ਸੁਰਿੰਦਰ ਸਿੰਘ ਤੇਜ
ਫੋਨ: 91-98555-01488
‘ਕਸ਼ਤੀ ਦਾ ਖਾਮੋਸ਼ ਸਫ਼ਰ ਹੈ, ਸ਼ਾਮ ਭੀ ਹੈ ਤਨਹਾਈ ਭੀ; ਦੂਰ ਕਿਨਾਰੇ ਪਰ ਬਜਤੀ ਹੈ, ਲਹਿਰੋਂ ਕੀ ਸ਼ਹਿਨਾਈ ਭੀ।’ ਫ਼ਿਲਮ ‘ਗਰਲਫਰੈਂਡ’ ਦਾ ਇਹ ਗੀਤ ਭਾਵੇਂ ਦੋਗਾਣੇ ਦੇ ਰੂਪ ਵਿਚ ਹੈ, ਫਿਰ ਵੀ ਇਸ ਨੂੰ ਕਿਸ਼ੋਰ ਕੁਮਾਰ ਦੇ ਬਿਹਤਰੀਨ ਗੀਤਾਂ ਵਿਚ ਸ਼ੁਮਾਰ ਕੀਤਾ ਜਾਂਦਾ ਹੈ। ਫ਼ਿਲਮ ਵਿਚ ਗੀਤ ਕਿਸ਼ੋਰ ਉਪਰ ਹੀ ਫ਼ਿਲਮਾਇਆ ਗਿਆ। ਗੀਤ ਦੇ ਫ਼ਿਲਮਾਂਕਣ ਦੌਰਾਨ ਉਸ ਦੀ ਕਿਸ਼ਤੀ ਵਿਚ ਵਹੀਦਾ ਰਹਿਮਾਨ ਸਵਾਰ ਸੀ ਅਤੇ ਵਹੀਦਾ ਨੂੰ ਸੁਰ ਬਖਸ਼ੇ ਸੁਧਾ ਮਲਹੋਤਰਾ ਨੇ। ਦਰਅਸਲ, ਇਹ ਗੀਤ ਕਿਸ਼ੋਰ ਦਾ ਗੀਤ ਨਾ ਹੋ ਕੇ ਸੁਧਾ ਦਾ ਵੱਧ ਹੈ: ਇਹ ਗੀਤ ਫ਼ਿਲਮ ਗਾਇਕਾ ਦੇ ਰੂਪ ਵਿਚ ਸੁਧਾ ਦੇ ਸਮੁੱਚੇ ਸਫ਼ਰ ਨੂੰ ਲਫਜ਼ ਬਖਸ਼ਦਾ ਹੈ, ਲੈਅ ਵੀ ਅਤੇ ਤਾਲ ਵੀ। ਹੇਮੰਤ ਦਾਦਾ (ਸੰਗੀਤਕਾਰ ਤੇ ਗਾਇਕ ਹੇਮੰਤ ਕੁਮਾਰ) ਨੇ 1954 ਵਿਚ ਫ਼ਿਲਮ ‘ਸਹਾਰਾ’ ਵਿਚ ਸੁਧਾ ਤੋਂ ਸੋਲੋ ਗੀਤ ਗਵਾਇਆ ਸੀ। ਗੀਤ ਤਾਂ ਹਿੱਟ ਨਹੀਂ ਹੋਇਆ, ਪਰ ਸੁਧਾ ਦੀ ਪੁਰ-ਕਸ਼ਿਸ਼ ਆਵਾਜ਼ ਨੂੰ ਹੇਮੰਤਦਾ ਨਹੀਂ ਭੁੱਲੇ। ਜਦੋਂ ਲਤਾ ਨੇ ਕਿਸ਼ੋਰ ਨਾਲ ਗਾਉਣ ਤੋਂ ਨਾਂਹ ਕੀਤੀ ਤਾਂ ਉਨ੍ਹਾਂ ਨੇ ਸੁਧਾ ਨੂੰ ਮੌਕਾ ਦਿੱਤਾ।
ਸ਼ਹਿਨਾਈ ਵਰਗੀ ਸੁਰੀਲੀ ਆਵਾਜ਼ ਦੀ ਮਾਲਕ ਸੁਧਾ ਨੇ 250 ਦੇ ਕਰੀਬ ਫ਼ਿਲਮੀ ਗੀਤ ਗਾਏ।ਮੰਗੇਸ਼ਕਰ ਭੈਣਾਂ ਦੇ ਸਾਮਰਾਜ ਦੇ ਦਿਨਾਂ ਦੌਰਾਨ ਸੁਧਾ ਨੂੰ ਗੀਤ ਮਿਲਦੇ ਵੀ ਚੰਦ ਬੁਰਕੀਆਂ ਦੇ ਰੂਪ ਵਿਚ ਰਹੇ। ਉਹ ਬੁਨਿਆਦੀ ਤੌਰ ‘ਤੇ 1954 ਤੋਂ 1960 ਤਕ ਵੱਧ ਸਰਗਰਮ ਰਹੀ। ਇਸ ਮਗਰੋਂ ਭਾਵੇਂ ਉਸ ਦੇ ਗੀਤ 1982 ਤਕ ਆਉਂਦੇ ਰਹੇ, ਪਰ ਬਹੁਤ ਟਾਵੇਂ-ਟਾਵੇਂ; ਉਹ ਵੀ ਗ਼ਜ਼ਲਾਂ ਜਾਂ ਗ਼ੈਰ-ਫ਼ਿਲਮੀ ਗੀਤਾਂ ਦੇ ਰੂਪ ਵਿਚ। ਉਸ ਨੇ ਆਖਰੀ ਗੀਤ ਰਾਜ ਕਪੂਰ ਦੀ ਫ਼ਿਲਮ ‘ਪ੍ਰੇਮ ਰੋਗ’ ਵਿਚ ਗਾਇਆ। ਇਸ ਗੀਤ ਦੇ ਬੋਲ ਸਨ: ‘ਯਿਹ ਪਿਆਰ ਥਾ ਯਾ ਕੁਛ ਔਰ ਥਾæææ।’
ਫ਼ਿਲਮ ਸੰਗੀਤ ਦੇ ਖੇਤਰ ਵਿਚ ਅਜਿਹੇ ਅਸਾਵੇਂ ਜਿਹੇ ਜੀਵਨ ਦੇ ਬਾਵਜੂਦ ਆਪਣੀ ਆਵਾਜ਼ ਦੇ ਨਿਵੇਕਲੇਪਣ ਕਰ ਕੇ ਸੁਧਾ ਹੁਣ ਵੀ ਜ਼ਹੀਨ ਗਾਇਕਾ ਦੇ ਰੂਪ ਵਿਚ ਜਾਣੀ ਜਾਂਦੀ ਹੈ। ਅੱਜ ਵੀ ਫ਼ਿਲਮ ‘ਦੀਦੀ’ (1959) ਵਿਚ ਮੁਕੇਸ਼ ਨਾਲ ਗਾਇਆ ਡੁਏਟ ‘ਤੁਮ ਮੁਝੇ ਭੂਲ ਭੀ ਜਾਓ’ ਸੁਮਨ ਦੀ ਰੇਸ਼ਮੀ ਲਹਿਰੀਏ ਵਰਗੀ ਆਵਾਜ਼ ਦਾ ਜਾਦੂ ਜ਼ਿੰਦਾ ਕਰ ਜਾਂਦਾ ਹੈ। ਫ਼ਿਲਮ ‘ਬਾਬਰ’ (1960) ਵਿਚ ਰੌਸ਼ਨ ਦੀ ਲਾਜਵਾਬ ਮੌਸਿਕੀ ਨਾਲ ਸਜਿਆ ਸੋਲੋ ‘ਸਲਾਮ-ਏ-ਹਸਰਤ ਕਬੂਲ ਕਰ ਲੋ, ਮੇਰੀ ਮੁਹੱਬਤ ਕਬੂਲ ਕਰ ਲੋ’ ਸੁਧਾ ਦੇ ਗਲੇ ਦੀ ਪਾਕੀਜ਼ਗੀ ਦੀ ਪੁਖ਼ਤਾ ਮਿਸਾਲ ਹੈ।
30 ਨਵੰਬਰ 1936 ਨੂੰ ਨਵੀਂ ਦਿੱਲੀ ਵਿਚ ਜਨਮੀ ਸੁਧਾ ਲਾਹੌਰ, ਭੁਪਾਲ ਤੇ ਫਿਰੋਜ਼ਪੁਰ ਵਿਚ ਵੱਡੀ ਹੋਈ। ਉਸ ਨੂੰ ਛੋਟੀ ਉਮਰੇ ਹੀ ਸੰਗੀਤ ਦਾ ਸ਼ੌਕ ਲੱਗ ਗਿਆ। ਸੁਧਾ ਨੇ ਪਹਿਲਾ ਗੀਤ ‘ਮਿਲਾ ਗਏ ਨੈਨ’ 1950 ਵਿਚ ਰਿਲੀਜ਼ ਹੋਈ ਫ਼ਿਲਮ ‘ਆਰਜ਼ੂ’ ਵਿਚ ਅਨਿਲ ਬਿਸਵਾਸ ਦੇ ਸੰਗੀਤ ਨਿਰਦੇਸ਼ਨ ਹੇਠ ਗਾਇਆ। ਇਹ ਸੋਲੋ ਗੀਤ ਸ਼ਸ਼ੀਕਲਾ ਉਪਰ ਫ਼ਿਲਮਾਇਆ ਗਿਆ। ਸੰਗੀਤਕਾਰ ਐਸ਼ਡੀæ ਬਰਮਨ ਨੇ ਸੁਧਾ ਦੀ ਆਵਾਜ਼ ਨੂੰ ‘ਸੋਲ੍ਹਵਾਂ ਸਾਲ’ ਅਤੇ ‘ਕਾਗਜ਼ ਕੇ ਫੁਲ’ ਦੇ ਗੀਤਾਂ ‘ਦੇਖੋ ਜੀ ਮੇਰਾ ਹਾਲ, ਬਦਲ ਗਈ ਚਾਲ’ ਅਤੇ ‘ਸਨ ਸਨ ਸਨ ਵੋ ਹਵਾ ਚਲੀ’ ਵਿਚ ਵਰਤਿਆ, ਪਰ ਸੁਧਾ ਨੂੰ ਜੇ ਸਚਮੁੱਚ ਕੋਈ ਸਰਪ੍ਰਸਤੀ ਮਿਲੀ ਤਾਂ ਉਹ ਗੀਤਕਾਰ ਸਾਹਿਰ ਲੁਧਿਆਣਵੀ ਤੋਂ। ਦੋਵਾਂ ਦੇ ਰੋਮਾਂਸ ਦੇ ਕਿੱਸੇ ਵੀ 1950ਵਿਆਂ ਦੇ ਅਖੀਰ ਵਿਚ ਚਰਚਾ ਵਿਚ ਰਹੇ।
ਸੁਧਾ ਨੇ ਮਹਿਜ਼ 23 ਸਾਲਾਂ ਦੀ ਉਮਰ ਵਿਚ ਫ਼ਿਲਮ ਸੰਗੀਤ ਨੂੰ ਇਕ ਵਾਰ ਅਲਵਿਦਾ ਕਹਿ ਦਿੱਤੀ ਸੀ। ਬਾਅਦ ਵਿਚ ਉਸ ਨੇ ਆਪਣੀ ਵਾਪਸੀ ਦੇ ਰੂਪ ਵਿਚ ਕੁਝ ਮਰਾਠੀ ਅਤੇ ਭਗਤੀ ਗੀਤ ਰਿਕਾਰਡ ਕਰਵਾਏ। 1982 ਵਿਚ ‘ਪ੍ਰੇਮ ਰੋਗ’ ਦੇ ਗੀਤ ਰਾਹੀਂ ਸੁਧਾ ਦੀ ਹਿੰਦੀ ਫ਼ਿਲਮ ਸੰਗੀਤ ਵਿਚ ਵਾਪਸੀ ਹੋਈ ਪਰ ਇਸ ਤੋਂ ਬਾਅਦ ਉਸ ਨਾਲ ਕੁਝ ਅਜਿਹੇ ਤਲਖ਼ ਅਨੁਭਵ ਹੋਏ ਕਿ ਉਸ ਨੇ ਹੋਰ ਗਾਉਣਾ ਵਾਜਬ ਹੀ ਨਹੀਂ ਸਮਝਿਆ। ਇਨ੍ਹਾਂ ਅਨੁਭਵਾਂ ਵਿਚ ਕੁਝ ਗੀਤ ਉਸ ਦੀ ਆਵਾਜ਼ ਵਿਚ ਰਿਕਾਰਡ ਕਰਵਾ ਕੇ ਬਾਅਦ ਵਿਚ ਉਨ੍ਹਾਂ ਨੂੰ ਸਕਰੈਪ ਕਰਨਾ ਜਾਂ ਕਿਸੇ ਹੋਰ ਤੋਂ ਗਵਾਉਣਾ ਸ਼ਾਮਲ ਸੀ। 77 ਸਾਲਾ ਸੁਧਾ ਅੱਜਕੱਲ੍ਹ ਮੁੰਬਈ ਵਿਚ ਆਪਣੇ ਪਰਿਵਾਰ ਨਾਲ ਰਹਿੰਦੀ ਹੈ। ਪੰਜਾਬੀ ਹੋਣ ਦੇ ਬਾਵਜੂਦ ਉਸ ਨੇ ਬਹੁਤੇ ਪੰਜਾਬੀ ਗੀਤ ਤਾਂ ਨਹੀਂ ਗਾਏ, ਪਰ ਇਨਾਇਤ ਹੁਸੈਨ ਭੱਟੀ ਦੇ ਸੰਗੀਤ ਵਿਚ ਸਜਿਆ ‘ਵਾਹਵਾ ਤਮਾਸ਼ਾ ਵੰਗਾਂ ਦਾ’ ਅੱਜ ਵੀ ਫ਼ਿਲਮੀ ਗੀਤਾਂ ਦੇ ਸ਼ੈਦਾਈਆਂ ਦੇ ਮਨਾਂ ‘ਤੇ ਅਮਿੱਟ ਹੈ।
Leave a Reply