ਦਿੱਲੀ ਤਖ਼ਤ ਦੇ ਦੋ ਰੰਗੀਲੇ

ਹਰਨੇਕ ਸਿੰਘ ਘੜੂੰਆਂ
ਫੋਨ: 91-98156-28998
ਦਿੱਲੀ ਦੇ ਤਖ਼ਤ ‘ਤੇ ਮੁਹੰਮਦ ਸ਼ਾਹ ਰੰਗੀਲਾ 1719 ਵਿਚ ਬੈਠਿਆ। ਇਸ ਨੇ 1748 ਤੀਕ ਰਾਜ ਕੀਤਾ। ਇਹ ਬਹਾਦਰ ਸ਼ਾਹ ਪਹਿਲੇ ਦਾ ਪੋਤਾ ਸੀ। ਇਸ ਦਾ ਪੂਰਾ ਨਾਂਅ ‘ਮਿਰਜ਼ਾ ਨਾਸਰ ਉਦਦੀਨ ਮੁਹੰਮਦ ਸ਼ਾਹ ਰੋਸ਼ਨ ਅਖ਼ਤਰ ਸੀ। ਇਹ ਸਾਰਪਾਸਾ ਖੇਲਣ ਦਾ ਬਹੁਤ ਸ਼ੌਕੀਨ ਸੀ। ਸਾਰਾ ਦਿਨ ਆਪਣੇ ਦਰਬਾਰੀਆਂ ਨਾਲ ਸਾਰਪਾਸਾ ਖੇਲਦਾ ਰਹਿੰਦਾ। ਇਸ ਦੀਆਂ ਕਈ ਲੜਾਈਆਂ ਵੀ ਵਿਰੋਧੀਆਂ ਨਾਲ ਹੋਈਆਂ,

ਜਿਸ ਵਿਚ ਮਰਹੱਟਿਆਂ ਨਾਲ ਲੜਾਈ ਮਸ਼ਹੂਰ ਹੈ। 1739 ਵਿਚ ਨਾਦਰ ਸ਼ਾਹ ਨੇ ਦਿੱਲੀ ‘ਤੇ ਹਮਲਾ ਕੀਤਾ। ਉਹ ਮਾਰੋ-ਮਾਰ ਕਰਦਾ ਆ ਰਿਹਾ ਸੀ। ਪਹਿਰੇਦਾਰਾਂ ਨੇ ਦੱਸਿਆ, ਸੂਹੀਆ ਖ਼ਬਰ ਲੈ ਕੇ ਆਇਆ ਹੈ ਕਿ ਨਾਦਰ ਸ਼ਾਹ ਪਾਣੀਪਤ ਟੱਪ ਆਇਆ ਹੈ। ਮੁਹੰਮਦ ਸ਼ਾਹ ਰੰਗੀਲੇ ਜਵਾਬ ਦਿੱਤਾ, ‘ਦਿੱਲੀ ਦੂਰ ਅਸਤ।’ ਸੂਹੀਆ ਫਿਰ ਆਇਆ ਤੇ ਕਿਹਾ, ਨਾਦਰ ਸ਼ਾਹ ਧੌਲਾ ਕੂੰਆਂ ਟੱਪ ਆਇਆ ਹੈ। ਤੁਸੀਂ ਚਿੰਤਾ ਕਾਹਦੀ ਕਰਦੇ ਹੋ, ਰੰਗੀਲੇ ਨੇ ਕਿਹਾ। ਸੂਹੀਏ ਨੇ ਫਿਰ ਕਿਹਾ, ਨਾਦਰ ਸ਼ਾਹ ਕਿਲ੍ਹੇ ਦੀਆਂ ਬਰੂਹਾਂ ‘ਤੇ ਪਹੁੰਚ ਗਿਆ ਹੈ। ਬਾਦਸ਼ਾਹ ਰੰਗੀਲੇ ਨੇ ਕਿਹਾ, ਪਿਛਲੇ ਦਰਵਾਜ਼ੇ ਵਿਚੋਂ ਭੱਜੋ, ਕਿਸੇ ਸੁੰਨ-ਮਸਾਨ ਜਗ੍ਹਾ ਸਾਰਪਾਸਾ ਖੇਲਦੇ ਹਾਂ।
ਅੱਜ ਫੇਰ ਦਿੱਲੀ ਦੇ ਤਖ਼ਤ ‘ਤੇ ਦੂਸਰਾ ਰੰਗੀਲਾ ਬੈਠਾ ਹੈ। ਉਸ ਨੇ ਦੋਨੋਂ ਪੈਰ ਜੋੜ ਕੇ ਲਪੌਟਸੰਖੀ ਝੂਠ ਬੋਲਿਆ ਹੈ। ਇੱਕ ਬੰਦਾ ਕਿਸੇ ਫ਼ਕੀਰ ਦੀ ਸੇਵਾ ਕਰਦਾ ਸੀ। ਉਸ ਫ਼ਕੀਰ ਨੇ ਖ਼ੁਸ਼ ਹੋ ਕੇ ਕਿਹਾ, ਕਿ ਫਲਾਣੀ ਜਗ੍ਹਾ ‘ਤੇ ਸੰਖ ਪਿਆ ਹੈ। ਤੂੰ ਹੱਥ ਜੋੜ ਕੇ ਕਹਿ ਕਿ ਸੰਖ ਮਹਾਰਾਜਾ ਮੈਨੂੰ ਜਿਹੜੀ ਲੋੜੀਂਦੀ ਚੀਜ਼ ਹੈ, ਉਸ ਦਾ ਨਾਂ ਲੈ ਕੇ ਕਹਿ ਦੇ ਕਿ ਮੈਨੂੰ ਉਹ ਦੇ ਦੇ। ਇਹ ਠੀਕ ਸਾਬਤ ਹੋਇਆ। ਉਹ ਜੋ ਵੀ ਸੰਖ-ਮਹਾਰਾਜ ਤੋਂ ਮੰਗਦਾ ਉਹ ਹੀ ਉਸ ਨੂੰ ਮਿਲ ਜਾਂਦਾ। ਉਸ ਦੀ ਜ਼ਿੰਦਗੀ ਬੜੀ ਖ਼ੁਸ਼ੀਆਂ ਭਰੀ ਹੋ ਗਈ। ਕਿਸੇ ਗੁਆਂਢੀ ਨੂੰ ਉਹ ਸਾਰੀ ਗੱਲ ਦੱਸ ਬੈਠਾ। ਗੁਆਂਢੀ ਨੇ ਉਹ ਸੰਖ ਚੁੱਕ ਕੇ ਉਸ ਦੀ ਥਾਂ ਕੋਈ ਹੋਰ ਸੰਖ ਰੱਖ ਦਿੱਤਾ। ਜਦੋਂ ਉਹ ਇਨਸਾਨ ਸੰਖ ਕੋਲ ਗਿਆ, ਉਸ ਨੇ ਹੱਥ ਜੋੜ ਕੇ ਕਿਹਾ, ਸੰਖ ਮਹਾਰਾਜ ਜੀ, ਮੈਨੂੰ ਸੌ ਰੁਪਏ ਚਾਹੀਦੇ ਹਨ, ਤਾਂ ਸੰਖ ਨੇ ਕਿਹਾ ਸੌ ਦਾ ਕੀ ਲੈਣਾ ਤੂੰ ਦੋ ਸੌ ਲੈ। ਉਸ ਵਿਅਕਤੀ ਨੇ ਕਿਹਾ ਕਿ ਚਲੋ ਦੋ ਸੌ ਦੇ ਦਿਓ। ਜਦੋਂ ਉਸ ਨੇ ਕਿਹਾ ਦੋ ਸੌ ਦੇ ਦਿਓ ਤਾਂ ਸੰਖ ਮਹਾਰਾਜ ਨੇ ਕਿਹਾ ਦੋ ਸੌ ਕੀ ਲੈਣੇ, ਚਾਰ ਸੌ ਲੈ। ਜਦੋਂ ਉਸ ਨੇ ਕਿਹਾ ਕਿ ਲਿਆਓ ਚਾਰ ਸੌ ਦੇ ਦਿਓ ਤਾਂ ਸੰਖ ਮਹਾਰਾਜ ਕਹਿੰਦਾ ਚਾਰ ਸੌ ਕੀ ਲੈਣੇ, ਅੱਠ ਸੌ ਲੈ ਲਾ। ਉਸ ਵਿਅਕਤੀ ਨੇ ਹੱਥ ਜੋੜ ਕੇ ਕਿਹਾ ਸੰਖ ਮਹਾਰਾਜ ਜੀ, ਤੁਹਾਨੂੰ ਕੀ ਹੋ ਗਿਆ ਹੈ। ਅੱਗੋਂ ਸੰਖ ਬੋਲਿਆ, ਕਿ ‘ਲਪੋਟ ਸੰਖ’ ਹਾਂ, ਮੈਂ ਕੁਝ ਵੀ ਦਿੰਦਾ ਨਹੀਂ, ਬਸ ਬੰਦੇ ਨੂੰ ਖ਼ੁਸ਼ ਕਰਦਾ ਹਾਂ। ਅੱਜ-ਕੱਲ੍ਹ ਉਹ ਸੰਖ ‘ਨਰਿੰਦਰ ਦਾਮੋਦਰ ਦਾਸ ਮੋਦੀ’ ਜੀ ਦੇ ਅੰਦਰ ਸਮਾ ਗਿਆ ਹੈ।
ਜਿਹੜਾ ਬਜ਼ੁਰਗ ਉੱਥੇ ਸੌ ਰੁਪਏ ਮਹੀਨਾ ਫ਼ੀਸ ਦੀਆਂ ਪਰਚੀਆਂ ਕੱਟਦਾ ਸੀ, ਮੈਂ ਉਸ ਕੋਲ 100 ਰੁਪਏ ਦੀ ਪਰਚੀ ਕਟਵਾਉਣ ਲਈ ਬੈਠ ਗਿਆ। ਬਾਬਾ ਇੱਕ ਹਿੰਦੂ ਸੀ। ਮੈਂ ਉਸ ਦੇ ਕੋਲ ਮੋਦੀ ਦੀ ਤਾਰੀਫ਼ ਕਰਨੀ ਸ਼ੁਰੂ ਕਰ ਦਿੱਤੀ। ਠੀਕ… ਐ। ਉਸ ਦੀ ਲੰਮੀ ਠੀਕ ‘ਤੇ ਮੈਨੂੰ ਥੋੜ੍ਹਾ ਸ਼ੱਕ ਪਿਆ। ਮੈਂ ਫਿਰ ਪੁੱਛਿਆ, ਬਾਬਾ ਜੀ ਕਿਆ ਗੱਲ। ਬਾਬੇ ਨੇ ਕਿਹਾ, ‘ਮੋਦੀ ਸਾਬ੍ਹ ਬੜੀ ਗਿਣਤੀ ਵਿਚ ਲੋਕਾਂ ਨੂੰ ਨਾਲ ਲੈ ਕੇ ਜਾਂਦੇ ਹਨ। ਉਨ੍ਹਾਂ ਨੂੰ ਮੂਹਰਲੀ ਲਾਈਨ ਵਿਚ ਬਿਠਾ ਦਿੱਤਾ ਜਾਂਦਾ ਹੈ, ਤੇ ਉਹ ਜ਼ੋਰ-ਜ਼ੋਰ ਨਾਲ ‘ਮੋਦੀ-ਮੋਦੀ’ ਕਰਦੇ ਹਨ। ਉਸ ਬਾਬੇ ਦੀ ਗੱਲ ਸੁਣ ਕੇ ਮੈਂ ਖਿਲਖਿਲਾ ਕੇ ਹੱਸਿਆ। ਅੱਠ-ਦਸ ਮਹੀਨੇ ਤਾਂ ਮੋਦੀ ਦਾ ਠੀਕ-ਠਾਕ ਕੰਮ ਚਲਦਾ ਰਿਹਾ। ਇਸ ਤੋਂ ਬਾਅਦ ਮੋਦੀ ਸਾਹਬ ਜੋ ਵੀ ਛਿੱਕਾ ਮਾਰਦੇ, ਉਹ ਫੜਿਆ ਜਾਂਦਾ। ਮੋਦੀ ਸਾਹਬ ਨੇ ਅੱਧੀ ਰਾਤ ਕਰੰਸੀ ਬਦਲਣ ਦੀ ਗੱਲ ਕਰੀ। ਦੇਸ਼ ਦੇ ਜਿੰਨੇ ਵੱਡੇ-ਵੱਡੇ ਧਨਾਢ ਸੀ, ਉਨ੍ਹਾਂ ਦਾ ਕਾਲਾ ਧਨ ਚਿੱਟਾ ਹੋ ਗਿਆ। ਫਿਰ ਇਨ੍ਹਾਂ ਨੇ ਜੀ.ਐਸ.ਟੀ. ਲਗਾਈ। ਉਸ ਦੇ ਵਿਚ ਵੀ ਲੋਕਾਂ ਲਈ ਪਰੇਸ਼ਾਨੀਆਂ ਖੜ੍ਹੀਆਂ ਹੋ ਗਈਆਂ। ਅਚਾਨਕ ਪੂਰੇ ਦਾ ਪੂਰਾ ਦੇਸ਼ ਕਰੋਨਾ ਬਿਮਾਰੀ ਦੀ ਲਪੇਟ ਵਿਚ ਆ ਗਿਆ। ਮੋਦੀ ਸਾਹਬ ਨੇ ਕਿਹਾ, ‘ਜਹਾਂ ਖੜੇ ਹੋ, ਵਹੀਂ ਬੈਠ ਜਾਓ।’ ਜੋ ਮਜ਼ਦੂਰ ਸਵੇਰੇ ਮਜ਼ਦੂਰੀ ਕਰਕੇ ਸ਼ਾਮ ਨੂੰ ਆਟਾ ਖ਼ਰੀਦਦਾ ਸੀ, ਉਸ ਨੂੰ ਸਮਝ ਨਾ ਆਵੇ ਕਿ ਮੈਂ ਹੁਣ ਕੀ ਕਰਾਂ ਤੇ ਕੀ ਨਾ ਕਰਾਂ। ਲੋਕਾਂ ਵਿਚ ਬੜੀ ਬੇਚੈਨੀ ਫੈਲ ਗਈ। ਪਹਿਲਾਂ ਇੱਕ ਹਫ਼ਤੇ ਲਈ ਲੌਕ-ਡਾਊਨ ਲਗਾਇਆ। ਫਿਰ ਵਧਾ ਕੇ ਦੋ ਹਫ਼ਤਿਆਂ ਲਈ ਕਰ ਦਿੱਤਾ ਗਿਆ। ਮਜ਼ਦੂਰਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਜੇ ਮਰਨਾ ਹੈ ਤਾਂ ਆਪਣੇ ਪਿੰਡ ਜਾ ਕੇ ਹੀ ਮਰਾਂਗੇ। ਸੜਕਾਂ ‘ਤੇ ਮਜ਼ਦੂਰਾਂ ਨੂੰ ਪੁਲਸ ਨੇ ਡਾਂਗਾਂ ਨਾਲ ਕੁੱਟਿਆ। ਇੱਕ ਲੜਕੀ ਆਪਣੇ ਪਿਉ ਨੂੰ ਸਾਈਕਲ ‘ਤੇ ਬਿਠਾ ਕੇ 1200 ਕਿਲੋਮੀਟਰ ਤੱਕ ਗਈ। ਕੁਝ ਮਜ਼ਦੂਰ ਰਾਤਾਂ ਨੂੰ ਰੇਲਵੇ ਪਟੜੀ ਦੇ ਨਾਲ-ਨਾਲ ਤੁਰ ਪਏ। ਜੇ ਸਰਕਾਰ ਨੂੰ ਪੁੱਛਿਆ ਜਾਂਦਾ ਕਿ ਤੁਸੀਂ ਕਿਉਂ ਨਹੀਂ ਜਾਣ ਦਿੰਦੇ, ਉਹ ਕਹਿੰਦੇ ਕਿ ਇਹ ਪਿੰਡਾਂ ‘ਚ ਜਾ ਕੇ ਕਰੋਨਾ ਫੈਲਾ ਦੇਣਗੇ। ਕੁਝ ਦਿਨਾਂ ਬਾਅਦ ਗੁਜਰਾਤ ਵਿਚ ਤਿੰਨ ਲੱਖ ਬੰਦਾ ਇਕੱਠਾ ਕਰਕੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਬੁਲਾਇਆ ਗਿਆ। ਜੇ ਮੋਦੀ ਸਰਕਾਰ ਨੂੰ ਪੁੱਛਿਆ ਜਾਵੇ ਕਿ ਮਜ਼ਦੂਰ ਪਿੰਡਾਂ ‘ਚ ਜਾਣ ਨਾਲ ਕਰੋਨਾ ਫੈਲਦਾ ਹੈ ਤਾਂ ਤਿੰਨ ਲੱਖ ਲੋਕਾਂ ਦਾ ਕਰੋਨਾ ਕਿੱਥੇ ਗਿਆ? ਕਰੋਨਾ ਨਾਲ ਮਰੇ ਲੋਕਾਂ ਦੀਆਂ ਲਾਸ਼ਾਂ ਗੰਗਾ ਨਦੀ ਵਿਚ ਤੈਰਦੀਆਂ ਦੇਖੀਆਂ ਗਈਆਂ। ਜਦੋਂ ਸਰਕਾਰ ਨੂੰ ਇਨ੍ਹਾਂ ਲਾਸ਼ਾਂ ਬਾਰੇ ਸਵਾਲ ਕਰੀਏ ਤਾਂ ਉਹ ਕਹਿੰਦੇ, ਇਹ ਲੋਕ ਜਲ ਸਮਾਧੀ ਲੈਂਦੇ ਹਨ। ਇਸ ਗੱਲ ਦੀ ਸਮਝ ਨਹੀਂ ਆਉਂਦੀ ਕਿ ਅੱਜ-ਕੱਲ੍ਹ ਇੱਕ ਵੀ ਲਾਸ਼ ਗੰਗਾ ‘ਚ ਨਹੀਂ ਮਿਲਦੀ। ਉਹ ਜਲ ਸਮਾਧੀ ਹੁਣ ਕਿੱਥੇ ਗਈ? ਪੂਰੇ ਦੇਸ਼ ਦੇ ਗੁਰੂ ਘਰਾਂ ਵਿਚ ਲੰਗਰ ਖੁੱਲ੍ਹ ਗਏ। ਉੱਥੇ ਆ ਕੇ ਗਰੀਬ ਗੁਰਬਾ ਲੰਗਰ ਛਕਦਾ। ਇੱਥੋਂ ਤੱਕ ਲੋੜਵੰਦ ਲੋਕਾਂ ਲਈ ਆਕਸੀਜਨ ਗੈਸ ਸਿਲੰਡਰ ਦਾ ਵੀ ਲੰਗਰ ਲਾਇਆ ਗਿਆ। ਹਿੰਦੁਸਤਾਨ ਨੇ ਆਪਣੀ ਵੈਕਸੀਨ ਤਿਆਰ ਕਰ ਲਈ ਸੀ, ਪਰ ਲੋਕਾਂ ਕੋਲ ਪਹੁੰਚਾਣ ਲਈ ਦੇਰੀ ਇਸ ਕਰਕੇ ਹੋ ਗਈ ਕਿ ਮੋਦੀ ਸਾਹਬ ਦੀ ਹਰ ਸ਼ੀਸ਼ੀ ‘ਤੇ ਫੋਟੋ ਲਾਉਣ ਲਈ ਕਾਫ਼ੀ ਸਮਾਂ ਲੱਗਿਆ। ਮੋਦੀ ਸਾਹਬ ਦਾ ਸਟੈਂਡ ਸਾਈਕਲ ਦੇ ਸਟੈਂਡ ਨਾਲੋਂ ਵੀ ਕਮਜ਼ੋਰ ਹੈ। ਮੋਦੀ ਸਾਹਬ ਬੰਬੇ ਬੋਲ ਕੇ ਆਏ ਕਿ ਅਜੀਤ ਪਵਾਰ ਨੇ 70 ਹਜ਼ਾਰ ਕਰੋੜ ਦਾ ਘਪਲਾ ਕੀਤਾ ਹੈ। ਬਸ ਹੁਣ ‘ਚੱਕੀ ਪੀਸਿੰਗ, ਚੱਕੀ ਪੀਸਿੰਗ’, ਪਰ ਕੁਝ ਦਿਨਾਂ ਬਾਅਦ ਅਜੀਤ ਪਵਾਰ ਨੂੰ ਬੀ.ਜੇ.ਪੀ. ਦੀ ਸਰਕਾਰ ਵਿਚ ਡਿਪਟੀ ਮੁੱਖ ਮੰਤਰੀ ਲੈ ਲਿਆ ਗਿਆ। ਮੋਦੀ ਸਾਬ੍ਹ ਪਾਕਿਸਤਾਨ ਨੂੰ ਦਮਗਜੇ ਮਾਰਦਾ ਰਹਿੰਦਾ ਹੈ, ਪਰ ਇਹ ਦੇਖ ਕੇ ਬੜੀ ਹੈਰਾਨੀ ਹੋਈ ਕਿ ਮੋਦੀ ਸਾਬ੍ਹ ਬਿਨਾਂ ਵੀਜ਼ੇ ਤੋਂ ਪਾਕਿਸਤਾਨ ਪਹੁੰਚ ਗਏ। ਪਾਕਿਸਤਾਨ ਸਰਕਾਰ ਨੇ ਪਹਿਲਾਂ ਮੋਦੀ ਸਾਹਬ ਦਾ ਵੀਜ਼ਾ ਬਣਾਇਆ ਤੇ ਫਿਰ ਲਾਹੌਰ ਸ਼ਹਿਰ ਲੈ ਗਏ। ਉੱਥੇ ਮੋਦੀ ਸਾਬ੍ਹ ਨੂੰ ਕਿੰਨੇ ਹੀ ਲੋਗਾਂ ਦੇ ਪੈਰੀਂ ਹੱਥ ਲਾਉਂਦੇ ਦੇਖਿਆ ਗਿਆ। ਇਸੇ ਤਰ੍ਹਾਂ ਦੀ ਇੱਕ ਘਟਨਾ ਉਦੋਂ ਵਾਪਰੀ, ਜਦੋਂ ਮੋਦੀ ਸਾਹਬ ਇੱਕ ਟੰਗ ਚੱਕ ਕੇ ਨਾਅਰੇ ਲਾਉਂਦੇ ਅਮਰੀਕਾ ਵਿਚ ਦੇਖੇ ਗਏ। ਅਸੀਂ ਇੱਕ ਦੂਸਰੇ ਦੇਸ਼ ਵਿਚ ਜਾ ਕੇ ਚੋਣ-ਪ੍ਰਚਾਰ ਨਹੀਂ ਕਰ ਸਕਦੇ। ਉੱਥੋਂ ਦਾ ਚੋਣ ਕਮਿਸ਼ਨ ਮੋਦੀ ਸਾਬ੍ਹ ‘ਤੇ ਪਰਚਾ ਕਰਵਾ ਸਕਦਾ ਸੀ, ਤੇ ਮੋਦੀ ਸਾਬ੍ਹ ਦੇ ਆਪਹੁਦਰੇਪਣ ਨਾਲ ਸਾਰਾ ਦੇਸ਼ ਸ਼ਰਮਿੰਦਾ ਹੈ। ਮੋਦੀ ਸਾਬ੍ਹ ਦੀਆਂ ਕਈ ਇਹੋ ਜਿਹੀਆਂ ਹਲਕੀਆਂ ਗੱਲਾਂ ਕਰਨ `ਤੇ ਬੀ.ਜੇ.ਪੀ. ਦੀਆਂ ਘਟ ਕੇ 240 ਸੀਟਾਂ ਰਹਿ ਗਈਆਂ। ਹਾਲਾਂ ਕਿ ਭਾਰਤ ਦਾ ਚੋਣ ਕਮਿਸ਼ਨ ਮੋਦੀ ਸਾਬ੍ਹ ‘ਤੇ ਬੜਾ ਮਿਹਰਬਾਨ ਸੀ। ਮੋਦੀ ਸਾਹਿਬ ਦੁਬਾਰਾ-ਦੁਬਾਰਾ 400 ਪਾਰ ਦਾ ਨਾਅਰਾ ਲਾਉਂਦੇ ਰਹੇ।
ਭਾਰਤ ਵਿਚ ਜੋ ਵੀ ਜਨਮਿਆ ਹੈ ਉਹ ਸਾਡੇ ਦੇਸ਼ ਦਾ ਸਤਿਕਾਰਯੋਗ ਸ਼ਹਿਰੀ ਹੈ ਅਤੇ ਉਸ ਨੂੰ ਬਰਾਬਰ ਦੀ ਇੱਜ਼ਤ ਮਿਲਣੀ ਚਾਹੀਦੀ ਹੈ। ਪਰ ਸਰਕਾਰ ਦੀ ਸ਼ਹਿ ‘ਤੇ ਕੁਝ ਘਟਨਾਵਾਂ ਅਜਿਹੀਆਂ ਵਾਪਰੀਆਂ, ਜਿਨ੍ਹਾਂ ਨੂੰ ਦੇਖ ਕੇ ਬਹੁਤ ਦੁੱਖ ਹੁੰਦਾ ਹੈ, ਜਿਵੇਂ ਕਿਸਾਨ ਅੰਦੋਲਨ ਵਿਚ 850 ਦੇ ਕਰੀਬ ਕਿਸਾਨਾਂ ਦੀ ਜਾਨ ਚਲੇ ਗਈ। ਬੇਸ਼ਰਮੀ ਦੀ ਹੱਦ ਉਦੋਂ ਹੋਈ, ਜਦੋਂ ਹਿੰਦੁਸਤਾਨ ਦੇ ਰਾਜ ਗ੍ਰਹਿ ਮੰਤਰੀ ਦੇ ਬੇਟੇ ਨੇ ਸ਼ਾਂਤੀਪੂਰਵਕ ਬੈਠੇ ਕਿਸਾਨਾਂ ‘ਤੇ ਗੱਡੀ ਚੜ੍ਹਾ ਦਿੱਤੀ ਤੇ ਲਗਭਗ 10 ਕਿਸਾਨਾਂ ਦੀ ਜਾਨ ਚਲੀ ਗਈ। ਕਿਸਾਨਾਂ ਨੇ ਬੜੀ ਮੁਸ਼ਕਿਲ ਨਾਲ ਪਰਚਾ ਦਰਜ ਕਰਵਾਇਆ। ਏਸੇ ਤਰ੍ਹਾਂ ਦਿੱਲੀ ਦੇ ਨਾਲ ਮੁਸਤਫ਼ਾਪੁਰ ਵਿਚ ਬੀ.ਜੇ.ਪੀ. ਨੇਤਾ ਕਪਿਲ ਮਿਸ਼ਰਾ ਨੇ 1500 ਗੁੰਡੇ ਲਿਜਾ ਕੇ 300 ਅਲਵੀ ਮੁਸਲਮਾਨਾਂ ਦੇ ਘਰ ਸਾੜ ਦਿੱਤੇ। ਇਹ ਉਹ ਗਰੀਬ ਲੋਕ ਹਨ, ਜਿਹੜੇ ਲੋਕਾਂ ਦੇ ਘਰਾਂ ‘ਚ ਸਫ਼ਾਈ ਕਰ ਕੇ ਆਪਣਾ ਪੇਟ ਪਾਲ ਰਹੇ ਸੀ। ਏਸੇ ਤਰ੍ਹਾਂ ਦੇਖਿਆ ਜਾਂਦਾ ਹੈ ਕਿ ਜੇ ਕੋਈ ਮੁਸਲਮਾਨ ਦੁੱਧ ਵਾਲੀ ਗਾਂ ਲੈ ਕੇ ਜਾ ਰਿਹਾ ਹੈ, ਉਸ ਨੂੰ ਕੁੱਟ-ਕੁੱਟ ਕੇ ‘ਜੈ ਸ਼੍ਰੀ ਰਾਮ’ ਕਹਾਇਆ ਜਾਂਦਾ ਹੈ। ਕਰਨਾਟਕਾ ਵਿਚ ਹਿੰਦੁਸਤਾਨ ਦੀਆਂ ਧੀਆਂ ਤੇ ਮੁਸਲਮਾਨਾਂ ਦੀਆਂ ਕੁੜੀਆਂ ਦੇ ਸਿਰਾਂ ਦੇ ਸਾਲੂ ਲਾਹੇ ਦੇਖੇ ਗਏ। ਹਰਿਆਣੇ ਵਿਚ ਪਹਿਲਵਾਨ ਮੁੰਡਿਆਂ ਤੇ ਕੁੜੀਆਂ ਨੇ ਇੱਕ ਬੁਰਛੇ ਖ਼ਿਲਾਫ਼ ਧਰਨਾ ਦਿੱਤਾ। ਇਨ੍ਹਾਂ ਦੀ ਪਿੱਠ ‘ਤੇ ਕਿਸਾਨ ਜਥੇਬੰਦੀਆਂ ਵੀ ਆਈਆਂ, ਪਰ ਕੋਈ ਖ਼ਾਸ ਸੁਣਵਾਈ ਨਹੀਂ ਹੋਈ।
ਮੇਰੇ ਤਾਜਦਾਰੋ ਸਾਨੂੰ ਵੱਸਣ ਦਿਓ। ਅਜੇ ਤਾਂ ਸਾਡੇ ਪੁਰਾਣੇ ਜ਼ਖ਼ਮ ਵੀ ਨਹੀਂ ਆਠਰੇ। ਸੰਨ ਸੰਤਾਲੀ ਵਿਚ ਜੋ ਜ਼ਖ਼ਮ ਸਾਨੂੰ ਮਿਲੇ, ਉਹ ਅਜੇ ਵੀ ਟਸ-ਟਸ ਕਰ ਰਹੇ ਹਨ। ਕਦੇ ਸੋਚਿਆ ਵੀ ਨਹੀਂ ਸੀ ਸਾਡੇ ਨਾਲ ਇਹ ਕੁਝ ਵਾਪਰੇਗਾ। ਸਰਦਾਰ ਮੰਗਲ ਸਿੰਘ ਨੱਤ ਨੇ ਮੰਡੀ ਬਹਾਉਦੀਨ (ਗੁਜਰਾਂਵਾਲਾ ਜ਼ਿਲ੍ਹਾ) 14 ਅਗਸਤ ਨੂੰ 10 ਕਿੱਲਿਆਂ ਦੀ ਰਜਿਸਟਰੀ ਕਰਵਾਈ। ਇੱਕ ਪੂਰਾ ਦਹਾਕਾ ਅਸੀਂ ਖ਼ੂਨ ਦੇ ਅੱਥਰੂ ਰੋਂਦੇ ਰਹੇ। ਕਿਸੇ ਸਾਡੀ ਸਾਰ ਨਹੀਂ ਲਈ। ਪਿੰਡ ਤੋਂ ਰਾਤ ਭੱਜ ਕੇ ਚੰਡੀਗੜ੍ਹ ਆਏ, ਕਿਉਂਕਿ ਅਸੀਂ ਕਾਂਗਰਸੀ ਸੀ। ਹਰਿਆਣੇ ਵਿਚ ਮੇਰੀ ਦਾੜ੍ਹੀ ਇਸ ਕਰਕੇ ਪੁੱਟੀ ਗਈ, ਕਿਉਂਕਿ ਮੈਂ ਪਗੜੀਧਾਰੀ ਗੁਰਸਿੱਖ ਸੀ। ਹਾਏ ਓ ਰੱਬਾ ਸਾਡਾ ਨਨਕਾਣਾ ਖੋਹ ਲਿਆ। ਤਿੰਨੇ ਬਾਰਾਂ ਵਿਚ ਲੰਮ-ਸਲੰਮੀਆਂ ਤੰਦੀਆਂ ਖੁੱਸ ਗਈਆਂ, ਜਿਨ੍ਹਾਂ ਨੂੰ ਅੱਧੀ ਸਦੀ ਮਿੱਟੀ ਨਾਲ ਮਿੱਟੀ ਬਣ ਕੇ ਮਖ਼ਮਲ ਵਰਗੀਆਂ ਬਣਾਇਆ। ਜਿਨ੍ਹਾਂ ਵਿਚ ਫ਼ਸਲਾਂ ਵਰੋਲਿਆਂ ਵਾਂਗ ਉਠਦੀਆਂ। ਬੱਸ ਉਜੜਨ ਦਾ ਵੇਲਾ ਆ ਗਿਆ। ਬੱਸ ਉਜੜਨ ਦਾ ਵੇਲਾ ਆ ਗਿਆ। ਹਾਏ ਓ ਰੱਬਾ ਸੋਹਣਿਆ! ਅਸੀਂ ਵਸਦੇ ਉਜੜ ਗਏ ਆਪਣੇ ਹੀ ਦੇਸ਼ ਵਿਚੋਂ।
ਮਸਲਸਲ ਹਾਦਸੋਂ ਸੇ ਮੁਝੇ ਇਹੀ ਸ਼ਿਕਾਇਤ ਹੈ,
ਕਿ ਯਹ ਆਂਸੂ ਬਹਾਨੇ ਕੀ ਭੀ ਮੁਹਲਤ ਨਹੀਂ ਦੇਤੇ।
ਜਦੋਂ ਸ੍ਰੀ ਲਾਲ ਬਹਾਦਰ ਸ਼ਾਸਤਰੀ ਜੀ ਨੇ ਇੱਕ ਬੇਬਸੀ ਦਾ ਇਜ਼ਹਾਰ ਕੀਤਾ ‘ਜੇ ਅਸੀਂ ਮੰਗਲਵਾਰ ਦਾ ਵਰਤ ਰੱਖ ਲਈਏ ਤਾਂ ਸਾਡਾ ਅਨਾਜ ਸੰਕਟ ਹੱਲ ਹੋ ਸਕਦਾ ਹੈ।’ ਸਾਡੇ ਕਿਸਾਨ ਦੀ ਅਣਖ ਨੇ ਫਿਰ ਅੰਗੜਾਈ ਲਈ। ਆਪਣੇ ਸੰਤਾਲੀ ਦੇ ਜ਼ਖ਼ਮਾਂ ਨੂੰ ਅਣਗੌਲਿਆਂ ਕਰਕੇ ਕਿਸਾਨ ਅਨਾਜ ਪੈਦਾ ਕਰਨ ਲਈ ਆਪਣੀ ਕਹੀ ਕੁਹਾੜੀ ਲੈ ਕੇ ਫਿਰ ਖੇਤਾਂ ਵਿਚ ਜਾ ਢੁੱਕਿਆ। ਸ਼ਾਸਤਰੀ ਜੀ ਦੇ ਸਮੇਂ ਦੇਸ਼ ਦੀ ਆਬਾਦੀ 50 ਕਰੋੜ ਸੀ। ਅੱਜ ਦੇਸ਼ ਦੀ ਆਬਾਦੀ 140 ਕਰੋੜ ਹੈ, ਜਿਸ ਦਾ ਢਿੱਡ ਭਰ ਕੇ ਬਾਕੀ ਦੀ ਫ਼ਸਲ ਸੰਭਾਲੀ ਨਹੀਂ ਜਾਂਦੀ।
ਮੈਂ ਮਰ ਜਾਂਗਾ, ਮੇਰੀ ਕੁੱਲੀ ਨਾ ਢਾਹੋ। ਬਾਜ ਆ ਜਾਓ। ਮੇਰੀ ਪੂੰਜੀ ਇਹ ਕੱਖ ਨੇ। ਹਵਾਓ ਬਾਜ ਆ ਜਾਓ।
ਮੇਰਾ ਸੋਹਣਾ ਰੱਬ ਮਿਹਰ ਕਰੇ, ਇਹੋ ਜਿਹਾ ਪ੍ਰਧਾਨ ਮੰਤਰੀ ਆਵੇ, ਜੋ ਸਾਰੇ ਦੇਸ਼ ਨੂੰ ਆਪਣਾ ਮੰਨੇ। ਜਾਤ ਅਤੇ ਧਰਮਾਂ ਦੇ ਚੱਕਰ ਵਿਚ ਨਾ ਪਵੇ ਤੇ ਦੇਸ਼ ਅੱਗੇ ਵਧੇ ਅਤੇ ਰੱਬ ਰੰਗੀਲੇ ਤਾਜਦਾਰਾਂ ਤੋਂ ਦੇਸ਼ ਨੂੰ ਬਚਾਵੇ। ਰੱਬ ਰਾਖਾ।