ਜ਼ਿਮਨੀ ਚੋਣਾਂ: ਸਿਆਸੀ ਧਿਰਾਂ ਲਈ ਪਰਖ

ਚੰਡੀਗੜ੍ਹ: ਚੋਣ ਕਮਿਸ਼ਨ ਵੱਲੋਂ ਪੰਜਾਬ ਵਿਚ ਜ਼ਿਮਨੀ ਚੋਣਾਂ 13 ਨਵੰਬਰ ਨੂੰ ਕਰਵਾਉਣ ਦੇ ਐਲਾਨ ਮਗਰੋਂ ਚੋਣ ਦੰਗਲ ਭਖ ਗਿਆ ਹੈ। ਆਮ ਆਦਮੀ ਪਾਰਟੀ, ਕਾਂਗਰਸ ਅਤੇ ਭਾਜਪਾ ਨੇ ਇਨ੍ਹਾਂ ਚੋਣਾਂ ਵਿਚ ਜਿੱਤ ਲਈ ਟਿੱਲ ਲਾਇਆ ਹੋਇਆ ਹੈ, ਜਦਕਿ ਅੰਦਰੂਨੀ ਸੰਕਟ ਵਿਚ ਘਿਰੇ ਸ਼੍ਰੋਮਣੀ ਅਕਾਲੀ ਦਲ ਨੇ ਹਾਲੇ ਘੇਸ ਵੱਟੀ ਹੋਈ ਹੈ। ਦਰਅਸਲ, ਪੰਜਾਬ ਦੇ ਮੌਜੂਦਾ ਪੰਥਕ ਸੰਕਟ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਹਾਸ਼ੀਏ ‘ਤੇ ਧੱਕ ਦਿੱਤਾ ਹੈ ਅਤੇ ਅਕਾਲੀ ਲੀਡਰਸ਼ਿਪ ਦਾ ਸਮੁੱਚਾ ਧਿਆਨ ਇਸ ਨਵੇਂ ਸੰਕਟ ‘ਤੇ ਕੇਂਦਰਿਤ ਹੈ। ਅਕਾਲ ਤਖਤ ਸਾਹਿਬ ਵੱਲੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਕਰਾਰ ਦੇਣ ਪਿੱਛੋਂ ਉਹ (ਸੁਖਬੀਰ) ਚੋਣ ਸਰਗਰਮੀਆਂ ਤੋਂ ਪਾਸੇ ਨਜ਼ਰ ਆ ਰਹੇ ਹਨ।

ਇਹ ਚੋਣਾਂ ਪੰਜਾਬ ਵਿਚ ਚਾਰ ਸੀਟਾਂ- ਗਿੱਦੜਬਾਹਾ, ਬਰਨਾਲਾ, ਡੇਰਾ ਬਾਬਾ ਨਾਨਕ ਅਤੇ ਚੱਬੇਵਾਲ ਉਤੇ 13 ਨਵੰਬਰ ਨੂੰ ਹੋਣੀਆਂ ਹਨ। ‘ਆਪ` ਇਨ੍ਹਾਂ ਸੀਟਾਂ ਨੂੰ ‘ਕਰੋ ਜਾਂ ਮਰੋ` ਵਾਲੀ ਸਥਿਤੀ ਵਿਚ ਲੜਨਾ ਚਾਹੁੰਦੀ ਹੈ ਕਿਉਂਕਿ ਇਨ੍ਹਾਂ ਦੇ ਚੋਣ ਨਤੀਜਿਆਂ ਦਾ ਅਸਰ 2027 ਦੀਆਂ ਚੋਣਾਂ `ਤੇ ਵੀ ਪਵੇਗਾ। ਇਸ ਲਈ ਇਹ ਮੁਕਾਬਲਾ ਆਪ ਅਤੇ ਕਾਂਗਰਸ ਵਿਚਾਲੇ ਮੰਨਿਆ ਜਾ ਰਿਹਾ ਹੈ ਹਾਲਾਂਕਿ ਭਾਜਪਾ ਵੀ ਦੂਜੀਆਂ ਪਾਰਟੀਆਂ ਖਾਸ ਕਰਕੇ ਕਾਂਗਰਸ ਦੇ ਆਗੂਆਂ ਨੂੰ ਆਪਣੇ ਨਾਲ ਰਲਾ ਕੇ ਚੋਣ ਮੈਦਾਨ ਵਿਚ ਨਿੱਤਰੀ ਹੋਈ ਹੈ।
ਭਾਰਤੀ ਜਨਤਾ ਪਾਰਟੀ ਨੇ ਗਿੱਦੜਬਾਹਾ ਤੋਂ ਮਨਪ੍ਰੀਤ ਸਿੰਘ ਬਾਦਲ, ਬਰਨਾਲਾ ਤੋਂ ਕੇਵਲ ਸਿੰਘ ਢਿੱਲੋਂ ਅਤੇ ਡੇਰਾ ਬਾਬਾ ਨਾਨਕ ਤੋਂ ਰਵੀਕਰਨ ਸਿੰਘ ਕਾਹਲੋਂ ਨੂੰ ਉਮੀਦਵਾਰ ਬਣਾਇਆ ਗਿਆ ਹੈ। ਪੰਜਾਬ ਕਾਂਗਰਸ ਨੇ ਗਿੱਦੜਬਾਹਾ ਤੋਂ ਅੰਮ੍ਰਿਤਾ ਵੜਿੰਗ, ਡੇਰਾ ਬਾਬਾ ਨਾਨਕ ਤੋਂ ਜਤਿੰਦਰ ਕੌਰ, ਰਾਖਵਾਂ ਹਲਕਾ ਚੱਬੇਵਾਲ ਤੋਂ ਰਣਜੀਤ ਕੁਮਾਰ ਅਤੇ ਬਰਨਾਲਾ ਤੋਂ ਕੁਲਦੀਪ ਸਿੰਘ ਢਿੱਲੋਂ ਨੂੰ ਉਮੀਦਵਾਰ ਬਣਾਇਆ ਗਿਆ ਹੈ।
ਆਪ ਨੇ ਗਿੱਦੜਬਾਹਾ ਤੋਂ ਹਰਦੀਪ ਸਿੰਘ ਡਿੰਪੀ ਢਿੱਲੋਂ, ਬਰਨਾਲਾ ਤੋਂ ਹਰਿੰਦਰ ਸਿੰਘ ਧਾਲੀਵਾਲ, ਚੱਬੇਵਾਲ (ਐਸ.ਸੀ.) ਤੋਂ ਇਸ਼ਾਂਕ ਚੱਬੇਵਾਲ ਅਤੇ ਡੇਰਾ ਬਾਬਾ ਨਾਨਕ ਤੋਂ ਗੁਰਦੀਪ ਸਿੰਘ ਰੰਧਾਵਾ ਨੂੰ ਚੋਣ ਮੈਦਾਨ ‘ਚ ਉਤਾਰਿਆ ਗਿਆ ਹੈ।
ਗਿੱਦੜਬਾਹਾ ਸੀਟ ਸੱਤਾਧਾਰੀ ‘ਆਪ’ ਲਈ ਵਕਾਰ ਦਾ ਸਵਾਲ ਬਣ ਗਈ ਹੈ। ਇਹ ਸੀਟ ਅਕਾਲੀ ਦਲ ਜਾਂ ਕਾਂਗਰਸ ਕੋਲ ਰਹੀ ਹੈ। ਇਸ ਵਾਰ ਅਕਾਲੀ ਦਲ ਤਕਰੀਬਨ ਮੁਕਾਬਲੇ ਤੋਂ ਬਾਹਰ ਹੈ। ਇਸ ਲਈ ਆਪ ਤੇ ਕਾਂਗਰਸ ਵਿਚਾਲੇ ਸਿੱਧੀ ਟੱਕਰ ਹੈ।
ਇਹ ਸੀਟ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਦੀ ਚੋਣ ਜਿੱਤਣ ਮਗਰੋਂ ਖਾਲੀ ਹੋਈ ਹੈ। ਮੁੱਖ ਮੰਤਰੀ ਭਗਵੰਤ ਮਾਨ ਇਹ ਚੋਣ ਜਿੱਤਣ ਲਈ ਕਈ ਮਹੀਨਿਆਂ ਤੋਂ ਜ਼ੋਰ ਲਾ ਰਹੇ ਹਨ। ਉਨ੍ਹਾਂ ਸੁਖਬੀਰ ਬਾਦਲ ਦੇ ਖਾਸਮਖਾਸ ਹਰਦੀਪ ਸਿੰਘ ਡਿੰਪੀ ਢਿੱਲੋਂ ਨੂੰ ‘ਆਪ` ਵਿਚ ਲਿਆ ਕੇ ਕਰੋੜਾਂ ਰੁਪਏ ਦੇ ਫੰਡ ਵੀ ਜਾਰੀ ਕੀਤੇ ਹਨ। ਡਿੰਪੀ ਢਿੱਲੋਂ ਇੱਥੋਂ ਤਿੰਨ ਵਾਰ ਅਕਾਲੀ ਦਲ ਦੀ ਟਿਕਟ `ਤੇ ਚੋਣ ਲੜ ਚੁੱਕੇ ਹਨ। ਇਹ ਚੋਣ ਉਨ੍ਹਾਂ ਦੇ ਸਿਆਸੀ ਭਵਿੱਖ ਲਈ ਬਹੁਤ ਅਹਿਮ ਹੈ। ਦੂਜੇ ਪਾਸੇ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜੋ ਇੱਥੋਂ ਤਿੰਨ ਵਾਰ ਵਿਧਾਇਕ ਰਹਿ ਚੁੱਕੇ ਹਨ, ਆਪਣੀ ਪਤਨੀ ਨੂੰ ਇਥੋਂ ਚੋਣ ਲੜਾ ਰਹੇ ਹਨ। ਹਾਲਾਂਕਿ ਝੋਨੇ ਦੀ ਖਰੀਦ ਤੇ ਖਾਦ ਸੰਕਟ ਆਪ ਤੇ ਭਾਜਪਾ ਲਈ ਵੱਡੀ ਸਿਰਦਰਦੀ ਖੜ੍ਹੀ ਕਰ ਸਕਦਾ ਹੈ। ‘ਆਪ` ਤੇ ਭਾਜਪਾ ਦੀ ਇਥੇ ਵੱਡੇ ਪੱਧਰ ਉਤੇ ਘੇਰਾਬੰਦੀ ਹੋਣ ਦੀ ਸੰਭਾਵਨਾ ਹੈ।
ਹਾਕਮ ਧਿਰ ਲਈ ਮੌਜੂਦਾ ਸੰਕਟ ਸਿਆਸੀ ਤੌਰ ‘ਤੇ ਵੋਟ ਬੈਂਕ ਨੂੰ ਪ੍ਰਭਾਵਿਤ ਕਰੇਗਾ। ਸਭ ਤੋਂ ਵੱਧ ਹੌਟ ਸੀਟ ਗਿੱਦੜਬਾਹਾ ਹਲਕੇ ਦੀ ਹੈ, ਜਿੱਥੇ ਕੁੱਲ 1.66 ਲੱਖ ਵੋਟਰ ਹਨ। ਇਨ੍ਹਾਂ ‘ਚੋਂ ਕਰੀਬ 44 ਹਜ਼ਾਰ ਵੋਟਰ ਗਿੱਦੜਬਾਹਾ ਸ਼ਹਿਰ ਦੇ ਹਨ ਅਤੇ ਬਾਕੀ 1.22 ਲੱਖ ਪੇਂਡੂ ਵੋਟਰ ਹਨ। ਇਸ ਹਲਕੇ ਵਿਚ 44 ਪਿੰਡ ਅਤੇ 52 ਪੰਚਾਇਤਾਂ ਹਨ ਜਦੋਂ ਕਿ ਖਰੀਦ ਕੇਂਦਰਾਂ ਦੀ ਗਿਣਤੀ 43 ਹੈ। ਇਥੇ ਸਿਆਸੀ ਤੌਰ ਉਤੇ ਸਖ਼ਤ ਟੱਕਰ ਬਣੇਗੀ। ਭਾਜਪਾ ਤਰਫੋਂ ਮਨਪ੍ਰੀਤ ਸਿੰਘ ਬਾਦਲ ਨੂੰ ਉਮੀਦਵਾਰ ਬਣਾਇਆ ਗਿਆ ਹੈ। ਭਾਜਪਾ ਨੂੰ ਵੀ ਝੋਨੇ ਤੇ ਡੀ.ਏ.ਪੀ. ਦਾ ਸੰਕਟ ਪ੍ਰੇਸ਼ਾਨ ਕਰੇਗਾ ਜਦੋਂ ਕਿ ‘ਆਪ‘ ਉਤੇ ਵੀ ਸਵਾਲ ਉੱਠਣੇ ਤੈਅ ਹਨ।
ਡੇਰਾ ਬਾਬਾ ਨਾਨਕ ਹਲਕੇ ਵਿਚ 1.95 ਲੱਖ ਕੁੱਲ ਵੋਟਰ ਹਨ, ਜਿਨ੍ਹਾਂ ‘ਚੋਂ ਕਰੀਬ 1.85 ਲੱਖ ਪੇਂਡੂ ਵੋਟਰ ਹਨ ਜਦੋਂ ਕਿ ਸ਼ਹਿਰੀ ਵੋਟਰਾਂ ਦੀ ਗਿਣਤੀ ਸੱਤ ਕੁ ਹਜ਼ਾਰ ਹੈ। ਇਸ ਹਲਕੇ ਵਿਚ ਕੁੱਲ 279 ਪਿੰਡ ਪੈਂਦੇ ਹਨ ਜਦੋਂ ਕਿ 92 ਖਰੀਦ ਕੇਂਦਰ ਹਨ। ਜ਼ਿਲ੍ਹਾ ਗੁਰਦਾਸਪੁਰ ਵਿਚ ਇਸ ਵੇਲੇ ਤਕਰੀਬਨ ਤਿੰਨ ਲੱਖ ਮੀਟਰਿਕ ਟਨ ਝੋਨੇ ਦੀ ਆਮਦ ਹੋ ਚੁੱਕੀ ਹੈ, ਪਰ ਬਾਕੀ ਪੰਜਾਬ ਦੀ ਤਰ੍ਹਾਂ ਡੇਰਾ ਬਾਬਾ ਨਾਨਕ ‘ਚ ਖਰੀਦ ਦੀ ਵੱਡੀ ਸਮੱਸਿਆ ਬਣੀ ਹੋਈ ਹੈ। ਇਥੋਂ ‘ਆਪ‘ ਉਮੀਦਵਾਰ ਗੁਰਦੀਪ ਸਿੰਘ ਰੰਧਾਵਾ ਲਈ ਇਹ ਮੁੱਦਾ ਵੱਡੀ ਚੁਣੌਤੀ ਬਣੇਗਾ। ਬਰਨਾਲਾ ਹਲਕੇ ‘ਚ ਕੁੱਲ ਵੋਟਰ 1.80 ਲੱਖ ਹਨ ਜਿਨ੍ਹਾਂ ‘ਚੋਂ 88,429 ਸ਼ਹਿਰੀ ਵੋਟਰ ਹਨ ਜਦੋਂ ਕਿ ਬਾਕੀ ਕਰੀਬ 92 ਹਜ਼ਾਰ ਵੋਟਰ ਪੇਂਡੂ ਹਨ। ਇਸ ਹਲਕੇ ਤੋਂ ‘ਆਪ‘ ਉਮੀਦਵਾਰ ਹਰਿੰਦਰ ਸਿੰਘ ਧਾਲੀਵਾਲ ਐਲਾਨੇ ਗਏ ਹਨ। ਇਸ ਹਲਕੇ ਵਿਚ ਕਿਸਾਨ ਜਥੇਬੰਦੀਆਂ ਦਾ ਵੀ ਕਾਫੀ ਜ਼ੋਰ ਹੈ। ਝੋਨੇ ਦੀ ਖਰੀਦ ਵਿਚਲੇ ਅੜਿੱਕੇ ‘ਆਪ‘ ਲਈ ਮੁਸ਼ਕਲਾਂ ਪੈਦਾ ਕਰ ਸਕਦੇ ਹਨ। ਆਉਂਦੇ ਦਿਨਾਂ ਵਿਚ ਝੋਨੇ ਦੀ ਆਮਦ ਮੰਡੀਆਂ ਵਿਚ ਵਧੇਗੀ ਅਤੇ ਹਾਕਮ ਧਿਰ ਨੂੰ ਕਿਸਾਨਾਂ ਦੇ ਰੋਹ ਨੂੰ ਠੰਢਾ ਕਰਨਾ ਪਵੇਗਾ।
ਹਲਕਾ ਚੱਬੇਵਾਲ ਨਿਰੋਲ ਪੇਂਡੂ ਸੀਟ ਵਾਂਗ ਹੈ ਜਿੱਥੇ 1.56 ਲੱਖ ਵੋਟਰ ਹਨ। ਇਸ ਹਲਕੇ ਵਿਚ 206 ਪੰਚਾਇਤਾਂ ਹਨ ਅਤੇ ਇਸ ਸੀਟ ‘ਤੇ ਝੋਨੇ ਦੀ ਖਰੀਦ ਦੇ ਅੜਿੱਕੇ ਦਾ ਸਿੱਧਾ ਅਸਰ ਪਵੇਗਾ। ਜੇ ਚੋਣ ਪ੍ਰਚਾਰ ਭਖਣ ਤੱਕ ਝੋਨੇ ਦੀ ਖਰੀਦ ਵਿਚਲੇ ਅੜਿੱਕੇ ਦੂਰ ਨਾ ਹੋਏ ਤਾਂ ਉਮੀਦਵਾਰਾਂ ਨੂੰ ਚੋਣ ਪ੍ਰਚਾਰ ਕਰਨ ਲਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪਤਾ ਲੱਗਾ ਹੈ ਕਿ ਸੱਤਾਧਾਰੀ ਧਿਰ ਨੇ ਇਨ੍ਹਾਂ ਜ਼ਿਮਨੀ ਚੋਣਾਂ ਵਾਲੇ ਹਲਕਿਆਂ ਵਿਚ ਝੋਨੇ ਦੀ ਖਰੀਦ ਵੱਲ ਉੱਚੇਚਾ ਧਿਆਨ ਦੇਣਾ ਸ਼ੁਰੂ ਕੀਤਾ ਹੈ।
ਜ਼ਿਮਨੀ ਚੋਣ ਵਾਲੀਆਂ ਸੀਟਾਂ ‘ਤੇ ਉੱਤਰਨ ਵਾਲੇ ਭਾਜਪਾ ਉਮੀਦਵਾਰਾਂ ਲਈ ਵੀ ਰਾਹ ਸੁਖਾਲਾ ਨਹੀਂ ਹੋਵੇਗਾ, ਕਿਉਂਕਿ ਕੇਂਦਰ ਵਿਚਲੀ ਭਾਜਪਾ ਸਰਕਾਰ ਨੇ ਪੰਜਾਬ ‘ਚੋਂ ਅਨਾਜ ਦੀ ਮੂਵਮੈਂਟ ਨਹੀਂ ਕੀਤੀ ਜਿਸ ਕਰਕੇ ਪੰਜਾਬ ਵਿਚ ਅਨਾਜ ਭੰਡਾਰਨ ਲਈ ਜਗ੍ਹਾ ਨਹੀਂ ਬਣ ਸਕੀ ਹੈ। ਮੌਜੂਦਾ ਸੰਕਟ ਇਸ ਦੀ ਬਦੌਲਤ ਹੈ। ‘ਆਪ‘ ਵੱਲੋਂ ਚੋਣ ਪ੍ਰਚਾਰ ਦੌਰਾਨ ਮੌਜੂਦਾ ਬਿਪਤਾ ਦਾ ਠੀਕਰਾ ਕੇਂਦਰ ਸਰਕਾਰ ਸਿਰ ਭੰਨਿਆ ਜਾਵੇਗਾ। ਨਵੰਬਰ ਦੇ ਅੱਧ ਤੱਕ ਕਣਕ ਦੀ ਬਿਜਾਈ ਦਾ ਕੰਮ ਸਿਖ਼ਰ ‘ਤੇ ਹੋਵੇਗਾ ਅਤੇ ਇਸ ਵੇਲੇ ਡੀ.ਏ.ਪੀ. ਦਾ ਸੰਕਟ ਵੀ ਸਿਰ ‘ਤੇ ਹੈ। ਇਨ੍ਹਾਂ ਹਲਕਿਆਂ ਵਿਚਲਾ ਕਿਸਾਨੀ ਵੋਟ ਬੈਂਕ ਹਾਰ ਜਿੱਤ ਨੂੰ ਪ੍ਰਭਾਵਿਤ ਕਰੇਗਾ। ਕਾਂਗਰਸ ਪਾਰਟੀ ਇਸ ਮੌਕੇ ਨੂੰ ਸਿਆਸੀ ਲਾਹੇ ਲਈ ਵਰਤੇਗੀ ਅਤੇ ਕਾਂਗਰਸ ਚੋਣ ਪ੍ਰਚਾਰ ਵਿਚ ‘ਆਪ‘ ਸਰਕਾਰ ਖਿਲਾਫ ਝੋਨੇ ਦੇ ਸੰਕਟ ਨੂੰ ਇਕ ਸਿਆਸੀ ਹਥਿਆਰ ਦੀ ਤਰ੍ਹਾਂ ਵਰਤੇਗੀ।
ਆਮ ਆਦਮੀ ਪਾਰਟੀ ਵਿਚ ਬਗਾਵਤ
ਚੰਡੀਗੜ੍ਹ: ਆਪ ਵੱਲੋਂ ਵਿਧਾਨ ਸਭਾ ਹਲਕਾ ਬਰਨਾਲਾ ਤੋਂ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਦੇ ਕਰੀਬੀ ਮੰਨੇ ਜਾਂਦੇ ਹਰਿੰਦਰ ਸਿੰਘ ਧਾਲੀਵਾਲ ਨੂੰ ਉਮੀਦਵਾਰ ਐਲਾਨਿਆ ਗਿਆ ਹੈ। ਇਸ ਪਿੱਛੋਂ ਪਾਰਟੀ ਵਿਚ ਬਗਾਵਤੀ ਸੁਰ ਉੱਠਣ ਲੱਗੇ ਹਨ। ਇਸ ਤੋਂ ਨਾਜ਼ਾਰ ਚੱਲ ਰਹੇ ‘ਆਪ` ਦੇ ਜ਼ਿਲ੍ਹਾ ਪ੍ਰਧਾਨ ਅਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਗੁਰਦੀਪ ਬਾਠ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਐਲਾਨ ਕੀਤਾ ਹੈ। ਗੁਰਦੀਪ ਸਿੰਘ ਬਾਠ ਨੇ ਪ੍ਰੈੱਸ ਕਾਨਫਰੰਸ ਕਰਕੇ ਹਰਿੰਦਰ ਸਿੰਘ ਨੂੰ ‘ਟਿਕਟ` ਦੇਣ ਦੇ ਫ਼ੈਸਲੇ ਨੂੰ ਸਿੱਧੀ ਚੁਣੌਤੀ ਦਿੰਦਿਆਂ ਪਾਰਟੀ ਹਾਈਕਮਾਨ ਨੂੰ ਇਸ `ਤੇ ਮੁੜ ਵਿਚਾਰ ਕਰਨ ਲਈ 24 ਘੰਟਿਆਂ ਦਾ ਸਮਾਂ ਦਿੱਤਾ ਸੀ।