‘ਤਨਹਾ ਚਾਂਦ` ਮੀਨਾ ਕੁਮਾਰੀ

ਪਰਮਜੀਤ ਸਿੰਘ ਨਿੱਕੇ ਘੁੰਮਣ
ਇਸ ਵਿਚ ਕੋਈ ਸ਼ੱਕ ਨਹੀਂ ਕਿ ਜ਼ਿਆਦਾਤਰ ਸਿਨੇਮਾ ਪ੍ਰੇਮੀ ਮੀਨਾ ਕੁਮਾਰੀ ਨੂੰ ਬਾਕਮਾਲ ਅਦਾਕਾਰਾ ਵਜੋਂ ਜਾਣਦੇ ਹਨ ਅਤੇ ਉਸ ਦੀ ਦਿਲ ਨੂੰ ਧੂਹ ਪਾਉਣ ਵਾਲੀ ਅਦਾਕਾਰੀ ਦੇ ਮੁਰੀਦ ਹਨ। ਬਹੁਤ ਘੱਟ ਲੋਕ ਜਾਣਦੇ ਹਨ ਕਿ ਮੀਨਾ ਕੁਮਾਰੀ ਪਾਏਦਾਰ ਸ਼ਾਇਰਾ ਵੀ ਸੀ ਤੇ ਉਸ ਦੇ ਸ਼ਿਅਰ ਉਸ ਦੇ ਦਿਲ ਦੇ ਜ਼ਖ਼ਮਾਂ `ਚੋਂ ਰਿਸਦੇ ਜਜ਼ਬਾਤ ਦੇ ਲਹੂ ਦੀ ਗਵਾਹੀ ਭਰਦੇ ਹਨ।

31 ਮਾਰਚ 1971 ਨੂੰ ਇਸ ਫ਼ਾਨੀ ਜਹਾਨ ਨੂੰ ਅਲਵਿਦਾ ਆਖ ਕੇ ਤੁਰ ਜਾਣ ਵਾਲੀ ਮਹਿਜ਼ਬੀਂ ਉਰਫ਼ ਮੀਨਾ ਕੁਮਾਰੀ ਨੇ ਆਪਣੀ ਮੌਤ ਤੋਂ ਠੀਕ ਇੱਕ ਸਾਲ ਪਹਿਲਾਂ ਸ਼ਾਇਰ ਗੁਲਜ਼ਾਰ ਦੀ ਮਦਦ ਨਾਲ ਆਪਣੀ ਸ਼ਾਇਰੀ ਦਾ ਸੰਗ੍ਰਹਿ ‘ਤਨਹਾ ਚਾਂਦ` ਸਿਰਲੇਖ ਹੇਠ ਛਪਵਾਇਆ ਸੀ ਜੋ ਉਸ ਦੀ ਬੌਲੀਵੁੱਡ ਦੀ ਚਮਕ-ਦਮਕ ਅਤੇ ਸ਼ੁਹਰਤ ਭਰੀ ਜ਼ਿੰਦਗੀ ਦੇ ਪਿੱਛੇ ਲੁਕੀ ਉਸ ਦੀ ਤਨਹਾਈ ਨੂੰ ਬਿਆਨ ਕਰ ਗਿਆ।
ਉਸ ਨੂੰ ਨਾ ਕੇਵਲ ਉਸ ਦੇ ਸ਼ੌਹਰ ਜਨਾਬ ਕਮਾਲ ਅਮਰੋਹੀ ਨੇ ਹੀ ਤਿਆਗ ਦਿੱਤਾ ਸੀ ਸਗੋਂ ਅਦਾਕਾਰ ਧਰਮਿੰਦਰ, ਨਿਰਦੇਸ਼ਕ ਸਾਵਨ ਕੁਮਾਰ ਅਤੇ ਸ਼ਾਇਰ, ਲੇਖਕ ਤੇ ਨਿਰਦੇਸ਼ਕ ਗੁਲਜ਼ਾਰ ਨੇ ਵੀ ਉਸ ਨੂੰ ਚੰਦ ਦਿਨਾਂ ਦੀ ਮੁਹੱਬਤ ਦੇ ਸੁਫਨੇ ਦਿਖਾ ਕੇ ਫਿਰ ਇਕੱਲੀ ਛੱਡ ਦਿੱਤਾ ਸੀ। ਉਸ ਦੀ ਜ਼ਿੰਦਗੀ ਦੇ ਆਖ਼ਰੀ ਪਲ ਤਨਹਾਈ ਦੀ ਆਗ਼ੋਸ਼ ਵਿਚ ਹੀ ਗੁਜ਼ਰੇ ਸਨ। ਉਸ ਨੇ ਆਪਣੀ ਤਨਹਾਈ ਬਿਆਨਦਿਆਂ ਲਿਖਿਆ ਸੀ:
ਜ਼ਿੰਦਗੀ ਕਿਆ ਇਸੀ ਕੋ ਕਹਿਤੇ ਹੈਂ
ਜਿਸਮ ਤਨਹਾ ਔਰ ਜਾਨ ਤਨਹਾ।
ਹਮਸਫ਼ਰ ‘ਗਰ ਮਿਲਾ ਭੀ ਕੋਈ ਕਹੀਂ
ਤੋ ਦੋਨੋ ਚਲਤੇ ਰਹੇ ਤਨਹਾ-ਤਨਹਾ।
ਰਾਹ ਦੇਖਾ ਕਰੋਗੇ ਸਦੀਓਂ ਤਲਕ
ਛੋੜ ਜਾਏਂਗੇ ਯੇ ਜਹਾਂ ਤਨਹਾ।
ਮੀਨਾ ਕੁਮਾਰੀ ਸਿਰਫ਼ 36 ਸਾਲ ਜਿਊਂਦੀ ਰਹੀ। ਬਚਪਨ ਗ਼ੁਰਬਤ ਦੀਆਂ ਠੋਕਰਾਂ ਵਿਚ ਬੀਤਿਆ ਸੀ ਤੇ ਗੁੱਡੀਆਂ-ਪਟੋਲਿਆਂ ਨਾਲ ਖੇਡਣ ਦੀ ਉਮਰੇ ਉਸ ਨੂੰ ਘਰ ਦਾ ਗੁਜ਼ਾਰਾ ਤੋਰਨ ਲਈ ਫਿਲਮਾਂ ਵਿਚ ਬਤੌਰ ਬਾਲ ਕਲਾਕਾਰ ਕੰਮ ਕਰਨਾ ਪਿਆ। ਬਤੌਰ ਸਹਿ-ਨਾਇਕਾ ‘ਸਨਮ`, ‘ਮਗਰੂਰ`, ‘ਪੀਆ ਘਰ ਆ ਜਾ` ਆਦਿ ਫਿਲਮਾਂ ਕਰਨ ਪਿੱਛੋਂ ਮੀਨਾ ਨੇ ਬਤੌਰ ਨਾਇਕਾ ਫਿਲਮ ‘ਬੈਜੂ ਬਾਵਰਾ` ਕੀਤੀ ਤੇ ਆਪਣੀ ਬਿਹਤਰੀਨ ਕਲਾਕਾਰੀ ਸਦਕਾ ਬਿਹਤਰੀਨ ਅਦਾਕਾਰਾ ਦਾ ਫਿਲਮ ਫੇਅਰ ਐਵਾਰਡ ਹਾਸਲ ਕਰਨ ਵਿਚ ਕਾਮਯਾਬ ਰਹੀ। ਉਸ ਨੇ ‘ਬੇਨਜ਼ੀਰ`, ‘ਦਾਇਰਾ`, ‘ਪਰਿਣੀਤਾ`, ‘ਸ਼ਾਰਦਾ`, ‘ਏਕ ਹੀ ਰਾਸਤਾ`, ‘ਸਾਹਿਬ ਬੀਵੀ ਔਰ ਗੁਲਾਮ`, ‘ਦਿਲ ਅਪਨਾ ਔਰ ਪ੍ਰੀਤ ਪਰਾਈ`, ‘ਕਾਜਲ`, ‘ਆਰਤੀ`, ‘ਮੈਂ ਚੁੱਪ ਰਹੂੰਗੀ`, ‘ਪਾਕੀਜ਼ਾ` ਆਦਿ ਸ਼ਾਹਕਾਰ ਫਿਲਮਾਂ ਕਰ ਕੇ ਕਈ ਐਵਾਰਡ ਵੀ ਜਿੱਤੇ ਤੇ ਲੱਖਾਂ ਦਰਸ਼ਕਾਂ ਦੇ ਦਿਲ ਜਿੱਤਣ ਵਿਚ ਵੀ ਕਾਮਯਾਬ ਰਹੀ।
ਆਪਣੇ 33 ਸਾਲ ਦੇ ਫਿਲਮੀ ਕਰੀਅਰ ਵਿਚ ਉਸ ਨੇ ਕੁਲ 92 ਕੁ ਫਿਲਮਾਂ ਵਿਚ ਕੰਮ ਕੀਤਾ ਸੀ। ਮੀਨਾ ਮੰਨਦੀ ਸੀ ਕਿ ਉਸ ਦੀ ਜ਼ਿੰਦਗੀ ਵੀਰਾਨਗੀ ਤੇ ਫਿੱਕੇਪਣ ਨਾਲ ਭਰੀ ਹੋਈ ਸੀ; ਉਸ ਨੇ ਲਿਖਿਆ ਸੀ:
ਤੁਮ ਕਿਆ ਕਰੋਗੇ ਸੁਨ ਕਰ ਮੁਝ ਸੇ ਮੇਰੀ ਕਹਾਨੀ।
ਬੇਲੁਤਫ਼ ਜ਼ਿੰਦਗੀ ਕੇ ਕਿੱਸੇ ਹੈਂ ਫੀਕੇ-ਫੀਕੇ।

ਕਹਾਂ ਸ਼ੁਰੂ ਹੂਏ ਯੇ ਸਿਲਸਿਲੇ ਕਹਾਂ ਟੂਟੇ
ਨਾ ਇਸ ਸਿਰੇ ਕਾ ਪਤਾ ਨਾ ਵੋ ਸਿਰਾ ਮਾਲੂਮ।
ਉਹ ਆਪਣੇ ਦਿਲ ਦੇ ਵੀਰਾਨ ਵਿਚ ਬਹਾਰ ਦੀ ਉਡੀਕ ਕਰਦੀ ਸੀ। ਉਸ ਨੂੰ ਸ਼ਾਇਦ ਆਸ ਸੀ ਜਾਂ ਉਸ ਦੀ ਖ਼ਾਹਿਸ਼ ਸੀ ਕਿ ਉਸ ਦੇ ਬੇਕਰਾਰ ਦਿਲ ਨੂੰ ਤੇ ਬੇਚੈਨ ਰੂਹ ਨੂੰ ਕਰਾਰ ਦੇਣ ਸ਼ਾਇਦ ਕੋਈ ਆਏਗਾ ਪਰ ਬਦਕਿਸਮਤੀ ਇਹ ਰਹੀ ਕਿ ਉਸ ਦੀ ਬੇਕਰਾਰ ਰੂਹ ਇਸ ਜਹਾਨ ਤੋਂ ਤੁਰ ਗਈ। ਕਰਾਰ ਦੇਣ ਵਾਲਾ ਕੋਈ ਵੀ ਨਾ ਬਹੁੜਿਆ ਤੇ ਸਾਰੇ ਰਿਸ਼ਤੇ ਮਤਲਬੀ ਨਿਕਲੇ। ਮੀਨਾ ਨੇ ਲਿਖਿਆ:
ਯੂੰ ਤੇਰੀ ਰਹਿਗੁਜ਼ਰ ਸੇ ਦੀਵਾਨਾ-ਵਾਰ ਗੁਜ਼ਰੇ
ਕੰਧੇ ਪੇ ਅਪਨੇ ਰਖ ਕੇ ਅਪਨਾ ਮਜ਼ਾਰ ਗੁਜ਼ਰੇ।
ਬੈਠੇ ਹੈਂ ਰਸਤੇ ਮੇਂ ਦਿਲ ਕਾ ਖਾਨਦਾਰ ਸਜਾ ਕਰ
ਸ਼ਾਇਦ ਇਸੀ ਤਰਫ਼ ਸੇ ਏਕ ਦਿਨ ਬਹਾਰ ਗੁਜ਼ਰੇ।

ਤੇਰੇ ਕਦਮੋਂ ਕੀ ਆਹਟ ਕੋ ਯੇ ਦਿਲ ਢੂੰਢਤਾ ਹੈ ਹਰ ਦਮ
ਹਰ ਏਕ ਆਵਾਜ਼ ਪਰ ਏਕ ਥਰਥਰਾਹਟ ਹੋਤੀ ਜਾਤੀ ਹੈ।
ਬੇਵਫ਼ਾਈ ਤੇ ਬੇਰੁਖੀ ਦੇ ਦਰਦ ਨੂੰ ਮਹਿਸੂਸ ਕਰਦਿਆਂ ਮੀਨਾ ਨੇ ਲਿਖਿਆ ਸੀ:
ਖ਼ੁਦਾ ਕੇ ਵਾਸਤੇ ਗ਼ਮ ਕੋ ਭੀ ਤੁਮ ਨਾ ਬਹਿਲਾਓ
ਇਸੇ ਤੋ ਰਹਿਨੇ ਦੋ ਮੇਰਾ, ਯਹੀ ਤੋ ਮੇਰਾ ਹੈ।

ਉਦਾਸੀਓਂ ਨੇ ਮੇਰੀ ਆਤਮਾ ਕੋ ਘੇਰਾ ਹੈ
ਰੂਪਹਿਲੀ ਚਾਂਦਨੀ ਹੈ ਔਰ ਘਨਾ ਅੰਧੇਰਾ ਹੈ।
ਪੰਜਾਬੀ ਦੇ ਪ੍ਰਸਿੱਧ ਸ਼ਾਇਰ ਤੇ ਨਿੱਕੀ ਉਮਰੇ ਹੀ ਵੱਡੇ ਦਰਦ ਹੰਢਾਉਣ ਵਾਲੇ ਤੇ ‘ਬਿਰਹਾ ਦਾ ਸੁਲਤਾਨ` ਦਾ ਲਕਬ ਹਾਸਲ ਕਰ ਕੇ ਇਸ ਜਹਾਨ ਤੋਂ ਰੁਖ਼ਸਤ ਹੋ ਜਾਣ ਵਾਲੇ ਸ਼ਿਵ ਕੁਮਾਰ ਬਟਾਲਵੀ ਵਾਂਗ ਹੀ ਅਧੂਰੀ ਮੁਹੱਬਤ ਦੇ ਅਹਿਸਾਸ ਵਿਚ ਡੁੱਬੀ ਮੀਨਾ ਕੁਮਾਰੀ ਵੀ ਸ਼ਿਵ ਵਾਂਗ ਮੁਹੱਬਤ ਨੂੰ ਮੌਤ ਨਾਲ ਜੋੜ ਕੇ ਦੇਖਦੀ ਸੀ। ਮੌਤ ਦੀ ਆਗ਼ੋਸ਼ ਵਿਚ ਸਮਾਉਣ ਦੀ ਚਾਹਤ ਪ੍ਰਗਟਾਉਂਦਿਆਂ ਮੀਨਾ ਨੇ ਕਿਹਾ ਸੀ:
ਮੌਤ ਕਹਿ ਲੋ, ਜੋ ਮੁਹੱਬਤ ਨਹੀਂ ਕਹਿਨੇ ਪਾਓ
ਉਸੀ ਕਾ ਨਾਮ ਮੁਹੱਬਤ ਹੈ, ਜਿਸ ਕਾ ਨਾਮ ਮੌਤ ਹੈ।
ਮੀਨਾ ਦੀ ਅਦਾਕਾਰੀ ਅਤੇ ਸ਼ਾਇਰੀ ਤਾਂ ਪੂਰੀ ਸੀ ਪਰ ਉਸ ਦੀ ਮੁਹੱਬਤ ਅਧੂਰੀ ਸੀ। ਆਪਣੀ ਮੁਹੱਬਤ ਦੇ ਅਧੂਰੇਪਣ ਨੂੰ ਬਿਆਨ ਕਰਦਿਆਂ ਉਹ ਯਾਦ ਕਰਨ ਦੀ ਕੋਸ਼ਿਸ਼ ਕਰਦੀ ਸੀ ਕਿ ਮੁਹੱਬਤ ਵਿਚ ਆਖ਼ਿਰ ਕਮੀ ਕਿੱਥੇ ਰਹਿ ਗਈ ਸੀ? ਉਸ ਦੇ ਬੋਲ ਹਨ:
ਆਹ! ਰੂਹ ਬੋਝਲ-ਬੋਝਲ
ਕਹਾਂ ਪੇ ਹਾਥ ਸੇ ਕੁਛ ਛੂਟ ਗਿਆ, ਯਾਦ ਨਹੀਂ।