ਅਮਰੀਕੀ ਸੰਸਦ `ਚ 1984 ਦੇ ਸਿੱਖ ਕਤਲੇਆਮ ਸਬੰਧੀ ਮਤਾ ਪੇਸ਼

ਅੰਮ੍ਰਿਤਸਰ: ਨਵੰਬਰ 1984 ਸਿੱਖ ਕਤਲੇਆਮ ਨੂੰ ਸਿੱਖ ਨਸਲਕੁਸ਼ੀ ਵਜੋਂ ਮਾਨਤਾ ਦਿਵਾਉਣ ਲਈ ਮਤਾ ਅਮਰੀਕੀ ਸੰਸਦ ‘ਚ ਪੇਸ਼ ਕੀਤਾ ਗਿਆ ਹੈ। ਇਹ ਖ਼ੁਲਾਸਾ ਅਮਰੀਕਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂ ਡਾਕਟਰ ਪ੍ਰਿਤਪਾਲ ਸਿੰਘ ਨੇ ਕੀਤਾ। ਅਮਰੀਕੀ ਸੰਸਦ ਦੇ ਹੇਠਲੇ ਸਦਨ ਪ੍ਰਤੀਨਿਧ ਸਭਾ ‘ਚ ਇਹ ਮਤਾ ਕਾਂਗਰਸਮੈਨ ਅਤੇ ਸਿੱਖ ਕੌਕਸ ਦੇ ਸਹਿ-ਚੇਅਰਮੈਨ ਡੇਵਿਡ ਜੀ. ਵਲਾਡਾਓ ਅਤੇ ਜਿਮ ਕੌਸਟਾ ਨੇ ਪੇਸ਼ ਕੀਤਾ।

ਵਲਾਡਾਓ ਨੇ ਮਤੇ ਰਾਹੀਂ ਇਹ ਵੀ ਮੰਗ ਕੀਤੀ ਹੈ ਕਿ ਕਤਲੇਆਮ ਦੀ ਯਾਦਗਾਰ ਵੀ ਉਸਾਰੀ ਜਾਵੇ। ਮਤੇ ਨੂੰ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ, ਅਮਰੀਕਨ ਸਿੱਖ ਕੌਕਸ ਕਮੇਟੀ, ਇਨਸਾਫ਼, ਜੈਕਾਰਾ ਮੂਵਮੈਂਟ, ਅਤੇ ਸਿੱਖ ਅਮਰੀਕਨ ਲੀਗਲ ਡਿਫੈਂਸ ਐਂਡ ਐਜੂਕੇਸ਼ਨ ਫੰਡ (ਸਾਲਡੇਫ) ਨੇ ਹਮਾਇਤ ਦਿੱਤੀ ਹੈ। ਵਲਾਡਾਓ ਨੇ ਕਿਹਾ, “ਅਫ਼ਸੋਸ ਦੀ ਗੱਲ ਹੈ ਕਿ ਬਹੁਤ ਸਾਰੇ ਸਿੱਖਾਂ ਨੂੰ ਉਨ੍ਹਾਂ ਦੇ ਧਾਰਮਿਕ ਵਿਸ਼ਵਾਸ਼ਾਂ ਲਈ ਨਿਸ਼ਾਨਾ ਬਣਾਇਆ ਗਿਆ ਹੈ, ਜਿਸ ਵਿਚ 1984 ਦੀ ਨਸਲਕੁਸ਼ੀ ਵੀ ਸ਼ਾਮਲ ਹੈ। ਮੈਨੂੰ ਇਸ ਭਿਆਨਕ ਘਟਨਾ ਲਈ ਮਾਨਤਾ ਅਤੇ ਜਵਾਬਦੇਹੀ ਦੀ ਮੰਗ ਕਰਨ ਵਿਚ ਉਨ੍ਹਾਂ ਨਾਲ ਖੜ੍ਹੇ ਹੋਣ `ਤੇ ਮਾਣ ਹੈ। ਇਹ ਮਤਾ ਇਸ ਦੁਖਾਂਤ ਨੂੰ ਯਾਦ ਕਰਨ ਅਤੇ ਬੇਕਸੂਰ ਪੀੜਤਾਂ ਦਾ ਸਨਮਾਨ ਕਰਨ ਲਈ ਇਕ ਛੋਟਾ ਪਰ ਮਹੱਤਵਪੂਰਨ ਕਦਮ ਹੈ, ਜਿਨ੍ਹਾਂ ਇਸ ਨਸਲਕੁਸ਼ੀ ਦੌਰਾਨ ਆਪਣੀ ਜਾਨ ਗੁਆਈ ਹੈ।“ ਸਿੱਖ ਆਗੂਆਂ ਨੇ ਦੋਵੇਂ ਸੰਸਦ ਮੈਂਬਰਾਂ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਉਮੀਦ ਪ੍ਰਗਟਾਈ ਹੈ ਕਿ ਆਉਂਦੇ ਸਮੇਂ ਵਿਚ ਸੰਸਦ ਵਿਚੋਂ ਇਸ ਮਤੇ ਨੂੰ ਮਾਨਤਾ ਮਿਲੇਗੀ। ਇਸ ਤੋਂ ਪਹਿਲਾਂ ਅਮਰੀਕਾ ਦੇ ਚਾਰ ਸੂਬਿਆਂ ਦੀਆਂ ਅਸੈਂਬਲੀਆਂ ਵਿੱਚ ਇਸ ਸਬੰਧੀ ਮਤੇ ਨੂੰ ਮਾਨਤਾ ਮਿਲ ਚੁੱਕੀ ਹੈ।
ਤਿੰਨ ਸਫਿਆਂ ਦੇ ਮਤੇ ਵਿਚ ਡੇਵਿਡ ਨੇ ਦਿੱਲੀ ਸਮੇਤ ਵੱਖ-ਵੱਖ ਸੂਬਿਆਂ ਵਿਚ ਸਿੱਖਾਂ ਦੇ ਹੋਏ ਕਤਲੇਆਮ ਦਾ ਜ਼ਿਕਰ ਕੀਤਾ ਹੈ। ਮਤੇ ਵਿਚ ਦੱਸਿਆ ਗਿਆ ਕਿ ਨਵੰਬਰ 1984 ਵਿਚ ਸਿੱਖਾਂ ਨੂੰ ਜ਼ਿੰਦਾ ਸਾੜਿਆ ਗਿਆ ਸੀ ਅਤੇ ਕਤਲ ਕਰ ਦਿੱਤਾ ਗਿਆ ਸੀ। ਇਸ ਵਿਚ ਔਰਤਾਂ, ਬੱਚੇ ਅਤੇ ਬਜ਼ੁਰਗ ਵੀ ਸ਼ਾਮਲ ਸਨ। ਇਸ ਤੋਂ ਇਲਾਵਾ ਸਿੱਖ ਪਰਿਵਾਰਾਂ ਦੇ ਘਰ ਅਤੇ ਕਾਰੋਬਾਰ ਵੀ ਤਬਾਹ ਕਰ ਦਿੱਤੇ ਗਏ ਸਨ।