ਭਾਰਤ-ਕੈਨੇਡਾ ਤਣਾਅ ਨੇ ਚਿੰਤਾ ਵਧਾਈ

ਚੰਡੀਗੜ੍ਹ: ਭਾਰਤ ਤੇ ਕੈਨੇਡਾ ਦਰਮਿਆਨ ਹਾਲ ਹੀ ਵਿਚ ਖਾਸ ਕਰ ਕੇ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਤੋਂ ਬਾਅਦ ਪੈਦਾ ਹੋਏ ਕੂਟਨੀਤਕ ਤਣਾਅ ਨੇ ਪੰਜਾਬ ਤੋਂ ਇਥੇ (ਕੈਨੇਡਾ) ਚੰਗੇ ਭਵਿੱਖ ਦੀ ਆਸ ਲੈ ਕੇ ਪਹੁੰਚੇ ਨੌਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਚਿੰਤਾ ਵਧਾ ਦਿੱਤੀ ਹੈ। ਜਾਣਕਾਰੀ ਅਨੁਸਾਰ ਕੈਨੇਡਾ ਜਾਣ ਵਾਲੇ ਕੁੱਲ ਭਾਰਤੀ ਵਿਦਿਆਰਥੀਆਂ ‘ਚੋਂ 70 ਫੀਸਦ ਪੰਜਾਬੀ ਹਨ। ਇਹ ਪਾੜ੍ਹੇ ਇਸ ਵੇਲੇ ਚਿੰਤਾ ਵਿਚ ਹਨ।

ਉਧਰ, ਨਾਰਥ ਅਮਰੀਕਨ ਪੰਜਾਬੀ ਐਸੋਸੀਏਸ਼ਨ ਦੇ ਕਾਰਜਕਾਰੀ ਨਿਰਦੇਸ਼ਕ ਸਤਨਾਮ ਸਿੰਘ ਚਹਿਲ ਨੇ ਕਿਹਾ ਕਿ ਇਸ ਘਟਨਾ ਨੇ ਭਾਈਚਾਰੇ ਅੰਦਰ ਮੌਜੂਦਾ ਅਸੁਰੱਖਿਆ ਅਤੇ ਵੰਡ ਨੂੰ ਹੋਰ ਤੇਜ਼ ਕਰ ਦਿੱਤਾ ਹੈ। ਓਟਾਵਾ ਵੱਲੋਂ ਭਾਰਤੀ ਰਾਜਦੂਤ ਦੇ ਨਿੱਝਰ ਦੀ ਹੱਤਿਆ ਦੀ ਜਾਂਚ ਨਾਲ ਜੋੜਨ ਦੇ ਦੋਸ਼ਾਂ ਨੂੰ ਖਾਰਜ ਕਰਦਿਆਂ ਇਸ ਹਫਤੇ ਦੇ ਸ਼ੁਰੂ ਵਿਚ ਭਾਰਤ ਨੇ 6 ਕੈਨੇਡੀਅਨ ਡਿਪਲੋਮੈਟਾਂ ਨੂੰ ਕੱਢ ਦਿੱਤਾ ਸੀ ਅਤੇ ਕੈਨੇਡਾ ਵਿਚ ਆਪਣੇ ਹਾਈ ਕਮਿਸ਼ਨਰ ਸੰਜੇ ਕੁਮਾਰ ਵਰਮਾ ਨੂੰ ਵਾਪਸ ਲੈ ਲਿਆ ਸੀ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਭਾਰਤ ਅਤੇ ਕੈਨੇਡਾ ਦੇ ਆਪਸੀ ਰਿਸ਼ਤਿਆਂ ਵਿਚ ਵੱਧ ਰਹੀਆਂ ਦੂਰੀਆਂ ‘ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਦੋਵਾਂ ਦੇਸ਼ਾਂ ਨੂੰ ਇਕ ਸੁਹਿਰਦ ਪਹੁੰਚ ਅਪਣਾ ਕੇ ਮਾਮਲੇ ਦਾ ਹੱਲ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕੈਨੇਡਾ ਵਿਚ ਵੱਡੀ ਗਿਣਤੀ ਵਿਚ ਭਾਰਤੀ ਅਤੇ ਖ਼ਾਸਕਰ ਪੰਜਾਬੀ ਵਸਦੇ ਹਨ, ਜਿਨ੍ਹਾਂ ‘ਤੇ ਦੋਵਾਂ ਦੇਸ਼ਾਂ ਦੇ ਵਿਗੜਦੇ ਰਿਸ਼ਤਿਆਂ ਦਾ ਅਸਰ ਪੈਣਾ ਕੁਦਰਤੀ ਹੈ। ਉਨ੍ਹਾਂ ਕਿਹਾ ਕਿ ਬੀਤੇ ਸਮੇਂ ਵਿਚ ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ ਵਿਚ ਇਕ ਦੂਜੇ ਵਿਰੁੱਧ ਦੂਸ਼ਣਬਾਜ਼ੀ ਨਹੀਂ ਸਗੋਂ ਸਿੱਟਾਮੁਖੀ ਪਹੁੰਚ ਅਪਣਾਈ ਜਾਵੇ।