ਪਰਮਜੀਤ ਢੀਂਗਰਾ
ਫੋਨ: +91-94173-58120
ਚਿੱਤਰਕਲਾ ਰੰਗਾਂ, ਲੀਕਾਂ, ਖਾਕਿਆਂ ਤੇ ਕੈਨਵਸ ਦੀ ਸੀਮਾ ਵਿਚ ਅਰਥ ਸੰਚਾਰ ਕਰਨ ਵਾਲਾ ਵਿਲੱਖਣ ਜਗਤ ਹੋਣ ਕਰ ਕੇ ਚਿੱਤਰਾਂ ਦੀ ਵਿਆਖਿਆ ਕਈ ਦ੍ਰਿਸ਼ਟੀਆਂ ਤੋਂ ਕੀਤੀ ਜਾਂਦੀ ਹੈ। ਪੰਜਾਬੀ ਵਿਚ ਇਹ ਕੰਮ ਕਰਨ ਦਾ ਮੁੱਢ ਉੱਘੇ ਕਵੀ ਜਗਤਾਰਜੀਤ ਸਿੰਘ ਨੇ ਬੰਨਿ੍ਹਆ ਹੈ। ਉਸ ਨੇ ਹੱਥਲੀ ਕਿਤਾਬ ‘ਚਿੱਤਰਕਾਰ ਕਿਰਪਾਲ ਸਿੰਘ` (ਕੀਮਤ 350 ਰੁਪਏ; ਭੁਜੰਗੀ ਪ੍ਰਕਾਸ਼ਨ, ਸ੍ਰੀ ਅੰਮ੍ਰਿਤਸਰ) ਵਿਚ ਉੱਘੇ ਚਿੱਤਰਕਾਰ ਸ. ਕਿਰਪਾਲ ਸਿੰਘ ਦੇ ਇਤਿਹਾਸਕ ਚਿੱਤਰਾਂ ਦੀ ਵਿਆਖਿਆ ਸਮੁੱਚੇ ਰੂਪ ਵਿਚ ਕਰਨ ਦਾ ਯਤਨ ਕੀਤਾ ਹੈ।
ਕਿਰਪਾਲ ਸਿੰਘ ਸਵੈ-ਸਿੱਖਿਅਤ ਚਿੱਤਰਕਾਰ ਸੀ। ਰੰਗਾਂ, ਚਿੱਤਰਕਲਾ ਦੀਆਂ ਬਾਰੀਕੀਆਂ ਬਾਰੇ ਉਸ ਨੂੰ ਕੋਈ ਤਕਨੀਕੀ ਜਾਣਕਾਰੀ ਨਹੀਂ ਸੀ ਪਰ ਉਸ ਨੂੰ ਇਤਿਹਾਸ ਦੇ ਪਿਛੋਕੜ ਵਿਚੋਂ ਦ੍ਰਿਸ਼ ਨੂੰ ਫਰੀਜ਼ ਕਰ ਕੇ ਚਿੱਤਰਨ ਵਿਚ ਮੁਹਾਰਤ ਹਾਸਲ ਸੀ। ਸਿੱਖ ਅਰਦਾਸ ਵਿਚ ਸ਼ਹੀਦੀ ਸਾਕਿਆਂ, ਪੁਰਖਿਆਂ ਤੇ ਉਨ੍ਹਾਂ ਦੀਆਂ ਕੁਰਬਾਨੀਆਂ ਨੂੰ ਸਮੂਰਤ ਰੂਪ ਵਿਚ ਚਿਤਰਨ ਦਾ ਉਪਰਾਲਾ ਕਿਰਪਾਲ ਸਿੰਘ ਨੇ ਕੀਤਾ ਹੈ ਜੋ ਕਿਸੇ ਹੋਰ ਚਿੱਤਰਕਾਰ ਦੇ ਹਿੱਸੇ ਨਹੀਂ ਆਇਆ। ਉਸ ਬਾਰੇ ਲੇਖਕ ਲਿਖਦਾ ਹੈ: ‘ਚਿੱਤਰਕਾਰ ਕਿਰਪਾਲ ਸਿੰਘ ਦਾ ਕੰਮ ਵਿਲੱਖਣ ਹੈ ਕਿਉਂਕਿ ਉਹਦਾ ਵਿਸ਼ਾ, ਚੋਣ ਤੇ ਨਿਭਾਅ ਵਿਲੱਖਣ ਹੈ। ਚੋਣ ਪ੍ਰਤੀ ਉਹਦੀ ਇਕਾਗਰਤਾ ਇਸ ਨੂੰ ਗੂੜ੍ਹਾ ਕਰਦੀ ਹੈ। ਸਿੱਖ ਗੁਰੂਆਂ, ਗੁਰਸਿੱਖਾਂ, ਸ਼ਹੀਦਾਂ, ਯੋਧਿਆਂ ਪ੍ਰਤੀ ਉਹਦੇ ਮਨ ਵਿਚ ਅਕੀਦਤ ਹੈ। ਇਸ ਦੀ ਖੁਸ਼ਬੋ ਚਿੱਤਰ ਦੇਖਦਿਆਂ ਹੀ ਆ ਜਾਂਦੀ ਹੈ। ਇਹਦੇ ਇਲਾਵਾ ਦੇਸ਼-ਕਾਲ ਤੇ ਚਿੱਤਰ ਦੇ ਲੋੜੀਂਦੇ ਨੇਮਾਂ ਨੂੰ ਉਸਨੇ ਆਪਣੀਆਂ ਅੱਖਾਂ ਤੋਂ ਓਹਲੇ ਨਹੀਂ ਹੋਣ ਦਿੱਤਾ। ਉਸਨੇ ਛੋਟੇ ਕੈਨਵਸ ਤੋਂ ਲੈ ਕੇ ਅਤਿ ਵੱਡੇ ਕੈਨਵਸ ਉਪਰ ਕੰਮ ਕੀਤਾ ਹੈ।`
ਕਿਰਪਾਲ ਸਿੰਘ ਦੀ ਕਲਾ ਵਿਚ ਨਿਖਾਰ ਉਸ ਸਮੇਂ ਆਇਆ ਜਦੋਂ ਉਹਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਮਿਊਜ਼ੀਅਮ ਲਈ ਪ੍ਰਮੁੱਖ ਸ਼ਹੀਦਾਂ, ਯੋਧਿਆਂ, ਸਿੱਖਾਂ ਦੇ ਚਿੱਤਰ ਪੇਂਟ ਕਰਨ ਲਈ ਸੱਦਾ ਮਿਲਿਆ। ਨਵੰਬਰ 1962 ਵਿਚ ਉਸ ਨੇ ਅਲਵਿਦਾ ਕਹਿ ਦਿੱਤੀ।
ਕਿਰਪਾਲ ਸਿੰਘ ਦੇ ਕਿਰਦਾਰ ਤਤਕਾਲੀ ਵਾਤਾਵਰਨ ਵਿਚੋਂ ਨਹੀਂ ਉਪਜੇ ਸਗੋਂ ਉਹ ਇਤਿਹਾਸਕ ਖਾਸੇ ਵਾਲੇ ਹਨ। ਉਸ ਨੇ ਸਿੱਖ ਇਤਿਹਾਸ ਦੇ ਚਿਹਰਿਆਂ ਨੂੰ ਬੜੀ ਬਾਰੀਕੀ ਨਾਲ ਚਿਤਰਦਿਆਂ ਉਨ੍ਹਾਂ ਵਿਚ ਚੜ੍ਹਦੀ ਕਲਾ ਤੇ ਸਰਬੱਤ ਦੇ ਭਲੇ ਵਾਲੇ ਸੰਕਲਪ ਨੂੰ ਅਚੇਤ ਰੂਪ ਵਿਚ ਪੇਸ਼ ਕੀਤਾ ਹੈ।
ਲੇਖਕ ਦਾ ਕਥਨ ਹੈ: ‘ਕਿਰਪਾਲ ਸਿੰਘ ਦੀ ਵੱਡੀ ਪ੍ਰਾਪਤੀ ਕਿਰਦਾਰਾਂ ਨੂੰ ਮੰਨਣਯੋਗ ਤੇ ਭਰੋਸੇਯੋਗ ਰੂਪ ਦੇਣਾ ਹੈ। ਉਹ ਕਿਰਦਾਰਾਂ ਨੂੰ ਇੱਕ-ਰੰਗੀ ਨਹੀਂ ਬਣਾਉਂਦਾ, ਨਾ ਹੀ ਉਨ੍ਹਾਂ ਨੂੰ ਪੂਜਣਯੋਗ ਬਣਾਉਂਦਾ ਹੈ। ਉਹਦੇ ਕਿਰਦਾਰ ਤਗੜੇ ਜੁੱਸੇ ਵਾਲੇ ਬਲਸ਼ਾਲੀ ਹਨ। ਉਹ ਕਿਸੇ ਵੀ ਉਮਰ ਦੇ ਹੋਣ, ਇਹ ਮਾਇਨੇ ਨਹੀਂ ਰੱਖਦਾ। ਨਾਮ ਤੇ ਯੁੱਧ ਦਾ ਅਭਿਆਸ ਵਿਅਕਤੀ ਨੂੰ ਬੇਨੇਮੀ, ਅਧਰਮੀ ਚਾਲਾਂ ਖiLਲਾਫ਼ ਖੜ੍ਹੇ ਹੋਣ ਦੀ ਹਿੰਮਤ ਦਿੰਦਾ ਹੈ। ਹੱਕ, ਸੱਚ ਤੇ ਸਵੈਮਾਣ ਲਈ ਲੜਨਾ, ਲੜ ਕੇ ਮਰਨ ਦੀ ਪਿਰਤ ਸਿੱਖ ਧਰਮ ਦਾ ਅਹਿਮ ਹਿੱਸਾ ਹੈ।`
ਕਿਰਪਾਲ ਸਿੰਘ ਦੀ ਕਲਾ ਦਾ ਇੱਕ ਹੋਰ ਨਿਵੇਕਲਾ ਪੱਖ ਹੈ ਕਿ ਉਹ ਬਿਰਤਾਂਤ ਦੇ ਉਸ ਮਹੱਤਵਪੂਰਨ ਪਲ ਨੂੰ ਚੁਣਦਾ ਹੈ ਜੋ ਸਭ ਤੋਂ ਪ੍ਰਭਾਵਸ਼ਾਲੀ ਹੋ ਸਕਦਾ ਹੈ।
ਕਿਰਪਾਲ ਸਿੰਘ ਨੇ ਬਹੁ-ਕਥਾ ਚਿੱਤਰਨ ਦੀ ਥਾਂ ਇੱਕ ਚਿੱਤਰ ਵਿਚ ਇੱਕ ਕਥਾ ‘ਤੇ ਫੋਕਸ ਕੀਤਾ ਹੈ। ਉਸ ਨੇ ਦਰਸ਼ਕ ਦੀ ਚੇਤਨਾ ਵਿਚ ਪਹਿਲਾਂ ਤੋਂ ਹੀ ਮੌਜੂਦ ਇਤਿਹਾਸਕ ਕਥਾ ਦੇ ਕੁਝ ਉਭਾਰ ਪੇਸ਼ ਕਰਕੇ ਕੁਝ ਲੁਕਾ ਲਏ ਹਨ। ਇਹੀ ਕਲਾ ਦਾ ਕਮਾਲ ਹੈ।
ਇਸ ਕਿਤਾਬ ਵਿਚ ਭਾਈ ਘਨ੍ਹੱਈਆ, ਸਾਕਾ ਸਰਹਿੰਦ, ਭਾਈ ਮਨੀ ਸਿੰਘ, ਭਾਈ ਤਾਰੂ ਸਿੰਘ, ਬਾਬਾ ਦੀਪ ਸਿੰਘ, ਬਾਬਾ ਬੰਦਾ ਸਿੰਘ ਬਹਾਦਰ, ਭਾਈ ਸੁਬੇਗ ਸਿੰਘ, ਭਾਈ ਸ਼ਹਿਬਾਜ਼ ਸਿੰਘ, ਨਵਾਬ ਕਪੂਰ ਸਿੰਘ, ਜੱਸਾ ਸਿੰਘ ਆਹਲੂਵਾਲੀਆ, ਜੱਸਾ ਸਿੰਘ ਰਾਮਗੜ੍ਹੀਆ ਤੇ ਹਰੀ ਸਿੰਘ ਨਲਵਾ ਦੇ ਚਿੱਤਰਾਂ ਦਾ ਵਿਸ਼ਲੇਸ਼ਣ ਤੇ ਵਿਆਖਿਆ ਹੈ। ਸਮੁੱਚੇ ਰੂਪ ਵਿਚ ਇਹ ਸ਼ਾਨਦਾਰ ਕਿਤਾਬ ਹੈ।