ਪੰਜਾਬ ਕਲਾ ਭਵਨ ਦਾ ਮਰਸੀਆ

ਸਰਬਜੀਤ ਧਾਲੀਵਾਲ
ਸਾਹਮਣੇ ਪੰਜਾਬ ਕਲਾ ਭਵਨ ਦਾ ਬੋਰਡ ਲੱਗਿਆ ਹੋਇਆ। ਇਹ ਓਹੀ ਥਾਂ ਹੈ, ਜਿੱਥੇ ਮੈਂ ਅਗਲੇ ਪੰਜ ਦਿਨ ਗੁਜ਼ਾਰਨੇ ਹਨ। ਬੋਰਡ ਦੀ ਸ਼ਕਲ-ਸੂਰਤ ਵੇਖਣ ਤੋਂ ਮਨ ਵਿਚ ਕਲਾ ਭਵਨ ਦੀ ਤਸਵੀਰ ਨਹੀਂ ਉੱਘੜਦੀ। ਬੋਰਡ ਤੇ ਲਾਲ ਰੰਗ ‘ਚ ਲਿਖਿਆ ‘ਪੰਜਾਬ ਕਲਾ ਭਵਨ’ ਕਾਫ਼ੀ ਘਸਮੈਲ਼ਾ ਜਿਹਾ ਹੋ ਚੁੱਕਿਆ ਹੈ। ਬੋਰਡ ਦੀ ਸ਼ਕਲ `ਤੇ ਧੂੜ ਪਈ ਨਜ਼ਰ ਆ ਰਹੀ ਹੈ।

ਥੱਲੜੇ ਪਾਸੇ ਜੰਗਾਲ ਲੱਗੀ ਪਈ ਹੈ। ਬੋਰਡ `ਤੇ ਪੰਜਾਬ ਕਲਾ ਭਵਨ ਦੇ ਹੇਠਾਂ ਪੰਜਾਬ ਸੰਗੀਤ ਨਾਟਕ ਅਕਾਦਮੀ, ਪੰਜਾਬ ਲਲਿਤ ਕਲਾ ਅਕਾਦਮੀ ਤੇ ਪੰਜਾਬ ਸਾਹਿਤ ਅਕਾਦਮੀ ਲਿਖਣ ਵੇਲੇ ਕੋਈ ਬਹੁਤੀ ਕਲਾ ਦਾ ਨਕਸ਼ਾ ਨਹੀਂ ਉਭਰਦਾ। ਅੱਖਰ ਵਾਹੁੰਦੇ ਸਮੇਂ ਰੰਗ ਕਿਤੇ ਵੱਧ ਤੇ ਕਿਤੇ ਘੱਟ ਲੱਗਿਆ ਹੋਣ ਕਰਕੇ ਮਨ ਵਿਚ ਕਲਾ ਤੇ ਨਾਲ ਹੀ ਕਲਾ ਭਵਨ ਬਾਰੇ ਮਨ `ਚ ਸਵਾਲ ਉੱਠਣ ਲੱਗਦੇ ਨੇ। ਬੋਰਡ ਦੇ ਨਾਲ ਹੀ ਕਲਾ ਭਵਨ ਦੇ ਅੰਦਰ ਜਾਣ ਦਾ ਰਸਤਾ ਹੈ।
ਮੇਰਾ ਪੈਰ ਲੋਹੇ ਦੇ ਗੇਟ ਦੇ ਸਾਹਮਣੇ ਟੋਏ ‘ਚ ਵੱਜਦਾ ਹੈ। ਆਪਣੇ ਆਪ ਨੂੰ ਸੰਭਾਲਦਾ ਹੋਇਆ ਮੈਂ ਲੋਹੇ ਦੇ ਗੇਟ ‘ਤੇ ਨਜ਼ਰ ਮਾਰਦਾ ਹਾਂ। ਗੇਟ ਵੀ ਕਲਾ ਤੋਂ ਸੱਖਣਾ ਹੀ ਹੈ। ਹਾਲਾਂਕਿ ਗੇਟ ਦੇ ਥੱਲੜੇ ਪਾਸੇ ਹਲਕੀ ਜਿਹੀ ਕਿਸਮ ਦੇ ਕਲਾਕਾਰੀ ਲੋਹੇ ਦੀ ਪੱਤੀ ‘ਚ ਕੀਤੀ ਗਈ ਹੈ ਪਰ ਇਹ ਧੂਹ ਨਹੀਂ ਪਾ ਰਹੀ। ਸਗੋਂ ਲੋਹਾ ਮਨ ‘ਚ ਚੁਭ ਜਿਹਾ ਗਿਆ ਹੈ। ਬਿਸਮਿੱਲਾ ਹੀ ਕੁਝ ਇਸ ਤਰ੍ਹਾਂ ਦਾ ਹੋਇਆ ਹੈ ਕਿ ਅਜੇ ਮਨ ‘ਚ ਕਲਾ ਭਵਨ ਬਾਰੇ ਮੋਹ ਨਹੀਂ ਜਾਗਿਆ। ਲੋਹੇ ਦਾ ਕਲਾ ਨਾਲ ਰਿਸ਼ਤਾ ਘੱਟੋ ਘੱਟ ਮੁਲਾਇਮ ਨਹੀਂ। ਮਨ ‘ਚ ਖ਼ਿਆਲ ਆਇਆ ਜੇ ਇਹ ਗੇਟ ਲੱਕੜ ਦਾ ਬਣਾ ਕੇ ਸਜਾ ਸਵਾਰ ਕੇ ਲਾਇਆ ਹੁੰਦਾ ਤਾਂ ਗੱਲ ਹੀ ਹੋਰ ਹੋਣੀ ਸੀ। ਅੱਧੇ ਖੁੱਲ੍ਹੇ ਗੇਟ ਰਾਹੀਂ ਮੈਂ ਅੰਦਰ ਜਾਣ ਲੱਗਦਾ ਹਾਂ ਤਾਂ ਨਜ਼ਰ ਖੱਬੇ ਪਾਸੇ ਲੱਗੇ ਵੱਡੇ ਅਕਾਰ ਦੇ ਬੋਰਡ `ਤੇ ਫ਼ੋਟੋ-ਨੁਮਾ ਵਿਧੀ ਨਾਲ ਛਾਪੀ ਸੁਰਜੀਤ ਪਾਤਰ ਦੀ ਕਵਿਤਾ ‘ਤੇ ਪੈਂਦੀ ਹੈ। ਪਾਤਰ ਦਾ ਨਾਂ ਪੜ੍ਹ ਕੇ ਹੀ ਰੂਹ ਸਕੂਨ ਨਾਲ ਠੰਢੀ-ਠਾਰ ਹੋ ਗਈ। ਪੈਰ ਰੁਕ ਗਏ। ਪਾਤਰ ਦੀ ਕਵਿਤਾ ਪੜ੍ਹੇ ਬਗੈਰ ਭਲਾ ਅੱਗੇ ਕਿਵੇਂ ਜਾਇਆ ਜਾ ਸਕਦਾ ਹੈ।
‘ਗੀਤ ਦੀ ਮੌਤ ਇਸ ਰਾਤ ਜੇ ਹੋ ਗਈ, ਮੇਰਾ ਜੀਣਾ ਮੇਰੇ ਯਾਰ ਕਿਵੇਂ ਸਹਿਣਗੇ’ ਪੜ੍ਹ ਕੇ ਮਨ ‘ਚ ਖ਼ਿਆਲ ਨੇ ਉਡਾਰੀ ਮਾਰੀ ਕਿ ਜੇਕਰ ਪਾਤਰ ਇਹ ਵੀ ਲਿਖ ਜਾਂਦਾ ‘ਕਲਾ ਦੀ ਮੌਤ ਜੇ ਇਸ ਭਵਨ ‘ਚ ਹੋ ਗਈ, ਸਾਡੇ ਵਾਰਿਸ ਸਾਨੂੰ ਕੀ ਕਹਿਣਗੇ’ ਤਾਂ ਗੱਲ ਅੱਜ ਨਾਲ ਜੁੜ ਜਾਣੀ ਸੀ। ਸੁਰਜੀਤ ਪਾਤਰ ਪੰਜਾਬੀ ਸਾਹਿਤ ਦਾ ਬੋਹੜ-ਨੁਮਾ ਰੁੱਖ ਹੈ। ਉਸ ਦੀਆਂ ਕਵਿਤਾਵਾਂ ਪੜ੍ਹ ਕੇ ਮਨ ਅੰਬਰ ‘ਚ ਤਾਰੀਆਂ ਲਾਉਣ ਲੱਗਦਾ ਹੈ, ਤੇ ਉਸਦੇ ਸ਼ਬਦਾਂ ਦੀ ਕੋਮਲਤਾ ਕਿਸੇ ਵੀ ਨੌਜਵਾਨ ਚਿਹਰੇ ਦੀ ਸੰਗ ਤੋਂ ਵੀ ਮਖ਼ਮਲੀ ਹੈ। ਉਹ ਇਸ ਭਵਨ ਨਾਲ ਕਾਫ਼ੀ ਲੰਬਾ ਸਮਾਂ ਵਾਹ-ਬਸਤਾ ਰਹੇ ਹਨ, ਪਰ ਜੋ ਮੈਨੂੰ ਪਰੇਸ਼ਾਨ ਕਰ ਰਿਹਾ ਹੈ, ਉਹ ਇਹ ਹੈ, ਕਿ ਮੈਨੂੰ ਉਨ੍ਹਾਂ ਦੀਆਂ ਪੈੜਾਂ ਦੇ ਨਿਸ਼ਾਨ ਇੱਥੇ ਨਹੀਂ ਲੱਭ ਰਹੇ। ਉਸ ਦੀ ਸ਼ਖ਼ਸੀਅਤ ਦੀ ਖ਼ੁਸ਼ਬੋ ਕਲਾ ਭਵਨ ਦੀ ਇਮਾਰਤ ‘ਚੋਂ ਨਹੀਂ ਆ ਰਹੀ। ਨਾ ਹੀ ਉਸ ਦੀ ਸ਼ਹਿਦ ਵਰਗੀ ਮਿੱਠੀ ਆਵਾਜ਼ ਦੀ ਗੂੰਜ ਸੁਣਾਈ ਦੇ ਰਹੀ ਹੈ। ਬੋਰਡ ‘ਤੇ ਲਿਖੀ ਸਾਰੀ ਕਵਿਤਾ ਨੂੰ ਨੀਝ ਨਾਲ ਪੜ੍ਹ ਕੇ ਮੈਂ ਲੰਬਾ ਹੌਕਾ ਲੈਂਦਾ ਹਾਂ, ਕਿਉਂਕਿ ਇਸ ਕਵਿਤਾ ਦੀ ਸਿਖਰ
‘ਜੋ ਵਿਦੇਸ਼ਾਂ ‘ਚ ਰੁਲਦੇ ਨੇ ਰੋਟੀ ਲਈ,
ਉਹ ਜਦੋਂ ਦੇਸ਼ ਪਰਤਣਗੇ ਆਪਣੇ ਕਦੀ,
ਸੇਕਣਗੇ ਮਾਂ ਦੇ ਸਿਵੇ ਦੀ ਅਗਨ,
ਬਾਕੀ ਕਬਰਾਂ ਦੇ ਰੁੱਖ ਹੇਠ ਜਾ ਬਹਿਣਗੇ’
‘ਇਹ ਜੋ ਰੰਗ ‘ਚ ਚਿੱਤਰੇ ਨੇ ਖੁਰ ਜਾਣਗੇ,
ਇਹ ਜੋ ਮਰਮਰ ‘ਚ ਉੱਕਰੇ ਨੇ ਮਿਟ ਜਾਣਗੇ,
ਬਲਦੇ ਹੱਥਾਂ ਨੇ ਜਿਹੜੇ ਹਵਾ ‘ਚ ਲਿਖੇ,
ਹਰਫ਼ ਓਹੀ ਹਮੇਸ਼ਾ ਲਿਖੇ ਰਹਿਣਗੇ’ ਮੈਨੂੰ ਝੰਜੋੜ ਦਿੰਦੀ ਹੈ। ਮੈਂ ਪਹਿਲਾਂ ਵੀ ਕਈ ਵਾਰ ਇਹ ਪੜ੍ਹੀ ਹੈ ਪਰ ਸਮੇਂ ਨਾਲ ਕਈ ਚੀਜ਼ਾਂ ਦੇ ਅਰਥ ਵੀ ਬਦਲ ਜਾਂਦੇ ਨੇ। ਪੰਜਾਬ ਖੁਰਦਾ ਜਾ ਰਿਹਾ ਹੈ। ਇਸ ਵਿਚ ਕੋਈ ਸ਼ੱਕ ਹੀ ਨਹੀਂ, ਮਰਮਰੀ ਪੰਜਾਬ ਭੁਰਦਾ ਜਾਂਦਾ ਹੈ। ਬਲਦੇ ਹੱਥ ਠੰਢੇ ਪੈ ਗਏ ਨੇ। ਹਰਫ਼ ਲਿਖੇ ਜ਼ਰੂਰ ਜਾ ਰਹੇ ਨੇ ਪਰ ਉਨ੍ਹਾਂ ‘ਚੋ’ ਪੰਜਾਬ ਦੇ ਦਰਦ ਦੀ ਨਿਸ਼ਾਨਦੇਹੀ ਨਹੀਂ ਹੋ ਰਹੀ। ਪਾਤਰ ਦੀ ਕਵਿਤਾ ਤੋਂ ਬਾਅਦ ਅਗਲੇ ਚਿੱਤਰ ਮਹਿੰਦਰ ਸਿੰਘ ਰੰਧਾਵਾ, ਜੋ ਇਸ ਕਲਾ ਭਵਨ ਦਾ ਬਾਨੀ ਹੈ, ਦੇ ਹਨ। ਇਕ ਤਸਵੀਰ ਉਨ੍ਹਾਂ ਅਜੀਤ ਕੌਰ ਨਾਲ, ਦੂਜੀ ਮੁਲਕ ਰਾਜ ਅਨੰਦ ਨਾਲ, ਤੀਜੀ ਖੁਸ਼ਵੰਤ ਸਿੰਘ ਨਾਲ, ਚੌਥੀ ਅੰਮ੍ਰਿਤਾ ਪ੍ਰੀਤਮ ਨਾਲ ਤੇ ਅਗਲੀ ਸ਼ਿਵ ਬਟਾਲਵੀ ਨਾਲ। ਰੰਧਾਵਾ ਪੰਜਾਬੀਆਂ ਦਾ ਮਾਣ ਹੈ। ਵੱਡਾ ਬੰਦਾ। ਇਹ ਸੁਭਾਵਿਕ ਹੀ ਸੀ ਕੇ ਉਸ ਦੀਆਂ ਫ਼ੋਟੋਆਂ ਵੱਡੇ ਬੰਦਿਆ ਨਾਲ ਹੀ ਹੋਣੀਆਂ ਸਨ। ਹਰ ਫ਼ੋਟੋ ‘ਚ ਰੰਧਾਵਾ ਦੀ ਸ਼ਖ਼ਸੀਅਤ ਭਾਰੂ ਹੈ।
ਗੇਟ ਦੇ ਸੱਜੇ ਪਾਸੇ ਛੋਟਾ ਜਿਹਾ ਲਾਅਨ ਹੈ। ਇਸ ਵਿਚ ਘਾਹ ਘੱਟ ਤੇ ਰੜਾ ਜ਼ਿਆਦਾ ਨਜ਼ਰ ਆਉਂਦਾ ਹੈ। ਕੁਝ ਸੀਮਿੰਟ-ਬਜਰੀ ਦੇ ਬਣੇ ਬੈਂਚ ਹਨ। ਇਸ ਲਾਅਨ ‘ਚ ਵੈਰਾਨਗੀ ਭਾਰੂ ਹੈ। ਥੋੜ੍ਹੀ ਦੇਰ ਬੈਠਣ ਤੋਂ ਬਾਅਦ ਜੀਅ ਅੱਕ ਜਾਂਦਾ ਹੈ। ਲਾਅਨ ਦੇ ਆਲ਼ੇ-ਦੁਆਲੇ ਸ਼ਿਲਪਕਾਰਾਂ ਦੀਆਂ ਕਿਰਤੀਆਂ ਪਈਆਂ ਹਨ, ਜ਼ਿਆਦਾ ਪੱਥਰ ਦੇ ਬੁੱਤ ਨੇ, ਪਰ ਸਮਝ ਕੁਝ ਘੱਟ ਹੀ ਪੈਂਦਾ ਹੈ। ਮੈਂ ਕਾਫ਼ੀ ਸਮਾਂ ਇਨ੍ਹਾਂ ਨੂੰ ਆਪਣੇ ਜ਼ਿਹਨ ‘ਚ ਉਤਾਰਨ ਲਈ ਲਾਉਂਦਾ ਹਾਂ ਪਰ ਗੱਲ ਬਣ ਨਹੀਂ ਰਹੀ। ਫਿਰ ਸੋਚਿਆ ਕੇ ਬੁੱਤਕਾਰਾਂ ਨੇ ਮੈਨੂੰ ਸੋਚ ਕੇ ਥੋੜ੍ਹਾ ਹੀ ਬਣਾਏ ਨੇ ਕਿ ਇਹ ਮੈਨੂੰ ਸਮਝ ਆ ਜਾਣ। ਅਸੀਂ ਊਲ-ਜਲੂਲ ਸੋਚਣ ਵਾਲੇ ਲੋਕ ਹਾਂ, ਬੁੱਤ-ਘਾੜੇ ਰੱਬੀ-ਰੂਹਾਂ ਹੁੰਦੀਆਂ ਨੇ। ਜਿਵੇਂ ਰੱਬ ਦਾ ਗੋਰਖ ਧੰਦਾ ਸਮਝ ਨਹੀਂ ਆ ਰਿਹਾ, ਉਸ ਤਰ੍ਹਾਂ ਇਨ੍ਹਾਂ ਬੁੱਤਾਂ ਦਾ ਅਲਜਬਰਾ ਅਕਲ ਦੇ ਖ਼ਾਨੇ ‘ਚ ਨਹੀਂ ਵੜ ਰਿਹਾ। ਨਾਲੇ ਕਲਾ ਹੀ ਕੀ ਹੋਈ ਜੋ ਐਰੇ-ਗੈਰੇ ਨੂੰ ਸਮਝ ਆ ਜਾਵੇ। ਅੱਗੇ ਗਿਆ ਤਾਂ ਉੱਥੇ ਵੀ ਬੁੱਤ ਹੀ ਬੁੱਤ ਹਨ। ਚਾਰ ਚੁਫ਼ੇਰੇ ਬੁੱਤ। ਕੀ ਪੰਜਾਬ ਸਿਰਫ਼ ਹੁਣ ਬੁੱਤ ਹੀ ਬਣ ਕੇ ਰਹਿ ਗਿਆ ਹੈ। ਇਸ ਦੇ ਪੱਲੇ ਹੋਰ ਕੁਝ ਵੀ ਨਹੀਂ। ਇਸ ਤੋਂ ਪਹਿਲਾਂ ਕਿ ਮੈਂ ਵੀ ਬੁੱਤ ਹੀ ਨਾ ਬਣ ਜਾਵਾਂ, ਮੈਂ ਕਲਾ ਭਵਨ ਦੇ ਅੰਦਰ ਜਾਣ ਦਾ ਰਸਤਾ ਲੱਭਣ ਦੀ ਕੋਸ਼ਿਸ਼ ਕਰਦਾ ਹਾਂ। ਤਿੰਨ-ਚਾਰ ਦਰਵਾਜ਼ੇ ਨਜ਼ਰ ਆ ਰਹੇ ਨੇ। ਇਹ ਭੰਬਲਭੂਸਾ ਕਿਉਂ ਹੈ? ਫਿਰ ਸੋਚਿਆ ਕਲਾ ਭਵਨ ਹੈ, ਕੋਈ ਛੋਟੀ-ਮੋਟੀ ਗੱਲ ਥੋੜ੍ਹੀ ਹੈ ਕੇ ਬੰਦਾ ਸਿੱਧਾ ਹੀ ਅੰਦਰ ਜਾ ਵੜੇ।
ਇੱਟਾਂ ਦੀ ਬਣੀ ਇਸ ਇਮਾਰਤ ‘ਚ ਸੁਹਜ ਨਜ਼ਰ ਨਹੀਂ ਆ ਰਿਹਾ। ਇਮਾਰਤ ਨੂੰ ਹਲਕਾ ਲਾਲ ਰੰਗ ਕੀਤਾ ਹੋਇਆ ਹੈ। ਰੰਗ ਦੀ ਚਮਕ ਕਈ ਥਾਵਾਂ ‘ਤੇ ਇਸ ਉੱਪਰ ਜੰਮੀ ਕਾਲੀ ਜਿਲਬ ਨੇ ਧੁੰਦਲੀ ਪਾ ਦਿੱਤੀ ਹੈ। ਸੱਜੇ ਪਾਸੇ ਰੰਧਾਵਾ ਆਡੀਟੋਰੀਅਮ ਹੈ। ਇਸ ਉੱਪਰ ਗੋਲ ਆਕਾਰ ਵਿਚ ਰੰਧਾਵੇ ਦਾ ਚਿੱਤਰ ਲੱਗਿਆ ਹੈ। ਰੰਧਾਵਾ ਇਸ ਚਿੱਤਰ ‘ਚ ਉਦਾਸ ਨਜ਼ਰ ਆ ਰਿਹਾ ਹੈ। ਬਾਹਰਲੇ ਪਾਸੇ ਕੁਝ ਕੰਧ ਚਿੱਤਰ ਬਣੇ ਹੋਏ ਨੇ, ਪਰ ਜ਼ਿਆਦਾ ਬੁੱਤਾ ਜਿਹਾ ਹੀ ਸਾਰਿਆ ਲੱਗਦਾ ਹੈ। ਕੋਈ ਵੀ ਕੰਧ ਚਿੱਤਰ ਤੁਹਾਨੂੰ ਆਪਣੇ ਕੋਲ ਨਹੀਂ ਬੁਲਾਉਂਦਾ। ਨੀਝ ਲਾ ਕੇ ਦੇਖਣ ਵਾਲਾ ਕੁਝ ਨਜ਼ਰ ਨਹੀਂ ਪੈ ਰਿਹਾ। ਅੰਦਰ ਰੰਧਾਵਾ ਸਾਹਿਬ ਦੀਆਂ ਕਈ ਨਾਮੀ-ਕਲਾਮੀ ਬੰਦਿਆ ਨਾਲ ਕੈਮਰੇ ਨਾਲ ਖਿੱਚੀਆਂ ਤਸਵੀਰਾਂ ਲੱਗੀਆਂ ਹੋਈਆਂ ਨੇ। ਅਸਲ ਵਿਚ ਚਾਰ-ਚੁਫੇਰੇ ਰੰਧਾਵਾ-ਰੰਧਾਵਾ ਹੀ ਨਜ਼ਰ ਆਉਂਦੇ ਨੇ। ਕਿਤੇ ਸੋਭਾ ਸਿੰਘ ਨਾਲ, ਕਿਤੇ ਅੰਮ੍ਰਿਤਾ ਪ੍ਰੀਤਮ ਤੇ ਨੌਰਾ ਰਿਚਰਡਜ਼ ਨਾਲ, ਕਿਤੇ ਕੈਰੋਂ ਨਾਲ ਤੇ ਕਿਤੇ ਇੰਦਰਾ ਗਾਂਧੀ ਤੇ ਕਿਤੇ ਨਹਿਰੂ ਨਾਲ, ਕਿਤੇ ਗਾਰਗੀ ਨਾਲ ਤੇ ਕਿਤੇ ਸ਼ਿਵ ਨਾਲ। ਕਿਤੇ ਬਲਰਾਜ ਸਾਹਨੀ ਨਾਲ ਤੇ ਕਿਤੇ ਪ੍ਰਿਥਵੀ ਰਾਜ ਕਪੂਰ ਨਾਲ। ਮੈਨੂੰ ਉਨ੍ਹਾਂ ਦੀ ਦਾਰਾ ਸਿੰਘ ਨਾਲ ਕੋਈ ਫ਼ੋਟੋ ਨਹੀਂ ਦਿਖੀ, ਖ਼ੈਰ ਦਾਰਾ ਸਿੰਘ ਦੀ ਫ਼ੋਟੋ ਦੇ ਤਾਂ ਮੈਨੂੰ ਸਾਰੇ ਕਲਾ ਭਵਨ ‘ਚ ਹੀ ਦਰਸ਼ਨ ਨਹੀਂ ਹੋਏ। ਸ਼ਾਇਦ ਕਿਤੇ ਏਧਰ-ਓਧਰ ਲੱਗੀ ਹੋਵੇ, ਮੈਨੂੰ ਹੀ ਨਾ ਦਿਸੀ ਹੋਵੇ। ਕਲਾ ਭਵਨ ਵੇਖ ਕਿ ਲੱਗ ਰਿਹਾ ਕਿ ਪੰਜਾਬ ਦੀ ਕਲਾ ਰੰਧਾਵਾ ਸਾਹਿਬ ਨਾਲ ਹੀ ਸ਼ੁਰੂ ਹੁੰਦੀ ਹੈ ਤੇ ਉਨ੍ਹਾਂ ਨਾਲ ਹੀ ਸਮਾਪਤ।
ਕਲਾ ਭਵਨ ਦੀ ਬੇਸਮੈਂਟ ਵਿਚ ਪੰਜਾਬ ਦੇ ਉੱਸਰੀਆਂ ਦੀ ਗੈਲਰੀ ਹੈ। ਪੰਜਾਬ ਉਸਾਰਨ ਵਾਲਿਆਂ ਲਈ ਬੇਸਮੈਂਟ ਹੀ ਤਾਂ ਬਚੀ ਹੈ। ਉਜਾੜਨ ਵਾਲਿਆਂ ਲਈ ਰੈਡ ਕਾਰਪਸ। ਉੱਸਰੀਆਂ ਦੇ ਵਿਚ ਸਰ ਗੰਗਾ ਰਾਮ, ਨਾਨਕ ਸਿੰਘ, ਪੂਰਨ ਸਿੰਘ , ਫ਼ੈਜ਼ ਅਹਿਮਦ ਫ਼ੈਜ਼, ਭਾਈ ਵੀਰ ਸਿੰਘ, ਭਾਈ ਕਾਹਨ ਸਿੰਘ ਨਾਭਾ, ਈਸ਼ਵਰ ਚੰਦ ਨੰਦਾ, ਪ੍ਰੇਮ ਭਾਟੀਆ ਸ਼ਾਮਲ ਹਨ। ਕੁਝ ਰਾਜਨੀਤਕ ਲੋਕਾਂ ਜਿਵੇਂ ਕੈਰੋਂ, ਲਛਮਣ ਸਿੰਘ ਗਿੱਲ ਤੇ ਹੋਰ ਦੀਆਂ ਤਸਵੀਰਾਂ ਵੀ ਲੱਗੀਆਂ ਹਨ। ਕਾਫ਼ੀ ਕੁਝ ਨਹੀਂ ਲੱਗਿਆ ਹੋਇਆ। ਕਈ ਵੱਡੀਆਂ ਸ਼ਖ਼ਸੀਅਤ ਦੀ ਤਸਵੀਰ ਨਜ਼ਰ ਨਹੀਂ ਆਉਂਦੀ। ਮੁਹੰਮਦ ਰਫ਼ੀ ਨਹੀਂ ਦਿੱਖ ਰਿਹਾ, ਸੁਰਿੰਦਰ ਕੌਰ ਹੈ।
ਕਲਾ ਭਵਨ ‘ਚ ਕੋਈ-ਕੋਈ ਬੰਦਾ ਘੁੰਮ ਰਿਹਾ ਹੈ, ਚਹਿਲ-ਪਹਿਲ ਨਹੀਂ ਹੈ। ਇਸ ਤੋਂ ਸਾਡਾ ਕਲਾ ਨਾਲ ਪ੍ਰੇਮ ਜੱਗ ਜ਼ਾਹਿਰ ਹੁੰਦਾ ਹੈ। ਕਲਾ ਭਵਨ ਦੀ ਵੱਖੀ ‘ਚ ਹੀ ਸੈਂਕੜੇ ਏਕੜਾਂ ਦੇ ਘੇਰੇ ਵਾਲਾ ਰੋਜ਼ ਗਾਰਡਨ ਤੇ ਲਈਅਰ ਵੈਲੀ ਹੈ ਜਾਂ ਕਹਿ ਲਵੋ ਕੇ ਵਿਹਲੜਾਂ ਦੀ ਸੈਰਗਾਹ। ਇੱਥੇ ਵਿਹਲੜ ਸਾਰਾ ਦਿਨ ਬਤੀਤ ਕਰਦੇ ਨੇ, ਕਦੇ ਇਸ ਦਰੱਖਤ ਹੇਠ, ਕਦੇ ਉਸ ਦਰੱਖਤ ਹੇਠ। ਚੰਡੀਗੜ੍ਹ ਦੀ ਤਰ੍ਹਾਂ ਰੋਜ਼ ਗਾਰਡਨ ਵਿਚ ਲੱਗੇ ਗੁਲਾਬ ਦੇ ਫੁੱਲਾਂ ‘ਚੋਂ ਖ਼ੁਸ਼ਬੋ ਮਨਫ਼ੀ ਹੈ। ਸਿਰਫ਼ ਫੁੱਲ ਹੀ ਫੁੱਲ ਹਨ, ਵੱਡੇ-ਵੱਡੇ ਆਕਾਰ ਦੀਆਂ ਕਿਆਰੀਆਂ ‘ਚ ਲੱਗੇ ਹੋਏ। ਮਾਲੀਆਂ ਦੀ ਕਲਾਕਾਰੀ ਦਾ ਮਹਾਨ ਪ੍ਰਦਰਸ਼ਨ ਹੈ ਇਹ ਰੋਜ਼ ਗਾਰਡਨ। ਇੱਥੇ ਹੀ ਗੁਲਾਬ ਦੇ ਫੁੱਲਾਂ ਵਾਂਗ ਖਿੜੇ ਕਾਲਜਾਂ ਦੇ ਚੜ੍ਹਦੀ ਉਮਰ ਦੇ ਮੁੰਡੇ-ਕੁੜੀਆਂ ਘੁੰਮਣ ਆਉਂਦੇ ਨੇ। ਉਨ੍ਹਾਂ ਦੀ ਗੁਟਕੂ-ਗੁਟਕੂ ਦੂਰ ਤੱਕ ਸੁਣਾਈ ਦਿੰਦੀ ਹੈ। ਉਹ ਆਪਣੀਆਂ ਪਿਆਰ ਤਰੰਗਾਂ ਦਾ ਪ੍ਰਗਟਾਅ ਗੁਲਾਬ ਦੀਆਂ ਪਤੀਆਂ ਦੇ ਜ਼ਰੀਏ ਕਰਦੇ ਹਨ। ਸਮਾਜਿਕ ਸਰੋਕਾਰਾਂ ਤੋਂ ਸੱਖਣੇ ਵੀ ਇੱਥੇ ਬਹੁਤ ਆਉਂਦੇ ਨੇ, ਜੋ ਆਪਣੀ ਸੰਗ-ਸ਼ਰਮ ਕਿੱਲੇ ਟੰਗ ਕੇ ਆਉਂਦੇ ਨੇ। ਇਹ ਵੈਲੀ ਸਰਕਾਰੀ ਮੁਲਾਜ਼ਮਾਂ ਦੀ ਵੀ ਦੁਪਹਿਰ ਦੀ ਰੋਟੀ ਤੋਂ ਬਾਅਦ ਦੀ ਸੈਰਗਾਹ ਹੈ। ਇੱਥੇ ਉਹ ਆਪਣੇ ਅਫ਼ਸਰਾਂ ਖ਼ਿਲਾਫ਼ ਦਿਲ ਦੀ ਭੜਾਸ ਮੰਡਲੀਆਂ ‘ਚ ਬੈਠ ਕੇ ਕੱਢਦੇ ਨੇ ਤੇ ਇਕ-ਦੋ ਤਾਸ਼ ਦੀਆਂ ਬਾਜ਼ੀਆਂ ਵੀ ਲਾ ਜਾਂਦੇ ਹਨ।
ਕਲਾ ਭਵਨ ਤੋਂ ਥੋੜ੍ਹੀ ਵਿੱਥ ‘ਤੇ ਹੀ ਇਕ ਓਪਨ ਏਅਰ ਢਾਬਾ ਹੈ। ਇੱਥੇ ਪਰਾਉਂਠੇ ਛਕਣ ਵਾਲਿਆਂ ਦੀ ਭੀੜ ਲੱਗੀ ਰਹਿੰਦੀ ਹੈ। ਇੱਥੋਂ ਉੱਠਦਾ ਧੂੰਆਂ ਸਿਟੀ ਬਿਊਟੀਫੁੱਲ ਦਾ ਮੂੰਹ ਚਿੜਾਉਂਦਾ ਹੈ।
ਕਲਾ ਭਵਨ ਦੇ ਅਗਲੇ ਵਿਹੜੇ ਦੇ ਸੱਜੇ ਪਾਸੇ ਰੰਧਾਵਾ ਆਡੀਟੋਰੀਅਮ ਹੈ। ਇਸ ਅੰਦਰ ਹਨੇਰਾ ਜ਼ਿਆਦਾ ਤੇ ਚਾਨਣ ਘੱਟ ਹੈ। ਇੱਥੇ ਹੋ ਰਹੀ ਡਿਜੀਟਲ ਫ਼ਿਲਮ ਮੇਕਿੰਗ ਵਰਕਸ਼ਾਪ ‘ਚ ਮੈਂ ਅਗਲੇ ਦਿਨ ਬਿਤਾਉਣੇ ਨੇ। ਪ੍ਰੋਗਰਾਮ ਦੇ ਰਸਮੀ ਉਦਘਾਟਨ ਲਈ ਬੀੜਾ ਬੰਨਿ੍ਹਆ ਜਾ ਰਿਹਾ ਹੈ। ਪਰ ਰੋਸ਼ਨੀ ਦੀ ਘਾਟ ਰੜਕ ਰਹੀ ਹੈ। ਪ੍ਰਬੰਧਕ ਵੀ ਇਸ ਗੱਲ ਤੋਂ ਕੁਝ ਚਿੰਤਤ ਲੱਗਦੇ ਨੇ। ਲਾਈਟਾਂ ਤਾਂ ਅੰਦਰ ਬਹੁਤ ਲੱਗੀਆਂ ਨੇ ਕਿਉਂਕਿ ਇੱਥੇ ਨਾਟਕ ਖੇਡੇ ਜਾਂਦੇ ਨੇ। ਇਸ ਲਈ ਪੂਰਾ ਲਾਈਟਿੰਗ ਸਿਸਟਮ ਹੈ, ਪਰ ਜਿਸ ਲਾਈਟ ਦੀ ਉਦਘਾਟਨ ਸਮੇਂ ਜ਼ਰੂਰਤ ਹੈ, ਉਸ ਦੀ ਕਮੀ ਹੈ। ਵਰਕਸ਼ਾਪ ਦੀ ਮਹੱਤਤਾ ਤੇ ਮਕਸਦ ਬਾਰੇ ਸੰਖੇਪ ਜਿਹੀ ਜਾਣਕਾਰੀ ਦੇਣ ਤੋਂ ਬਾਅਦ ਪ੍ਰੀਤਮ ਰੁਪਾਲ, ਡਾਕਟਰ ਯੋਗ ਰਾਜ ਨੂੰ ਸੱਦਾ ਦਿੰਦੇ ਹਨ। ਯੋਗ ਰਾਜ ਕਾਫ਼ੀ ਲੰਬਾ ਬੋਲਦੇ ਹਨ। ਗੱਲਾਂ ਚੰਗੀਆਂ ਕਰ ਰਹੇ ਨੇ, ਮੱਠੀ-ਮੱਠੀ ਰਫ਼ਤਾਰ ਨਾਲ। ਪਰ ਮੈਨੂੰ ਪਤਾ ਨਹੀਂ ਕਿਉਂ ਇਹ ਰਸਮੀ ਬੰਦੋਬਸਤ ਨਾਲ ਪੁਰਾਣੀ ਖਿਝ ਹੈ। ਮੈਨੂੰ ਲੱਗਦਾ ਹੈ ਇਸ ਦੀ ਲੋੜ ਨਹੀਂ ਸੀ। ਪਰ ਪ੍ਰਬੰਧਕਾਂ ਲਈ ਇਹ ਲਾਜ਼ਮੀ ਰੀਤ ਹੈ। ਇਸ ਨੂੰ ਤੋੜਨਾ ਏਨਾ ਅਸਾਨ ਵੀ ਨਹੀਂ। ਕਈ ਵਾਰ ਇਹ ਰੀਤ ਨੂੰ ਤੋੜਨਾ ਵੱਡੀ ਖੁਨਾਮੀ ਦਾ ਸਬੱਬ ਬਣ ਜਾਂਦਾ ਹੈ।
ਯੋਗ ਰਾਜ ਤੋਂ ਬਾਅਦ ਹਰਜੀਤ ਸਿੰਘ ਨੂੰ ਬੋਲਣ ਦਾ ਸੱਦਾ ਦਿੱਤਾ ਗਿਆ ਹੈ। ਹਰਜੀਤ ਸਿੰਘ ਲੰਬਾ ਸਮਾਂ ਦੂਰਦਰਸ਼ਨ ਨਾਲ ਜੁੜੇ ਰਹੇ ਨੇ। ਪੰਜਾਬੀ ਫ਼ਿਲਮ ਜਗਤ ਵਿਚ ਇਹ ਸਤਿਕਾਰਤ ਹਸਤੀ ਨੇ। ਉਨ੍ਹਾਂ ਇਸ ਖੇਤਰ ਵਿਚ ਨਾਮ ਕਮਾਇਆ ਹੈ, ਇੱਜ਼ਤ ਖੱਟੀ ਹੈ। ਮੈਂ ਹਰਜੀਤ ਬਾਰੇ ਕਾਫ਼ੀ ਦੇਰ ਪਹਿਲਾਂ ਸੁਣਿਆਂ ਸੀ, ਪਰ ਮੁਲਾਕਾਤ ਪਹਿਲੀ ਵਾਰ ਹੋਈ ਹੈ। ਹਰਜੀਤ ਸਿੰਘ ਵਰਕਸ਼ਾਪ ਦੀ ਰੂਹੇ-ਰਵਾਂ ਨੇ। ਸਾਰਾ ਕੁਝ ਉਨ੍ਹਾਂ ਕਰਵਾਉਣਾ ਹੈ ਤੇ ਸਾਰੀ ਕਾਰਵਾਈ ਉਨ੍ਹਾਂ ਦੁਆਲੇ ਘੁੰਮਣੀ ਹੈ।
ਹਰਜੀਤ ਧੀਰਜ ਤੇ ਧੀਮੀ ਸੁਰ ਵਾਲੀ ਸ਼ਖ਼ਸੀਅਤ ਹੈ। ਉਸ ਵਿਚ ਸਰੋਤਿਆਂ ਨੂੰ ਨਾਲ ਜੋੜ ਕੇ ਰੱਖਣ ਦੀ ਭਰਪੂਰ ਕਲਾ ਹੈ। ਫ਼ਿਲਮਾਂ ਬਾਰੇ ਤੇ ਫ਼ਿਲਮ ਬਣਾਉਣ ਵਾਲਿਆਂ ਬਾਰੇ ਉਹ ਦਿਲਚਸਪ ਕਹਾਣੀਆਂ ਸੁਣਾ ਰਿਹਾ ਹੈ। ਇਹ ਚੰਗਾ ਲਗ ਰਿਹਾ ਹੈ। ਦਾਦਾ ਸਾਹਿਬ ਫਾਲਕੇ ਬਾਰੇ ਉਹ ਕਈ ਨਵੀਂਆਂ ਗੱਲਾਂ ਦੱਸਦੇ ਨੇ। ਮੇਰੇ ਲਈ ਇਹ ਚੈਨ ਤੇ ਸਕੂਨ ਦੇ ਪਲ ਨੇ। ਹਰਜੀਤ ਦਾ ਕੰਮ ਕਰਨ ਦਾ ਤਰੀਕਾ ਵੀ ਹਫ਼ੜਾ-ਦਫ਼ੜੀ ਤੋਂ ਮੁਕਤ ਹੈ।
ਉਹ ਕੰਮ ਵਿਚ ਮੁਕੰਮਲਤਾ ਦੀ ਮੰਗ ਕਰਦਾ ਹੈ। ਸਮੇਂ ਦੀ ਕੋਈ ਪ੍ਰਵਾਹ ਨਹੀਂ ਪਰ ਕੰਮ ਦੀ ਕੁਆਲਿਟੀ ਨਾਲ ਕੋਈ ਸਮਝੌਤਾ ਨਹੀਂ। ਉਸ ਨਾਲ ਨੌਜਵਾਨ ਲੜਕਾ ਜੁਗਰਾਜ ਹੈ, ਜਿਸ ਦੀ ਫ਼ਿਲਮ ਤਕਨੀਕਾਂ ਤੇ ਵਿਧਾ ਤੇ ਚੰਗੀ ਪਕੜ ਹੈ। ਛੋਟੀ ਉਮਰ ਵਿਚ ਹੀ ਉਹ ਇਸ ਦੀਆਂ ਬਰੀਕੀਆਂ ਸਮਝ ਗਿਆ ਹੈ। ਹਰਜੀਤ ਦੀ ਜਾਣ-ਪਛਾਣ ਦਾ ਘੇਰਾ ਬਹੁਤ ਵਸੀਹ ਹੈ, ਇਸ ਲਈ ਉਸ ਦੇ ਕਹਿਣੇ ਤੇ ਕਈ ਫੋਟੋਗ੍ਰਾਫੀ, ਫ਼ਿਲਮਸਾਜ਼ੀ ਤੇ ਸਿਨਮੈਟੋਗ੍ਰਾਫੀ ਦੇ ਮਹਾਂਪੁਰਸ਼ ਵਰਕਸ਼ਾਪ ਵਿਚ ਪਹੁੰਚ ਰਹੇ ਹਨ ਤੇ ਇਸ ਕਰਕੇ ਸਾਨੂੰ ਵੀ ਅਜਿਹੇ ਮਹਾਂਪੁਰਸ਼ਾਂ ਨਾਲ ਸੰਵਾਦ ਕਰਨ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਬਲਦੇਵ ਗਿੱਲ, ਮਨਜੀਤ ਸਿੰਘ, ਦਵਿੰਦਰ ਸਿੰਘ ਅਤੇ ਬਲਦੇਵ ਗਰੇਵਾਲ ਨਾਲ ਹੁਣ ਤਕ ਗੁਫ਼ਤਗੂ ਹੋ ਚੁੱਕੀ ਹੈ।
ਫ਼ਿਲਮਸਾਜ਼ੀ ਦਾ ਹੁਨਰ ਸਿੱਖਣ ਲਈ ਬਲਦੇਵ ਸਿੰਘ ਸੜਕਨਾਮਾ ਤੇ ਬਲਜੀਤ ਸਿੰਘ ਰੈਣਾ ਵੀ ਆਏ ਹੋਏ ਨੇ। ਬਲਦੇਵ ਸਿੰਘ ਪੰਜਾਬੀ ਸਾਹਿਤ ਦਾ ਵੱਡਾ ਸਿਰਨਾਵਾਂ ਹੈ। ਮੈਨੂੰ ਉਸ ਦੀ ਕਈ ਸਾਲ ਪਹਿਲਾਂ ਲਿਖੀ ਕਹਾਣੀ ‘ਪਲੇਟ ਫਾਰਮ ਨੰਬਰ 11’ ਦੇ ਕੁਝ ਅੰਸ਼ ਹਾਲੇ ਵੀ ਯਾਦ ਨੇ। ਬਲਦੇਵ ਦੀ ਖ਼ੂਬਸੂਰਤੀ ਇਹ ਹੈ ਕਿ ਉਹ ਆਪਣੀ ਪ੍ਰਸੰਸਾ ਸੁਣ ਕੇ ਆਪਣੀਆਂ ਪ੍ਰਾਪਤੀਆਂ ਦੀ ਦਸਤਾਰ ਨਹੀਂ ਛੇੜਦਾ। ਨਹੀਂ ਤਾਂ ਕਈ ਲੇਖਕ ਥੋੜ੍ਹੀ ਜਿਹੀ ਪ੍ਰਸੰਸਾ ਸੁਣ ਕੇ ਫਟਣ ਤੇ ਆ ਜਾਂਦੇ ਹਨ ਤੇ ਫੇਰ ਉਨ੍ਹਾਂ ਤੋਂ ਖਹਿੜਾ ਛੁੜਾਉਣਾ ਔਖਾ ਹੋ ਜਾਂਦਾ ਹੈ। ਬਲਦੇਵ ਬਾਰੇ ਕਿਹਾ ਜਾ ਸਕਦਾ ਹੈ ਕਿ ‘ਫਲ਼ ਨੀਵਿਆਂ ਰੁੱਖਾਂ ਨੂੰ ਲਗਦੇ, ਸਿੰਬਲਾ ਗੁਮਾਨ ਨਾ ਕਰੀਂ’। ਬਲਦੇਵ ਨਾ ਅੱਕਦਾ ਹੈ, ਨਾ ਥੱਕਦਾ ਹੈ। ਉਸ ਨੇ ਇਕ ਮਿੰਨੀ ਕਹਾਣੀ ਦੀ ਪਟਕਥਾ ਵਰਕਸ਼ਾਪ ਵਿਚ ਫਿਲਮਾਉਣ ਲਈ ਲਿਖੀ ਹੈ। ਉਹ ਵਾਰ-ਵਾਰ ਸੋਧਣੀ ਪੈ ਰਹੀ ਹੈ ਕਿਉਂਕਿ ਮਿੰਨੀ ਫ਼ਿਲਮ ਦੀ ਪਟਕਥਾ ਲਿਖਣੀ ਕੋਈ ਖਾਲਾ ਜੀ ਦਾ ਵਾੜਾ ਨਹੀਂ, ਇਹ ਕੁੱਜੇ ਵਿਚ ਸਮੁੰਦਰ ਬੰਦ ਕਰਨ ਵਾਲੀ ਗੱਲ ਹੈ। ਰੈਣਾ ਜੀ ਮਸਤ ਆਦਮੀ ਹਨ। ਉਹ ਅਨੰਦਮਈ ਅਵਸਥਾ ਵਿਚ ਰਹਿੰਦੇ ਹਨ। ਜਦੋਂ ਗੱਲ ਦੱਸਣੀ ਹੋਵੇ ਤਾਂ ਫੇਰ ਖੁੱਲ੍ਹ ਕੇ ਅੱਗੇ ਆਉਂਦੇ ਹਨ। ਫ਼ਿਲਮਾਂ ਨਾਲ ਜੁੜੇ ਹਨ। ਸਾਹਿਤ ਦੇ ਖੇਤਰ ਵਿਚ ਵੀ ਉਨ੍ਹਾਂ ਦੀ ਚੰਗੀ ਪਹਿਚਾਣ ਹੈ। ਵਰਕਸ਼ਾਪ ਵਿਚ ਕੁਝ ਨੌਜਵਾਨ ਮੁੰਡੇ-ਕੁੜੀਆਂ ਵੀ ਭਾਗ ਲੈ ਰਹੇ ਹਨ।
ਗੱਲ ਖਿੱਲਰ ਰਹੀ ਹੈ। ਮੁੜ ਹਰਜੀਤ ਵੱਲ ਆਉਂਦੇ ਹਾਂ। ਉਹ ਸਾਨੂੰ ਬੜੀਆਂ ਖ਼ੂਬਸੂਰਤ ਮਿੰਨੀ ਫ਼ਿਲਮਾਂ ਦਿਖਾ ਰਹੇ ਹਨ। ਬੜਾ ਅਨੰਦ ਆ ਰਿਹਾ ਹੈ। ਇਕ ਨਵੀਂ ਦੁਨੀਆ ਦੇ ਦਰਸ਼ਨ ਹੋ ਰਹੇ ਹਨ। ਫ਼ਿਲਮਾਂ ਦੇਖਦੇ-ਦੇਖਦੇ ਮੇਰੀ ਬਿਰਤੀ ਦੁਨੀਆ ਦੇ ਮਹਾਂਪੁਰਸ਼ਾਂ ਨਾਲ ਜੁੜ ਜਾਂਦੀ ਹੈ। ਮੈਨੂੰ ਕਾਫਕਾ ਯਾਦ ਆ ਰਿਹਾ ਹੈ। ਕਾਮੂ, ਸਾਰਤਰੇ ਮੇਰੇ ਜ਼ਿਹਨ ਵਿਚ ਘੁੰਮ ਰਹੇ ਹਨ। ਹੌਬਜ, ਲੌਕ, ਰੂਸੋ ਦੇ ਨਾਲ ਮਨ ਹੀ ਮਨ ਵਿਚ ਗੱਲਾਂ ਹੋ ਰਹੀਆਂ ਹਨ। ਕੀਟਸ, ਵਰਡਜਵਰਥ, ਸ਼ੈਲੇ ਦੀਆਂ ਕਵਿਤਾਵਾਂ ਮਨ ਮੰਦਰ ਦੇ ਚੱਕਰ ਲਾ ਰਹੀਆਂ ਹਨ। ਮੈਨੂੰ ਅਮਰੀਕਾ ਦੇ ਕਵੀ ਐਡਵਿਨ ਮਰਖਮ ਦੁਆਰਾ ਡੇਢ ਸੌ ਸਾਲ ਪਹਿਲਾਂ ਕਿਸਾਨੀ ਬਾਰੇ ਲਿਖੀ ਕਵਿਤਾ ‘ਮੈਨ ਵਿਦ-ਏ ਹੋਅ’ ਯਾਦ ਆ ਰਹੀ ਹੈ, ਜੋ ਅੱਜ ਵੀ ਸਾਰਥਕ ਹੈ। ਸਾਡੇ ਹਿੱਸੇ ਅਜਿਹੇ ਸਿਰਨਾਵੇਂ ਕਿਉਂ ਨਹੀਂ ਆਏ। ਸਾਡੀ ਸ਼ਬਦ ਗੁਰੂ ਦੀ ਧਰਤੀ ‘ਤੇ ਅਜਿਹੀਆਂ ਮਹਾਨ ਰੂਹਾਂ ਦਾ ਵਾਸਾ ਕਿਉਂ ਨਹੀਂ ਹੋਇਆ। ਇਹ ਸਵਾਲ ਮੈਨੂੰ ਪ੍ਰੇਸ਼ਾਨ ਕਰ ਰਿਹਾ ਹੈ। ਇਸ ਕਲਾ ਭਵਨ ਦੀ ਚਾਰਦੀਵਾਰੀ ਵਿਚ ਪੰਜਾਬ ਦੀ ਰਹਿਤਲ ਗੁੰਮ ਹੈ। ਇਸ ‘ਤੇ ਅਫ਼ਸੋਸ ਹੀ ਕੀਤਾ ਜਾ ਸਕਦਾ ਹੈ।