ਨਕਸਲੀ ਆਗੂ ਜਗਜੀਤ ਸਿੰਘ ਸੋਹਲ ਦਾ ਦੇਹਾਂਤ

ਪਟਿਆਲਾ: ਪੰਜਾਬ ਦੇ ਉੱਘੇ ਨਕਸਲੀ ਆਗੂ, ਸੀ.ਪੀ.ਆਈ. (ਐਮ.ਐਲ.) ਦੀ ਪਹਿਲੀ ਕੇਂਦਰੀ ਕਮੇਟੀ ਦੇ ਮੈਂਬਰ ਅਤੇ ਸੀ.ਓ.ਸੀ. ਸੀ.ਪੀ.ਆਈ. (ਐਮ.ਐਲ.) ਜਿਸ ਨੂੰ ਪੰਜਾਬ ਵਿਚ ਚਾਰੂ ਗਰੁੱਪ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਸੀ, ਦੇ ਸੂਬਾ ਸਕੱਤਰ ਅਤੇ ਬਾਅਦ ਵਿੱਚ ਜਨਰਲ ਸਕੱਤਰ ਰਹੇ ਕਾਮਰੇਡ ਜਗਜੀਤ ਸਿੰਘ ਸੋਹਲ ਉਰਫ਼ ਕਾਮਰੇਡ ਸ਼ਰਮਾ ਦਾ ਲੰਘੇ ਐਤਵਾਰ ਦੇਹਾਂਤ ਹੋ ਗਿਆ। ਪਟਿਆਲਾ ਵਿਚ ਸੋਮਵਾਰ ਨੂੰ ਉਨ੍ਹਾਂ ਦੇ ਅੰਤਮ ਸੰਸਕਾਰ ਮੌਕੇ ਉਨ੍ਹਾਂ ਦੀ ਦੇਹ ਉਤੇ ਵੱਖ-ਵੱਖ ਜਥੇਬੰਦੀਆਂ ਤੇ ਪਾਰਟੀਆਂ ਨੇ ਆਪਣੇ ਝੰਡੇ ਅਤੇ ਹਾਰ ਪਾ ਕੇ ਕਾਮਰੇਡ ਸੋਹਲ ਨੂੰ ਸ਼ਰਧਾਂਜਲੀ ਭੇਂਟ ਕੀਤੀ। ਕਾਮਰੇਡ ਸੋਹਲ ਨਕਸਲਬਾੜੀ ਲਹਿਰ ਦੇ ਸਮੇਂ ਤੋਂ ਹੀ ਗੁਪਤਵਾਸ ਜੀਵਨ ਜੀਅ ਰਹੇ ਸਨ।

ਕਾਮਰੇਡ ਸੋਹਲ ਪੰਜਾਬ ਦੀ ਨਕਸਲਬਾੜੀ ਲਹਿਰ ਦੇ ਸਭ ਤੋਂ ਪਹਿਲੇ ਆਗੂਆਂ ਵਿਚੋਂ ਇੱਕ ਸਨ। ਲਹਿਰ ਦੇ ਵੱਖ-ਵੱਖ ਗਰੁੱਪਾਂ ਵਿਚ ਵੰਡੇ ਜਾਣ ਤੋਂ ਬਾਅਦ ਉਨ੍ਹਾਂ ‘ਪਾਰਟੀ ਯੁਨਿਟੀ’ ਗਰੁੱਪ ਦੇ ਆਗੂ ਦੇ ਰੂਪ ਵਿਚ ਕੰਮ ਕੀਤਾ। ਪਿਛਲੇ ਲੰਮੇ ਅਰਸੇ ਤੋਂ ਉਹ ਸੀ.ਪੀ.ਆਈ. (ਮਾਓਵਾਦੀ) ਦੇ ਆਗੂ ਦੇ ਰੂਪ ਵਿਚ ਸਰਗਰਮ ਸਨ। ਉਨ੍ਹਾਂ ਨੂੂੰ ਸ਼ਰਧਾਂਜਲੀ ਭੇਟ ਕਰਦਿਆਂ ਵੱਖ-ਵੱਖ ਆਗੂਆਂ ਨੇ ਕਿਹਾ ਕਿ ਉਹ ਬੇਹੱਦ ਪ੍ਰਤੀਬੱਧ ਕਮਿਊਨਿਸਟ ਇਨਕਲਾਬੀ ਸਨ। ਉਨ੍ਹਾਂ ਪੈਪਸੂ ਦੀ ਮੁਜ਼ਾਰਾ ਲਹਿਰ ਵਿਚ ਸਰਗਰਮ ਹੋਣ ਤੋਂ ਸਭਨਾਂ ਖੱਬੇ ਪੱਖੀ ਪਾਰਟੀਆਂ ਵਿਚ ਕੰਮ ਕੀਤਾ। ਉਹ ਕੋਈ 95 ਸਾਲ ਦੀ ਉਮਰ ਜੀਵੇ ਅਤੇ ਸਾਰਾ ਜੀਵਨ ਲੋਕ ਲਹਿਰਾਂ ਦੇ ਲੇਖੇ ਲਾ ਗਏ।
ਉਨ੍ਹਾਂ ਦੇ ਅੰਤਿਮ ਸੰਸਕਾਰ ਮੌਕੇ ਵੱਖ-ਵੱਖ ਸੰਗਠਨਾਂ ਦੇ ਆਗੂਆਂ ਤੇ ਵਰਕਰਾਂ ਤੋਂ ਸਿਵਾ ਕਾਮਰੇਡ ਸੋਹਲ ਦੀ ਜੀਵਨ ਸਾਥਣ ਕਾਮਰੇਡ ਵਿਮਲਾ ਉਰਫ਼ ਕਮਲੇਸ਼ ਅਤੇ ਉਨ੍ਹਾਂ ਦਾ ਪੁੱਤਰ ਵੀ ਮੌਜੂਦ ਸਨ। ਉਨ੍ਹਾਂ ਨਮਿਤ ਸ਼ਰਧਾਜਲੀ ਸਮਾਗਮ ਪਟਿਆਲਾ ਵਿਚ 27 ਅਕਤੂਬਰ ਨੂੰ ਹੋਵੇਗਾ।