ਗੁਲਜ਼ਾਰ ਸਿੰਘ ਸੰਧੂ
ਫੋਨ: 91-98157-78469
ਮੈਨੂੰ ਕਸੌਲੀ ਕਲੱਬ ਵਾਲੇ ਤੇਰ੍ਹਵੇਂ ਖੁਸ਼ਵੰਤ ਸਿੰਘ ਲਿਟੈ-ਫੈਸਟ (ਸਾਹਿਤ ਉਤਸਵ) ਨੇ ਬੜਾ ਉਤਸ਼ਾਹ ਦਿੱਤਾ ਹੈ| ਇਸ ਤਿੰਨ-ਰੋਜ਼ਾ ਉਤਸਵ ਵਿਚ ਹੜੱਪਾ ਤੋਂ ਅੱਜ ਤੱਕ ਦੇ ਸਭਿਆਚਾਰ ਦਾ ਲੇਖਾ-ਜੋਖਾ ਪ੍ਰਧਾਨ ਸੀ
ਜਿਹੜਾ ਵਿਕਸਤ ਭਾਰਤ 2047 ਦੇ ਮਾਡਲ ਨਾਲ ਸਮਾਪਤ ਹੋਇਆ| ਭਾਰਤ ਦੇ ਮਾਣਮੱਤੇ ਅਤੀਤ ਵਿਚ ਪਰੋ ਕੇ ਮਹਿਲਾਵਾਂ ਦੀ ਹਿੱਸੇਦਾਰੀ ਨੂੰ ਉਭਾਰਿਆ ਗਿਆ| ਇਹ ਵਿਚਾਰ ਪੇਸ਼ ਕੀਤਾ ਗਿਆ ਕਿ ਸਾਨੂੰ ਹੜੱਪਾ ਯੁੱਗ ਦੀਆਂ ਮਹਿਲਾਵਾਂ ਦੇ ਨੱਚਣ ਗਾਉਣ ਤੇ ਦੇਵੀ ਪੂਜਣ ਵਾਲੇ ਪੱਖਾਂ ਤੋਂ ਅੱਗੇ ਵਧ ਕੇ ਭਾਰਤੀ ਸਮਾਜ ਵਿਚ ਉਨ੍ਹਾਂ ਦੀ ਹਾਂ-ਪੱਖੀ ਦੇਣ ਉੱਤੇ ਜ਼ੋਰ ਦੇਣਾ ਚਾਹੀਦਾ ਹੈ| ਅੱਜ ਦੇ ਯੁੱਗ ਵਿਚ ਤਾਂ ਉਨ੍ਹਾਂ ਦਾ ਯੋਗਦਾਨ ਪੁਰਾਤਨ ਸਮਿਆਂ ਦੇ ਖੇਤੀ-ਮੁਖੀ ਸਮਾਜ ਨਾਲੋਂ ਵੀ ਵੱਧ ਹੈ| ਵਿਦਿਆ ਪ੍ਰਾਪਤੀ ਨੇ ਉਨ੍ਹਾਂ ਵਿਚ ਅਜਿਹੀ ਚੇਤਨਾ ਸ਼ਕਤੀ ਪੈਦਾ ਕੀਤੀ ਹੈ ਕਿ ਉਹ ਮਰਦਾਂ ਨੂੰ ਮਾਤ ਪਾਉਂਦੀਆਂ ਹਨ| ਉਹ ਆਉਣ ਵਾਲੀ ਨਸਲ ਦੇ ਪਾਲਣ-ਪੋਸ਼ਣ ਸਮੇਤ ਫੈਕਟਰੀਆਂ ਵਿਚ ਵੀ ਬਰਾਬਰ ਦਾ ਹਿੱਸਾ ਪਾਉਂਦੀਆਂ ਹਨ| ਉਨ੍ਹਾਂ ਵਿਚ ਵਿਗਿਆਨਕ ਦੇਣ ਦੀਆਂ ਜੁਗਤਾਂ ਨੂੰ ਗ੍ਰਹਿਣ ਕਰਨ ਦੀ ਭਾਵਨਾ ਬੜੀ ਤੇਜ਼ ਹੈ| ਇਸ ਹਿੱਸੇਦਾਰੀ ਨੂੰ 50 ਫੀਸਦੀ ਕਰਨਾ ਸਮੇਂ ਦੀ ਲੋੜ ਹੈ|
ਇਹ ਉਤਸਵ ਤੇਰਾਂ ਵਰਿ੍ਹਆਂ ਤੋਂ ਜਾਰੀ ਹੈ ਪਰ ਇਹ ਪਹਿਲੀ ਵਾਰ ਹੈ ਕਿ ਏਥੇ ਹੜੱਪਾ ਯੁੱਗ ਤੋਂ ਲੈ ਕੇ ਭਾਰਤ-ਚੀਨ ਤੇ ਭਾਰਤ-ਪਾਕਿ ਭੁੱਲਾਂ ਦੀ ਗੱਲ ਖੁੱਲ੍ਹ ਕੇ ਕੀਤੀ ਗਈ| ਅੱਜ ਦੇ ਹਾਕਮਾਂ ਨੂੰ ਇਹ ਵੀ ਦੱਸਿਆ ਗਿਆ ਕਿ ਏਥੇ ਅਟਲ ਬਿਹਾਰੀ ਵਾਜਪਾਈ ਵਾਲਾ ਦ੍ਰਿਸ਼ਟੀਕੋਣ ਅਪਣਾ ਕੇ ਹੀ ਸਾਰਥਕ ਨਤੀਜੇ ਕੱਢੇ ਜਾ ਸਕਦੇ ਹਨ| ਕੁਝ ਨਾ ਕੁਝ ਦੇ ਕੇ ਹੀ ਕੁਝ ਨਾ ਕੁਝ ਪ੍ਰਾਪਤ ਕੀਤਾ ਜਾ ਸਕਦਾ ਹੈ|
ਏਥੇ ਭਾਰਤ ਦੇ ਜੰਗਲਾਂ ਤੇ ਜੰਗਲੀ ਜਾਨਵਰਾਂ ਦੀ ਦੇਣ ਉੱਤੇ ਵੀ ਚਾਨਣਾ ਪਾਇਆ ਗਿਆ ਤੇ ‘ਇੱਕ ਰਾਸ਼ਟਰ-ਇੱਕ ਚੋਣ’ ਦੇ ਭਖਦੇ ਮਸਲਿਆਂ ਉੱਤੇ ਵੀ| ਫਿਲਮ ਜਗਤ ਵਿਚ ਆ ਰਹੀਆਂ ਤਬਦੀਲੀਆਂ ਨੂੰ ਇਤਿਹਾਸ ਦੇ ਚੌਖਟੇ ਵਿਚ ਫਿੱਟ ਕਰ ਕੇ ਇਮਤਿਆਜ਼ ਅਲੀ ਨੇ ਵੀ ਕਮਾਲ ਦੀ ਪੇਸ਼ਕਾਰੀ ਕੀਤੀ| ਸੱਤ ਸਮੁੰਦਰ ਪਾਰ ਤੋਂ ਪਹੁੰਚੇ ਸਰਬਪ੍ਰੀਤ ਸਿੰਘ ਨੇ ਸਿੱਖ ਪੰਥ ਦੀਆਂ ਪ੍ਰਾਪਤੀਆਂ ਨੂੰ ਇਤਿਹਾਸ ਦੇ ਝਰੋਖੇ ਰਾਹੀਂ ਪੇਸ਼ ਕਰ ਕੇ ਮਹਾਰਾਜਾ ਰਣਜੀਤ ਸਿੰਘ ਦੀ ਧਰਮ-ਨਿਰਪੱਖ ਸੋਚ ਨੂੰ ਸਾਦਾ ਤੇ ਸਰਲ ਢੰਗ ਵਿਚ ਪੇਸ਼ ਕੀਤਾ-1706 ਤੋਂ 1780 ਦੇ ਸਮੇਂ ਨੂੰ ਆਧਾਰ ਬਣਾ ਕੇ|
ਮੇਰੇ ਲਈ ਕਸੌਲੀ ਜਾਣਾ ਖੁਸ਼ਵੰਤ ਸਿੰਘ ਦੀ ਦਰਿਆ ਦਿਲੀ ਨੂੰ ਚੇਤੇ ਕਰਨਾ ਹੈ| ਮੈਂ ਉਸਦੇ ਜੀਵਨ ਕਾਲ ਵਿਚ ਉਸਦੀ ਕਸੌਲੀ ਵਾਲੀ ਕੋਠੀ ਵਿਚ ਹਰ ਸਾਲ 15-20 ਦਿਨ ਰਹਿੰਦਾ ਰਿਹਾ ਹਾਂ| ਕੇਵਲ ਦੋ ਸ਼ਰਤਾਂ ਅਧੀਨ| ਪਹਿਲੀ ਇਹ ਕਿ ਇਸ ਕੋਠੀ ਵਿਚ ਰਹਿਣ ਦਾ ਸਮਾਂ ਚੁਣਦੇ ਸਮੇਂ ਮੈਨੂੰ ਇਹ ਗੱਲ ਧਿਆਨ ਵਿਚ ਰੱਖਣੀ ਪੈਂਦੀ ਸੀ ਕਿ ਖੁਸ਼ਵੰਤ ਸਿੰਘ ਖੁਦ ਉਥੇ ਨਾ ਹੋਵੇ| ਦੂਜੀ ਇਹ ਕਿ ਉਸਦੀ ਲਾਇਬਰੇਰੀ ਵਿਚ ਪਈਆਂ ਪੁਸਤਕਾਂ ਵਿਚ ਕੋਈ ਵੀ ਪੁਸਤਕ ਏਧਰ-ਓਧਰ ਨਾ ਹੋਵੇ|
ਮੈਨੂੰ ਇਹ ਗੱਲ ਵੀ ਕੱਲ੍ਹ ਵਾਂਗ ਚੇਤੇ ਹੈ ਕਿ ਜਦੋਂ 1970 ਵਿਚ ਉਸ ਨੂੰ ਭਾਸ਼ਾ ਵਿਭਾਗ ਨੇ ਸ਼੍ਰੋਮਣੀ ਪੱਤਰਕਾਰ ਦੇ ਪੁਰਸਕਾਰ ਨਾਲ ਨਿਵਾਜਿਆ ਸੀ ਤਾਂ ਉਸ ਨੇ ਅਭਿਨੰਦਨ ਵਾਸਤੇ ਤਿਆਰ ਕੀਤੀ ਜਾਣ ਵਾਲੀ ਪੋਥੀ ਲਈ ਮੇਰੇ ਕੋਲੋਂ ਵੀ ਲੇਖ ਦੀ ਮੰਗ ਕੀਤੀ ਸੀ|
ਮੇਰੇ ਲੇਖ ਦਾ ਸਿਰਲੇਖ ‘ਖੁਸ਼ਵੰਤ ਸਿੰਘ-ਇੱਕ ਸਾਹਿਤ-ਅਫਜ਼ਾ ਸ਼ਖ਼ਸੀਅਤ’ ਸੀ| ਉਸ ਨੂੰ ਮਿਲਣਾ ਠੰਢੀ ਹਵਾ ਦੇ ਬੁੱਲ੍ਹੇ ਮਾਨਣ ਵਰਗਾ ਸੀ| ਉਸ ਦੇ ਉਤਸਵ ਵਿਚ ਸ਼ਿਰਕਤ ਕੀਤਿਆਂ ਵੀ ਇਸ ਤਰ੍ਹਾਂ ਦਾ ਅਹਿਸਾਸ ਹੁੰਦਾ ਹੈ|
ਇਹ ਗੱਲ ਨੋਟ ਕਰਨ ਵਾਲੀ ਹੈ ਕਿ ਸਮੇਂ ਨਾਲ ਇਸ ਉਤਸਵ ਦੇ ਸੈਸ਼ਨਾਂ ਵਿਚ ਵੀ ਨਿਖਾਰ ਆ ਗਿਆ ਹੈ| ਵਿਸ਼ੇ ਵੀ ਨਵੇਂ-ਨਵੇਂ ਲਏ ਜਾ ਰਹੇ ਹਨ ਤੇ ਬੁਲਾਰੇ ਵੀ ਕਮਾਲ ਦੇ| ਇਸ ਦਾ ਪੂਰਾ ਨਕਸ਼ਾ ਇੱਕ ਲੇਖ ਵਿਚ ਨਹੀਂ ਖਿੱਚਿਆ ਜਾ ਸਕਦਾ ਇਹੀਓ ਕਾਰਨ ਹੈ ਕਿ ਸੋਸ਼ਲ ਮੀਡੀਆ ਵਿਚ ਇਸ ਨੂੰ ਪੂਰੀ ਥਾਂ ਨਹੀਂ ਮਿਲੀ|
ਖੁਸ਼ਵੰਤ ਸਿੰਘ ਨੂੰ ਪੰਜਾਬੀ ਪਾਠਕਾਂ ਤੱਕ ਪਹੁੰਚਾਉਣ ਵਾਲਾ ਹੋਣ ਦੇ ਨਾਤੇ ਮੇਰੀ ਇਛਾ ਹੈ ਕਿ ਇਸ ਉਤਸਵ ਵਿਚ ਇਕ ਸੈਸ਼ਨ ਪੰਜਾਬੀ ਸਾਹਿਤ ਬਾਰੇ ਵੀ ਹੋਣਾ ਚਾਹੀਦਾ ਹੈ ਕਿਉਂਕਿ ਇਸ ਉਤਸਵ ਵਿਚ ਸ਼ਿਰਕਤ ਕਰਨ ਵਾਲਿਆਂ ਵਿਚ ਪੰਜਾਬੀਆਂ ਦੀ ਬਹੁਗਿਣਤੀ ਹੁੰਦੀ ਹੈ| ਮੈਂ ਤਾਂ ਇਹ ਵੀ ਚਾਹਾਂਗਾ ਕਿ ਇੱਕ ਦੋ ਬੁਲਾਰੇ ਉਹ ਵੀ ਹੋਣ ਜੋ ਖੁਸ਼ਵੰਤ ਸਿੰਘ ਦੇ ਨਿੱਜ ਬਾਰੇ ਚਾਨਣਾ ਪਾਉਣ| ਖਾਸ ਕਰਕੇ ਉਸ ਦੀ ਜੀਵਨ ਸਾਥਣ ਕਵਲ ਦੇ ਯੋਗਦਾਨ ਬਾਰੇ| ਇਸ ਯੋਗਦਾਨ ਵਿਚ ਅੱਖੜਤਾ ਤਾਂ ਸੀ ਪਰ ਭਾਵਨਾ ਸੁੱਚੀ ਤੇ ਸੱਚੀ ਸੀ|
ਖੁਸ਼ਵੰਤ ਦੇ ਆਪਣੇ ਸ਼ਬਦਾਂ ਵਿਚ ‘ਮੈਨੂੰ ਕਵਲ ਦੇ ਸੁਭਾਅ ਦਾ ਬੇਹਦ ਲਾਭ ਹੋਇਐ ਜੇ ਮੇਰੇ ਉੱਤੇ ਉਹਦਾ ਡਸਿਪਲਨ ਨਾ ਹੁੰਦਾ ਤਾਂ ਮੈਂ ਕਦੀ ਵੀ ਏਨਾ ਕੰਮ ਨਹੀਂ ਸੀ ਕਰ ਸਕਦਾ| ਜੇ ਤੁਸੀਂ ਅੱਖੜ ਨਾ ਹੋਵੋ ਤਾਂ ਸੁਣਦਾ ਵੀ ਕੋਈ ਨਹੀਂ| ਕਵਲ ਨੂੰ ਆਲਤੂ-ਫਾਲਤੂ ਗੱਲਾਂ ਬੰਦ ਕਰਨ ਦਾ ਵਲ ਆਉਂਦਾ ਸੀ| ਮੈਂ ਜਿੱਥੇ ਤੱਕ ਪੁੱਜਾ ਹਾਂ ਉਸਦੀ ਪਾਬੰਦੀ ਸਦਕਾ| ਉਸਨੇ ਮੇਰਾ ਅੰਤਾਂ ਦਾ ਸਮਾਂ ਸਾਂਭਿਆ ਹੈ|’
ਮੈਂ ਖੁਸ਼ਵੰਤ ਸਿੰਘ ਨੂੰ ਸਾਹਿਤ-ਅਫਜ਼ਾ ਹਸਤੀ ਗਰਦਾਨ ਚੁਕਿਆ ਹਾਂ| ਕਸੌਲੀ ਨੂੰ ਸਾਹਿਤ-ਅਫਜ਼ਾ ਬਣਾਉਣ ਵਿਚ ਵੀ ਉਸਦਾ ਹੱਥ ਹੈ| ਜਿਸਨੂੰ ਉਹਦੇ ਬਾਰੇ ਰਚਾਇਆ ਉਤਸਵ ਹਰ ਵਰ੍ਹੇ ਚੇਤੇ ਕਰਦਾ ਹੈ| ਇਹ ਦੱਸਣਾ ਵੀ ਬਣਦਾ ਹੈ ਕਿ ਇਸਦੀ ਵਿਉਂਤਬੰਦੀ ਵਿਚ ਖੁਸ਼ਵੰਤ ਸਿੰਘ ਦੇ ਬੇਟੇ ਰਾਹੁਲ ਨਾਲੋਂ ਬੇਟੇ ਦੀ ਸਹੇਲੀ ਨੀਲੋਫਰ ਦਾ ਹੱਥ ਵਧੇਰੇ ਹੁੰਦਾ ਹੈ| ਉਹ ਸਾਰੀ ਸੁਘੜ ਤੇ ਸਿਆਣੀ ਹੈ|
ਜਾਂਦੇ ਜਾਂਦੇ ਇਹ ਵੀ ਦੱਸ ਦਿਆਂ ਕਿ ਮੈਂ ਖੁਸ਼ਵੰਤ ਸਿੰਘ ਨੂੰ 1958 ਤੋਂ ਜਾਣਿਆ ਹੈ| ਮੈਂ ਓਦੋਂ ਉਸਦੇ ਨਾਵਲ ‘ਟਰੇਨ ਟੂ ਪਾਕਿਸਤਾਨ’ ਦਾ ਪੰਜਾਬੀ ਅਨੁਵਾਦ ਕਰ ਕੇ ਇਸ ਨੂੰ ‘ਪਾਕਿਸਤਾਨ ਮੇਲ’ ਸਿਰਲੇਖ ਦਿੱਤਾ ਸੀ| ਉਸ ਨੂੰ ਮਿਲਣਾ ਸਦਾ ਚੰਗਾ ਲਗਦਾ ਸੀ| ਉਸਦੀ ਮਿਲਣਸਾਰਤਾ ਤੇ ਲੇਖਣੀ ਦਾ| ਮੈਨੂੰ ਉਸਦੇ ਕਾਲਮਾਂ ਦੇ ਅੰਤ ਵਾਲੇ ਲਤੀਫੇ ਵੀ ਭਾਉਂਦੇ ਸਨ ਜਿਹੜੇ ਜਾਣਕਾਰ ਹੁੰਦੇ ਹੋਏ ਜ਼ਾਤ-ਪਾਤ ਤੇ ਧਰਮ ਪੱਖੀਆਂ ਨੂੰ ਵੀ ਨਹੀਂ ਸਨ ਬਖਸ਼ਦੇ|
ਉਹਦੇ ਵਾਲੇ ਤੇਰ੍ਹਵੇਂ ਉਤਸਵ ਦੀ ਗੱਲ ਨੂੰ ਜੰਗਲੀ ਜਾਨਵਰਾਂ ਦੇ ਉਸ ਲਤੀਫੇ ਨਾਲ ਸਮੇਟਦਾ ਹਾਂ ਜਿਹੜਾ ਸਬੰਧਤ ਸੈਸ਼ਨ ਦੀ ਚਰਚਾ ਸਮੇਂ ਮੈਨੂੰ ਚੇਤੇ ਆਇਆ ਸੀ| ਇਸ ਲਤੀਫ਼ੇ ਵਿਚ ਵੀ ਖੁਸ਼ਵੰਤ ਦੇ ਲਤੀਫਿਆਂ ਵਾਲਾ ਦਮ ਹੈ| ਖੁਸ਼ਵੰਤ ਸਿੰਘ ਦੇ ਪਾਠਕ ਹੇਠ ਲਿਖੇ ਲਤੀਫੇ ਦਾ ਲੁਤਫ਼ ਲੈਣਗੇ:
ਇੱਕ ਸ਼ੇਰ ਨੂੰ ਆਪਣੀ ਬਾਦਸ਼ਾਹੀ ਦਾ ਗੁਮਾਨ ਹੋ ਗਿਆ| ਉਹ ਜੰਗਲ ਦੇ ਸਾਰੇ ਜਾਨਵਰਾਂ ਤੋਂ ਪੁੱਛਣ ਤੁਰ ਪਿਆ ਕਿ ਜੰਗਲ ਦਾ ਰਾਜਾ ਕੌਣ ਹੈ| ਬਾਂਦਰ, ਗਿੱਦੜ ਤੇ ਹੋਰ ਅਨੇਕਾਂ ਦਾ ਇੱਕ ਹੀ ਉਤਰ ਸੀ-ਸ਼ੇਰ| ਅੰਤ ਵਿਚ ਉਸ ਦੇ ਸਾਹਮਣੇ ਮਸਤ ਹਾਥੀ ਆ ਗਿਆ| ਉਹ ਸ਼ੇਰ ਨੇ ਉਸਨੂੰ ਵੀ ਉਹੀਓ ਸਵਾਲ ਪਾਇਆ, ‘‘ਜੰਗਲ ਦਾ ਰਾਜਾ ਕੌਣ?’’ ਹਾਥੀ ਨੇ ਕੋਈ ਉੱਤਰ ਨਾ ਦਿੱਤਾ ਤਾਂ ਸ਼ੇਰ ਨੇ ਸਵਾਲ ਦੁਹਰਾਇਆ| ਜਦ ਦੂਜੀ ਵਾਰ ਵੀ ਹਾਥੀ ਨੇ ਕੋਈ ਉੱਤਰ ਨਾ ਦਿੱਤਾ ਤਾਂ ਸ਼ੇਰ ਗਰਜ ਕੇ ਬੋਲਿਆ ‘ਜੰਗਲ ਦਾ ਰਾਜਾ ਕੌਣ?’ ਹਾਥੀ ਨੇ ਉਸ ਦੀ ਗਰਜ ਸੁਣਦੇ ਸਾਰ ਸ਼ੇਰ ਨੂੰ ਆਪਣੀ ਸੁੰਡ ਵਿਚ ਲਪੇਟ ਕੇ ਦੋ ਤਿੰਨ ਵਾਰ ਏਧਰ-ਓਧਰ ਮਾਰ ਕੇ ਛੱਡ ਦਿੱਤਾ|
ਸ਼ੇਰ ਦੇ ਝਰੀਟਾਂ ਵੀ ਆਈਆਂ ਤੇ ਸੱਟਾਂ ਵੀ ਲੱਗੀਆਂ| ਬੇਇੱਜ਼ਤੀ ਹੋ ਗਈ|
ਉਸਨੇ ਅਪਣੀ ਇੱਜ਼ਤ ਬਹਾਲ ਕਰਨ ਦਾ ਰਾਹ ਲੱਭ ਲਿਆ| ਇੱਕ ਪਾਸੇ ਖਲੋ ਕੇ ਹਾਥੀ ਨੂੰ ਕਹਿਣ ਲੱਗਿਆ, ‘‘ਗੱਲ ਸੁਣ! ਜੇ ਸਵਾਲ ਦਾ ਜਵਾਬ ਨਾ ਆਉਂਦਾ ਹੋਵੇ ਤਾਂ ਟੈਂਪਰ ਤਾਂ ਨਹੀਂ ਲੂਜ਼ ਕਰੀਦਾ| ਭਾਵ ਚਿੜਚਿੜੇ ਤਾਂ ਨਹੀਂ ਹੋਈਦਾ!’’
ਸ਼ੇਰ ਹਾਰ ਕੇ ਵੀ ਨਹੀਂ ਹਾਰਿਆ| ਕਾਸ਼ ! ਮੈਂ ਇਹ ਲਤੀਫਾ ਜੰਗਲੀ ਜਾਨਵਰਾਂ ਵਾਲੇ ਸੈਸ਼ਨ ਵਿਚ ਸੁਣਾਉਂਦਾ!
ਅੰਤਿਕਾ
ਸੁਰਿੰਦਰ ਗੀਤ॥
ਜੇ ਤੂੰ ਲੋਕ ਦਿਲਾਂ ਵਿਚ ਵਸਣਾ
ਗੀਤ, ਗਜ਼ਲ, ਕਵਿਤਾਵਾਂ ਬਣ ਜਾ
ਧੁੱਪ ’ਚ ਸੜਦੇ ਲੋਕਾਂ ਖਾਤਿਰ
ਰੁੱਖ ਤੂੰ ਇਕ ਘਣਛਾਵਾਂ ਬਣ ਜਾ।