ਤਾਪ ਤੇ ਇਸਦਾ ਪ੍ਰਤਾਪ

ਬਲਜੀਤ ਬਾਸੀ
ਫੋਨ: 734-259-9353
ਪਹਿਲੀਆਂ ‘ਚ ਟਾਟਾ ਨੂੰ ਗੁਜਰਾਤੀ ਵਿਚ ਤਾਤਾ ਕਹਿੰਦੇ ਸਨ, ਜਿਸ ਦਾ ਪੰਜਾਬੀ ਵਿਚ ਅਰਥ ਤੱਤਾ, ਗਰਮ ਅਤੇ ਲਾਖਣਿਕ ਤੱਤੇ ਸੁਭਾਅ ਵਾਲਾ ਹੁੰਦਾ ਹੈ। ਇਹ ਸਮਝਣ ਵਾਲੀ ਗੱਲ ਹੈ ਕਿ ਗਰਮੀ ਦੇ ਸੰਕਲਪ ਦਾ ਕ੍ਰੋਧ ਨਾਲ ਕੀ ਸਬੰਧ ਹੈ? ਮੈਂ ਕਈ ਭਾਸ਼ਾਵਾਂ ਵਿਚ ਦੇਖਿਆ ਹੈ ਕਿ ਤੱਤਾ ਅਰਥਾਂ ਵਾਲਾ ਸ਼ਬਦ ਕ੍ਰੋਧ ਦਾ ਵੀ ਅਰਥਾਵਾਂ ਹੈ। ਗਰਮੀ ਲੱਗਣ ਨਾਲ ਮਨੁੱਖ ਤਲਖੀ ਭਰਿਆ,

ਆਪੇ ਤੋਂ ਬਾਹਰ ਹੋਇਆ ਮਹਿਸੂਸ ਕਰਦਾ ਹੈ ਜਿਸ ਕਾਰਨ ਉਸ ਦਾ ਮਿਜਾਜ਼ ਚਿੜਚੜਾ ਹੋ ਜਾਂਦਾ ਹੈ। ਇਹ ਮਿਜਾਜ਼ ਉਸ ਨੂੰ ਕ੍ਰੋਧਵਾਨ ਬਣਾਉਂਦਾ ਹੈ ਜਿਸ ਦਾ ਉਸ ਦੇ ਨਿਕਟਵਰਤੀ ਖਾਹ-ਮਖਾਹ ਸ਼ਿਕਾਰ ਬਣਦੇ ਹਨ। ਟਾਟਾ ਵਾਲੇ ਲੇਖ ਵਿਚ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਟਾਟਾ ਦਾ ਗੁਜਰਾਤੀ ਤਾਤਾ ਸ਼ਬਦ ਨਾਲ ਕੀ ਸਬੰਧ ਹੈ ਅਤੇ ਇਹ ਕਿਹੜੀਆਂ ਹਾਲਤਾਂ ਵਿਚ ਉਭਰਿਆ। ਇਹ ਸੰਕੇਤ ਕੀਤਾ ਗਿਆ ਸੀ ਕਿ ਇਹ ਪੰਜਾਬੀ ਤੱਤਾ (ਗਰਮ) ਦਾ ਸਜਾਤੀ ਹੈ ਅਤੇ ਭਾਰੋਪੀ ਖਾਸੇ ਵਾਲਾ ਹੈ। ਅੱਜ ਅਸੀਂ ਇਸ ਸ਼ਬਦ ਦੇ ਪੰਜਾਬੀ ਦੇ ਆਪਣੇ ਅਤੇ ਹੋਰ ਭਾਸ਼ਾਵਾਂ ਵਿਚ ਵਿਛੜੇ ਖੁੂਨੀ ਸਾਕ ਲੱਭਣੇ ਹਨ ਜੋ ਉਨ੍ਹਾਂ ਦੇ ਨੈਣ-ਨਕਸ਼ਾਂ ਤੋਂ ਪਛਾਣ ਸਕਦੇ ਹਾਂ।
ਸੰਸਕ੍ਰਿਤ ਵਿਚ ਇਸ ਦਾ ਧਾਤੂ *ਤਪ ਹੈ ਜਿਸ ਵਿਚ ਗਰਮੀ ਦਾ ਭਾਵ ਹੈ। ਤਪ ਤੋਂ ਸੰਸਕ੍ਰਿਤ ਵਿਚ ਭੂਤ ਕਾਰਦੰਤਕ ‘ਤਪਿਤ’ ਸ਼ਬਦ ਬਣਿਆ ਜਿਸ ਨੂੰ ਪੰਜਾਬੀ ਵਿਚ ਤਪਿਆ ਕਹਿ ਸਕਦੇ ਹਾਂ। ਇਸ ਤਪਿਤ ਵਿਚੋਂ ‘ਪ’ ਧੁਨੀ ਅਲੋਪ ਹੋ ਕੇ ਤੱਤ ਤੇ ਅੱਗੇ ਤੱਤਾ ਸ਼ਬਦ ਬਣਦਾ ਹੈ। ਤੱਤਾ ਦੀ ਚਰਚਾ ਅਸੀਂ ਟਾਟਾ ਵਾਲੀ ਪੋਸਟ ਵਿਚ ਕਰ ਆਏ ਹਾਂ। ਤਪ ਧਾਤੂ ਤੋਂ ਸਿਧਾ ਧਿਆਨ ਤਪ ਸ਼ਬਦ ਵੱਲ ਜਾਂਦਾ ਹੈ ਜੋ ਰਿਸ਼ੀਆਂ, ਮੁਨੀਆਂ ਆਦਿ ਵਲੋਂ ਆਪਣੇ ਤਨ-ਮਨ ਨੂੰ ਘੋਰ ਕਸ਼ਟ ਵਿਚ ਪਾ ਕੇ ਲੰਮਾ ਸਮਾਂ ਸਮਾਧੀ ਵਿਚ ਲੀਨ ਹੋਣ ਦਾ ਭਾਵ ਦਿੰਦਾ ਹੈ, ਇੱਕ ਪਰਿਭਾਸ਼ਾ ਅਨੁਸਾਰ “ਸਰੀਰ ਨੂੰ ਤਪਾਉਣ ਵਾਲਾ ਵ੍ਰਤ”। ਤਪ ਕਰਨ ਵਾਲਾ ਆਪਣੇ ਆਪ ਨੂੰ ਖਪਾਉਂਦਾ ਹੈ। ਧਰਮਾਂ ਵਿਚ ਤਪ, ਜ਼ੁਹਦ ਕਰਕੇ ਪਰਮ ਸਤਿ ਪਾਉਣ ਦਾ ਵਿਆਪਕ ਵਿਚਾਰ ਹੈ। ਤਪ ਤੋਂ ਲਗਭਗ ਇਸੇ ਅਰਥ ਵਾਲਾ ਸ਼ਬਦ ਤਪੱਸਿਆ (ਸੰਸਕ੍ਰਿਤ ਤਪਯਤਿ) ਬਣਦਾ ਹੈ ਤੇ ਇਹ ਵ੍ਰਤ ਕਰਨ ਵਾਲਾ ਤਪੀ, ਤਪਾ, ਤਪੀਆ, ਤਾਪਸੀ, ਤਪੱਸਵੀ ਅਤੇ ਤਪੀਸ਼ਰ। ‘ਤਪੀਆ ਹੋਵੈ ਤਪੁ ਕਰੈ’ -ਗੁਰੂ ਨਾਨਕ, ‘ਤਪ ਮਹਿ ਤਪੀਸਰੁ ਗ੍ਰਿਹਸਤ ਮਹਿ ਭੋਗੀ’-ਸੁਖਮਣੀ ਸਾਹਿਬ। ਇਹ ਸਾਰੇ ਸ਼ਬਦ ਹੋਰ ਅਰਥ ਵਿਸਤਾਰ ਕਰਕੇ ਸਖਤ ਮਿਹਨਤ ਜਾਂ ਘਾਲਣਾ ਦੇ ਅਰਥਾਵੇਂ ਵੀ ਬਣ ਜਾਂਦੇ ਹਨ ਜਿਵੇਂ ਖੇਤੀ ਨਿਯਮ ਵਾਪਸ ਲੈਂਦਿਆਂ ਮੋਦੀ ਨੇ ਕਿਹਾ ਸੀ ਕਿ ਮੇਰੀ ਤਪੱਸਿਆ ਵਿਚ ਕੋਈ ਕਮੀ ਹੀ ਰਹਿ ਗਈ ਹੋਵੇਗੀ ਕਿ ਨਿਯਮ ਮੰਨੇ ਨਹੀਂ ਗਏ। ਸ਼ਬਦ ਤਪ ਤੋਂ ਸੇਕ ਦੇ ਅਰਥਾਂ ਵਾਲੀ ਭਾਵਵਾਚਕ ਸੰਗਿਆ ਤਪਸ਼ ਬਣਦੀ ਹੈ, ਅੱਜ-ਕਲ੍ਹ ‘ਆਲਮੀ ਤਪਸ਼’ ਸ਼ਬਦ ਵੀ ਚਲਾਇਆ ਗਿਆ ਹੈ। ਅੱਗੇ ਗਰਮਜੋਸ਼ੀ ਦੇ ਅਰਥਾਂ ਵਾਲਾ ਤਪਾਕ ਸ਼ਬਦ ਬਣਦਾ ਹੈ। ਅੱਖਰੀ ਅਰਥਾਂ ਵਜੋਂ ਤਪਦਿਕ ਉਹ ਬੀਮਾਰੀ ਹੈ ਜਿਸ ਦਾ ਤਾਪ ਬਹੁਤ ਦਿੱਕ ਕਰਦਾ ਹੈ। ਤਾਪ-ਤਿੱਲੀ, ਤਿੱਲੀ ਦੇ ਵਧਣ ਕਾਰਨ ਹੋਇਆ ਬੁਖਾਰ ਹੈ।
ਗਰਮੀ ਅਤੇ ਰੋਸ਼ਨੀ ਦੇ ਵਰਤਾਰੇ ਨਾਲੋ-ਨਾਲ ਵਾਪਰਦੇ ਹਨ ਇਸ ਲਈ ਦੋਨਾਂ ਵਾਸਤੇ ਕਈ ਭਾਸ਼ਾਵਾਂ ਵਿਚ ਇਕੋ ਸ਼ਬਦ ਦੇ ਦੋਨੋਂ ਅਰਥ ਮਿਲਦੇ ਹਨ। ਮਹਾਂਪੁਰਸ਼ਾਂ ਦੇ ਦਗ-ਦਗ ਕਰਦੇ ਚਿਹਰੇ, ਜੋ ਪ੍ਰਭਾਵਸ਼ਾਲੀ ਹੁੰਦੇ ਹਨ, ਲਈ ਵੀ ਤਪ ਸ਼ਬਦ ਵਰਤਿਆ ਮਿਲਦਾ ਹੈ ‘ਦੇਵਨ ਕੇ ਤਪ ਮੈ ਸੁਖ ਪਾਵੈ’- ਚੰਡੀ ਦੀ ਵਾਰ। ਏਥੇ ਤਪ ਇਕ ਰੂਹਾਨੀ ਪਾਸਾਰ ਵੀ ਅਖਤਿਆਰ ਕਰ ਲੈਂਦਾ ਹੈ। ਇਸ ਲਈ ਤੇਜ ਸ਼ਬਦ ਵੀ ਚੱਲਦਾ ਹੈ। ਧਿਆਨ ਦਿਓ ‘ਦਗ’ ਸ਼ਬਦ ਵਿਚ ਵੀ ਗਰਮੀ ਅਤੇ ਰੋਸ਼ਨੀ ਦੇ ਦੋਵੇਂ ਭਾਵ ਹਨ ਜੋ ਕਿ ਸੰਸਕ੍ਰਿਤ ਦਾਗ ਤੋਂ ਹੀ ਵਿਉਤਪਤ ਹੋਇਆ ਹੈ। ਤਪ ਤੋਂ ਕਿਰਿਆਵਾਂ ਬਣਦੀਆਂ ਹਨ ਤਪਣਾ/ਤਪਾਉਣਾ ਅਰਥਾਤ ਗਰਮ ਹੋਣਾ/ਕਰਨਾ ਜਿਵੇਂ ਚੁੱਲ੍ਹਾ ਤਪਣਾ ਜਾਂ ਤਪਾਉਣਾ। ਦੋਨਾਂ ਸ਼ਬਦਾਂ ਵਿਚ ਕਰਮਵਾਰ ਕ੍ਰੋਧ ਵਿਚ ਆਉਣਾ ਜਾਂ ਕਿਸੇ ਨੂੰ ਲਿਆਉਣਾ ਵੀ ਹੈ। ਤਪ ਦੀ ਤ ਧੁਨੀ ਤਵਰਗ ਦੀ ਹੀ ਇਕ ਹੋਰ ਧੁਨੀ ਮ ਧੁਨੀ ਵਿਚ ਬਦਲ ਜਾਂਦੀ ਜਿਸ ਤੋਂ ਤਮਕ ਤੇ ਫਿਰ ਤਮਕਣਾ ਅਤੇ ਤਮਤਮਾਉਣਾ ਸ਼ਬਦ ਬਣਦੇ ਹਨ ਜਿਨ੍ਹਾਂ ਵਿਚ ਚਮਕਣ ਦੇ ਭਾਵ ਹਨ। ਤਪੱਸਿਆ ਲਈ ਯੋਗ ਜੰਗਲ ਨੂੰ ਤਪੋਵਣ ਆਖਦੇ ਹਨ, ‘ਤੂੰ ਨਹੀਂ ਕਿਸੇ ਰਿਸ਼ੀ ਦੀ ਪੁਤਰੀ, ਕਿਸੇ ਆਸ਼ਰਮ ਕਿਸੇ ਤਪੋਵਣ ਉਤਰੀ’-ਮੀਸ਼ਾ। ਤਪੋਬਲ ਹੈ ਤਪ ਨਾਲ ਕਮਾਈ ਸ਼ਕਤੀ। ਤਪਾ ਸ਼ਹਿਰ ਬਾਰੇ ਕਿਹਾ ਜਾਂਦਾ ਹੈ ਕਿ ਇਹ ਨਾਂ ਇਸ ਲਈ ਪਿਆ ਕਿ ਏਥੇ ਕਿਸੇ ਨੇ ਤਪ ਕੀਤਾ ਸੀ।
ਤਪ ਤੋਂ ਗਰਮੀ ਦੇ ਅਰਥਾਂ ਵਾਲਾ ਤਾਪ ਸ਼ਬਦ ਵਿਕਸਿਆ ਹੈ ਜਿਸ ਨੂੰ ਭੌਤਿਕ-ਵਿਗਿਆਨ ਦੀ ਤਕਨੀਕੀ ਸ਼ਬਦਾਵਲੀ ਵਿਚ ਗਰਮੀ ਦੇ ਅਰਥਾਂ ਵਿਚ ਰੱਖਿਆ ਗਿਆ ਹੈ ਜਦ ਕਿ ਪਰੰਪਰਕ ਤੌਰ ‘ਤੇ ਇਸ ਨੂੰ ਸਰੀਰਕ ਬੁਖਾਰ, ਭਖ ਦੇ ਅਰਥਾਂ ਵਿਚ ਲਿਆ ਜਾਂਦਾ ਹੈ, ‘ਤੈਨੂੰ ਤਾਪ ਚੜ੍ਹੇ ਮੈਂ ਹੂੰਗਾਂ’।
ਲੈ ਜਾਏ ਮੈਂ ਭਈਆਂ ਪਿਟੜੀ ਨੂੰ, ਕੋਈ ਗੈਬ ਦਾ ਸੂਲ ਜਾਂ ਤਾਪ ਆਵੇ।
ਵਾਰਿਸ ਸ਼ਾਹ ਨਾ ਮੁੜਾਂ ਰੰਝੇਟੜੇ ਤੋਂ, ਭਾਵੇਂ ਬਾਪ ਦੇ ਬਾਪ ਦਾ ਬਾਪ ਆਵੇ- ਵਾਰਿਸ ਸ਼ਾਹ।
ਗੁਰਬਾਣੀ ਵਿਚ ਦੁਖ, ਕਲੇਸ਼ ਤੇ ਤਪੱਸਿਆ ਦੇ ਅਰਥਾਂ ਵਿਚ ਆਇਆ ਹੈ,‘ਹਉ ਤਾਪ ਬਿਨਸੇ ਸਦਾ ਸਰਸੇਪ੍ਰਭ ਮਿਲੇ ਚਿਰੀ ਵਿਛੁੰਨਿਆ’- ਛੰਨ। ਤਪੱਸਿਆ ਦੇ ਅਰਥਾਂ ਵਿਚ,’ਕਾਹੂ ਜਾਪ ਕਾਹੂ ਤਾਪ ਕਾਹੂ ਪੂਜਾ ਹੇਮ ਨੇਮ’-ਰਾਗ ਗੌੜੀ। ਤਾਪ ਤੋਂ ਹੀ ਮਹਿਲਾ-ਤਪੱਸਵੀ ਦੇ ਅਰਥਾਂ ਵਲਾ ਤਾਪਸੀ ਸ਼ਬਦ ਬਣਦਾ ਹੈ। ਸੋ ਲੱਗ ਗਿਆ ਨਾ ਪਤਾ ਤਾਪਸੀ ਪੰਨੂ ਦੇ ਨਾਂ ਦੇ ਭੇਤ ਦਾ। ਗਰਮੀ ਦੇ ਦਰਜੇ ਦੇ ਅਰਥਾਂ ਵਿਚ ਤਾਪਮਾਨ ਸ਼ਬਦ ਹੈ। ਸੂਰਜ ਦੀ ਧੀ ਦਾ ਨਾਂ ਤਾਪਤੀ ਹੈ ਜਿਸ ਦੇ ਨਾਂ ਪਿਛੇ ਤਾਪਤੀ ਦਰਿਆ ਦਾ ਨਾਂ ਰੱਖਿਆ ਦੱਸਿਆ ਜਾਂਦਾ ਹੈ। ਦੰਤ ਕਥਾ ਹੈ ਕਿ ਸੂਰਜ ਨੇ ਆਪਣੀ ਤਪਸ਼ ਤੋਂ ਬਚਣ ਲਈ ਇਹ ਦਰਿਆ ਕਢਿਆ। ਜੰਮੂ ਕਸ਼ਮੀਰ ਵਿਚ ਵਗਦੇ ਝਨਾਂ `ਚੋਂ ਨਿਕਲੇ ਤਵੀ ਦਰਿਆ ਬਾਰੇ ਵੀ ਕੁਝ ਅਜਿਹਾ ਹੀ ਆਖਿਆਣ ਹੈ। ਅਖੇ ਇਹ ਸੂਰਜ ਦੇ ਇਕ ਨਾਂ ਤੋਸ਼ੀ ਤੋਂ ਵਿਗੜ ਕੇ ਬਣਿਆ ਹੈ। ਤਵੀ ਨੂੰ ਸੂਰਯਾ ਪੁਤਰੀ ਵੀ ਕਿਹਾ ਜਾਂਦਾ ਹੈ। ਸੰਭਵ ਹੈ ਅਜਿਹੇ ਨਾਂ ਦਰਿਆ ਦੇ ਗਰਮ ਪਾਣੀ ਜਾਂ ਗਰਮ ਸਰੋਤੇ ਕਾਰਨ ਪਏ ਹੋਣ। ਤਾਪ ਦੀ ਪ ਧੁਨੀ ਵ ਵਿਚ ਬਦਲ ਜਾਂਦੀ ਹੈ ਤਾਂ ਤਾਵ ਸ਼ਬਦ ਬਣ ਜਾਂਦਾ ਹੈ। ਸ਼ਬਦ ਵਿਚ ਤੁਰੰਤ ਦਾ ਭਾਵ ਵੀ ਸਮਾ ਜਾਂਦਾ ਹੈ ਜਦੋਂ ਅਸੀਂ ਕਹਿੰਦੇ ਹਾਂ ਕਿ ਤੱਤੀ ਤੱਤੀ ਰੋਟੀ ਖਾਣੀ ਹੈ ਤਾਂ ਇਸ ਦਾ ਮਤਲਬ ਇਹ ਵੀ ਹੈ ਕਿ ਤਾਜ਼ੀ, ਸੱਜਰੀ ਹੁਣੇ ਤਵੇ ਤੋਂ ਲਾਹੀ। ਸੋ ਤੱਤੇ ਘਾਉ ਦਾ ਸ਼ਾਬਦਿਕ ਮਤਲਬ ਹੈ ਜਦੋਂ ਜ਼ਖਮ ਤਾਜ਼ਾ ਹੋਵੇ ਤੇ ਲਾਖਣਿਕ ਤੁਰੰਤ। ਤਾਵ ਵਿਚਲੀ ਵ ਧੁਨੀ ਅ/ਉ ਵਿਚ ਪਲਟ ਜਾਂਦੀ ਹੈ, ਨਤੀਜਨ ਤਾਅ/ਤਾਉ ਸ਼ਬਦ ਹਾਸਿਲ ਹੁੰਦਾ ਹੈ ਜਿਸ ਵਿਚੋਂ ਅੱਗ ਦਾ ਸੇਕ ਆਉਂਦਾ ਹੈ। ਜਪੁਜੀ ਵਿਚ ਇਸ ਤਰ੍ਹਾਂ ਲਭਦਾ ਹੈ,’ਭਲਾ ਖਲਾ ਅਗਨਿ ਤਪ ਤਾਉ’। ਤਪੱਸਿਆ ਦੇ ਅਰਥਾਂ ਵਿਚ ਵੀ ਹੈ ,’ਅਸੰਖ ਤਪ ਤਾਉ’। ਤਾਅ ਤੋਂ ਕੁਝ ਮੁਹਾਵਰੇ ਵੀ ਬਣੇ ਹਨ ਜਿਵੇਂ ਤਾਅ ਆਉਣਾ = ਗਰਮ ਹੋ ਜਾਣਾ; ਤਾਅ ਖਾਣਾ = ਗਰਮੀ ਵਿਚ ਜਾਂ ਗੁੱਸੇ ਵਿਚ ਆ ਜਾਣਾ; ਤਾਅ ਦੇਣਾ = ਬਾਲਣ ਝੋਕ ਕੇ ਹੋਰ ਗਰਮ ਕਰਨਾ, ਭੜਕਾਉਣਾ, ਮੁੱਛਾਂ ਨੂੰ ਵੱਟ ਦੇਣਾ। ਇਸੇ ਤਾਅ ਦਾ ਇੱਕ ਰੂਪ ਤੌਣੀ/ਤਾਉਣੀ ਹੈ, ਤੌਣੀ ਲਾਉਣਾ, ਜਾਂ ਤੌਣੀ ਚਾੜ੍ਹਨਾ ਦਾ ਮਤਲਬ ਕਿਸੇ ਨੂੰ ਬਹੁਤ ਕੁੱਟਣਾ, ਸੇਕਣਾ ਹੈ, ਆਟੇ ਨੂੰ ਤੌਣੀ ਲਾਉਣ ਤੋਂ ਮੁਰਾਦ ਹੈ ਇਸ ਨੂੰ ਖੂਬ ਮਸਲ-ਮਸਲ ਕੇ ਇੱਕ ਤਰ੍ਹਾਂ ਗਰਮ ਕਰਨਾ ਹੀ ਹੈ। ਤਾਪ ਤੋਂ ਤਾਪਕ (ਗਰਮਾਉਣ ਵਾਲਾ) ਸ਼ਬਦ ਬਣਦਾ ਹੈ। ਤਾਪਕ ਤੋਂ ਰੋਟੀਆਂ ਪਕਾਉਣ ਵਾਲਾ ਤਵਾ/ਤਵੀ ਸ਼ਬਦ ਸਾਹਮਣੇ ਆਉਂਦਾ ਹੈ ਤੇ ਨਾਲ ਲਗਦਾ ਤਾਵੜੀ > ਤੌੜੀ, ਸਬਜ਼ੀ ਭਾਜੀ ਰਿੰਨ੍ਹਣ ਵਾਲਾ ਭਾਂਡਾ। ਲਹਿੰਦੀ ਵਿਚ ਤੌੜੀ ਲਈ ਤਾਵੜੀ ਸ਼ਬਦ ਹੈ। ਪੋਹ ਦੇ ਮਹੀਨੇ ਬਾਰੇ ਅਖਾਣ ਹੈ, ‘ਪੋਹ ਤਵਾ ਲਾਹ ਤੇ ਤੌੜੀ ਧੋ’। ਪੋਹ ਦੇ ਮਹੀਨੇ ਦਿਨ ਛੋਟੇ ਹੁੰਦੇ ਹਨ, ਦਿਨ ਛੇਤੀ ਬੀਤਦਾ ਜਾਂਦਾ ਹੈ ਜਾਣੋ ਸਵੇਰ ਦੁਪਹਿਰ ਦੀ ਰੋਟੀ ਖਾਣ ਤੋਂ ਛੇਤੀ ਪਿਛੋਂ ਰਾਤ ਦੀ ਸਬਜ਼ੀ ਦਾਲ ਦਾ ਵੇਲਾ ਆ ਜਾਂਦਾ ਹੈ ਜੋ ਤੌੜੀ ਵਿਚ ਬਣਾਈ ਜਾਂਦੀ ਸੀ।
ਤਾਪ ਦੇ ਅੱਗੇ ਅਗੇਤਰ ਲੱਗ ਕੇ ਹੋਰ ਸ਼ਬਦ ਨਿਰਮਿਤ ਹੁੰਦੇ ਹਨ। ਕੁਝ ਉਦਾਹਰਣ ਲੈਂਦੇ ਹਾਂ। ਸੰਤਾਪ (ਸਮ+ਤਾਪ) ਸ਼ਬਦ ਵਿਚ ਆਪਣੇ ਆਪ ਵਿਚ ਸੜਨ, ਕਲੇਸ਼ ਵਿਚ ਪੈਣ ਤੋਂ ਮੁਰਾਦ ਹੈ,’ਸਭੇ ਦੁਖ ਸੰਤਾਪ ਜਾਂ ਤੁਧੋਂ ਭੁਲੀਐ’। ਪ੍ਰ ਲੱਗ ਕੇ ਪ੍ਰਤਾਪ ਸ਼ਬਦ ਦਾ ਖੂਬ ਪ੍ਰਤਾਪ ਹੈ। ਇਸ ਵਿਚ ਤੇਜ, ਆਭਾ, ਤਾਬਦਾ ਭਾਵ ਵੀ ਹੈ ਤੇ ਵਡਿਆਈ ਦਾ ਵੀ, ‘’ਅਨਦੁ ਭਇਆ ਪੇਖਤ ਹੀ ਨਾਨਕ ਪ੍ਰਤਾਪ ਪੁਰਖ ਨਿਬਾਣੀ’-ਰਾਗ ਸੋਰਠ। ਭਾਰਤ ਵਿਚ ਵਿਅਕਤੀ ਨਾਂ ਵਜੋਂ ਪ੍ਰਤਾਪ ਸ਼ਬਦ ਬਹੁਤ ਵਰਤਿਆ ਜਾਂਦਾ ਹੈ ਜਿਵੇਂ ਉਦੈਪੁਰ ਦਾ ਰਾਜਾ ਰਾਣਾ ਪ੍ਰਤਾਪ ਸਿੰਘ। ਫਿਰ ਅੱਗੇ ਪਸ਼ਚ ਲੱਗ ਕੇ ਬਣਿਆ ਪਸ਼ਚਾਤਾਪ। ਪਸ਼ਚ ਦਾ ਅਰਥ ਹੁੰਦਾ ਹੈ ਪਿਛੋਂ। ਪੰਜਾਬੀ ਪਿਛਾ ਸ਼ਬਦ ਇਸ ਦਾ ਹੀ ਬਦਲਿਆ ਰੂਪ ਹੈ। ਸੋ ਪਸ਼ਚਾਤਾਪ ਤੋਂ ਪਹਿਲਾਂ ਪਛਤਾਪ ਬਣਦਾ ਹੈ, ’ਛੋਢਿ ਜਾਇ ਬਿਖਿਆਰਸ ਤਉ ਲਾਗੇ ਪਛਤਾਪ’ -ਗੁਰੂ ਰਾਮ ਦਾਸ। ਇਸ ਦੀ ਪ ਧੁਨੀ ਵ ਵਿਚ ਬਦਲ ਕੇਵ ਵਿਚ ਪ੍ਰਗਟ ਹੁੰਦੀ ਹੈ ਤੇ ਪਛਤਾਵਾ ਸ਼ਬਦ ਬਣ ਜਾਂਦਾ ਹੈ ਜਿਸ ਦਾ ਸ਼ਾਬਦਿਕ ਅਰਥ ਨਿਕਲਿਆ ‘ਪਿਛੋਂ ਹੋਇਆ ਦੁੱਖ’। ਉਚਾ ਦੇ ਅਰਥ ਵਾਲਾ ਉਤ ਅਗੇਤਰ ਲੱਗ ਕੇ ਉਤਾਪਲ ਸ਼ਬਦ ਬਣਦਾ ਹੈ ਜਿਸ ਦੀ ਪ ਧੁਨੀ ਵ ਵਿਚ ਬਦਲ ਕੇ ਕਾਹਲਾ, ਤਤਪਰ, ਤਹੂ ਦੇ ਅਰਥਾਂ ਵਾਲਾ ਪੰਜਾਬੀ ਉਤਾਵਲਾ ਹਾਸਿਲ ਹੁੰਦਾ ਹੈ, ਪੋਠੋਹਾਰੀ ਵਿਚ ਇਹ ਤਾਵਲਾ ਹੋ ਨਿਬੜਦਾ ਹੈ। ਕਰਤਾਰ ਸਿੰਘ ਦੁੱਗਲ ਦੀਆਂ ਕਹਾਣੀਆਂ ਵਿਚ ‘ਤਾਵਲੇ ਤਾਵਲੇ’ ਸ਼ਬਦ ਜੁੱਟ ਅਕਸਰ ਹੀ ਪੜ੍ਹਨ ਨੂੰ ਮਿਲ ਜਾਂਦਾ ਹੈ।
ਉਪਰੋਕਤ ਸ਼ਬਦਾਂ ਦੇ ਸਕੇ ਹੋਰ ਹਿੰਦ-ਯੂਰਪੀ ਭਾਸ਼ਾਵਾਂ ਵਿਚ ਵੀ ਮਿਲਦੇ ਹਨ। ਇਸ ਦਾ ਭਾਰੋਪੀ ਮੂਲ *ਟੈਪ (tep) ਮਿਥਿਆ ਗਿਆ ਹੈ ਜਿਸ ਵਿਚ ਤਪਣ, ਭਖਣ, ਗਰਮ ਹੋਣ ਦਾ ਭਾਵ ਹੈ। ਅਸੀਂ ਸਭ ਤੋਂ ਪਹਿਲਾਂ ਆਪਣੇ ਲਾਗਲੀ ਭਾਸ਼ਾ ਫਾਰਸੀ ਵਿਚ ਇਸ ਦੇ ਸਹੋਦਰੇ ਲੱਭਦੇ ਹਾਂ। ਅਵੇਸਤਾ ਵਿਚ ਇਸ ਦਾ ਸਜਾਤੀ ਤਫਨੂਸ ਹੈ ਜਿਸ ਦਾ ਅਰਥ ਹੈ ਬੁਖਾਰ, ਤਾਪ, ਭਖ। ਭਾਰਤੀ ਭਾਸ਼ਾਵਾਂ ਦੇ ਤਾਪ ਸ਼ਬਦ ਦੇ ਟਾਕਰੇ ਫਾਰਸੀ ਦਾ ਸ਼ਬਦ ਹੈ ਤਾਬ ਜੋ ਸਾਡੀਆਂ ਭਾਸ਼ਾਵਾਂ ਵਿਚ ਵੀ ਆ ਵੜਿਆ ਹੈ। ਇਸ ਵਿਚ ਤਾਪ ਜਿਹੇ ਹੀ ਅਰਥ ਹਨ ਜਿਵੇਂ ਗਰਮੀ, ਚਮਕ, ਰੌਸ਼ਨੀ। ਅਸੀਂ ਬਹੁਤਾ ਇਸ ਨੂੰ ਚਮਕ, ਆਭਾ, ਤੇਜ, ਪ੍ਰਤਾਪ ਦੇ ਅਰਥਾਂ ਵਿਚ ਜਾਣਦੇ ਹਾਂ, ‘ਤਾਬ ਇਸ਼ਕ ਦੀ ਝੱਲਣੀ ਖਰੀ ਔਖੀ, ਇਸ਼ਕ ਗੁਰੂ ਤੇ ਜਗ ਸਭ ਚੇਲੜਾ ਈ’- ਵਾਰਿਸ ਸ਼ਾਹ,‘ਅਸ ਕੋ ਤਾਬ ਸਹੈ ਸਤਗੁਰ ਕੀ’। ਫਾਰਸੀ ਤਾਬੀਦਨ ਦਾ ਮਤਲਬ ਹੈ ਚਮਕਣਾ। ਫਾਰਸੀ ਮਹਿਤਾਬ (ਮਹਿ = ਚੰਦ, ਤਾਬ = ਚਮਕ) ਦਾ ਮਤਲਬ ਚੰਦਰਮਾ ਹੁੰਦਾ ਹੈ ਜੋ ਫਾਰਸੀ ਪ੍ਰਭਾਵਿਤ ਪੰਜਾਬੀ ਕਿੱਸਿਆਂ ਵਿਚ ਵਰਤਿਆ ਮਿਲਦਾ ਹੈ। ਟੈਪ ਮੂਲ ਤੋਂ ਲਾਤੀਨੀ ਭਾਸ਼ਾ ਵਿਚ ਬਣਿਆ ਟੈਪੀਦਸ ਸ਼ਬਦ ਹੈ ਜਿਸ ਵਿਚ ਕੋਸੇਪਣ ਦਾ ਭਾਵ ਹੈ। ਇਹ ਸ਼ਬਦ ਚੌਦ੍ਹਵੀਂ ਸਦੀ ਵਿਚ ਟੈਪਿਡ (tepid)) ਦਾ ਭੇਸ ਧਾਰ ਕੇ ਅੰਗਰੇਜ਼ੀ ਵਿਚ ਆ ਗਿਆ ਜਿਸ ਵਿਚ ਇਸ ਦਾ ਅਰਥ ਨਿੱਘਾ, ਕੋਸਾ ਹੈ। ਕੁਝ ਹੋਰ ਯੂਰਪ ਦੀਆਂ ਆਰਿਆਈ ਭਾਸ਼ਾਵਾਂ ਵਿਚ ਵੀ ਰਲਦੇ-ਮਿਲਦੇ ਸ਼ਬਦ ਮਿਲਦੇ ਹਨ।