ਅਮਰੀਕਾ ਨੇ ਵਿਸ਼ੇਸ਼ ਜਹਾਜ਼ ਰਾਹੀਂ ਗੈਰ-ਕਾਨੂੰਨੀ ਭਾਰਤੀ ਵਾਪਸ ਭੇਜੇ

ਵਾਸ਼ਿੰਗਟਨ: ਅਮਰੀਕਾ ਨੇ ਦੇਸ਼ ‘ਚ ਗ਼ੈਰਕਾਨੂੰਨੀ ਢੰਗ ਨਾਲ ਰਹਿ ਰਹੇ ਭਾਰਤੀ ਨਾਗਰਿਕਾਂ ਨੂੰ ਕਿਰਾਏ ਉਤੇ ਲਏ ਵਿਸ਼ੇਸ਼ ਚਾਰਟਰਡ ਜਹਾਜ਼ ਰਾਹੀਂ ਭਾਰਤ ਸਰਕਾਰ ਦੇ ਸਹਿਯੋਗ ਨਾਲ ਵਤਨ ਵਾਪਸ ਭੇਜਿਆ। ਅਮਰੀਕਾ ਦੇ ਗ੍ਰਹਿ ਸੁਰੱਖਿਆ ਵਿਭਾਗ ਨੇ ਇਹ ਜਾਣਕਾਰੀ ਦਿੱਤੀ। ਵਿਭਾਗ ਨੇ ਦੱਸਿਆ ਕਿ ਇਹ ਜਹਾਜ਼ 22 ਅਕਤੂਬਰ ਨੂੰ ਭਾਰਤ ਭੇਜਿਆ ਗਿਆ ਸੀ।

ਕਾਰਜਕਾਰੀ ਗ੍ਰਹਿ ਸੁਰੱਖਿਆ ਉਪ ਮੰਤਰੀ ਕ੍ਰਿਸਟੀ ਏ. ਕੈਨੇਗੈਲੋ ਨੇ ਕਿਹਾ ਕਿ ਜਿਨ੍ਹਾਂ ਭਾਰਤੀਆਂ ਕੋਲ ਅਮਰੀਕਾ ‘ਚ ਰਹਿਣ ਦਾ ਕੋਈ ਕਾਨੂੰਨੀ ਆਧਾਰ ਨਹੀਂ ਹੈ, ਉਨ੍ਹਾਂ ਨੂੰ ਤੁਰਤ ਵਾਪਸ ਭੇਜਿਆ ਜਾ ਸਕਦਾ ਹੈ। ਬਿਆਨ ‘ਚ ਕਿਹਾ ਗਿਆ ਹੈ ਕਿ ਗ੍ਰਹਿ ਸੁਰੱਖਿਆ ਵਿਭਾਗ (ਡੀ.ਐਚ.ਐਸ) ਅਮਰੀਕੀ ਪਰਵਾਸ ਕਾਨੂੰਨ ਲਾਗੂ ਕਰਨਾ ਜਾਰੀ ਰੱਖੇਗਾ ਅਤੇ ਗੈਰਕਾਨੂੰਨੀ ਢੰਗ ਨਾਲ ਦਾਖਲ ਹੋਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰੇਗਾ ਤੇ ਸਹੀ ਢੰਗ ਨਾਲ ਦੇਸ਼ ਆਉਣ ਨੂੰ ਉਤਸ਼ਾਹਿਤ ਕਰੇਗਾ। ਇਸ ‘ਚ ਕਿਹਾ ਗਿਆ ਹੈ ਕਿ ਇਹ ਉਨ੍ਹਾਂ ਕਈ ਉਪਾਅ ‘ਚੋਂ ਇਕ ਹੈ ਜਿਸ ਦੀ ਵਰਤੋਂ ਅਮਰੀਕਾ ਨੇ ਗ਼ੈਰਕਾਨੂੰਨੀ ਪਰਵਾਸ ਘਟਾਉਣ, ਸੁਰੱਖਿਅਤ, ਵੈਧ ਤੇ ਪ੍ਰਵਾਨਤ ਮਾਰਗਾਂ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਅਤੇ ਕਮਜ਼ੋਰ ਲੋਕਾਂ ਦੇ ਸ਼ੋਸ਼ਣ ਤੇ ਤਸਕਰੀ ਲਈ ਕੌਮਾਂਤਰੀ ਅਪਰਾਧਿਕ ਨੈੱਟਵਰਕ ਨੂੰ ਜ਼ਿੰਮੇਵਾਰ ਠਹਿਰਾਉਣ ਲਈ ਕੀਤੀ।
ਇਸ ‘ਚ ਕਿਹਾ ਗਿਆ ਹੈ ਕਿ ਡੀ.ਐਚ.ਐਸ. ਨੇ ਵਿੱਤੀ ਸਾਲ 2024 ‘ਚ 1,60,000 ਤੋਂ ਵੱਧ ਵਿਅਕਤੀਆਂ ਨੂੰ ਵਾਪਸ ਭੇਜਿਆ ਤੇ ਭਾਰਤ ਸਮੇਤ 145 ਤੋਂ ਵੱਧ ਮੁਲਕਾਂ ਲਈ 495 ਤੋਂ ਵੱਧ ਕੌਮਾਂਤਰੀ ਉਡਾਣਾਂ ਚਲਾਈਆਂ। ਡੀ.ਐਚ.ਐਸ. ਨੇ ਪਿਛਲੇ ਸਾਲ ਦੁਨੀਆ ਭਰ ਦੇ ਕਈ ਮੁਲਕਾਂ ਦੇ ਲੋਕਾਂ ਨੂੰ ਅਮਰੀਕਾ ‘ਚੋਂ ਕੱਢਿਆ ਗਿਆ ਹੈ ਜਿਨ੍ਹਾਂ ‘ਚ ਕੋਲੰਬੀਆ, ਇਕੁਆਡੋਰ, ਪੇਰੂ, ਮਿਸਰ, ਮੌਰੀਟਾਨੀਆ, ਸੇਨੇਗਲ, ਉਜ਼ਬੇਕਿਸਤਾਨ, ਚੀਨ ਤੇ ਭਾਰਤ ਸ਼ਾਮਲ ਹਨ।