜਿਕ ਜੌਹਨਸਨ ਨੂੰ ਮਿਲੇ ਮਾਣ ਸਨਮਾਨਾਂ ਦਾ ਕੋਈ ਅੰਤ ਨਹੀਂ। 1992 `ਚ ਉਸ ਨੂੰ ‘ਜੇ. ਵਾਲਟਰ ਕਨੇਡੀ ਸਿਟੀਜ਼ਨਸ਼ਿਪ ਅਵਾਰਡ’ ਮਿਲਿਆ। 1996 ਵਿਚ ਉਹ ਐੱਨਬੀਏ ਇਤਿਹਾਸ ਦੇ 50 ਸਰਬੋਤਮ ਖਿਡਾਰੀਆਂ `ਚ ਗਿਣਿਆ ਗਿਆ। 2021 ਵਿਚ ਐੱਨਬੀਏ ਦੀ 75ਵੀਂ ਵਰ੍ਹੇਗੰਢ ਟੀਮ ਵਿਚ ਚੁਣਿਆ ਗਿਆ ਤੇ ਉਸ ਦਾ ਬੁੱਤ ਕ੍ਰਿਪਟੋ. ਕਾਮ ਅਰੀਨਾ ਸਾਹਮਣੇ ਸਥਾਪਿਤ ਕੀਤਾ ਗਿਆ। ਉਹਦਾ ਇਕ ਹੋਰ ਸਟੈਚੂ ਮਿਸ਼ੀਗਨ ਸਟੇਟ `ਚ ਲਾਇਆ ਗਿਆ। ਨਾਈਸਮਿੱਥ ਮੈਮੋਰੀਅਲ ਹਾਲ ਆਫ਼ ਵਿਚ ਉਹਦਾ ਨਾਂ ਉੱਕਰਿਆ ਗਿਆ। ਫੀਬਾ ਹਾਲ ਆਫ਼ ਫੇਮ ਵਿਚ ਉਹਦਾ ਨਾਂ ਚੜ੍ਹਿਆ। ਨੈਸ਼ਨਲ ਕਾਲਜੀਏਟ ਬਾਸਕਟਬਾਲ ਆਫ਼ ਫੇਮ ਅਤੇ ਯੂ.ਐੱਸ. ਓਲੰਪਿਕ ਹਾਲ ਆਫ਼ ਫੇਮ ਵਿਚ ਉਹਦੇ ਨਾਂ ਦੀ ਸ਼ੋਭਾ ਹੋਈ। ਐੱਨਏਏਸੀਪੀ ਇਮੇਜ ਅਵਾਰਡ ਉਸ ਨੂੰ ਮਿਲੇ। 1992 ਦੇ ਜੈਕੀ ਰੋਬਿਨਸਨ ਸਪੋਰਟਸ ਅਵਾਰਡ ਤੋਂ ਲੈ ਕੇ ਗਰਾਮੀ ਅਵਾਰਡ ਤੇ ਸਟਾਰ ਆਨ ਦਾ ਹਾਲੀਵੁੱਡ ਵਾਕ ਆਫ਼ ਫੇਮ ਤਕ ਦੇ ਅਵਾਰਡ ਵੀ ਉਸ ਨੂੰ ਮਿਲੇ।
2023 ਵਿਚ ਉਸ ਨੇ ਨੈਸ਼ਨਲ ਫੁੱਟਬਾਲ ਲੀਗ ਲਈ ‘ਵਾਸ਼ਿੰਗਟਨ ਕਮਾਂਡਰਜ਼’ ਨੂੰ 6.05 ਬਿਲੀਅਨ ਡਾਲਰਾਂ ਨਾਲ ਖਰੀਦਿਆ ਜੋ ਸਭ ਤੋਂ ਮਹਿੰਗੀ ਕੀਮਤ ਸੀ। 1991 ਤੋਂ ਉਸ ਨੇ ਮੈਜਿਕ ਜੌਹਨਸਨ ਫਾਊਂਡੇਸ਼ਨ ਬਣਾਈ ਹੋਈ ਹੈ ਜੀਹਦੇ ਸਮਾਜ ਸੇਵਾਵਾਂ ਲਈ ਦਾਨ ਦੇ ਲੇਖੇ ਲੱਖਾਂ ਕਰੋੜਾਂ `ਚ ਹਨ। ਅਜੇ ਪਤਾ ਨਹੀਂ ਉਸ ਨੇ ਹੋਰ ਕੀ ਕੁਝ ਕਰਨਾ ਹੈ? ਈਅਰਵਿਨ ਜੌਹਨਸਨ ਨੂੰ ਐਵੇਂ ਨਹੀਂ ਲੋਕ ‘ਮੈਜਿਕ’ ਜੌਹਨਸਨ ਕਹਿੰਦੇ!