ਬਲਜੀਤ ਬਾਸੀ
ਫੋਨ: 734-259-9353
ਪਿਛਲੇ ਦਿਨੀਂ ਟਾਟਾ ਉਦਯੋਗ ਗਰੁੱਪ ਦੇ ਕਰਤਾ-ਧਰਤਾ ਰਤਨ ਟਾਟਾ ਦਾ ਦਿਹਾਂਤ ਹੋ ਗਿਆ। ਖੱਬੀ ਵਿਚਾਰਧਾਰਾ ਨਾਲ ਜੁੜੇ ਰਹਿਣ ਕਾਰਨ ਆਪਣੇ ਵੇਲਿਆਂ ਵਿਚ ਅਸੀਂ ਜਲੂਸਾਂ ਜਲਸਿਆਂ ਵਿਚ ਇਜਾਰੇਦਾਰੀ ਦੇ ਅਲੰਬਰਦਾਰ ਟਾਟਾ ਬਿਰਲਾ ਦੇ ਖ਼ਿਲਾਫ ਮੁਰਦਾਬਾਦ ਦੇ ਨਾਹਰੇ ਲਾਉਂਦੇ ਨਹੀਂ ਸਾਂ ਥੱਕਦੇ। ਪਰ ਜਿਉਂ ਹੀ ਅਦਾਨੀ ਅੰਬਾਨੀ ਨੇ ਦੋਵਾਂ ਨੂੰ ਇਜਾਰੇਦਾਰੀ ਦੀ ਦੌੜ ਵਿਚ ਬਹੁਤ ਪਛਾੜ ਦਿੱਤਾ ਅਤੇ ਕਾਰਪੋਰੇਟ ਸਰਮਾਏਦਾਰੀ ਅਗਲੇ ਪੜਾਅ `ਤੇ ਪੁੱਜ ਗਈ ਤਾਂ ਟਾਟਾ ਬਿਰਲਾ ਦੇ ਨਾਂ ਲੋਕ ਨਜ਼ਰਾਂ ਵਿਚ ਧੁੰਦਲੇ ਪੈ ਗਏ। ਪਾਰਸੀ ਪੁਰਸ਼ਾਰਥ ਦੀਆਂ ਕਦਰਾਂ-ਕੀਮਤਾਂ ਨਾਲ ਪ੍ਰਣਾਏ ਟਾਟਾ ਪਰਿਵਾਰ ਦੇ ਮੈਂਬਰ ਬਹੁਤਾ ਲੋਕ ਰੋਹ ਦਾ ਸ਼ਿਕਾਰ ਨਹੀਂ ਬਣੇ। ਨਿੱਜੀ ਪੱਧਰ `ਤੇ ਪਰਿਵਾਰ ਮੈਂਬਰ ਨਿਮਰਤਾ ਦੇ ਪੁੰਜ ਸਨ। ਹਥਲੀ ਪੋਸਟ ਵਿਚ ਅਸੀਂ ਇਸ ਗਰੁੱਪ ਦੇ ਉਦਯੋਗਕ ਤੰਤਰ ਦੀ ਗੱਲ ਨਹੀਂ ਕਰਨੀ ਤਾਂ ਵੀ ਵਿਸ਼ੇ ਨਾਲ ਸਬੰਧਤ ਕੁਝ ਪਰਿਵਾਰਕ ਪਿਛੋਕੜ ਦਾ ਵੇਰਵਾ ਦਰਕਾਰ ਹੈ।
ਟਾਟਾ ਪਰਿਵਾਰ ਦੇ ਵਡੇਰੇ ਪਾਰਸ (ਹੁਣ ਇਰਾਨ) ਵਿਚ ਅਗਨੀ-ਪੂਜ ਜ਼ਰਦੁਸਤ ਧਰਮ ਤੇ ਇਸੇ ਨਾਂ ਦੇ ਬਾਨੀ ਨਾਲ ਸਬੰਧ ਰੱਖਦੇ ਸਨ। ਮਧ ਯੁੱਗ ਵਿਚ ਪੱਛਮੀ ਏਸ਼ੀਆ ਵਿਚ ਅਰਬਾਂ ਨੇ ਇਸ ਖਿੱਤੇ ਵਿਚ ਇਸਲਾਮੀਕਰਣ ਦੀ ਹਿੰਸਕ ਹਨੇਰੀ ਝੁਲਾਈ ਤਾਂ ਫਾਰਸ (ਪਾਰਸ ਦਾ ਅਰਬੀਕਰਣ) ਬੁਰੀ ਤਰ੍ਹਾਂ ਇਸ ਦੀ ਲਪੇਟ ਵਿਚ ਆ ਗਿਆ। ਅਰਬੀ-ਇਸਲਾਮਿਕ ਹਾਕਮਾਂ ਤੇ ਫੌਜਾਂ ਵਲੋਂ ਅਗਨੀ-ਪੂਜਕਾਂ ਦਾ ਉਤਪੀੜਨ ਸ਼ੁਰੂ ਹੋਇਆ। ਬਹੁ-ਗਿਣਤੀ ਨੇ ਤਾਂ ਦਹਿਸ਼ਤ ਕਾਰਨ ਇਸਲਾਮ ਕਬੂਲ ਲਿਆ, ਕਈ ਮਾਰੇ ਗਏ, ਕੁਝ ਹਠੀ ਤੇ ਸਿਦਕੀ ਲੋਕ ਧਰਮ ਖਾਤਰ ਦੇਸ਼ ਛੱਡ ਕੇ ਹੋਰ ਦੇਸ਼ਾਂ, ਖਾਸ ਤੌਰ `ਤੇ ਭਾਰਤ ਵਿਚ ਸ਼ਰਨ ਲਈ ਦੌੜੇ। ਭਾਰਤ ਵਿਚ ਉਹ ਅਜੋਕੇ ਗੁਜਰਾਤ-ਮਹਾਰਾਸ਼ਟਰ ਦੇ ਖੇਤਰ ਆਏ ਜੋ ਉਨ੍ਹਾਂ ਨੂੰ ਨਜ਼ਦੀਕ ਪੈਂਦਾ ਸੀ। ਉਹ ਪਹਿਲਾਂ ਸੰਜਾਣ ਨਾਂ ਦੇ ਸਥਾਨ `ਤੇ ਆਏ ਜਿਥੋਂ ਦੇ ਰਾਜੇ ਨੇ ਇਨ੍ਹਾਂ ਸ਼ਰਨਾਰਥੀਆਂ ਨੂੰ ਪਨਾਹ ਦਿੱਤੀ। ਪਰਦੇਸਾਂ ਵਿਚ ਆ ਕੇ ਇਹ ਲੋਕ ਆਪਣੀ ਭਾਸ਼ਾ ਤੇ ਦੇਸ਼ ਦੇ ਪਿਛੋਕੜ ਕਾਰਨ ਪਾਰਸੀ ਅਖਵਾਏ ਕਿਉਂਕਿ ਉਦੋਂ ਇਰਾਨ ਪਾਰਸ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਹੁਣ ਘੱਟੋ-ਘੱਟ ਭਾਰਤ ਵਿਚ ਪਾਰਸੀ ਸ਼ਬਦ ਜ਼ਰਦੁਸਤ ਧਰਮ ਦਾ ਸਮਾਨਅਰਥਕ ਸ਼ਬਦ ਬਣ ਗਿਆ ਹੈ।
ਪਾਰਸੀ ਰਵਾਂ ਰਵੀਂ ਭਾਰਤੀ ਸਭਿਅਤਾ ਵਿਚ ਰਚ-ਮਿਚ ਗਏ। ਉਨ੍ਹਾਂ ਵਲੋਂ ਬੋਲੀ ਜਾਂਦੀ ਭਾਸ਼ਾ ਫਾਰਸੀ ਰਲੀ ਗੁਜਰਾਤੀ ਨੂੰ ਵੀ ਪਾਰਸੀ ਕਿਹਾ ਜਾਣ ਲੱਗਾ। ਉਂਝ ਵੀ ਵਿਸ਼ਾਲ ਹਿੰਦ-ਯੂਰਪੀ ਸੰਸਕ੍ਰਿਤੀ ਤੇ ਭਾਸ਼ਾ ਦੇ ਵੰਸ਼ਜ ਹੋਣ ਕਾਰਨ ਹਿੰਦ ਇਰਾਨੀ ਸਾਂਝ ਹੈ ਭਾਵੇਂ ਇਹ ਦੋਨੋਂ ਵੀ ਇਕ ਸਮੇਂ ਵਿੱਖਰ ਗਏ। ਜ਼ਰਦੁਸਤ ਧਰਮ ਦੇ ਧਾਰਮਿਕ ਗ੍ਰੰਥ ਅਵੇਸਤਾ ਦੀ ਵੇਦਾਂ ਨਾਲ ਭਾਸ਼ਾਈ ਸਾਂਝ ਹੈ, ਦੋਨੋਂ ਅਗਨੀ ਪੂਜਕ ਵੀ ਹਨ। ਬਾਰ੍ਹਵੀਂ ਸਦੀ ਦੀ ਪਹਿਲੀ ਚੌਥਾਈ ਸਮੇਂ ਟਾਟਾ ਦੇ ਵਡੇਰੇ ਤੇ ਹੋਰ ਬਹੁਤ ਪਾਰਸੀ ਪਹਿਲਾਂ ਸੰਜਾਣ ਨਾਂ ਦੇ ਥਾਂ `ਤੇ, ਫਿਰ ਅੱਜ ਜਾਣੇ ਜਾਂਦੇ ਨਵਸਾਰੀ ਨਗਰ ਵਿਚ ਵਸ ਗਏ। ਦੱਸਿਆ ਜਾਂਦਾ ਹੈ ਕਿ ਇਸ ਨਗਰ ਦਾ ਪਹਿਲਾ ਨਾਂ ਨਵਸਾਰਿਕਾ ਸੀ ਪਰ ਨਵੇਂ ਵਸੇ ਪਾਰਸੀਆਂ ਨੇ ਇਸ ਦਾ ਨਾਂ ਬਦਲ ਕੇ ਨਵਸਾਰੀ ਰੱਖ ਦਿੱਤਾ। ਉਹ ਆਪਣੀ ਸਰਜ਼ਮੀਨ ਵਿਚ ਸਾਰੀ ਨਾਂ ਦੇ ਸਥਾਨ `ਤੇ ਰਹਿ ਚੁੱਕੇ ਸਨ ਇਸ ਲਈ ਉਸ ਦੀ ਸਿਮ੍ਰਤੀ ਕਾਇਮ ਰੱਖਣ ਲਈ ਉਨ੍ਹਾਂ ਨਵਸਾਰਿਕਾ ਨਾਂ ਵਿਚੋਂ ‘ਸਾਰਿਕਾ’ ਉੜਾ ਕੇ ‘ਸਾਰੀ’ ਭਰ ਦਿੱਤਾ। ਇਸ ਤਰ੍ਹਾਂ ਬਣੇ ਨਾਂ ਦਾ ਮਤਲਬ ਨਿਕਲਿਆ ਨਵਾਂ ਸਾਰੀ। ਦੁਨੀਆ ਭਰ ਦੇ ਪਰਵਾਸੀਆਂ ਨੂੰ ਜੇਕਰ ਦੂਜੇ ਥਾਂ `ਤੇ ਜਾ ਕੇ ਨਵਾਂ ਨਗਰ ਖੇੜਾ ਵਸਾਉਣ ਦਾ ਮੌਕਾ ਮਿਲੇ ਤਾਂ ਉਹ ਅਕਸਰ ਅਜਿਹਾ ਹੀ ਕਰਦੇ ਹਨ। ਅਮਰੀਕਾ ਕੈਨੇਡਾ ਜਾਂ ਹੋਰ ਦੇਸ਼ਾਂ ਵਿਚ ਵਸੇ ਯੂਰਪੀਅਨਾਂ ਨੇ ਤਮਾਮ ਪਿੰਡਾਂ, ਕਸਬਿਆਂ, ਸ਼ਹਿਰਾਂ, ਗਲੀਆਂ ਆਦਿ ਦੇ ਨਾਂ ਆਪਣੇ ਦੇਸ਼ਾਂ ਵਾਲੇ ਹੀ ਰੱਖੇ ਹਨ। ਨਿਊ ਯਾਰਕ ਸ਼ਹਿਰ ਹੀ ਇਸ ਦੀ ਮਿਸਾਲ ਹੈ। ਇਹ ਪਹਿਲਾਂ ਡੱਚਾਂ ਦੀ ਬਸਤੀ ਹੁੰਦਾ ਸੀ ਤਾਂ ਉਨ੍ਹਾਂ ਇਸ ਦਾ ਨਾਂ ਰੱਖ ਦਿੱਤਾ ਨਿਊ ਨੀਦਰਲੈਂਡ, ਫਿਰ ਅੰਗਰੇਜ਼ਾਂ ਨੇ ਕਬਜ਼ਾ ਕੀਤਾ ਤਾਂ ਉਤਰੀ ਇੰਗਲੈਂਡ ਦੇ ਸ਼ਹਿਰ ਯਾਰਕ ਦੇ ਨਾਂ `ਤੇ ਨਿਊ ਯਾਰਕ ਨਾਂ ਧਰ ਦਿੱਤਾ।
ਟਾਟਾ ਪਰਿਵਾਰ ਦੇ ਪੁਰਖੇ ਧਾਰਮਿਕ ਬਿਰਤੀ ਵਾਲੇ ਸਨ। ਉਹ ਬ੍ਰਾਹਮਣਾਂ ਵਾਂਗ ਜੱਦੀ-ਪੁਸ਼ਤੀ ਆਪਣੇ ਧਰਮ ਦੇ ਉਚਤਮ ਪੁਰੋਹਤ ਸਨ ਜਿਸ ਲਈ ਦਸਤੂਰ ਸ਼ਬਦ ਵਰਤਿਆ ਜਾਂਦਾ ਹੈ। ਉਨ੍ਹਾਂ ਅਗਨੀ ਮੰਦਿਰ ਬਣਾ ਕੇ ਦਸਤੂਰਪੁਣੇ ਦਾ ਕੰਮ ਜਾਰੀ ਰੱਖਿਆ ਭਾਵੇਂ ਬਾਅਦ ਵਿਚ ਕਾਰੋਬਾਰੀ ਵੀ ਬਣ ਗਏ। ਨਵਸਾਰੀ ਇੱਕ ਤਰ੍ਹਾਂ ਏਧਰ ਵੱਸ ਗਏ ਪਾਰਸੀਆਂ ਦਾ ਧਾਰਮਿਕ ਕੇਂਦਰ ਬਣ ਗਿਆ। ਜਿਸ ਇਲਾਕੇ ਵਿਚ ਜਮਸ਼ੈਦ ਜੀ ਦਾ ਜਨਮ ਹੋਇਆ, ਉਸ ਦਾ ਨਾਂ ਹੀ ਦਸਤੂਰਵਾਦ ਪੈ ਗਿਆ। ਦਸਤੂਰ ਸ਼ਬਦ ਨੂੰ ਫਾਰਸੀ ਭਾਸ਼ਾ ਦੇ ਦਸਤ+ਊਰ ਤੋਂ ਬਣਿਆ ਦੱਸਿਆ ਜਾਂਦਾ ਹੈ। ਦਸਤ ਦਾ ਅਰਥ ਹੈ ਹੱਥ ਜੋ ਸੰਸਕ੍ਰਿਤ ਵਲੋਂ ਹਸਤ (ਪੰਜਾਬੀ ਹੱਥ) ਦਾ ਸਜਾਤੀ ਹੈ ਤੇ ਊਰ ਦਾ ਮਤਲਬ ਹੈ ਮੁੱਕਾ। ਇਸ ਤਰ੍ਹਾਂ ਬਣੇ ਸ਼ਬਦ ਦਸਤੂਰ ਦਾ ਅਰਥ ਹੋਇਆ ਹੱਥ ਦਾ ਮੁੱਕਾ। ਸ਼ਾਇਦ ਇਹ ਸ਼ਬਦ ਮੁਢਲੇ ਤੌਰ `ਤੇ ਅਧਿਕਾਰੀ, ਸ਼ਕਤੀਧਾਰਕ, ਸੱਤਾਧਾਰੀ ਦਾ ਪ੍ਰਤੀਕ ਹੋਵੇ। ਪੁਜਾਰੀ ਵਰਗ ਪਾਸ ਆਦੇਸ਼ ਦੇਣ ਦਾ ਅਧਿਕਾਰ ਹੁੰਦਾ ਹੈ। ਧਿਆਨ ਦਿਓ ਸਿੱਖ ਧਰਮ ਦੇ ਹੁਕਮਨਾਮੇ ਵੱਲ। ਸੋ ਦਸਤੂਰ ਦਾ ਮੁਢਲਾ ਭਾਵ ਹੋਇਆ ਪਰੰਪਰਾ ਦੀ ਸ਼ਕਤੀ ਜਿਸ ਤੋਂ ਮਨੁਖੀ ਜੀਵਨ ਸੇਧ ਲੈਂਦਾ ਹੈ। ਇਹ ਸ਼ਬਦ ਹੋਰ ਗੁਆਂਢੀ ਭਾਸ਼ਾਵਾਂ ਵਿਚ ਵੀ ਵਿਸਤ੍ਰਿਤ ਅਰਥ ਧਾਰਨ ਕਰਦਾ ਦਾਖਿਲ ਹੋ ਗਿਆ ਜੋ ਇਸ ਪ੍ਰਕਾਰ ਹਨ: ਪ੍ਰਥਾ, ਰਿਵਾਜ, ਤਰੀਕਾ, ਆਚਾਰ, ਆਦਤ, ਨਿਯਮ, ਸ਼ੈਲੀ, ਸੱਤਾਧਾਰੀ, ਫੀਸ, ਕਮਿਸ਼ਨ, ਵਿਧੀ, ਵਿਧਾਨ, ਕਾਨੂੰਨ, ਵਜ਼ੀਰ ਆਦਿ। ਪੰਜਾਬੀ ਵਿਚ ਇਹ ਅੱਜ ਕਲ੍ਹ ਰੀਤੀ, ਰਿਵਾਜ, ਪਰੰਪਰਾ, ਪ੍ਰਿਤ ਆਦਿ ਦੇ ਅਰਥਾਂ ਵਿਚ ਪ੍ਰਚਲਤ ਹੈ,
ਤੁਸੀਂ ਅਕਲ ਦੇ ਕੋਟ ਇਆਲ ਹੁੰਦੇ, ਲੁਕਮਾਨ ਹਕੀਮ ਦਸਤੂਰ ਹੈ ਜੀ- ਵਾਰਿਸ ਸ਼ਾਹ।
ਪਾਰਸੀਆਂ ਵਿਚ ਹਿੰਦੂਆਂ ਵਾਂਗ ਕੋਈ ਜਾਤੀ-ਆਧਾਰਤ ਗੋਤ ਨਹੀਂ ਹੁੰਦੇ। ਪਰ ਭਾਰਤ ਵਿਚ ਆ ਕੇ ਉਨ੍ਹਾਂ ਜਿਹੜੇ ਉਪਨਾਮ ਅਪਣਾਏ ਉਹ ਸਾਨੂੰ ਬੜੇ ਹਾਸੋਹੀਣੇ ਲਗਦੇ ਹਨ। ਉਨ੍ਹਾਂ ਜਾਂ ਤਾਂ ਆਪਣੇ ਨਵੇ ਚੁਣੇ ਪੇਸ਼ੇ ਵਾਲੇ ਜਾਂ ਆਪਣੇ ਰਿਹਾਇਸ਼ੀ ਸਥਾਨ ਵਾਲੇ ਉਪਨਾਮ ਚੁਣੇ। ਬਹੁਤੀਆਂ ਹਾਲਤਾਂ ਵਿਚ ਦੂਸਰੇ ਲੋਕਾਂ ਨੇ ਉਨ੍ਹਾਂ ਲਈ ਇੱਕ ਤਰ੍ਹਾਂ ਛੇੜ ਵਾਂਗੂੰ ਅਜਿਹੇ ਉਪਨਾਮ ਬਖਸ਼ੇ। ਕੁਝ ਕੁ ਗਿਣਾਉਂਦੇ ਹਾਂ: ਮਿਸਤਰੀ, ਬਾਟਲੀਵਾਲਾ, ਘਾਸਵਾਲਾ, ਘੀਅਵਾਲਾ, ਦਾਰੂਵਾਲਾ, ਇੰਜਨੀਅਰ, ਡਾਕਟਰ, ਵਕੀਲ, ਮੁਨਸ਼ੀ, ਇਰਾਨੀ, ਸੂਰਤ, ਖੰਬਾਟਾ ਆਦਿ। ਇਹ ਤਾਂ ਸਪੱਸ਼ਟ ਹੈ ਕਿ ਜਿਸ ਉਦਯੋਗਕ ਘਰਾਣੇ ਦੀ ਅਸੀਂ ਗੱਲ ਕਰ ਰਹੇ ਹਾਂ ਉਨ੍ਹਾ ਦੇ ਵਡੇਰਿਆਂ ਨੇ ਆਪਣਾ ਉਪਨਾਮ ਟਾਟਾ ਰੱਖਿਆ ਹੋਵੇਗਾ। ਇਕ ਸੁਝਾਅ ਅਨੁਸਾਰ ਉਨ੍ਹਾਂ ਨੂੰ ਤਾਤਾ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਗੁਜਰਾਤੀ ਵਿਚ ਤਾਤਾ ਦਾ ਇੱਕ ਮਤਲਬ ਪਿਤਾ ਹੁੰਦਾ ਹੈ ਤੇ ਲੋਕ ਉਨ੍ਹਾਂ ਨੂੰ ਪਿਤਾ ਸਮਾਨ ਸਮਝਦੇ ਸਨ। ਤਾਤਾ ਸ਼ਬਦ ਵਿਚ ‘ਵਡੇਰੇ, ਸਤਿਕਾਰਯੋਗ’ ਦਾ ਭਾਵ ਹੈ, ਪੰਜਾਬੀ ਤਾਇਆ, ਹਰਿਆਣਵੀ ਤਾਊ ਇਸੇ ਦੇ ਭੇਦ ਹਨ। ਹਰਪਾਲ ਪੰਨੂ ਹੁਰਾਂ ਦੀ ਜਾਣਕਾਰੀ ਅਨੁਸਾਰ ਆਇਰਨ ਸਟੀਲ ਕੰਪਨੀ ਦੀ ਨੀਂਹ ਰੱਖਣ ਵਾਲੇ ਜਮਸ਼ੇਦ ਜੀ ਨੌਸ਼ੈਰਵਾਂ (ਨੂਸਰਵਾਂਜੀ) ਦੇ ਮਜ਼ਦੂਰਾਂ ਨੇ ਦੇਖਿਆ ਕਿ ਜਮਸ਼ੇਦ ਜੀ ਕ੍ਰੋਧ ਵਿਚ ਨਹੀਂ ਸੀ ਆਉਂਦੇ ਬਲਕਿ ਮਿੱਠ ਬੋਲੜੇ ਸਨ ਇਸ ਲਈ ਉਨ੍ਹਾਂ ਇਹ ਸੋਚ ਕੇ ਕਿ ਮਾਲਕ ਨੂੰ ਨਜ਼ਰ ਨਾ ਲੱਗ ਜਾਵੇ, ਨਾਂ ਤਾੱਤਾ ਜੀ ਰੱਖ ਦਿੱਤਾ ਜਿਸ ਦਾ ਗੁਜਰਾਤੀ ਵਿਚ ਅਰਥ ਕੌੜੇ ਸੁਭਾਅ ਵਾਲਾ ਹੁੰਦਾ ਹੈ।
ਪਰ ਏਥੇ ਖੀਰ ਕੁਝ ਟੇਢੀ ਹੈ। ਕੁਝ ਹਵਾਲਿਆਂ ਤੋਂ ਹਾਸਿਲ ਕੀਤੀ ਮੇਰੀ ਜਾਣਕਾਰੀ ਵੱਖਰੀ ਹੈ। ਮੈਂ ਸਭ ਤੋਂ ਵਧ ਟਾਟਾ ਦੇ ਪੂਰਵਜਾਂ ਦੇ ਮੁਢਲੇ ਵਸੇਬੇ ਵਾਲੇ ਸ਼ਹਿਰ ਨਵਸਾਰੀ ਦੇ ਇੱਕ ਵਸਨੀਕ, ਜੋ ਧਰਮ ਵਜੋਂ ਵੀ ਖੁਦ ਪਾਰਸੀ ਹਨ, ਟਾਟਾ ਪਰਿਵਾਰ ਦੇ ਪਿਛੋਕੜ ਨੂੰ ਚੰਗੀ ਤਰ੍ਹਾਂ ਜਾਣਦੇ ਹਨ ਤੇ ਜੋ ਭਾਰਤ ਦੀ ਘੱਟ ਗਿਣਤੀ ਕਮਿਸ਼ਨ ਦੇ ਵਰਤਮਾਨ ਉਪ-ਚੇਅਰਮੈਨ ਹਨ, ਦੀ ਕਥਨੀ `ਤੇ ਯਕੀਨ ਕਰਦਾ ਹਾਂ। ਉਨ੍ਹਾਂ ਦਾ ਨਾਂ ਹੈ ਕੇਰਸੀ ਕੈਖਸ਼ਰੂ ਦੇਬੂ। ਉਨ੍ਹਾਂ ਹਾਲੀਆ ਵਿਚ ਇਕ ਇੰਟਰਵਿਊ ਦੌਰਾਨ ਦੱਸਿਆ ਕਿ ਜਮਸ਼ੇਦ ਜੀ ਦੇ ਪਿਤਾ ਬੜੇ ਗਰਮ ਮਿਜਾਜ਼ ਦੇ ਸਨ। ਗਰਮ ਮਿਜਾਜ਼ੀ ਬੰਦਿਆਂ ਨੂੰ ਗੁਜਰਾਤੀ ਵਿਚ ‘ਤਾਤਾ’ ਕਿਹਾ ਜਾਂਦਾ ਹੈ ਇਸ ਲਈ ਲੋਕ ਉਨ੍ਹਾਂ ਨੂੰ ਤਾਤਾ ਕਹਿਣ ਲੱਗ ਪਏ ਤੇ ਏਹੀ ਉਨ੍ਹਾਂ ਦੀ ਅੱਲ ਪੈ ਗਈ ਜੋ ਟਾਟਾ ਪਰਿਵਾਰ ਨੇ ਖੁਸ਼ੀ ਖੁਸ਼ੀ ਕਬੂਲ ਲਈ। ਅੰਗਰੇਜ਼ੀ ਵਿਚ ਕਿਉਂਕਿ ‘ਤ’ ਧੁਨੀ ਨਹੀਂ ਹੈ ਇਸ ਲਈ ਤਾਤਾ ਨੂੰ tata ਲਿਖਿਆ ਜਾਣ ਲੱਗਾ ਜੋ ਅੱਜ ਤੱਕ ਪ੍ਰਚੱਲਤ ਹੈ। ਬਰਤਾਨਵੀ ਸ਼ਾਸਨ ਦੌਰਾਨ ਫਿਰੰਗੀਆਂ ਨੇ ਆਪਣੀ ਸੌਖ ਕਾਰਨ ਤੇ ਰੋਮਨ ਵਰਣਮਾਲਾ ਵਲੋਂ ਭਾਰਤੀ ਸ਼ਬਦਾਂ ਦੇ ਉਚਾਰਣ ਦਾ ਸਟੀਕ ਲਿਪੀ ਅੰਤਰ ਨਾ ਕਰ ਸਕਣ ਕਾਰਨ ਬਹੁਤ ਸਾਰੇ ਭਾਰਤੀ ਸਥਾਨਾਂ, ਵਿਅਕਤੀਆਂ ਅਤੇ ਵਸਤੂਆਂ ਦੇ ਨਾਂ ਹੋਰ ਦੇ ਹੋਰ ਹੋ ਗਏ। ਕੁਝ ਮਿਸਾਲਾਂ ਲੈਂਦੇ ਹਾਂ, ਵਿਅਕਤੀ ਨਾਂ: ਠਾਕੁਰ > ਟੈਗੋਰ, ਚਟੋਪਾਧਿਆਇ> ਚੈਟਰਜੀ, ਮੁਖੋਪਾਧਿਅਇ> ਮੁਖਰਜੀ, ਗੰਗੋਪਾਧਿਆਇ > ਗੰਗੂਲੀ। ਸਥਾਨ ਨਾਂ : ਪੁਡੂਚੇਰੀ>ਪਾਂਡੀਚਰੀ, ਕੋਲਕਾਤਾ> ਕੈਲਕਟਾ, ਤਿਰੂਵੰਤਪੁਰਮ> ਟਰੀਵੈਂਡਰਮ; ਦਿੱਲੀ > ਡੇਲਹੀ। ਇਨ੍ਹਾਂ ਵਿਚੋਂ ਕਈਆਂ ਦੀ ਤਾਂ ਵਾਪਸੀ ਹੋ ਗਈ ਜਾਂ ਕਰ ਲਈ ਗਈ ਹੈ। ਮਜ਼ੇ ਵਾਲੀ ਗੱਲ ਹੈ ਕਿ ਗੋਰਿਆਂ ਦੁਆਰਾ ਵਿਗਾੜੇ ਹੋਏ ਨਾਂ ਸਾਨੂੰ ਠੀਕ ਪ੍ਰਤੀਤ ਹੁੰਦੇ ਹਨ ਕਿਉਂਕਿ ਅਸੀਂ ਇਨ੍ਹਾਂ ਨਾਲ ਗਿੱਝ ਗਏ ਹਾਂ। ਨਾਲੇ ਸਾਹਿਬ ਜੋ ਤੁਹਾਨੂੰ ਪਿਆਰ ਨਾਲ ਆਖਣ ਓਹੀ ਸਿਰ ਮੱਥੇ!
ਅਸੀਂ ਮੁੜ ਤਾਤਾ ਸ਼ਬਦ `ਤੇ ਆਉਂਦੇ ਹਾਂ। ਇਹ ਭਾਰੋਪੀ ਖਾਸੇ ਵਾਲਾ ਸ਼ਬਦ ਹੈ ਤੇ ਲਗਭਗ ਸਾਰੀਆਂ ਹਿੰਦ-ਇਰਾਨੀ ਭਾਸ਼ਾਵਾਂ ਵਿਚ ਇਨ੍ਹਾਂ ਹੀ ਅਰਥਾਂ ਵਿਚ ਤੇ ਕੁਝ ਧੁਨੀ ਦੇ ਫਰਕ ਨਾਲ ਇਸ ਦੇ ਭਾਈਬੰਦ ਮਿਲਦੇ ਹਨ। ਗਰਮ ਅਰਥਾਂ ਵਾਲਾ ਪੰਜਾਬੀ ‘ਤੱਤਾ’ ਇਸੇ ਦਾ ਭਰਾ ਹੈ ਜਿਸ ਦਾ ਲਾਖਣਿਕ ਅਰਥ ਗਰਮ ਸੁਭਾਅ ਵਾਲਾ ਵੀ ਹੈ। ਪੰਜਾਬੀ ਵਿਚ ਤਾਂ ‘ਤੱਤਿਆ’ ਸੰਬੋਧਨ ਵਜੋਂ ਨਿਹੋਰੇ ਨਾਲ ਵੀ ਬੋਲਿਆ ਜਾਂਦਾ ਹੈ, ਡਾਢੇ ਦੇ ਅਰਥਾਂ ਵਿਚ। ਇਸ ਦਾ ਪ੍ਰਾਕ੍ਰਿਤ ਰੂਪ ਹੈ ਤੱਤ। ਹੋਰ ਭਾਸ਼ਾਵਾਂ ਵਿਚ ਇਸ ਦੇ ਰੂਪ ਹਨ ਤੱਤ, ਤੈੱਤ, ਤੱਤੂ, ਤਾਤੋਤਾਤ। ਇਸ ਸ਼ਬਦ ਦੇ ਹੋਰ ਦੂਰ ਦਰਾਜ਼ ਪਸਾਰੇ ਦੀ ਗੱਲ ਕਿਸੇ ਹੋਰ ਵੇਲੇ।
ਲਗਦੇ ਹੱਥ ਇੱਕ ਹੋਰ ਅੰਗਰੇਜ਼ੀ ਜਾਪਦੇ ਸ਼ਬਦ ਦੀ ਗੱਲ ਕਰ ਲਈਏ, ਜਿਸ ਦਾ ਪਿਛੋਕੜ ਦੇਸੀ ਹੈ ਤੇ ਜਿਸ ਨੂੰ ਨਵੇਂ ਅਰਥ ਦੇਣ ਵਿਚ ਜਹਾਂਗੀਰ ਟਾਟਾ ਦਾ ਯੋਗਦਾਨ ਹੈ। ਇਹ ਅਸਲ ਵਿਚ ਸ਼ਬਦ ਨਹੀਂ ਇੱਕ ਭਾਰਤੀ ਕਾਸਮੈਟਿਕ ਬਰਾਂਡ ਦਾ ਨਾਂ ਹੈ। ਮੇਰਾ ਇਸ਼ਾਰਾ ਲੈਕਮੇ ਵੱਲ ਹੈ ਜਿਸ ਨੂੰ ਹਿੰਦੁਸਤਾਨ ਯੂਨੀਲੀਵਰਜ਼ ਬਣਾਉਂਦੀ ਹੈ। ਇਸ ਦਾ ਇਹ ਨਾਂ ਇੱਕ ਫਰਾਂਸੀਸੀ ਓਪੇਰਾ ‘ਲੈਕਮੇ’ ਦੇ ਨਾਂ ਤੋਂ ਪ੍ਰਭਾਵਤ ਹੋ ਕੇ ਪਿਆ। ਫਰਾਂਸੀਸੀ ਸ਼ਬਦ ਸੁੰਦਰਤਾ ਦੀ ਪੁੰਜ ਭਾਰਤੀ ਦੇਵੀ ਲਕਸ਼ਮੀ ਦਾ ਫਰਾਂਸੀਸੀ ਰੁਪਾਂਤਰ ਹੈ ਤੇ ਇਸ ਓਪੇਰੇ ਵਿਚ ਲਕਸ਼ਮੀ ਦੀ ਹੀ ਕਹਾਣੀ ਹੈ। ਲੈਕਮੇ ਬਰਾਂਡ ਟਾਟਾ ਆਇਲ ਮਿਲਜ਼ ਦੀ ਸਹਾਇਕ ਕੰਪਨੀ ਸੀ ਜਿਸ ਦਾ ਉਦੋਂ ਭਾਈਵਾਲ ਵੀ ਇੱਕ ਫਰਾਂਸੀਸੀ ਉਦਯੋਗਪਤੀ ਸੀ। ਉਦੋਂ ਦੇ ਪ੍ਰਧਾਨ ਮੰਤਰੀ ਜਵਾਹਰ ਲਾਲ ਇਸ ਗੱਲ `ਤੇ ਚਿੰਤਤ ਸਨ ਕਿ ਭਾਰਤੀ ਇਸਤਰੀਆਂ ਬਦੇਸ਼ਾਂ ਤੋਂ ਸ਼ਿੰਗਾਰ ਸਮੱਗਰੀ ਮੰਗਵਾਉਦੀਆਂ ਹਨ ਜਿਸ ਨਾਲ ਭਾਰਤ ਦੀ ਬਹੁਤ ਸਾਰੀ ਕੀਮਤੀ ਬਦੇਸ਼ੀ ਮੁਦਰਾ ਖਰਚ ਹੁੰਦੀ ਹੈ। ਉਨ੍ਹਾਂ ਜਹਾਂਗੀਰ ਟਾਟਾ ਨੂੰ ਇਹ ਸਮੱਗਰੀ ਭਾਰਤ ਵਿਚ ਹੀ ਬਣਾਉਣ ਲਈ ਪਰੇਰਿਆ। 1952 ਵਿਚ ਜਦੋਂ ਇਹ ਸਹਾਇਕ ਕੰਪਨੀ ਹੋਂਦ ਵਿਚ ਆਈ ਤਾਂ ਇਸ ਦੇ ਫਰਾਂਸੀਸੀ ਭਾਈਵਾਲ ਨੇ ਇਸ ਦਾ ਲੈਕਮੇ ਨਾਂ ਸੁਝਾਇਆ ਜੋ ਮੰਨ ਲਿਆ ਗਿਆ। ਇਸ ਤਰ੍ਹਾਂ ਭਾਰਤੀ ਇਸਤਰੀਆਂ ਨੂੰ ਇੱਕ ਤਰ੍ਹਾਂ ਠੱਗਿਆ ਵੀ ਗਿਆ। ਉਨ੍ਹਾਂ ਨੂੰ ਲੈਕਮੇ ਸ਼ਬਦ ਤੋਂ ਲੱਗਾ ਕਿ ਉਹ ਕੋਈ ਫਰਾਂਸੀਸੀ ਸੁਰਖੀਆਂ ਮਸਕਾਰੇ ਖਰੀਦ ਰਹੀਆਂ ਹਨ!