ਪ੍ਰਿੰ: ਬਲਕਾਰ ਸਿੰਘ ਬਾਜਵਾ
ਫੋਨ: 647-402-2170
ਪਾਕਿਸਤਾਨ ਵਿਚ ਰਹਿ ਗਏ ਸਾਡੇ ਪਿੰਡ ਗੁੰਨਾਂ ਕਲਾਂ ਦੀ ਭੋਇੰ ਭਰੜੀ ਕਰਕੇ ਜਾਣੀ ਜਾਂਦੀ ਸੀ। ਕਲਰਾਠੀ, ਸਖ਼ਤ, ਖੁਸ਼ਕ ਤੇ ਬਰਾਨ। ਕਿੱਕਰਾਂ ਤੇ ਕਰੀਰਾਂ ਵਾਲੀ। ਸਾਉਣ ਦੇ ਮੀਂਹਾਂ ਪਿੱਛੋਂ ਚਰੀ, ਜਵਾਰ, ਮੱਕੀ ਤੇ ਬਾਜਰਾ ਆਦਿ ਫਸਲਾਂ ਵਰੂਲ਼ੇ ਮਾਰ ਚੜ੍ਹ ਜਾਂਦੀਆਂ। ਸਿਆਲ ਦੇ ਮੀਂਹਾਂ ਕਾਰਨ ਕਣਕ, ਸਰ੍ਹੋਂ ਆਦਿ ਵਧੀਆ ਹੁੰਦੀ। ਮੀਂਹਾਂ ‘ਚ ਚੀੜ੍ਹੀ, ਗੂੰਦ ਵਰਗੀ। ਮਜਾਲ ਏ ਤੁਹਾਡੇ ਪੈਰਾਂ ਨੂੰ ਛੱਡੇ! ਖੇਤੀ ਨਿਰੋਲ ਬਾਰਸ਼ ‘ਤੇ ਹੀ ਨਿਰਭਰ ਸੀ। ਔੜ ਸਰਾਪ ਬਣ ਜਾਂਦੀ। 1942 ਵਿਚ ਬਾਪੂ ਜੀ ਫੌਜ ‘ਚੋਂ ਸੇਵਾਮੁਕਤ ਹੋ ਪਿੰਡ ਆ ਗਏ ਸਨ। ਕੋਰੇ ਅਨਪੜ੍ਹ, ਡੰਗਰ ਚਾਰਦੇ, ਹਲ਼ ਵਾਹੁੰਦੇ ਖੇਤੋਂ ਚੋਰੀ ਭੱਜੇ ਸਨ। ਨਿਰੋਲ ਮਿਹਨਤ ਸਦਕਾ ਸੂਬੇਦਾਰ ਮੇਜਰ ਆਨਰੇਰੀ ਕੈਪਟਨ ਸੇਵਾਮੁਕਤ ਹੋਏ।
ਨੌਕਰੀ ਦੌਰਾਨ ਹਰ ਫੌਜੀ ਵਾਂਗ ਉਨ੍ਹਾਂ ਨੇ ਵੀ ਕੁਝ ਸੁਪਨੇ, ਸਕੀਮਾਂ, ਯੋਜਨਾਵਾਂ ਸੰਜੋਈਆਂ ਹੋਈਆਂ ਸਨ। ਜੱਦੀ ਭੋਏਂ ਥੋੜ੍ਹੀ ਸੀ। ਬਾਪੂ ਜੀ ਬੇਲਾ ਸਿੰਘ ਗਿੱਲ (ਮੇਰੇ ਨਾਨਾ ਜੀ) ਇੱਕ ਤਜਰਬੇਕਾਰ ਸਿਰੜੀ, ਸਿਦਕੀ, ਸਮਝਦਾਰ ਤੇ ਮਿਹਨਤੀ ਰਾਠ ਕਿਸਾਨ ਸਨ। ‘ਜ਼ਮੀਨ ਬਿਨਾਂ ਜੱਟ ਕਾਹਦਾ’ ਉਨ੍ਹਾਂ ਦਾ ਉਚਾਰਨ ਸੀ। ਬਚਪਨ ਤੋਂ ਹੀ ਉਨ੍ਹਾਂ ਦੀ ਗੋਦ ਵਿਚ ਪਲਿਆ ਸੀ। ਆਮ ਹੀ ਸੁਣਦਾ ਰਹਿੰਦਾ। ਉਨ੍ਹਾਂ ਦੀ ਸਲਾਹ `ਤੇ ਹੀ ਬਾਪੂ ਜੀ ਨੇ ਸੇਵਾਮੁਕਤੀ ਤੋਂ ਪਹਿਲਾਂ 22 ਕਿੱਲੇ ਜ਼ਮੀਨ ਖ਼ਰੀਦ ਲਈ ਸੀ। ਇਹ ਸੌਦਾ ਮਾਸੜ ਜੀ ਭਾਗ ਸਿੰਘ ਵੜਾਇਚ ਹੋਰਾਂ ਰਾਹੀਂ ਨੇਪਰੇ ਚੜ੍ਹਿਆ ਸੀ। ਇਹ ਜ਼ਮੀਨ ਸਾਡੀ ਜੱਦੀ ਪੈਲੀ ਦੇ ਨਾਲ ਹੀ ਲੱਗਦੀ ਸੀ। ਖ਼ਰੀਦਿਆ ਰਕਬਾ ਪੂਰਬ ਪਾਸੇ ਦੇ ਗੁਆਂਢੀ ਪਿੰਡ ਭਰੋਕਿਆਂ ਦੇ ਕਿਸੇ ਜ਼ਮੀਂਦਾਰ ਦਾ ਸੀ। ਵੰਡ ਤੋਂ ਪਹਿਲਾਂ ਹੀ ਏਸੇ ਪਿੰਡ `ਚ ਮਾਸੀ ਕਰਤਾਰ ਕੌਰ ਦਾ ਠਾਕਾ ਬਾਪੂ ਜੀ ਰਾਹੀਂ ਤੈਅ ਹੋ ਚੁੱਕਿਆ ਸੀ। ਇਹ ਸੁਣਦਾ ਹੁੰਦਾ ਸੀ ਕਿ ਜਦੋਂ ਗੁੰਨੇ ਵਾਲਿਆਂ ਕਬਜ਼ਾ ਲਿਆ ਤਾਂ ਉਨ੍ਹਾਂ ਦੇ ਹਲ਼ ਭਰੋਕਿਆਂ ਦੇ ਚੁੱਲ੍ਹੇ ਚੌਂਕਿਆਂ ਤੱਕ ਸਿਆੜੀ ਲੀਕਾਂ ਮਾਰ ਗਏ ਸਨ। ਇਸ ਤੋਂ ਪਹਿਲਾਂ ਉਨ੍ਹਾਂ 1927-28 ਵਿਚ ਪਿੰਡ ਵਿਚ ਇੱਕ ਉੱਚਾ ਦੋ ਮੰਜ਼ਲਾ ਮਕਾਨ ਵੀ ਬਣਵਾ ਲਿਆ ਹੋਇਆ ਸੀ। ਪੂਰੀ ਸਰਦਾਰੀ ਸ਼ਾਨ ਬਣ ਗਈ ਹੋਈ ਸੀ।
ਖੂਹ ਲਾਉਣ ਦਾ ਮਹੂਰਤ
ਖ਼ੂਹ ਦੀਆਂ ਬਾਤਾਂ ਤੇ ਮਹੂਰਤ ਦੀਆਂ ਗੱਲਾਂ ਸੁਣ ਬਾਹਰੇ ‘ਚ ਚਰਚੇ ਛਿੜੇ ਹੋਏ ਸਨ। ਕਈਆਂ ਨੇ ਕਿਹਾ ਸਰਦਾਰਾ! ਏਥੇ ਧਰਤੀ ਹੇਠ ਪਾਣੀ ਬਹੁਤ ਦੂਰ ਈ। ਪਾਣੀ ਕੱਢਣਾ ਕੋਹ ਕਾਫ਼ ਦੇ ਪਹਾੜ ਨੂੰ ਪਾੜਨ ਵਾਲੀ ਗੱਲ ਈ। ਪਰ ਉਨ੍ਹਾਂ ਦੀ ਯੋਜਨਾ ਸੁਪਨਈ ਵਿਸ਼ਵਾਸ ਏਨਾ ਦ੍ਰਿੜ ਤੇ ਤੀਬਰ ਸੀ ਕਿ ਖ਼ੂਹ ਲੱਗਣਾ ਸ਼ੁਰੂ ਹੋ ਗਿਆ। ਲਾਹੌਰ ਤੋਂ ਖ਼ੂਹ ਲਾਉਣ ਵਾਲੇ ਚੋਟੀ ਦੇ ਚੋਭਿਆਂ/ਟੋਬਿਆਂ ਨੇ ਡੂੰਘੀਆਂ ਚੁੱਭੀਆਂ/ਟੁੱਭੀਆਂ ਮਾਰ ਮਾਰ ਖ਼ੂਹ ਦੇ ਚੱਕ ਨੂੰ ਵੱਧ ਤੋਂ ਵੱਧ ਹੇਠਾਂ ਤੱਕ ਲੈ ਗਏ। ਪੂਰੀ ਤਸੱਲੀ ਹੋਣ ‘ਤੇ ਹੀ ਚੱਕ ‘ਤੇ ਖੂਹ ਦਾ ਮਹਿਲ਼ ਉਸਾਰਿਆ ਗਿਆ। ਸਿਆਲਕੋਟ ਤੋਂ ਖ਼ੂਹ ਦਾ ਸਾਰਾ ਸਾਮਾਨ ਲਿਆ, ਪੂਰੀਆਂ ਰੀਝਾਂ, ਰਸਮਾਂ, ਉਮੰਗਾਂ ਨਾਲ ਬੌਲਦ ਜੋੜ, ਖੂਹ ਚਾਲੂ ਕਰ ਦਿੱਤਾ। ਪਰ ਹੋਣੀ ਕਿਤੇ ਨੇੜੇ ਤੇੜੇ ਹੀ ਏਧਰ ਓਧਰ ਫਿਰਦੀ ਰਹੀ ਹੋਵੇਗੀ। ਪਾਣੀ ਦਾ ਨਕਾਲ ਹਾਲੀ ਪੈਲੀ ਤੱਕ ਪਹੁੰਚਿਆ ਹੀ ਸੀ ਕਿ ਟਿੰਡਾਂ ਖਾਲੀ, ਖੜਕਦੀਆਂ ਆਉਣ ਲੱਗ ਪਈਆਂ। ਅਗਲੇ ਦਿਨ ਬਾਪੂ ਜੀ ਫਿਰ ਲਾਹੌਰ ਨੂੰ ਭੱਜੇ। ਉੱਥੋਂ ਦੇ ਮਾਹਿਰਾਂ ਨਾਲ ਲੰਬੀਆਂ, ਡੂੰਘੀਆਂ ਵਿਚਾਰਾਂ ਹੋਈਆਂ। ਉਨ੍ਹਾਂ ਕਿਹਾ ਕਿ ਸਰਦਾਰ ਜੀ! ਹੁਣ ਹੋਰ ਨਾਲਾਂ ਪਾਉਣੀਆਂ ਪੈਣਗੀਆਂ। ਏਸੇ ਤਸੱਲੀ ਨਾਲ ਮੁੜ ਆਏ। ਨਾਲ ਹੀ ਉਨ੍ਹਾਂ ਕਿਹਾ ਹੁਣ ਬੈੜ ਮਾਲ੍ਹ ਟਿੰਡਾਂ ਦੇ ਵੱਸ ਦੀ ਗੱਲ ਨਹੀਂ ਹੋਣੀ। ਕਿਰਲਾਸਕਰ ਇੰਜਣ ਰੱਖਣਾ ਪੈਣੈਂ। ਇਨ੍ਹਾਂ ਹੀ ਚੱਕਰਾਂ ਦੌਰਾਨ ਭਾਣਾ ਹੋਰ ਦਾ ਹੋਰ ਹੀ ਵਰਤ ਗਿਆ। ਇਨ੍ਹਾਂ ਸੁਝਾਵੀ ਤਰਕੀਬਾਂ ਨੂੰ ਘੜ੍ਹਦਿਆਂ, ਵਿਉਂਤਦਿਆਂ, ਸਮਾਂ ਮਿਥਦਿਆਂ 1947 ਦੀ ਵੰਡ ਨੇ ਭਾਫ਼ ਛੱਡਦੀ ਇੰਜਣੀ ਗੱਡੀ ਨੇ ਹੀ ਸਾਨੂੰ ਖਿੱਚ ਧੂਹ ਪਸਰੂਰ, ਨਾਰੋਵਾਲ, ਜੱਸੜ ਲੰਘਾ ਕੇ ਰਾਵੀ ਵਾਲੇ ਭਾਰਤ-ਪਾਕਿਸਤਾਨ ਬਾਰਡਰ ‘ਤੇ ਲਿਆ ਸੁੱਟਿਆ। ਖ਼ੂਹ ਵਾਲੇ ਸੁਪਨਿਆਂ ਦੀ ਬਜਾਏ ਰੋਟੀ, ਕੱਪੜਾ ਤੇ ਮਕਾਨ ਦੇ ਝਮੇਲਿਆਂ ਨੇ ਆ ਘੇਰਿਆ। ਆਜ਼ਾਦ ਭਾਰਤ ਵਿਚ ਸਿਰਾਂ ‘ਤੇ ਗੱਠੜੀਆਂ ਚੁਕਾ ਦਿੱਤੀਆਂ। ਖਾਨਾ ਬਦੋਸ਼ੀ ਦੇ ਆਲਮ ਵਿਚ ਜੂਝਣਾ ਪੈ ਗਿਆ। ਸਭ ਜਾਇਦਾਦਾਂ ਲੁੱਟੀਆਂ-ਪੁੱਟੀਆਂ ਗਈਆਂ। ਏਧਰ ਆ ਬਾਪੂ ਜੀ ਨੇ ਇੱਕ ਹੀ ਰੱਟ ਲਾਈ ਰੱਖੀ… ਜਾਇਦਾਦ, ਜ਼ਰ ਤੇ ਜ਼ਮੀਨ ਲੁੱਟੀ ਜਾ ਸਕਦੀ ਹੈ, ਪਰ ਪੜ੍ਹਾਈ ਸਿਖਲਾਈ ਕੋਈ ਮਾਈ ਦਾ ਲਾਲ ਲੁੱਟ ਨਹੀਂ ਸਕਦਾ!!! ਉਨ੍ਹਾਂ ਸਾਨੂੰ ਪੜ੍ਹਾਈ ਵਾਲੇ ਪਾਸੇ ਲਾਈ ਰੱਖਿਆ, ਭਾਵੇਂ ਔਖੇ ਹੋਏ, ਭਾਵੇਂ ਜ਼ਮੀਨ ਵੀ ਕਿਉਂ ਨਾ ਵੇਚਣੀ ਪਈ। ਉਸ ਪੜ੍ਹਾਈ ਸਦਕਾ ਅਸੀਂ ਚਾਰੇ ਭਰਾ ਪੜ੍ਹ ਗਏ ਤੇ ਜ਼ਿੰਦਗੀ ਵਿਚ ਸੋਹਣੇ ਸੈੱਟ ਹੋ ਗਏ। ਸ਼ਰੀਕੜੇ ਦੇ ਮੁੰਡੇ ਹਾਲੀ ਤੱਕ ਵੀ ਕੱਟੀਆਂ ਵੱਛੀਆਂ ਦੀਆਂ ਪੂਛਾਂ ਮਰੋੜਦੇ ਫਿਰਦੇ ਵੇਖਦੇ ਹਾਂ।…ਪਰ ਮੇਰੇ ਬਾਪੂ ਜੀ ਦੇ ਖ਼ੂਹ ਦੀ ਬਾਤ ਹਾਲੀ ਅਧੂਰੀ ਹੈ। ਅੱਗੇ ਤੁਰਦੀ ਹੈ।
ਖ਼ੂਹ ਦੇ ਆਲੇ-ਦੁਆਲੇ ਇੱਕ ਤਿੰਨ ਫੁੱਟ ਚੌੜੀ ਫੱਟਿਆਂ ਵਾਲੀ ਚਾਰਦੀਵਾਰੀ ਬਣਾਈ ਹੋਈ ਸੀ। ਅੰਦਰਲੇ ਪਾਸੇ 12 ਸ਼ਤੀਰਾਂ ਵਾਲੀ ਇੱਕ ਲੰਬੀ ਕੁੜ (ਪ੍ਰਚੱਲਤ ਜੱਟਕੀ ਭਾਸ਼ਾ ‘ਚ) ਜਿਨਸਾਂ, ਤੂੜੀ, ਪੱਠੇ ਦੱਥੇ, ਟੋਕੇ ਅਤੇ ਡੰਗਰਾਂ ਲਈ। ਅੱਗੇ ਓਡਾ ਹੀ ਇੱਕ ਲੰਬਾ ਬਰਾਂਡਾ, ਖ਼ੁਰਲੀਆਂ ਸਮੇਤ। ਇਹਦੇ ਸਿਰੇ ‘ਤੇ ਪਰਿਵਾਰ ਤੇ ਆਏ-ਗਏ ਦੇ ਬਹਿਣ-ਖਲੋਣ, ਆਰਾਮ ਕਰਨ ਲਈ ਇੱਕ ਬੈਠਕ, ਜੋ ਆਰਾਮਦੇਹ ਕੁਰਸੀਆਂ ਤੇ ਹੋਰ ਲੋੜੀਂਦੇ ਨਿੱਕ-ਸੁੱਕ ਨਾਲ ਪੂਰੀ ਤਰ੍ਹਾਂ ਲੈਸ ਸੀ। ਬੈਠਕ ਅੱਗੇ ਇੱਕ ਬਾਗ ਬਗੀਚਾ ਲਾ ਦਿੱਤਾ ਗਿਆ ਸੀ। ਇਹ ਸਭ ਕੁਝ ਮੈਂ ਆਪਣੀ ਅੱਖੀਂ ਵੇਖਿਆ ਹੋਇਆ ਹੈ। ਮੈਂ ਓਦੋਂ ਛੇਵੀਂ ਵਿਚ ਪੜ੍ਹਦਾ ਸੀ। ਬਾਪੂ ਜੀ ਸਾਰਾ ਦਿਨ ਖ਼ੂਹ ‘ਤੇ ਹੀ ਰਹਿੰਦੇ। ਸ਼ਾਮ ਨੂੰ ਧਾਰਾਂ ਕੱਢ ਕਢਾ ਦੁੱਧ ਦੀ ਬਾਲਟੀ ਲੈ ਪਿੰਡ ਪਰਤਦੇ। ਉਨ੍ਹਾਂ ਦਾ ਖ਼ੂਹ ਨਾਲ ਮੋਹ ਏਨਾਂ ਸੀ ਕਿ ਜੇਠ ਹਾੜ ਦੀਆਂ ਤਪਦੀਆਂ, ਤੱਤੀਆਂ ਲੋਆਂ ਵੀ ਉੱਥੇ ਹੀ ਗੁਜ਼ਾਰਦੇ। ਉਨ੍ਹਾਂ ਕੋਲ ਸਿਰਫ਼ ਸਾਂਝੀ ਤੇ ਕਾਮੇ ਹੁੰਦੇ। ਓਦੋਂ ਤੱਕ ਮੈਂ ਸਾਈਕਲ ਚਲਾਉਣਾ ਸਿੱਖ ਲਿਆ ਹੋਇਆ ਸੀ। ਮੇਰੀ ਡਿਊਟੀ ਹੁੰਦੀ ਦੁਪਹਿਰ ਦੀ ਰੋਟੀ ਉੱਥੇ ਪਹੁੰਚਾਉਣੀ ਹੈ। ਮੈਂ ਸਾਈਕਲ ਚਲਾਉਣ ਦੇ ਡੁੱਲ੍ਹ-ਡੁੱਲ੍ਹ ਪੈਂਦੇ ਚਾਅ ਨਾਲ ਸ਼ੂਟਾਂ ਵੱਟ ਲੈਂਦਾ। ਖ਼ੂਹ ਤੋਂ ਮੀਲ ਕੁ ਦੀ ਵਿੱਥ ‘ਤੇ ਪੱਛਮ ਵੱਲ ਸਿਆਲਕੋਟ ਪਸਰੂਰ ਸੜਕ ‘ਤੇ ਟਾਂਗੇ ਜਾਂਦੇ-ਆਉਂਦੇ ਨਜ਼ਰੀਂ ਪੈਂਦੇ। ਬੱਸ ਤਾਂ ਟਾਵੀਂ ਟੱਲੀ ਹੀ ਲੰਘਦੀ ਹੁੰਦੀ ਸੀ। ਉੱਤਰ ਵੱਲ ਕੋਈ ਦੋ ਕੋਹ ਦੂਰੀ ‘ਤੇ ਸਿਆਲਕੋਟ-ਅੰਮ੍ਰਿਤਸਰ ਰੇਲਵੇ ਲਾਈਨ ‘ਤੇ ਗੱਡੀਆਂ ਜਾਂਦੀਆਂ-ਆਉਂਦੀਆਂ ਦਿਸਦੀਆਂ। ਇਸ ਰੇਲ ਮਾਰਗ ‘ਤੇ ਹੀ ਸਾਡੇ ਪਿੰਡ ‘ਗੁੰਨਾਂ ਕਲਾਂ’ ਦਾ ਪਹਿਲਾ ਰੇਲਵੇ ਸਟੇਸ਼ਨ ਸੀ।
ਵੱਡੇ ਭਾਜੀ ਨੂੰ ਖੇਡਾਂ ਦਾ ਜਨੂੰਨੀ ਸ਼ੌਕ ਸੀ। ਮਰੇ ਕਾਲਜ ਸਿਆਲਕੋਟ ਪੜ੍ਹਦੇ ਹੁੰਦੇ ਸੀ। ਉਨ੍ਹਾਂ ਨੇ ਖ਼ੂਹ ਨਾਲ ਲੱਗਦੀ ਪੈਲੀ ਵਿਚ ਛਾਲਾਂ ਮਾਰਨ ਤੇ ਗੋਲਾ ਸੁੱਟਣ ਦੇ ਜੁਗਾੜ ਬਣਾਏ ਹੋਏ ਸਨ। ਮੈਂ ਵੀ ਨਾਲ ਹੀ ਫਿਰਦਾ, ਹਿੱਸਾ ਲੈਂਦਾ ਰਹਿੰਦਾ। ਮੈਨੂੰ ਦਰਅਸਲ ਖੇਡਾਂ ਦੀ ਚੇਟਕ ਵਰਗਾ ਸ਼ੌਕ ਉੱਥੋਂ ਹੀ ਲੱਗ ਗਿਆ ਸੀ। ਜਦੋਂ ਉਨ੍ਹਾਂ ਦੇ ਕਾਲਜ ਦੀਆਂ ਸਾਲਾਨਾ ਖੇਡਾਂ ਹੋਣੀਆਂ ਹੁੰਦੀਆਂ ਉਹ ਉਨ੍ਹਾਂ ਬਾਰੇ ਗੱਲਾਂ ਆਮ ਹੀ ਮੇਰੇ ਨਾਲ ਕਰਦੇ ਰਹਿੰਦੇ। ਬਲਕਾਰ, ਉੱਗੋਕਿਆਂ ਦਾ ਦਲਜੀਤ ਦੌੜਾਕ ਨਿਰਾ ਅੱਗ ਦੀ ਨਾੜ ਈ! ਹਵਾ ਨੂੰ ਗੰਢਾਂ ਦੇਂਦਾ ਜਾਂਦਾ ਈ! ਕਿਸੇ ਨੂੰ ਡਾਹੀ ਨਹੀਂ ਦੇਂਦਾ। ਮੇਰਾ ਮਨ ਵੀ ਇਹੋ ਜਿਹੇ ਖਿਡਾਰੀਆਂ ਨੂੰ ਵੇਖਣ ਲਈ ਮਚਲ ਉੱਠਦਾ। ਮੈਂ ਸਕੂਲੋਂ ਫਰਲੋ ਮਾਰ, ਕਲਾਸਾਂ ਤੋਂ ਭਗੌੜਾ ਹੋ ਜਾਂਦਾ। ਦੋ ਮੀਲ ਅੱਗੇ ਸਾਈਕਲ ‘ਤੇ ਕਾਲਜ ਪਹੁੰਚ ਜਾਂਦਾ। ਖੇਡਾਂ ਵੇਖਦਿਆਂ ਸਾਨੂੰ ਘਰ ਮੁੜਨ ਵਿਚ ਦੇਰ ਹੋ ਜਾਂਦੀ। ਜਦੋਂ ਹਨੇਰੇ ਪਏ ‘ਤੇ ਲੇਟ ਘਰ ਪਹੁੰਚਦੇ। ਫੌਜੀ ਬਾਪੂ ਦੀਆਂ ਝਿੜਕਾਂ ਨੀਵੀਂ ਪਾ ਸਹਿੰਦੇ ਪਰ ਗੌਲ਼ਦੇ ਕੁਝ ਨਾ। ਇਸ ਤਰ੍ਹਾਂ ਖੇਡਾਂ ਦਾ ਲਗਾਅ ਮਨ ਵਿਚ ਪਨਪਦਾ ਰਿਹਾ। ਜੋ ਪਿੱਛੋਂ ਇੱਕ ਵੱਡਾ ਇਸ਼ਕ ਬਣ ਪੰਜਾਬ ਯੂਨੀਵਰਸਿਟੀ ਦਾ ਚੈਂਪੀਅਨ ਬਣ ਚਮਕਿਆ।
ਇਸ ਖੂਹ ਨਾਲ ਬਾਪੂ ਜੀ ਦਾ ਅੰਤਾਂ ਦਾ ਮੋਹ ਸੀ। ਜਿਸ ਦਾ ਬਿਆਨ ਕਰਨਾ ਔਖੈ! ਇਹ ਉਨ੍ਹਾਂ ਦੀ ਆਪਣੀ ਜ਼ਿੰਦਗੀ ਦੀ ਬਹੁਤ ਵੱਡੀ ਪਿਆਰੀ ਯੋਜਨਾ ਸੀ। ਜਿਹੜੀ ਪੰਜਾਬ ਦੇ ਉਜਾੜੇ ਦੇ ਨਾਲ ਹੀ ਉਜੜ ਗਈ। ਏਧਰ ਆ ਕੇ ਇਸ ਖ਼ੂਹ ਦੀਆਂ ਬਾਤਾਂ ਉਹ ਸਾਰੀ ਉਮਰ ਪਾਉਂਦੇ ਰਹੇ। ਜਦੋਂ ਵੀ ਏਧਰ ਪਿੰਡਾਂ, ਪੈਲੀਆਂ, ਬੰਬੀਆਂ ਦੀ ਗੱਲ ਛਿੜਦੀ ਉਹ ਆਪਣੇ ਖ਼ੂਹ ਦੀ ਕਹਾਣੀ ਛੋਹ ਲੈਂਦੇ। ਵਿਸ਼ੇਸ਼ ਤੌਰ ‘ਤੇ ਜਦੋਂ ਏਧਰ ਦੀਆਂ ਜ਼ਮੀਨਾਂ ਵਿਚ ਬੋਰ ਹੋਣ ਲੱਗੇ, ਬੰਬੀਆਂ ਲੱਗ ਗਈਆਂ ਅਤੇ ਟਰੈਕਟਰ ਦਗੜ-ਦਗੜ ਕਰਦੇ ਗਲੀਆਂ ‘ਚੋਂ ਮੱਘੇ ਕੱਢਦੇ ਲੰਘਦੇ ਵੇਖਦੇ ਸੁਣਦੇ। ਉਦੋਂ ਤਾਂ ਉਨ੍ਹਾਂ ਨੂੰ ਆਪਣੇ ਖ਼ੂਹ ਦਾ ਸੁਪਨਾ ਹੋਰ ਵੀ ਤੜਪਾਉਂਦਾ ਤੇ ਯਾਦ ਆਉਂਦਾ। ਭਾਵ ਹਰ ਘੜੀ, ਪਲ ਉਹਨੂੰ ਯਾਦ ਕਰਦੇ ਰਹੇ। ਏਦਾਂ ਦੀ ਮਾਨਸਿਕਤਾ ਹੰਢਾਉਂਦੇ, ਭੋਗਦੇ ਆਖਿਰ ਉਮਰ ਮੁੱਕ ਗਈ, ਜੋ ਮੁੱਕਣੀ ਹੀ ਸੀ! ਉਹ 92 ਕੁ ਸਾਲ ਦੀ ਉਮਰ ਭੋਗ ਇਸ ਫਾਨੀ ਦੁਨੀਆਂ ਤੋਂ ਚਲੇ ਗਏ ਪਰ ਸਾਨੂੰ ਯਾਦ ਰੱਖਣ ਵਾਸਤੇ ਆਪਣੇ ਸੁਪਨੇ ਤੇ ਸਿਆਣਪਾਂ ਸੌਂਪ ਗਏ।