ਸਿਹਤ, ਸਾਹਿਤ ਤੇ ਸਭਿਆਚਾਰ ਦਾ ਸੁਮੇਲ ਸੀ ਕੈਲਾਸ਼ ਕੌਰ

ਗੁਲਜ਼ਾਰ ਸਿੰਘ ਸੰਧੂ
ਗੁਰਸ਼ਰਨ ਸਿੰਘ ਨਾਟਕਕਾਰ ਦੀ ਸਾਥਣ ਕੈਲਾਸ਼ ਕੌਰ ਦੇ ਤੁਰ ਜਾਣ ਨੇ ਸਨ ਸੰਤਾਲੀ ਦੀਆਂ ਦੁਖਦਾਈ ਘਟਨਾਵਾਂ ਹੀ ਨਹੀਂ ਚੇਤੇ ਕਰਵਾਈਆਂ ਮਾਨਵੀ ਸ਼ਕਤੀ ਦੇ ਸਿਦਕ ਤੇ ਸਿਰੜ ਦੇ ਪੰਨੇ ਵੀ ਸਾਹਮਣੇ ਲੈ ਆਂਦੇ ਹਨ| ਚਾਰ ਸਾਲ ਦੀ ਬਾਲ ਉਮਰੇ ਕੋਠੇ ਤੋਂ ਡਿਗ ਕੇ ਅਪੰਗ ਹੋਈ ਇਸ ਬਾਲੜੀ ਨੇ ਰੰਗ ਮੰਚ ਦੇ ਸ਼ਹਿਨਸ਼ਾਹ ਗੁਰਸ਼ਰਨ ਸਿੰਘ ਨੂੰ ਸਾਥ ਵੀ ਦਿੱਤਾ

ਤੇ ਉਹਦੇ ਵਲੋਂ ਰਚੇ ਗਏ ਦੋ ਦਰਜਨ ਤੋਂ ਵਧ ਨਾਟਕਾਂ ਵਿਚ ਭਾਗ ਵੀ ਲਿਆ| ਆਪਣੀ ਪੇਸ਼ਕਾਰੀ ਲਈ ਹਰਮਨਪਿਆਰੀ ਹੋਈ ਕੈਲਾਸ਼ ਕੌਰ ਨੇ ਦੇਸ਼ ਵੰਡ ਦੇ ਉਹ ਦਿਨ ਵੀ ਤੱਕੇ ਹੋਏ ਸਨ ਜਦੋਂ ਉਸਦੀ ਭੈਣ ਦਾ ਸਾਰਾ ਪਰਿਵਾਰ ਦੰਗਾਕਾਰੀਆਂ ਦੀ ਲਪੇਟ ਵਿਚ ਆ ਗਿਆ ਸੀ ਤੇ ਭੈਣ ਨੇ ਖੂਹ ਵਿਚ ਛਾਲ ਮਾਰ ਦਿੱਤੀ ਸੀ| ਇਸ ਪਰਿਵਾਰ ਦਾ ਮੁੜ ਪੈਰਾਂ ਉੱਤੇ ਖਲੋਣਾ ਅਚੰਭਾ ਸੀ|
ਇਹ ਗੱਲ ਵੀ ਨੋਟ ਕਰਨ ਵਾਲੀ ਹੈ ਕਿ ਦੇਸ਼ ਵੰਡ ਤੋਂ ਪਹਿਲਾਂ ਕੈਲਾਸ਼ ਦੇ ਨਾਨਾ ਜੀ ਕਰਤਾਰ ਸਿੰਘ ਨੇ ਗੁਜਰਾਂਵਾਲਾ ਦੇ ਵਾਸੀ ਹੁੰਦਿਆਂ ਆਪਣਾ ਸਾਰਾ ਜੀਵਨ ਕਾਂਗਰਸ ਪਾਰਟੀ ਦਾ ਮੈਂਬਰ ਬਣ ਕੇ ਸੁਤੰਤਰਤਾ ਸੰਗਰਾਮ ਦੇ ਲੇਖੇ ਲਾ ਦਿੱਤਾ ਸੀ| ਵੱਡੀ ਗੱਲ ਇਹ ਕਿ ਉਸ ਵੇਲੇ ਦੇ ਵਡੇਰੇ ਸਹਿਣਸ਼ੀਲ ਤੇ ਆਸ਼ਾਵਾਦੀ ਸਨ| ਗੁਰਸ਼ਰਨ ਸਿੰਘ ਦੇ ਪਿਤਾ ਜੀ ਗਿਆਨ ਸਿੰਘ ਮੁਲਤਾਨ ਵਿਖੇ ਹੈਲਥ ਅਧਿਕਾਰੀ ਹੁੰਦਿਆਂ ਏਧਰ ਆ ਕੇ ਸਿਵਲ ਸਰਜਨ ਵਜੋਂ ਸੇਵਾ ਮੁਕਤ ਹੋਏ| ਉਨ੍ਹਾਂ ਦਾ ਵੱਡਾ ਭਰਾ ਇੰਦਰਜੀਤ ਸਿੰਘ ਨਵੀਂ ਦਿੱਲੀ ਵਿਚ ਦੰਦਾਂ ਦੇ ਡਾਕਟਰ ਵਜੋਂ ਪ੍ਰਸਿੱਧ ਹੋਇਆ ਤੇ ਬੇਟੀ ਅਰੀਤ ਅੱਖਾਂ ਦੀ ਡਾਕਟਰ ਵਜੋਂ ਸਲਾਹੀ ਜਾਂਦੀ ਹੈ|
ਕੈਲਾਸ਼ ਕੌਰ ਦੇ ਹੱਕ ਵਿੱਚ ਤਾਂ ਇਹ ਗੱਲ ਵੀ ਜਾਂਦੀ ਹੈ ਕਿ ਉਨ੍ਹਾਂ ਦੇ ਸਹੁਰਾ ਸਾਹਬ ਗੁਰਸ਼ਰਨ ਸਿੰਘ ਨਾਲ ਰਿਸ਼ਤੇ ਦੀ ਹਾਮੀ ਨਹੀਂ ਸੀ ਭਰ ਰਹੇ ਪਰ ਦਾਦਾ ਨਰਾਇਣ ਸਿੰਘ ਦੇ ਦਖਲ ਨਾਲ ਅਜਿਹਾ ਰਾਹ ਖੁਲਿ੍ਹਆ ਜਿਸਨੇ ਪੰਜਾਬੀ ਸਾਹਿਤ ਤੇ ਸਭਿਆਚਾਰ ਦੀ ਦੁਨੀਆਂ ਵਿਚ ਆਪਣੀ ਝੰਡੀ ਗੱਡੀ| ਇਸ ਜੋੜੀ ਦੇ ਸਿਹਤ, ਸਾਹਿਤ ਤੇ ਸਭਿਆਚਾਰ ਵਿਚ ਯੋਗਦਾਨ ਨੇ ਉਸ ਵਡੇਰੇ ਸੱਚ ਉੱਤੇ ਵੀ ਮੁਹਰ ਲਾਈ ਕਿ ਦਿੱਬ ਦ੍ਰਿਸ਼ਟੀ ਵਾਲੀ ਅੱਖ ਵਿਚ ਬਾਹਰੀ ਅੱਖ ਨੂੰ ਮਾਤ ਪਾਉਣ ਦੀ ਅਦੁੱਤੀ ਸ਼ਕਤੀ ਹੁੰਦੀ ਹੈ|
‘ਮਿੱਟੀ ਬੋਲ ਪਈ’
ਮੈਨੂੰ ਦਿੱਲੀ ਛੱਡਿਆਂ 40 ਸਾਲ ਹੋ ਗਏ ਹਨ ਪਰ ਉਥੋਂ ਦੀ ਪੰਜਾਬੀ ਸਾਹਿਤ ਸਭਾ ਨਾਲ ਅੱਜ ਤੱਕ ਜੁੜਿਆ ਹੋਇਆ ਹਾਂ| ਇਸਦੇ ਦੋ ਵੱਡੇ ਲਾਭ ਹਨ| ਪਹਿਲਾ ਇਹ ਕਿ ਇਹ ਨਾਤਾ ਮੈਨੂੰ ਦਿੱਲੀ ਨਾਲ ਜੋੜੀ ਰਖਦਾ ਹੈ| ਉਥੋਂ ਦੀਆਂ ਸਾਹਿਤਕ, ਸਮਾਜਕ ਤੇ ਸਭਿਆਚਾਰਕ ਗਤੀਵਿਧੀਆਂ ਨਾਲ| ਦੂਜਾ ਇਹ ਕਿ ਸਾਹਿਤ ਸੰਸਾਰ ਦੀਆਂ ਨਵੀਆਂ ਪ੍ਰਾਪਤੀਆਂ ਦੀ ਖਬਰ ਮਿਲਦੀ ਰਹਿੰਦੀ ਹੈ|
ਏਸ ਵਾਰ ਦੀ ਦਿੱਲੀ ਫੇਰੀ ਵਿਚ ਪਤਾ ਲੱਗਿਆ ਕਿ ਬਲਬੀਰ ਮਾਧੋਪੁਰੀ ਦਾ ਨਾਵਲ ‘ਮਿੱਟੀ ਬੋਲ ਪਈ’ ਅੰਗਰੇਜ਼ੀ ਭਾਸ਼ਾ ਵਿਚ ਉਲਖਾਇਆ ਜਾ ਰਿਹਾ ਹੈ| ਸੋ ਉਸਦੀ ਇਹ ਰਚਨਾ ਵੀ ‘ਛਾਂਗਿਆ ਰੁਖ’ ਵਾਂਗ ਮਕਬੂਲ ਹੋ ਰਹੀ ਹੈ| ਇਹ ਵਾਲੀ ਉਪਨਿਆਸ ਹੈ ਤੇ ‘ਛਾਂਗਿਆ ਰੁੱਖ’ ਵਾਰਤਕ ਵਿਚ ਲਿਖੀ ਸਵੈ- ਜੀਵਨੀ| ਮੁੱਗੋਵਾਲ (ਹੁਸ਼ਿਆਰਪੁਰ) ਦੇ ਜੰਮਪਲ ਮੰਗੂ ਰਾਮ ਵਲੋਂ ਵੀਹਵੀ ਸਦੀ ਦੇ ਮੁਢਲੇ ਦਹਾਕਿਆਂ ਵਿਚ ਵਿੱਢੀ ਜਾਗ੍ਰਤੀ ਲਹਿਰ ਦਾ ਇਤਿਹਾਸ ਵੀ ਦਸਦੀ ਹੈ ਤੇ ਦੇਣ ਵੀ| ਅੰਗਰੇਜ਼ੀ ਭਾਸ਼ਾ ਇਸਨੂੰ ਦੁਨੀਆਂ ਭਰ ਦੇ ਕੋਨੇ ਕੋਨੇ ਤੱਕ ਪਹੁੰਚਾਏਗੀ|
ਮਾਧੋਪੁਰੀ ਦੀਆਂ ਲਿਖਤਾਂ ਪਿਛਲੇ ਸਾਢੇ ਚਾਰ ਦਹਾਕਿਆਂ ਤੋਂ ਪੰਜਾਬੀ ਜੀਵਨ ਦੇ ਮਾਨਵੀ ਤੇ ਸਭਿਆਚਾਰਕ ਸਰੋਕਰਾਂ ਦਾ ਲੇਖਾ-ਜੋਖਾ ਪੇਸ਼ ਕਰਦੀਆਂ ਆ ਰਹੀਆਂ ਹਨ| ਉਹ ਦੁਆਵੀਂ ਦੇ ਜੇਜੋਂ ਖੇਤਰ ਨੂੰ ਆਧਾਰ ਬਣਾ ਕੇ ਪੂਰੇ ਦੇਸ਼ ਦਾ ਸ਼ੀਸ਼ਾ ਪੇਸ਼ ਕਰਦਾ ਹੈ| ਖਾਸ ਕਰਕੇ ਏਥੋਂ ਦੀ ਆਰਥਕ ਤੇ ਸਮਾਜਕ ਨਾ-ਬਰਾਬਰੀ ਦਾ ਜਿਸ ਵਿਚ ਵੰਚਿਤ ਵਰਗ ਦੀ ਲਾਚਾਰੀ ਤੇ ਅਧਿਕਾਰਹੀਣਤਾ ਪ੍ਰਧਾਨ ਹੈ| ਇਸਦਾ ਮੁੱਢ ਉਸਦੀ ਸਵੈ-ਜੀਵਨ ‘ਛਾਂਗਿਆ ਰੁਖ’ ਨਾਲ ਬੱਝਿਆ ਸੀ| ਉਸਦੀ ਇਹ ਰਚਨਾ ਏਨੀ ਪਰਵਾਨ ਹੋਈ ਕਿ ਇਸਦਾ ਅੰਗਰੇਜ਼ੀ ਭਾਸ਼ਾ ਵਾਲਾ ਅਨੁਵਾਦ ਔਕਸਫੋਰਡ ਯੂਨੀਵਰਸਟੀ ਪ੍ਰੈਸ ਨੇ ਪ੍ਰਕਾਸ਼ਤ ਕੀਤਾ ਹੈ ਅਤੇ ਰੂਸੀ ਅਨੁਵਾਦ ਮਾਸਕੋ ਸਟੇਟ ਯੂਨੀਵਰਸਟੀ ਦੇ ਦੋ ਵੱਖ-ਵੱਖ ਰਸਾਲਿਆਂ ਵਿਚ ਲੜੀਵਾਰ ਛਪਿਆ| ਬਿਜਲਈ ਮੀਡੀਆ ਨੂੰ ਪਰਨਾਏ ਰਚਨਾ ਦਾ ਪੰਜਾਬੀ ਮੂਲ ਇਕ ਨਹੀਂ ਅਨੇਕ ਵਾਰ ਛਪਣਾ ਤੇ ਅੰਗਰੇਜ਼ੀ ਅਨੁਵਾਦ ਗਿਆਰਾਂ ਵਾਰੀ ਇਸਦੀ ਹਰਮਨ-ਪਿਆਰਤਾ ਉੱਤੇ ਮੋਹਰ ਲਾਉਂਦਾ ਹੈ| ਇਸਦਾ ਪੋਲਿਸ ਅਨੁਵਾਦ ਤਾਂ ਵਾਰਸਾ ਯੂਨੀਵਰਸਟੀ ਪੋਲੈਂਡ ਦੇ ਪਾਠਕ੍ਰਮ ਦਾ ਹਿੱਸਾ ਵੀ ਬਣ ਚੁੱਕਿਆ ਹੈ| ਇਸਦੇ ਉਰਦੂ, ਹਿੰਦੀ ਤੇ ਗੁਜਰਾਤੀ, ਮਰਾਠੀ ਅਨੁਵਾਦਾਂ ਦੀ ਗੱਲ ਕਰੀਏ ਤਾਂ ਕਿਤੇ ਦੀ ਕਿਤੇ ਪਹੁੰਚ ਜਾਂਦੀ ਹੈ| ਜੇ ਪਾਕਿਸਤਾਨ ਵਿਚ ਇਸਨੂੰ ਮਕਸੂਦ ਸਾਹਿਬ ਨੇ ਆਪਣੇ ਅਨੁਵਾਦ ਰਾਹੀਂ ਉਰਦੂ ਪਾਠਕਾਂ ਤੱਕ ਪਹੁੰਚਾਇਆ ਤਾਂ ਭਾਰਤ ਵਿਚ ਅਸ਼ਰਫ ਯਾਸੀਨ ਨੇ| ‘ਹੋਰ ਪੁਛਦੇ ਹੋ ਤਾਂ ਛਾਂਗਿਆ ਰੁੱਖ’ ਦੇ ਚੋਣਵੇਂ ਚੈਪਟਰ ਜਰਮਨ ਤੇ ਫਰਾਂਸੀਸੀ ਭਾਸ਼ਾ ਵਿਚ ਵੀ ਛਪ ਚੁੱਕੇ ਹਨ| ਇਹ ਜਾਣ ਕੇ ਹੈਰਾਨ ਨਾ ਹੋਣਾ ਕਿ ਭਾਰਤ ਤੇ ਭਾਰਤ ਤੋਂ ਬਾਹਰ ਦੇ ਕੁਝ ਵਿਦਿਆਰਥੀਆਂ ਨੇ ਉਸ ਦੀਆਂ ਰਚਨਾਵਾਂ ਨੂੰ ਆਪਣੀ ਖੋਜ ਦਾ ਵਿਸ਼ਾ ਬਣਾ ਕੇ ਡਾਕਟਰੇਟ ਦੀ ਡਿਗਰੀ ਪ੍ਰਾਪਤ ਕੀਤੀ ਹੈ| ਆਕਸਫੋਰਡ ਯੂਨੀਵਰਸਟੀ ਵਿਚ ਖਾਸ ਕਰਕੇ| ਅੰਗਰੇਜ਼ੀ ਮਾਧਿਅਮ ਸਦਕਾ| ਉਸਦੇ ਨਾਵਲ ‘ਮਿੱਟੀ ਬੋਲ ਪਈ’ ਦੇ ਅੰਗਰੇਜ਼ੀ ਬੋਲ ਕਿਥੋਂ ਕਿਥੋਂ ਜਾਂਦੇ ਹਨ ਸਮੇਂ ਨੇ ਦੱਸਣਾ ਹੈ|
ਸੁਰਜੀਤ ਕੌਰ ਬੈਂਸ ਦੀ ‘ਮੈਂ ਤੇ ਮੇਰੇ’
ਪੰਜਾਬੀ ਸ਼ਾਇਰਾ ਸੁਰਜੀਤ ਕੌਰ ਬੈਂਸ ਦੇ ਮਿੱਤਰ ਪਿਆਰਿਆਂ ਤੇ ਪਾਠਕਾਂ ਦਾ ਘੇਰਾ ਕਿੰਨਾ ਵਿਸ਼ਾਲ ਹੈ ਉਸਦੀ ਸਵੈ-ਜੀਵਨੀ ਦੇ ਲੋਕ ਅਰਪਣ ਸਮਾਗਮ ਸਮੇਂ ਉਭਰ ਕੇ ਸਾਹਮਣੇ ਆਇਆ| ਇਸ ਮੌਕੇ ਪੰਜਾਬ ਕਲਾ ਪ੍ਰੀਸ਼ਦ ਦੇ ਵਿਹੜੇ ਸ਼ਿਰਕਤ ਕਰਨ ਵਾਲਿਆਂ ਵਿਚ ਸੇਵਾ ਮੁਕਤ ਹੋਏ ਜੱਜ ਸਾਹਿਬਾਨ, ਕਰਨੈਲ ਦੀ ਪਦਵੀ ਤੱਕ ਪਹੁੰਚਣ ਵਾਲੇ ਫੌਜੀ ਤੇ ਉਘੇ ਸਿਵਲ ਅਫ਼ਸਰਾਂ ਤੋਂ ਬਿਨਾ ਵਿਸ਼ਵ ਪੰਜਾਬੀ ਕਾਨਫਰੰਸ ਦੇ ਚੇਅਰਮੈਨ ਹੀ ਨਹੀਂ ਚੰਡੀਗੜ੍ਹ ਤੇ ਮੋਹਾਲੀ ਦੇ ਲਗਪਗ ਸਾਰੇ ਉੱਘੇ ਲੇਖਕ ਸ਼ਾਮਲ ਸਨ| ‘ਮੈਂ ਤੇ ਮੇਰੇ’ ਸਿਰਲੇਖ ਵਾਲੀ ਇਹ ਸਵੈ-ਜੀਵਨੀ ਜੀਵਨ ਕਾਲ ਦੀਆਂ ਦੋਸਤੀਆਂ ਦਾ ਹੀ ਸ਼ੀਸ਼ਾ ਨਹੀਂ ਵੀਹਵੀਂ ਸਦੀ ਦੇ ਅੰਤ ਤੇ ਇੱਕੀਵੀਂ ਸਦੀ ਦੇ ਆਰੰਭ ਵਿਚ ਵਾਪਰੀਆਂ ਸਾਹਿਤਕ ਤੇ ਸਭਿਆਚਾਰਕ ਪ੍ਰਾਪਤੀਆਂ ਦਾ ਲੇਖਾ- ਜੋਖਾ ਵੀ ਹੈ|

ਅੰਤਿਕਾ
.ਲਹਿੰਦੇ ਪੰਜਾਬ ਤੋਂ ਮੁਹਤਰਿਆ ਅੰਬਰੀਨ ਜ਼ਫਰ॥
ਉਸ ’ਤੇ ਕੋਈ ਤਹਿਰੀਰ ਨਹੀਂ ਸੀ,
ਉਹ ਤਾਂ ਕਿਸੇ ਦੇ ਧਿਆਨ ਨਹੀਂ ਸੀ|
ਕਾਪੀ ’ਚੋਂ ਲੱਥਿਆ ਕੋਰਾ ਕਾਗਜ਼,
ਐਵੇਂ ਹੀ ਤਾਂ ਪਿਆ ਹੁੰਦਾ ਸੀ|
ਇੱਕ ਦਿਨ ਕਿਸੇ ਨੇ ਵਰਕੇ ਪਰਤੇ
ਤਾਂ ਉਹ ਧਰਤੀ ਉੱਤੇ ਡਿਗ ਪਿਆ|
ਉਸਦਾ ਮੁਕਾਮ ਪੈਰਾਂ ’ਚ ਬਣਿਆ,
ਤਦ ਵੀ ਕਿਸੇ ਨੂੰ ਦੁਖ ਨਹੀਂ ਸੀ|
ਜੇ, ਕੋਈ ਦੁੱਖ ਸੀ ਤਾਂ ਏਸ ਗੱਲ ਦਾ,
ਕਿ ਉਹ ਕੋਰੇ ਦਾ ਕੋਰਾ ਸੀ|
ਬੇਧਿਆਨੇ ਦੀ ਕਿਸਮਤ ਜਾਗੀ,
ਤਾਂ ਇੱਕ ਦਿਨ ਉਸਨੂੰ ਪੈਰਾਂ ’ਚੋਂ ਚੁੱਕ ਕੇ,
ਕਿਸੇ ਨੇ ਉਸਦੇ ਉਪਰ ਲਿਖਣਾ ਸ਼ੁਰੂ ਕਰ ਦਿੱਤਾ|