ਸਲਮਾਨ ਖਾਨ ਦਾ ਮਾੜਾ ਦੌਰ?

ਗੁਰਜੰਟ ਸਿੰਘ
ਆਪਣੇ ਕਰੀਬੀ ਦੋਸਤ ਤੇ ਐੱਨ.ਸੀ.ਪੀ. ਆਗੂ ਬਾਬਾ ਸਿੱਦੀਕੀ ਦੀ ਹੱਤਿਆ ਮਗਰੋਂ ਅਦਾਕਾਰ ਸਲਮਾਨ ਖਾਨ ਨੇ ਕਿਹਾ ਕਿ ਉਸ ਨੂੰ ‘ਬਿੱਗ ਬੌਸ 18` ਦੇ ਪ੍ਰਤੀਯੋਗੀਆਂ ਵਿਚਾਲੇ ਹੋ ਰਹੇ ਝਗੜਿਆਂ ਨੂੰ ਅਜਿਹੇ ਸਮੇਂ ਵਿਚ ਨਜਿੱਠਣਾ ਪੈ ਰਿਹਾ ਹੈ ਜਦੋਂ ਉਹ ਖ਼ੁਦ ਜ਼ਿੰਦਗੀ ਦੇ ਮਾੜੇ ਦੌਰ ਵਿਚੋਂ ਗੁਜ਼ਰ ਰਿਹਾ ਹੈ। ਜ਼ਿਕਰਯੋਗ ਹੈ ਕਿ ਮਹਾਰਾਸ਼ਟਰ ਦੇ ਸਾਬਕਾ ਮੰਤਰੀ ਸਿੱਦੀਕੀ ਜੋ ਆਪਣੀਆਂ ਇਫ਼ਤਾਰ ਪਾਰਟੀਆਂ

ਅਤੇ ਬੌਲੀਵੁੱਡ ਹਸਤੀਆਂ ਨਾਲ ਖਾਸ ਸਬੰਧਾਂ ਲਈ ਜਾਣੇ ਜਾਂਦੇ ਸਨ, ਨੂੰ 12 ਅਕਤੂਬਰ ਨੂੰ ਉਸ ਦੇ ਵਿਧਾਇਕ ਪੁੱਤਰ ਜੀਸ਼ਾਨ ਸਿੱਦੀਕੀ ਦੇ ਮੁੰਬਈ ਦਫ਼ਤਰ ਦੇ ਬਾਹਰ ਗੋਲੀਆਂ ਮਾਰ ਦਿੱਤੀਆਂ ਗਈਆਂ ਸਨ। ਪੁਲਿਸ ਨੂੰ ਖ਼ਦਸ਼ਾ ਹੈ ਕਿ ਸਿੱਦੀਕੀ ਨੂੰ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਖ਼ਾਨ ਨਾਲ ਨੇੜਤਾ ਕਾਰਨ ਨਿਸ਼ਾਨਾ ਬਣਾਇਆ ਹੈ। ਉਧਰ ‘ਬਿੱਗ ਬੌਸ 18` ਦੇ ਸ਼ੋਅ ਵਿਚ ਮੇਜ਼ਬਾਨ ਵਜੋਂ ਭੂਮਿਕਾ ਨਿਭਾਉਣ ਵਾਲੇ ਸਲਮਾਨ ਖਾਨ ਨੇ ਕਿਹਾ ਕਿ ਉਹ ਇਸ ਸੀਰੀਜ਼ ਨੂੰ ਛੱਡਣਾ ਚਾਹੁੰਦਾ ਸੀ। ਉਸ ਨੇ ਕਿਹਾ, “ਯਾਰ, ਕਸਮ ਖ਼ੁਦਾ ਦੀ, ਮੈਂ ਕਿਸ ਦੌਰ `ਚੋਂ ਲੰਘ ਰਿਹਾ ਹਾਂ ਪਰ ਮੈਨੂੰ ਇੱਥੇ ਆਉਣਾ ਪੈਣਾ ਹੀ ਹੈ ਅਤੇ ਪ੍ਰਤੀਯੋਗੀਆਂ ਦੇ ਝਗੜਿਆਂ ਨਾਲ ਨਜਿੱਠਣਾ ਪੈਣਾ ਹੈ। ਮੈਂ ਅੱਜ ਇੱਥੇ ਆਉਣਾ ਨਹੀਂ ਸੀ ਚਾਹੁੰਦਾ ਪਰ ਕੁਝ ਕੰਮ ਤੁਹਾਨੂੰ ਕਰਨੇ ਹੀ ਪੈਂਦੇ ਹਨ।”
ਇਸੇ ਦੌਰਾਨ ਗਾਇਕ ਅਤੇ ਸੰਗੀਤਕਾਰ ਅਨੂਪ ਜਲੋਟਾ ਨੇ ਕਿਹਾ ਹੈ ਕਿ ਬੌਲੀਵੁੱਡ ਸੁਪਰਸਟਾਰ ਸਲਮਾਨ ਖ਼ਾਨ ਨੂੰ ਬਿਸ਼ਨੋਈ ਭਾਈਚਾਰੇ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ ਕਿਉਂਕਿ ਉਹ ਨਹੀਂ ਚਾਹੁੰਦੇ ਕਿ ਉਨ੍ਹਾਂ ਦੇ ਦੋਸਤਾਂ ਜਾਂ ਪਰਿਵਾਰ ਦਾ ਕੋਈ ਨੁਕਸਾਨ ਹੋਵੇ। ਜ਼ਿਕਰਯੋਗ ਹੈ ਕਿ ਸਲਮਾਨ `ਤੇ ਦੋਸ਼ ਹੈ ਕਿ ਉਸ ਨੇ ਕਾਲੇ ਹਿਰਨ ਦਾ ਸ਼ਿਕਾਰ ਕੀਤਾ ਹੈ ਜਿਸ ਨੂੰ ਬਿਸ਼ਨੋਈ ਭਾਈਚਾਰੇ ਵੱਲੋਂ ਪਵਿੱਤਰ ਮੰਨਿਆ ਜਾਂਦਾ ਹੈ। ਇਹ ਘਟਨਾ 1998 ਵਿਚ ਰਾਜਸਥਾਨ ਦੇ ਜੋਧਪੁਰ ਵਿਚ ਫਿਲਮ ‘ਹਮ ਸਾਥ ਸਾਥ ਹੈਂ` ਦੀ ਸ਼ੂਟਿੰਗ ਦੌਰਾਨ ਵਾਪਰੀ ਸੀ। ਇਸ ਕਾਰਨ ਸਲਮਾਨ ਨੂੰ ਕਈ ਵਾਰ ਜੇਲ੍ਹ ਵਿਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਤੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਚੁੱਕੀਆਂ ਹਨ।
ਬਾਬਾ ਸਿੱਦੀਕੀ ਦੇ ਕਤਲ ਅਤੇ ਸੁਪਰ ਸਟਾਰ ਨੂੰ ਮਿਲ ਰਹੀਆਂ ਧਮਕੀਆਂ ਬਾਰੇ ਗੱਲ ਕਰਦਿਆਂ ਅਨੂਪ ਜਲੋਟਾ ਨੇ ਕਿਹਾ ਕਿ ਸਲਮਾਨ ਖਾਨ ਨੂੰ ਸਭ ਤੋਂ ਪਹਿਲਾਂ ਪਹਿਲੀ ਉਡਾਣ ਲੈ ਕੇ ਬਿਸ਼ਨੋਈ ਮੰਦਰ ਜਾਣਾ ਚਾਹੀਦਾ ਹੈ ਅਤੇ ਸਮਾਜ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ। ਭਾਵੇਂ ਉਸ ਨੇ ਅਜਿਹਾ ਕੀਤਾ ਹੈ ਜਾਂ ਨਹੀਂ। ਉਸ ਨੇ ਕਿਹਾ ਕਿ ਉਹ ਨਹੀਂ ਚਾਹੁੰਦਾ ਕਿ ਉਸ ਦੇ ਦੋਸਤਾਂ ਜਾਂ ਉਸ ਦੇ ਪਰਿਵਾਰ ਦਾ ਕੋਈ ਨੁਕਸਾਨ ਹੋਵੇ। ਇਸ ਲਈ ਮੁਆਫ਼ੀ ਮੰਗਣਾ ਸਹੀ ਹੈ। ਜਲੋਟਾ ਨੇ ਅੱਗੇ ਕਿਹਾ ਕਿ ਮੁਆਫ਼ੀ ਮੰਗਣ ਨਾਲ ਇਨਸਾਨ ਵੱਡਾ ਹੁੰਦਾ ਹੈ।