ਧਨੀ ਰਾਮ ਤੋਂ ਅਮਰ ਚਮਕੀਲੇ ਵੱਲ ਮੁੜਦਾ ਰਾਹ

ਐਸ਼ ਅਸ਼ੋਕ ਭੌਰਾ
ਇਹ ਗੱਲ ਕਹਿਣ ਵਿਚ ਮੈਨੂੰ ਕੋਈ ਉਜ਼ਰ ਨਹੀਂ ਕਿ ਅਮਰ ਸਿੰਘ ਚਮਕੀਲੇ ਤੇ ਅਮਰਜੋਤ ਵਿਰੁਧ ਅਤੇ ਉਨ੍ਹਾਂ ਦੇ ਗੀਤਾਂ ਤੇ ਗਾਇਕੀ ਖਿਲਾਫ਼ ਲੋਕ ਬਿਨਾਂ ਚੋਣ ਕਮਿਸ਼ਨ ਦੇ ਹਾਲੇ ਤੀਕਰ ਵੀ ਲਗਾਤਾਰ ਵੋਟਾਂ ਪਾਈ ਜਾ ਰਹੇ ਹਨ ਜਦੋਂਕਿ ਇਹ ਹਵਾਲਾ ਦੇਣ ਵਿਚ ਕੋਈ ਅਤਿਕਥਨੀ ਨਹੀਂ ਕਿ ਐਚæਐਮæਵੀæ ਕੰਪਨੀ ਨੂੰ ਉਹਦੇ ਗੀਤਾਂ ਦੀਆਂ ਸੀ ਡੀਆਂ ਵਿਕਣ ਦੇ ਇਵਜਾਨੇ ਵਿਚ ਕਈ ਵਾਰ ਲਤਾ ਦੇ ਗੀਤਾਂ ਨਾਲੋਂ ਵੀ ਵੱਧ ਰੈਵੀਨਿਊ ਆ ਰਿਹਾ ਹੈ। ਫਿਰ ਇਹ ਤਾਂ ਕਿਹਾ ਹੀ ਜਾ ਸਕਦਾ ਹੈ ਕਿ ਇਹ ਜੋੜੀ ਹਾਲੇ ਵੀ ਵਿਕ ਰਹੀ ਹੈ ਤੇ ਉਹਨੂੰ ਸੁਣਨ ਵਾਲੇ ਸਰੋਤਿਆਂ ਦੀ ਗਿਣਤੀ ਯੁੱਗ ਬੀਤਣ ਦੇ ਬਾਵਜੂਦ ਸਭ ਤੋਂ ਵੱਧ ਹੈ।
ਛੱਬੀਵਾਂ ਵਰ੍ਹਾ ਇਨ੍ਹਾਂ ਦੇ ਕਤਲ ਨੂੰ ਲੱਗ ਗਿਆ ਹੈ, ਇਸ ਵਕਫ਼ੇ ਦੌਰਾਨ ਬੜੀਆਂ ਹਨ੍ਹੇਰੀਆਂ ਚੜ੍ਹੀਆਂ। ਪੰਜਾਬੀ ਗਾਇਕੀ ਪੂਰੀ ਦੀ ਪੂਰੀ ਇੰਟਰਨੈਟ ਦੀ ਕੁੱਛੜ ਚੜ੍ਹ ਗਈ। ਨਵੇਂ ਦੌਰ ਆਏ। ਸੰਗੀਤ ਦੀਆਂ ਕਈਆਂ ਪਰਤਾਂ ਖੁੱਲ੍ਹੀਆਂ ਪਰ ਜੇ ਹਰ ਪੰਜਾਬੀ ਹਾਲੇ ਤੀਕਰ ਚਮਕੀਲੇ ਨੂੰ ਜਾਣਦਾ ਹੈ, ਉਹਦੇ ਤੁਰ ਜਾਣ ਤੋਂ ਬਾਅਦ ਜੰਮੇ ਵੀ ਉਹਦੇ ਗੀਤ ਸੁਣ ਰਹੇ ਹਨ, ਤਾਂ ਕਿਵੇਂ ਕਹਿ ਸਕਦੇ ਹਾਂ ਕਿ ਇਹ ਜੋੜੀ ਪੰਜਾਬੀ ਗਾਇਕੀ ਦੇ ਨਕਸ਼ੇ ਤੋਂ ਮਨਫ਼ੀ ਹੋ ਗਈ ਹੈ? ਜੇ ਉਹਦੇ ਵਿਰੋਧ ਦੀਆਂ ਕਹਾਣੀਆਂ ਨੂੰ ਜ਼ਰਾ ਕੁ ਲਾਂਭੇ ਲਾ ਲਈਏ ਤਾਂ ਇਹ ਵੀ ਕਿਹਾ ਜਾ ਸਕਦਾ ਹੈ ਕਿ ਜੋ ਕੁਝ ਉਨ੍ਹਾਂ ਨੇ ਗਾਇਆ ਹੈ, ਉਹਨੂੰ ਹੱਥੋ-ਹੱਥੀ ਅਗਲੀਆਂ ਪੀੜ੍ਹੀਆਂ ਲਈ ਤੋਰਿਆ ਜਾ ਰਿਹਾ ਹੈ। ਜੇ ਇੰਗਲੈਂਡ, ਕੈਨੇਡਾ ਅਤੇ ਅਮਰੀਕਾ ਦੀਆਂ ਨਵੀਆਂ ਨਸਲਾਂ ਮਹਿੰਗੀਆਂ ਕਾਰਾਂ ਵਿਚ ਚਮਕੀਲਾ ਤੇ ਅਮਰਜੋਤ ਵਜਾ ਰਹੇ ਹਨ, ਜੇ ਹਲ ਵਾਹੁੰਦੇ ਗੱਭਰੂ ਟਰੈਕਟਰਾਂ ‘ਤੇ ਉਨ੍ਹਾਂ ਦੇ ਗੀਤ ਸੁਣ ਰਹੇ ਹਨ, ਤਾਂ ਗੱਲ ਆਮ ਕਿਵੇਂ ਰਹਿ ਸਕਦੀ ਹੈ? ਇਹ ਤਾਂ ਮੈਨੂੰ ਪਤਾ ਨਹੀਂ ਕਿ ਉਨ੍ਹਾਂ ਨੂੰ ਗੋਲੀਆਂ ਨਾਲ ਛਲਣੀ ਕਰਨ ਵਾਲੇ ਕੀ ਖੱਟਣ ਦਾ ਦਾਅਵਾ ਕਰਦੇ ਹਨ ਪਰ ਇਹ ਜ਼ਰੂਰ ਸੋਚਦੇ ਹੋਣਗੇ ਕਿ ਬੰਦੂਕਾਂ ਤੇ ਅਸਾਲਟਾਂ ਦੇ ਨਸ਼ੇ ਵਿਚ ਗ਼ਰੀਬ-ਮਾਰ ਨਹੀਂ ਕਰਨੀ ਚਾਹੀਦੀ ਸੀ। ਨਿਹੱਥੇ ਲੋਕਾਂ ਉਤੇ ਸੂਰਮਿਆਂ ਦੇ ਵਾਰ ਕਤਈ ਸਲਾਹੇ ਨਹੀਂ ਜਾ ਸਕਦੇ।
ਇਸ ਜੋੜੀ ਦੀ ਲੰਬੀ ਪਾਰੀ ਦੀ ਵਿਥਿਆ ਮੈਂ ਇਸ ਕਰ ਕੇ ਸੁਣਵਾਂਗਾ ਕਿ ਚਮਕੀਲਾ ਮੇਰੇ ਯੁੱਗ ਦਾ ਗਵੱਈਆ ਹੀ ਨਹੀਂ ਸੀ, ਮੈਂ ਉਹਦੇ ਨਾਲ ਰੱਜ ਕੇ ਵਿਚਰਿਆ ਵੀ ਹਾਂ। ਉਹ ਮੇਰੇ ਨਾਲ ਰੁੱਸ-ਰੁੱਸ ਕੇ ਵੀ ਬਹਿੰਦਾ ਰਿਹਾ, ਨਾਲ ਬਾਹਾਂ ਵੀ ਪਾਉਂਦਾ ਰਿਹਾ ਤੇ ਇਹ ਵੀ ਕਹਾਂਗਾ ਕਿ ਕੰਨਾ ਦਾ ਕੱਚਾ ਤੇ ਘੱਟ ਪੜ੍ਹਿਆ-ਲਿਖਿਆ ਹੋਣ ਕਾਰਨ ਬਹੁਤੀ ਵਾਰ ਬਿਨਾਂ ਵਜ੍ਹਾ ਆਫ਼ਰਿਆ ਵੀ ਰਿਹਾ। ਅਸੀ ‘ਕੱਠੇ ਖਾਂਦੇ ਵੀ ਰਹੇ, ਪੀਂਦੇ ਵੀ ਰਹੇ; ਵੱਟੇ ਵੀ ਰਹੇ, ਹੱਸਦੇ ਵੀ ਰਹੇ; ਅੱਲਗ-ਅੱਲਗ ਰਾਹ ‘ਤੇ ਤੁਰਦੇ ਵੀ ਰਹੇ ਤੇ ਜਾਣ ਤੋਂ ਕੁੱਝ ਘੰਟੇ ਪਹਿਲਾਂ ਦੋਵੇ ਜਣੇ ਗਲੇ ਵੀ ਲੱਗੇ। ਧਾਹੀਂ ਵੀ ਰੋਏ। ਜਿਸ ਭਾਣੇ ਤੋਂ ਡਰ ਕੇ ਖ਼ਰਬੂਜੇ ਤੋਂ ਕਰੇਲਾ ਬਣੇ, ਉਹੀ ਭਾਣਾ ਆਖਿਰ ਵਰਤ ਹੀ ਗਿਆ।
ਚਮਕੀਲੇ ਦੀ ਗੱਲ ਅੱਗੇ ਤੋਰਨ ਤੋਂ ਪਹਿਲਾਂ ਮੈਂ ਤਿੰਨ ਗੱਲਾਂ ਸਪਸ਼ਟ ਕਰ ਦੇਣੀਆਂ ਚਾਹੁੰਦਾ ਹਾਂ। ਪਹਿਲੀ ਇਹ ਕਿ ਇਸ ਜੋੜੀ ਦੀਆਂ ਬਾਤਾਂ ਪਾ ਕੇ ਦੋ-ਅਰਥੀ ਗੀਤਾਂ ਨੂੰ ਉਤਸ਼ਾਹਿਤ ਕਰਨਾ ਮੇਰਾ ਹਰਗਿਜ਼ ਮਕਸਦ ਨਹੀਂ। ਮੈਂ ਹਮੇਸ਼ਾ ਇਖਲਾਕ ਭਰਪੂਰ ਸਾਹਿਤ ਸਿਰਜਣਾ ਦਾ ਹਾਮੀ ਰਿਹਾ ਹਾਂ। ਦੂਜੀ ਗੱਲ ਕਿ ਜਿਵੇਂ ਸਮੁੰਦਰ ਦੇ ਕਿਨਾਰੇ ‘ਤੇ ਰੋਜ਼ਾਨਾ ਸੈਰ ਕਰਨ ਵਾਲੇ ਕਿਆਫ਼ੇ ਲਗਾਉਂਦੇ ਰਹਿੰਦੇ ਨੇ; ਇਕ ਕਹੇਗਾ ਕਿ ਵੀਹ-ਪੱਚੀ ਫੁੱਟ ਡੂੰਘਾਂ ਹੋਊ। ਦੂਜਾ ਆਖੇਗਾ ਕਿ ਨਹੀਂ ਯਾਰ, ਸੌ ਤੋਂ ਉਪਰ ਹੀ ਹੋਊ। ਤੇ ਕਿਆਫ਼ੇ ਦਾ ਅੰਦਾਜ਼ਾ ਲਾਉਣ ਵਾਲੇ ਆਖ਼ਦੇ ਨੇ ਕਿ ਇਸ ਜੋੜੀ ਨੂੰ ਗਾਇਕਾਂ ਨੇ ਮਰਵਾਇਆ। ਜਿਹੜੇ ਗਾਇਕ ਉਹਨੇ ਇਕ ਤਰ੍ਹਾਂ ਨਾਲ ਵਿਹਲੇ ਕਰ ਦਿਤੇ ਸਨ, ਉਹ ਚੈਨ ਕਿੱਥੇ ਲੈਂਦੇ ਸਨ ਪਰ ਸੱਚ ਇਹ ਹੈ ਕਿ ਚਮਕੀਲਾ ਕਿਸੇ ਗਾਇਕ ਨੇ ਨਹੀਂ ਸਗੋਂ ਹਾਲਾਤ ਨੇ ਅਤੇ ਪੰਜਾਬ ‘ਚ ਚੜ੍ਹੇ ਬੇਕਸੂਰ ਕਤਲਾਂ ਦੇ ਤੂਫ਼ਾਨ ਨੇ ਆਪਣੀ ਲਪੇਟ ਵਿਚ ਲਿਆ। ਤੀਜੀ ਤੇ ਆਖ਼ਰੀ ਗੱਲ ਇਹ ਹੈ ਕਿ ਮੇਰੇ ਵਾਂਗ ਜਿਨ੍ਹਾਂ ਨੇ ਚਮਕੀਲਾ, ਅਮਰਜੋਤ, ਗੁਰਦੇਵ ਦੇਬੂ ਤੇ ਹਰਜੀਤ ਗਿੱਲ ਦੀਆਂ ਲਾਸ਼ਾਂ ਗੋਲੀਆਂ ਨਾਲ ਇੰਨੀ ਬੁਰੀ ਤਰ੍ਹਾਂ ਵਿੰਨ੍ਹੀਆਂ ਹੋਈਆਂ ਸਨ ਕਿ ਇੰਨੇ ਸੁਰਾਖ ਸ਼ਾਇਦ ਛਾਣਨੀ ਵਿਚ ਵੀ ਨਾ ਹੋਣ! ਪਤਾ ਨਹੀਂ ‘ਜੀ ਜੀ, ਬਾਈ ਜੀ ਬਾਈ ਜੀ!’ ਕਰਨ ਵਾਲੇ ਇਸ ਗਾਇਕ ਨੂੰ ਇੰਨੀ ਬੁਰੀ ਤਰ੍ਹਾਂ ਸਜ਼ਾ ਕਿਉਂ ਦਿਤੀ ਗਈ? ਹਾਲਾਕਿ ‘ਝੰਡਾ ਜੱਟ ਨੇ ਗਿਆਰਾਂ ਵਜੇ ਗੱਡ’ਤਾ ਆਪਣੀ ਕਬੀਦਾਰੀ ਦਾ’ ਵਰਗੇ ਗੀਤ ਉਸ ਤੋਂ ਪਹਿਲਾਂ ਆ ਚੁੱਕੇ ਸਨ ਤੇ ਹੁਣ ਵੀ ਕਈ ਤੂਫ਼ਾਨਾਂ ਨੇ ਜਿਹੜਾ ਤੂਫ਼ਾਨ ਲਿਆਂਦਾ ਪਿਆ ਹੈ, ਉਹ ਕਿਸੇ ਤੋਂ ਗੁੱਝਾ ਨਹੀਂ।
ਲੁਧਿਆਣੇ ਜ਼ਿਲ੍ਹੇ ਦੀ ਸੱਜੀ ਵੱਖੀ ਵਿਚ ਪੈਂਦੇ ਪਿੰਡ ਦੁੱਗਰੀ ਵਿਚ ਪਿਤਾ ਹਰੀ ਸਿੰਘ ਦੇ ਘਰ ਜਨਮੇ ਚਮਕੀਲੇ ਨੇ ਅਤਿ ਦੀ ਗ਼ਰੀਬੀ ਵਾਲੇ ਮਾਹੌਲ ਵਿਚ ਜਨਮ ਲਿਆ। ਘਰਦਿਆਂ ਨੇ ਨਾਂ ਤਾਂ ਉਹਦਾ ਧਨੀ ਰਾਮ ਸ਼ਾਇਦ ਇਸੇ ਕਰ ਕੇ ਰੱਖਿਆ ਹੋਵੇਗਾ ਕਿ ਚੁਫ਼ੇਰਿਉਂ ਖੁੱਲ੍ਹੇ ਘਰ ਦੇ ਆਂਗਣ ਵਿਚ ਧਨ ਆ ਹੀ ਜਾਵੇ ਪਰ ਉਹ ਇਸ ਨਾਂ ਨਾਲ ਘਰ ਨੂੰ ਗ਼ਰੀਬੀ ਹੀ ਢੋਂਦਾ ਰਿਹਾ। ਕੰਮ ਚਾਹੇ ਉਹਨੇ ਭਰਤ ਨਗਰ ਵਿਚ ਪੱਗਾਂ ਦੀ ਰੰਗਾਈ ਦਾ ਕੀਤਾ ਹੋਵੇ, ਤੇ ਜਾਂ ਫਿਰ ਲੁਧਿਆਣੇ ਜ਼ਿਲ੍ਹੇ ਦੇ ਪੇਂਡੂ ਖੇਤਰਾਂ ਦੇ ਅਨਪੜ੍ਹ ਮੁੰਡਿਆਂ ਵਾਲਾ ਫ਼ਲੈਟ ਦਾ; ਜਾਣੀ ਉਨ ਮਿਲਾਂ ਵਿਚ ਸਵੈਟਰ ਬੁਣਨ ਦਾ। ਬਿਨਾਂ ਚੇਨ-ਕਵਰ ਵਾਲੇ ਸਾਈਕਲ ਉਤੇ ਚੜ੍ਹੇ ਸੱਤ ਪੜ੍ਹੇ ਧਨੀ ਰਾਮ ਨੂੰ ਦੇਖ ਕੇ ਉਦੋਂ ਕਿਸੇ ਨੂੰ ਸੁਪਨਾ ਵੀ ਨਹੀਂ ਆਉਂਦਾ ਹੋਣਾ ਕਿ ਕਿਸੇ ਵੇਲੇ ਇਹ ਅਮਰ ਸਿੰਘ ਚਮਕੀਲਾ ਬਣੇਗਾ ਅਤੇ ਦਿਹਾੜੀ ਵਿਚ ਤਿੰਨ-ਤਿੰਨ ਅਖਾੜੇ ਲਾਵੇਗਾ; ਕਿ ਲੋਕ ਉਹਨੂੰ ਵਿਹਲੀਆਂ ਤਰੀਕਾਂ ਪੁੱਛ ਕੇ ਵਿਆਹ ਰੱਖਣਗੇ ਤੇ ਆਖ਼ਰ ਉਹ ਗੋਲੀਆਂ ਦੀ ਵਾਛੜ ਦਾ ਸ਼ਿਕਾਰ ਹੋ ਜਾਵੇਗਾ।
ਦਿਨ ਫਿਰਦਿਆਂ ਨੂੰ ਵਕਤ ਨਾ ਲੱਗਾ ਤੇ ਉਹਦਾ ਪਿਉ ਜਿਹੜਾ ਸੱਜੇ ਹੱਥ ਦੀ ਚੀਚੀ ਵਾਲੇ ਵੇਲ੍ਹ ਵਿਚ ਬੀੜੀ ਫਸਾ ਕੇ ਪੀਂਦਾ ਸੀ, ਉਹਨੇ ਜ਼ਿੰਦਗੀ ਦਾ ਇਕ ਦਹਾਕਾ ਠਾਠ ਨਾਲ ਗੁਜ਼ਾਰਿਆ। ਇਕ ਵਕਤ ਪੰਜਾਬੀ ਗਾਇਕੀ ਵਿਚ ਅਜਿਹਾ ਆਇਆ ਸੀ, ਜਦੋਂ ਗਾਉਣ ਵਾਲਿਆਂ ਦਾ ਅਰਥ ਹੀ ਚਮਕੀਲਾ ਬਣ ਗਿਆ ਸੀ।
ਪੰਜਾਬੀ ਗਾਇਕੀ ਵਿਚ ਪ੍ਰਵੇਸ਼ ਦੌਰਾਨ ਮੇਰੇ ਕੋਲ ਉਹਦਾ ਪਹਿਲਾ ਜ਼ਿਕਰ ਉਦੋਂ ਆਇਆ ਜਦੋਂ ਸੁਰਿੰਦਰ ਸ਼ਿੰਦਾ ਤੇ ਸੋਨੀਆ ਦੇ ਦੋ-ਗਾਣਿਆਂ ਵਿਚ ਚਮਕੀਲੇ ਦਾ ਜ਼ਿਕਰ ਆਇਆ। ‘ਮੈਂ ਡਿਗੀ ਤਿਲਕ ਕੇ ਛੜੇ ਜੇਠ ਨੇ ਚੱਕੀ’, ‘ਰਾਹ ਵਿਚ ਠੇਕਾ ਦੇਖ ਕੇ ਬਾਹਰੋਂ ਲੰਘ ਨਾ ਹੋਵੇ’ ਆਦਿ ਗੀਤਾਂ ਦੀ ਚਰਚਾ ਨਾਲ ਸ਼ਿੰਦਾ ਚਰਚਿਤ ਹੋ ਗਿਆ। ਉਨ੍ਹਾਂ ਦਿਨਾਂ ਵਿਚ ਇਹ ਨਹੀਂ ਲਗਦਾ ਸੀ ਕਿ ਬਾਅਦ ਵਿਚ ਸ਼ਿੰਦੇ ਦੀ ਪਛਾਣ ਲੋਕ ਗਾਥਾਵਾਂ ਜਾਂ ਕਲੀਆਂ ਗਾਉਣ ਕਰ ਕੇ ਵੱਧ ਬਣੇਗੀ। ਦੀਦਾਰ ਸੰਧੂ ਤੇ ਕਰਨੈਲ ਸਿੰਘ ਗਿੱਲ ਮੇਰੇ ਨਾਲ ਸਨ। ਹੁਣ ਦੋਵੇਂ ਇਸ ਜੱਗ ਵਿਚ ਨਹੀਂ। ਕਿਸੇ ਵੇਲੇ ਦੋਹਾਂ ਦੀ ਦੋਸਤੀ ਜੱਗ-ਜ਼ਾਹਿਰ ਸੀ। ਅਸੀਂ ਦੀਦਾਰ ਦੇ ਵੈਦ ਕਰਤਾਰ ਸਿੰਘ ਵਾਲੀ ਬਿਲਡਿੰਗ ਵਾਲੇ ਦਫ਼ਤਰ ਵਿਚੋਂ ਨਿਕਲੇ ਤਾਂ ਕਰਨੈਲ ਨੇ ਹੇਠੋਂ ਬੈਗਪਾਈਪਰ ਦੀ ਬੋਤਲ ਲੈ ਲਈ। ਉਦੋਂ ਇਹ ਦਾਰੂ ਨਵੀਂ-ਨਵੀਂ ਆਈ ਸੀ। ਨਿਆਣਾ ਜਿਹਾ ਹੋਣ ਕਰ ਕੇ ਮੈਂ ਪੀਂਦਾ ਵੀ ਨਹੀਂ ਸੀ ਤੇ ਮੇਰੇ ਨਾਲ ਸੁਲ੍ਹਾ ਵੀ ਕੋਈ ਨਹੀਂ ਮਾਰਦਾ ਸੀ। ਉਹਦੇ ਨਾਲ ਢਾਬੇ ‘ਤੇ ਪੀਣ ਬੈਠ ਗਏ।
ਲੋਕ ਸੁਰਾਂ ਵਿਚ ਸ਼ਮਸ਼ੇਰ ਸੰਧੂ ਵਲੋਂ ਕਰਨੈਲ ਗਿੱਲ ਬਾਰੇ ਇਹ ਸਤਰਾਂ ਲਿਖੀਆਂ ਗਈਆਂ ਸਨ ਕਿ ਕਰਨੈਲ ਦੇ ਗੀਤ ਤਾਂ ਬਹੁਤ ਚੱਲੇ ਪਰ ਆਪ ਨਹੀਂ ਚਲ ਸਕਿਆ, ਇਸੇ ਲਈ ਜੋਤਸ਼ੀਆਂ ਅੱਗੇ ਹੱਥ ਕੱਢ ਕੇ ਬੈਠਾ ਰਹਿੰਦੈ। ਗਿੱਲ ਇਸ ਵਿਚਾਰ ਤੋਂ ਸ਼ਮਸ਼ੇਰ ਨਾਲ ਵਾਹਵਾ ਔਖਾ ਸੀ ਤੇ ਉਹ ਤੇ ਦੀਦਾਰ ਮੈਨੂੰ ਸਿਆਣਾ ਚਿੰਤਕ ਜਿਹਾ ਸਮਝਦੇ ਸਨ। ਕਰਨੈਲ ਦੀਦਾਰ ਨੂੰ ਕਹਿਣ ਲੱਗਾ, ‘ਬਾਈ, ਤੇਰੇ ਗੀਤਾਂ ਵਰਗੇ ਦੋ ਗੀਤ ਸ਼ਿੰਦੇ ਨੇ ਗਾਏ ਨੇ। ਅਮਰ ਸਿੰਘ ਚਮਕੀਲੇ ਨੇ ਲਿਖੇ ਨੇ।’ ਦੀਦਾਰ ਅੱਗਿਉਂ ਬੋਲਿਆ, ‘ਗੀਤਾਂ ਨੂੰ ਤਾਂ ਛੱਡ, ਪਤੰਦਰ ਗਾਉਂਦਾ ਵੀ ਬਹੁਤ ਵਧੀਆ ਐ। ਦੋ ਕੁ ਵਾਰ ਮੈਂ ਸ਼ਿੰਦੇ ਦੀਆਂ ਸਟੇਜਾਂ ‘ਤੇ ਸੁਣਿਐ। ਪੇਟੀ (ਹਾਰਮੋਨੀਅਮ) ਵਜਾਉਣ ਜਾਂਦੈ। ਸ਼ੁਰੂਆਤ ਵਿਚ ਦੋ ਕੁ ਗੀਤ ਪੇਸ਼ ਕਰ ਕੇ ਲੋਕ ਆਪਣੇ ਵੱਲ ਖਿੱਚ ਲੈਂਦੈ।’ ਇਨ੍ਹਾਂ ਗੱਲਾਂ ਵਿਚ ਦੋਹਾਂ ਨੇ ਨਾਲ ਦੇ ਢਾਬੇ ‘ਤੇ ਬੋਤਲ ਥੱਲੇ ਲਾ ਦਿੱਤੀ।
ਮੇਰੀਆਂ ਨਜ਼ਰਾਂ ਵਿਚ ਚਮਕੀਲਾ ਉਦਣ ਪਹਿਲੀ ਵਾਰ ਸੂਰਮਾ ਬਣਿਆ ਸੀ। ਰਾਤ ਮੈਂ ਉਸ ਦਿਨ ਗਿੱਲ ਨਾਲ ਜਮਾਲਪੁਰ ਹੀ ਚਲੇ ਗਿਆ ਪਰ ਚਮਕੀਲੇ ਬਾਰੇ ਫਿਰ ਕੋਈ ਗੱਲ ਸਾਰੀ ਰਾਤ ਇਸ ਕਰ ਕੇ ਨਾ ਹੋਈ ਕਿ ਅੱਧੀ ਰਾਤ ਤਕ ਦੋਵੇਂ ਮੀਆਂ-ਬੀਵੀ ਝਗੜਦੇ ਰਹੇ। ਹਰਚਰਨ ਪੁਰੇਵਾਲ ਦਾ ਪਿੰਡ ਵੀ ਜਮਾਲਪੁਰ ਹੀ ਸੀ ਤੇ ਮਰਨ ਵਾਲੇ ਦਿਨਾਂ ਵਿਚ ਚਮਕੀਲਾ ਤੇ ਅਮਰਜੋਤ ਵੀ ਜਮਾਲਪੁਰ ਕਾਲੋਨੀ ਦੇ ਕੋਠੀ ਵਰਗੇ ਫਲੈਟ ਵਿਚ ਰਹਿਣ ਲੱਗ ਪਏ ਸਨ।
ਉਸ ਤੋਂ ਬਾਅਦ ਗੱਲ ਆਈ-ਗਈ ਹੋ ਗਈ। ਇਹ ਤਾਂ ਚਿਤ-ਚੇਤਾ ਵੀ ਨਹੀਂ ਸੀ ਕਿ ਚਮਕੀਲੇ ਦੀ ਇੰਨੀ ਚੜ੍ਹਾਈ ਹੋ ਜਾਵੇਗੀ। 1981-82 ਵਿਚ ਜਦੋਂ ਉਹਦਾ ਈæਪੀæ ਰਿਕਾਰਡ ‘ਟਕੂਏ ਤੇ ਟਕੂਆ’ ਸੁਰਿੰਦਰ ਸੋਨੀਆ ਨਾਲ ਐਚæਐਮæਵੀæ ਨੇ ਰਿਲੀਜ਼ ਕੀਤਾ ਤਾਂ ਹਾਲਾਤ ਇਹ ਬਣੇ ਜਿਵੇਂ ਕੋਈ ਦੇਖਦਿਆਂ-ਦੇਖਦਿਆਂ ਐਵਰੈਸਟ ‘ਤੇ ਚੜ੍ਹ ਕੇ ਜੈਕਾਰੇ ਬੁਲਾਉਣ ਲੱਗ ਪਿਆ ਹੋਵੇ। ‘ਬਾਪੂ ਸਾਡਾ ਗੁੰਮ ਹੋ ਗਿਆ’, ‘ਠੇਕੇ ਤੇ ਬੈਠਾ ਰਹਿੰਦਾ ਖੋਲ੍ਹ ਕੇ ਬੋਤਲ ਮੂਹਰੇ’ ਦੋ-ਗਾਣਿਆਂ ਨੇ ਪੰਜਾਬੀ ਗਾਇਕੀ ਵਿਚ ਇੰਨੀ ਹਲਚਲ ਮਚਾ ਦਿਤੀ ਜਿਵੇਂ ਬੱਦਲ ਗਰਜਣ ਤੋਂ ਬਿਨਾਂ ਹੀ ਜਲ-ਥਲ ਹੋ ਗਿਆ ਹੋਵੇ।
ਦੂਜੇ ਪਾਸੇ ਅਮਰਜੋਤ, ਕੁਲਦੀਪ ਮਾਣਕ ਨਾਲ ਅਖਾੜਿਆਂ ‘ਤੇ ਜਾਂਦੀ ਸੀ ਤੇ ਦੋ-ਗਾਣੇ ‘ਇਕ ਤੂੰ ਹੋਵੇਂ ਇਕ ਮੈਂ ਹੋਵਾਂ’, ‘ਹੋਵੇ ਪਿੰਡੋਂ ਬਾਹਰ ਚੁਬਾਰਾ’ ਉਦੋਂ ਮਾਣਕ ਨਾਲ ਚਰਚਿਤ ਹੋ ਗਏ ਸਨ ਪਰ ਇਸ ਤੋਂ ਵੀ ਵੱਡੀ ਗੱਲ ਜਿਹੜੀ ਹਰ ਗਾਇਕ ਦੇ ਦਫ਼ਤਰ ਵਿਚ ਚਲਦੀ, ਉਹ ਇਹ ਸੀ ਕਿ ‘ਬਾਈ ਰਣਜੀਤ ਕੌਰ ਨਾਲੋਂ ਵੀ ਕਿਤੇ ਸੁਨੱਖੀ ਐ ਅਮਰਜੋਤ।’ ਉਧਰ ਕਾਰਗਿਲ ਵਾਂਗ ਅਸਲਾ ਅੰਦਰੋ-ਅੰਦਰ ਠਿਕਾਣਿਆਂ ‘ਤੇ ਪਹੁੰਚਣ ਲੱਗ ਪਿਆ ਸੀ। ਅਮਰਜੋਤ ਦਾ ਚਮਕੀਲੇ ਨਾਲ ਸੈਟ ਬਣਿਆ ਤਾਂ ਮਾਣਕ ਨੇ ਪ੍ਰਤੀਕਰਮ ਸੁਭਾਅ ਮੂਜਬ ਅਗਨ-ਬਾਣ ਵਾਂਗ ਛੱਡਿਆ, ‘ਭੁੱਖੀ ਮਰੂæææਆ ਜੂ ਫੇਰ ਸਾਡੇ ਨਾਲ।’ ਹੋਇਆ ਇਹ ਕਿ ਸੇਤੀ ਸਰੋਂ ਛੇਤੀ ਜੰਮ ਪਈ। ਦੋਹਾਂ ਨੇ ‘ਕਸਮਾਂ-ਵਾਅਦੇ’ ਪੂਰੇ ਕਰ ਲਏ। ਫਗਵਾੜੇ ਚਮਕੀਲੇ ਨਾਲ ਢੋਲਕੀ ਵਜਾਉਣ ਵਾਲੇ ਵਿੱਕੀ ਦੇ ਘਰ ਚਮਕੀਲੇ ਨੇ ਅਮਰਜੋਤ ਦੀ ਮਾਂਗ ਵਿਚ ਸੰਧੂਰ ਭਰ ਦਿੱਤਾ; ਹਾਲਾਂਕਿ ਉਹ ਪਹਿਲਾਂ ਗੁਰਮੇਲ ਕੌਰ ਨਾਲ ਵਿਆਹਿਆ ਹੋਇਆ ਸੀ ਤੇ ਬੇਟੀਆਂ ਵੀ ਸਨ ਪਰ ਗ਼ਰੀਬੀ ਦੀ ਚਾਦਰ ਧੋਣ ਦੀ ਸੋਚ ਨਾਲ ਗੁਰਮੇਲੋ ਨੇ ਸੀ ਨਾ ਕੀਤੀ ਤੇ ਅਮਰਜੋਤ ਚਮਕੀਲੇ ਦੀ ਦੂਜੀ ਪਤਨੀ ਬਣ ਗਈ। ਸੋਨੇ ਦੀ ਲੰਕਾ ਦਾ ਮੂੰਹ, ਕਮਾਈ ਪੱਖੋਂ ਦੁੱਗਰੀ ਵੱਲ ਘੁੰਮ ਗਿਆ।
ਚਮਕੀਲੇ ਤੇ ਅਮਰਜੋਤ ਦੀ ਗਾਇਕੀ ਵਿਚ ਵਿਆਹ ਤੋਂ ਵੀ ਵੱਡੀ ਖਾਸ ਗੱਲ ਇਹ ਸੀ ਕਿ ਦੋਵੇਂ ਗੀਤਾਂ ਵਿਚਲੇ ਸ਼ਬਦ ਤੋਤੇ ਵਾਂਗ ਟੁੱਕ-ਟੁੱਕ ਕੇ ਸੁੱਟਦੇ ਸਨ। ਊਂ ਵੀ ਜਲੇਬੀ ਸਿੱਧੀ ਦੁੱਧ ਵਿਚ ਡਿੱਗ ਪਈ ਸੀ। ਫਿਰ ਜਦੋਂ ਐਚæਐਮæਵੀæ ਕੰਪਨੀ ਦਾ ਵਪਾਰਕ ਗ੍ਰਾਫ਼ ਵਾਹੋ-ਦਾਹੀ ਉਪਰ ਚੜ੍ਹਿਆ ਤਾਂ ਮੈਨੇਜਰ ਜ਼ਹੀਰ ਅਹਿਮਦ ਹਰ ਨਵੀਂ ਜੋੜੀ ਨੂੰ ਕਿਹਾ ਕਰੇ, ‘ਅਰੇ ਕਿਆ ਗਾਤੇ ਹੋ, ਚਮਕੀਲਾ ਸਟਾਇਲ ਕਰੋ ਨਾ ਕੁੱਛ।’
ਸੰਨ 87 ਵਿਚ ਚਮਕੀਲਾ ਮੈਨੂੰ ਪਹਿਲੀ ਵਾਰ ਜਸਵੰਤ ਸੰਦੀਲੇ ਦੇ ਦਫ਼ਤਰ ਮਿਲਿਆ। ਉਹ ਮੈਨੂੰ ਨਾਂ ਤੋਂ ਜਾਣਦਾ ਸੀ ਪਰ ਸੰਦੀਲੇ ਨੇ ਫਿਰ ਤੁਆਰਫ਼ ਦਾ ਇੰਤਕਾਲ ਪੂਰੇ ਦਾ ਪੂਰਾ ਚੜ੍ਹਾ ਦਿੱਤਾ। ਉਸ ਦਿਨ ਉਹਨੇ ਦਾਰੂ ਪੀਣ ਦੀ ਗੱਲ ਆਖੀ ਪਰ ਅਸੀਂ ਸਾਰ ਚਾਹ ਦੇ ਕੱਪ ਨਾਲ ਹੀ ਲਿਆ। ਉਹਨੇ ਮੈਨੂੰ ਘਰੇ ਨਾਲ ਜਾਣ ਅਤੇ ਰਾਤ ਆਪਣੇ ਕੋਲ ਰਹਿਣ ਦੀ ਪੇਸ਼ਕਸ਼ ਕੀਤੀ ਪਰ ‘ਕਦੇ ਫਿਰ ਸਹੀ’ ਨਾਲ ਅਸੀ ਵਿਛੜਨ ਲੱਗੇ ਤਾਂ ਖਿੱਚ ਕੇ ਮੈਨੂੰ ਪਰਾਂ ਨੂੰ ਲਿਜਾ ਕੇ ਕਹਿਣ ਲੱਗਾ, ‘ਚਾਰ ਅੱਖਰ ਸਾਡੇ ਬਾਰੇ ਵੀ ਲਿਖ ਦਿਉ। ਸਾਰੇ ਗਾਉਣ ਵਾਲੇ ਕਹਿੰਦੇ ਨੇ, ਪਈ ਜੇ ਅਸ਼ੋਕ ਇਕ ਲਾਈਨ ਵੀ ਖਿਚ ਦੇਵੇ ਤਾਂ ਸਿਰੇ ਜਾ ਲਗਦੀ ਐ।’ ਚਾਹੇ ਗਾਲ੍ਹੜ ਪਟਵਾਰੀ ਕਹਿ ਲਵੋ ਪਰ ਹੋਰ ਕੋਈ ਵੀ ਗਾਇਕਾਂ ਬਾਰੇ ਲਿਖਣ ਵਾਲਾ ਨਾ ਹੋਣ ਕਾਰਨ ਮੇਰੀ ਪੁਛਗਿੱਛ ਤੇ ਆਉ-ਭਗਤ ਵਾਕਿਆ ਹੀ ਖ਼ੂਬ ਬਣ ਗਈ ਸੀ।
ਉਸ ਤੋਂ ਬਾਅਦ ਮੈਂ ਕਿੰਨਾ ਚਿਰ ਕੁਝ ਨਾ ਲਿਖ ਸਕਿਆ। ਸਥਿਤੀ ਇਹ ਸੀ ਕਿ ਗਾਇਕਾਂ ਦੀ ਦੂਰਦਰਸ਼ਨ ‘ਤੇ ਬਹੁਤੀ ਟੇਕ ਨਹੀਂ ਸੀ। ਚੁਰਾਸੀ-ਪਚਾਸੀ ਤਕ ਤਾਂ ਦੂਰਦਰਸ਼ਨ ਜਲੰਧਰ ਨੇ ਮਾਣਕ ਨੂੰ ਗਾਉਣ ਦਾ ਮੌਕਾ ਨਾ ਦਿੱਤਾ, ਫਿਰ ਚਮਕੀਲੇ ਦੀ ਵਾਰੀ ਕਿਥੇ ਆਉਣੀ ਸੀ। ਦੂਜੇ ਪਾਸੇ ਅਖ਼ਬਾਰਾਂ ਵਿਚੋਂ ਨਾ ‘ਅਜੀਤ’ ਤੇ ਨਾ ਹੀ ‘ਜਗਬਾਣੀ’ ਉਹਦੇ ਬਾਰੇ ਦੋ ਅੱਖਰ ਵੀ ਲਿਖ ਕੇ ਰਾਜ਼ੀ ਸਨ। ਉਧਰ ਚਮਕੀਲਾ ਮੇਰੇ ਨਾਲ ਨਾਰਾਜ਼ ਇਸ ਕਰ ਕੇ ਰਹਿਣ ਲੱਗ ਪਿਆ ਕਿ ਤਰਲੇ ਕਰਨ ਦੇ ਬਾਵਜੂਦ ਮੈਂ ਉਹਦੇ ਬਾਰੇ ਲਿਖ ਨਹੀਂ ਰਿਹਾ। ਸ਼ਰੀਕੇ ਵਾਲਿਆਂ ਦੀ ਚੱਕ ਵਿਚ ਆ ਕੇ ਛੇ ਕੁ ਮਹੀਨੇ ਉਹ ਮੇਰੇ ਨਾਲ ਹੱਥ ਮਿਲਾਉਣੋਂ ਵੀ ਹਟਿਆ ਰਿਹਾ। ਖ਼ੈਰ! ਇਹ ਵੱਟ-ਵਟਾ ਹਟਾਉਣ ਦੀ ਨਜ਼ਰ ਨਾਲ ਮੈਂ ਲੰਬਾ ਲੇਖ ਉਹਦੇ ਬਾਰੇ ‘ਪੰਜਾਬੀ ਟ੍ਰਿਬਿਊਨ’ ਨੂੰ ਭੇਜ ਦਿੱਤਾ। ਗੁਲਜ਼ਾਰ ਸਿੰੰਘ ਸੰਧੂ ਉਦੋਂ ਸੰਪਾਦਕ ਸੀ। ਇਹ ਲੇਖ ਰੰਗ ਮੰਚ ਵਾਲੇ ਪੰਨੇ ਦੀ ਥਾਂ ਪਤਾ ਨਹੀਂ ਕਿਉਂ, ਪਿੰਡ ਖੇਤ ਅੰਕ ਵਿਚ ਨਿੱਕੀ-ਮੋਟੀ ਕਾਂਟ-ਛਾਂਟ ਕਰ ਕੇ ਪਹਿਲੇ ਦੋ ਕਲਮਾਂ ਵਿਚ ਪੂਰੇ ਦਾ ਪੂਰਾ ਛਾਪ ਦਿਤਾ ਗਿਆ। ਚਮਕੀਲੇ ਦੇ ਚਾਵਾਂ ਨੂੰ ਅੰਗੂਰਾਂ ਦਾ ਇਕ ਤਰ੍ਹਾਂ ਨਾਲ ਬੂਰ ਪੈ ਗਿਆ। ਉਸ ਤੋਂ ਚਾਅ ਨਾ ਸਾਂਭਿਆ ਜਾਵੇ ਤੇ ਅਗਲੇ ਹੀ ਦਿਨ ਉਹ ਅਹਿਮਦਗੜ੍ਹ ਤੋਂ ਪ੍ਰੋਗਰਾਮ ਕਰ ਕੇ ਸਿੱਧਾ ਮੇਰੇ ਪਿੰਡ ਆ ਪਹੁੰਚਿਆ। ਉਦੋਂ ਅਮਰਜੋਤ ਨਾਲ ਨਹੀਂ ਆਈ ਸੀ। ਇਕ ਹੱਥ ਵਿਚ ਬਰਫ਼ੀ ਦਾ ਡੱਬਾ ਤੇ ਦੂਜੇ ਹੱਥ ਵਿਸਕੀ। ਪਿਲਾਈ ਤਾਂ ਉਹਦੇ ‘ਚੋਂ ਭਾਵੇਂ ਮੈਂ ਉਹਨੂੰ ਹੀ, ਘਰ ਪੀ ਕੇ ਉਹ ਇਹ ਪੁੱਛਾਂ ਦੇ ਗਿਆ ਕਿ ਮੈਂ ਤੇਰੇ ਨਾਲ ਫਲਾਣੇ-ਫਲਾਣੇ ਬੰਦੇ ਦੇ ਕਹਿਣ ‘ਤੇ ਨਾਰਾਜ਼ ਹੋਇਆ ਫਿਰਦਾ ਸਾਂ। ਅਸਲ ਵਿਚ ਗਾਇਕਾਂ ‘ਚ ਉਨ੍ਹਾਂ ਦਿਨਾਂ ਵਿਚ ਧੜੇਬੰਦੀ ਸੀ ਤੇ ਘੱਟ ਪੜ੍ਹੇ-ਲਿਖੇ ਹੋਣ ਦਾ ਦੁਖਾਂਤ ਇਹ ਚਿੰਬੜਿਆ ਰਹਿੰਦਾ ਸੀ ਕਿ ਸ਼ਾਇਦ ਮੈਂ ਪੱਖਪਾਤ ਕਰਦਾ ਹਾਂ। ਸੱਚਾਈ ਇਹ ਸੀ ਕਿ ਭਾਵੇਂ ਮੈਂ ਇਨ੍ਹਾਂ ਬਾਰੇ ਛਾਪਣ ਲਈ ਸ਼ਮਸ਼ੇਰ ਤੋਂ ਬਾਅਦ ਕਈ ਅਖ਼ਬਾਰਾਂ ਨੂੰ ਰਜ਼ਾਮੰਦ ਕਰ ਲਿਆ ਸੀ ਪਰ ਅਖ਼ਬਾਰਾਂ ਹਰ ਇਕ ਬਾਰੇ ਛਾਪਣ ਲਈ ਰਾਜ਼ੀ ਨਹੀਂ ਸਨ। ਤੇ ਜਿਸ ਦੀ ਫ਼ੋਟੋ ਜਾਂ ਚਾਰ ਅੱਖਰ ਛਪ ਜਾਂਦੇ, ਉਹ ਇਹ ਭਰਮ ਇਹ ਪਾਲ ਲੈਂਦਾ ਸੀ, ਜਿਵੇ ਯੂæਐਨæਓæ ਤੋਂ ਪ੍ਰਵਾਨਤ ਸਰਟੀਫਿਕੇਟ ਮਿਲ ਗਿਆ ਹੋਵੇ।
ਉਂਜ ਘਟਨਾ ਇਹ ਵੀ ਹੋਈ ਕਿ ਗਾਇਕਾਂ ਬਾਰੇ ਲਿਖਦਿਆਂ ਵਿਰੋਧ ਦਾ ਰੱਜ ਕੇ ਸਿੜੀ-ਸਿਆਪਾ ਵੀ ‘ਪੰਜਾਬੀ ਟ੍ਰਿਬਿਊਨ’ ਦੇ ਚਮਕੀਲੇ ਬਾਰੇ ਲਿਖੇ ਇਸ ਲੇਖ ਨੇ ਮੇਰੇ ਗਲ ਪਾ ਦਿਤਾ। ਅਖ਼ਬਾਰ ਦੇ ਅਗਲੇ ਤਿੰਨ-ਚਾਰ ਹਫ਼ਤਿਆਂ ਦੇ ਹਰ ਅੰਕ ਵਿਚ ਸੰਪਾਦਕ ਦੀ ਡਾਕ ਵਿਚ ਆਉਣ ਵਾਲੀਆਂ ਚਿੱਠੀਆਂ ਨੇ ਚਮਕੀਲੇ ਖਿਲਾਫ਼ ਘੱਟ, ਮੈਨੂੰ ਜ਼ਿਆਦਾ ਨਿਹੋਰੇ ਮਾਰੇ। ਇਹ ਸਾਰੇ ਦੇ ਸਾਰੇ ਖਤ ਮੈਂ ਹਾਲੇ ਤੀਕਰ ਕਾਤਰਾਂ ਦੇ ਰੂਪ ਵਿਚ ਸੰਭਾਲ ਕੇ ਰੱਖੇ ਹੋਏ ਹਨ। ਕਈ ਖਤਾਂ ਦੀਆਂ ਸਤਰਾਂ ਮੈਨੂੰ ਯਾਦ ਹਨ ਜਿਨ੍ਹਾਂ ਵਿਚ ‘ਅਸ਼ੋਕ ਨੇ ਚਮਕੀਲੇ ਦੀਆਂ ਸਿਫ਼ਤਾਂ ਕਰ ਕੇ ਆਪਣੀ ਅਕਲ ਦਾ ਦਿਵਾਲਾ ਕੱਢ ਦਿਤਾ’, ‘ਵਧੀਆ ਕਹਾਣੀਆਂ ਲਿਖਣ ਵਾਲੇ ਲੇਖਕ ਦੀ ਕਮਜ਼ੋਰ ਮਾਨਸਿਕਤਾ ਦਾ ਹੁਣ ਪਤਾ ਲੱਗਾ’, ‘ਪੰਜਾਬੀ ਟ੍ਰਿਬਿਊਨ’ ਵਰਗੇ ਮਿਆਰੀ ਅਖ਼ਬਾਰ ਵਿਚ ਲੱਚਰ ਗੀਤ ਗਾਉਣ ਵਾਲੇ ਚਮਕੀਲੇ ਦਾ ਜ਼ਿਕਰ ਕਿਸੇ ਤਰ੍ਹਾਂ ਵੀ ਰਾਸ ਨਹੀਂ ਆ ਰਿਹਾæææ ਭਵਿੱਖ ਵਿਚ ਅਜਿਹਾ ਛਾਪਣ ਤੋਂ ਗੁਰੇਜ਼ ਕਰੋ’, ‘ਅਸ਼ੋਕ ਚਮਕੀਲੇ ਬਾਰੇ ਗੱਲ ਕਰ ਕੇ ਆਖਿਰ ਕਹਿਣਾ ਕੀ ਚਾਹੁੰਦਾ ਹੈ’, ‘ਇਹ ਦੋ-ਅਰਥੀ ਗੀਤਾਂ ਨੂੰ ਸ਼ਹਿ ਨਹੀਂ ਤਾਂ ਹੋਰ ਕੀ ਹੈ’ ਸ਼ਾਮਲ ਹਨ। ਚਮਕੀਲਾ ਤਾਂ ਮੈਂ ਖ਼ੁਸ਼ ਕਰ ਲਿਆ ਸੀ ਪਰ ਮੈਂ ਸੰਪਾਦਕ ਤੇ ਅਖ਼ਬਾਰਾਂ ਦੀ ਨਾਰਾਜ਼ਗੀ ਸਹੇੜ ਲਈ ਸੀ। ਅਸਲ ਵਿਚ ਇਹ ਲੇਖ ਛਪ ਵੀ ਬੇਧਿਆਨੀ ਜਿਹੀ ਵਿਚ ਗਿਆ ਸੀ।
(ਚਲਦਾ)

Be the first to comment

Leave a Reply

Your email address will not be published.