ਫ਼ਲਸਤੀਨੀ ਜ਼ਖ਼ਮ ਲੁਕ ਨਹੀਂ ਸਕਦਾ: ਅਰੁੰਧਤੀ ਰਾਏ

ਲੇਖਕਾ ਅਤੇ ਕਾਰਕੁਨ ਅਰੁੰਧਤੀ ਰਾਏ ਨੂੰ ਪੈੱਨ ਪਿੰਟਰ ਪੁਰਸਕਾਰ 2024 ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਨਾਟਕਕਾਰ ਹੈਰਲਡ ਪਿੰਟਰ ਦੀ ਯਾਦ ਵਿਚ ਇੰਗਲਿਸ਼ ਪੈੱਨ ਦੁਆਰਾ ਸਥਾਪਤ ਸਾਲਾਨਾ ਪੁਰਸਕਾਰ ਹੈ। ਅਰੁੰਧਤੀ ਨੇ ਐਲਾਨ ਕੀਤਾ ਕਿ ਪੁਰਸਕਾਰ ਦੀ ਰਕਮ ਉਹ ਫ਼ਲਸਤੀਨੀ ਬਾਲ ਰਾਹਤ ਫੰਡ ਨੂੰ ਦੇਵੇਗੀ। 10 ਅਕਤੂਬਰ ਦੀ ਸ਼ਾਮ ਨੂੰ ਬ੍ਰਿਟਿਸ਼ ਲਾਇਬ੍ਰੇਰੀ ਵਿਚ ਪੁਰਸਕਾਰ ਲੈਣ ਸਮੇਂ ਅਰੁੰਧਤੀ ਦਾ ਭਾਸ਼ਣ ਸਾਂਝਾ ਕੀਤਾ ਜਾ ਰਿਹਾ ਹੈ। ਇਸ ਦਾ ਉਚੇਚਾ ਅਨੁਵਾਦ ਸਾਡੇ ਕਾਲਮਨਵੀਸ ਬੂਟਾ ਸਿੰਘ ਮਹਿਮੂਦਪੁਰ ਨੇ ਕੀਤਾ ਹੈ।

ਮੈਂ ਇੰਗਲਿਸ਼ ‘ਪੈੱਨ’ ਦੇ ਮੈਂਬਰਾਂ ਅਤੇ ਜਿਊਰੀ ਮੈਂਬਰਾਂ ਦਾ ਮੈਨੂੰ ਪੈੱਨ ਪਿੰਟਰ ਪੁਰਸਕਾਰ ਨਾਲ ਸਨਮਾਨਿਤ ਕਰਨ ਲਈ ਧੰਨਵਾਦ ਕਰਦੀ ਹਾਂ। ਮੈਂ ਇਸ ਸਾਲ ਦੇ ‘ਰਾਈਟਰ ਆਫ ਕਰੇਜ’ ਦੇ ਨਾਂ ਦਾ ਐਲਾਨ ਕਰ ਕੇ ਆਪਣੀ ਗੱਲ ਸ਼ੁਰੂ ਕਰਨਾ ਚਾਹਾਂਗੀ ਜਿਸ ਦੇ ਨਾਲ ਮੈਨੂੰ ਇਹ ਪੁਰਸਕਾਰ ਦੇਣ ਲਈ ਚੁਣਿਆ ਗਿਆ ਹੈ।
ਦਲੇਰ ਲੇਖਕ ਅਤੇ ਮੇਰੇ ਸਾਥੀ ਪੁਰਸਕਾਰ ਜੇਤੂ ਆਲਾ ਅਬਦ ਅਲ-ਫ਼ਤਹ, ਤੁਹਾਨੂੰ ਮੇਰੇ ਵੱਲੋਂ ਮੁਬਾਰਕਾਂ। ਅਸੀਂ ਉਮੀਦ ਅਤੇ ਅਰਦਾਸ ਕੀਤੀ ਕਿ ਸਤੰਬਰ ਵਿਚ ਤੁਸੀਂ ਰਿਹਾਅ ਕਰ ਦਿੱਤੇ ਜਾਓਗੇ ਪਰ ਮਿਸਰ ਦੀ ਸਰਕਾਰ ਨੇ ਫ਼ੈਸਲਾ ਕੀਤਾ ਕਿ ਤੁਸੀਂ ਬਹੁਤ ਹੀ ਖ਼ੂਬਸੂਰਤ ਲੇਖਕ ਅਤੇ ਏਨੇ ਖ਼ਤਰਨਾਕ ਚਿੰਤਕ ਹੋਣ ਕਰ ਕੇ ਤੁਹਾਨੂੰ ਰਿਹਾਅ ਨਹੀਂ ਕੀਤਾ ਜਾ ਸਕਦਾ। ਉਂਝ, ਤੁਸੀਂ ਸਾਡੇ ਨਾਲ ਇੱਥੇ ਮੌਜੂਦ ਹੋ। ਤੁਸੀਂ ਇਥੇ ਸਭ ਤੋਂ ਮਹੱਤਵਪੂਰਨ ਸ਼ਖਸ ਹੋ। ਜੇਲ੍ਹ ਵਿਚੋਂ ਤੁਸੀਂ ਲਿਖਿਆ, “ਕੋਈ ਤਾਕਤ ਮੇਰੇ ਸ਼ਬਦਾਂ ਤੋਂ ਖੁੱਸ ਗਈ ਤੇ ਫਿਰ ਵੀ ਉਹ ਮੇਰੇ ਅੰਦਰੋਂ ਬਾਹਰ ਆਉਂਦੇ ਰਹੇ। ਮੇਰੇ ਕੋਲ ਅਜੇ ਵੀ ਇਕ ਆਵਾਜ਼ ਸੀ, ਭਾਵੇਂ ਸਿਰਫ਼ ਮੁੱਠੀ ਭਰ ਲੋਕ ਹੀ ਸੁਣਨਗੇ।” ਅਸੀਂ ਸੁਣ ਰਹੇ ਹਾਂ ਆਲਾ। ਗ਼ੌਰ ਨਾਲ।
ਤੁਹਾਨੂੰ ਵੀ ਵਧਾਈਆਂ, ਮੇਰੀ ਪਿਆਰੀ ਨੈਓਮੀ ਕਲਾਈਨ, ਆਲਾ ਅਤੇ ਮੇਰੀ, ਦੋਹਾਂ ਦੀ ਦੋਸਤ। ਅੱਜ ਰਾਤ ਇੱਥੇ ਆਉਣ ਲਈ ਤੇਰਾ ਧੰਨਵਾਦ। ਇਸ ਦਾ ਭਾਵ ਮੇਰੇ ਲਈ ਦੁਨੀਆ ਹੈ।
ਇੱਥੇ ਜੁੜੇ ਤੁਹਾਡੇ ਸਾਰਿਆਂ ਦੇ ਨਾਲ-ਨਾਲ ਉਨ੍ਹਾਂ ਸਾਰਿਆਂ ਨੂੰ ਵੀ ਸ਼ੁਭ ਕਾਮਨਾਵਾਂ ਜੋ ਸ਼ਾਇਦ ਇਨ੍ਹਾਂ ਅਦਭੁੱਤ ਸਰੋਤਿਆਂ ਲਈ ਅਦਿਖ ਹਨ ਪਰ ਇਸ ਕਮਰੇ ਵਿਚ ਮੌਜੂਦ ਕਿਸੇ ਹੋਰ ਸ਼ਖਸ ਵਾਂਗ ਮੈਨੂੰ ਦਿਸ ਰਹੇ ਹਨ। ਮੈਂ ਭਾਰਤ ਦੀਆਂ ਜੇਲ੍ਹਾਂ `ਚ ਡੱਕੇ ਆਪਣੇ ਦੋਸਤਾਂ ਤੇ ਸਾਥੀਆਂ- ਵਕੀਲਾਂ, ਅਕਾਦਮੀਸ਼ੀਅਨਾਂ, ਵਿਦਿਆਰਥੀਆਂ, ਪੱਤਰਕਾਰਾਂ- ਉਮਰ ਖ਼ਾਲਿਦ, ਗੁਲਫਿਸ਼ਾ ਫ਼ਾਤਿਮਾ, ਖ਼ਾਲਿਦ ਸੈਫ਼ੀ, ਸ਼ਰਜੀਲ ਇਮਾਮ, ਰੋਨਾ ਵਿਲਸਨ, ਸੁਰਿੰਦਰ ਗਾਡਲਿੰਗ, ਮਹੇਸ਼ ਰਾਵਤ ਦੀ ਗੱਲ ਕਰ ਰਹੀ ਹਾਂ। ਮੈਂ ਤੁਹਾਡੇ ਨਾਲ ਗੱਲ ਕਰ ਰਹੀ ਹਾਂ, ਮੇਰੇ ਦੋਸਤ ਖ਼ੁਰਮ ਪਰਵੇਜ਼; ਉਨ੍ਹਾਂ ਸਭ ਤੋਂ ਕਮਾਲ ਦੇ ਲੋਕਾਂ ਵਿਚੋਂ ਇਕ ਜਿਨ੍ਹਾਂ ਨੂੰ ਮੈਂ ਜਾਣਦੀ ਹਾਂ, ਤੁਸੀਂ ਤਿੰਨ ਸਾਲ ਤੋਂ ਜੇਲ੍ਹ ਵਿਚ ਹੋ, ਤੇ ਇਰਫ਼ਾਨ ਮਹਿਰਾਜ ਤੁਹਾਡੇ ਨਾਲ ਵੀ ਅਤੇ ਕਸ਼ਮੀਰ ਤੇ ਪੂਰੇ ਮੁਲਕ `ਚ ਕੈਦ ਹਜ਼ਾਰਾਂ ਲੋਕਾਂ ਨਾਲ ਵੀ ਜਿਨ੍ਹਾਂ ਦੀਆਂ ਜ਼ਿੰਦਗੀਆਂ ਤਬਾਹ ਕਰ ਦਿੱਤੀਆਂ ਗਈਆਂ।
ਜਦੋਂ ਇੰਗਲਿਸ਼ ਪੈੱਨ ਐਂਡ ਪਿੰਟਰ ਪੈਨਲ ਦੀ ਚੇਅਰਪਰਸਨ ਰੂਥ ਬੋਰਥਵਿਕ ਨੇ ਮੈਨੂੰ ਇਸ ਸਨਮਾਨ ਬਾਰੇ ਲਿਖਿਆ ਤਾਂ ਉਨ੍ਹਾਂ ਨੇ ਕਿਹਾ ਕਿ ਪਿੰਟਰ ਪੁਰਸਕਾਰ ਅਜਿਹੇ ਲੇਖਕ ਨੂੰ ਦਿੱਤਾ ਜਾਂਦਾ ਹੈ ਜਿਸ ਨੇ ‘ਸਾਡੇ ਜੀਵਨ ਤੇ ਸਮਾਜ ਦੇ ਅਸਲ ਸੱਚ` ਨੂੰ ‘ਨਿਧੜਕ, ਅਡੋਲ, ਜ਼ਬਰਦਸਤ ਬੌਧਿਕ ਦ੍ਰਿੜਤਾ` ਨਾਲ ਪਰਿਭਾਸ਼ਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਹ ਹੈਰਲਡ ਪਿੰਟਰ ਦੇ ਨੋਬਲ ਪੁਰਸਕਾਰ ਲੈਣ ਸਮੇਂ ਦੇ ਭਾਸ਼ਣ ਦਾ ਹਵਾਲਾ ਹੈ।
‘ਅਨਫਿੰਚਿੰਗ` ਸ਼ਬਦ ਨਾਲ ਮੈਂ ਪਲ ਕੁ ਲਈ ਰੁਕ ਕੇ ਸੋਚਣ ਲਈ ਮਜਬੂਰ ਹੋ ਗਈ, ਕਿਉਂਕਿ ਮੈਂ ਖੁਦ ਨੂੰ ਅਜਿਹੇ ਵਿਅਕਤੀ ਦੇ ਰੂਪ ਵਿਚ ਸੋਚਦੀ ਹਾਂ ਜੋ ਲੱਗਭੱਗ ਹਮੇਸ਼ਾ ਹਿਚਕਚਾਉਂਦਾ ਹੈ।
ਮੈਂ ‘ਫਲਿੰਚਿੰਗ` ਅਤੇ ‘ਅਨਫਲਿੰਚਿੰਗ` ਦੇ ਵਿਸ਼ੇ `ਤੇ ਥੋੜ੍ਹਾ ਧਿਆਨ ਕੇਂਦਰਤ ਕਰਨਾ ਚਾਹਾਂਗੀ ਜਿਸ ਨੂੰ ਖੁਦ ਹੈਰਲਡ ਪਿੰਟਰ ਬਿਹਤਰੀਨ ਤਰੀਕੇ ਨਾਲ ਦਰਸਾਇਆ ਹੈ:
… ਮੈਂ 1980 ਦੇ ਦਹਾਕੇ ਦੇ ਅੰਤ `ਚ ਲੰਡਨ ਵਿਚ ਅਮਰੀਕੀ ਦੂਤਾਵਾਸ ਵਿਚ ਮੀਟਿੰਗ ਵਿਚ ਮੌਜੂਦ ਸੀ।
ਅਮਰੀਕੀ ਕਾਂਗਰਸ ਨੇ ਇਹ ਫ਼ੈਸਲਾ ਕਰਨਾ ਸੀ ਕਿ ਨਿਕਾਰਾਗੂਆ ਵਿਰੁੱਧ ਮੁਹਿੰਮ ਵਿਚ ਕੌਂਟਰਾ ਬਾਗ਼ੀਆਂ ਨੂੰ ਹੋਰ ਧਨ ਦੇਣਾ ਹੈ ਜਾਂ ਨਹੀਂ। ਮੈਂ ਨਿਕਾਰਾਗੂਆ ਵੱਲੋਂ ਬੋਲਣ ਵਾਲੇ ਵਫ਼ਦ ਦਾ ਮੈਂਬਰ ਸੀ ਪਰ ਇਸ ਵਫ਼ਦ ਦਾ ਸਭ ਤੋਂ ਅਹਿਮ ਮੈਂਬਰ ਫਾਦਰ ਜੌਹਨ ਮੈਟਕਾਫ ਸੀ। ਅਮਰੀਕੀ ਅਦਾਰੇ ਦਾ ਆਗੂ ਰੇਮੰਡ ਸੀਟਜ਼ (ਉਸ ਸਮੇਂ ਰਾਜਦੂਤ ਤੋਂ ਅਗਲੀ ਹਸਤੀ, ਬਾਅਦ ਵਿਚ ਖੁਦ ਰਾਜਦੂਤ) ਸੀ। ਫਾਦਰ ਮੈਟਕਾਫ ਨੇ ਕਿਹਾ- ‘ਮੈਂ ਨਿਕਾਰਾਗੂਆ ਦੇ ਉੱਤਰ ਵਿਚ ਚਰਚ ਦੀ ਪ੍ਰਸ਼ਾਸਨਿਕ ਇਕਾਈ ਦਾ ਮੁਖੀ ਹਾਂ। ਮੇਰੇ ਪਾਦਰੀਆਂ ਨੇ ਸਕੂਲ, ਸਿਹਤ ਕੇਂਦਰ, ਸੱਭਿਆਚਾਰਕ ਕੇਂਦਰ ਬਣਾਇਆ ਸੀ। ਅਸੀਂ ਅਮਨ-ਅਮਾਨ ਨਾਲ ਰਹਿ ਰਹੇ ਹਾਂ। ਕੁਝ ਮਹੀਨੇ ਪਹਿਲਾਂ ਕੌਂਟਰਾ ਟੁਕੜੀ ਨੇ ਸੰਸਥਾ ਉੱਤੇ ਹਮਲਾ ਕੀਤਾ। ਉਨ੍ਹਾਂ ਨੇ ਸਕੂਲ, ਸਿਹਤ ਕੇਂਦਰ, ਸੱਭਿਆਚਾਰਕ ਕੇਂਦਰ ਸਭ ਕੁਝ ਤਬਾਹ ਕਰ ਦਿੱਤਾ। ਉਨ੍ਹਾਂ ਨਰਸਾਂ ਤੇ ਅਧਿਆਪਕਾਵਾਂ ਨਾਲ ਬਲਾਤਕਾਰ ਕੀਤਾ, ਡਾਕਟਰਾਂ ਦਾ ਬੇਰਹਿਮੀ ਨਾਲ ਕਤਲ ਕੀਤਾ। ਕਿਰਪਾ ਕਰ ਕੇ ਮੰਗ ਕਰੋ ਕਿ ਅਮਰੀਕੀ ਸਰਕਾਰ ਇਸ ਭਿਆਨਕ ਦਹਿਸ਼ਤਵਰਗ ਸਰਗਰਮੀ ਨੂੰ ਦਿੱਤੀ ਜਾ ਰਹੀ ਹਮਾਇਤ ਵਾਪਸ ਲਵੇ।
ਬਤੌਰ ਤਰਕਸ਼ੀਲ, ਜ਼ਿੰਮੇਵਾਰ ਤੇ ਬੇਹੱਦ ਸੂਝਵਾਨ ਵਿਅਕਤੀ ਰੇਮੰਡ ਸੀਟਜ਼ ਦਾ ਬਹੁਤ ਵਧੀਆ ਵੱਕਾਰ ਸੀ। ਕੂਟਨੀਤਕ ਹਲਕਿਆਂ ਵਿਚ ਉਨ੍ਹਾਂ ਦਾ ਬਹੁਤ ਸਨਮਾਨ ਕੀਤਾ ਜਾਂਦਾ ਸੀ। ਉਨ੍ਹਾਂ ਸੁਣਿਆ, ਰੁਕੇ ਅਤੇ ਫਿਰ ਕੁਝ ਗੰਭੀਰਤਾ ਨਾਲ ਗੱਲ ਕੀਤੀ- “ਫਾਦਰ, ਮੈਂ ਤੁਹਾਨੂੰ ਇਕ ਗੱਲ ਦੱਸਦਾਂ। ਜੰਗ ਵਿਚ ਦੁੱਖ ਹਮੇਸ਼ਾ ਬੇਕਸੂਰ ਲੋਕਾਂ ਨੂੰ ਝੱਲਣੇ ਪੈਂਦੇ ਹਨ।” ਮੁਰਦਾ ਖ਼ਾਮੋਸ਼ੀ ਛਾ ਗਈ। ਅਸੀਂ ਉਸ ਵੱਲ ਝਾਕਦੇ ਰਹੇ। ਉਹ ਧੜਕੇ ਨਹੀਂ।
ਯਾਦ ਰੱਖੋ, ਰਾਸ਼ਟਰਪਤੀ ਰੀਗਨ ਨੇ ਕੌਂਟਰਾ ਨੂੰ ‘ਸਾਡੇ ਮੋਢੀ ਪੁਰਖਿਆਂ ਦੇ ਨੈਤਿਕ ਸਮਤੁੱਲ’ ਕਿਹਾ ਸੀ। ਵਾਕੰਸ਼ ਜੋ ਉਸ ਨੂੰ ਪਸੰਦ ਸੀ। ਉਸ ਨੇ ਇਸ ਦੀ ਵਰਤੋਂ ਸੀ.ਆਈ.ਏ. ਦੀ ਹਮਾਇਤ ਪ੍ਰਾਪਤ ਅਫ਼ਗਾਨ ਮੁਜਾਹਿਦੀਨ ਦਾ ਵਰਣਨ ਕਰਨ ਲਈ ਵੀ ਕੀਤੀ ਜੋ ਫਿਰ ਤਾਲਿਬਾਨ ਬਣ ਗਏ; ਤੇ ਇਹੀ ਤਾਲਿਬਾਨ ਅਮਰੀਕੀ ਹਮਲੇ ਤੇ ਕਬਜ਼ੇ ਵਿਰੁੱਧ ਵੀਹ ਸਾਲ ਲੰਮੀ ਲੜਾਈ ਲੜਨ ਤੋਂ ਬਾਅਦ ਅੱਜ ਅਫ਼ਗਾਨਿਸਤਾਨ ਉੱਪਰ ਰਾਜ ਕਰ ਰਿਹਾ ਹੈ। ਕੌਂਟਰਿਆਂ ਅਤੇ ਮੁਜਾਹਿਦੀਨ ਤੋਂ ਪਹਿਲਾਂ ਵੀਅਤਨਾਮ ਵਿਚ ਯੁੱਧ ਹੋਇਆ ਸੀ ਤੇ ਅਮਰੀਕਨ ਫ਼ੌਜੀ ਮੱਤ ਨੇ ਆਪਣੇ ਫ਼ੌਜੀਆਂ ਨੂੰ ‘ਜੋ ਵੀ ਹਿੱਲਦਾ-ਜੁਲਦਾ ਹੈ, ਉਸ ਨੂੰ ਮਾਰ ਦੇਣ` ਦਾ ਆਦੇਸ਼ ਦਿੱਤਾ ਸੀ। ਜੇ ਤੁਸੀਂ ਵੀਅਤਨਾਮ ਵਿਚ ਅਮਰੀਕੀ ਯੁੱਧ ਦੇ ਉਦੇਸ਼ਾਂ ਬਾਰੇ ਪੈਂਟਾਗਨ ਪੇਪਰ ਅਤੇ ਹੋਰ ਦਸਤਾਵੇਜ਼ ਪੜ੍ਹੋ ਤਾਂ ਤੁਸੀਂ ਨਸਲਕੁਸ਼ੀ ਕਰਨ ਬਾਰੇ ਕੁਝ ਵਿਚਾਰ ਚਰਚਾਵਾਂ ਦਾ ਆਨੰਦ ਲੈ ਸਕਦੇ ਹੋ – ‘ਲੋਕਾਂ ਨੂੰ ਸਿੱਧੇ ਤੌਰ `ਤੇ ਮਾਰਨਾ ਬਿਹਤਰ ਹੈ ਜਾਂ ਹੌਲੀ-ਹੌਲੀ ਭੁੱਖੇ ਮਾਰਨਾ? ਕਿਹੜਾ ਬਿਹਤਰ ਜਾਪੇਗਾ? ਪੈਂਟਾਗਨ ਵਿਚ ਦਿਆਲੂ ਉੱਚ ਅਧਿਕਾਰੀਆਂ ਨੂੰ ਜਿਸ ਸਮੱਸਿਆ ਦਾ ਸਾਹਮਣਾ ਕਰਨਾ ਪਿਆ, ਉਹ ਇਹ ਸੀ ਕਿ ਅਮਰੀਕੀਆਂ ਦੇ ਉਲਟ ਜੋ ਉਨ੍ਹਾਂ ਮੁਤਾਬਿਕ ‘ਜੀਵਨ, ਖ਼ੁਸ਼ੀ, ਦੌਲਤ, ਤਾਕਤ` ਚਾਹੁੰਦੇ ਹਨ, ਏਸ਼ੀਆਈ ‘ਦੌਲਤ ਦੇ ਵਿਨਾਸ਼ ਅਤੇ ਜਾਨੀ ਨੁਕਸਾਨ` ਨੂੰ ਦ੍ਰਿੜਤਾ ਨਾਲ ਕਬੂਲ ਕਰਦੇ ਹਨ – ਤੇ ਅਮਰੀਕਾ ਨੂੰ ਆਪਣੇ ‘ਯੁੱਧਨੀਤਕ ਤਰਕ ਨੂੰ ਇਸ ਦੇ ਨਤੀਜੇ` `ਤੇ ਲਿਜਾਣ ਲਈ ਮਜਬੂਰ ਕਰਦੇ ਹਨ ਜੋ ਨਸਲਕੁਸ਼ੀ ਹੈ।` ਭਿਆਨਕ ਬੋਝ ਜਿਸ ਨੂੰ ਬੇਝਿਜਕ ਸਹਿਣ ਕੀਤਾ ਜਾਣਾ ਹੈ।
… ਤੇ ਇਸ ਵਕਤ ਅਸੀਂ, ਐਨੇ ਸਾਲ ਬਾਅਦ, ਇਕ ਸਾਲ ਤੋਂ ਵੀ ਵੱਧ ਸਮੇਂ ਤੋਂ ਇਕ ਹੋਰ ਨਸਲਕੁਸ਼ੀ ਦਰਮਿਆਨ ਹਾਂ। ਬਸਤੀਵਾਦੀ ਕਬਜ਼ੇ ਅਤੇ ਨਸਲਵਾਦੀ ਰਿਆਸਤ/ਸਟੇਟ ਦੀ ਰਾਖੀ ਲਈ ਗਾਜ਼ਾ ਅਤੇ ਹੁਣ ਲਿਬਨਾਨ ਵਿਚ ਅਮਰੀਕਾ ਤੇ ਇਜ਼ਰਾਈਲ ਵੱਲੋਂ ਬੇਝਿਜਕ ਤੇ ਲਗਾਤਾਰ ਨਸਲਕੁਸ਼ੀ ਕੀਤੀ ਜਾ ਰਹੀ ਹੈ ਜੋ ਟੈਲੀਵਿਜ਼ਨ `ਤੇ ਪ੍ਰਸਾਰਤ ਕੀਤੀ ਜਾਂਦੀ ਹੈ। ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ ਅਧਿਕਾਰਕ ਤੌਰ `ਤੇ 42000 ਹੈ ਜਿਨ੍ਹਾਂ ਵਿਚ ਜ਼ਿਆਦਾਤਰ ਔਰਤਾਂ ਤੇ ਬੱਚੇ ਹਨ। ਇਸ ਵਿਚ ਉਹ ਲੋਕ ਸ਼ਾਮਲ ਨਹੀਂ ਜੋ ਇਮਾਰਤਾਂ, ਆਸ-ਪਾਸ ਦੇ ਮੁਹੱਲਿਆਂ, ਪੂਰੇ ਦੇ ਪੂਰੇ ਸ਼ਹਿਰਾਂ ਦੇ ਮਲਬੇ ਹੇਠ ਚੀਕਾਂ ਮਾਰਦੇ ਹੋਏ ਮਾਰੇ ਗਏ ਅਤੇ ਜਿਨ੍ਹਾਂ ਦੀਆਂ ਲਾਸ਼ਾਂ ਅਜੇ ਤੱਕ ਨਹੀਂ ਮਿਲੀਆਂ। ਔਕਸਫੈਮ ਦਾ ਤਾਜ਼ਾ ਅਧਿਐਨ ਕਹਿੰਦਾ ਹੈ ਕਿ ਪਿਛਲੇ ਵੀਹ ਸਾਲਾਂ `ਚ ਹੋਏ ਕਿਸੇ ਵੀ ਹੋਰ ਯੁੱਧ ਨਾਲੋਂ ਐਨੇ ਸਮੇਂ `ਚ ਗਾਜ਼ਾ ਵਿਚ ਵਧੇਰੇ ਬੱਚੇ ਮਾਰੇ ਗਏ ਹਨ।
ਨਾਜ਼ੀ ਸਟੇਟ ਵੱਲੋਂ ਲੱਖਾਂ ਯੂਰਪੀ ਯਹੂਦੀਆਂ ਦੇ ਸਫ਼ਾਏ ਯਾਨੀ ਨਸਲਕੁਸ਼ੀ ਪ੍ਰਤੀ ਆਪਣੀ ਮੁੱਢਲੇ ਸਾਲਾਂ ਦੀ ਉਦਾਸੀਨਤਾ ਦੇ ਸਮੂਹਿਕ ਅਪਰਾਧ ਬੋਧ ਨੂੰ ਘਟਾਉਣ ਲਈ ਅਮਰੀਕਾ ਅਤੇ ਯੂਰਪ ਨੇ ਦੂਜੀ ਨਸਲਕੁਸ਼ੀ ਲਈ ਆਧਾਰ ਤਿਆਰ ਕੀਤਾ ਹੈ।
ਇਤਿਹਾਸ ਵਿਚ ਨਸਲੀ ਸਫ਼ਾਇਆ ਅਤੇ ਨਸਲਕੁਸ਼ੀ ਕਰਨ ਵਾਲੇ ਹਰ ਸਟੇਟ ਵਾਂਗ ਇਜ਼ਰਾਈਲ ਵਿਚ ਜ਼ਾਇਓਨਿਸਟਾਂ ਨੇ – ਜੋ ਆਪਣੇ ਆਪ ਨੂੰ ‘ਚੁਣੇ ਹੋਏ ਲੋਕ’ ਸਮਝਦੇ ਹਨ – ਫ਼ਲਸਤੀਨੀਆਂ ਨੂੰ ਉਨ੍ਹਾਂ ਦੀ ਧਰਤੀ ਤੋਂ ਖਦੇੜਨ ਅਤੇ ਉਨ੍ਹਾਂ ਦਾ ਕਤਲੇਆਮ ਕਰਨ ਤੋਂ ਪਹਿਲਾਂ ਉਨ੍ਹਾਂ ਨੂੰ ਅਣਮਨੁੱਖੀ ਬਣਾਉਣ ਤੋਂ ਸ਼ੁਰੂਆਤ ਕੀਤੀ।
ਪ੍ਰਧਾਨ ਮੰਤਰੀ ਮੇਨਾਕੇਮ ਬੇਗਿਨ ਨੇ ਫ਼ਲਸਤੀਨੀਆਂ ਨੂੰ ‘ਦੋਪਾਏ ਜਾਨਵਰ` ਕਿਹਾ, ਯਿਤਜ਼ਾਕ ਰਾਬਿਨ ਨੇ ਉਨ੍ਹਾਂ ਨੂੰ ‘ਟਿੱਡੇ` ਕਿਹਾ ਜਿਨ੍ਹਾਂ ਨੂੰ ‘ਕੁਚਲਿਆ ਜਾ ਸਕਦਾ ਹੈ` ਅਤੇ ਗੋਲਡਾ ਮੇਰ ਨੇ ਕਿਹਾ- ‘ਫ਼ਲਸਤੀਨੀਆਂ ਵਰਗੀ ਕੋਈ ਸ਼ੈਅ ਹੈ ਹੀ ਨਹੀਂ ਸੀ`। ਫਾਸ਼ੀਵਾਦ ਵਿਰੁੱਧ ਉਸ ਪ੍ਰਸਿੱਧ ਯੋਧੇ ਵਿੰਸਟਨ ਚਰਚਿਲ ਨੇ ਕਿਹਾ, ‘ਮੈਂ ਇਹ ਨਹੀਂ ਮੰਨਦਾ ਕਿ ਖੁਰਲੀ ਉੱਪਰ ਕੁੱਤੇ ਦਾ ਅੰਤਮ ਅਧਿਕਾਰ ਹੋ ਗਿਆ, ਭਾਵੇਂ ਉਹ ਉੱਥੇ ਬਹੁਤ ਲੰਮਾ ਸਮਾਂ ਕਿਉਂ ਨਾ ਰਿਹਾ ਹੋਵੇ` ਅਤੇ ਫਿਰ ਇੱਥੋਂ ਤੱਕ ਐਲਾਨ ਕੀਤਾ ਕਿ ਖੁਰਲੀ ਉੱਪਰ ਅੰਤਮ ਅਧਿਕਾਰ ‘ਉਚੇਰੀ ਨਸਲ` ਦਾ ਹੈ। ਇਕ ਵਾਰ ਜਦੋਂ ਉਨ੍ਹਾਂ ਦੋ-ਪੈਰੇ ਜਾਨਵਰਾਂ, ਟਿੱਡਿਆਂ, ਕੁੱਤਿਆਂ ਅਤੇ ਅਣਹੋਏ ਲੋਕਾਂ ਦਾ ਕਤਲ ਕਰ ਦਿੱਤਾ ਗਿਆ, ਨਸਲੀ ਸਫ਼ਾਇਆ ਕੀਤਾ ਗਿਆ ਅਤੇ ਉਨ੍ਹਾਂ ਨੂੰ ਬੰਦ ਬਸਤੀਆਂ `ਚ ਡੱਕ ਦਿੱਤਾ ਗਿਆ ਤਾਂ ਨਵੇਂ ਮੁਲਕ ਦਾ ਜਨਮ ਹੋ ਗਿਆ। ਇਸ ਦਾ ਜਸ਼ਨ ‘ਧਰਤ ਵਿਹੂਣੇ ਲੋਕਾਂ ਲਈ ਲੋਕ ਵਿਹੂਣੀ ਧਰਤ` ਵਜੋਂ ਮਨਾਇਆ ਜਾਂਦਾ ਸੀ। ਇਜ਼ਰਾਈਲ ਨਾਂ ਦੇ ਪਰਮਾਣੂ ਤਾਕਤ ਨਾਲ ਲੈਸ ਸਟੇਟ ਨੇ ਅਮਰੀਕਾ ਤੇ ਯੂਰਪ ਲਈ ਫ਼ੌਜੀ ਚੌਕੀ ਅਤੇ ਮੱਧ ਪੂਰਬ ਦੀ ਕੁਦਰਤੀ ਦੌਲਤ ਤੇ ਸਰੋਤਾਂ ਲਈ ਲਾਂਘੇ ਦਾ ਕੰਮ ਕਰਨਾ ਸੀ। ਨਿਸ਼ਾਨਿਆਂ ਅਤੇ ਉਦੇਸ਼ਾਂ ਦਾ ਪਿਆਰਾ ਸੰਯੋਗ।
ਇਸ ਨੇ ਭਾਵੇਂ ਕੋਈ ਵੀ ਜੁਰਮ ਕੀਤੇ ਹੋਣ, ਨਵੇਂ ਸਟੇਟ ਨੂੰ ਨਿਧੜਕ ਹੋ ਕੇ ਹਥਿਆਰ ਤੇ ਪੈਸਾ ਦਿੱਤਾ, ਲਾਡ ਨਾਲ ਪਾਲਿਆ ਅਤੇ ਵਡਿਆਇਆ। ਇਹ ਕਿਸੇ ਅਮੀਰ ਘਰ `ਚ ਪਲੇ ਐਸੇ ਬੱਚੇ ਵਾਂਗ ਵੱਡਾ ਹੋਇਆ ਜੋ ਜਦੋਂ ਦੁਸ਼ਟ-ਦਰ-ਦੁਸ਼ਟ ਕਾਰੇ ਕਰਦਾ ਹੈ ਤਾਂ ਮਾਪੇ ਫਖ਼ਰ ਨਾਲ ਮੁਸਕਰਾਉਂਦੇ ਹਨ। ਇਹ ਹੈਰਾਨੀ ਦੀ ਗੱਲ ਨਹੀਂ ਹੈ ਕਿ ਅੱਜ ਇਹ ਨਸਲਕੁਸ਼ੀ ਕਰਨ ਬਾਰੇ ਖੁੱਲ੍ਹ ਕੇ ਸ਼ੇਖੀਆਂ ਮਾਰਨ ਲਈ ਸੁਤੰਤਰ ਮਹਿਸੂਸ ਕਰਦਾ ਹੈ (ਘੱਟੋ-ਘੱਟ ਪੈਂਟਾਗਨ ਪੇਪਰ ਗੁਪਤ ਸਨ, ਉਨ੍ਹਾਂ ਨੂੰ ਚੋਰੀ ਕੀਤਾ ਜਾਣਾ ਸੀ ਤੇ ਉਹ ਲੀਕ ਹੋਣੇ ਸਨ)। ਇਸ ਵਿਚ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਇਜ਼ਰਾਇਲੀ ਸਿਪਾਹੀ ਸ਼ਿਸ਼ਟਾਚਾਰ ਦੀ ਸਾਰੀ ਭਾਵਨਾ ਗੁਆ ਚੁੱਕੇ ਹਨ। ਇਸ ਵਿਚ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਉਹ ਸੋਸ਼ਲ ਮੀਡੀਆ ਉੱਪਰ ਅਜਿਹੀਆਂ ਵੀਡੀਓ ਧੜਾਧੜ ਪਾ ਰਹੇ ਹਨ ਜਿਨ੍ਹਾਂ ਵਿਚ ਉਹ ਉਨ੍ਹਾਂ ਔਰਤਾਂ ਦੇ ਅੰਦਰਲੇ ਕੱਪੜੇ ਪਹਿਨੀ ਦਿਸਦੇ ਹਨ ਜਿਨ੍ਹਾਂ ਨੂੰ ਉਨ੍ਹਾਂ ਨੇ ਮਾਰ ਮੁਕਾਇਆ ਜਾਂ ਉਜਾੜ ਦਿੱਤਾ ਹੈ, ਉਹ ਆਪਣੀਆਂ ਵੀਡੀਓ ਵਿਚ ਮਰ ਰਹੇ ਫ਼ਲਸਤੀਨੀਆਂ ਤੇ ਜ਼ਖ਼ਮੀ ਬੱਚਿਆਂ ਤੇ ਉਨ੍ਹਾਂ ਕੈਦੀਆਂ ਦੀਆਂ ਸਾਂਗਾਂ ਲਾਉਂਦੇ ਹਨ ਜਿਨ੍ਹਾਂ ਨਾਲ ਬਲਾਤਕਾਰ ਕੀਤਾ ਗਿਆ ਤੇ ਤਸੀਹੇ ਦਿੱਤੇ ਗਏ ਹਨ ਜਿਨ੍ਹਾਂ ਵਿਚ ਉਨ੍ਹਾਂ ਦੀਆਂ ਇਮਾਰਤਾਂ ਨੂੰ ਉਡਾਉਂਦਿਆਂ ਦੀਆਂ ਤਸਵੀਰਾਂ ਹਨ ਜਦੋਂ ਉਹ ਸਿਗਰਟ ਪੀ ਰਹੇ ਹੁੰਦੇ ਹਨ ਜਾਂ ਆਪਣੇ ਹੈੱਡਫੋਨ ਉੱਪਰ ਸੰਗੀਤ ਸੁਣ ਰਹੇ ਹੁੰਦੇ ਹਨ।
ਇਹ ਲੋਕ ਕੌਣ ਹਨ?
ਇਜ਼ਰਾਈਲ ਜੋ ਕਰ ਰਿਹਾ ਹੈ, ਉਸ ਨੂੰ ਕਿਹੜੀ ਚੀਜ਼ ਜਾਇਜ਼ ਠਹਿਰਾ ਸਕਦੀ ਹੈ?
ਇਜ਼ਰਾਈਲ ਅਤੇ ਇਸ ਦੇ ਜੋਟੀਦਾਰਾਂ ਤੇ ਪੱਛਮੀ ਮੀਡੀਆ ਅਨੁਸਾਰ, ਇਸ ਦਾ ਜਵਾਬ ਹੈ ਪਿਛਲੇ ਸਾਲ 7 ਅਕਤੂਬਰ ਨੂੰ ਇਜ਼ਰਾਈਲ ਉੱਪਰ ਹਮਾਸ ਦਾ ਹਮਲਾ। ਇਜ਼ਰਾਈਲੀ ਨਾਗਰਿਕਾਂ ਦੇ ਕਤਲ ਅਤੇ ਇਜ਼ਰਾਇਲੀਆਂ ਨੂੰ ਬੰਦੀ ਬਣਾਉਣਾ। ਉਨ੍ਹਾਂ ਅਨੁਸਾਰ, ਇਤਿਹਾਸ ਦੀ ਸ਼ੁਰੂਆਤ ਸਿਰਫ਼ ਸਾਲ ਪਹਿਲਾਂ ਹੀ ਹੋਈ ਸੀ।
ਇਹ ਮੇਰੇ ਭਾਸ਼ਣ ਦਾ ਉਹ ਹਿੱਸਾ ਹੈ ਜਿੱਥੇ ਮੇਰੇ ਕੋਲੋਂ ਆਪਣੇ ਆਪ ਨੂੰ, ਆਪਣੀ ‘ਨਿਰਪੱਖਤਾ`, ਆਪਣੇ ਬੌਧਿਕ ਰੁਤਬੇ ਨੂੰ ਬਚਾਉਣ ਲਈ ਗੋਲਮੋਲ ਗੱਲ ਕਰਨ ਦੀ ਉਮੀਦ ਕੀਤੀ ਜਾਂਦੀ ਹੈ। ਇਹ ਉਹ ਹਿੱਸਾ ਹੈ ਜਿੱਥੇ ਮੇਰੇ ਕੋਲੋਂ ਨੈਤਿਕ ਸਮਤੋਲ ਬਣਾਉਣ ਤੇ ਹਮਾਸ, ਗਾਜ਼ਾ ਵਿਚਲੇ ਹੋਰ ਖਾੜਕੂ ਗਰੁੱਪਾਂ ਅਤੇ ਲਿਬਨਾਨ ਵਿਚ ਉਨ੍ਹਾਂ ਦੇ ਸੰਗੀ ਹਿਜ਼ਬੁੱਲਾ ਦੀ ਨਾਗਰਿਕਾਂ ਦੇ ਕਤਲ ਕਰਨ ਅਤੇ ਲੋਕਾਂ ਨੂੰ ਬੰਦੀ ਬਣਾਉਣ ਲਈ ਨਿੰਦਾ ਕਰਨ ਦੀ ਭੁੱਲ ਕਰਨ ਦੀ ਉਮੀਦ ਕੀਤੀ ਜਾਂਦੀ ਹੈ; ਤੇ ਗਾਜ਼ਾ ਦੇ ਲੋਕਾਂ ਦੀ ਨਿੰਦਾ ਕਰਨ ਦੀ ਜਿਨ੍ਹਾਂ ਨੇ ਹਮਾਸ ਦੇ ਹਮਲੇ ਦੇ ਜਸ਼ਨ ਮਨਾਏ। ਇਕ ਵਾਰ ਇਹ ਕਰ ਲੈਣ `ਤੇ ਇਹ ਸਭ ਸੌਖਾ ਹੋ ਜਾਂਦਾ ਹੈ, ਹੈ ਨਾ? ਆਹ! ਹਰ ਕੋਈ ਭਿਆਨਕ ਹੈ, ਕੋਈ ਕੀ ਕਰ ਸਕਦਾ ਹੈ? ਛੱਡੋ, ਆਓ ਸ਼ਾਪਿੰਗ ਕਰਦੇ ਹਾਂ…
ਮੈਂ ਨਿੰਦਾ ਦੀ ਖੇਡ ਖੇਡਣ ਤੋਂ ਇਨਕਾਰ ਕਰਦੀ ਹਾਂ। ਮੈਂ ਆਪਣੀ ਗੱਲ ਸਪਸ਼ਟ ਕਰ ਦਿਆਂ। ਮੈਂ ਲਤਾੜੇ ਹੋਏ ਲੋਕਾਂ ਨੂੰ ਇਹ ਨਹੀਂ ਦੱਸਦੀ ਕਿ ਉਹ ਆਪਣੇ ਉੱਪਰ ਜਬਰ-ਜ਼ੁਲਮ ਦਾ ਵਿਰੋਧ ਕਿਵੇਂ ਕਰਨ ਜਾਂ ਉਨ੍ਹਾਂ ਦੇ ਸੰਗੀ ਕੌਣ ਹੋਣੇ ਚਾਹੀਦੇ ਹਨ।
ਅਕਤੂਬਰ 2023 `ਚ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਇਜ਼ਰਾਈਲ ਦਾ ਦੌਰਾ ਕਰਨ ਸਮੇਂ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਅਤੇ ਇਜ਼ਰਾਈਲ ਦੀ ਯੁੱਧ ਕੈਬਨਿਟ ਨਾਲ ਮੁਲਾਕਾਤ ਕੀਤੀ ਸੀ ਤਾਂ ਉਸ ਨੇ ਕਿਹਾ ਸੀ, “ਮੈਂ ਨਹੀਂ ਮੰਨਦਾ ਕਿ ਜ਼ਿਓਨਿਸਟ ਬਣਨ ਲਈ ਤੁਹਾਡਾ ਯਹੂਦੀ ਹੋਣਾ ਜ਼ਰੂਰੀ ਹੈ, ਤੇ ਮੈਂ ਜ਼ਿਓਨਿਸਟ ਹਾਂ।”
ਬਾਇਡਨ (ਜੋ ਆਪਣੇ ਆਪ ਨੂੰ ਗ਼ੈਰ-ਯਹੂਦੀ ਜ਼ਿਓਨਿਸਟ ਕਹਿੰਦਾ ਹੈ ਤੇ ਜੰਗੀ ਜੁਰਮਾਂ ਨੂੰ ਅੰਜਾਮ ਦੇ ਰਹੇ ਇਜ਼ਰਾਈਲ ਨੂੰ ਬੇਝਿਜਕ ਧਨ ਤੇ ਹਥਿਆਰ ਦੇ ਰਿਹਾ ਹੈ) ਦੇ ਐਨ ਉਲਟ ਮੈਂ ਖ਼ੁਦ ਨੂੰ ਕਿਸੇ ਵੀ ਤਰ੍ਹਾਂ ਐਲਾਨ ਨਹੀਂ ਕਰਨ ਜਾ ਰਹੀ ਜਾਂ ਪਰਿਭਾਸ਼ਤ ਨਹੀਂ ਕਰਨ ਜਾ ਰਹੀ ਜੋ ਮੇਰੀ ਲਿਖਤ ਦੇ ਮੁਕਾਬਲੇ ਸੰਕੀਰਨ ਹੋਵੇ। ਮੈਂ ਉਹੀ ਹਾਂ ਜੋ ਮੈਂ ਲਿਖਦੀ ਹਾਂ।
ਮੈਂ ਜਾਣਦੀ ਹਾਂ ਕਿ ਮੈਂ ਜੋ ਲੇਖਕਾ ਹਾਂ, ਮੈਂ ਜੋ ਗ਼ੈਰ-ਮੁਸਲਮਾਨ ਹਾਂ ਤੇ ਮੈਂ ਜੋ ਔਰਤ ਹਾਂ, ਉਹ ਹੋਣ ਦੇ ਨਾਤੇ ਮੇਰੇ ਲਈ ਹਮਾਸ, ਹਿਜ਼ਬੁੱਲਾ ਜਾਂ ਇਰਾਨੀ ਹਕੂਮਤ ਅਧੀਨ ਬਹੁਤ ਲੰਮੇ ਸਮੇਂ ਤੱਕ ਜ਼ਿੰਦਾ ਰਹਿਣਾ ਬਹੁਤ ਮੁਸ਼ਕਿਲ, ਸ਼ਾਇਦ ਅਸੰਭਵ ਹੋਵੇਗਾ ਪਰ ਇੱਥੇ ਮੁੱਦਾ ਇਹ ਨਹੀਂ; ਮੁੱਦਾ ਤਾਂ ਇਹ ਹੈ ਕਿ ਅਸੀਂ ਆਪਣੇ ਆਪ ਨੂੰ ਇਤਿਹਾਸ ਅਤੇ ਉਨ੍ਹਾਂ ਹਾਲਾਤ ਬਾਰੇ ਸਿੱਖਿਅਤ ਕਰੀਏ ਜਿਨ੍ਹਾਂ ਤਹਿਤ ਉਹ ਹੋਂਦ ਵਿਚ ਆਏ; ਮੁੱਦਾ ਇਹ ਹੈ ਕਿ ਇਸ ਵੇਲੇ ਉਹ ਚੱਲ ਰਹੀ ਨਸਲਕੁਸ਼ੀ ਵਿਰੁੱਧ ਲੜ ਰਹੇ ਹਨ; ਮੁੱਦਾ ਆਪਣੇ ਆਪ ਨੂੰ ਇਹ ਪੁੱਛਣਾ ਹੈ ਕਿ ਉਦਾਰ, ਧਰਮ ਨਿਰਪੱਖ ਲੜਾਕੂ ਤਾਕਤ ਨਸਲਕੁਸ਼ੀ ਕਰਨ ਵਾਲੀ ਜੰਗੀ ਮਸ਼ੀਨ ਵਿਰੁੱਧ ਜਾ ਸਕਦੀ ਹੈ? ਕਿਉਂਕਿ ਜਦੋਂ ਸੰਸਾਰ ਦੀਆਂ ਸਾਰੀਆਂ ਤਾਕਤਾਂ ਉਨ੍ਹਾਂ ਦੇ ਵਿਰੁੱਧ ਹਨ ਤਾਂ ਉਹ ਰੱਬ ਤੋਂ ਇਲਾਵਾ ਹੋਰ ਕਿਸ ਕੋਲ ਜਾਣ? ਮੈਂ ਜਾਣਦੀ ਹਾਂ ਕਿ ਹਿਜ਼ਬੁੱਲਾ ਅਤੇ ਇਰਾਨੀ ਹਕੂਮਤ ਦੇ ਉਨ੍ਹਾਂ ਦੇ ਆਪਣੇ ਮੁਲਕਾਂ ਵਿਚ ਖੁੱਲ੍ਹੇ ਆਲੋਚਕ ਹਨ ਜਿਨ੍ਹਾਂ ਵਿਚੋਂ ਕੁਝ ਜੇਲ੍ਹਾਂ ਵਿਚ ਵੀ ਸੜ ਰਹੇ ਹਨ ਜਾਂ ਉਨ੍ਹਾਂ ਨੂੰ ਬਹੁਤ ਮਾੜੇ ਨਤੀਜੇ ਭੁਗਤਣੇ ਪਏ ਹਨ। ਮੈਂ ਜਾਣਦੀ ਹਾਂ ਕਿ ਉਨ੍ਹਾਂ ਦੀਆਂ ਕੁਝ ਕਾਰਵਾਈਆਂ (7 ਅਕਤੂਬਰ ਨੂੰ ਹਮਾਸ ਵੱਲੋਂ ਨਾਗਰਿਕਾਂ ਦੇ ਕਤਲ ਤੇ ਉਨ੍ਹਾਂ ਨੂੰ ਅਗਵਾ ਕਰਨਾ) ਜੰਗੀ ਜੁਰਮ ਹਨ; ਹਾਲਾਂਕਿ ਇਸ ਨੂੰ ਅਤੇ ਇਜ਼ਰਾਈਲ ਤੇ ਅਮਰੀਕਾ ਗਾਜ਼ਾ, ਪੱਛਮੀ ਕੰਢੇ ਅਤੇ ਹੁਣ ਲਿਬਨਾਨ ਵਿਚ ਜੋ ਕਰ ਰਹੇ ਹਨ, ਉਨ੍ਹਾਂ ਨੂੰ ਇੱਕੋ ਪੱਲੜੇ ਵਿਚ ਨਹੀਂ ਰੱਖਿਆ ਜਾ ਸਕਦਾ। 7 ਅਕਤੂਬਰ ਦੀ ਹਿੰਸਾ ਸਮੇਤ ਸਾਰੀ ਹਿੰਸਾ ਦੀ ਜੜ੍ਹ ਫ਼ਲਸਤੀਨੀ ਜ਼ਮੀਨ ਉੱਤੇ ਇਜ਼ਰਾਈਲ ਦਾ ਕਬਜ਼ਾ ਅਤੇ ਫ਼ਲਸਤੀਨੀਆਂ ਨੂੰ ਆਪਣੇ ਅਧੀਨ ਕਰਨਾ ਹੈ। ਇਤਿਹਾਸ 7 ਅਕਤੂਬਰ 2023 ਨੂੰ ਸ਼ੁਰੂ ਨਹੀਂ ਸੀ ਹੋਇਆ।
ਮੈਂ ਪੁੱਛਦੀ ਹਾਂ ਕਿ ਇਸ ਹਾਲ ਵਿਚ ਮੌਜੂਦ ਸਾਡੇ ਵਿਚੋਂ ਕੌਣ ਆਪਣੀ ਇੱਛਾ ਨਾਲ ਉਸ ਅਪਮਾਨ ਨੂੰ ਕਬੂਲ ਕਰੇਗਾ ਜੋ ਗਾਜ਼ਾ ਤੇ ਪੱਛਮੀ ਕੰਢੇ ਵਿਚ ਫ਼ਲਸਤੀਨੀਆਂ ਨੂੰ ਦਹਾਕਿਆਂ ਤੋਂ ਝੱਲਣਾ ਪੈ ਰਿਹੈ? ਫ਼ਲਸਤੀਨੀਆਂ ਨੇ ਕਿਹੜੇ ਸ਼ਾਂਤੀਪੂਰਨ ਸਾਧਨ ਨਹੀਂ ਅਜ਼ਮਾਏ? ਉਨ੍ਹਾਂ ਕਿਹੜਾ ਸਮਝੌਤਾ ਸਵੀਕਾਰ ਨਹੀਂ ਕੀਤਾ- ਗੋਡਿਆਂ ਭਾਰ ਹੋ ਕੇ ਰੀਂਗਣ ਤੇ ਗੰਦਗੀ ਖਾਣ ਤੋਂ ਸਿਵਾਇ?
ਇਜ਼ਰਾਈਲ ਸਵੈ-ਰੱਖਿਆ ਦੀ ਲੜਾਈ ਨਹੀਂ ਲੜ ਰਿਹਾ, ਇਹ ਹਮਲਾਵਰ ਯੁੱਧ ਲੜ ਰਿਹਾ ਹੈ। ਹੋਰ ਜ਼ਿਆਦਾ ਖੇਤਰ ਉੱਪਰ ਕਬਜ਼ਾ ਕਰਨ, ਆਪਣੇ ਰੰਗਭੇਦ ਦੇ ਤੰਤਰ ਨੂੰ ਮਜ਼ਬੂਤ ਕਰਨ ਅਤੇ ਫ਼ਲਸਤੀਨੀਆਂ ਤੇ ਖੇਤਰ ਉੱਪਰ ਆਪਣਾ ਕੰਟਰੋਲ ਮਜ਼ਬੂਤ ਕਰਨ ਲਈ ਯੁੱਧ।
7 ਅਕਤੂਬਰ 2023 ਤੋਂ ਲੈ ਕੇ, ਇਸ ਵੱਲੋਂ ਮਾਰੇ ਗਏ ਦਹਿ-ਹਜ਼ਾਰਾਂ ਲੋਕਾਂ ਤੋਂ ਇਲਾਵਾ, ਇਜ਼ਰਾਈਲ ਨੇ ਗਾਜ਼ਾ ਦੀ ਬਹੁਗਿਣਤੀ ਆਬਾਦੀ ਨੂੰ ਕਈ ਵਾਰ ਉਜਾੜਿਆ ਹੈ। ਇਸ ਨੇ ਹਸਪਤਾਲਾਂ ਉੱਪਰ ਬੰਬ ਸੁੱਟੇ। ਜਾਣਬੁੱਝ ਕੇ ਡਾਕਟਰਾਂ, ਸਹਾਇਤਾ ਕਰਮਚਾਰੀਆਂ ਤੇ ਪੱਤਰਕਾਰਾਂ ਨੂੰ ਨਿਸ਼ਾਨਾ ਬਣਾਇਆ ਅਤੇ ਮਾਰਿਆ। ਪੂਰੀ ਆਬਾਦੀ ਭੁੱਖ ਨਾਲ ਮਰ ਰਹੀ ਹੈ – ਉਨ੍ਹਾਂ ਦੇ ਇਤਿਹਾਸ ਨੂੰ ਮਿਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੁਨੀਆ ਦੀਆਂ ਸਭ ਤੋਂ ਅਮੀਰ, ਸਭ ਤੋਂ ਤਾਕਤਵਰ ਸਰਕਾਰਾਂ ਇਸ ਸਭ ਕਾਸੇ ਦੀ ਨੈਤਿਕ ਤੇ ਪਦਾਰਥਕ ਮਦਦ ਕਰ ਰਹੀਆਂ ਹਨ; ਤੇ ਉਨ੍ਹਾਂ ਦਾ ਮੀਡੀਆ ਵੀ (ਇਸ ਵਿਚ ਮੈਂ ਆਪਣੇ ਮੁਲਕ, ਭਾਰਤ ਨੂੰ ਵੀ ਸ਼ਾਮਲ ਕਰਦੀ ਹੈ ਜੋ ਇਜ਼ਰਾਈਲ ਨੂੰ ਹਥਿਆਰ ਸਪਲਾਈ ਕਰਨ ਦੇ ਨਾਲ-ਨਾਲ ਹਜ਼ਾਰਾਂ ਕਾਮੇ ਵੀ ਭੇਜ ਰਿਹਾ ਹੈ)। ਇਨ੍ਹਾਂ ਮੁਲਕਾਂ ਅਤੇ ਇਜ਼ਰਾਈਲ ਦਰਮਿਆਨ ਕੋਈ ਫ਼ਰਕ ਨਹੀਂ। ਪਿਛਲੇ ਸਾਲ ਵਿਚ ਹੀ ਅਮਰੀਕਾ ਨੇ ਇਜ਼ਰਾਈਲ ਦੀ ਫ਼ੌਜੀ ਮਦਦ `ਚ 17.9 ਅਰਬ ਡਾਲਰ ਖ਼ਰਚ ਕੀਤੇ। ਇਸ ਲਈ ਆਓ ਆਪਾਂ ਅਮਰੀਕਾ ਬਾਰੇ ਇਸ ਝੂਠ ਤੋਂ ਹਮੇਸ਼ਾ-ਹਮੇਸ਼ਾ ਲਈ ਖਹਿੜਾ ਛੁਡਾ ਲਈਏ ਕਿ ਇਸ ਦੀ ਭੂਮਿਕਾ ਵਿਚੋਲਗੀ ਕਰਨ ਵਾਲੇ, ਰੋਕਣ ਵਾਲੇ ਰਸੂਖ਼ਵਾਨ ਜਾਂ ‘ਜੰਗਬੰਦੀ ਲਈ ਅਣਥੱਕ ਮਿਹਨਤ ਕਰਨ` ਦੀ ਹੈ ਜਿਵੇਂ ਅਲੈਗਜ਼ੈਂਡਰੀਆ ਓਕਾਸੀਓ-ਕੋਰਟੇਜ ਨੇ ਕਿਹਾ (ਜਿਸ ਨੂੰ ਮੁੱਖਧਾਰਾ ਦੀ ਅਮਰੀਕੀ ਰਾਜਨੀਤੀ ਦਾ ਅਤਿ ਖੱਬੇ ਪੱਖੀ ਮੰਨਿਆ ਜਾਂਦਾ ਹੈ)। ਨਸਲਕੁਸ਼ੀ ਦਾ ਹਿੱਸਾ ਇਕ ਧਿਰ ਵਿਚੋਲੀ ਨਹੀਂ ਹੋ ਸਕਦੀ।
ਕੁਲ ਤਾਕਤ ਤੇ ਧਨ, ਧਰਤੀ ਉੱਪਰਲੇ ਸਾਰੇ ਹਥਿਆਰ ਅਤੇ ਪ੍ਰਚਾਰ ਹੁਣ ਜ਼ਖ਼ਮ ਨੂੰ ਲੁਕੋ ਨਹੀਂ ਸਕਦੇ ਜੋ ਫ਼ਲਸਤੀਨ ਹੈ। ਉਹ ਜ਼ਖ਼ਮ ਜਿਸ ਵਿਚੋਂ ਇਜ਼ਰਾਈਲ ਸਮੇਤ ਪੂਰੀ ਦੁਨੀਆ ਲਹੂ ਵਹਾਉਂਦੀ ਹੈ। ਸਰਵੇਖਣ ਦਰਸਾਉਂਦੇ ਹਨ ਕਿ ਜਿਨ੍ਹਾਂ ਮੁਲਕਾਂ ਦੀਆਂ ਸਰਕਾਰਾਂ ਨੇ ਇਜ਼ਰਾਈਲ ਨੂੰ ਨਸਲਕੁਸ਼ੀ ਕਰਨ ਦੇ ਸਮਰੱਥ ਬਣਾਇਆ ਹੈ, ਉਨ੍ਹਾਂ ਦੇ ਬਹੁਗਿਣਤੀ ਨਾਗਰਿਕਾਂ ਨੇ ਸਪਸ਼ਟ ਕਰ ਦਿੱਤਾ ਕਿ ਉਹ ਇਸ ਨਾਲ ਸਹਿਮਤ ਨਹੀਂ। ਅਸੀਂ ਲੱਖਾਂ ਲੋਕਾਂ ਦੇ ਜਲੂਸ ਦੇਖੇ ਹਨ ਜਿਨ੍ਹਾਂ ਵਿਚ ਯਹੂਦੀਆਂ ਦੀ ਨੌਜਵਾਨ ਪੀੜ੍ਹੀ ਵੀ ਸ਼ਾਮਲ ਹੈ ਜੋ ਵਰਤੇ ਜਾਣ ਤੋਂ, ਝੂਠ ਬੋਲਣ ਤੋਂ ਅੱਕ ਗਈ ਹੈ। ਕਿਸ ਨੇ ਕਲਪਨਾ ਕੀਤੀ ਹੋਵੇਗੀ ਕਿ ਅਸੀਂ ਉਹ ਦਿਨ ਦੇਖਣ ਲਈ ਜਿਉਂਦੇ ਰਹਾਂਗੇ ਜਦੋਂ ਜਰਮਨ ਪੁਲਿਸ ਇਜ਼ਰਾਈਲ ਅਤੇ ਜ਼ਿਓਨਿਜ਼ਮ ਦਾ ਵਿਰੋਧ ਕਰਨ ਬਦਲੇ ਯਹੂਦੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕਰੇਗੀ ਅਤੇ ਉਨ੍ਹਾਂ ਉੱਪਰ ਯਹੂਦੀ ਵਿਰੋਧੀ ਹੋਣ ਦਾ ਦੋਸ਼ ਲਗਾਏਗੀ? ਕਿਸ ਨੇ ਸੋਚਿਆ ਹੋਵੇਗਾ ਕਿ ਅਮਰੀਕਨ ਸਰਕਾਰ ਇਜ਼ਰਾਇਲੀ ਸਟੇਟ ਦੀ ਸੇਵਾ `ਚ, ਫ਼ਲਸਤੀਨ ਪੱਖੀ ਨਾਅਰਿਆਂ `ਤੇ ਪਾਬੰਦੀ ਲਾ ਕੇ ਸੁਤੰਤਰ ਭਾਸ਼ਣ ਦੇ ਆਪਣੇ ਮੂਲ ਸਿਧਾਂਤ ਨੂੰ ਕਮਜ਼ੋਰ ਕਰ ਦੇਵੇਗੀ? ਕੁਝ ਅਪਵਾਦਾਂ ਨੂੰ ਛੱਡ ਕੇ ਪੱਛਮੀ ਲੋਕਤੰਤਰਾਂ ਦਾ ਅਖੌਤੀ ਨੈਤਿਕ ਢਾਂਚਾ ਬਾਕੀ ਦੁਨੀਆ ਵਿਚ ਮਜ਼ਾਕ ਬਣ ਗਿਆ ਹੈ।
ਜਦੋਂ ਬੈਂਜਾਮਿਨ ਨੇਤਨਯਾਹੂ ਮੱਧ ਪੂਰਬ ਦਾ ਨਕਸ਼ਾ ਪੇਸ਼ ਕਰਦਾ ਹੈ ਜਿਸ ਵਿਚ ਫ਼ਲਸਤੀਨ ਨੂੰ ਮਿਟਾ ਦਿੱਤਾ ਗਿਆ ਹੈ ਅਤੇ ਇਜ਼ਰਾਈਲ ਨਦੀ ਤੋਂ ਸਮੁੰਦਰ ਤੱਕ ਫੈਲਿਆ ਹੋਇਆ ਹੈ ਤਾਂ ਉਸ ਨੂੰ ਅਜਿਹੇ ਦੂਰਅੰਦੇਸ਼ ਵਜੋਂ ਵਡਿਆਇਆ ਜਾਂਦਾ ਹੈ ਜੋ ਯਹੂਦੀ ਵਤਨ ਦਾ ਸੁਪਨਾ ਸਾਕਾਰ ਕਰਨ ਲਈ ਕੰਮ ਕਰ ਰਿਹਾ ਹੈ ਪਰ ਜਦੋਂ ਫ਼ਲਸਤੀਨੀ ਅਤੇ ਉਨ੍ਹਾਂ ਦੇ ਹਮਾਇਤੀ ‘ਨਦੀ ਤੋਂ ਲੈ ਕੇ ਸਮੁੰਦਰ ਤੱਕ, ਫ਼ਲਸਤੀਨ ਹੋਵੇਗਾ ਆਜ਼ਾਦ` ਦਾ ਨਾਅਰਾ ਲਾਉਂਦੇ ਹਨ ਤਾਂ ਉਨ੍ਹਾਂ ਉੱਪਰ ਯਹੂਦੀਆਂ ਦੀ ਨਸਲਕੁਸ਼ੀ ਦਾ ਖੁੱਲ੍ਹੇਆਮ ਸੱਦਾ ਦੇਣ ਦਾ ਦੋਸ਼ ਲਗਾਇਆ ਜਾਂਦਾ ਹੈ।
ਕੀ ਉਹ ਸੱਚਮੁੱਚ ਹਨ? ਜਾਂ ਕੀ ਇਹ ਰੋਗੀ ਕਲਪਨਾ ਹੈ ਜੋ ਆਪਣਾ ਹਨੇਰਾ ਦੂਜਿਆਂ ਉੱਪਰ ਪਾ ਰਹੀ ਹੈ? ਕਲਪਨਾ ਜੋ ਵੰਨ-ਸਵੰਨਤਾ ਨੂੰ ਸਵੀਕਾਰ ਨਹੀਂ ਕਰ ਸਕਦੀ, ਉਹ ਬਰਾਬਰ ਹੱਕਾਂ ਤਹਿਤ ਹੋਰ ਲੋਕਾਂ ਦੇ ਨਾਲ ਇਕ ਮੁਲਕ ਵਿਚ ਰਹਿਣ ਦੇ ਵਿਚਾਰ ਨੂੰ ਸਵੀਕਾਰ ਨਹੀਂ ਕਰ ਸਕਦੀ। ਜਿਵੇਂ ਦੁਨੀਆ ਵਿਚ ਹਰ ਕੋਈ ਸਵੀਕਾਰ ਕਰਦਾ ਹੈ। ਅਜਿਹੀ ਕਲਪਨਾ ਜੋ ਇਹ ਸਵੀਕਾਰ ਕਰਨ ਜੋਗੀ ਨਹੀਂ ਹੈ ਕਿ ਫ਼ਲਸਤੀਨੀ ਆਜ਼ਾਦ ਹੋਣਾ ਚਾਹੁੰਦੇ ਹਨ, ਦੱਖਣੀ ਅਫਰੀਕਾ ਵਾਂਗ, ਭਾਰਤ ਵਾਂਗ, ਹੋਰ ਸਾਰੇ ਮੁਲਕਾਂ ਵਾਂਗ ਜਿਨ੍ਹਾਂ ਨੇ ਬਸਤੀਵਾਦ ਦਾ ਜੂਲਾ ਲਾਹ ਸੁੱਟਿਆ ਹੈ। ਜਦੋਂ ਦੱਖਣੀ ਅਫਰੀਕੀ ਆਪਣਾ ਹਰਮਨਪਿਆਰਾ ਇਕਜੁੱਟਤਾ ਨਾਅਰਾ ‘ਅਮੰਡਲਾ! ਸੱਤਾ ਲੋਕਾਂ ਨੂੰ’ ਲਗਾ ਰਹੇ ਸਨ, ਕੀ ਉਹ ਗੋਰੇ ਲੋਕਾਂ ਦੀ ਨਸਲਕੁਸ਼ੀ ਦਾ ਸੱਦਾ ਦੇ ਰਹੇ ਸਨ? ਨਹੀਂ। ਉਹ ਨਸਲੀ ਰੰਗਭੇਦੀ ਰਾਜ ਖ਼ਤਮ ਕਰਨ ਦੀ ਮੰਗ ਕਰ ਰਹੇ ਸਨ; ਜਿਵੇਂ ਫ਼ਲਸਤੀਨੀ ਕਰ ਰਹੇ ਹਨ।
ਹੁਣ ਜੋ ਯੁੱਧ ਸ਼ੁਰੂ ਹੋ ਚੁੱਕਾ ਹੈ, ਉਹ ਭਿਆਨਕ ਹੋਵੇਗਾ ਪਰ ਆਖ਼ਿਰਕਾਰ ਇਹ ਇਜ਼ਰਾਈਲ ਦੇ ਰੰਗਭੇਦ ਨੂੰ ਖ਼ਤਮ ਕਰ ਦੇਵੇਗਾ। ਸਾਰੀ ਦੁਨੀਆ ਸਾਰਿਆਂ ਲਈ ਕਿਤੇ ਜ਼ਿਆਦਾ ਸੁਰੱਖਿਅਤ ਹੋਵੇਗੀ (ਜਿਸ ਵਿਚ ਯਹੂਦੀ ਲੋਕ ਵੀ ਸ਼ਾਮਲ ਹਨ) ਅਤੇ ਕਿਤੇ ਜ਼ਿਆਦਾ ਨਿਆਂਪੂਰਨ ਵੀ। ਇਹ ਸਾਡੇ ਜ਼ਖ਼ਮੀ ਦਿਲ `ਚੋਂ ਤੀਰ ਕੱਢਣ ਸਮਾਨ ਹੋਵੇਗਾ।
ਜੇ ਅਮਰੀਕੀ ਸਰਕਾਰ ਇਜ਼ਰਾਈਲ ਨੂੰ ਦਿੱਤੀ ਜਾ ਰਹੀ ਹਮਾਇਤ ਵਾਪਸ ਲੈ ਲੈਂਦੀ ਹੈ ਤਾਂ ਯੁੱਧ ਅੱਜ ਹੀ ਬੰਦ ਹੋ ਸਕਦਾ ਹੈ। ਇਸੇ ਪਲ ਹੀ ਦੁਸ਼ਮਣੀਆਂ ਖ਼ਤਮ ਹੋ ਸਕਦੀਆਂ ਹਨ। ਇਜ਼ਰਾਈਲੀ ਬੰਦੀਆਂ ਨੂੰ ਰਿਹਾ ਕਰਾਇਆ ਜਾ ਸਕਦਾ ਹੈ, ਫ਼ਲਸਤੀਨੀ ਕੈਦੀਆਂ ਨੂੰ ਰਿਹਾ ਕਰਾਇਆ ਜਾ ਸਕਦਾ ਹੈ। ਹਮਾਸ ਤੇ ਹੋਰ ਫ਼ਲਸਤੀਨੀ ਹਿੱਸੇਦਾਰਾਂ ਨਾਲ ਜੋ ਗੱਲਬਾਤ ਯੁੱਧ ਤੋਂ ਬਾਅਦ ਲਾਜ਼ਮੀ ਤੌਰ `ਤੇ ਹੋਣੀ ਹੈ, ਉਹ ਹੁਣ ਹੋ ਸਕਦੀ ਹੈ ਅਤੇ ਲੱਖਾਂ ਲੋਕਾਂ ਦੇ ਸੰਤਾਪ ਨੂੰ ਰੋਕ ਸਕਦੀ ਹੈ। ਕਿੰਨੇ ਦੁੱਖ ਦੀ ਗੱਲ ਹੈ ਕਿ ਜ਼ਿਆਦਾਤਰ ਲੋਕ ਇਸ ਨੂੰ ਸਿੱਧੜ, ਹਾਸੋਹੀਣੀ ਤਜਵੀਜ਼ ਮੰਨਣਗੇ।
ਆਲਾ ਅਬਦ ਅਲ-ਫਤਹ, ਆਪਣੀ ਗੱਲ ਸਮੇਟਦੇ ਹੋਏ ਮੈਨੂੰ ਆਪਣੀ ਜੇਲ੍ਹ `ਚ ਲਿਖੀ ਕਿਤਾਬ ‘ਯੂ ਹੈਵ ਨੌਟ ਯੈੱਟ ਬਿਨ ਡਿਫੀਟਡ’ (ਤੁਸੀਂ ਅਜੇ ਤੱਕ ਹਾਰੇ ਨਹੀਂ ਹੋ) ਦੇ ਸ਼ਬਦਾਂ ਵੱਲ ਮੁੜਨ ਦੀ ਇਜਾਜ਼ਤ ਦਿਓ। ਮੈਂ ਜਿੱਤ ਅਤੇ ਹਾਰ ਦੇ ਅਰਥ (ਤੇ ਅੱਖਾਂ ਵਿਚ ਇਮਾਨਦਾਰੀ ਨਾਲ) ਨਿਰਾਸ਼ਾ ਨੂੰ ਦੇਖਣ ਦੀ ਰਾਜਨੀਤਕ ਜ਼ਰੂਰਤ ਬਾਰੇ ਅਜਿਹੇ ਖ਼ੂਬਸੂਰਤ ਸ਼ਬਦ ਘੱਟ ਹੀ ਪੜ੍ਹੇ ਹਨ। ਮੈਂ ਅਜਿਹਾ ਲਿਖਿਆ ਘੱਟ ਹੀ ਦੇਖਿਆ ਹੈ ਜਿਸ ਵਿਚ ਕੋਈ ਨਾਗਰਿਕ ਆਪਣੇ ਆਪ ਨੂੰ ਰਾਜ ਤੋਂ, ਜਨਰੈਲਾਂ ਤੋਂ, ਇੱਥੋਂ ਤੱਕ ਕਿ ਚੌਕ ਦੇ ਨਾਅਰਿਆਂ ਤੋਂ ਟੱਲੀ ਵਰਗੀ ਟੁਣਕਾਰ ਨਾਲ ਵੱਖ ਕਰਦਾ ਹੈ:
ਕੇਂਦਰ ਵਿਸ਼ਵਾਸਘਾਤ ਹੈ ਕਿਉਂਕਿ ਇਸ ਵਿਚ ਜਗ੍ਹਾ ਸਿਰਫ਼ ਜਰਨੈਲ ਲਈ ਹੈ… ਕੇਂਦਰ ਵਿਸ਼ਵਾਸਘਾਤ ਹੈ ਅਤੇ ਮੈਂ ਕਦੇ ਵੀ ਗ਼ੱਦਾਰ ਨਹੀਂ ਰਿਹਾ। ਉਹ ਸੋਚਦੇ ਹਨ ਕਿ ਉਨ੍ਹਾਂ ਨੇ ਸਾਨੂੰ ਹਾਸ਼ੀਏ `ਤੇ ਧੱਕ ਦਿੱਤਾ ਹੈ। ਉਨ੍ਹਾਂ ਨੂੰ ਇਹ ਅਹਿਸਾਸ ਨਹੀਂ ਹੁੰਦਾ ਕਿ ਅਸੀਂ ਇਸ ਨੂੰ ਕਦੇ ਵੀ ਨਹੀਂ ਛੱਡਿਆ, ਬਸ ਥੋੜ੍ਹੇ ਚਿਰ ਲਈ ਇਹ ਸਾਡੇ ਤੋਂ ਖੁੱਸ ਗਿਆ। ਨਾ ਵੋਟ ਬਕਸੇ, ਨਾ ਮਹਿਲ, ਨਾ ਮੰਤਰਾਲੇ, ਨਾ ਹੀ ਜੇਲ੍ਹਾਂ, ਇੱਥੋਂ ਤੱਕ ਕਿ ਕਬਰਾਂ ਵੀ ਸਾਡੇ ਸੁਪਨਿਆਂ ਨੂੰ ਪੂਰਾ ਕਰਨ ਲਈ ਕਾਫ਼ੀ ਵੱਡੀਆਂ ਹਨ। ਅਸੀਂ ਕਦੇ ਵੀ ਕੇਂਦਰ ਨਹੀਂ ਚਾਹਿਆ ਕਿਉਂਕਿ ਇਸ ਵਿਚ ਸੁਪਨਾ ਤਿਆਗ ਦੇਣ ਵਾਲਿਆਂ ਤੋਂ ਸਿਵਾਇ ਹੋਰ ਕਿਸੇ ਲਈ ਜਗ੍ਹਾ ਨਹੀਂ ਹੈ। ਇੱਥੋਂ ਤੱਕ ਕਿ ਚੌਕ ਵੀ ਸਾਡੇ ਲਈ ਏਨਾ ਵੱਡਾ ਨਹੀਂ ਸੀ, ਇਸ ਲਈ ਇਨਕਲਾਬ ਦੀਆਂ ਜ਼ਿਆਦਾਤਰ ਲੜਾਈਆਂ ਇਸ ਦੇ ਬਾਹਰ ਹੋਈਆਂ, ਤੇ ਜ਼ਿਆਦਾਤਰ ਨਾਇਕ ਫਰੇਮ ਤੋਂ ਬਾਹਰ ਰਹੇ।
ਜੋ ਭਿਆਨਕਤਾ ਅਸੀਂ ਗਾਜ਼ਾ ਅਤੇ ਹੁਣ ਲਿਬਨਾਨ ਵਿਚ ਦੇਖ ਰਹੇ ਹਾਂ, ਉਹ ਤੇਜ਼ੀ ਨਾਲ ਖੇਤਰੀ ਯੁੱਧ `ਚ ਬਦਲ ਰਹੀ ਹੈ, ਇਸ ਦੇ ਅਸਲ ਨਾਇਕ ਫਰੇਮ ਤੋਂ ਬਾਹਰ ਹਨ ਪਰ ਉਹ ਲੜਨਾ ਜਾਰੀ ਰੱਖਦੇ ਹਨ ਕਿਉਂਕਿ ਉਹ ਜਾਣਦੇ ਹਨ ਕਿ ਇਕ ਦਿਨ:
ਨਦੀ ਤੋਂ ਸਮੁੰਦਰ ਤੱਕ
ਫ਼ਲਸਤੀਨ ਆਜ਼ਾਦ ਹੋਵੇਗਾ।
ਇਹ ਹੋਵੇਗਾ।
ਨਜ਼ਰ ਆਪਣੇ ਕੈਲੰਡਰ `ਤੇ ਰੱਖੋ,
ਆਪਣੀ ਘੜੀ `ਤੇ ਨਹੀਂ।
ਜਰਨੈਲ ਨਹੀਂ
ਲੋਕ
ਆਪਣੀ ਮੁਕਤੀ ਲਈ ਲੜ ਰਹੇ ਲੋਕ
ਸਮੇਂ ਨੂੰ ਇਸ ਤਰ੍ਹਾਂ ਮਾਪਦੇ ਹਨ।