ਮੀਸ਼ੇ ਦਾ ਗੀਤ: ਚੱਲ ਰੇਲ ਗੱਡੀਏ ਨੀ ਛੁਕ ਛਕ ਛਕ ਛਕ

ਸੰਪਾਦਕ ਜੀ,
‘ਪੰਜਾਬ ਟਾਈਮਜ਼’ ਦੇ 5 ਅਕਤੂਬਰ ਦੇ ਅੰਕ ਵਿਚ ਸੁਰਿੰਦਰ ਸੋਹਲ ਵਲੋਂ ਲਿਖਿਆ ਗਿਆ ਸੋਹਣ ਸਿੰਘ ਮੀਸ਼ਾ ਦੀ ਕਿਤਾਬ ਬਾਰੇ ਲੇਖ ਜਿੱਥੇ ਦਿਲ ਨੂੰ ਟੁੰਬ ਗਿਆ, ਉਥੇ ਮੀਸ਼ਾ ਜੀ ਦੀਆਂ ਬਹੁਤ ਸਾਰੀਆਂ ਯਾਦਾਂ ਵੀ ਤਾਜ਼ਾ ਕਰਵਾ ਗਿਆ। ਮੀਸ਼ਾ ਜੀ ਦੀ ਕਾਵਿ-ਕਲਾ ਨੂੰ ਸੋਹਲ ਨੇ ਬਹੁਤ ਹੀ ਕਾਵਿ-ਮਈ ਅੰਦਾਜ਼ ਵਿਚ ਪੇਸ਼ ਕੀਤਾ ਹੈ। ਨਾਲ ਨਾਲ ਉਰਦੂ ਦੇ ਢੁਕਵੇਂ ਸ਼ਿਅਰਾਂ ਨਾਲ ਤਾਂ ਲੇਖ ਹੋਰ ਵੀ ਪਾਏਦਾਰ ਬਣ ਗਿਆ। ਸੁਰਿੰਦਰ ਸੋਹਲ ਨੇ ਇਕ ਵਾਰ ਮੇਰੇ ਕਾਵਿ-ਸੰਗ੍ਰਹਿ ਦੀ ਭੂਮਿਕਾ ਲਿਖਦੇ ਹੋਏ ਵੀ ਜ਼ਿਕਰ ਕੀਤਾ ਸੀ ਕਿ ਕਪੂਰਥਲੇ ਤੋਂ ਜਲੰਧਰ ਨੂੰ ਜਾਂਦੀ ਸੜਕੇ ਦੇ ਕਿਨਾਰੇ ‘ਤੇ ਉੱਗੀਆਂ ਸੁੱਕੀਆਂ ਟਾਹਲੀਆਂ, ਉਡਦੇ ਮਿੱਟੀ ਘੱਟੇ ਵੱਲ ਦੇਖ ਕੇ ਕੋਈ ਨਹੀਂ ਕਹਿ ਸਕਦਾ ਕਿ ਸਾਹਿਤ ਦੇ ਖੇਤਰ ਵਿਚ ਇਹ ਇਲਾਕਾ ਏਨਾ ਜ਼ਰਖ਼ੇਜ਼ ਹੋਵੇਗਾ। ਸੋਹਲ ਨੇ ਪਿੰਡ ਭੇਟਾਂ ਦਾ ਜ਼ਿਕਰ ਕਰਦਿਆਂ ਸੋਹਣ ਸਿੰਘ ਮੀਸ਼ੇ ਦਾ ਜ਼ਿਕਰ ਕੀਤਾ ਸੀ। ਸੁਰਜੀਤ ਪਾਤਰ ਤਾਂ ਹੈ ਹੀ ਮੇਰੇ ਪਿੰਡ ਦਾ। ਕਹਾਣੀਕਾਰ ਦਵਿੰਦਰ ਮੰਡ ਦਾ ਪਿੰਡ ਵੀ ਜਲੰਧਰ-ਕਪੂਰਥਲਾ ਰੋਡ ‘ਤੇ ਹੀ ਹੈ। ਨਕਸ਼ ਵਰਿਆਣਵੀ, ਸੰਧੂ ਵਰਿਆਣਵੀ ਅਤੇ ਗ਼ਜ਼ਲਗੋ ਜਸਵੰਤ ਬੇਗੋਵਾਲ ਦੀ ਰਿਹਾਇਸ਼ ਵੀ ਇਸੇ ਰੋਡ ਦੇ ਆਸ-ਪਾਸ ਹੈ। ਸਿਰਮੌਰ ਕਹਾਣੀਕਾਰ ਮਨਿੰਦਰ ਕਾਂਗ ਵੀ ਇਸੇ ਰੋਡ ‘ਤੇ ਬਸਤੀਆਂ ਕੋਲ ਹੀ ਆ ਕੇ ਰਹਿਣ ਲੱਗ ਪਿਆ ਸੀ। ਖ਼ੁਦ ਸੋਹਲ ਦਾ ਪਿੰਡ ਵੀ ਇਸੇ ਰੋਡ ‘ਤੇ ਹੈ। ਜੁਝਾਰਵਾਦੀ ਸ਼ਾਇਰ ਪਾਸ਼ ਦੀ ਮਾਸੀ ਦਾ ਪੋਤਾ ਮਨਜੀਤ ਸੋਹਲ ਵੀ ਸੰਗਲ ਸੋਹਲ ਦਾ ਹੀ ਚਰਚਿਤ ਸ਼ਾਇਰ ਹੈ। ਗੱਲ ਕੀ ਸੋਹਲ ਦੇ ਲੇਖ ਨੇ ਸਾਰਾ ਸਾਹਿਤਕ ਮਾਹੌਲ ਤਰੋਤਾਜ਼ਾ ਕਰਵਾ ਦਿੱਤਾ।
ਜਦੋਂ ਮੀਸ਼ਾ ਜੀ ਦੀ ਦੇਹਾਂਤ ਹੋਇਆ ਸੀ ਤਾਂ ‘ਸਿਰਜਣਾ ਕੇਂਦਰ ਕਪੂਰਥਲਾ’ ਵਲੋਂ ਉਨ੍ਹਾਂ ਦੀ ਯਾਦ ਵਿਚ ਸੋਵੀਨਾਰ ਪ੍ਰਕਾਸ਼ਿਤ ਕੀਤਾ ਗਿਆ ਸੀ ਜਿਸ ਵਿਚ ਮੀਸ਼ਾ ਜੀ ਦਾ ਅਣਛਪਿਆ ਇਕ ਬਾਲ ਗੀਤ ਉਨ੍ਹਾਂ ਦੀ ਆਪਣੀ ਹੱਥ ਲਿਖਤ ਵਿਚ ਛਾਪਿਆ ਗਿਆ ਸੀ। ਉਹ ਅਣਛਪਿਆ ਗੀਤ ‘ਚਪਲ ਚੇਤਨਾ’ ਵਿਚ ਸ਼ਾਮਿਲ ਨਹੀਂ ਕੀਤਾ ਗਿਆ। ਸ਼ਾਇਰ ਜੰਗ ਬਹਾਦਰ ਘੁੰਮਣ ਦੇ ਯਤਨਾਂ ਸਦਕਾ ਇਹ ਗੀਤ ਮੈਂ ਦੁਬਾਰਾ ਪ੍ਰਾਪਤ ਕੀਤਾ ਹੈ। ਪਾਠਕਾਂ ਦੀ ਦਿਲਚਸਪੀ ਵਾਸਤੇ ਉਹ ਗੀਤ ਤੁਹਾਨੂੰ ਭੇਜ ਰਿਹਾ ਹਾਂ। ਉਮੀਦ ਹੈ, ਤੁਹਾਡੀ ਪਰਖ ਦੀ ਕਸਵੱਟੀ ‘ਤੇ ਪੂਰਾ ਉਤਰੇਗਾ ਅਤੇ ਮੀਸ਼ਾ ਜੀ ਨੂੰ ਭੇਂਟ ਹੋ ਰਹੀ ਸ਼ਰਧਾਂਜਲੀ ਵਿਚ ਇਕ ਫੁੱਲ ਮੇਰੇ ਵਲੋਂ ਵੀ ਭੇਂਟ ਹੋ ਜਾਵੇਗਾ।
ਰੇਲ ਗੱਡੀ
ਚੱਲ ਰੇਲ ਗੱਡੀਏ ਨੀ ਛੁਕ ਛਕ ਛਕ ਛਕ।
ਮਾਰ ਦੀ ਫੱਰਾਟੇ ਚੱਲ ਫਕ ਫਕ ਫਕ ਫਕ
ਹੋਵੇ ਤੇਜ਼ ਧੁੱਪ ਭਾਵੇਂ ਘਟਾ ਘਨਘੋਰ ਨੀ।
ਕਿੰਨਾ ਭਾਰ ਚੁੱਕ ਚੱਲੇਂ ਕਿੰਨੀ ਤਿੱਖੀ ਤੋਰ ਨੀ।
ਅੱਗ ਪਾਣੀ ਰਲ ਪੈਦਾ ਕੀਤਾ ਏਨਾ ਜੋਰ ਨੀ
ਕਿੱਦਾਂ ਇਹਨੂੰ ਰੱਖਦੀ ਏਂ ਹਿਕ ਵਿਚ ਡਕ ਡਕ
ਚੱਲ ਰੇਲ ਗੱਡੀਏ ਨੀ ਛੁਕ ਛਕ ਛਕ ਛਕ।

ਕਿਤੇ ਅੱਧੀ ਰਾਤ ਕਿਤੇ ਬ੍ਹਾਨ ਹੈ ਦੁਪਹਿਰ ਦੀ।
ਮਿਥਿਆਂ ਟਿਕਾਣਿਆਂ ‘ਤੇ ਘੜੀ ਪਲ ਠਹਿਰਦੀ।
ਦੂਰ ਦੂਰ ਸਾਰ ਲੈਂਦੀ ਰੋਜ਼ ਸ਼ਹਿਰ ਸ਼ਹਿਰ ਦੀ
ਰੁਕਣਾ ਨਾ ਕਦੀ ਕਿਤੇ ਹੰਭ ਹਾਰ ਥੱਕ ਥੱਕ
ਚੱਲ ਰੇਲ ਗੱਡੀਏ ਨੀ ਛੁਕ ਛਕ ਛਕ ਛਕ।

ਮਾਰਦੀ ਖੰਘੂਰਾ ਕਿਤੇ ਹੌਲੀ ਹੌਲੀ ਖੰਘਦੀ।
ਪੁੱਲਾਂ ਉਤੋਂ, ਜੰਗਲਾਂ ‘ਚੋਂ, ਸੁਰੰਗਾਂ ‘ਚੋਂ ਲੰਘਦੀ।
ਆਪਣੇ ਮੁਸਾਫ਼ਰਾਂ ਦੀ ਖ਼ੈਰ ਸੁੱਖ ਮੰਗਦੀ
ਕੌਲਾਂ ਇਕਰਾਰਾਂ ਨੂੰ ਨਿਭਾਉਂਦੀ ਚੱਲ ਪੱਕ ਠੱਕ
ਚੱਲ ਰੇਲ ਗੱਡੀਏ ਨੀ ਛੁਕ ਛਕ ਛਕ ਛਕ।
ਸ਼ੁਕਰੀਆ
-ਸੁਰਜੀਤ ਸਾਜਨ
ਪੱਤੜ ਕਲਾਂ, ਜਲੰਧਰ।

Be the first to comment

Leave a Reply

Your email address will not be published.