ਗੁਰਜੀਤ ਕੌਰ, ਬੇਅ ਟਾਊਨ ਟੈਕਸਸ
ਫੋਨ: 713-469-2474
ਕਈ ਬੁੱਧੀਜੀਵੀਆਂ ਨੇ ਸਭਿਆਚਾਰ ਦਾ ਵਰਣਨ ਬੜੇ ਸੁਚੱਜੇ ਢੰਗ ਨਾਲ ਕੀਤਾ ਹੁੰਦਾ ਹੈ ਜਿਸ ਤੋਂ ਪਤਾ ਲੱਗਦਾ ਹੈ ਕਿ ਕਿਸੇ ਵੀ ਕੌਮ ਦਾ ਸਭਿਆਚਾਰ ਉਸ ਦੀ ਰਾਜਨੀਤਿਕ, ਸਮਾਜਕ ਤੇ ਧਾਰਮਿਕ ਪ੍ਰਣਾਲੀ ਦਾ ਮਹੱਤਵਪੂਰਨ ਅੰਗ ਹੈ। ਇਨ੍ਹਾਂ ਸਾਰੀਆਂ ਪ੍ਰਣਾਲੀਆਂ ਵਿਚ ਮਾੜਾ ਜਿਹਾ ਵੀ ਅਸੰਤੁਲਨ ਸਭਿਆਚਾਰ ਨੂੰ ਖੇਰੂੰ-ਖੇਰੂੰ ਕਰ ਸਕਦਾ ਹੈ। ਕਈ ਸਮਾਜ ਸ਼ਾਸਤਰੀਆਂ ਨੇ ਸਭਿਆਚਾਰ ਦੀ ਵੱਖਰੀ-ਵੱਖਰੀ ਪਰਿਭਾਸ਼ਾ ਕੀਤੀ ਹੈ ਜਿਨ੍ਹਾਂ ਦਾ ਨਿਚੋੜ ਇਹ ਹੈ ਕਿ ਸਾਡੀਆਂ ਰਹੁ-ਰੀਤਾਂ ਜਿਹੜੀਆਂ ਸਾਡੀ ਜ਼ਿੰਦਗੀ ਦੇ ਮੁੱਢਲੇ ਸਿਧਾਂਤਾਂ ਨੂੰ ਪਰਿਭਾਸ਼ਿਤ ਕਰਦੀਆਂ ਨੇ ਤੇ ਸਾਨੂੰ ਵਿਕਾਸਸ਼ੀਲ ਸਮਾਜ ਦੀ ਸਿਰਜਣਾ ਕਰਨ ਦੇ ਕਾਬਲ ਬਣਾਉਂਦੀਆਂ ਨੇ, ਇਹੀ ਸਾਡਾ ਸਭਿਆਚਾਰ ਹੈ।
ਇਨਸਾਨ ਦੇ ਸਭਿਆਚਾਰ ਦਾ ਮੁੱਢਲਾ ਆਧਾਰ ਉਸ ਦਾ ਧਰਮ ਹੁੰਦਾ ਹੈ। ਜਨਮ ਦੇ ਨਾਲ ਹੀ ਬੰਦੇ ਨੂੰ ਕਿਸੇ ਨਾ ਕਿਸੇ ਧਾਰਮਿਕ ਅਦਾਰੇ ਨਾਲ ਜੋੜਿਆ ਜਾਂਦਾ ਹੈ। ਜਦੋਂ ਵੀ ਕੋਈ ਅਣਜਾਣ ਬੰਦਾ ਸਾਡੇ ਕੋਲੋਂ ਸਾਡੇ ਸਭਿਆਚਾਰ ਬਾਰੇ ਜਾਣਨਾ ਚਾਹੁੰਦਾ ਹੈ ਤਾਂ ਅਸੀਂ ਸਭ ਤੋਂ ਪਹਿਲਾਂ ਆਪਣੇ ਧਰਮ ਬਾਰੇ ਹੀ ਉਸ ਨੂੰ ਜਾਣੂ ਕਰਵਾਉਂਦੇ ਹਾਂ। ਜੇ ਪਹਿਲਾਂ ਜਨਮ ਸਥਾਨ ਬਾਰੇ ਦੱਸੀਏ ਤਾਂ ਵੀ ਝੱਟ ਹੀ ਧਰਮ ਬਾਰੇ ਦੱਸ ਦਿੰਦੇ ਹਾਂ। ਹੁਣ ਗੱਲ ਸਭਿਆਚਾਰਕ ਪ੍ਰੋਗਰਾਮਾਂ ਦੀ ਕਰੀਏ। ਥਾਂ-ਥਾਂ ਅਜਿਹੇ ਪ੍ਰੋਗਰਾਮਾਂ ਦੇ ਪੋਸਟਰ ਲੱਗੇ ਦਿਸਦੇ ਨੇ। ਦੁਨੀਆਂ ਗੱਡੀਆਂ ਵਿਚ ਸ਼ਰਾਬਾਂ ਦੀਆਂ ਬੋਤਲਾਂ ਰੱਖੀ ਉਥੇ ਪਹੁੰਚਦੀ ਹੈ। ਕੋਈ ਲੱਚਰ ਕੁੱਕੜ-ਖੰਭ ਗਵੱਈਆ ਸਾਡੀਆਂ ਜੇਬਾਂ ਖਾਲੀ ਕਰਵਾ ਕੇ ਆਪਣੇ ਘਰ ਮੁੜ ਜਾਂਦਾ ਹੈ। ਅਸੀਂ ਬੜਾ ਹੁੱਬਦੇ ਹਾਂ, ਤੇ ਪਿੱਠ ਠੋਕਦੇ ਹਾਂæææ ਸ਼ਾਬਾਸ਼ੀ ਦਿੰਦੇ ਹਾਂ ਉਸ ਬੰਦੇ ਨੂੰ, ਜਿਸ ਨੇ ਸਭਿਆਚਾਰ ਦੀ ‘ਅਣਥੱਕ ਸੇਵਾ’ ਕੀਤੀ। ਤੇ ਇਸ ਰੌਲੇ-ਰੱਪੇ ਅਤੇ ਭੜਕੀਲੇ ਲਿਬਾਸਾਂ ਦੇ ਮੁਕਾਬਲੇ ਨੂੰ ਸਭਿਆਚਾਰਕ ਪ੍ਰੋਗਰਾਮ ਅਖਵਾਉਣ ਦਾ ਮੌਕਾ ਦਿੱਤਾ।
ਅੱਜ ਬੁੱਧੀਜੀਵੀ ਦੁਹੱਥੜੀਂ ਪਿੱਟ ਰਹੇ ਨੇ ਕਿ ਸਭਿਆਚਾਰ ਦੇ ਇਨ੍ਹਾਂ ਸੇਵਕਾਂ ਨੇ ਇਸਤਰੀ ਨੂੰ ਖਿਡੌਣਾ-ਮਾਤਰ ਬਣਾ ਕੇ ਰੱਖ ਦਿੱਤਾ ਹੈ। ਦੇਖਿਆ ਜਾਵੇ ਤਾਂ ਉਨ੍ਹਾਂ ਕਿਸੇ ਨਾਲ ਜ਼ਬਰਦਸਤੀ ਤਾਂ ਨਹੀਂ ਕੀਤੀ ਕਿ ਜਿਸ ਨੂੰ ਮਰਜ਼ੀ ਫੜਿਆ ਤੇ ਸਟੇਜ ‘ਤੇ ਲਿਆ ਕੇ ਖੜ੍ਹਾ ਕਰ ਦਿੱਤਾ। ਇਸ ਵੱਲ ਕੋਈ ਕਿਉਂ ਨਹੀਂ ਧਿਆਨ ਦਿੰਦਾ ਕਿ ਉਨ੍ਹਾਂ ਘਰਾਂ ਦਾ ਵਾਤਾਵਰਨ ਕੀ ਹੋਵੇਗਾ ਜਿਹੜੇ ਭਰੇ ਜਲਸੇ ਵਿਚ ਸੀਟੀਆਂ ਵਿਚਕਾਰ ਆਪਣੀ ਧੀ ਭੈਣ ਨੂੰ ਲੱਕ ਮਟਕਾਉਣ ਦਾ ਮੌਕਾ ਦਿੰਦੇ ਨੇ। ਗੀਤ ਚਲਦਾ ਹੈ, ‘ਮੇਰਾ ਮਾਹੀ ਤੂੰ ਪੱਟਿਆ, ਪੱਟਿਆ ਗੁਆਂਢਣੇ ਤੂੰ।’ ਔਰਤਾਂ ਇਕ-ਦੂਜੇ ਵਲ ਉਂਗਲਾਂ ਕਰ ਕਰ ਕੇ ਭੰਗੜਾ ਪਾਉਂਦੀਆਂ ਨੇ। ਵਾਹ! ਗੀਤ ਲਿਖਣ ਵਾਲੇ ਨੇ ਸਭਿਆਚਾਰ ਦਾ ਕਿਸ ਕਦਰ ਕਰਜ਼ਾ ਲਾਹਿਆ ਹੈ! ਜਾਂ ਫਿਰ ਜੀਜਾ-ਸਾਲੀ ਦੇ ਰਿਸ਼ਤੇ ਨੂੰ ਮਾੜੀ ਤਰ੍ਹਾਂ ਦਰਸਾਉਂਦੇ ਲੱਚਰ ਗੀਤ ਡੀæਜੇæ ਨੂੰ ਕਹਿ ਕੇ ਲੁਆਏ ਜਾਂਦੇ ਨੇ।
ਹੁਣ ਗੱਲ ਕਰੀਏ ਸਭਿਆਚਾਰ ਅਤੇ ਸਮਾਜਕ ਪ੍ਰਣਾਲੀ ਦੀ। ਜੇਠ-ਦਰਾਣੀ ਅਤੇ ਨੂੰਹ-ਸੱਸ ਦੇ ਰਿਸ਼ਤਿਆਂ ਦਾ ਜ਼ਿਕਰ ਬਾਣੀ ਵਿਚ ਵੀ ਆਉਂਦਾ ਹੈ। ਜਦੋਂ ਗਿੱਧਾ ਪਵੇ ਤਾਂ ਨੱਬੇ ਫੀਸਦੀ ਬੋਲੀਆਂ ਤੀਵੀਂ ਦੇ ਵਿਆਹ ਤੋਂ ਬਾਅਦ ਜੁੜੇ ਰਿਸ਼ਤਿਆਂ ਬਾਰੇ ਹੀ ਹੁੰਦੀਆਂ ਨੇ ਜਿਨ੍ਹਾਂ ਵਿਚ ਔਰਤ ਦਾ ਔਰਤ ਨਾਲ ਵੈਰ ਦਰਸਾਇਆ ਹੁੰਦਾ ਹੈ। ਇਥੇ ਅਸੀਂ ਆਪਣੇ ਧਰਮ ਨੂੰ ਅਣਗੌਲਿਆਂ ਕਰਨ ਅਤੇ ਤਤਕਾਲੀ ਸਮਾਜ ਦਾ ਆਪਣੇ ਸਭਿਆਚਾਰ ਉਤੇ ਪ੍ਰਭਾਵ ਦਾ ਵੱਡਾ ਸਬੂਤ ਪੇਸ਼ ਕਰਦੇ ਹਾਂ। ਹਿੰਦੂ ਅਤੇ ਇਸਲਾਮੀ ਸਮਾਜ ਵਿਚ ਕੀ ਔਰਤ ਦੀ ਕੋਈ ਖਾਸ ਵੁਕਅਤ ਨਹੀਂ ਰਹੀ? ਜੇ ਇਕ ਬਹੁਤ ਵਿਸ਼ਾਲ ਧਰਮ ਦੀ ਉਤਪਤੀ ਹੋਈ ਤਾਂ ਉਸ ਦੇ ਗ੍ਰੰਥ ਨੂੰ ਬੁੱਤ ਵਾਂਗ ਪੂਜਿਆ ਗਿਆ। ਉਸ ਵਿਚਲੇ ਸਿਧਾਂਤ ਕੀ ਨੇ? ਉਹ ਕੀ ਜੀਵਨ ਜਾਚ ਸਿਖਾ ਰਹੇ ਨੇ? ਇਸ ਵੱਲ ਜੇ ਕਿਸੇ ਨੇ ਧਿਆਨ ਦਿੱਤਾ ਹੁੰਦਾ ਤਾਂ ਸਾਡੀਆਂ ਲੋਕ ਬੋਲੀਆਂ ਤੇ ਗੀਤ ਜਿਨ੍ਹਾਂ ਵਿਚ ਔਰਤ ਦੀ ਅਧੀਨਗੀ ਤੇ ਰਿਸ਼ਤਿਆਂ ਵਿਚ ਕੌੜ ਦਰਸਾਈ ਗਈ ਹੈ, ਦਾ ਨਾਮੋ-ਨਿਸ਼ਾਨ ਨਾ ਹੁੰਦਾ। ਆਮ ਬੰਦਾ ਕਹਿੰਦਾ ਹੈ ਕਿ ਸਾਡੇ ਸਭਿਆਚਾਰ ਨੂੰ ਢਾਹ ਸਾਡੀ ਸਿਆਸੀ ਪ੍ਰਣਾਲੀ ਲਾ ਰਹੀ ਹੈ। ਸੁਆਲ ਹੈ ਕਿ ਜਿਨ੍ਹਾਂ ਸਿੱਖ ਸਮਾਜ ਦੀਆਂ ਰਹੁ-ਰੀਤਾਂ ਨਾਲ ਖਿਲਵਾੜ ਕਰਨ ਵਾਲਿਆਂ ਦੀ ਮੌਤ ਦੀ ਹੱਦ ਤੱਕ ਨਿਖੇਧੀ ਕੀਤੀ ਜਾਂ ਕਰ ਰਹੇ ਨੇ, ਕੀ ਉਹ ਅਰਸ਼ੋਂ ਉਤਰੇ ਨੇ? ਉਹ ਵੀ ਤਾਂ ਸਾਡੇ ਵਿਚੋਂ ਹੀ ਨੇ ਅਤੇ ਉਨ੍ਹਾਂ ਲਈ ਵੀ ਉਹੀ ਸਰਕਾਰਾਂ ਨੇ।
ਭਾਰਤੀ ਸਰਕਾਰਾਂ ਜੇ ਹਿੰਦੀ ਉਤੇ ਜ਼ੋਰ ਪਾਉਂਦੀਆਂ ਨੇ ਤਾਂ ਉਹ ਬੰਦੇ ਭਲਾ ਕਿੰਨੇ ਕੁ ਸਿਆਣੇ ਨੇ ਜਿਹੜੇ ਬੱਚੇ ਨੂੰ ਆਪਣੀ ਭਾਸ਼ਾ ਭੁੱਲਣ ਲਈ ਮਜਬੂਰ ਕਰਦੇ ਨੇ? ਛੇ ਸਾਲ ਦੀ ਉਮਰ ਵਿਚ ਬੱਚਾ ਸੌਖਿਆਂ ਹੀ ਦੋ ਭਾਸ਼ਾਵਾਂ ਬੋਲ ਸਕਦਾ ਹੈ ਪਰ ਉਨ੍ਹਾਂ ਮਾਂਵਾਂ ਦਾ ਕੀ ਕਰੀਏ ਜਿਨ੍ਹਾਂ ਨੂੰ ਆਪਣਾ ਬੱਚਾ ਪੰਜਾਬੀ ਬੋਲਦਾ ਗੰਵਾਰ ਲੱਗਦਾ ਹੈ ਜਾਂ ਫਿਰ ਪੰਜਾਬੀ ਦਿੱਖ ਨਾਲ ਬੱਚੇ ਦਾ ਆਪਣੇ ਚੌਗਿਰਦੇ ਵਿਚ ਨੱਕ ਨੀਵਾਂ ਹੁੰਦਾ ਹੈ?
ਅਸੀਂ ਆਪਣੀ ਭਾਸ਼ਾ ਤਾਂ ਕੀ, ਆਪਣੇ ਨਾਂ ਵੀ ਨਹੀਂ ਬਚਾ ਸਕੇ। ਗੁਰੂ ਨੇ ‘ਕੌਰ’ ਤੇ ‘ਸਿੰਘ’ ਨਿਵੇਕਲੀ ਪਛਾਣ ਵਜੋਂ ਦਿੱਤੇ ਸਨ ਪਰ ਹੁਣ ਨਾਂਵਾਂ ਨਾਲ ਕੋਈ ‘ਸਿੰਘ’ ਅਤੇ ‘ਕੌਰ’ ਲਾ ਕੇ ਰਾਜ਼ੀ ਨਹੀਂ। ਅਖ਼ਬਾਰਾਂ ਪੜ੍ਹ ਲਵੋ ਜਾਂ ਕੋਈ ਅਨਾਊਂਸਮੈਂਟ ਸੁਣ ਲਵੋ। ਚੀਮਾ, ਰੰਧਾਵਾ, ਸੇਠੀ, ਵੜੈਚ, ਸੰਧੂ, ਮਲਿਕ ਆਦਿ ਅਖਵਾਉਣਾ ਬਹੁਤ ਜ਼ਰੂਰੀ ਹੈ। ਇਹ ਸਾਰੇ ਗੋਤ ਤਾਂ ਮੁਸਲਮਾਨਾਂ ਅਤੇ ਹਿੰਦੂਆਂ ਦੇ ਵੀ ਨੇ। ਗੁਰੂ ਦੀ ਦਿੱਤੀ ਦਾਤ ਨਾਲ ਛੇੜਖਾਨੀ ਕਰਨ ਦਾ ਨਤੀਜਾ ਕਈ ਵਾਰੀ ਭੰਬਲਭੂਸੇ ਪੈਦਾ ਕਰਦਾ ਹੈ। ਵਿਆਹ ਤੋਂ ਬਾਅਦ ਕਈ ਵਾਰ ਲੜਕੀਆਂ ਨੂੰ ਆਪਣੇ ‘ਸਰ ਨੇਮ’ ਬਦਲਣ ਲਈ ਲੰਮੀ-ਚੌੜੀ ਕਾਗਜ਼ੀ ਕਾਰਵਾਈ ਕਰਨੀ ਪੈਂਦੀ ਹੈ ਅਤੇ ਹਮੇਸ਼ਾ ਹੀ ਆਪਣੇ ਬਦਲੇ ਹੋਏ ‘ਸਰ ਨੇਮ’ ਦਾ ਕਾਰਨ ਦੱਸਣਾ ਪੈਂਦਾ ਹੈ।
ਕਈ ਗ਼ੈਰ-ਸਿੱਖ ਕਵੀਆਂ, ਲੇਖਕਾਂ ਨੇ ਪੰਜਾਬੀ ਸਭਿਆਚਾਰ ਬਾਰੇ ਬਹੁਤ ਹੀ ਸਕਾਰਾਤਮਕ ਢੰਗ ਨਾਲ ਲਿਖਿਆ ਹੈ। ਪੰਜਾਬੀ ਸਭਿਆਚਾਰ ਜ਼ਿਹਨੀ ਦਲੇਰੀ ਦੀ ਨਾਯਾਬ ਮਿਸਾਲ ਹੈ ਪਰ ਬਦਕਿਸਮਤੀ ਨਾਲ ਇਸ ਸਭਿਆਚਾਰ ਨੇ ਆਪਣੇ ਪੈਰ ਮਨੂ ਸਮ੍ਰਿਤੀ ਵੱਲ ਮੋੜ ਲਏ। ਸਿੱਖ ਧਰਮ ਦਾ ਮੁੱਢਲਾ ਸਿਧਾਂਤ ਔਰਤ ਦੀ ਬਰਾਬਰੀ ਦੀ ਹਾਮੀ ਭਰਦਾ ਹੈ ਤੇ ਪਤੀ ਪਰਮੇਸ਼ਰ ਕੇਵਲ ਰੱਬ ਨੂੰ ਹੀ ਕਹਿੰਦਾ ਹੈ; ਉਸ ਔਰਤ ਦੀ ਹੁਣ ਜਾ ਕੇ ਥੋੜ੍ਹੀ ਜਿਹੀ ਸੁਣਵਾਈ ਹੋਈ ਹੈ ਜਦੋਂ ਉਹ ਆਪ ਪੜ੍ਹ ਲਿਖ ਗਈ ਜਾਂ ਫਿਰ ਪਰਿਵਾਰਕ ਢਾਂਚਾ ਛੋਟਾ ਹੋਣ ਕਰ ਕੇ ਉਸ ਨੂੰ ਅਹਿਮੀਅਤ ਮਿਲਣੀ ਸ਼ੁਰੂ ਹੋਈ ਹੈ। ਨਹੀਂ ਤਾਂ ਅਸੀਂ ਆਪਣੇ ਸਭਿਆਚਾਰ ਵਿਚ ਔਰਤ ਨੂੰ ਸ਼ਤਰੰਜ ਦਾ ਮੋਹਰਾ ਬਣਾ ਦਿੱਤਾ ਸੀ।
ਆਪਣੇ ਸਭਿਆਚਾਰ ਨੂੰ ਅਸੀਂ ਕਦੋਂ ਅੱਤਿਆਚਾਰ ਬਣਾ ਦਿੱਤਾ, ਸਾਨੂੰ ਆਪ ਨੂੰ ਵੀ ਨਹੀਂ ਪਤਾ ਲੱਗਾ। ਪਹਿਲੇ ਪਾਤਸ਼ਾਹ ਨੇ ਲਿਖਤੀ ਰੂਪ ਵਿਚ ਬਾਬਰ ਦਾ ਵਿਰੋਧ ਕੀਤਾ ਜਦੋਂ ਉਹਨੇ ਸੰਧੂਰ ਭਰਨ ਵਾਲੇ ਤੇ ਮੱਥੇ ‘ਤੇ ਪੱਟੀਆਂ ਸੁਸ਼ੋਭਿਤ ਕਰਨ ਵਾਲੇ ਸਿਰ ਮੁਨਵਾਏ। ਇਥੋਂ ਪਤਾ ਲਗਦਾ ਹੈ ਕਿ ਹਿੰਦੂ ਸਮਾਜ ਵਿਚ ਵੀ ਆਪਣੇ ਵਾਲਾਂ ਦੀ ਬੇਅਦਬੀ ਕਰਨ ਦਾ ਰਿਵਾਜ਼ ਨਹੀਂ ਸੀ ਪਰ ਅੱਜ ਉਸ ਗੁਰੂ ਦੇ ਦੱਸੇ ਸਭਿਆਚਾਰ ਦਾ ਕੀ ਹਸ਼ਰ ਹੋ ਰਿਹਾ ਹੈ, ਅਸੀਂ ਸਾਰੇ ਵੇਖ ਰਹੇ ਹਾਂ! ਕੀ ਇਸ ਪਿੱਛੇ ਕਿਸੇ ਰਾਜਨੀਤਿਕ ਤਾਕਤ ਦਾ ਹੱਥ ਹੈ? ਬਿਲਕੁਲ ਨਹੀਂ।
ਪ੍ਰਾਹੁਣਚਾਰੀ ਵਿਚ ਪੰਜਾਬੀ ਸਮਾਜ ਮੋਹਰੀ ਹੈ। ਘਰ ਆਏ ਦੋਸਤ ਨੂੰ ਤਾਂ ਕੀ, ਕਿਸੇ ਅਣਜਾਣ ਬੰਦੇ ਨੂੰ ਵੀ ਤੁੰਨ-ਤੁੰਨ ਕੇ ਖੁਆਇਆ ਜਾਂਦਾ ਹੈ। ਜੇ ਕੋਈ ਜਾਣਕਾਰ ਆਪਣੀ ਕਿਸੇ ਪਾਰਟੀ ਵਿਚ ਸੱਦ ਲਵੇ ਤਾਂ ਉਦੋਂ ਤੱਕ ਘਰ ਨਹੀਂ ਮੁੜੀਦਾ ਜਦ ਤੱਕ ਹਾਲ ਵਾਲੇ ਦਰੀਆਂ ਨਾ ਵਲੇਟਣੀਆਂ ਸ਼ੁਰੂ ਕਰ ਦੇਣ ਪਰ ਜੇ ਗੁਰਦੁਆਰੇ ਜਾਈਏ ਤਾਂ ਕੋਈ ਬੰਦਾ ਅਜੇ ਲਾਊਡ ਸਪੀਕਰ ‘ਤੇ ਕੁਝ ਕਹਿਣਾ ਚਾਹੁੰਦਾ ਹੁੰਦਾ ਹੈ, ਅਸੀਂ ਉਠ ਕੇ ਤੁਰ ਪੈਂਦੇ ਹਾਂ, ਜਾਂ ਫਿਰ ਭਰੀ ਸਭਾ, ਗੁਰੂ ਦੀ ਹਜ਼ੂਰੀ ਵਿਚ ਉਸ ਬੰਦੇ ਦੀ ਨਿਖੇਧੀ ਕਰਦੇ ਹਾਂ। ਕੀ ਇਹੀ ਸਾਡੀ ਜੀਵਨ ਜਾਚ ਜਾਂ ਸਭਿਆਚਾਰ ਹੈ?
ਜੇ ਸਾਡੇ ਸਭਿਆਚਾਰ ਨੂੰ ਢਾਹ ਲਾਉਣ ਦੀ ਕਸਰ ਕਿਸੇ ਨਹੀਂ ਛੱਡੀ ਤਾਂ ਮੀਡੀਆ ਨੇ। ਪੰਜਾਬੀ ਫਿਲਮਾਂ ਵਿਚ ਤਕਨੀਕੀ ਪੱਧਰ ਭਾਵੇਂ ਜਿੰਨੀ ਮਰਜ਼ੀ ਤਰੱਕੀ ਕਰ ਗਿਆ ਹੋਵੇ ਪਰ ਉਨ੍ਹਾਂ ਵਿਚ ਹਾਸੋਹੀਣੇ ਢੰਗ ਨਾਲ ਦਰਸਾਈ ਗਈ ਕਿਸੇ ਪੰਜਾਬੀ ਦੀ ਦਿੱਖ ਜਾਂ ਘਰੇਲੂ ਬਣਤਰ ਅਜੋਕੇ ਪੰਜਾਬੀ ਸਮਾਜ ਨੂੰ ਗੁੰਮਰਾਹ ਕਰਨ ਲਈ ਕਾਫ਼ੀ ਹੈ। ਪੰਜਾਬੀ ਚੈਨਲਾਂ ‘ਤੇ ਖ਼ਬਰਾਂ ਪੜ੍ਹਦੇ ਸਿੱਖਾਂ ਨੂੰ ਵੇਖ ਕੇ ਹੈਰਾਨੀ ਹੁੰਦੀ ਹੈ ਤੇ ਮਨ ਵਿਚ ਸਵਾਲ ਉਠਦਾ ਹੈ ਕਿ ਜੇ ਇਨ੍ਹਾਂ ਨੂੰ ਲੋਕਾਂ ਦੇ ਰੂਬਰੂ ਹੋਣ ਦਾ ਮੌਕਾ ਮਿਲਿਆ ਹੈ ਤਾਂ ਇਹ ਕੋਈ ਸਾਕਾਰਾਤਮਕ ਸੇਧ ਸਮਾਜ ਨੂੰ ਕਿਉਂ ਨਹੀਂ ਦੇ ਸਕਦੇ? ਜੇ ਇਨ੍ਹਾਂ ਦੀ ਭਾਸ਼ਾ ਵੱਲ ਧਿਆਨ ਦੇਈਏ ਤਾਂ ਇਹ ਉਪਭਾਸ਼ਾ ਦੀ ਵਰਤੋਂ ਕਰਦੇ ਨੇ, ਨਾ ਕਿ ਕੇਂਦਰੀ ਪੰਜਾਬੀ ਦੀ। ਪੱਛਮੀ ਰੇਡੀਓ ‘ਤੇ ਚੱਲਦੇ ਪੰਜਾਬੀ ਪ੍ਰੋਗਰਾਮ ਸੁਣੋ ਤਾਂ ਆਰæਜੇæ ਕਹਿੰਦੀ ਹੋਵੇਗੀ, “ਭਾਜੀ ਹੁਣਾਂ ਨੇ ਬਹੁਤ ਬੁੱਕਾਂ ਲਿਖ ਕੇ ਸਮਾਜ ਦਾ ਬਹੁਤ ਭਲਾ ਕਰਿਆ ਯਾ।” ਪੂਰਬੀ ਪ੍ਰੋਗਰਾਮ ਦੇਖੋ ਤਾਂ ਸਾਰੀ ਗੱਲ “ਹੈਗੇ-ਹੈਗੇ ਜਾਂ ਹੈਗਾ-ਹੈਗਾ’ ਵਿਚ ਮੁੱਕ ਜਾਵੇਗੀ। ਦਰਸ਼ਕ ਵੀ ਮਨ ਬਣਾ ਲੈਂਦਾ ਹੈ ਕਿ ਸਭ ਚਲਦਾ ਹੈ ਤੇ ਇਹੀ ਠੀਕ ਹੋਣੈ।
ਪੰਜਾਬੀ ਸਭਿਆਚਾਰ ਭਾਈਚਾਰੇ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਪਰ ਅੱਜ ਉਨ੍ਹਾਂ ਪੰਜਾਬੀਆਂ ਦੇ ਝਗੜੇ-ਝੇੜੇ ਨਿਬੇੜਨ ਲਈ ਉਹ ਕੌਮਾਂ ਅੱਗੇ ਆਉਂਦੀਆਂ ਨੇ ਜਿਨ੍ਹਾਂ ਦੇ ਖ਼ਿਲਾਫ਼ ਸਭ ਤੋਂ ਜ਼ਿਆਦਾ ਸਿੱਖਾਂ ਨੇ ਹੀ ਕਾਲੇਪਾਣੀਆਂ ਦੀ ਸਜ਼ਾ ਭੋਗੀ ਤੇ ਫਾਂਸੀਆਂ ‘ਤੇ ਚੜ੍ਹੇ।
ਅੱਜ ਲੋੜ ਸਿਰਫ਼ ਆਪਣੇ ਘਰ ਵੱਲ ਧਿਆਨ ਦੇਣ ਦੀ ਹੈ। ਜਦ ਤੱਕ ਆਪਣੇ ਪੈਰ ਕੱਚੇ ਨਾ ਹੋਣ ਕੋਈ ਕਿਸੇ ਨੂੰ ਢਹਿੰਦੀ ਕਲਾ ਵੱਲ ਨਹੀਂ ਲਿਜਾ ਸਕਦਾ। ਮੁਗਲਾਂ ਦੇ ਰਾਜ ਵੇਲੇ ਗੁਰੂ ਗੋਬਿੰਦ ਸਿੰਘ ਦੇ ਸਿੰਘਾਂ ਨੇ ਸੁੰਨਤ ਦੀ ਪ੍ਰਥਾ ਕਿਉਂ ਨਾ ਆਪਨਾ ਲਈ? ਗੱਲ ਤਾਂ ਇੱਥੇ ਮੁੱਕਦੀ ਹੈ ਕਿ ਮੰਜੇ ਵਿਚ ਤੀਰ ਗੱਡਣ ਲਈ ਜ਼ੁਅਰਤ ਦੀ ਲੋੜ ਹੁੰਦੀ ਹੈ, ਨਾ ਕਿ ਤੀਰ ਘੜਨ ਵਾਲੇ ਦੀ ਇਜਾਜ਼ਤ ਦੀ।
Leave a Reply