ਪਟਿਆਲਾ: “ਕਾਮਰੇਡ ਸੋਹਲ ਭਾਰਤੀ ਲੋਕਾਂ ਦਾ ਸੱਚਾ ਜਮਹੂਰੀ ਰਾਜ ਲਿਆਉਣ ਨੂੰ ਪ੍ਰਣਾਏ ਸਿਦਕ ਤੇ ਸਿਰੜ ਦੀ ਮਿਸਾਲ ਕਮਿਊਨਿਸਟ ਆਗੂ ਸਨ ਜਿਨ੍ਹਾਂ ਨੇ 96 ਸਾਲ ਲੰਮੀ ਜ਼ਿੰਦਗੀ ਦਾ ਵੱਡਾ ਹਿੱਸਾ ਸਮਾਜਿਕ ਤਬਦੀਲੀ ਲਈ ਇਨਕਲਾਬੀ ਸੰਘਰਸ਼ ਦੇ ਲੇਖੇ ਲਾਇਆ ਅਤੇ ਕਮਿਊਨਿਸਟ ਲਹਿਰ ਨੂੰ ਆਰਥਿਕਵਾਦ, ਕਾਨੂੰਨਵਾਦ ਦੀ ਜਿੱਲ੍ਹਣ ‘ਚੋਂ ਕੱਢ ਕੇ ਲੋਕਯੁੱਧ ਦਾ ਰਾਹ ਅਪਣਾਉਣ ਲਈ ਸੇਧ ਦੇਣ ਵਿਚ ਇਤਿਹਾਸਕ ਭੂਮਿਕਾ ਨਿਭਾਈ।
ਕਮਿਊਨਿਸਟ ਇਨਕਲਾਬੀ ਆਗੂ ਵਜੋਂ ਉਨ੍ਹਾਂ ਦਾ ਰਾਜਨੀਤਕ ਸਫ਼ਰ ਸਮੁੱਚੀ ਇਨਕਲਾਬੀ ਲਹਿਰ ਲਈ ਫ਼ਖ਼ਰਯੋਗ ਹੈ।” ਇਹ ਵਿਚਾਰ ਇੱਥੇ ਕਾਮਰੇਡ ਜਗਜੀਤ ਸਿੰਘ ਸੋਹਲ ਦੇ ਸ਼ਰਧਾਂਜਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਇਨਕਲਾਬੀ ਜਮਹੂਰੀ ਜਥੇਬੰਦੀਆਂ ਦੇ ਬੁਲਾਰਿਆਂ ਨੇ ਪ੍ਰਗਟ ਕੀਤੇ। ਸ਼ਰਧਾਂਜਲੀ ਸਮਾਗਮ ‘ਚ ਜਿੱਥੇ ਪੰਜਾਬ ਤੋਂ ਇਲਾਵਾ ਦਿੱਲੀ ਅਤੇ ਹਰਿਆਣਾ ਤੋਂ ਵੀ ਇਨਕਲਾਬੀ ਜਮਹੂਰੀ ਕਾਰਕੁਨ ਸ਼ਾਮਲ ਹੋਏ ਉੱਥੇ ਦੇਸ਼-ਵਿਦੇਸ਼ `ਚੋਂ ਵੀ ਲੋਕਪੱਖੀ ਜਥੇਬੰਦੀਆਂ ਨੇ ਸੋਗ ਸੁਨੇਹਿਆਂ ਭੇਜ ਕੇ ਉਨ੍ਹਾਂ ਦੇ ਦੇਹਾਂਤ ਉੱਪਰ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਅਤੇ ਵਿਛੜੇ ਸੰਗਰਾਮੀ ਸਾਥੀ ਦੀ ਕੁਰਬਾਨੀ ਤੇ ਯੋਗਦਾਨ ਨੂੰ ਚੇਤੇ ਕੀਤਾ।
ਸ਼ਰਧਾਂਜਲੀ ਸਮਾਗਮ ਨੂੰ ਸੰਬੋਧਨ ਕਰਨ ਵਾਲਿਆਂ ਵਿਚ ਸੀ.ਪੀ.ਆਈ.(ਐੱਮ.ਐੱਲ.)-ਨਿਊ ਡੈਮੋਕਰੇਸੀ ਦੇ ਆਗੂ ਦਰਸ਼ਨ ਸਿੰਘ ਖਟਕੜ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਡਾ. ਦਰਸ਼ਨਪਾਲ, ਲੋਕ ਸੰਗਰਾਮ ਮੋਰਚਾ ਦੇ ਪ੍ਰਧਾਨ ਤਾਰਾ ਸਿੰਘ ਮੋਗਾ, ਪੰਜਾਬ ਜਮਹੂਰੀ ਮੋਰਚਾ ਦੇ ਸੂਬਾ ਆਗੂ ਬੂਟਾ ਸਿੰਘ ਮਹਿਮੂਦਪੁਰ, ਸੁਰਖ਼ ਲੀਹ ਦੇ ਸੰਪਾਦਕ ਪਾਵੇਲ ਕੁੱਸਾ, ਲਾਲ ਪਰਚਮ ਦੇ ਸੰਪਾਦਕ ਮੁਖਤਿਆਰ ਪੂਹਲਾ, ਹਰਿਆਣਾ ਤੋਂ ਲੋਕ ਜਮਹੂਰੀ ਆਗੂ ਸਤੀਸ਼ ਅਜ਼ਾਦ, ਦਿੱਲੀ ਤੋਂ ਕਾਰਕੁਨ ਕੁਲਬੀਰ ਸਿੰਘ, ਉਨ੍ਹਾਂ ਦੇ ਨਕਸਲੀ ਲਹਿਰ ਦੇ ਮੁੱਢਲੇ ਸਾਥੀ ਗੁਰਮੀਤ ਸਿੰਘ ਦਿੱਤੂਪੁਰ, ਇਨਕਲਾਬੀ ਜਮਹੂਰੀ ਮੋਰਚਾ ਦੇ ਆਗੂ ਡਾ. ਮਨਿੰਦਰ ਬੀਹਲਾ, ਲਖਵਿੰਦਰ (ਅਦਾਰਾ ਪ੍ਰਤੀਬੱਧ) ਸ਼ਾਮਿਲ ਸਨ।
ਇਸ ਮੌਕੇ ਇੰਡੀਅਨ ਵਰਕਰਜ਼ ਐਸੋਸੀਏਸ਼ਨ (ਗਰੇਟ ਬ੍ਰਿਟੇਨ), ਸੀ.ਪੀ.ਆਈ. (ਮਾਓਵਾਦੀ), ਸੀ.ਪੀ.ਆਰ.ਸੀ.ਆਈ. (ਐੱਮ.ਐਲ.), ਭਾਰਤੀ ਕਮਿਊਨਿਸਟ ਲੀਗ, ਦੇਸ਼ਭਗਤ ਯਾਦਗਾਰ ਕਮੇਟੀ ਜਲੰਧਰ, ਜਮਹੂਰੀ ਅਧਿਕਾਰ ਸਭਾ ਪੰਜਾਬ, ਇਨਕਲਾਬੀ ਕੇਂਦਰ ਪੰਜਾਬ, ਮਾਸਿਕ ਸਰੋਕਾਰਾਂ ਦੀ ਆਵਾਜ਼, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ, ਫਰੈਂਡਜ਼ ਆਫ ਇੰਡੀਅਨ ਰੈਵੋਲੂਸ਼ਨ ਕੈਨੇਡਾ, ਇੰਡੀਅਨ ਪ੍ਰੋਗਰੈਸਿਵ ਸਟੱਡੀ ਐਂਡ ਰਿਸਰਚ ਗਰੁੱਪ ਵੈਨਕੂਵਰ ਵਲੋਂ ਭੇਜੇ ਸੋਗ ਸੰਦੇਸ਼ ਵੀ ਪੜ੍ਹੇ ਗਏ। ਮੰਚ ਸੰਚਾਲਨ ਮਾਸਟਰ ਸੁੱਚਾ ਸਿੰਘ ਨੇ ਕੀਤਾ। ਅਜਮੇਰ ਸਿੰਘ ਅਕਲੀਆ, ਬੋਘ ਸਿੰਘ ਖੋਖਰ, ਗੁਰਮੀਤ ਜੱਜ, ਹਰਬੰਸ ਸੋਨੂ, ਅਵਤਾਰ ਸਿੰਘ ਕੌਰਜੀਵਾਲਾ ਅਤੇ ਕੁਲਵਿੰਦਰ ਬੰਟੀ ਨੇ ਗੀਤ ਅਤੇ ਕਵੀਸ਼ਰੀ ਰਾਹੀਂ ਸ਼ਰਧਾਂਜਲੀ ਭੇਂਟ ਕੀਤੀ ਗਈ।